ਅਰਸਤੂ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਰਸਤੂ ( 384– 322 ਪੂਰਵ ਈਸਵੀ ) : ਪਲੈਟੋ ਵਾਂਗ ਅਰਸਤੂ ( Aristotle ) ਵੀ ਪੱਛਮ ਦਾ ਇੱਕ ਮਹਾਨ ਯੂਨਾਨੀ ਦਾਰਸ਼ਨਿਕ ਸੀ , ਜਿਸਨੇ ਵੱਖ-ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਲਿਖਤਾਂ ਲਿਖੀਆਂ । ਅਰਸਤੂ ਨੂੰ ਅੰਗਰੇਜ਼ੀ ਸਾਹਿਤ ਆਲੋਚਨਾ ਦਾ ਪਿਤਾ ਵੀ ਕਿਹਾ ਜਾਂਦਾ ਹੈ । ਉਸ ਦਾ ਜਨਮ 384 ਪੂਰਵ ਈਸਵੀ ਵਿੱਚ ਮੈਸਿਡੋਨੀਆ ਦੇ ਇੱਕ ਸ਼ਹਿਰ ਸਟੈਗਰੀਆ ਵਿਖੇ ਹੋਇਆ ਜੋ ਮਹਾਨ ਸਿਕੰਦਰ ਦੀ ਜਨਮਭੂਮੀ ਸੀ । ਉਸ ਦੇ ਪਿਤਾ , ਸਿਕੰਦਰ ਦੇ ਦਾਦਾ , ਏਮੀਨਤਾਸ ਦੇ ਰਾਜ-ਦਰਬਾਰ ਵਿੱਚ ਇੱਕ ਨਾਮੀ ਚਿਕਿਤਸਕ ਸੀ । ਅਰਸਤੂ ਦਾ ਬਚਪਨ ਬੜੇ ਸੁਖੀ ਅਤੇ ਰੱਜੇ-ਪੁੱਜੇ ਮਾਹੌਲ ਵਿੱਚ ਬੀਤਿਆ ਅਤੇ ਉਸ ਨੂੰ ਅਨੁਸ਼ਾਸਨ ਅਤੇ ਸੱਭਿਅਕ ਨਾਗਰਿਕ ਦੇ ਗੁਣਾਂ ਦੀ ਟ੍ਰੇਨਿੰਗ ਦਿੱਤੀ ਗਈ । ਹਾਲੇ ਉਹ ਛੋਟਾ ਹੀ ਸੀ ਕਿ ਉਸ ਦੇ ਮਾਤਾ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਉਸ ਦੇ ਪਿਤਾ ਦੇ ਇੱਕ ਦੋਸਤ ਪਰੋਕਸੀਨਸ ਨੇ ਉਸ ਦੀ ਪਰਵਰਿਸ਼ ਕੀਤੀ । ਸਤਾਰ੍ਹਾਂ ਸਾਲ ਦੀ ਉਮਰ ਵਿੱਚ ਅਰਸਤੂ ਨੂੰ ਏਥਨਜ਼ ਵਿਖੇ ਪਲੈਟੋ ਦੀ ਪ੍ਰਸਿੱਧ ਅਕਾਦਮੀ ਵਿੱਚ ਪੜ੍ਹਨ ਲਈ ਭੇਜ ਦਿੱਤਾ ਗਿਆ । ਆਪਣੀ ਤੀਖਣ ਬੁੱਧੀ ਕਾਰਨ ਅਤੇ ਗਿਆਨ ਲਈ ਸੱਚੀ ਲਗਨ ਸਦਕਾ ਉਸ ਨੇ ਅਧਿਆਪਕਾਂ ਦਾ ਮਨ ਮੋਹ ਲਿਆ । ਉੱਥੇ ਉਸ ਨੇ ਬਹੁਤ ਸਾਰੇ ਵਿਸ਼ਿਆਂ , ਜਿਵੇਂ ਰਾਜਨੀਤੀ ਸ਼ਾਸਤਰ , ਨਾਟਕ , ਕਵਿਤਾ , ਇਤਿਹਾਸ , ਨੀਤੀ ਸ਼ਾਸਤਰ , ਗਣਿਤ , ਜੀਵ ਸ਼ਾਸਤਰ , ਮਨੋਵਿਗਿਆਨ , ਭੌਤਿਕ ਵਿਗਿਆਨ , ਤਰਕ ਸ਼ਾਸਤਰ ਆਦਿ ਦਾ ਗਹਿਰਾ ਅਧਿਐਨ ਕੀਤਾ ।

