ਅਧਰੰਗ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਧਰੰਗ (ਨਾਂ,ਪੁ) ਸਰੀਰ ਦੇ ਕੁਝ ਹਿੱਸੇ ਦਾ ਸਕਤੇ ਵਿੱਚ ਆ ਜਾਣ ਵਾਲਾ ਰੋਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2900, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਧਰੰਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਧਰੰਗ [ਨਾਂਪੁ] ਇਕ ਰੋਗ ਜਿਸ ਵਿਚ ਰੋਗੀ ਦੇ ਸਰੀਰ ਦਾ ਇਕ ਪਾਸਾ ਨਕਾਰਾ ਹੋ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2891, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਧਰੰਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਧਰੰਗ. ਅਧ੗ ਅੰਗ. ਜਿਸ ਰੋਗ ਨਾਲ ਸ਼ਰੀਰ ਦਾ ਅੱਧਾ ਅੰਗ ਮਾਰਿਆ ਜਾਵੇ. ਪ੖੠ਘਾਤ.  ਫ਼ਾਲਿਜ. Hemiplegia. ਇਹ ਪੱਠਿਆਂ ਦੀ ਬੀਮਾਰੀ ਹੈ. ਇਸ ਦੇ ਕਾਰਣ ਹਨ—ਸਕਤੇ ਦੀ ਬੀਮਾਰੀ, ਦਿਮਾਗ ਦਾ ਫੋੜਾ , ਵਾਉਗੋਲਾ, ਮਿਰਗੀ , ਆਤਸ਼ਕ ਆਦਿ. ਜੇ ਇਹ ਰੋਗ ਸ਼ਰੀਰ ਦੇ ਖੱਬੇ ਪਾਸੇ ਹੋਵੇ ਤਾਂ ਬਹੁਤ ਬੁਰਾ ਹੁੰਦਾ ਹੈ, ਕਿਉਂਕਿ ਖੱਬੇ ਪਾਸੇ ਦਿਲ ਹੈ. ਅਧਰੰਗ ਦੇ ਰੋਗੀ ਦੀ ਛੇਤੀ ਖਬਰ ਲੈਣੀ ਚਾਹੀਦੀ ਹੈ. ਦੋ ਮਹੀਨੇ ਪਿੱਛੋਂ ਇਸ ਦਾ ਹਟਣਾ ਔਖਾ ਹੁੰਦਾ ਹੈ. ਰੋਗੀ ਨੂੰ ਸਣ ਦੇ ਬੀਜ ਪੀਸਕੇ ਸ਼ਹਿਦ ਵਿੱਚ ਮਿਲਾਕੇ ਖਵਾਉਣੇ ਅਥਵਾ ਅਦਰਕ ਦੇ ਰਸ ਵਿੱਚ ਮਿਲਾਕੇ ਸ਼ਹਿਦ ਚਟਾਉਣਾ ਗੁਣਕਾਰੀ ਹੈ.

    ਸੇਂਧਾ ਲੂਣ , ਪਿੱਪਲਾ ਮੂਲ, ਚਿਤ੍ਰਾ, ਸੁੰਢ, ਰਾਯਸਨ ਸਭ ਸਮਾਨ ਲੈਕੇ ਚੂਰਣ ਕਰਕੇ ਮਾਹਾਂ ਦੇ ਸ਼ੋਰਵੇ ਨਾਲ ਛੀ ਮਾਸ਼ੇ ਨਿੱਤ ਖਾਣਾ ਅਧਰੰਗ ਦਾ ਸਿੱਧ ਇਲਾਜ ਹੈ. ਯੋਗਰਾਜ ਗੁੱਗਲ ਦਾ ਵਰਤਣਾ ਭੀ ਬਹੁਤ ਹੱਛਾ ਹੈ.

     ਅੱਕ, ਬਕਾਇਣ, ਸੁਹਾਂਜਣਾ, ਸੰਭਾਲੂ, ਅਰਿੰਡ ਇਨ੍ਹਾਂ ਦੇ ਪੱਤਿਆਂ ਦਾ ਰਸ ਇੱਕੋ ਤੋਲ ਦਾ ਲੈਣਾ, ਅਤੇ ਸਾਰੇ ਰਸ ਦੇ ਵਜਨ ਬਰਾਬਰ ਤੇਲ ਲੈਕੇ ਉਸ ਵਿੱਚ ਪਕਾਉਣਾ, ਜਦ ਰਸ ਜਲ ਜਾਵੇ ਤਦ ਤੇਲ ਨੂੰ ਛਾਣਕੇ ਸੀਸੀ ਵਿੱਚ ਪਾ ਰੱਖਣਾ. ਇਸ ਤੇਲ ਦੀ ਮਾਲਿਸ਼ ਕਰਨੀ ਬਹੁਤ ਲਾਭਦਾਇਕ ਹੈ. ਸ਼ੇਰ ਅਤੇ ਰਿੱਛ ਦੀ ਚਰਬੀ ਦੀ ਮਾਲਿਸ਼ ਭੀ ਗੁਣਕਾਰੀ ਹੈ.

