ਸੌਸਿਉਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸੌਸਿਉਰ (1857–1913) : ਆਧੁਨਿਕ ਭਾਸ਼ਾ-ਵਿਗਿਆਨ ਦਾ ਪਿਤਾਮਾ ਸੌਸਿਉਰ, ਇੱਕ ਪ੍ਰਸਿੱਧ ਸਵਿਸ ਭਾਸ਼ਾ-ਵਿਗਿਆਨੀ ਹੋਇਆ ਹੈ। ਜਿਸ ਨੇ ਭਾਸ਼ਾ- ਵਿਗਿਆਨ ਦੇ ਖੇਤਰ ਵਿੱਚ ਇੱਕ ਨਵੀਂ ਸੋਚ ਵਿਧੀ ਨੂੰ ਜਨਮ ਦਿੱਤਾ ਜਿਸ ਰਾਹੀਂ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਅਧਿਐਨ ਕੀਤਾ ਜਾ ਸਕਦਾ ਹੈ। ਸੌਸਿਉਰ ਤੋਂ ਪਹਿਲਾਂ ਦੇ ਵਿਦਵਾਨ ਭਾਸ਼ਾ ਦੇ ਅਧਿਐਨ ਦੀ ਇਤਿਹਾਸਿਕ ਵਿਧੀ ਨੂੰ ਹੀ ਵਿਗਿਆਨਿਕ ਵਿਧੀ ਮੰਨਦੇ ਸਨ। ਉਹ ਇਹ ਸਮਝਦੇ ਸਨ ਕਿ ਇਸ ਵਿਧੀ ਰਾਹੀਂ ਭਾਸ਼ਾ ਦੀ ਉਤਪਤੀ ਅਤੇ ਵਿਕਾਸ ਦਾ ਅਧਿਐਨ ਕੀਤਾ ਜਾ ਸਕਦਾ ਹੈ। ਇਸ ਵਿਧੀ ਦਾ ਮੁੱਖ ਉਦੇਸ਼ ਭਾਸ਼ਾਈ ਪਰਿਵਰਤਨ ਦੇ ਨਿਯਮਾਂ ਨੂੰ ਲੱਭਣ ਮਗਰੋਂ ਭਾਸ਼ਾ ਦੀ ਉਤਪਤੀ ਦੀ ਖੋਜ ਕਰਨਾ ਸੀ। ਪਰ ਇਹਨਾਂ ਵਿਦਵਾਨਾਂ ਦਾ ਇਹ ਉਦੇਸ਼ ਹੀ ਇਸ ਵਿਧੀ ਦੇ ਵਿਰੋਧ ਦਾ ਕਾਰਨ ਬਣਿਆ। ਸੌਸਿਉਰ ਅਤੇ ਉਸ ਦੇ ਸਾਥੀ ਸਮਾਜ-ਵਿਗਿਆਨੀਆਂ ਦਾ ਵਿਚਾਰ ਸੀ ਕਿ ਸਮਾਜ ਦਾ ਇਸ ਤਰ੍ਹਾਂ ਦਾ ਅਧਿਐਨ ਉਸ ਦੀਆਂ ਵਰਤਮਾਨ ਸਮੱਸਿਆਵਾਂ ਦਾ ਹੱਲ ਨਹੀਂ ਦੇ ਸਕਦਾ। ਇਹਨਾਂ ਸਮੱਸਿਆਵਾਂ ਦੇ ਹੱਲ ਲਈ ਸਮਾਜ ਨੂੰ ਇਸ ਦੀ ਵਰਤਮਾਨ ਸਥਿਤੀ ਵਿੱਚ ਰੱਖ ਕੇ ਸਮਝਣਾ ਚਾਹੀਦਾ ਹੈ। ਇਸ ਕਰ ਕੇ ਭਾਸ਼ਾ ਦੀ ਵਰਤਮਾਨ ਸਥਿਤੀ ਦਾ ਅਧਿਐਨ ਕਰਨ ਦੇ ਉਦੇਸ਼ ਨੇ ਹੀ ਇਕ ਨਵੀਂ ਵਿਧੀ ਨੂੰ ਜਨਮ ਦਿੱਤਾ। ਸੌਸਿਉਰ ਦੀ ਇਸ ਨਵੀਂ ਵਿਧੀ ਕਾਰਨ ਹੀ ਆਧੁਨਿਕ ਭਾਸ਼ਾ-ਵਿਗਿਆਨ ਹੋਂਦ ਵਿੱਚ ਆਇਆ। ਭਾਸ਼ਾ- ਵਿਗਿਆਨ ਦੇ ਵਿਕਾਸ ਤੋਂ ਜਿਸ ਵਿਧੀ ਦਾ ਜਨਮ ਹੋਇਆ ਅਤੇ ਜਿਸ ਨੂੰ ਦੂਜੇ ਮਾਨਵ-ਵਿਗਿਆਨਾਂ ਨੇ ਵਰਤਣਾ ਸ਼ੁਰੂ ਕੀਤਾ, ਉਸ ਨੂੰ ਸੰਰਚਨਾਵਾਦ ਕਿਹਾ ਜਾਂਦਾ ਹੈ।

     ਸੌਸਿਉਰ ਦਾ ਜਨਮ 17 ਨਵੰਬਰ 1857 ਨੂੰ ਇੱਕ ਫ਼੍ਰਾਂਸੀਸੀ ਪਰਿਵਾਰ ਵਿੱਚ ਸਵਿਟਜ਼ਰਲੈਂਡ ਵਿਖੇ ਹੋਇਆ। ਸੌਸਿਉਰ ਦਾ ਪਿਤਾ ਇੱਕ ਪ੍ਰਾਕਿਰਤਕ ਵਿਗਿਆਨੀ ਸੀ। ਸੌਸਿਉਰ ਕਈ ਭਾਸ਼ਾਵਾਂ ਤੋਂ ਜਾਣੂ ਸੀ ਜਿਨ੍ਹਾਂ ਵਿੱਚੋਂ ਯੂਨਾਨੀ, ਫ੍ਰਾਂਸੀਸੀ, ਜਰਮਨ, ਅੰਗਰੇਜ਼ੀ ਅਤੇ ਲਾਤੀਨੀ ਪ੍ਰਮੁੱਖ ਹਨ। ਉਸ ਨੇ ਸੰਸਕ੍ਰਿ਼ਤ ਭਾਸ਼ਾ ਦਾ ਗਿਆਨ ਵੀ ਹਾਸਲ ਕੀਤਾ। 1875 ਵਿੱਚ ਉਸ ਨੇ ਜਨੇਵਾ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ ਅਤੇ ਭੌਤਿਕ ਤੇ ਰਸਾਇਣ-ਵਿਗਿਆਨ ਦਾ ਅਧਿਐਨ ਕੀਤਾ ਅਤੇ ਨਾਲ ਹੀ ਯੂਨਾਨੀ ਅਤੇ ਲਾਤੀਨੀ ਵਿਆਕਰਨ ਦਾ ਅਧਿਐਨ ਵੀ ਜਾਰੀ ਰੱਖਿਆ। ਇਸ ਗੱਲ ਨਾਲ ਉਹ ਪ੍ਰਭਾਵਿਤ ਹੋਇਆ ਅਤੇ ਉਸ ਨੂੰ ਮਹਿਸੂਸ ਹੋਇਆ ਕਿ ਭਾਸ਼ਾ ਦੇ ਅਧਿਐਨ ਨਾਲ ਵਧੇਰੇ ਪ੍ਰਸਿੱਧੀ ਪ੍ਰਾਪਤ ਹੋ ਸਕਦੀ ਹੈ। ਉਹ ਪੈਰਿਸ ਦੀ ਭਾਸ਼ਾ-ਵਿਗਿਆਨਿਕ ਸੰਸਥਾ ਵਿੱਚ ਸ਼ਾਮਲ ਹੋ ਗਿਆ। ਫਿਰ ਉਹ ਲਿਪਜ਼ਿਗ ਯੂਨੀਵਰਸਿਟੀ ਵਿੱਚ ਗਿਆ ਜਿੱਥੇ ਉਸ ਨੇ ਭਾਰਤੀ-ਯੂਰਪੀ ਭਾਸ਼ਾਵਾਂ ਦਾ ਅਧਿਐਨ ਕੀਤਾ। 