ਪਾਇਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਇਲ [ਨਾਂਇ] ਪੈਰ ਵਿੱਚ ਪਾਉਣ ਵਾਲ਼ਾ ਇੱਕ ਗਹਿਣਾ , ਪੰਜੇਬ, ਝਾਂਜਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1437, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਾਇਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਇਲ. ਸੰਗ੍ਯਾ—ਪਾਯ (ਪੈਰ) ਦਾ ਭੂ੄ਣ. ਜੋ ਪੈਰ ਨੂੰ ਅਲੰ (ਸ਼ੋਭਾ ਸਹਿਤ) ਕਰੇ. ਪਾਜ਼ੇਬ। ੨ ਮੋਰ ਦਾ ਪ੍ਰਸੰਨ ਹੋ ਕੇ ਪੰਖ ਫੈਲਾਉਣਾ, ਅਤੇ ਘੋੜੇ ਦਾ ਦੁੰਮ ਉਠਾਕੇ ਦੁਲਕੀ ਚਲਨਾ. “ਪੋਈਏ ਪਾਇਲ ਪਾਵਤੇ.” (ਗੁਪ੍ਰਸੂ)੩ ਫਲਾਂ ਨੂੰ ਪਕਾਉਣ ਲਈ ਪੱਤੇ ਫੂਸ ਆਦਿ ਵਿੱਚ ਦੱਬਣ ਦੀ ਕ੍ਰਿਯਾ. ਸੰ. ਪੱਲ। ੪ ਆਨੰਦਪੁਰ ਤੋਂ ਦੋ ਕੋਹ ਪੱਛਮ ਇੱਕ ਪਿੰਡ , ਜਿੱਥੇ ਕਰਤਾਰਪੁਰ ਦੇ ਜੰਗ ਤੋਂ ਆਉਂਦੇ ਹੋਏ ਗੁਰੂ ਹਰਿਗੋਬਿੰਦ ਸਾਹਿਬ ਵਿਰਾਜੇ ਸਨ. ਗੁਰੂ ਸਾਹਿਬ ਦੀ ਸਵਾਰੀ ਦਾ ਸੁਹੇਲਾ ਘੋੜਾ ਜ਼ਖਮਾਂ ਦੇ ਕਾਰਣ ਇੱਥੇ ਮੋਇਆ ਹੈ. ਛੀਵੇਂ ਸਤਿਗੁਰੂ ਦਾ ਲਵਾਇਆ ਖੂਹ ਇੱਥੇ ਵਿਦ੍ਯਮਾਨ ਹੈ। ੫ ਰਿਆਸਤ ਪਟਿਆਲੇ ਦੀ ਤਸੀਲ ਰਾਜਪੁਰੇ ਦਾ ਇੱਕ ਨਗਰ. ਸਨ ੧੭੬੬ ਵਿੱਚ ਰਾਜਾ ਅਮਰ ਸਿੰਘ ਨੇ ਇਸ ਨੂੰ ਕੋਟਲੇ ਦੇ ਪਠਾਣਾਂ ਤੋਂ ਜਿੱਤ ਕੇ ਆਪਣੇ ਰਾਜ ਨਾਲ ਮਿਲਾਇਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1323, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਾਇਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਾਇਲ (ਪਿੰਡ): ਰੋਪੜ ਜ਼ਿਲ੍ਹੇ ਦੇ ਆਨੰਦਪੁਰ ਨਗਰ ਤੋਂ 5 ਕਿ.