    ਅਧਰੰਗ ਦੇ ਰੋਗੀ ਨੂੰ ਬਾਇ (ਵਾਈ) ਵਧਾਉਣ ਵਾਲੀਆਂ ਅਤੇ ਲੇਸਲੀਆਂ ਚੀਜ਼ਾਂ ਖਾਣ ਲਈ ਨਹੀਂ ਦੇਣੀਆਂ ਚਾਹੀਏ. ਮਾਸ ਅਥਵਾ ਛੋਲਿਆਂ ਦਾ ਰਸਾ ਆਦਿਕ ਪਦਾਰਥ ਲਾਭਦਾਇਕ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2831, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਧਰੰਗ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Helmiplegia_ਅਧਰੰਗ: ਸਰੀਰ ਦੇ ਇਕ ਪਾਸੇ ਦਾ ਮਾਰਿਆ ਜਾਣਾ। ਆਮ ਤੌਰ ਤੇ ਦਿਮਾਗ਼ ਦੀ ਨਾੜੀ ਫਟਣ ਜਾਂ ਉਸ ਵਿਚ ਰੁਕਾਵਟ ਦੇ ਕਾਰਨ ਹੁੰਦਾ ਹੈ। ਦਿਮਾਗ਼ ਨੂੰ ਖ਼ੂਨ ਪਹੁੰਚਾਉਣ ਵਾਲੀ ਕਿਸੇ ਨਾੜੀ ਵਿਚ ਜੰਮਿਆ ਹੋਇਆ ਖੂਨ ਲਹੂ ਦੇ ਦੌਰੇ ਵਿਚ ਰੁਕਾਵਟ ਪਾ ਦਿੰਦਾ ਹੈ। ਦਿਮਾਗ਼ ਦੇ ਜਿਸ ਪਾਸੇ ਲਹੂ ਦੇ ਗੇੜ ਵਿਚ ਰੁਕਾਵਟ ਪੈਦਾ ਹੁੰਦੀ ਹੈ ਉਸ ਤੋਂ ਦੂਜਾ ਪਾਸਾ ਮਾਰਿਆ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2651, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਅਧਰੰਗ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਧਰੰਗ : ਇਹ ਇਕ ਦੁਖਦਾਈ ਰੋਗ ਹੈ ਜਿਸ ਵਿਚ ਰੋਗੀ ਦੇ ਸਰੀਰ ਦਾ ਇਕ ਪਾਸਾ ਨਿਰਬਲ ਹੋ ਜਾਂਦਾ ਹੈ ਜਾਂ ਮਾਰਿਆ ਜਾਂਦਾ ਹੈ। ਇਸ ਰੋਗ ਨੂੰ ਚੰਗੀ ਤਰ੍ਹਾਂ ਸਮਝਣ ਲਈ ਨਸ-ਪ੍ਰਣਾਲੀ (Nervous System) ਅਤੇ ਉਸ ਦਾ ਸਰੀਰ ਨਾਲ ਪਰਸਪਰ ਸੰਬੰਧ ਸਮਝਣਾ ਜ਼ਰੂਰੀ ਹੈ।

          ਨਸ-ਪ੍ਰਣਾਲੀ ਦੋ ਹਿੱਸਿਆਂ ਵਿਚ ਵੰਡੀ ਜਾ ਸਕਦੀ ਹੈ, ਕੇਂਦਰੀ ਨਸ-ਪ੍ਰਣਾਲੀ ਅਤੇ ਬਾਹਰੀ ਨਸ-ਪ੍ਰਣਾਲੀ। ਦੂਜੀ ਪ੍ਰਣਾਲੀ ਦੀ ਉਤਪਤੀ ਪਹਿਲੀ ਵਿਚੋਂ ਹੁੰਦੀ ਹੈ। ਕੇਂਦਰੀ ਨਸ-ਪ੍ਰਣਾਲੀ ਬਹੁਤ ਹੀ ਨਾਜੁਕ ਹੋਣ ਕਾਰਨ ਖੋਪਰੀ ਅਤੇ ਰੀੜ੍ਹ ਦੀ ਹੱਡੀ ਵਿਚ ਸੰਭਾਲੀ ਹੋਈ ਹੁੰਦੀ ਹੈ। ਇਸ ਦੇ ਦੋ ਵੱਡੇ ਹਿੱਸੇ ਹਨ––ਦਿਮਾਗ਼ ਦੇ ਅਗੋਂ ਕਈ ਭਾਗ ਹਨ––ਸੈਰੀਬ੍ਰਮ (cerebrum) ਜਾਂ ਮਗਜ਼, ਮੱਧ-ਦਿਮਾਗ਼ ਜਾਂ ਮਿੱਡ-ਬੇਨ (mid-brain), ਪੁਲ ਜਾਂ ਪੌਂਜ਼ (pons) ਅਤੇ ਮੈਡੁਲਾ (medulla)। ਮੈਡੁਲਾ ਦੇ ਹੇਠਾਂ 45 ਸੈਂ. ਮੀ. ਲੰਮੀ ਸੁਖ਼ਮਨਾ ਨਾੜੀ ਸ਼ੁਰੂ ਹੋ ਜਾਂਦੀ ਹੈ।

          ਬਾਹਰੀ ਨਸ-ਪ੍ਰਣਾਲੀ––ਦਿਮਾਗ਼ ਅਤੇ ਸੁਖ਼ਮਨਾ ਨਾੜੀ ਦਾ ਸਰੀਰ ਨਾਲ ਪਰਸਪਰ ਸੰਬੰਧ ਕਾਇਮ ਕਰਨ ਲਈ ਇਕ ਮਾਧਿਅਮ ਦੀ ਲੋੜ ਹੈ ਅਤੇ ਇਹ ਮਾਧਿਅਮ ਨਸਾਂ ਹਨ। ਨਸਾਂ ਦੇ ਦਿਮਾਗ਼ ਵਿਚੋਂ 12 ਅਤੇ ਸੁਖ਼ਮਨਾ ਵਿਚੋਂ 31 ਜੋੜੇ ਨਿਕਲਦੇ ਹਨ। ਹਰ ਜੋੜੇ ਵਿਚੋਂ ਇਕ ਨਸ ਸਰੀਰ ਦੇ ਖੱਬੇ ਅਤੇ ਦੂਜੀ ਨਸ ਸੱਜੇ ਪਾਸੇ ਜਾਂਦੀ ਹੈ। ਸਭ ਨਸਾਂ ਦੀਆਂ ਰੁੱਖਾਂ ਵਾਂਗ ਅਨੇਕਾਂ ਟਾਹਣੀਆਂ ਬਣ ਜਾਂਦੀਆਂ ਹਨ, ਜੋ ਸਰੀਰ ਦੇ ਹਰ ਇਕ ਪੱਠੇ ਅਤੇ ਚਮੜੀ ਦੇ ਹਰ ਇਕ ਟੋਟੇ ਨਾਲ ਡੂੰਘਾ ਸੰਬੰਧ ਪੈਦਾ ਕਰਦੀਆਂ ਹਨ।

