ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਪੰਜਾਬੀ ਵਰਨ-ਮਾਲ਼ਾ ਦਾ ਛੱਬੀਵਾਂ ਅੱਖਰ , ਫੱਫਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2787, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਰਣਮਾਲਾ ਦਾ ਸਤਾਈਹਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਹੋਠ ਹੈ. ਪੰਜਾਬੀ ਵਿੱਚ ਫੱਫਾ, ਪ-ਬ-ਭ ਦੀ ਥਾਂ ਭੀ ਕਈ ਵਾਰ ਬਦਲ ਜਾਂਦਾ ਹੈ ਅਤੇ ਇਸ ਤੋਂ ਪਹਿਲਾਂ ਆਇਆ ਸੱਸਾ ਕਦੇ ਕਦੇ ਗਿਰ ਜਾਂਦਾ ਹੈ, ਜੈਸੇ ਪਾਸ਼ ਦੀ ਥਾਂ ਫਾਸ, ਬੰਧ ਦੀ ਥਾਂ ਫੰਧ, ਦੰਭ ਦੀ ਥਾਂ ਡੰਫ ਅਤੇ ਸਫੁਰਣ ਦੀ ਥਾਂ ਫੁਰਣਾ ਆਦਿ। ੨ ਸੰ. ਸੰਗ੍ਯਾ—ਵਿਸ੍ਤਾਰ. ਫੈਲਾਉ। ੩ ਰੁੱਖਾ ਵਚਨ । ੪ ਫੁਕਾਰਾ. ਫੁਤਕਾਰ। ੫ ਅਵਾਸੀ (ਉਬਾਸੀ). ਜੰਭਾਈ। ੬ ਫਲ. ਨਤੀਜਾ। ੭ ਝੱਖੜ. ਅੰਧੇਰੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2687, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣ ਮਾਲਾ ਦਾ ੨੭ਵਾਂ ਅੱਖਰ ਤੇ ੨੪ਵਾਂ ਵ੍ਯੰਜਨ ਤੇ ਪਵਰਗ ਦਾ ਦੂਸਰਾ ਅੱਖਰ ਹੈ। ਅੰਨ੍ਯਭਾਸ਼ਾ ਵਾਲੇ -ਪ+ਹ- ਨਾਲ ਇਸ ਅਵਾਜ਼ ਨੂੰ ਅਦਾ ਕਰਦੇ ਹਨ। ਫ਼ਾਰਸੀ ਵਿਚ ਇਕ ਹਰਫ ਹੈ ਜਿਸ ਦੀ ਅਵਾਜ਼ ਇਹੋ ਹੈ ਪਰ ਉਹ ਵਧੀਕ ਕੋਮਲ ਹੈ, ਇਸ ਕਰਕੇ ਉਸ ਉਚਾਰਨ ਨੂੰ ਦਸਣ ਲਈ ਅਸੀਂ -ਫ਼- ਸੰਕੇਤ ਕੀਤਾ ਹੈ। ਸੰਸਕ੍ਰਿਤ ਦਾ -ਬ- ਕਈ ਵੇਰ ਪੰਜਾਬੀ ਵਿਚ -ਫ- ਨਾਲ ਬਦਲਦਾ ਹੈ, ਜੈਸੇ -ਬੰਧ-, -ਫੰਘ-, ਕਈ ਵੇਰ -ਭ- ਬੀ ਫਫੇ ਵਿਚ ਬਦਲਦਾ ਹੈ, ਜੈਸੇ ਦੰਭ ਦਾ ਡੰਫ। ਸੰਸਕ੍ਰਿਤ ਦਾ -ਪ- ਬੀ ਕਈ ਵੇਰ ਪੰਜਾਬੀ ਵਿਚ ਫਫੇ ਵਿਚ ਬਦਲਦਾ ਹੈ ਜੈਸੇ ਪੁਨ: ਨੂੰ ਫੁਨ ਲਿਖਿਆ ਹੈ। ਸੰਸਕ੍ਰਿਤ -ਸਫੑ- ਜਦ ਸ਼ੁਰੂ ਵਿਚ ਆਵੇ ਤਾਂ ਪੰਜਾਬੀ ਵਿਚ ਅਕਸਰ ਸਸਾ ਗਿਰ ਜਾਂਦਾ ਹੈ। ਜੈਸੇ -ਸੁਫੑਰਣ- ਦਾ ਫੁਰਣਾ -ਸਫੑਟਿਕ- ਦਾ -ਫਟਕ-। ਫਾ ਜਦ ਕਈ ਥਾਈਂ ਤੁਕਾਂਤ ਆਉਂਦਾ ਹੈ, ਕਦੇ -ਹੈ- ਦਾ ਕਦੇ ਭੂਤਕਾਲ ਆਦਿਕ ਦਾ ਭਾਵ ਦੇਂਦਾ ਹੈ ਜੈਸੇ ਬਸਫਾ=ਵੱਸਿਆ, ਵੱਸ ਗਿਆ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2680, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਫ  : ਇਹ ਪੰਜਾਬੀ ਵਰਣਮਾਲਾ ਦਾ ਸਤਾਈਵਾਂ ਤੇ ਪਵਰਗ ਦਾ ਦੂਜਾ ਅੱਖਰ ਹੈ। ਇਸ ਦਾ ਉਚਾਰਣ ਸਥਾਨ ਹੋਠ ਹਨ। ਬੁੱਲ੍ਹਾਂ ਦੇ ਇਕ ਦੂਜੇ ਨਾਲ ਟਕਰਾਉਣ ਤੇ ਇਹ ਧੁਨੀ ਪੈਦਾ ਹੁੰਦੀ ਹੈ। ਸੰਗਿਆ ਦੇ ਤੌਰ ਤੇ ਇਹ ਫ਼ੈਲਾਓ, ਰੁੱਖਾ, ਵਚਨ, ਅਵਾਸੀ, ਫ਼ਲ, ਨਤੀਜਾ ਆਦਿ ਦੇ ਅਰਥ ਰਖਦਾ ਹੈ।

ਪ੍ਰਾਚੀਨਤਾ ਦੀ ਦ੍ਰਿਸ਼ਟੀ ਤੋਂ ਗੁਰਮੁਖੀ ਦੇ (ਘ, ਚ, ਛ, ਟ, ਠ, ਧ, ਫ, ਬ) ਅੱਠ ਅੱਖਰ ਅਜਿਹੇ ਹਨ ਜੋ ਈਸਵੀ ਪੂਰਵ ਤੀਜੀ ਸਦੀ ਦੀ ਪ੍ਰਸਿੱਧ ਲਿਪੀ ਬ੍ਰਹਮੀ ਨਾਲ ਸਮਾਨਤਾ ਰਖਦੇ ਹਨ। ਇਸ ਅਨੁਸਾਰ ਫ ਅੱਖਰ ਵੀ ਇਨ੍ਹਾਂ ਅੱਠਾਂ ਵਿਚੋਂ ਇਕ ਹੈ। ਇਸ ਤਰ੍ਹਾਂ ਇਹ ਅੱਖਰ ਦੋ ਹਜ਼ਾਰ ਸਾਲ ਤੋਂ ਵੀ ਵਧੇਰੇ ਪੁਰਾਣਾ ਹੈ। ਬ੍ਰਹਮੀ ਲਿਪੀ 350 ਈ.ਪੂ. ਤੋਂ 500 ਈ. ਤਕ ਦੇ ਆਸ ਪਾਸ ਵਧੇਰੇ ਪ੍ਰਚਲਿਤ ਰਹੀ। ਰਾਜਾ ਅਸ਼ੋਕ ਦੇ ਸਮੇਂ ਗਿਰਨਾਰ ਦੀ ਚਟਾਨ ਤੋਂ ਪ੍ਰਾਪਤ ਹੋਈ ਲਿਪੀ ਜੋ ਤੀਸਰੀ ਸਦੀ ਈ.ਪੂ. ਦੀ ਹੈ, ਵਿਚ ਇਸ ਅੱਖਰ ਦਾ ਰੂਪ ਅਜੋਕੇ ਰੂਪ ਨਾਲ ਕਾਫ਼ੀ ਮਿਲਦਾ ਹੈ। ਚੌਥੀ ਸਦੀ ਈ.ਪੂ. ਦੇ ਅੱਧ ਨੇੜੇ ਇਸ ਦੇ ਇਸ ਰੂਪ ਵਿਚ ਕੁਝ ਅੰਤਰ ਆਇਆ। ਇਸ ਅਨੁਸਾਰ ਇਸ ਦੀ ਉੱਪਰਲੀ ਗੋਲਾਈਨੁਮਾ ਰੇਖਾ ਖੜਵੇਂ ਰੂਪ ਵਿਚ ਹੇਠਾਂ ਖੱਬੇ ਪਾਸੇ ਆ ਗਈ। ਇਹ ਰੂਪ ਗੁਪਤਬੰਸੀ ਰਾਜਾ ਸਮੁੰਦਰਗੁਪਤ ਦੇ ਅਲਾਹਾਬਾਦ ਦੇ ਲੇਖ ਦੀ ਲਿਪੀ ਤੋਂ ਮਿਲਦਾ ਹੈ (ਭਾਰਤੀ ਪ੍ਰਾਚੀਨ ਲਿਪੀ ਮਾਲਾ–ਗੌਰੀ ਸ਼ੰਕਰ ਓਝਾ–ਲਿਪੀ ਪੱਤਰ ਨੰ. 