ਵਜੀਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਜੀਦ : ਮੱਧ-ਕਾਲ ਦੇ ਪੰਜਾਬੀ ਕਵੀਆਂ ਵਿੱਚ ਵਜੀਦ ਦਾ ਨਵੇਕਲਾ ਸਥਾਨ ਹੈ। ਉਸ ਦਾ ਜ਼ਿਕਰ ਭਾਵੇਂ ਇੱਕ ਸੂਫ਼ੀ ਸ਼ਾਇਰ ਦੇ ਤੌਰ `ਤੇ ਕੀਤਾ ਗਿਆ ਹੈ ਪਰ ਉਹ ਆਮ ਸੂਫ਼ੀ ਕਵੀਆਂ ਵਰਗਾ ਕਵੀ ਨਹੀਂ ਹੈ। ਉਸ ਦੀ ਕਵਿਤਾ ਵਿੱਚ ਜੱਲ੍ਹਣ ਅਤੇ ਸੁਥਰੇ ਸ਼ਾਹ ਵਾਂਗ ਹਾਸ- ਵਿਅੰਗ ਦੇ ਤੱਤ ਵੀ ਮਿਲੇ ਹੋਏ ਹਨ। ਵਜੀਦ ਦੇ ਜੀਵਨ ਬਾਰੇ ਬਹੁਤ ਜਾਣਕਾਰੀ ਨਹੀਂ ਮਿਲਦੀ। ਪਰ ਉਸ ਦੀ ਰਚਨਾ ਵਿੱਚ ਕੁਝ ਅਜਿਹੇ ਸੰਕੇਤ ਜ਼ਰੂਰ ਮਿਲਦੇ ਹਨ ਜੋ ਉਸ ਦੇ ਜੀਵਨ ਅਤੇ ਉਸ ਦੀ ਸ਼ਖ਼ਸੀਅਤ ਨਾਲ ਸੰਬੰਧ ਰੱਖਦੇ ਹਨ। ਇਹਨਾਂ ਸੰਕੇਤਾਂ ਦੀ ਸਹਾਇਤਾ ਨਾਲ ਹੀ ਸਾਹਿਤ ਦੇ ਇਤਿਹਾਸਕਾਰਾਂ ਅਤੇ ਖੋਜੀਆਂ ਨੇ ਉਸ ਦੇ ਜੀਵਨ ਦੀ ਮਾੜੀ ਮੋੜੀ ਰੂਪ-ਰੇਖਾ ਉਲੀਕਣ ਦਾ ਯਤਨ ਕੀਤਾ ਹੈ। ਪੰਜਾਬ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਵਜੀਦ ਬਾਰੇ ਲਿਖਿਆ ਹੈ-‘ਵਜੀਦ ਦੀਆਂ ਜੰਮਣ ਮਰਨ ਦੀਆਂ ਤਾਰੀਖ਼ਾਂ ਬਾਰੇ ਪਤਾ ਨਹੀਂ ਲੱਗ ਸੱਕਿਆ। ਉਹ ਕਾਬਲ ਦਾ ਪਠਾਣ ਸੀ। ਕਾਬਲ ਛੱਡ ਕੇ ਪੰਜਾਬ ਵਿੱਚ ਆ ਟਿਕੇ ਸਨ। ਉਹ ਹਿੰਦੂ ਭਗਤਾਂ ਦੀ ਸੰਗਤ ਵਿੱਚ ਵੀ ਰਹੇ, ਇਸ ਲਈ ਉਹਨਾਂ ਉੱਤੇ ਹਿੰਦੂ ਮਤ ਦਾ ਪ੍ਰਭਾਵ ਪਿਆ। ਮਥਰਾ ਬਿੰਦਰਾਬਨ ਦੀ ਯਾਤਰਾ ਕਰਨ ਲਈ ਗਏ ਅਤੇ ਕੁਝ ਚਿਰ ਉੱਥੇ ਰਹੇ। ਫਿਰ ਪੰਜਾਬ ਵਿੱਚ ਵਾਪਸ ਆਏ।` (ਪੰਨਾ-186) ਮਿਸਾਲ ਵਜੋਂ ਵਜੀਦ ਦੀ ਰਚਨਾ ਵਿੱਚ ਕਾਬਲ ਅਤੇ ਬਿੰਦਰਾਬਨ ਬਾਰੇ ਨਿਮਨ-ਅੰਕਿਤ ਸੰਕੇਤ ਮਿਲਦੇ ਹਨ :