        ਪਲੈਟੋ ਉਸ ਦੀ ਸਿਖਣ ਦੀ ਤੀਬਰ ਯੋਗਤਾ ਅਤੇ ਬਹਿਸ ਕਰਨ ਦੀ ਕੁਸ਼ਲਤਾ ਤੋਂ ਬਹੁਤ ਪ੍ਰਭਾਵਿਤ ਸੀ । ਗੁਰੂ ਅਤੇ ਸ਼ਿਸ਼ ਵਿੱਚ ਅਨੇਕਾਂ ਵਿਸ਼ਿਆਂ ਤੇ ਵਾਦ-ਵਿਵਾਦ ਹੁੰਦਾ ਰਹਿੰਦਾ ਸੀ ਅਤੇ ਅਕਸਰ ਵਿਰੋਧ ਵੀ । 367 ਤੋਂ 347 ਪੂਰਵ ਈਸਵੀ ਤੱਕ ਅਰਸਤੂ ਇਸ ਅਕਾਦਮੀ ਵਿੱਚ ਪਹਿਲੇ ਵਿਦਿਆਰਥੀ ਵਜੋਂ ਅਤੇ ਮਗਰੋਂ ਇੱਕ ਅਧਿਆਪਕ ਅਤੇ ਲੇਖਕ ਵਜੋਂ ਕਾਰਜਸ਼ੀਲ ਰਿਹਾ । ਇਸ ਸਮੇਂ ਦੌਰਾਨ ਉਸ ਦੀਆਂ ਲਿਖਤਾਂ ਉੱਤੇ ਪਲੈਟੋ ਦੇ ਵਿਚਾਰਾਂ ਦਾ ਡੂੰਘਾ ਪ੍ਰਭਾਵ ਪ੍ਰਤੱਖ ਨਜ਼ਰ ਆਉਂਦਾ ਹੈ । 347 ਪੂਰਵ ਈਸਵੀ ਵਿੱਚ ਪਲੈਟੋ ਦੀ ਮੌਤ ਤੋਂ ਬਾਅਦ ਇਸ ਕਾਰਨ ਕਿ ਅਰਸਤੂ ਏਥਨਜ਼ ਦਾ ਨਿਵਾਸੀ ਨਹੀਂ ਸੀ , ਪਲੈਟੋ ਦੇ ਭਤੀਜੇ ਸਪੈਓਸਿਪਸ ਨੂੰ ਅਕਾਦਮੀ ਦਾ ਮੁਖੀ ਬਣਾ ਦਿੱਤਾ ਗਿਆ । ਇਸ ਫ਼ੈਸਲੇ ਤੋਂ ਨਿਰਾਸ਼ ਹੋ ਕੇ ਅਰਸਤੂ ਨੇ ਇਹ ਅਕਾਦਮੀ ਛੱਡ ਦਿੱਤੀ । ਇਸ ਤੋਂ ਉਪਰੰਤ ਤਿੰਨ ਸਾਲ ਅਸੋਸ ਵਿੱਚ , ਦੋ ਸਾਲ ਲੈਸਬਾਸ ਵਿੱਚ ਵੱਖ-ਵੱਖ ਕੰਮ ਕਰ ਕੇ ਉਸ ਨੇ ਆਪਣੇ ਬਚਪਨ ਦੇ ਦੋਸਤ , ਮੇਸਿਡੋਨੀਆ ਦੇ ਰਾਜਾ ਫਿਲਿਪ ਦੇ ਬੇਟੇ ਸਿਕੰਦਰ ਨੂੰ ਪੜ੍ਹਾਉਣ ਦੀ ਪੇਸ਼ਕਸ਼ ਸਵੀਕਾਰ ਕਰ ਲਈ ਪਰ ਅਰਸਤੂ ਦੇ ਦਾਰਸ਼ਨਿਕ ਸੁਭਾਅ ਨੂੰ ਰਾਜ ਦਰਬਾਰ ਦਾ ਭ੍ਰਿਸ਼ਟ ਮਾਹੌਲ ਰਾਸ ਨਾ ਆਇਆ । ਉੱਥੋਂ ਵਾਪਸ ਆ ਕੇ ਏਥਨਜ਼ ਵਿੱਚ ਅਰਸਤੂ ਨੇ ਆਪਣੀ ਇੱਕ ਅਕਾਦਮੀ ਲਾਈਸੀਅਸ ਖੋਲ੍ਹ ਲਈ । ਵਿੱਦਿਆ ਦੇ ਚਾਹਵਾਨ ਕਈ ਵਿਦਿਆਰਥੀ ਛੇਤੀ ਹੀ ਵਿੱਦਿਆ ਪ੍ਰਾਪਤੀ ਲਈ ਉਸ ਕੋਲ ਇਕੱਠੇ ਹੋ ਗਏ । ਉਹ ਤੁਰ ਫਿਰ ਕੇ ਵਿਦਿਆਰਥੀਆਂ ਨੂੰ ਭਾਸ਼ਣ ਦਿੰਦਾ ਸੀ ਅਤੇ ਸਾਰੇ ਵਿਸ਼ਿਆਂ ਤੇ ਖੁੱਲ੍ਹੀ ਬਹਿਸ ਕਰਦਾ ਸੀ । ਉਸ ਦੇ ਤੁਰ ਫਿਰ ਕੇ ਪੜ੍ਹਾਉਣ ਦੇ ਢੰਗ ਕਾਰਨ ਅਰਸਤੂ ਨੂੰ ਪੈਰੀਪਟੈਟਿਕ ਫ਼ਿਲਾਸਫ਼ਰ ਵੀ ਕਿਹਾ ਜਾਂਦਾ ਹੈ ।

        ਸਿਕੰਦਰ ਦੀ ਮੌਤ ਤੋਂ ਬਾਅਦ ਅਰਸਤੂ ਨੇ ਏਥਨਜ਼ ਛੱਡ ਦਿੱਤਾ । ਇੱਥੋਂ ਦੇ ਲੋਕ ਉਸ ਨੂੰ ਮੇਸਿਡੋਨੀਆ ਦਾ ਜਸੂਸ ਸਮਝਦੇ ਸਨ । ਅਰਸਤੂ ਸੁਕਰਾਤ ਵਾਂਗ ਨੌਜਵਾਨਾਂ ਨੂੰ ਭ੍ਰਿਸ਼ਟ ਕਰਨ ਦੇ ਦੋਸ਼ ਦਾ ਭਾਗੀ ਨਹੀਂ ਸੀ ਬਣਨਾ ਚਾਹੁੰਦਾ ਅਤੇ ਨਾ ਹੀ ਸੁਕਰਾਤ ਦੀ ਤਰ੍ਹਾਂ ਏਥਨਜ਼ ਵਾਸੀਆਂ ਦੇ ਹੱਥੋਂ ਮਾਰੇ ਜਾਣਾ ਚਾਹੁੰਦਾ ਸੀ । ਉਸ ਨੇ ਏਥਨਜ਼ ਛੱਡਣ ਲੱਗਿਆਂ ਕਿਹਾ ਕਿ ਉਹ ਇੱਥੇ ਦੇ ਨਿਵਾਸੀਆਂ ਨੂੰ ਦੂਜੀ ਵਾਰੀ ਦਰਸ਼ਨ ਦੇ ਵਿਰੁੱਧ ਪਾਪ ਕਮਾਉਣ ਦਾ ਮੌਕਾ ਨਹੀਂ ਦੇਵੇਗਾ । ਇਸ ਤੋਂ ਬਾਅਦ ਉਹ ਯੂਬੀਆ ਦੇ ਟਾਪੂ ਤੇ ਚੈਲਸਿਸ ਵਿਖੇ ਜਾ ਕੇ ਰਹਿਣ ਲੱਗ ਪਿਆ ਜਿੱਥੇ ਇੱਕ ਸਾਲ ਬਾਅਦ ਉਸ ਦੀ ਮੌਤ ਹੋ ਗਈ । ਅਰਸਤੂ ਬਹੁਪੱਖੀ ਪ੍ਰਤਿਭਾ ਵਾਲਾ ਵਿਦਵਾਨ ਸੀ । ਉਸ ਨੇ ਵੱਖ-ਵੱਖ ਵਿਸ਼ਿਆਂ ਤੇ ਅਤੇ ਜ਼ਿੰਦਗੀ ਦੇ ਲਗਪਗ ਹਰ ਪੱਖ ਤੇ ਤਕਰੀਬਨ 400 ਪੁਸਤਕਾਂ ਲਿਖੀਆਂ । ਉਸ ਦੀਆਂ ਪ੍ਰਸਿੱਧ ਪੁਸਤਕਾਂ ਵਿੱਚੋਂ ਕੁਝ ਹਨ- 158 ਕਾਨਸਟਿਚਿਉਸ਼ਨਜ਼ , ਡਾਇਲੋਗਜ਼ , ਆਨ ਮੋਨਾਰਕੀ , ਅਲੈਗਜ਼ੰਡਰ , ਰੈਟਰਿਕ , ਲੋਜਿਕ , ਦਾ ਕਸਟਮਜ਼ ਆਫ਼ ਬਾਰਬੇਰੀਅਨਜ਼ , ਫਿਜ਼ਿਕਸ , ਨੇਚੂਰਲ ਹਿਸਟਰੀ , ਪੋਲੀਟਿਕਸ ਆਨ ਦਾ ਸੇਲ , ਆਰਗੇਨਨ ਆਰ ਦਾ ਇਨਸਟਰੂਮੈਂਟ ਆਫ਼ ਕੁਰੈਕਟ ਥਿਕਿੰਗ , ਮੈਟਾਫਿਜ਼ਿਕਸ , ਯੁਡੀਮੀਅਨ ਐਥਿਕਸ , ਪੋਇਟਿਕਸ , ਨਿਕੋਮੈਕੀਅਨ ਐਥਿਕਸ