16)।  ਸੱਤਵੀਂ ਸਦੀ ਵਿਚ ਰਾਜਾ ਹਰਸ਼ ਦੇ ਦਾਨ ਪੱਤਰ, ਜੋ ਸੱਤਵੀਂ ਸਦੀ ਦਾ ਹੈ, ਅਨੁਸਾਰ ਇਸ ਅੱਖਰ ਦਾ ਇਹ () ਰੂਪ ਬਣਿਆ ਹੋਇਆ ਮਿਲਦਾ ਹੈ।  ਅਠਵੀਂ ਸਦੀ ਦੇ ਚੰਬਾ ਦੇ ਰਾਜਾ ਮੇਰੂ ਵਰਮਾ ਦੇ ਲੇਖ ਦੀ ਲਿਪੀ ਅਨੁਸਾਰ ਇਸ ਅੱਖਰ ਦੀ ਬਣਤਰ ਅਜੋਕੇ ਰੂਪ ਦੇ ਕੁਝ ਨੇੜੇ ਆ ਗਈ। ਇਸ ਅਨੁਸਾਰ ਇਸ ਦੀ ਸੱਜੇ ਪਾਸੇ ਦੀ ਹੇਠਾਂ ਵਾਲੀ ਹੁੱਕ ਕੁਝ ਉੱਚੀ ਰਹਿ ਗਈ। ਦਸਵੀਂ ਤੇ ਗਿਆਰਵੀਂ ਸਦੀ ਵਿਚ ਇਹ ਅੱਖਰ ਵਿਕਾਸ ਕ੍ਰਮ ਦੀਆਂ ਮੰਜ਼ਿਲਾਂ ਤੈਹ ਕਰਦਾ ਹੋਇਆ ਕਾਫ਼ੀ ਹਦ ਤਕ ਅਜੋਕੇ ਰੂਪ ਦੇ ਨੇੜੇ ਪੁੱਜ ਗਿਆ। ਇਹ ਸਰਾਹਾਂ ਤੇ ਸ਼ੁੰਗਲ ਤੋਂ ਮਿਲੀ ਲਿਪੀ ਹੈ। ਸੋਲਵੀਂ ਸਦੀ ਦੀ ਰਚਨਾ ਸ਼ਕੁੰਲਤਾ ਨਾਟਕ ਦੀ ਹਥਲਿਖਤ ਅਨੁਸਾਰ ਇਸ ਦਾ ਇਹ () ਰੂਪ ਬਣ ਗਿਆ। ਇਸ ਤਰ੍ਹਾਂ ਇਹ ਅੱਖਰ ਆਪਣਾ ਰੂਪ ਸੁਧਾਰਦਾ ਹੋਇਆ ਆਪਣੇ ਆਧੁਨਿਕ ਰੂਪ ਤਕ ਪੁੱਜਾ।

ਗੁਰੂ ਨਾਨਕ ਦੇਵ ਜੀ ਦੁਆਰਾ ਪਟੀ ਸਿਰਲੇਖ ਹੇਠ ਰਚੀ ਗਈ ਬਾਣੀ (ਜੋ ਪੈਂਤੀ ਅੱਖਰਾਂ ਸਬੰਧੀ ਹੈ) ਅਨੁਸਾਰ ਇਹ ਪੱਚੀਵਾਂ ਅੱਖਰ ਹੈ। ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਆਸਾ ਵਿਚ ਦਰਜ ਹੈ। ਇਸ ਵਿਚ ਰਚੇ ਗਏ ਸਲੋਕ ਵਰਣਮਾਲਾ ਦੇ ਸਬੰਧਤ ਅੱਖਰ ਨਾਲ ਸ਼ੁਰੂ ਹੁੰਦੇ ਹਨ :

     ਫਫੈ ਫਾਹੀ ਸਭੁ ਜਗੁ ਫਾਸਾ ਜਮ ਕੈ ਸੰਗਲਿ ਬੰਧਿ ਲਇਆ॥ (ਪੰਨਾ 433)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1508, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-21-01-48-28, ਹਵਾਲੇ/ਟਿੱਪਣੀਆਂ: ਹ. ਪੁ. –ਭਾ. ਪ੍ਰ. ਲਿ. ਮ. –ਗੌਰੀ ਸ਼ੰਕਰ ਓਝਾ : ਗੁਰਮੁਖੀ ਲਿਪੀ ਮਾਲਾ ਦਾ ਵਿਗਿਆਨਕ ਅਧਿਐਨ -ਡਾ. ਈਸ਼ਰ ਸਿੰਘ ਤਾਘ ; ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.