ਕਾਬਲ ਬਹੁਤਾ ਮੇਵਾ ਮੁਗ਼ਲਾਂ ਖਾਵਣਾ।

ਸੋਨਾ ਤੇ ਚੌਤਾਰਾ ਅੰਗ ਹੰਢਾਵਨਾ।

ਬਿੰਦਰਾਬਨ ਵਿੱਚ ਪੀਂਜੂ, ਜਿਥੇ ਆਪ ਹਰਿ।

          ਵਜੀਦਾ ਕੌਣ ਸਾਹਿਬ ਨੂੰ ਆਖੇ ਇੰਝ ਨਹੀਂ ਇੰਝ ਕਰ।

     ਇਹਨਾਂ ਪੰਕਤੀਆਂ ਵਿੱਚ ਕਵੀ ਨੇ ਚੇਤ-ਅਚੇਤੀ ਆਪਣੇ ਜੀਵਨ ਬਾਰੇ ਵੀ ਜਾਣਕਾਰੀ ਪ੍ਰਦਾਨ ਕਰ ਦਿੱਤੀ ਹੈ। ਇਸ ਤੋਂ ਪਤਾ ਚੱਲਦਾ ਕਿ ਉਸ ਦਾ ਪਿਛੋਕੜ ਕਾਬਲ (ਅਫ਼ਗ਼ਾਨਿਸਤਾਨ) ਦਾ ਹੈ ਜਿੱਥੇ ਮੁਗ਼ਲ ਵੱਸਦੇ ਹਨ ਅਤੇ ਜਿਸ ਦੇ ਮੇਵਿਆਂ ਨੂੰ ਉਹ ਚੇਤੇ ਕਰ ਰਿਹਾ ਹੈ। ਇਸੇ ਤਰ੍ਹਾਂ ਉਸ ਨੇ ਆਪਣੇ ਬਿੰਦਰਾਬਨ ਦੇ ਅਨੁਭਵ ਨੂੰ ਮੂਰਤੀਮਾਨ ਕਰਦਿਆਂ ਇਹ ਸੰਕੇਤ ਵੀ ਦੇ ਦਿੱਤਾ ਹੈ ਕਿ ਉਸ ਦਾ ਇਸ ਪਾਵਨ ਭੂਮੀ ਨਾਲ ਕੋਈ ਰੂਹਾਨੀ ਰਿਸ਼ਤਾ ਹੈ। ਇਹ ਗੱਲ ਵਜੀਦ ਦੇ ਇੱਕ ਹੋਰ ਸਲੋਕ ਤੋਂ ਵੀ ਭਲੀ-ਭਾਂਤ ਜ਼ਾਹਰ ਹੁੰਦੀ ਹੈ। ਇਸ ਸਲੋਕ ਦੀਆਂ ਪੰਕਤੀਆਂ ਨਿਮਨ-ਅੰਕਿਤ ਹਨ :

