ਰੱਸਾਕਸ਼ੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰੱਸਾਕਸ਼ੀ : ਰੱਸਾਕਸ਼ੀ ਬਜ਼ੁਰਗਾਂ ਅਤੇ ਗੱਭਰੂਆਂ ਦੀ ਖੇਡ ਹੈ। ਅੰਗਰੇਜ਼ੀ ’ਚ ਇਸ ਖੇਡ ਨੂੰ ‘ਟੱਗ ਆਫ਼ ਵਾਰ’ ਕਿਹਾ ਜਾਂਦਾ ਹੈ। ਰੱਸਾਕਸ਼ੀ ਦੋ ਤਰੀਕਿਆਂ ਨਾਲ ਖੇਡੀ ਜਾਂਦੀ ਹੈ। ਪਹਿਲੀ ਵਜ਼ਨੀ ਰੱਸਾਕਸ਼ੀ, ਦੂਜੀ ਖੁੱਲ੍ਹੀ ਰੱਸਾਕਸ਼ੀ। ਵਜ਼ਨੀ ਰੱਸਾਕਸ਼ੀ ਵਿੱਚ ਇੱਕ ਟੋਲੀ ਦਾ ਭਾਰ 480 ਕਿੱਲੋਗ੍ਰਾਮ ਅਤੇ ਉਮਰ 18 ਸਾਲ ਤੋਂ ਘੱਟ ਹੁੰਦੀ ਹੈ। ਇਸ ਤੋਂ ਬਿਨਾਂ ਖੁੱਲ੍ਹੀ ਰੱਸਾਕਸ਼ੀ ਵਿੱਚ ਇੱਕ ਟੋਲੀ ਦਾ ਭਾਰ 520, 580 ਤੋਂ 640 ਕਿੱਲੋਗ੍ਰਾਮ ਤੱਕ ਵੀ ਹੋ ਸਕਦਾ ਹੈ। ਪਰ ਪੇਂਡੂ ਟੋਲੀਆਂ ਵਿੱਚ ਭਾਰ ਅਤੇ ਉਮਰ ਦੀ ਬੰਦਸ਼ ਨਹੀਂ ਹੁੰਦੀ।

     ਰੱਸਾਕਸ਼ੀ ਦੀ ਖੇਡ ਵਿੱਚ ਕੁੱਲ 10 ਖਿਡਾਰੀ ਹੁੰਦੇ ਹਨ ਜਿਨ੍ਹਾਂ ਵਿੱਚੋਂ ਅੱਠ ਖੇਡਦੇ ਹਨ ਦੋ ਖਿਡਾਰੀਆਂ ਨੂੰ ਕਿਸੇ ਸੰਕਟ ਜਾਂ ਖਿਡਾਰੀ ਬਦਲਣ ਸਮੇਂ ਰਾਖਵਾਂ ਰੱਖਿਆ ਜਾਂਦਾ ਹੈ। ਰੱਸਾਕਸ਼ੀ ਦੀ ਖੇਡ ਦੋ ਤਰੀਕਿਆਂ ਨਾਲ ਖੇਡੀ ਜਾਂਦੀ ਹੈ। ਇਹਨਾਂ ਤਰੀਕਿਆਂ ਨੂੰ ਪੰਜਾਬ ਸਟਾਈਲ ਅਤੇ ਨੈਸ਼ਨਲ ਸਟਾਈਲ ਆਖਿਆ ਜਾਂਦਾ ਹੈ। ਪੰਜਾਬ ਸਟਾਈਲ ਖੇਡਦਿਆਂ ਖਿਡਾਰੀਆਂ ਤੋਂ ਜ਼ੋਰ ਲਾਉਣ ਸਮੇਂ ਪੈਰਾਂ ਹੇਠ ਟੋਆ ਪੁੱਟਿਆ ਜਾਣਾ, ਕੁਤਾਹੀ ਨਹੀਂ ਮੰਨੀ ਜਾਂਦੀ। ਦੋਵੇਂ ਟੋਲੀਆਂ ਦਾ ਮੂੰਹ ਆਹਮੋ-ਸਾਮ੍ਹਣੇ ਹੁੰਦਾ ਹੈ ਜਦੋਂ ਕਿ ਬੀਂਡੀਏ ਦਾ ਮੂੰਹ ਸਾਰੇ ਖਿਡਾਰੀਆਂ ਤੋਂ ਉਲਟ ਦਿਸ਼ਾ ’ਚ ਹੁੰਦਾ ਹੈ। ਪੰਜਾਬ ਸਟਾਈਲ ਵਿੱਚ ਰੱਸੇ ਦੇ ਆਖ਼ਰੀ ਸਿਰਿਆਂ ਤੇ ਪਟੇ ਬੰਨ੍ਹੇ ਹੁੰਦੇ ਹਨ। ਇਹਨਾਂ ਪਟਿਆਂ ਨੂੰ ਬੀਂਡੀਏ (ਸਿਰੇ ਤੇ ਖਲੋਤੇ ਖਿਡਾਰੀ) ਖਿੱਚਦੇ ਹਨ। ਪੰਜਾਬ ਸਟਾਈਲ ਖੇਡਦਿਆਂ ਖਿਡਾਰੀ 1,2,3 ਕਹਿ ਕੇ ਹੁੱਝਕਾ ਮਾਰਦੇ ਹਨ। ਹੁੱਝਕਾ ਮਾਰਦਿਆਂ ਹੱਥ ਅਤੇ ਗੋਡੇ ਧਰਤੀ ਨਾਲ ਲੱਗ ਜਾਣ ਤਾਂ ਇਸ ਨੂੰ ਗ਼ਲਤੀ ਨਹੀਂ ਮੰਨਿਆ ਜਾਂਦਾ।

     ਨੈਸ਼ਨਲ ਸਟਾਈਲ ਰੱਸਾਕਸ਼ੀ ਵਿੱਚ ਖਿਡਾਰੀਆਂ ਨੂੰ ਜ਼ਮੀਨ ਛੂਹਣ ਦੀ ਮਨਾਹੀ ਹੁੰਦੀ ਹੈ। ਅੱਜ-ਕੱਲ੍ਹ ਨੈਸ਼ਨਲ ਸਟਾਈਲ ਰੱਸਾਕਸ਼ੀ, ਲੋਹੇ ਦੀਆਂ ਕਿੱਲਾਂ ਦੇ ਤਲਿਆਂ ਵਾਲੇ ਬੂਟ (ਸਪੈਕਸ) ਪਾ ਕੇ ਵੀ ਖੇਡੀ ਜਾਂਦੀ ਹੈ। ਇਸ ਸਟਾਈਲ ਵਿੱਚ ਖਿਡਾਰੀਆਂ ਦਾ ਧਰਤੀ ਤੇ ਬੈਠਣਾ ਵਰਜਿਤ ਹੁੰਦਾ ਹੈ। ਸਰੀਰ ਨੂੰ ਜ਼ਮੀਨ ਤੇ ਲਾਉਣ ਦੀ ਵੀ ਮਨਾਹੀ ਹੁੰਦੀ ਹੈ।

     ਇਸ ਖੇਡ ’ਚ ਵਰਤਿਆ ਜਾਣ ਵਾਲਾ ਰੱਸਾ ਡੇਢ ਇੰਚ ਮੋਟਾ ਅਤੇ ਵੱਧ ਤੋਂ ਵੱਧ 90 ਫੁੱਟ ਤੱਕ ਲੰਮਾ ਹੋ ਸਕਦਾ ਹੈ। ਰੱਸੇ ਦੇ ਮੱਧ ਵਿੱਚ ਲਾਲ ਰੰਗ ਦਾ ਰਿਬਨ ਬੰਨ੍ਹਿਆ ਜਾਂਦਾ ਹੈ। ਮੱਧ ਦੇ ਸੱਜੇ ਅਤੇ ਖੱਬੇ ਪਾਸੇ 6-6 ਫੁੱਟ ਦੀ ਦੂਰੀ ਤੇ ਦੋ ਹੋਰ ਰਿਬਨ ਬੰਨ੍ਹੇ ਹੁੰਦੇ ਹਨ ਅਤੇ ਜ਼ਮੀਨ ’ਤੇ ਰੱਸੇ ਨੂੰ ਕੱਟਦੀਆਂ ਦੋ ਲਕੀਰਾਂ ਖਿੱਚੀਆਂ ਜਾਂਦੀਆਂ ਹਨ। ਇਹਨਾਂ ਲਕੀਰਾਂ ਨੂੰ ਪਾਰ ਕਰਦਾ ਰੱਸਾ ਜ਼ਮੀਨ ਤੇ ਵਿਛਾ ਦਿੱਤਾ ਜਾਂਦਾ ਹੈ। ਖੇਡਣ ਵਾਲੀਆਂ ਦੋਵੇਂ ਟੋਲੀਆਂ ਆਪੋ-ਆਪਣੀ ਪਸੰਦ ਦਾ ਪਾਸਾ ਲੈਣ ਲਈ ਟਾਸ ਪਾਉਂਦੀਆਂ ਹਨ। ਟਾਸ ਜਿੱਤਣ ਵਾਲੀ ਟੋਲੀ ਆਪਣੀ ਪਸੰਦ ਦਾ ਪਾਸਾ ਮੱਲਦੀ ਹੈ। ਖੇਡ ਸ਼ੁਰੂ ਹੁੰਦਿਆਂ ਟੋਲੀ ਦਾ ਮੋਢੀ ਮੱਧ ਤੋਂ ਦੋ ਮੀਟਰ ਦੀ ਦੂਰੀ ਤੋਂ ਰੱਸੇ ਨੂੰ ਪਕੜਦਾ ਹੈ, ਬਾਕੀ ਛੇ ਖਿਡਾਰੀ ਇੱਕ-ਇੱਕ ਕਰ ਕੇ ਉਸ ਦੇ ਪਿੱਛੇ ਰੱਸੇ ਨੂੰ ਖਿੱਚਣ ਲੱਗਦੇ ਹਨ। ਆਖਰੀ ਖਿਡਾਰੀ ਨੂੰ ਬੀਂਡੀਆ ਕਿਹਾ ਜਾਂਦਾ ਹੈ, ਜਿਸ ਨੇ ਆਪਣੇ ਲੱਕ ਦੁਆਲੇ ਰੱਸੇ ਨੂੰ ਬੰਨ੍ਹਿਆ ਹੁੰਦਾ ਹੈ। ਦੋਵੇਂ ਟੋਲੀਆਂ ਦੇ ਖਿਡਾਰੀ ਆਪਣੇ ਪੈਰਾਂ ਨੂੰ ਭੋਂ ’ਚ ਅੜਾ ਲੈਂਦੇ ਹਨ ਕਿਉਂਕਿ ਪੈਰਾਂ ਦੀ ਅੜੇਸ ਅਤੇ ਸਰੀਰਕ ਸ਼ਕਤੀ ਵਿਰੋਧੀ ਪਾਸੇ ਵੱਲ ਰੱਸੇ ਨੂੰ ਖਿਸਕਣ ਤੋਂ ਰੋਕਦੀ ਹੈ। ਖੇਡ ਦੌਰਾਨ ਗਲ ਵਿੱਚ ਰੱਸੇ ਦੀ ਗੰਢ ਮਾਰਨ, ਜ਼ਮੀਨ ਛੂਹਣ ਅਤੇ ਪੈਰਾਂ ਹੇਠ ਖੱਡਾ ਪੁੱਟਣ ਦੀ ਮਨਾਹੀ ਹੁੰਦੀ ਹੈ।

     ਖੇਡ ਦੌਰਾਨ ਹਾਰ ਜਿੱਤ ਲਈ ਤਿੰਨ ਅਵਸਰ ਦਿੱਤੇ ਜਾਂਦੇ ਹਨ। ਖਿਚਾਵੇ ਪਿੱਛੇ ਵੱਲ ਨੂੰ ਝੁਕ ਕੇ ਜ਼ੋਰ ਲਾਉਂਦੇ ਹਨ ਤਾਂ ਕਿ ਪੈਰਾਂ ਦੇ ਪੰਜਿਆਂ ਦੀ ਪਕੜ ਅਤੇ ਅੱਡੀਆਂ ਨਾਲ ਵਿਰੋਧੀ ਟੀਮ ਨੂੰ ਹਰਾਉਣ ਲਈ ਆਪਣੇ ਵੱਲ ਖਿੱਚਿਆ ਜਾ ਸਕੇ। ਜਿਹੜੀ ਟੋਲੀ ਰੱਸੇ ਦੀ ਪਹਿਲੀ ਖਿੱਚ ਜਿੱਤ ਜਾਂਦੀ ਹੈ ਉਹੋ ਟੋਲੀ ਪਾਸਾ ਬਦਲ ਕੇ ਦੂਜੀ ਖਿੱਚ, ਖਿੱਚਦੀ ਹੈ। ਪਹਿਲੀ ਟੋਲੀ ਹੀ ਰੱਸੇ ਦੀ ਦੂਜੀ ਖਿੱਚ ਜਿੱਤ ਜਾਵੇ ਤਾਂ ਉਸ ਨੂੰ ਜੇਤੂ ਮੰਨ ਲਿਆ ਜਾਂਦਾ ਹੈ, ਜੇਕਰ ਦੋਵੇਂ ਟੋਲੀਆਂ ਇੱਕ-ਇੱਕ ਖਿੱਚ ਜਿੱਤ ਜਾਣ ਤਾਂ ਫਿਰ ਤੀਜੀ ਖਿੱਚ ਖਿੱਚਣ ਦਾ ਅਵਸਰ ਦਿੱਤਾ ਜਾਂਦਾ ਹੈ। ਖਿੱਚ ਜਿੱਤਣ ਲਈ ਜੇਤੂ ਟੋਲੀ ਨੇ ਦੋ ਮੀਟਰ ਰੱਸਾ ਆਪਣੇ ਵੱਲ ਖਿੱਚਣਾ ਹੁੰਦਾ ਹੈ। ਤਦ ਹੀ ਜਿੱਤ ਹਾਰ ਦਾ ਨਿਰਣਾ ਹੁੰਦਾ ਹੈ।