          ਕੇਂਦਰੀ ਅਤੇ ਬਾਹਰੀ ਨਸ-ਪ੍ਰਣਾਲੀਆਂ ਭਾਵੇਂ ਵੇਖਣ ਵਿਚ ਵੱਖ ਵੱਖ ਜਾਪਦੀਆਂ ਹਨ ਪਰ ਅਸਲ ਵਿਚ ਇਹ ਇਕੋ ਹੀ ਮਾਲਾ ਦੇ ਮਣਕੇ ਹਨ ਅਤੇ ਇਨ੍ਹਾਂ ਸਾਰੀਆਂ ਦਾ ਮੁੱਖ ਕੰਮ ਇਹ ਹੈ ਕਿ ਇਹ ਸਰੀਰ ਦੇ ਬਾਹਰੋਂ ਜਾਂ ਅੰਦਰੋਂ ਮਿਲਦੀ ਹਰ ਤਰ੍ਹਾਂ ਦੀ ਸੂਚਨਾ ਦਿਮਾਗ਼ ਦੇ ਸਭ ਤੋਂ ਉੱਚੇ ਕੇਂਦਰਾਂ ਨੂੰ ਪਹੁੰਚਾਣ ਅਤੇ ਉਥੋਂ ਮਿਲਦੇ ਹੁਕਮਾਂ ਦੀ ਪਾਲਣਾ ਕਰਨ ਲਈ ਉਸ ਦੇ ਸੁਨੇਹੇ ਜਾਂ ਹੁਕਮ ਸਰੀਰ ਦੇ ਵੱਖ ਵੱਖ ਹਿੱਸਿਆਂ ਤਕ ਪਹੁੰਚਾਣ।

          ਨਸ-ਪ੍ਰਣਾਲੀ ਦਾ ਸਭ ਤੋਂ ਉੱਚਾ ਕੇਂਦਰ ਹੈ ਸੈਰੀਬ੍ਰਲ ਕਾਰ-ਟੈਕਸ (cerebral cortex) ਜਾਂ ਮਗਜ਼ ਦਾ ਬਾਹਰਲਾ ਛਿੱਲੜ। ਕਾਰਟੈਕਸ ਕਰੋੜਾਂ ਦੀ ਨਰਵ ਸੈੱਲਾਂ ਅਤੇ ਉਨ੍ਹਾਂ ਦੇ ਧਾਗਿਆਂ ਦਾ ਬਣਿਆ ਹੁੰਦਾ ਹੈ ਜੋ ਬੜੀ ਗੁੰਝਲਦਾਰ ਤਰਤੀਬ ਨਾਲ ਕਈ ਤਹਿਆਂ ਵਿਚ ਪਰੋਏ ਹੋਏ ਹੁੰਦੇ ਹਨ। ਸਰੀਰ ਦੇ ਵੱਖ ਵੱਖ ਹਿੱਸਿਆਂ ਤੋਂ ਸੂਚਨਾ ਪਰਾਪਤ ਕਰਨਾ, ਮਿਲੀ ਹੋਈ ਸੂਚਨਾ ਦਾ ਵਿਸ਼ਲੇਸ਼ਣ ਜਾਂ ਸੰਸ਼ਲੇਸ਼ਣ ਕਰਨਾ ਅਤੇ ਲੋੜ ਮੁਤਾਬਿਕ ਸਰੀਰ ਨੂੰ ਹੁਕਮ ਦੇਣਾ ਇਨ੍ਹਾਂ ਹੀ ਸੈੱਲਾਂ ਦਾ ਕੰਮ ਹੈ।

          ਕੰਮ ਦੇ ਲਿਹਾਜ਼ ਨਾਲ ਇਸ ਛਿੱਲੜ ਦੇ ਦੋ ਵੱਡੇ ਹਿੱਸੇ ਕੀਤੇ ਜਾ ਸਕਦੇ ਹਨ––ਇਕ ਸੂਚਨਾ ਪਰਾਪਤ ਕਰਨ ਵਾਲਾ ਅਤੇ ਦੂਜਾ ਹੁਕਮ ਦੇਣ ਵਾਲਾ। ਸੂਚਨਾ ਵਾਲਾ ਹਿੱਸਾ ਅੱਗੋਂ ਵੇਖਣ, ਸੁਣਨ, ਸੁੰਘਣ, ਚੱਖਣ ਅਤੇ ਛੋਹ, ਦਬਾ, ਤਾਪਮਾਨ ਅਤੇ ਪੀੜ ਆਦਿ ਦੇ ਵੱਖ ਵੱਖ ਕੇਂਦਰਾਂ ਵਿਚ ਵੰਡਿਆ ਜਾ ਸਕਦਾ ਹੈ। ਹੁਕਮ ਦੇਣ ਵਾਲਾ ਹਿੱਸਾ ਜਾਂ ਚਲਾਉ ਹਿੱਸਾ (motor area) ਮਗਜ਼ ਦੇ ਕੇਂਦਰੀ ਟਿਸ਼ੂ ਦੇ ਅੱਗੇ ਲਗਭਗ 2.5 ਸੈਂ. ਮੀ. ਚੌੜੇ ਅਤੇ 12 ਸੈਂ. ਮੀ. ਲੰਬੇ ਥਾਂ ਵਿਚ ਹੈ। ਹੁਕਮ ਦੇਣ ਵਾਲੇ ਹਿੱਸੇ ਵਿਚ ਸਰੀਰ ਨੂੰ ਹੁਕਮ ਭੇਜਣ ਵਾਲੇ ਕੇਂਦਰ ਇਸ ਤਰ੍ਹਾਂ ਸਜਾਏ ਹੋਏ ਹਨ ਕਿ ਪੈਰਾਂ ਅਤੇ ਲੱਤਾਂ ਲਈ ਕੇਂਦਰ ਸਭ ਤੋਂ ਉੱਚੇ ਹਨ ਅਤੇ ਗਰਦਨ ਜਾਂ ਸਿਰ ਆਦਿ ਲਈ ਹੁਕਮ ਸਭ ਤੋਂ ਹੇਠਾਂ ਸ਼ੁਰੂ ਹੁੰਦੇ ਹਨ। ਲਿਖਾਈ-ਕੇਂਦਰ, ਬੋਲਚਾਲ-ਕੇਂਦਰ ਅਤੇ ਅੱਖ-ਚਾਲ-ਕੇਂਦਰ ਆਦਿ ਹੁਕਮ-ਚਲਾਉ ਹਿੱਸੇ ਦੇ ਵੱਖ ਵੱਖ ਭਾਗ ਹਨ।

          ਵੇਖਣ, ਸੁਣਨ, ਸੁੰਘਣ ਅਤੇ ਸੁਆਦ ਦੀਆਂ ਸੂਚਨਾਵਾਂ ਤਾਂ ਅੱਖ, ਕੰਨ, ਨੱਕ ਅਤੇ ਜੀਭ ਦੀਆਂ ਖ਼ਾਸ ਨਸਾਂ ਆਪੋ ਆਪਣੀ ਥਾਂ ਤੋਂ ਮਗਜ਼ ਦੇ ਖ਼ਾਸ ਖ਼ਾਸ ਕੇਂਦਰਾਂ ਤਕ ਪੁਚਾਉਂਦੀਆਂ ਹਨ, ਪਰ ਦਬਾ, ਛੋਹ, ਪੀੜ ਅਤੇ ਤਾਪਮਾਨ ਦੀ ਸੂਚਨਾ ਦੇਣ ਦਾ ਕੰਮ ਹਰ ਇਕ ਨਸ ਨੂੰ ਕਰਨਾ ਪੈਂਦਾ ਹੈ। ਜਿਵੇਂ ਪਹਿਲਾਂ ਦਸਿਆ ਗਿਆ ਹੈ, ਹਰ ਇਕ ਨਸ ਜਾਂ ਨਰਵ ਸੈਂਕੜੇ ਹਜ਼ਾਰਾਂ ਧਾਗਿਆਂ ਵਿਚ ਵੰਡੀ ਜਾਂਦੀ ਹੈ। ਇਨ੍ਹਾਂ ਧਾਗਿਆਂ ਦਾ ਅੰਤ ਪੱਠਿਆਂ ਵਿਚ, ਜੋੜਾਂ ਦੇ ਕੋਲ ਅਤੇ ਚਮੜੀ ਦੇ ਥੱਲੇ ਹੁੰਦਾ ਹੈ। ਵੱਖ ਵੱਖ ਤਰ੍ਹਾਂ ਦੀ ਸੂਚਨਾ ਇਕੱਠੀ ਕਰਨ ਲਈ ਨਸ-ਸਿਰਿਆਂ ਦੀ ਭਾਂਤ ਭਾਂਤ ਦੀ ਬਨਾਵਟ ਹੁੰਦੀ ਹੈ। ਇਨ੍ਹਾਂ ਤੋਂ ਮਿਲਦੀ ਸੂਚਨਾ ਨਸ-ਧਾਗਿਆਂ ਰਾਹੀਂ ਪਹਿਲਾਂ ਸੁਖ਼ਮਨਾ ਵਿਚ ਪੁੱਜਦੀ ਹੈ, ਜਿਥੋਂ ਇਸ ਤੋਂ ਸ਼ੁਰੂ ਹੋਏ ਨਵੇਂ ਧਾਗੇ ਮੈਡੁਲਾ, ਪੌਂਜ਼ ਅਤੇ ਮੱਧ ਦਿਮਾਗ਼ ਵਿਚੋਂ ਲੰਘਦੇ ਹੋਏ ਮਗਜ਼ ਤਕ ਪਹੁੰਚਦੇ ਹਨ। ਮੱਧ ਦਿਮਾਗ਼ ਤਕ ਸਾਰੇ ਸਰੀਰ ਤੋਂ ਆਏ ਹੋਏ ਧਾਗੇ ਇਕ ਪਤਲੀ ਜਿਹੀ ਗੁੱਛੀ ਦੀ ਸ਼ਕਲ ਵਿਚ ਇਕੱਠੇ ਹੋ ਜਾਂਦੇ ਹਨ, ਪਰ ਇਸ ਤੋਂ ਉਤਾਂਹ ਆਪਣੇ ਟਿਕਾਣੇ ਤੇ ਪੁੱਜਣ ਲਈ ਇਹ ਧਾਗੇ, ਇਕ ਜਾਪਾਨੀ ਪੱਖੇ ਦੀਆਂ ਫੱਟੀਆਂ ਵਾਂਗ ਖਿਲਰ ਜਾਂਦੇ ਹਨ।

          ਹੁਕਮ ਲਿਜਾਣ ਵਾਲੇ ਨਸ-ਧਾਗੇ ਮਗਜ਼ ਦੇ ਹੁਕਮ ਚਲਾਉ ਹਿੱਸੇ ਦੇ ਸੈੱਲਾਂ ਤੋਂ ਸ਼ੁਰੂ ਹੁੰਦੇ ਹਨ। ਇਹ ਧਾਗੇ ਮੱਧ ਦਿਮਾਗ਼ ਤਕ ਪਹੁੰਚ ਕੇ ਇਕ ਗੁੱਛੀ ਵਿਚ ਇਕੱਠੇ ਹੋ ਜਾਂਦੇ ਹਨ ਅਤੇ ਪੌਂਜ਼, ਮੈਡੁਲਾ ਆਦਿ ਵਿਚੋਂ ਲੰਘਦੇ ਹੋਏ ਸੁਖ਼ਮਨਾ ਦੀਆਂ ਵੱਖ ਵੱਖ ਤਹਿਆਂ ਤੇ ਸਜੇ ਹੋਏ ਸੈੱਲਾਂ ਤਕ ਪਹੁੰਚ ਕੇ ਮੁੱਕ ਜਾਂਦੇ ਹਨ। ਇਨ੍ਹਾਂ ਸੈੱਲਾਂ ਤੋਂ ਜਿਹੜੇ ਨਵੇਂ ਧਾਗੇ ਨਿਕਲਦੇ ਹਨ, ਉਹ ਇਕੱਠੇ ਹੋ ਕੇ ਸੁਖ਼ਮਨਾ ਨਾੜੀਆਂ (spinal nerves) ਬਣਾਉਂਦੇ ਹਨ। ਇਹ ਨਸਾਂ ਤੋਂ ਮਿਲੇ ਹੁਕਮ ਅੱਗੇ ਲੋੜੀਂਦੇ ਪੱਠਿਆਂ ਤਕ ਪੁਚਾ ਦਿੰਦੀਆਂ ਹਨ।

          ਰੀੜ੍ਹ ਕਾੱਰਡ, ਜਾ ਸੁਖ਼ਮਨਾ, ਮੈਡੂਲਾ, ਪੌਂਜ਼, ਮੱਧ ਦਿਮਾਗ਼ ਅਤੇ ਮਗਜ਼ ਇਕ ਲੰਮੇ ਚੀਰ ਰਾਹੀਂ ਸੱਜੇ ਅਤੇ ਖੱਬੇ ਹਿੱਸਿਆਂ ਵਿਚ ਵੰਡੇ ਹੋਏ ਹੁੰਦੇ ਹਨ। ਸਰੀਰ ਦੇ ਅੱਧ ਪਾਸੇ ਤੋਂ ਆਉਣ ਵਾਲੇ ਅਤੇ ਉਸ ਨੂੰ ਜਾਣ ਵਾਲੇ ਧਾਗੇ ਇਕ ਗੁੱਛੀ ਦੀ ਸ਼ਕਲ ਵਿਚ ਬੰਨ੍ਹੇ ਹੋਏ ਹਨ। ਇਨ੍ਹਾਂ ਗੁੱਛੀਆਂ ਦੀ ਇਕ ਖ਼ਾਸ ਗੱਲ ਇਹ ਹੈ ਕਿ ਜਦੋਂ ਇਹ ਮੈਡੁਲਾ ਕੋਲ ਪਹੁੰਚਦੀਆਂ ਹਨ ਤਾਂ ਉਹ ਆਪਣਾ ਪਾਸਾ ਵਟਾ ਲੈਂਦੀਆਂ ਹਨ। ਇਸ ਤਰ੍ਹਾਂ ਸੱਜੀਆਂ ਗੁੱਛੀਆਂ ਖੱਬੇ ਪਾਸੇ ਚਲੀਆਂ ਜਾਂਦੀਆਂ ਹਨ ਅਤੇ ਖੱਬੀਆਂ ਸੱਜੇ ਪਾਸੇ ਵੱਲ। ਸਿੱਟਾ ਇਹ ਕਿ ਮਗਜ਼ ਦਾ ਹਰ ਅੱਧਾ ਹਿੱਸਾ ਸਰੀਰ ਦੇ ਆਪਣੇ ਨਾਲੋਂ ਉਲਟ ਪਾਸਿਉਂ ਸੂਚਨਾ ਪ੍ਰਾਪਤ ਕਰਦਾ ਹੈ ਅਤੇ ਉਸੇ ਨੂੰ ਹੀ ਹੁਕਮ ਘਲਦਾ ਹੈ।

          ਅਧਰੰਗ ਰੋਗੀ ਦੀ ਉਸ ਹਾਲਤ ਨੂੰ ਕਿਹਾ ਜਾਂਦਾ ਹੈ, ਜਦੋਂ ਉਸ ਦੇ ਇਕ ਪਾਸੇ ਦੇ ਦੋਵੇਂ ਅੰਗ ਨਾ ਮਗਜ਼ ਨੂੰ ਕੋਈ ਸੁਨੇਹਾ ਭੇਜ ਸਕਣ ਅਤੇ ਨਾ ਹੀ ਉਸ ਕੋਲੋਂ ਕੋਈ ਹੁਕਮ ਲੈ ਕੇ ਕੰਮ ਕਰ ਸਕਣ। ਭਾਵ ਇਹ ਕਿ ਰੋਗੀ ਦਾ ਇਕ ਪਾਸਾ ਸੌਂ ਜਾਂਦਾ ਹੈ ਅਤੇ ਉਸ ਵਿਚ ਹਿੱਲਣ ਜੁੱਲਣ ਦੀ ਸ਼ਕਤੀ ਨਹੀਂ ਰਹਿੰਦੀ। ਇਹ ਰੋਗ ਪੂਰਾ ਜਾਂ ਅਧੂਰਾ ਅਤੇ ਸਦੀਵੀ ਜਾਂ ਥੋੜ੍ਹੇ ਸਮੇਂ ਲਈ ਹੋ ਸਕਦਾ ਹੈ। ਕਈਆਂ ਦੀ ਇਸ ਨਾਲ ਤੁਰੰਤ ਮੌਤ ਹੋ ਜਾਂਦੀ ਹੈ ਅਤੇ ਕਈ ਇਸ ਰੋਗ ਦੇ ਹੁੰਦਿਆਂ ਹੋਇਆਂ ਵੀ ਦਸ ਪੰਦਰਾਂ ਸਾਲ ਕੱਢ ਜਾਂਦੇ ਹਨ।

          ਅਧਰੰਗ ਇੰਜ ਹੋ ਸਕਦਾ ਹੈ ਕਿ ਸੁਨੇਹੇ ਲਿਆਉਂਦੇ ਜਾਂ ਲੈ ਜਾਂਦੇ ਨਰਵ-ਧਾਗਿਆਂ ਜਾਂ ਉਨ੍ਹਾਂ ਨਾਲ ਸੰਬੰਧਤ ਮਗਜ਼-ਛਿੱਲੜ ਦੇ ਸੈੱਲਾਂ ਨੂੰ ਕਿਸੇ ਕਾਰਨ ਖ਼ੁਰਾਕ ਮਿਲਣੀ ਬੰਦ ਹੋ ਜਾਵੇ ਅਤੇ ਉਹ ਆਪਣਾ ਕੰਮ ਨਾ ਕਰ ਸਕਣ। ਦਿਮਾਗ਼ ਨੂੰ ਖ਼ੁਰਾਕ ਪਹੁੰਚਾਣ ਵਾਸੇ ਖ਼ੂਨ ਨਾੜੀਆਂ ਦਾ ਇਕ ਜਾਲ ਵਿਛਿਆ ਹੋਇਆ ਹੈ ਜੋ ਮਗਜ਼, ਮੱਧ-ਦਿਮਾਗ਼, ਪੌਂਜ਼, ਮੈਡੁਲਾ, ਰੀੜ੍ਹ ਕਾੱਰਡ ਆਦਿ ਸਭ ਅੰਗਾਂ ਦੇ ਇਕ ਇਕ ਸੈੱਲ ਅਤੇ ਧਾਗੇ ਨੂੰ ਲੋੜੀਂਦੀ ਖ਼ੁਰਾਕ ਪਹੁੰਚਾਂਦਾ ਹੈ। ਖ਼ੂਨ ਦੀਆਂ ਨਾੜੀਆਂ ਹੇਠ ਲਿਖੇ ਢੰਗਾਂ ਨਾਲ ਰੋਗੀ ਹੋ ਕੇ ਅਧਰੰਗ ਦਾ ਕਾਰਨ ਬਣ ਸਕਦੀਆਂ ਹਨ :

          (1) ਖ਼ੂਨ-ਨਾੜੀ ਦਾ ਪਾਟਣਾ––ਨਾੜੀ ਪਾਟਣ ਨਾਲ ਨਾ ਕੇਵਲ ਮਗਜ਼ ਨੂੰ ਆਉਂਦੇ ਜਾਂਦੇ ਧਾਗਿਆਂ ਦੀ ਖ਼ੁਰਾਕ ਹੀ ਬੰਦ ਹੋ ਜਾਂਦੀ ਹੈ, ਸਗੋਂ ਖ਼ੂਨ ਦੇ ਜ਼ੋਰ ਨਾਲ ਧਾਗਿਆਂ ਅਤੇ ਸੈੱਲਾਂ ਦੀ ਸਰੀਰਕ ਤਬਾਹੀ ਵੀ ਬੁਰੀ ਤਰ੍ਹਾਂ ਹੋ ਜਾਂਦੀ ਹੈ। ਨਾੜੀ ਪਾਟ ਜਾਣ ਤੇ ਖ਼ੂਨ ਦੇ ਰੁਕਣ ਦਾ ਕੋਈ ਵਸੀਲਾ ਨਹੀਂ ਬਣ ਸਕਦਾ ਅਤੇ ਬੇਹੋਸ਼ੀ ਦੀ ਹਾਲਤ ਵਿਚ ਵੀ ਰੋਗੀ ਦੀ ਮੌਤ ਹੋ ਜਾਂਦੀ ਹੈ।