ਵਜੀਦਾ ਪੂਤ ਪਠਾਨ ਕੇ, ਦੇਤੇ ਦਲਾਂ ਕੋ ਮੋੜ।

          ਜਬ ਸ਼ਰਨ ਪੜੇ ਗੋਪਾਲ ਕੀ, ਸਕੇ ਨਾ ਤਿਨਕਾ ਤੋੜ।

     ਇਸ ਤਰ੍ਹਾਂ ਸਾਨੂੰ ਵਜੀਦ ਦੇ ਹਰਿ-ਭਗਤੀ ਵੱਲ ਹੋਏ ਰੁਝਾਨ ਬਾਰੇ ਪਤਾ ਚੱਲਦਾ ਹੈ। ਅਸਲ ਵਿੱਚ ਮੱਧ-ਕਾਲ ਦਾ ਇਹ ਸਮਾਂ ਸੱਭਿਆਚਾਰਿਕ ਜਾਗ੍ਰਿਤੀ ਦਾ ਸਮਾਂ ਸੀ। ਇਸ ਜਾਗ੍ਰਿਤੀ ਨੂੰ ਫੈਲਾਉਣ ਵਿੱਚ ਮੁਸਲਿਮ ਸੂਫ਼ੀਆਂ ਅਤੇ ਹਿੰਦੂ ਭਗਤਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ। ਇਹਨਾਂ ਦੋਹਾਂ ਦੀ ਵਿਚਾਰਧਾਰਾ ਵਿੱਚ ਡੂੰਘੀ ਸਾਂਝ ਸੀ। ਵਜੀਦ ਵੀ ਇਸੇ ਸੱਭਿਆਚਾਰਿਕ ਸਾਂਝ ਅਤੇ ਸੁਮੇਲ ਦਾ ਪ੍ਰਤੀਕ ਹੈ।

     ਵਜੀਦ ਦੀ ਰਚਨਾ ਵਿੱਚ ਹਿੰਦੂ ਧਰਮ ਅਤੇ ਇਸਲਾਮ ਦੋਹਾਂ ਨਾਲ ਸੰਬੰਧਿਤ ਇਤਿਹਾਸਿਕ ਤੇ ਮਿਥਿਹਾਸਿਕ ਵੇਰਵੇ ਮਿਲਦੇ ਹਨ ਜੋ ਉਸ ਦੇ ਵਿਸ਼ਾਲ ਗਿਆਨ ਦੀ ਸਾਖੀ ਭਰਦੇ ਹਨ। ਮਿਸਾਲ ਵਜੋਂ ਨਿਮਨ-ਅੰਕਿਤ ਪੰਕਤੀਆਂ ਵਿੱਚ ਇਸਲਾਮ ਦੇ ਮਿਥਿਹਾਸਿਕ ਵਿਰਸੇ ਵੱਲ ਸੰਕੇਤ ਕੀਤਾ ਗਿਆ ਹੈ:

ਜ਼ਕਰੀਏ ਆਪ ਚਿਰਾਇਆ ਸਿਰ ਕਰਵਤ ਪਰ।

ਸੁਲੇਮਾਨ ਮਲੀ ਉਠਾਇਓ, ਆਪਣੇ ਸੀਸ ਪਰ।

ਹਜ਼ਰਤ ਦਾ ਦਾਮਾਦ, ਰੁਲਾਇਆ ਖ਼ਾਕ ਪਰ।

          ਵਜੀਦਾ ਕੌਣ ਸਾਹਿਬ ਨੂੰ ਆਖੇ ਇੰਝ ਨਹੀਂ ਇੰਝ ਕਰ।

     ਪਰ ਜਦੋਂ ਵਜੀਦ ਹਿੰਦੂ ਭਗਤਾਂ ਨਾਲ ਸੰਬੰਧ ਰੱਖਣ ਵਾਲੇ ਮਿਥਿਹਾਸਿਕ ਹਵਾਲੇ ਦਿੰਦਾ ਹੈ ਤਾਂ ਉਸ ਦੇ ਭਗਤੀ ਲਹਿਰ ਨਾਲ ਜੁੜੇ ਹੋਣ ਦਾ ਵੀ ਪਤਾ ਚੱਲਦਾ ਹੈ। ਮਿਸਾਲ ਵਜੋਂ ਉਸ ਦੀ ਰਚਨਾ ਦੀਆਂ ਇਹ ਪੰਕਤੀਆਂ ਦੇਖੀਆਂ ਜਾ ਸਕਦੀਆਂ ਹਨ :

ਗਨਕਾ ਚੜ੍ਹੀ ਬਿਮਾਨ, ਕਮਾਈ ਕਿਆ ਕਰੀ।

ਅਜਾਮਲ ਕੌਣ ਭਗਤ, ਜੋ ਗਿਆ ਸੁਰਗਪੁਰੀ।

ਹਰੀਚੰਦ ਵਿਕਾਣਾ ਜਾਏ ਜੰਡਾਲ ਘਰ।

          ਵਜੀਦਾ ਕੌਣ ਸਾਹਿਬ ਨੂੰ ਆਖੇ ਇੰਝ ਨਹੀਂ ਇੰਝ ਕਰ।

     ਇਸ ਤਰ੍ਹਾਂ ਵਜੀਦ ਸਰਬ-ਸਾਂਝੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਸ਼ਾਇਰ ਨਜ਼ਰ ਆਉਂਦਾ ਹੈ। ਉਹ ਭਾਵੇਂ ਮੂਲ ਰੂਪ ਵਿੱਚ ਸੂਫ਼ੀ ਹੀ ਹੈ ਪਰ ਉਸ ਦਾ ਕਾਵਿ-ਅਨੁਭਵ ਭਗਤੀ ਭਾਵਨਾ ਨਾਲ ਵੀ ਉਤਨਾ ਹੀ ਸਰੋਕਾਰ ਰੱਖਦਾ ਹੈ ਜਿਤਨਾ ਤਸੱਵੁਫ਼ ਨਾਲ।

     ਵਜੀਦ ਦੀ ਕਾਵਿ-ਕਲਾ ਦਾ ਉੱਘੜਵਾਂ ਲੱਛਣ ਹਾਸ ਅਤੇ ਵਿਅੰਗ ਰਾਹੀਂ ਪ੍ਰਗਟ ਹੁੰਦਾ ਹੈ। ਇਹ ਅਸਲ ਵਿੱਚ ਉਸ ਦੀ ਸ਼ਾਇਰੀ ਦਾ ਪਛਾਣ-ਚਿੰਨ੍ਹ ਬਣ ਗਿਆ ਹੈ। ਹਾਸ ਅਤੇ ਵਿਅੰਗ ਦੀ ਉਸਾਰੀ ਲਈ ਉਹ ਰੋਜ਼ਾਨਾ ਜੀਵਨ ਦੀਆਂ ਵਿਰੋਧਾਤਮਿਕ ਸਥਿਤੀਆਂ ਵੱਲ ਸੰਕੇਤ ਕਰਦਾ ਹੈ। ਪਰ ਇਹ ਵਿਰੋਧੀ ਸਥਿਤੀਆਂ ਸਿਰਜਣਹਾਰ ਅਤੇ ਸ੍ਰਿਸ਼ਟੀ ਦੇ ਡੂੰਘੇ ਰਹੱਸ ਦਾ ਅਹਿਸਾਸ ਕਰਾਉਂਦੀਆਂ ਹਨ। ਮਨੁੱਖ ਦੀ ਸੀਮਤ ਬੁੱਧੀ ਇਸ ਰਹੱਸ ਦਾ ਪਾਰਾਵਰ ਨਹੀਂ ਪਾ ਸਕਦੀ।

ਆਪ ਨਬੀ ਮਕਬੂਲ ਰਸੂਲ ਖ਼ੁਦਾਏ ਦਾ।

ਨਬੀਆਂ ਦਾ ਸਿਰਦਾਰ ਰਸੂਲ ਖ਼ੁਦਾਏ ਦਾ।

ਉੱਮਤ ਦੇ ਪੁੱਤਰ ਜੀਵਨ, ਉਸ ਦੇ ਜਾਣ ਮਰ।

          ਵਜੀਦਾ ਕੌਣ ਸਾਹਿਬ ਨੂੰ ਆਖੇ ਇੰਝ ਨਹੀਂ ਇੰਝ ਕਰ।


ਲੇਖਕ : ਜਗਬੀਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7228, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਜੀਦ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਵਜੀਦ : ਪੰਜਾਬੀ ਦਾ ਜਾਣਿਆ-ਪਛਾਣਿਆ ਲੋਕ-ਕਵੀ, ਜਿਸ ਦਾ ਜੀਵਨ-ਕਾਲ ਸੋਲ੍ਹਵੀਂ ਸਦੀ ਦਾ ਵਿਚਕਾਰਲਾ ਸਮਾਂ ਮੰਨਿਆ ਜਾਂਦਾ ਹੈ।