1878 ਵਿੱਚ ਉਸ ਦੀ ਉਮਰ 21 ਸਾਲਾਂ ਦੀ ਸੀ, ਉਸ ਨੇ ਭਾਰਤੀ ਯੂਰਪੀ ਭਾਸ਼ਾ ਦੀ ਸ੍ਵਰ ਪ੍ਰਣਾਲੀ ਉੱਤੇ ਇੱਕ ਲੇਖ ਲਿਖਿਆ ਜੋ ਬਹੁਤ ਪ੍ਰਸਿੱਧ ਹੋਇਆ। ਉਸ ਨੇ ਸੰਸਕ੍ਰਿਤ ਅਤੇ ਪੁਰਾਣੀ ਹਾਈ ਜਰਮਨ ਭਾਸ਼ਾ ਪੜ੍ਹਾਉਣੀ ਸ਼ੁਰੂ ਕੀਤੀ। ਇਸ ਮਗਰੋਂ 1887 ਵਿੱਚ ਯੂਰਪੀ ਭਾਸ਼ਾ ਨੂੰ ਭਾਸ਼ਾ-ਸ਼ਾਸਤਰ ਦੇ ਅੰਤਰਗਤ ਪੜ੍ਹਾਉਣਾ ਅਰੰਭ ਕੀਤਾ। 1891 ਵਿੱਚ ਜਨੇਵਾ ਯੂਨੀਵਰਸਿਟੀ ਵੱਲੋਂ ਆਏ ਪ੍ਰੋਫ਼ੈਸਰਸ਼ਿਪ ਦੇ ਸੱਦੇ ਨੂੰ ਸਵੀਕਾਰਿਆ। 1906 ਵਿੱਚ ਇੱਕ ਹੋਰ ਪ੍ਰੋਫ਼ੈਸਰ ਦੇ ਰਿਟਾਇਰ ਹੋ ਜਾਣ ਤੋਂ ਬਾਅਦ ਉਸ ਨੇ ਜਨਰਲ ਭਾਸ਼ਾ-ਵਿਗਿਆਨ ਪੜ੍ਹਾਉਣੀ ਸ਼ੁਰੂ ਕੀਤੀ ਅਤੇ 1907 ਤੋਂ ਲੈ ਕੇ 1911 ਤੱਕ ਭਾਸ਼ਾ- ਵਿਗਿਆਨ ਉੱਤੇ ਕੁਝ ਲੈਕਚਰ ਦਿੱਤੇ। ਉਸ ਦੇ ਵਿਦਿਆਰਥੀਆਂ ਨੇ ਉਸ ਦੇ ਇਹਨਾਂ ਲੈਕਚਰਾਂ ਨੂੰ ਇਕੱਠਾ ਕਰ ਕੇ ਕੋਰਸ ਇਨ ਜਨਰਲ ਲਿੰਗੁਇਸਟਿਕਸ  ਨਾਂ ਦੀ ਕਿਤਾਬ ਦੇ ਰੂਪ ਵਿੱਚ ਛਾਪਿਆ। ਛਪੰਜਾ ਸਾਲਾਂ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ।

     ਸੌਸਿਉਰ ਦੇ ਭਾਸ਼ਾ ਸਿਧਾਂਤਾਂ ਨੂੰ ਸਮਝਣ ਤੋਂ ਪਹਿਲਾਂ ਉਸ ਦੇ ਸਮਕਾਲੀ ਵਿਦਵਾਨ ਦੁਰਖੀਮ ਦੇ ਵਿਚਾਰਾਂ ਨੂੰ ਸਮਝਣਾ ਮਦਦਗਾਰ ਸਾਬਤ ਹੋ ਸਕਦਾ ਹੈ। ਦੁਰਖੀਮ ਇੱਕ ਸਮਾਜ-ਵਿਗਿਆਨੀ ਸੀ। ਉਸ ਅਨੁਸਾਰ ਸਮਾਜਿਕ ਅਧਿਐਨ ਨੂੰ ਵਿਗਿਆਨਿਕ ਪੱਧਰ ਤੇ ਲਿਆਉਣ ਲਈ ਸਮਾਜਿਕ ਤੱਥਾਂ ਨੂੰ ਵਿਗਿਆਨਿਕ ਅਧਿਐਨ ਦੀਆਂ ਵਸਤੂਆਂ ਬਣਾ ਕੇ ਸਮਝਣਾ ਚਾਹੀਦਾ ਹੈ। ਉਸ ਅਨੁਸਾਰ ਸਮਾਜਿਕ ਤੱਥ ਇੱਕ ਪ੍ਰਕਾਰ ਦੀ ਕਿਰਿਆ ਹੈ ਜੋ ਕਿ ਵਿਅਕਤੀ ਉੱਤੇ ਬਾਹਰੋਂ ਦਬਾ ਪਾ ਕੇ ਉਸ ਨੂੰ ਨਿਯਮਬੱਧ ਹੋਣ ਲਈ ਮਜ਼ਬੂਰ ਕਰਦੀ ਹੈ। ਇਸ ਪ੍ਰਕਾਰ ਜਦੋਂ ਕੋਈ ਪੰਜਾਬੀ ਵਿਅਕਤੀ ਆਪਣੀ ਗੱਲ ਸਮਾਜ ਵਿੱਚ ਦੂਜਿਆਂ ਤੱਕ ਪਹੁੰਚਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਪੰਜਾਬੀ ਭਾਸ਼ਾ ਦੇ ਨਿਯਮਾਂ ਅਧੀਨ ਚੱਲਣਾ ਪੈਂਦਾ ਹੈ। ਇਸੇ ਤਰ੍ਹਾਂ ਸਮਾਜ ਦੇ ਜਿਊਂਣ ਦੇ ਢੰਗ, ਰਿਸ਼ਤੇ ਨਾਤੇ, ਰਸਮ-ਰਿਵਾਜ ਸਭ ਸਮਾਜਿਕ ਤੱਥ ਹਨ ਜੋ ਮਨੁੱਖ ਨੂੰ ਨਿਯਮਬੱਧ ਕਰਦੇ ਹਨ।

     ਦੁਰਖੀਮ ਦਾ ਇਹ ਵੀ ਵਿਚਾਰ ਸੀ ਕਿ ਸਮਾਜਿਕ ਤੱਥ ਇਤਿਹਾਸਿਕ ਵਿਕਾਸ ਤੋਂ ਸੁਤੰਤਰ ਹੁੰਦੇ ਹਨ, ਇਸ ਲਈ ਹੁਣ ਦਾ ਸਮਾਜ ਪਿਛਲੇ ਸਮਾਜ ਦਾ ਸਿਰਫ਼ ਵਿਕਸਿਤ ਰੂਪ ਹੀ ਨਹੀਂ ਹੈ ਸਗੋਂ ਇੱਕ ਨਵਾਂ ਸਮਾਜ ਹੈ। ਇਹਨਾਂ ਨਵੇਂ ਗੁਣਾਂ ਕਰ ਕੇ ਹੀ ਇਸ ਸਮਾਜ ਦੀਆਂ ਨਵੀਆਂ ਕਦਰਾਂ-ਕੀਮਤਾਂ ਬਣ ਜਾਂਦੀਆਂ ਹਨ। ਉਸ ਨੇ ਕਿਹਾ ਕਿ ਇਹਨਾਂ ਕਦਰਾਂ-ਕੀਮਤਾਂ ਨੂੰ ਸਮਝਣ ਲਈ ਸਮਾਜ ਦੀ ਮੌਜੂਦਾ ਸਥਿਤੀ ਨੂੰ ਸਮਝਣਾ ਜ਼ਰੂਰੀ ਹੋ ਜਾਂਦਾ ਹੈ। ਸੌਸਿਉਰ ਨੇ ਦੁਰਖੀਮ ਦੇ ਇਹਨਾਂ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਭਾਸ਼ਾ ਦੇ ਅਧਿਐਨ ਲਈ ਕੁਝ ਸਿਧਾਂਤ ਪੇਸ਼ ਕੀਤੇ। ਉਸ ਨੇ ਭਾਸ਼ਾ ਨੂੰ ਸਮਾਜਿਕ ਤੱਥ ਸਮਝ ਕੇ ਇਸ ਨੂੰ ਵਿਗਿਆਨਿਕ ਅਧਿਐਨ ਦੀ ਵਸਤੂ ਬਣਾਇਆ। ਉਸ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਿਸੇ ਭਾਸ਼ਾ ਨੂੰ ਸਿੱਖਣ ਜਾਂ ਅਧਿਐਨ ਕਰਨ ਲਈ ਉਸ ਦੀ ਵਰਤਮਾਨ ਸਥਿਤੀ ਹੀ ਮਹੱਤਵਪੂਰਨ ਹੈ। ਭਾਸ਼ਾ ਦੀ ਵਰਤਮਾਨ ਸਥਿਤੀ ਦਾ ਅਧਿਐਨ ਕਰਨ ਦੇ ਮਕਸਦ ਨੇ ਹੀ ਇਸ ਵਿਧੀ ਨੂੰ ਜਨਮ ਦਿੱਤਾ। ਸੌਸਿਉਰ ਨੇ ਭਾਸ਼ਾ ਦੇ ਵਿਗਿਆਨਿਕ ਅਧਿਐਨ ਲਈ ਹੇਠ ਲਿਖੇ ਚਾਰ ਸੰਕਲਪ ਪੇਸ਼ ਕੀਤੇ :

            1.        ਭਾਸ਼ਾ ਅਤੇ ਉਚਾਰ-ਭਾਸ਼ਾ,

            2.       ਚਿਹਨਿਕ ਅਤੇ ਚਿਹਨਿਤ,

            3.       ਹਾਜ਼ਰੀ ਵਾਲੇ ਅਤੇ ਗ਼ੈਰ-ਹਾਜ਼ਰੀ ਵਾਲੇ ਸੰਬੰਧ,

            4.       ਇਕਾਲੀ ਅਤੇ ਬਹੁਕਾਲੀ।

     ਸੌਸਿਉਰ ਭਾਸ਼ਾ ਵਿਸ਼ਲੇਸ਼ਣ ਲਈ ਦੋ ਪੱਧਰ ਨਿਰਧਾਰਿਤ ਕਰਦਾ ਹੈ ਜਿਸ ਨੂੰ ਭਾਸ਼ਾ (Langue) ਅਤੇ ਉਚਾਰ-ਭਾਸ਼ਾ (Parole) ਆਖਦਾ ਹੈ। ਦੋਹਾਂ ਦੀ ਹੋਂਦ ਇਕ-ਦੂਜੇ `ਤੇ ਨਿਰਭਰ ਹੈ। ਕੋਈ ਵੀ ਵਿਅਕਤੀ ਜਦੋਂ ਭਾਸ਼ਾ ਸਿੱਖਦਾ ਹੈ, ਉਹ ਭਾਸ਼ਾ ਦੇ ਨਿਯਮ ਅਤੇ ਸਿਧਾਂਤਾਂ ਨੂੰ ਅਪਣਾਉਂਦਾ ਹੈ। ਇਹਨਾਂ ਨਿਯਮਾਂ ਅਤੇ ਸਿਧਾਂਤਾਂ ਨੂੰ ਨਿਯਮਬੱਧ ਕਰਨ ਦਾ ਢੰਗ ਭਾਸ਼ਾ ਹੈ। ਇਹ ਗਿਣਤੀ ਵਿੱਚ ਸੀਮਿਤ ਹੁੰਦੇ ਹਨ। ਇਹਨਾਂ ਨਿਯਮਾਂ `ਤੇ ਆਧਾਰਿਤ ਕਿਸੇ ਭਾਸ਼ਾ ਵਿੱਚ ਅਰਥ-ਭਰਪੂਰ ਵਾਕ ਬੋਲਣ ਅਤੇ ਪੈਦਾ ਕਰਨ ਦੀ ਸਮਰੱਥਾ ਅਸੀਮਿਤ ਹੁੰਦੀ ਹੈ। ਇਹ ਨਿਯਮ ਇੱਕ ਪ੍ਰਣਾਲੀ ਵਜੋਂ ਕੰਮ ਕਰਦੇ ਹਨ। ਇਸਨੂੰ ਸਪਸ਼ਟ ਕਰਨ ਲਈ ਉਸ ਨੇ ਭਾਸ਼ਾਈ ਚਿੰਨ੍ਹ (sign) ਦਾ ਸੰਕਲਪ ਦਿੱਤਾ ਕਿ ਭਾਸ਼ਾ ਚਿੰਨ੍ਹਾਂ ਦਾ ਪ੍ਰਬੰਧ ਹੈ। ਚਿੰਨ੍ਹ ਦੇ ਦੋ ਹਿੱਸੇ ਹਨ ਚਿਹਨਿਤ ਅਤੇ ਚਿਹਨਿਕ। ਉਹ ਭਾਸ਼ਾਈ ਚਿੰਨ੍ਹ ਨੂੰ ਦੋ ਪਾਸੜ ਮਾਨਸਿਕ ਵਜੂਦ ਕਹਿੰਦਾ ਹੈ। ਚਿੰਨ੍ਹ ਦੇ ਦੋਵੇਂ ਪਾਸੇ ਅਰਥਾਤ ਚਿਹਨਿਤ ਅਤੇ ਚਿਹਨਿਕ ਦਾ ਆਪਸ ਵਿੱਚ ਸੰਬੰਧ ਇੱਕ ਸਿੱਕੇ ਦੇ ਦੋ ਪਾਸਿਆਂ ਵਰਗਾ ਹੈ। ਚਿੰਨ੍ਹ ਦੇ ਦੋਵੇਂ ਪਾਸੇ ਚਿਹਨਿਤ ਅਤੇ ਚਿਹਨਿਕ ਮਿਲ ਕੇ ਚਿੰਨ੍ਹ ਦਾ ਵਜੂਦ ਬਣਾਉਂਦੇ ਹਨ। ਇਸ ਤਰ੍ਹਾਂ ਇੱਕ ਤੋਂ ਵਧੇਰੇ ਚਿੰਨ੍ਹ ਲੜੀ ਵਿੱਚ ਆ ਕੇ ਆਪਸ ਵਿੱਚ ਇੱਕ ਤਰ੍ਹਾਂ ਦੇ ਸੰਬੰਧਾਂ ਨਾਲ ਜੁੜੇ ਹੁੰਦੇ ਹਨ ਅਤੇ ਦੂਜਾ ਉਹ ਚਿੰਨ੍ਹ-ਪ੍ਰਬੰਧ ਦੇ ਦੂਜੇ ਚਿੰਨ੍ਹਾਂ ਨਾਲ ਵੀ ਇੱਕ ਵੱਖਰਾ ਸੰਬੰਧ ਬਣਾਉਂਦੇ ਹਨ। ਸੌਸਿਉਰ ਨੇ ਇਹਨਾਂ ਚਿੰਨ੍ਹਾਂ ਦਾ ਲੜੀ ਵਿੱਚ ਅਤੇ ਪ੍ਰਬੰਧ ਵਿੱਚ, ਸੰਬੰਧਾਂ ਨੂੰ ਦਰਸਾਉਣ ਲਈ ਕ੍ਰਮਵਾਰ ਹਾਜ਼ਰੀ ਵਾਲੇ ਅਤੇ ਗ਼ੈਰ- ਹਾਜ਼ਰੀ ਵਾਲੇ ਸੰਬੰਧਾਂ ਦਾ ਨਾਂ ਦਿੱਤਾ ਹੈ।

     ਸੌਸਿਉਰ ਤੋਂ ਪਹਿਲਾਂ ਦੇ ਵਿਦਵਾਨਾਂ ਨੇ ਭਾਸ਼ਾ ਦਾ ਅਧਿਐਨ ਤੁਲਨਾਤਮਿਕ ਅਤੇ ਇਤਿਹਾਸਿਕ ਵਿਧੀਆਂ ਰਾਹੀਂ ਕੀਤਾ ਪਰੰਤੂ ਸੌਸਿਉਰ ਨੇ ਇਸ ਵਿਚਾਰ ਨੂੰ ਰੱਦ ਕਰਦਿਆਂ ਭਾਸ਼ਾ ਦਾ ਅਧਿਐਨ ਭਾਸ਼ਾ ਦੀ ਅਜੋਕੀ ਸਥਿਤੀ ਅਤੇ ਇਤਿਹਾਸਿਕ ਵਿਕਾਸ ਦੇ ਦ੍ਰਿਸ਼ਟੀਕੋਣ ਤੋਂ ਸੁਝਾਇਆ। ਭਾਸ਼ਾ ਦੀ ਵਰਤਮਾਨ ਸਥਿਤੀ ਦੇ ਅਧਿਐਨ ਨੂੰ ਉਸ ਨੇ ਇਕਾਲੀ ਅਤੇ ਇਤਿਹਾਸਿਕ ਵਿਕਾਸ ਦੇ ਅਧਿਐਨ ਨੂੰ ਬਹੁਕਾਲੀ ਦਾ ਨਾਂ ਦਿੱਤਾ। ਇਹਨਾਂ ਸੰਕਲਪਾਂ ਦੇ ਅਧਿਐਨ ਕਾਰਨ ਹੀ ਸੌਸਿਉਰ ਨੂੰ ਆਧੁਨਿਕ ਭਾਸ਼ਾ- ਵਿਗਿਆਨ ਦਾ ਪਿਤਾਮਾ ਮੰਨਿਆ ਜਾਂਦਾ ਹੈ।


ਲੇਖਕ : ਅਮਰਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.