ਮੀ. ਉਤਰ ਵਾਲੇ ਪਾਸੇ ਗੰਗੂਵਾਲ ਦੇ ਨੇੜੇ ਇਕ ਪੁਰਾਣਾ ਪਿੰਡ , ਜੋ ਇਸ ਵੇਲੇ ਖ਼ਸਤਾ ਹਾਲਤ ਵਿਚ ਹੈ। ਸਿੱਖ ਇਤਿਹਾਸ ਅਨੁਸਾਰ ਸੰਨ 1635 ਈ. ਵਿਚ ਕਰਤਾਰਪੁਰ ਦੀ ਲੜਾਈ ਤੋਂ ਬਾਦ ਗੁਰੂ ਹਰਿਗੋਬਿੰਦ ਸਾਹਿਬ ਕੀਰਤਪੁਰ ਆਉਂਦੇ ਹੋਏ ਇਸ ਪਿੰਡ ਵਿਚ ਬਿਰਾਜੇ ਸਨ। ਇਥੇ ਹੀ ਕਰਤਾਰਪੁਰ ਦੀ ਲੜਾਈ ਵਿਚ ਜ਼ਖ਼ਮੀ ਹੋਇਆ ਗੁਰੂ ਜੀ ਦਾ ਇਕ ਘੋੜਾ ਮੋਇਆ ਸੀ। ਇਹ ਘੋੜਾ ਉਨ੍ਹਾਂ ਦੋ ਘੋੜਿਆਂ (ਦਿਲਬਾਗ਼—ਜਾਨ ਭਾਈ ਅਤੇ ਗੁਲਬਾਗ਼—ਸੁਹੇਲਾ) ਵਿਚੋਂ ਇਕ ਸੀ ਜਿਨ੍ਹਾਂ ਨੂੰ ਭਾਈ ਬਿਧੀ ਚੰਦ ਨੇ ਲਾਹੌਰ ਦੇ ਸੂਬੇ ਕੋਲੋਂ ਮੁਕਤ ਕਰਾਇਆ ਸੀ। ਕਈਆਂ ਨੇ ਇਸ ਨੂੰ ਜਾਨ ਭਾਈ (ਦਿਲਬਾਗ਼) ਕਿਹਾ ਹੈ ਅਤੇ ਕਈਆਂ ਨੇ ਸੁਹੇਲਾ (ਗੁਲਬਾਗ਼)।

ਇਸ ਪਿੰਡ ਵਿਚ ਦੋ ਇਤਿਹਾਸਿਕ ਧਰਮ-ਧਾਮ ਹਨ। ਇਕ ਹੈ ‘ਗੁਰਦੁਆਰਾ ਸੁਹੇਲਾ ਘੋੜਾ’ ਜਿਥੇ ਘੋੜੇ ਨੇ ਪ੍ਰਾਣ ਤਿਆਗੇ ਸਨ। ਇਸ ਗੁਰਦੁਆਰੇ ਦੀ ਇਮਾਰਤ ਪਹਿਲਾਂ ਸੰਨ 1965 ਈ. ਵਿਚ ਬਣਾਈ ਗਈ ਅਤੇ ਫਿਰ ਸੰਨ 1982 ਈ. ਵਿਚ ਉਸ ਵਿਚ ਵਾਧਾ ਕੀਤਾ ਗਿਆ। ਦੂਜਾ ‘ਗੁਰਦੁਆਰਾ ਖੂਹ ਸਾਹਿਬ’ ਹੈ। ਇਸ ਗੁਰਦੁਆਰੇ ਦੀ ਵਰਤਮਾਨ ਇਮਾਰਤ ਸ਼੍ਰੋਮਣੀ ਕਮੇਟੀ ਨੇ ਸੰਨ 1984 ਈ. ਵਿਚ ਬਣਵਾਈ ਸੀ। ਇਸ ਗੁਰਦੁਆਰੇ ਵਿਚਲਾ ਖੂਹ ਗੁਰੂ ਹਰਿਗੋਬਿੰਦ ਸਾਹਿਬ ਨੇ ਖ਼ੁਦ ਖੁਦਵਾਇਆ ਸੀ। ਇਹ ਦੋਵੇਂ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨਾਲ ਸੰਬੰਧਿਤ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1307, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਪਾਇਲ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਪਾਇਲ : ਇਹ ਲੁਧਿਆਣਾ ਜ਼ਿਲ੍ਹੇ ਦੀ ਖੰਨਾ ਤਹਿਸੀਲ ਦਾ ਇਕ ਕਸਬਾ ਹੈ ਜਿਹੜਾ ਲੁਧਿਆਣੇ ਤੋਂ 37 ਕਿ.ਮੀ. (23 ਮੀਲ), ਖੰਨੇ ਤੋਂ 13 ਕਿ.ਮੀ. (8 ਮੀਲ) ਅਤੇ ਚਾਵਾ ਰੇਲਵੇ ਸੇਟੇਸ਼ਨ ਤੋਂ 10 ਕਿ.ਮੀ. (6 ਮੀਲ) ਦੀ ਦੂਰੀ ਤੇ ਵਾਕਿਆ ਹੈ। ਇਹ ਕਸਬਾ ਇਸੇ ਹੀ ਨਾਂ ਦੀ ਤਹਿਸੀਲ ਦਾ ਸਦਰ ਮੁਕਾਮ ਵੀ ਹੈ। ਪਟਿਆਲਾ ਰਿਆਸਤ ਸਮੇਂ ਇਹ ਧੂਰੀ ਤਹਿਸੀਲ ਦੀ ਸਬ-ਡਵੀਜਨ ਸੀ ਜਿਹੜੀ ਸੁਨਾਮ ਨਿਜ਼ਾਮਤ ਅਧੀਨ ਪੈਂਦੀ ਸੀ। ਸੰਨ 1948 ਵਿਚ ਪੈਪਸੂ ਬਣਨ ਸਮੇਂ ਇਸ ਨੂੰ ਤਹਿਸੀਲ ਦਾ ਦਰਜਾ ਦੇ ਕੇ ਬਸੀ ਨਿਜ਼ਾਮਤ ਅਧੀਨ ਕਰ ਦਿੱਤਾ ਗਿਆ। ਅਗਸਤ, 1953 ਤੋਂ ਇਸ ਨੂੰ ਪਟਿਆਲੇ ਜ਼ਿਲ੍ਹੇ ਦੀ ਸਰਹਿੰਦ ਤਹਿਸੀਲ ਦੀ ਅਮਲੋਹ ਸਬ-ਤਹਿਸੀਲ ਨਾਲ ਜੋੜ ਦਿੱਤਾ ਗਿਆ। ਫ਼ਰਵਰੀ, 1954 ਤੋਂ ਪਾਇਲ ਨੂੰ ਮੁੜ ਪਟਿਆਲੇ ਜ਼ਿਲ੍ਹੇ ਦੀ ਸਰਹਿੰਦ ਤਹਿਸੀਲ ਦੀ ਸਬ-ਤਹਿਸੀਲ ਬਣਾ ਦਿੱਤਾ ਗਿਆ। ਨਵਬੰਰ, 1963 ਤੋਂ ਬਾਅਦ 86 ਪਿੰਡਾਂ ਸਮੇਤ ਲੁਧਿਆਣਾ ਜ਼ਿਲ੍ਹੇ ਦੀ ਸਬ-ਤਹਿਸੀਲ ਬਣਾ ਦਿੱਤਾ ਗਿਆ।