ਇਹ ਜਾਤੀ ਦਾ ਪਠਾਣ ਅਤੇ ਕਿੱਤੇ ਵੱਜੋਂ ਫ਼ੌਜੀ ਅਫ਼ਸਰ ਸੀ। ਕਿਹਾ ਜਾਂਦਾ ਹੈ ਕਿ ਸ਼ੁਰੂ ਵਿਚ ਇਹ ਕਾਫ਼ੀ ਹੰਕਾਰੀ ਵਿਅਕਤੀ ਸੀ ਪਰ ਬਾਅਦ ਵਿਚ ਕਿਸੇ ਹਿੰਦੂ ਸਾਧੂ ਦੀ ਸੰਗਤ ਨਾਲ ਇਸ ਵਿਚ ਨਿਮਰਤਾ ਨੇ ਪ੍ਰਵੇਸ਼ ਕੀਤਾ ਅਤੇ ਇਹ ਘਰ-ਘਾਟ ਤਿਆਗ ਕੇ ਮਥਰਾ ਚਲਾ ਗਿਆ। ਇੱਥੇ ਰਹਿੰਦਿਆਂ ਇਸ ਨੇ ਸੰਸਕ੍ਰਿਤ ਦੇ ਗ੍ਰੰਥ ਪੜ੍ਹੇ ਅਤੇ ਅਧਿਆਤਮਕ ਰੰਗਣ ਵਿਚ ਰੰਗਿਆ ਗਿਆ। ਇਸ ਨੇ ਵੇਦਾਂਤੀਆਂ ਵਾਲਾ ਜੀਵਨ ਜੀਣਾ ਸ਼ੁਰੂ ਕਰ ਦਿੱਤਾ। ਇਸ ਦੇ ਸ਼ਾਗਿਰਦਾਂ ਨੂੰ ‘ਰੌਸ਼ਨੀ’ ਕਿਹਾ ਜਾਂਦਾ ਹੈ।

ਪੰਜਾਬੀ ਵਿਚ ਲਿਖੇ ਵਜੀਦ ਦੇ ਸ਼ਬਦ ਕਾਫ਼ੀ ਪ੍ਰਸਿੱਧ ਹਨ। ਇਸ ਨੇ ਕੁੱਝ ਕਾਫੀਆਂ ਦੀ ਰਚਨਾ ਵੀ ਕੀਤੀ। ਇਸ ਨੇ ਆਪਣੀਆਂ ਕਾਵਿ ਰਚਨਾਵਾਂ ਵਿਚ ਕਾਣੀ ਵੰਡ ਦਾ ਵਿਰੋਧ ਕੀਤਾ ਹੈ ਅਤੇ ਮਨੁੱਖ ਨੂੰ ਰੱਬੀ ਰਜ਼ਾ ਵਿਚ ਰਹਿਣ ਦਾ ਉਪਦੇਸ਼ ਦਿੱਤਾ ਹੈ। ਇਸ ਦੀ ਰਚਨਾ ‘ਵਜੀਦਾ ਕੌਣ ਸਾਹਿਬ ਨੂੰ ਆਖੇ, ਇੰਜ ਨਹੀਂ ਇੰਜ ਕਰ’ ਲੋਕੋਕਤੀ ਦਾ ਰੂਪ ਧਾਰ ਚੁੱਕੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2349, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-25-04-03-26, ਹਵਾਲੇ/ਟਿੱਪਣੀਆਂ: ਹ. ਪੁ. –ਲਿ. ਕੋ. -ਰਮਦੇਵ; ਪੰ. ਸਾ. ਇ. (ਭਾ. ਵਿ. ਪੰ.)

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.