          (2) ਖ਼ੂਨ-ਨਾੜੀਆਂ ਦਾ ਕੁਝ ਸਮੇਂ ਲਈ ਸੁੰਗੜ ਜਾਣਾ––ਇਸ ਤਰ੍ਹਾਂ ਦਿਮਾਗ਼ ਨੂੰ ਕੁਝ ਸਮੇਂ ਲਈ ਲੋੜੀਂਦੀ ਖ਼ੁਰਾਕ ਤੋਂ ਵਾਂਝਿਆਂ ਰਹਿਣਾ ਪੈਂਦਾ ਹੈ ਅਤੇ ਉਸ ਸਮੇਂ ਰੋਗੀ ਦੇ ਅੰਗ ਇਕ ਅਧਰੰਗ ਦੇ ਰੋਗੀ ਵਾਂਗ ਬੇਜਾਨ ਹੋ ਜਾਂਦੇ ਹਨ। ਜਿਉਂ ਹੀ ਨਾੜਾਂ ਆਪਣੀ ਪਹਿਲਾਂ ਵਰਗੀ ਸਹੀ ਹਾਲਤ ਵਿਚ ਆਉਂਦੀਆਂ ਹਨ, ਸਰੀਰ ਪਹਿਲਾਂ ਵਾਂਗ ਠੀਕ ਠਾਕ ਕੰਮ ਕਰਨ ਲਗ ਪੈਂਦਾ ਹੈ। ਜੇ ਇਸ ਕਿਸਮ ਦਾ ਦੌਰਾ ਕੁਝ ਸਕਿੰਟਾਂ ਤੋਂ ਵੱਧ ਸਮੇਂ ਲਈ ਰਹੇ ਤਾਂ ਥੋੜ੍ਹਾ ਬਹੁਤ ਨੁਕਸ ਬਾਕੀ ਰਹਿ ਜਾਂਦਾ ਹੈ।

          (3) ਖ਼ੂਨ-ਨਾੜੀਆਂ ਅੰਦਰ ਖ਼ੂਨ ਦਾ ਜੰਮ ਜਾਣਾ––ਬਹੁਤੇ ਅਧਰੰਗ ਨਾੜੀਆਂ ਅੰਦਰ ਖ਼ੂਨ ਜੰਮ ਜਾਣ ਕਰਕੇ ਹੁੰਦੇ ਹਨ। ਜਿੰਨੀਆਂ ਨਾੜਾਂ ਵੱਧ ਬੰਦ ਹੋਣਗੀਆਂ, ਉਤਨਾ ਹੀ ਵਧੀਕ ਅਧਰੰਗ ਦਾ ਜ਼ੋਰ ਹੋਵੇਗਾ। ਨਾੜੀਆਂ ਦੇ ਅੰਦਰ ਜੰਮੇ ਹੋਏ ਖ਼ੂਨ ਦੇ ਹੌਲੀ ਹੌਲੀ ਖੁਰਨ ਨਾਲ ਇਸ ਤਰ੍ਹਾਂ ਦੇ ਰੋਗੀਆਂ ਦੇ ਅੰਗਾਂ ਵਿਚ ਰੋਗ ਦੇ ਪਹਿਲੇ ਇਕ ਦੋ ਮਹੀਨਿਆਂ ਵਿਚ ਥੋੜ੍ਹੀ ਬਹੁਤੀ ਸ਼ਕਤੀ ਵਾਪਸ ਆ ਜਾਂਦੀ ਹੈ।

          ਅਧਰੰਗ ਵਡੇਰੀ ਉਮਰ ਵਿਚ ਕਿਸੇ ਨੂੰ ਵੀ ਹੋ ਸਕਦਾ ਹੈ ਪਰ ਵਧੇਰੇ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ ਜੋ ਸ਼ੱਕਰ-ਰੋਗ (diabetes), ਖ਼ੂਨ ਦੇ ਵਧੇ ਹੋਏ ਦਬਾ (blood pressure) ਅਤੇ ਆਤਸ਼ਕ ਆਦਿ ਦੇ ਰੋਗੀ ਹੋਣ। ਛੋਟੀ ਉਮਰ ਵਿਚ ਅਧਰੰਗ ਦਿਮਾਗ਼ ਦੀ ਸੋਜ ਨਾਲ ਹੋ ਸਕਦਾ ਹੈ।

          ਨਿਸ਼ਾਨੀਆਂ––ਰੋਗੀ ਆਮ ਤੌਰ ਤੇ ਬੇਹੋਸ਼ ਹੋ ਜਾਂਦਾ ਹੈ। ਜਿਹੜਾ ਪਾਸਾ ਮਾਰਿਆ ਗਿਆ ਹੋਵੇ, ਉਸ ਪਾਸੇ ਦੀ ਗੱਲ੍ਹ ਢਿੱਲੀ ਹੋਣ ਕਰਕੇ ਹਰ ਸਾਹ ਦੇ ਨਾਲ ਹਿੱਲਦੀ ਵਿਖਾਈ ਦਿੰਦੀ ਹੈ। ਉਸ ਪਾਸੇ ਦੀਆਂ ਲੱਤਾਂ ਬਾਹਾਂ ਵੀ ਬਿਲਕੁਲ ਬੇਜਾਨ ਹੋ ਕੇ ਢਿੱਲੀਆਂ ਹੋ ਜਾਂਦੀਆਂ ਹਨ, ਦੋਹਾਂ ਪਾਸਿਆਂ ਦੇ ਅੰਗਾਂ ਨੂੰ ਹਿਲਾ ਜੁਲਾ ਕੇ ਇਹ ਝੱਟ ਹੀ ਪਤਾ ਕੀਤਾ ਜਾ ਸਕਦਾ ਹੈ ਕਿ ਕਿਹੜਾ ਪਾਸਾ ਮਾਰਿਆ ਗਿਆ ਹੈ। ਜੇ ਅੱਖਾਂ ਪੁਟ ਕੇ ਵੇਖੀਏ ਤਾਂ ਕਈ ਵਾਰ ਉਹ ਅਧਰੰਗ ਵਾਲੇ ਪਾਸੇ ਮੁੜੀਆਂ ਹੋਈਆਂ ਲਗਦੀਆਂ ਹਨ।