ਪਾਇਲ ਦਾ ਬਹੁਤ ਹੀ ਦਿਲਚਸਪ ਇਤਿਹਾਸਕ ਪਿਛੋਕੜ ਹੈ। ਲਗਭਗ 760 ਸਾਲ ਪਹਿਲਾਂ ਦੀ ਗੱਲ ਹੈ ਕਿ ਸ਼ਾਹ ਹਸਨ ਨਾਂ ਦੇ ਇਕ ਮੁਸਲਮਾਨ ਫ਼ਕੀਰ ਨੇ ਇਸ ਥੇਹ ਉੱਤੇ ਆਪਣੀ ਝੁੱਗੀ ਬਣਾਈ ਸੀ। ਕਿਹਾ ਜਾਂਦਾ ਹੈ ਕਿ ਚਿਨਿਓਟ (ਪਾਕਿ) ਦੇ ਕੁਝ ਹਿੰਦੂ ਸਿਊਨੀ ਖੱਤਰੀ ਵੀ ਫ਼ਕੀਰ ਦੇ ਕਹਿਣ ਤੇ ਇਥੇ ਆ ਵਸੇ। ਉਸਾਰੀ ਲਈ ਜਿਸ ਵੇਲੇ ਉਹ ਕੁਝ ਨੀਹਾਂ ਪੁਟ ਰਹੇ ਸਨ ਤਾਂ ਉਨ੍ਹਾਂ ਨੂੰ ਜ਼ਨਾਨੇ ਪੈਰਾਂ ਦਾ ਗਹਿਣਾ ਪਾਜ਼ੇਬ (ਪੰਜੇਬ, ਜਿਸ ਨੂੰ ਪਾਇਲ ਵੀ ਕਹਿੰਦੇ ਹਨ) ਮਿਲਿਆ। ਇਹ ਪਾਇਲ ਉਹ ਆਪਣੇ ਮੁਰਸ਼ਦ ਸ਼ਾਹ ਹਸਨ ਪਾਸ ਲੈ ਗਏ ਜਿਸ ਨੂੰ ਦੇਖ ਕੇ ਫ਼ਕੀਰ ਨੇ ਇਸ ਬਸਤੀ ਦਾ ਨਾਂ ਪਾਇਲ ਰੱਖਣ ਦਾ ਸੁਝਾਅ ਦਿੱਤਾ। ਸ਼ਾਹ ਹਸਨ ਦਾ ਇਸੇ ਥਾਂ ਦੇਹਾਂਤ ਹੋ ਗਿਆ ਅਤੇ ਉਸ ਦੇ ਮਜ਼ਾਰ ਉੱਤੇ ਹਰ ਸਾਲ ਮੁਸਲਮਾਨਾਂ ਦਾ ਇਕ ਵੱਡਾ ਮੇਲਾ ਲਗਦਾ ਹੈ। ਸੰਨ 1236 ਵਿਚ ਮਲਿਕ ਅਲਾਉੱਦੀਨ ਜਾਨੀ ਜਿਸ ਨੇ ਰਜ਼ੀਆ ਸੁਲਤਾਨਾ ਦੇ ਵਿਰੁੱਧ ਬਗ਼ਾਵਤ ਕੀਤੀ, ਵੀ ਸੁਲਤਾਨ ਦੇ ਆਦਮੀਆਂ ਦੁਆਰਾ ਪਾਇਲ ਨੇੜੇ ਹੀ ਮਾਰਿਆ ਗਿਆ ਸੀ। ਅਕਬਰ ਬਾਦਸ਼ਾਹ ਦੇ ਰਾਜ ਸਮੇਂ ਪਾਇਲ ਨੂੰ ਸਰਹਿੰਦ ਦਾ ਪਰਗਣਾ ਬਣਾ ਦਿੱਤਾ ਗਿਆ ਸੀ। ਹੌਲੀ ਹੌਲੀ ਮੁਗ਼ਲ ਸਾਮਰਾਜ ਸਮੇਂ ਇਸ ਕਸਬੇ ਦੀ ਮਹੱਤਤਾ ਵੱਧਦੀ ਹੀ ਗਈ। ਇਬਰਾਹੀਮ ਹੁਸੈਨ ਮਿਰਜ਼ਾ ਜਿਹੜਾ ਅਕਬਰ ਬਾਦਸ਼ਾਹ ਦਾ ਰਿਸ਼ਤੇਦਾਰ ਹੀ ਸੀ ਅਤੇ ਬਾਦਸ਼ਾਹ ਦੇ ਸਖ਼ਤ ਰਵੱਈਏ ਕਾਰਨ ਪੰਜਾਬ ਵੱਲ ਭੱਜ ਆਇਆ ਸੀ, ਨੇ 1573 ਈ. ਵਿਚ ਸਰਹਿੰਦ ਅਤੇ ਉਸ ਦੇ ਆਸ ਪਾਸ ਦੇ ਇਲਾਕੇ ਨੂੰ ਬੁਰੀ ਤਰ੍ਹਾਂ ਲੁੱਟਿਆ ਅਤੇ ਉਜਾੜ ਦਿੱਤਾ। ਮੁੰਤਾਖਿਬਉਤ-ਤਵਾਰੀਖ਼ ਦੇ ਲੇਖਕ ਮੁੱਲਾ ਅਬਦੁਲ  ਕਾਦਿਰ ਅਨੁਸਾਰ,  “ਉਸ ਦੇ ਆਦਮੀ ਜਦੋਂ ਪਾਇਲ ਪਹੁੰਚੇ ਤਾਂ ਉਨ੍ਹਾਂ ਨੇ ਮੁਸਲਮਾਨਾਂ ਉੱਤੇ ਅਜਿਹੇ ਘਿਣਾਉਣੇ ਅਤਿਆਚਾਰ ਕੀਤੇ ਜਿਹੜੇ ਬਿਆਨੇ ਨਹੀਂ ਜਾ ਸਕਦੇ।”ਸ਼ਾਹੀ ਫ਼ੌਜਾਂ ਮਿਰਜ਼ਾ ਦਾ ਪਿੱਛਾ ਕਰਦੀਆਂ ਹੋਈਆਂ ਉਸ ਦੇ ਮਗਰ ਹੀ ਪੰਜਾਬ ਆ ਪਹੁੰਚੀਆਂ ਜਿਨ੍ਹਾਂ ਨੇ ਉਸ ਨੂੰ ਮੁਲਤਾਨ ਵੱਲ ਖਦੇੜ ਦਿਤਾ ਜਿਥੇ ਉਹ ਜ਼ਖ਼ਮੀ ਕੈਦੀ ਦੇ ਤੌਰ ਤੇ ਮਰ ਗਿਆ।

ਸੰਨ 1581 ਵਿਚ ਜਦੋਂ ਸ਼ਹਿਨਸ਼ਾਹ ਅਕਬਰ ਮੁਹਿੰਮ ਲੈ ਕੇ ਪੰਜਾਬ ਵੱਲ ਨੂੰ ਆਇਆ ਤਾਂ ਉਸ ਨੂੰ ਪਾਇਲ ਵਿਖੇ ਇਹ ਸ਼ੁਭ ਖ਼ਬਰ ਮਿਲੀ ਕਿ ਕਾਬਲ ਦਾ ਹਾਕਮ, ਉਸ ਦਾ ਬਾਗ਼ੀ ਮਤਰੇਆ ਭਰਾ ਮੁਹੰਮਦ ਹਕੀਮ ਜੋ ਲਾਹੌਰ ਉੱਤੇ ਚੜ੍ਹ ਆਇਆ ਸੀ, ਪੰਜਾਬ ਛੱਡ ਗਿਆ ਹੈ। ਅਕਬਰ ਬਾਦਸ਼ਾਹ ਕਾਬਲ ਪੁੱਜਾ ਪਰ ਆਪਣੀ ਭੈਣ ਦੇ ਕਹਿਣ ਉੱਤੇ ਕਾਬਲ ਮੁੜ ਮੁਹੰਮਦ ਹਕੀਮ ਨੂੰ ਦੇ ਦਿੱਤਾ। ਪਿਛਲੇਰੇ  ਮੁਗ਼ਲ ਬਾਦਸ਼ਾਹਾਂ ਵੇਲੇ ਪਾਇਲ ਮਲੇਰਕੋਟਲੇ ਦੀ ਰਿਆਸਤ ਵਿਚ ਸ਼ਾਮਲ ਹੋ ਗਿਆ ਅਤੇ ਇਸ ਨੂੰ ਪਰਗਣਾ ਬਣਾ ਦਿੱਤਾ ਗਿਆ। ਸੰਨ 1766 ਵਿਚ ਪਟਿਆਲੇ ਦੇ ਮਹਾਰਾਜਾ ਅਮਰ ਸਿੰਘ ਨੇ ਇਸ ਨੂੰ ਆਪਣੀ ਰਿਆਸਤ ਵਿਚ ਮਿਲਾ ਲਿਆ। ਸੰਨ 1956 ਵਿਚ ਪੈਪਸੂ ਦੇ ਟੁੱਟਣ ਨਾਲ ਇਹ ਪੰਜਾਬ ਵਿਚ ਆ ਗਿਆ।

