ਧੁਨੀ-ਸੰਚਾਰ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਧੁਨੀ-ਸੰਚਾਰ: ਇਸ ਸੰਕਲਪ ਦੀ ਵਰਤੋਂ ਧੁਨੀ ਵਿਗਿਆਨ ਵਿਚ ਕੀਤੀ ਜਾਂਦੀ ਹੈ। ਧੁਨੀ ਵਿਗਿਆਨ ਦੀਆਂ ਤਿੰਨ ਸ਼ਾਖਾਵਾਂ ਹਨ : (i) ਉਚਾਰਨੀ ਧੁਨੀ ਵਿਗਿਆਨ, (ii) ਸ਼੍ਰਵਣੀ ਧੁਨੀ ਵਿਗਿਆਨ ਅਤੇ (iii) ਸੰਚਾਰਨੀ ਧੁਨੀ ਵਿਗਿਆਨ। ਇਨ੍ਹਾਂ ਤਿੰਨਾਂ ਦਾ ਆਪੋ ਆਪਣਾ ਕਾਰਜ ਖੇਤਰ ਹੈ। ਇਹ ਕ੍ਰਮਵਾਰ ਉਚਾਰਨ, ਸੁਣਨ ਅਤੇ ਸੰਚਾਰ ਨਾਲ ਸਬੰਧਤ ਹਨ। ਧੁਨੀ ਉਚਾਰਨ ਤੋਂ ਬਾਦ ਇਹ ਵਾਤਾਵਰਨ ਵਿਚ ਫੈਲ ਜਾਂਦੀ ਹੈ ਅਤੇ ਵਾਤਾਵਰਨ ਵਿਚੋਂ ਇਸ ਦਾ ਸੰਚਾਰ ਕਿਵੇਂ ਹੁੰਦਾ ਹੈ ਇਸ ਪਰਕਿਰਿਆ ਨੂੰ ਧੁਨੀ-ਸੰਚਾਰ ਕਿਹਾ ਜਾਂਦਾ ਹੈ। ਇਸ ਦਾ ਖੇਤਰ ਮੂੰਹ ਤੋਂ ਬਾਹਰ ਅਤੇ ਕੰਨਾਂ ਤੋਂ ਪਹਿਲਾਂ ਹੈ। ਧੁਨੀ ਹਵਾ ਲਹਿਰਾਂ ਰਾਹੀਂ ਸੰਚਾਰ ਕਰਦੀ ਹੈ। ਇਸ ਦੇ ਸੰਚਾਰ ਦੇ ਦੋ ਮੁੱਖ ਪਹਿਲੂ ਹਨ। ਮੂੰਹ ਵਿਚੋਂ ਉਚਾਰੀਆਂ ਗਈਆਂ ਧੁਨੀਆਂ ਨਾਲ ਇਕ ਭੌਤਿਕ ਵਰਤਾਰਾ ਵਾਪਰਦਾ ਹੈ। ਹਵਾ ਗੈਸਾਂ ਦਾ ਮਿਸ਼ਰਨ ਹੈ, ਧੁਨੀਆਂ ਦੇ ਉਚਾਰਨ ਵੇਲੇ ਗੈਸਾਂ ਵਿਚਲੇ ਕਣ ਆਪਣਾ ਸਥਾਨ ਪਰਿਵਰਤਨ ਕਰ ਲੈਂਦੇ ਹਨ। ਪਹਿਲੇ ਕਣ ਮੂੰਹ ਵਿਚੋਂ ਬਾਹਰ ਵਲ ਹਵਾ ਵਿਚ ਫੈਲ ਜਾਂਦੇ ਹਨ ਅਤੇ ਉਨ੍ਹਾਂ ਦਾ ਸਥਾਨ ਦੂਜੇ ਕਣ ਲੈ ਲੈਂਦੇ ਹਨ ਤੇ ਇਹ ਵਰਤਾਰਾ ਲਗਾਤਾਰ ਚਲਦਾ ਰਹਿੰਦਾ ਹੈ। ਇਹ ਕਣ ਚਾਰੇ ਪਾਸੇ ਫੈਲ ਜਾਂਦੇ ਹਨ। ਇਸ ਨੂੰ ਮਾਪਣ ਦੇ ਦੋ ਅਧਾਰ ਹਨ : (i) Frequency (ii) Amplitude, ਫਰੀਕੁਐਂਸੀ ਤੋਂ ਭਾਵ ਹੈ ਕਿ ਹਵਾ ਵਿਚ ਹੋਣ ਵਾਲੀ ਹਲਚਲ ਵਿਚ ਲਗਿਆ ਸਮਾਂ। ਇਸ ਨੂੰ CPS ਭਾਵ ਇਕ ਸੈਕਿੰਡ ਵਿਚ ਇਕ ਪੂਰਾ ਚੱਕਰ। ਐਂਪਲੀਚੂਡ ਤੋਂ ਭਾਵ ਹੈ ਹਵਾ ਵਿਚ ਹੋਣ ਵਾਲੀ ਹਲਚਲ ਦੀ ਉਚਾਈ। ਇਨ੍ਹਾਂ ਦੋਹਾਂ ਅਧਾਰਾਂ ’ਤੇ ਧੁਨੀਆਂ ਨੂੰ ਮਾਪਿਆ ਜਾਂਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1061, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.