          ਜਦੋਂ ਰੋਗੀ ਨੂੰ ਹੋਸ਼ ਆਉਂਦੀ ਹੈ, ਉਸ ਸਮੇਂ ਅਧਰੰਗ ਵਾਲਾ ਪਾਸਾ ਲੱਭਣ ਵਿਚ ਕੋਈ ਮੁਸ਼ਕਿਲ ਨਹੀਂ ਆਉਂਦੀ। ਰੋਗੀ ਆਪਣੇ ਨਿਰਬਲ ਅੰਗਾਂ ਨੂੰ ਹਿਲਾਉਣ ਜੁਲਾਉਣ ਵਿਚ ਬਿਲਕੁਲ ਅਸਮਰਥ ਹੋ ਜਾਂਦਾ ਹੈ। ਮੂੰਹ ਤੋਂ ਲਕਵੇਂ ਵਾਲਾ ਪਾਸਾ ਵੀ ਝੱਟ ਪਛਾਣਿਆ ਜਾਂਦਾ ਹੈ। ਜੀਭ ਮੂੰਹ ਤੋਂ ਬਾਹਰ ਸਿੱਧੀ ਨਹੀਂ ਨਿਕਲਦੀ ਸਗੋਂ ਮਾਰੇ ਹੋਏ ਪਾਸੇ ਵੱਲ ਮੁੜ ਜਾਂਦੀ ਹੈ। ਅਧਰੰਗ ਅਧੂਰਾ ਹੋਵੇ ਤਾਂ ਚਿਹਰੇ ਅਤੇ ਜ਼ਬਾਨ ਉੱਤੇ ਘੱਟ ਅਸਰ ਪੈਂਦਾ ਹੈ। ਇਸੇ ਤਰ੍ਹਾਂ ਲੱਤਾਂ ਨਾਲੋਂ ਬਾਹਾਂ ਉੱਤੇ ਘੱਟ ਅਸਰ ਪੈਂਦਾ ਹੈ।

          ਦੋ ਤਿੰਨ ਹਫਤਿਆਂ ਪਿਛੋਂ ਅਧਰੰਗ ਵਿਚ ਕੁਝ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਲੱਤਾਂ ਬਾਵਾਂ ਦੇ ਪੱਠੇ ਪਹਿਲਾਂ ਵਾਂਗ ਢਿੱਲੇ ਨਹੀਂ ਰਹਿੰਦੇ ਸਗੋਂ ਉਨ੍ਹਾਂ ਵਿਚ ਅਕੜਾ ਪੈਣਾ ਸ਼ੁਰੂ ਹੋ ਜਾਂਦਾ ਹੈ। ਰੋਗੀ ਆਪਣੇ ਅੰਗਾਂ ਨੂੰ ਮਾੜਾ ਮੋਟਾ ਹਿਲਾ ਜੁਲਾ ਸਕਦਾ ਹੈ। ਉਸ ਦੇ ਰੋਗ ਵਿਚ ਪੈਂਦਾ ਇਹ ਮੋੜਾ ਕਿਸੇ ਵੀ ਸਮੇਂ ਰੁਕ ਸਕਦਾ ਹੈ ਅਤੇ ਹਾਲਤ ਫਿਰ ਖ਼ਰਾਬ ਹੋ ਸਕਦੀ ਹੈ।

          ਰੋਗੀ ਦਾ ਭਵਿਖ––ਨਾੜ ਫਟਣ ਨਾਲ ਬਹੁਤੇ ਰੋਗੀਆਂ ਦੀ ਮੌਤ 48 ਘੰਟਿਆਂ ਦੇ ਅੰਦਰ ਅੰਦਰ ਹੋ ਜਾਂਦੀ ਹੈ। ਜੇ ਅਧਰੰਗ ਨਾੜੀਆਂ ਅੰਦਰ ਖ਼ੂਨ ਜੰਮਣ ਕਾਰਨ ਹੋਵੇ, ਤਾਂ ਬਹੁਤਿਆਂ ਦੀ ਜਾਨ ਬਚ ਜਾਂਦੀ ਹੈ, ਪਰ ਕਿਸੇ ਹੋਰ ਸਮੇਂ ਇਸੇ ਤਰ੍ਹਾਂ ਦਾ ਇਕ ਹੋਰ ਬਿਮਾਰੀ ਦਾ ਹੱਲਾ ਜਾਨ ਮੁਕਾ ਸਕਦਾ ਹੈ। ਜੇ ਖ਼ੂਨ ਜੰਮਣ ਦੇ ਨਾਲ ਨਾਲ ਆਤਸ਼ਕ ਦਾ ਰੋਗ ਵੀ ਹੋਵੇ, ਤਾਂ ਇਸ ਰੋਗ ਦਾ ਪੂਰਾ ਇਲਾਜ ਕਰਵਾਇਆਂ ਉਮਰ ਵਧ ਜਾਣ ਦੀ ਕਾਫ਼ੀ ਸੰਭਾਵਨਾ ਹੁੰਦੀ ਹੈ। ਅਧਰੰਗ ਜੇ ਕੁਝ ਮਿੰਟਾਂ ਲਈ ਵੀ ਰਹਿ ਜਾਵੇ ਤਾਂ ਸਰੀਰ ਦੀਆਂ ਹੋਰ ਚਾਲਾਂ ਤਾਂ ਬੇਸ਼ਕ ਪੂਰੀ ਤਰ੍ਹਾਂ ਵਾਪਸ ਆ ਜਾਣ, ਪਰ ਹੱਥ ਅਤੇ ਉਂਗਲਾਂ ਉੱਤੇ ਜ਼ਰੂਰ ਹੀ ਇੰਨਾਂ ਕੁ ਅਸਰ ਰਹਿ ਜਾਂਦਾ ਹੈ ਕਿ ਉਹ ਕੋਈ ਬਰੀਕ ਕੰਮ ਕਰਨ ਦੇ ਯੋਗ ਨਹੀਂ ਰਹਿੰਦੇ। ਕਦੇ ਕਦਾਈਂ ਕਿਸੇ ਕਿਸਮਤ ਵਾਲੇ ਰੋਗੀ ਦੀ ਸਿਹਤ ਪਹਿਲਾਂ ਵਾਂਗ ਹੀ ਪੂਰੀ ਪਰਤ ਆਉਂਦੀ ਹੈ। ਪਰ ਉਨ੍ਹਾਂ ਬਾਰੇ ਵੀ ਇਹ ਨਿਸਚੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਉਹ ਕਿੰਨੇ ਕੁ ਸਾਲ ਹੋਰ ਜੀਉਂਦੇ ਰਹਿਣਗੇ।