ਇਥੇ ਛੋਟੇ ਪੈਮਾਨੇ ਤੇ ਕਾਰਖਾਨੇ ਪਾਏ ਜਾਂਦੇ ਹਨ ਜਿਵੇਂ ਕਿ ਦਰਵਾਜ਼ਿਆਂ ਦੀਆਂ ਉਕਰੀਆਂ ਹੋਈਆਂ ਚੁਗਾਠਾਂ, ਰੱਥ, (ਬੈਲ) ਗੱਡੀਆਂ ਅਤੇ ਦੇਸੀ ਜੁੱਤੀਆਂ। ਪਾਇਲ ਦਾ ਇਕ ਪੁਰਾਣਾ ਕਿਲਾ ਜੋ ਦਿਨ ਬਦਿਨ ਢਹਿੰਦਾ ਜਾ ਰਿਹਾ ਹੈ, ਦੇ ਉਸਾਰਣ ਵਾਲੇ ਬਾਦਸ਼ਾਹ ਬਾਰੇ ਕੋਈ ਪਤਾ ਨਹੀਂ ਹੈ। ਇਸ ਕਿਲੇ ਦੇ ਇਕ ਠੀਕ ਹਿੱਸੇ ਵਿਚ ਲੜਕੀਆਂ ਲਈ ਪ੍ਰਾਇਮਰੀ ਸਕੂਲ ਹੈ। ਕਿਲੇ ਦੇ ਨੇੜੇ ਹੀ ਸ੍ਰੀ ਰਾਮ ਚੰਦਰ ਜੀ ਦਾ ਇਕ ਮੰਦਰ ਹੈ ਜਿਥੇ ਹਰ ਸਾਲ ਦੁਸਹਿਰੇ ਦਾ ਮੇਲਾ ਭਰਦਾ ਹੈ। ਇਥੇ ਇਕ ਹੋਰ ਮੰਦਰ ਹੈ ਜਿਸ ਨੂੰ ਦਸਨਾਮ ਕਾ ਅਖਾੜਾ ਕਿਹਾ ਜਾਂਦਾ ਹੈ। ਲਗਭਗ 100 ਸਾਲ ਪਹਿਲਾਂ ਉਸਾਰਿਆ ਗਿਆ ਇਕ ਹੋਰ ਦੇਵੀ ਦਾ ਮੰਦਰ ਵੀ ਹੈ।

ਪਾਇਲ ਵਿਖੇ ਕੁੜੀਆਂ ਦੇ ਇਕ ਮਿਡਲ ਅਤੇ ਮੁੰਡਿਆਂ ਦੇ ਹਾਈ ਸਕੂਲ ਤੋਂ ਇਲਾਵਾ ਮੁੱਢਲਾ ਸਿਹਤ ਕੇਂਦਰ, ਪਸ਼ੂ ਸਿਹਤ ਕੇਂਦਰ, ਥਾਣਾ, ਡਾਕ ਤੇ ਤਾਰ ਘਰ, ਟੈਲੀਫ਼ੋਨ ਦੀਆਂ ਸਹੂਲਤਾਂ ਵੀ ਮੌਜੂਦ ਹਨ। ਪਾਇਲ ਪੰਜਾਬ ਦੀ ਵਿਧਾਨ ਸਭਾ ਦਾ ਹਲਕਾ ਵੀ ਹੈ।

          ਆਬਾਦੀ – 72, 67(2001)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 662, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-16-09-55-51, ਹਵਾਲੇ/ਟਿੱਪਣੀਆਂ: ਹ. ਪੁ. –ਪੰ. -ਰੰਧਾਵਾ : 513 : ਡਿ. ਗ. -ਲੁਧਿਆਣਾ : 650

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.