ਅਡੱਕਵੀਆਂ ਧੁਨੀਆਂ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਅਡੱਕਵੀਆਂ ਧੁਨੀਆਂ: ਇਸ ਸੰਕਲਪ ਦੀ ਵਰਤੋਂ ਉਚਾਰਨੀ ਧੁਨੀ ਵਿਗਿਆਨ ਵਿਚ ਧੁਨੀਆਂ ਦੀ ਵਰਗ-ਵੰਡ ਕਰਨ ਲਈ ਕੀਤੀ ਜਾਂਦੀ ਹੈ। ਵਿਅੰਜਨ ਧੁਨੀਆਂ ਦੀ ਵਰਗ-ਵੰਡ ਲਈ ਤਿੰਨ ਅਧਾਰ ਹਨ, ਜਿਵੇਂ : (i) ਉਚਾਰਨ ਦਾ ਸਥਾਨ, (ii) ਉਚਾਰਨ ਦੀ ਵਿਧੀ ਅਤੇ (iii) ਹਵਾ ਦੀ ਰੋਕ ਵਿਧੀ। ਡੱਕਵੀਆਂ ਅਤੇ ਅਡੱਕਵੀਆਂ ਧੁਨੀਆਂ ਦੀ ਵੰਡ ਵੇਲੇ ਤੀਜੇ ਅਧਾਰ ਦੀ ਵਰਤੋਂ ਕੀਤੀ ਜਾਂਦੀ ਹੈ। ਫੇਫੜਿਆਂ ਤੋਂ ਬਾਹਰ ਨਿਕਲ ਰਹੀ ਹਵਾ ਮੂੰਹ ਪੋਲ ਅਤੇ ਨੱਕ ਪੋਲ ਵਿਚੋਂਬਾਹਰ ਨਿਕਲਦੀ ਹੈ। ਧੁਨੀਆਂ ਦੇ ਉਚਾਰਨ ਵੇਲੇ ਹਵਾ ਦੋ ਪਰਕਾਰ ਦੀਆਂ ਵਿਧੀਆਂ ਰਾਹੀਂ ਬਾਹਰ ਨਿਕਲਦੀ ਹੈ। ਜਦੋਂ ਉਚਾਰਨ ਸਥਾਨ ਅਤੇ ਉਚਾਰਕ ਇਕ ਦੂਜੇ ਨਾਲ ਮਿਲ ਜਾਂਦੇ ਹਨ ਤੇ ਹਵਾ ਉਸ ਸਥਾਨ ’ਤੇ ਪੂਰਨ ਰੂਪ ਵਿਚ ਰੁਕ ਜਾਂਦੀ ਹੈ ਅਤੇ ਹਵਾ ਦਾ ਦਬਾ ਇਨ੍ਹਾਂ ਦੇ ਪਿੱਛੇ ਰੁਕਿਆ ਹੋਇਆ ਹੁੰਦਾ ਹੈ। ਹਵਾ ਦਾ ਦਬਾ ਉਸ ਵੇਲੇ ਬਾਹਰ ਨਿਕਲਦਾ ਹੈ ਜਦੋਂ ਇਹ ਆਪਣੀ ਇਸ ਸਥਿਤੀ ਤੋਂ ਅਲੱਗ ਹੁੰਦੇ ਹਨ। ਇਸ ਸਥਿਤੀ ਤੋਂ ਪੈਦਾ ਹੋਈਆਂ ਧੁਨੀਆਂ ਨੂੰ ਡੱਕਵੀਆਂ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ ਇਨ੍ਹਾਂ ਧੁਨੀਆਂ ਦੀ ਗਿਣਤੀ 15 ਹੈ। (ਵੇਖੋ ਡੱਕਵੀਆਂ ਧੁਨੀਆਂ) ਦੂਜੇ ਪਾਸੇ ਜਦੋਂ ਹਵਾ ਦੇ ਦਬਾ ਵਿਚ ਪੂਰਨ ਰੁਕਾਵਟ ਨਹੀਂ ਪੈਂਦੀ ਉਸ ਸਥਿਤੀ ਵਿਚੋਂ ਪੈਦਾ ਹੋਈਆਂ ਧੁਨੀਆਂ ਨੂੰ ਅਡੱਕਵੀਆਂ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ ਪੰਜ ਨਾਸਕੀ (ਮ ਨ ਣ ਞ ਙ) ਦੋ ਪਾਸ਼ਵਿਕ (ਲ, ਲ਼) ਇਕ ਟਰਿਲ (ਰ) ਇਕ ਫਲੈਪ (ੜ) ਅਤੇ ਤਿੰਨ ਸੰਘਰਸ਼ੀ (ਸ, ਸ਼ ਤੇ ਹ) ਅਡੱਕਵੀਆਂ ਧੁਨੀਆਂ ਹਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2797, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.