ਭਾਸ਼ਾ-ਵੰਨਗੀਆਂ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਭਾਸ਼ਾ-ਵੰਨਗੀਆਂ: ਭਾਸ਼ਾ ਇਕ ਸਮਾਜੀ ਵਰਤਾਰਾ ਹੈ। ਇਸ ਨੂੰ ਸਮਾਜ ਨਾਲੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ। ਸਮਾਜੀ ਵਰਤਾਰੇ ਦੇ ਅਧਾਰ ’ਤੇ ਵਿਭਿੰਨ ਵੰਨਗੀਆਂ ਹੋਂਦ ਵਿਚ ਆਉਂਦੀਆਂ ਹਨ। ਵਿਭਿੰਨ ਵੰਨਗੀਆਂ ਨੂੰ ਦੋ ਪੱਖਾਂ ਤੋਂ ਅਧਿਅਨ ਦਾ ਕੇਂਦਰ ਬਣਾਇਆ ਜਾਂਦਾ ਹੈ, ਜਿਵੇਂ : (i) ਭੂਗੋਲਿਕ ਪੱਖ ਅਤੇ (ii) ਸਮਾਜਕ ਪੱਖ। ਭੂਗੋਲਿਕ ਪੱਖ ਤੋਂ ਭਾਸ਼ਾ ਦਾ ਅਧਿਅਨ ਹੱਦਬੰਦੀਆਂ ’ਤੇ ਅਧਾਰਤ ਹੁੰਦਾ ਹੈ। ਇਹ ਹੱਦਬੰਦੀਆਂ ਕੁਦਰਤੀ ਰੁਕਾਵਟਾਂ ਰਾਹੀਂ ਹੋਂਦ ਵਿਚ ਆਉਂਦੀਆਂ ਹਨ। ਕੁਦਰਤੀ ਰੁਕਾਵਟਾਂ ਵਿਚ ਦਰਿਆ, ਜੰਗਲ, ਪਹਾੜ ਆਦਿ ਪਰਮੁਖ ਹਨ। ਇਨ੍ਹਾਂ ਰੁਕਾਵਟਾਂ ਰਾਹੀਂ ਇਕ ਭਾਸ਼ਾਈ ਖਿੱਤੇ ਦੇ ਲੋਕਾਂ ਦਾ ਦੂਜੇ ਖਿੱਤੇ ਦੇ ਲੋਕਾਂ ਨਾਲ ਭਾਸ਼ਾਈ ਸੰਪਰਕ ਘੱਟ ਹੁੰਦਾ ਹੈ ਜਿਸ ਕਰਕੇ ਇਕ ਖਿੱਤੇ ਵਿਚਲੇ ਲੋਕਾਂ ਦੀ ਭਾਸ਼ਾ ਸਮਾਂ ਪਾ ਕੇ ਇਕ ਵੱਖਰੀ ਵੰਨਗੀ ਵਜੋਂ ਹੋਂਦ ਵਿਚ ਆ ਜਾਂਦੀ ਹੈ। ਇਸ ਭਾਂਤ ਦੇ ਭਾਸ਼ਾਈ ਵਖਰੇਵਿਆਂ ਰਾਹੀਂ ਵਿਭਿੰਨ ਭਾਂਤ ਦੀਆਂ ਭਾਸ਼ਾਈ ਵੰਨਗੀਆਂ ਪੈਦਾ ਹੁੰਦੀਆਂ ਹਨ। ਭਾਸ਼ਾ ਵਿਗਿਆਨ ਦੀ ਭਾਸ਼ਾ ਵਿਚ ਇਨ੍ਹਾਂ ਵੰਨਗੀਆਂ ਨੂੰ ਉਪਭਾਸ਼ਾਵਾਂ ਕਿਹਾ ਜਾਂਦਾ ਹੈ। ਉਪਭਾਸ਼ਾਵਾਂ ਵਿਚਲੇ ਵਖਰੇਵੇਂ ਦਾ ਅਧਾਰ ਭੂਗੋਲਿਕ ਹੁੰਦਾ ਹੈ ਜਦੋਂ ਕਿ ਇਕੋ ਖਿੱਤੇ ਵਿਚ ਰਹਿੰਦੇ ਵਿਅਕਤੀਆਂ ਦੀ ਭਾਸ਼ਾ ਵਿਚ ਵੀ ਇਕਸਾਰਤਾ ਨਹੀਂ ਹੁੰਦੀ। ਭਾਸ਼ਾ ਦੇ ਪੱਖ ਤੋਂ ਇਕਸਾਰਤਾ ਨਾ ਹੋਣ ਦਾ ਦੂਜਾ ਕਾਰਨ ਭਾਸ਼ਾ ਦਾ ਸਮਾਜਕ ਪੱਖ ਹੈ। ਇਕੋ ਭਾਸ਼ਾਈ ਸਮਾਜ ਵਿਚ ਭਾਸ਼ਾਈ ਬੁਲਾਰਿਆਂ ਦੀ ਵੰਡ ਲਿੰਗ, ਕਿੱਤਾ, ਉਮਰ, ਜਾਤ, ਬਰਾਦਰੀ ’ਤੇ ਅਧਾਰਤ ਹੁੰਦਾ ਹੈ। ਇਨ੍ਹਾਂ ਅਧਾਰਾਂ ਨੂੰ ਭਾਸ਼ਾ ਦਾ ਸਮਾਜ ਵਿਗਿਆਨਕ ਪੱਖ ਕਿਹਾ ਜਾਂਦਾ ਹੈ। ਇਨ੍ਹਾਂ ਦੇ ਅਧਾਰਾਂ ’ਤੇ ਭਾਸ਼ਾ ਦੀਆਂ ਵਿਭਿੰਨ ਵੰਨਗੀਆਂ ਪੈਦਾ ਹੁੰਦੀਆਂ ਹਨ। ਇਨ੍ਹਾਂ ਦਾ ਅਧਿਅਨ ਸਮਾਜ ਭਾਸ਼ਾ ਵਿਗਿਆਨ ਵਿਚ ਕੀਤਾ ਜਾਂਦਾ ਹੈ। ਭਾਸ਼ਾ ਦੇ ਅਮੂਰਤ ਪੱਖ ਨੂੰ ‘ਲਾਂਗ’ ਨਾਂ ਦਿੱਤਾ ਜਾਂਦਾ ਹੈ ਜਦੋਂ ਕਿ ਭਾਸ਼ਾ ਦੇ ਵਿਅਕਤੀਗਤ ਪਰਗਟਾਵੇ ਨੂੰ ‘ਪੈਰੋਲ’ ਕਿਹਾ ਜਾਂਦਾ ਹੈ। ਲਾਂਗ ਟਕਸਾਲੀ ਨਿਯਮਾਂ ’ਤੇ ਅਧਾਰਤ ਹੁੰਦੀ ਹੈ ਜਦੋਂ ਕਿ ਪੈਰੋਲ ਨੂੰ ਵਿਅਕਤੀ-ਭਾਸ਼ਾ ਕਿਹਾ ਜਾਂਦਾ ਹੈ। ਲਾਂਗ ਨੂੰ ਟਕਸਾਲੀ ਭਾਸ਼ਾ ਦੇ ਨੇੜੇ ਤੇੜੇ ਰੱਖਿਆ ਜਾਂਦਾ ਹੈ। ਭਾਸ਼ਾਈ ਰਜਿਸਟਰ ਰਾਹੀਂ ਉਸ ਭਾਸ਼ਾ ਦਾ ਅਧਿਅਨ ਕੀਤਾ ਜਾਂਦਾ ਹੈ, ਜੋ ਇਕ ਕਾਰਜ ਖੇਤਰ ਦੇ ਲੋਕ ਵਰਤਦੇ ਹਨ। ਸਲੈਂਗ, ਪਿਜਿਨ, ਕਰਿਓਲ ਆਦਿ ਕੁਝ ਹੋਰ ਸੰਕਲਪ ਹਨ ਜੋ ਵੱਖੋ ਵੱਖਰੀਆਂ ਭਾਸ਼ਾਈ ਵੰਨਗੀਆਂ ਵਜੋਂ ਸਥਾਪਤ ਹੁੰਦੇ ਹਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 7305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.