     ਰੱਸਾਕਸ਼ੀ ਖੇਡ ਨੂੰ, ਮਨੁੱਖ ਦੀ ਆਦਿ ਕਾਲੀਨ ਖੋਹ ਖਿੰਝ ਦੀ ਪ੍ਰਵਿਰਤੀ ਨਾਲ ਜੋੜਿਆ ਜਾ ਸਕਦਾ ਹੈ ਕਿਉਂਕਿ ਪ੍ਰਾਚੀਨ ਕਾਲ ਵਿੱਚ ਮਨੁੱਖ ਦੂਜੇ ਕਬੀਲਿਆਂ ਤੋਂ ਸ਼ਿਕਾਰ, ਧਨ ਅਤੇ ਸੰਪਤੀ ਖੋਹ ਕੇ ਆਪਣੇ ਕਬੀਲੇ ’ਚ ਲੈ ਆਉਂਦਾ ਸੀ। ਰੱਸਾਕਸ਼ੀ ਦਾ ਪ੍ਰਦਰਸ਼ਨ ਮਨੁੱਖ ਦੀ ਉਸੇ ਖੋਹ ਖਿੰਝ ਦੀ ਪ੍ਰਵਿਰਤੀ ਵਿੱਚੋਂ ਪੈਦਾ ਹੋਇਆ ਜਾਪਦਾ ਹੈ।


ਲੇਖਕ : ਲਕਸ਼ਮੀ ਨਾਰਾਇਣ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2330, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਰੱਸਾਕਸ਼ੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰੱਸਾਕਸ਼ੀ (ਨਾਂ,ਇ) ਦੋ ਟੋਲੀਆਂ ਵੱਲੋਂ ਇੱਕ ਰੱਸੇ ਨੂੰ ਆਪਣੇ ਵੱਲ ਖਿੱਚ ਕੇ ਹਾਰ ਜਿੱਤ ਦੀ ਇੱਕ ਮਰਦਾਵੀਂ ਖੇਡ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2330, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਰੱਸਾਕਸ਼ੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰੱਸਾਕਸ਼ੀ [ਨਾਂਇ] ਇੱਕ ਖੇਡ ਜਿਸ ਵਿੱਚ ਦੋ ਟੀਮਾਂ ਰੱਸੇ ਨੂੰ ਆਪਣੇ ਆਪਣੇ ਪਾਸੇ ਖਿੱਚਣ ਲਈ ਜ਼ੋਰ ਲਾਉਂਦੀਆਂ ਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2320, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.