          ਬਚਾਉ ਅਤੇ ਉਪਾਉ––ਵਡੇਰੀ ਉਮਰੇ ਖ਼ੂਨ ਦਾ ਦਬਾ ਵਧਣ ਅਤੇ ਸ਼ੱਕਰ-ਰੋਗ ਦੀ ਹਾਲਤ ਵਿਚ ਸਮੇਂ ਸਿਰ ਪੂਰਾ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਰੋਗੀ ਦੇ ਸਭ ਕੰਮ ਕਾਰ ਅਤੇ ਖਾਣ ਪੀਣ ਅਤੇ ਆਰਾਮ ਕਰਨ ਦੇ ਸਮੇਂ ਕਿਸੇ ਜੁਗਤ ਨਾਲ ਘੜੀ ਵਾਂਗ ਬੱਝ ਜਾਣੇ ਚਾਹੀਦੇ ਹਨ। ਉਨ੍ਹਾਂ ਕੰਮਾਂ ਦਾ ਖਹਿੜਾ ਛੱਡ ਦੇਣਾ ਚਾਹੀਦਾ ਹੈ, ਜਿਨ੍ਹਾਂ ਕਰਕੇ ਸਰੀਰ ਨੂੰ ਵਿਤੋਂ ਵੱਧ ਖੇਚਲ ਕਰਨੀ ਪਵੇ ਅਤੇ ਮਨ ਅਸ਼ਾਂਤ ਰਹੇ, ਪਰ ਜਿਸ ਸਮੇਂ ਰੋਗੀ ਆਪਣੇ ਆਪ ਨੂੰ ਤੰਦਰੁਸਤ ਸਮਝਦਾ ਹੋਵੇ, ਉਸ ਸਮੇਂ ਉਸ ਕੋਲੋਂ ਇਨ੍ਹਾਂ ਪੁਰਨਿਆਂ ਉੱਤੇ ਪੂਰੀ ਤਰ੍ਹਾਂ ਚਲਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਹ ਜ਼ਰੂਰ ਹੀ ਆਪਣੇ ਸਰੀਰ ਨਾਲ ਕਦੇ ਕਦਾਈਂ ਥੋੜ੍ਹੀ ਬਹੁਤੀ ਵਧੀਕੀ ਕਰ ਲੈਂਦਾ ਹੈ। ਜਦੋਂ ਇਕ ਵਾਰ ਸਿਰ ਪੀੜ, ਚੱਕਰ ਆਉਣੇ ਅਤੇ ਲੱਤਾਂ ਬਾਹਾਂ ਸੁੰਨ ਹੋਣ ਆਦਿ ਵਰਗੀਆਂ ਦਿਮਾਗ਼ ਦੀਆਂ ਖ਼ੂਨ-ਨਾੜੀਆਂ ਦੇ ਰੋਗਾਂ ਦੀਆਂ ਨਿਸ਼ਾਨੀਆਂ ਉਤਪੰਨ ਹੋ ਜਾਣ ਤਾਂ ਉਸ ਹਾਲਤ ਵਿਚ ਰੋਗੀ ਦਾ ਭਲਾ ਡਾਕਟਰਾਂ ਦੀਆਂ ਦਸੀਆਂ ਹੋਈਆਂ ਹਰ ਤਰ੍ਹਾਂ ਦੀਆਂ ਪਾਬੰਦੀਆਂ ਹੇਠ ਰਹਿਣ ਵਿਚ ਹੀ ਹੈ।

          ਅਧਰੰਗ ਹੋ ਜਾਣ ਦੀ ਹਾਲਤ ਵਿਚ ਰੋਗੀ ਨੂੰ ਤੁਰੰਤ ਕਿਸੇ ਚੰਗੇ ਹਸਪਤਾਲ ਵਿਚ ਲੈ ਜਾਣਾ ਚਾਹੀਦਾ ਹੈ। ਨਮੂਨੀਆ ਅਤੇ ਪੇਸ਼ਾਬ ਬੰਦ ਹੋ ਜਾਣਾ ਅਜਿਹੀਆ ਉਲਝਣਾਂ ਹਨ, ਜਿਨ੍ਹਾਂ ਦਾ ਉਪਾਉ ਘਰ ਵਿਚ ਰਹਿ ਕੇ ਚੰਗੀ ਤਰ੍ਹਾਂ ਨਹੀਂ ਹੋ ਸਕਦਾ। ਇਸ ਤੋਂ ਛੁੱਟ ਹਸਪਤਾਲ ਵਿਚ ਲੱਤਾਂ ਬਾਹਾਂ ਨੂੰ ਵਿੰਗਿਆਂ ਹੋਣ ਤੋਂ ਬਚਾਉਣ ਲਈ ਅਤੇ ਰੋਗੀ ਨੂੰ ਆਪਣੀ ਰਹਿੰਦੀ ਖੂੰਹਦੀ ਤਾਕਤ ਨੂੰ ਸੁਚੱਜੇ ਢੰਗ ਨਾਲ ਵਰਤਣ ਦੀ ਜਾਂਚ ਸਿਖਾਉਣ ਲਈ ਕਦਮ ਚੁੱਕੇ ਜਾ ਸਕਦੇ ਹਨ।

          ਹ. ਪੁ.––ਟੈਕਸਟ ਬੁਕ ਆਫ਼ ਮੈਡੀਸਨ––ਜੋ. ਕੋਨੀਬੀਅਰ ਅਤੇ ਡਬਲਿਊ. ਐਨ. ਮਾਨ; ਫ਼ਿਜ਼ੀਆਲੋਚੀਕਲ ਬੇਸਿਜ਼ ਆਫ਼ ਮੈਡੀਕਲ ਪਰੈਕਟਿਸ––ਸੀ. ਐਚ. ਬੈਸਟ ਅਤੇ ਐਨ. ਬੀ. ਟੇਲਰ।


ਲੇਖਕ : ਡਾ. ਦਲਜੀਤ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1511, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.