ਸੈਨਸਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Censor_ਸੈਨਸਰ: ਰੋਮ ਵਿਚ ਉਸ ਮੈਜਿਸਟਰੇਟ ਨੂੰ ਕਿਹਾ ਜਾਂਦਾ ਸੀ ਜੋ ਰੋਮਨ ਨਾਗਰਿਕਾਂ ਦੀ ਜਾਇਦਾਦ ਦਾ ਹਿਸਾਬ ਰਖਦਾ ਸੀ, ਟੈਕਸ ਲਾਉਂਦਾ ਸੀ ਅਤੇ ਉਨ੍ਹਾਂ ਦੇ ਸਦਾਚਾਰ ਤੇ ਨਿਗਾਹ ਰਖਦਾ ਸੀ।

       ਅਜ ਕਲ ਅਖ਼ਬਾਰਾਂ, ਪੁਸਤਕਾਂ, ਰਸਾਲਿਆਂ ਆਦਿ ਵਿਚ ਪ੍ਰਕਾਸ਼ਤ ਕੀਤੇ ਜਾਣ ਵਾਲੇ ਅਤੇ ਫ਼ਿਲਮਾਂ ਵਿਚ ਵਿਖਾਏ ਜਾਣ ਵਾਲੇ ਮੈਟਰ ਤੇ ਨਿਗਾਹ ਰਖਦਾ ਹੈ ਅਤੇ ਉਨ੍ਹਾਂ ਵਿਚੋਂ ਇਤਰਾਜ਼ਯੋਗ ਮੈਟਰ ਨੂੰ ਕਢ ਦੇਣ ਦਾ ਇਖ਼ਤਿਆਰ ਰਖਦਾ ਹੈ। ਕਈ ਕੇਸਾਂ ਵਿਚ ਖ਼ਾਸ ਕਰਕੇ ਫ਼ੌਜੀ ਯੂਨਿਟਾਂ ਵਿਚ ਪੱਤਰ-ਵਿਹਾਰ ਵੀ ਸੈਨਸਰ ਕੀਤਾ ਜਾਂਦਾ ਹੈ।

       ਕਈ ਵਾਰੀ ਇਸ ਇਖ਼ਤਿਆਰ ਨੂੰ ਬੋਲਣ ਅਤੇ ਪ੍ਰਗਟਾਉ ਦੀ ਸੁਤੰਤਰਤਾ ਦੇ ਰਸਤੇ ਵਿਚ ਰੁਕਾਵਟ ਵੀ ਕਿਹਾ ਜਾਂਦਾ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 19 (1) (ੳ) ਅਨੁਸਾਰ ਸਭ ਨਾਗਰਿਕਾਂ ਨੂੰ ਬੋਲਣ ਅਤੇ ਪ੍ਰਗਟਾਉ ਦੀ ਸੁਤੰਤਰਤਾ ਦਿੱਤੀ ਗਈ ਹੈ। ਪਰ ਉਸ ਹੀ ਅਨੁਛੇਦ ਦੇ ਖੰਡ (2) ਵਿਚ ਰਾਜ ਨੂੰ ਇਖ਼ਤਿਆਰ ਦਿੱਤਾ ਗਿਆ ਹੈ ਜਿਸ ਅਨੁਸਾਰ ਭਾਰਤ ਦੀ ਪ੍ਰਭਤਾ ਅਤੇ ਅਖੰਡਤਾ , ਰਾਜ ਦੀ ਸੁਰੱਖਿਆ , ਬਦੇਸ਼ੀ ਰਾਜਾਂ ਨਾਲ ਮਿੱਤਰਭਾਵੀ ਸੰਬੰਧਾਂ, ਲੋਕ ਅਮਨ , ਸ਼ਿਸ਼ਟਾਚਾਰ ਜਾਂ ਸਦਾਚਾਰ ਦੇ ਹਿੱਤਾਂ ਵਿਚ ਜਾਂ ਅਦਾਲਤ ਦੇ ਅਪਮਾਨ , ਮਾਨਹਾਨੀ ਜਾਂ ਕਿਸੇ ਅਪਰਾਧ ਲਈ ਉਕਸਾਹਟ ਦੇ ਸਬੰਧ ਵਿਚ ਇਸ ਅਧਿਕਾਰ ਤੇ ਵਾਜਬ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ। ਵੀਰੇਂਦਰ ਬਨਾਮ ਪੰਜਾਬ ਰਾਜ (ਏ ਆਈ ਆਰ 1957 ਐਸ ਸੀ 896) ਵਿਚ ਸਰਵ ਉੱਚ ਅਦਾਲਤ ਦੇ ਫ਼ੈਸਲੇ ਅਨੁਸਾਰ ਲੋਕ ਅਮਨ ਦੇ ਹਿਤ ਵਿਚ ਸੀਮਤ ਮੁੱਦਤ ਲਈ ਅਗਾਊਂ ਸੈਨਸਰ ਅਤੇ ਕਿਸੇ ਅਖ਼ਬਾਰ ਦੇ ਕਿਸੇ ਰਾਜ ਵਿਚ ਦਾਖ਼ਲੇ ਤੇ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 837, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.