        ਉਸ ਦੀਆਂ ਪੁਸਤਕਾਂ ਦਾ ਸੰਸਾਰ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚੋਂ ਅਨੁਵਾਦ ਹੋ ਚੁਕਾ ਹੈ । ਅਰਸਤੂ ਰੱਬ ਨੂੰ ਇਸ ਦੁਨੀਆ ਦਾ ਕਰਤਾ ਮੰਨਦਾ ਸੀ ਜੋ ਆਪਣੇ ਹਿਸਾਬ ਨਾਲ ਦੁਨੀਆ ਨੂੰ ਚਲਾ ਰਿਹਾ ਹੈ । ਉਹ ਹਰ ਤਰ੍ਹਾਂ ਦੇ ਅਨਿਆਇ ਦੇ ਖਿਲਾਫ਼ ਸੀ ਅਤੇ ਰਾਜਸੀ ਸ਼ਾਸਨ ਪ੍ਰਬੰਧ ਲਈ ਤਾਨਾਸ਼ਾਹੀ ਪ੍ਰਣਾਲੀ ਦੀ ਬਜਾਏ ਲੋਕਤੰਤਰਕ ਪ੍ਰਣਾਲੀ ਦੇ ਹੱਕ ਵਿੱਚ ਸੀ ਕਿਉਂਕਿ ਇਸ ਵਿਵਸਥਾ ਵਿੱਚ ਹੀ ਵਿਅਕਤੀ ਦਾ ਪੂਰਨ ਵਿਕਾਸ ਸੰਭਵ ਹੈ । ਉਸ ਦਾ ਵਿਚਾਰ ਸੀ ਕਿ ਮਨੁੱਖ ਆਪਣੀ ਖ਼ੁਸ਼ੀ ਲਈ ਆਪ ਜ਼ੁੰਮੇਵਾਰ ਹੈ , ਇਸ ਲਈ ਉਸ ਨੂੰ ਸੰਤੁਲਨ ਅਤੇ ਅਨੁਸ਼ਾਸਨ ਵਿੱਚ ਰਹਿਣਾ ਚਾਹੀਦਾ ਹੈ ਅਤੇ ਸਵੈ-ਕਾਬੂ ਅਪਣਾਉਣਾ ਚਾਹੀਦਾ ਹੈ । ਆਪਣੀਆਂ ਲਿਖਤਾਂ ਵਿੱਚ ਹਰ ਵਿਸ਼ੇ ਨੂੰ ਉਸ ਨੇ ਇੱਕ ਸੰਤੁਲਿਤ , ਅਨੁਸ਼ਾਸਿਤ , ਨਿਰਪੱਖ ਅਤੇ ਵਿਗਿਆਨਿਕ ਦ੍ਰਿਸ਼ਟੀਕੋਣ ਨਾਲ ਪੇਸ਼ ਕੀਤਾ ਹੈ । ਆਲੋਚਨਾ ਦੇ ਵਿਸ਼ੇ ਤੇ ਉਸ ਦੀਆਂ ਦੋ ਲਿਖਤਾਂ ਪੋਇਟਿਕਸ ਅਤੇ ਰੈਟਰਿਕ ਬਹੁਤ ਪ੍ਰਸਿੱਧ ਹਨ । ਪੋਇਟਿਕਸ ਵਿੱਚ ਉਸ ਨੇ ਕਵਿਤਾ ਦੀ ਕਲਾ ਅਤੇ ਸਾਹਿਤ ਦੀਆਂ ਹੋਰ ਵਿਧਾਵਾਂ ਬਾਰੇ ਆਪਣੇ ਵਿਚਾਰ ਲਿਖੇ ਹਨ ਅਤੇ ਰੈਟਰਿਕ ਵਿੱਚ ਭਾਸ਼ਣ ਦੀ ਕਲਾ ਬਾਰੇ ਚਰਚਾ ਕੀਤੀ ਗਈ ਹੈ । ਪਿਛਲੀਆਂ ਸਦੀਆਂ ਦੌਰਾਨ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀ ਅਤੇ ਖੋਜੀ ਉਸ ਦੀਆਂ ਲਿਖਤਾਂ ਵਿੱਚ ਦਿੱਤੇ ਵਿਚਾਰਾਂ ਤੋਂ ਸੇਧ ਲੈਂਦੇ ਰਹੇ ਹਨ ਅਤੇ ਖੋਜ ਲਈ ਉਸ ਤੋਂ ਲਾਭ ਉਠਾਉਂਦੇ ਰਹੇ ਹਨ । ਆਲੋਚਨਾ , ਦਰਸ਼ਨ- ਸ਼ਾਸਤਰ , ਰਾਜਨੀਤੀ-ਸ਼ਾਸਤਰ , ਨੀਤੀ-ਸ਼ਾਸਤਰ ਅਤੇ ਹੋਰ ਵਿਸ਼ਿਆਂ ਲਈ ਅਰਸਤੂ ਦੀ ਦੇਣ ਵਡਮੁੱਲੀ ਅਤੇ ਇਤਿਹਾਸਿਕ ਮਹੱਤਵ ਵਾਲੀ ਹੈ ।


ਲੇਖਕ : ਤੇਜਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5971, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਅਰਸਤੂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

                  ਅਰਸਤੂ : ਇਸ ਦਾਰਸ਼ਨਿਕ , ਮਨੋਵਿਗਿਆਨੀ , ਤਰਕ ਵਿਗਿਆਨੀ , ਨੀਤੀ ਸ਼ਾਸਤਰੀ , ਸਿਆਸੀ ਸੂਝਵਾਨ , ਭੌਤਿਕ ਵਿਗਿਆਨੀ , ਜੀਵ-ਵਿਗਿਆਨੀ ਅਤੇ ਸਾਹਿਤਿਕ ਆਲੋਚਨਾ ਦਾ ਮੋਢੀ ਦਾ ਜਨਮ 384 ਈ. ਪੂ. ਵਿਚ ਯੂਨਾਨ ਦੀ ਰਿਆਸਤ ਮਕਦੂਨੀਆ ਦੇ ਕਸਬੇ ਸਟੇਜਾਈਰਾ ਵਿਚ ਹੋਇਆ । ਇਸ ਦਾ ਪਿਤਾ ਨਾਈਕੋਮੇਕਸ ਮਕਦੂਨੀਆ ਦੇ ਬਾਦਸ਼ਾਹ ਅਮਿੰਤਾਸ ਦੂਜੇ ਦਾ ਦਰਬਾਰੀ ਚਿਕਿਤਸਿਕ ਸੀ । ਅਰਸਤੂ ਦੀ ਮਾਤਾ ਆਈਓਨੀਆ ਜ਼ਿਲ੍ਹੇ ਦੀ ਸੀ , ਜਿਥੋਂ ਦੇ ਲੋਕ ਪ੍ਰਕਿਰਤੀ ਵਿਚ ਵਧੇਰੇ ਦਿਲਚਸਪੀ ਰੱਖਦੇ ਹਨ । ਕਿਹਾ ਜਾਂਦਾ ਹੈ ਕਿ ਅਰਸਤੂ ਦੀ ਜੀਵ-ਵਿਗਿਆਨ ਅਤੇ ਪ੍ਰਾਕਿਰਤੀ ਵਿਸ਼ਲੇਸ਼ਣ ਵਿਚ ਜੋ ਦਿਲਚਸਪੀ ਸੀ ਉਹ ਇਸ ਨੂੰ ਆਪਣੇ ਮਾਤਾ-ਪਿਤਾ ਤੋਂ ਵਿਰਸੇ ਵਿਚ ਮਿਲੀ ਸੀ ।

                ਅਰਸਤੂ ਅਠਾਰਾਂ ਕੁ ਵਰ੍ਹਿਆਂ ਦੀ ਉਮਰ ਵਿਚ ਏਥਨਜ਼ ਆਇਆ ਅਤੇ ਅਫ਼ਲਾਤੂਨ ਦਾ ਸ਼ਾਗਿਰਦ ਬਣਿਆ । ਉਥੇ ਇਹ ਵੀਹ ਸਾਲ ਭਾਵ 37 ਸਾਲ ਦੀ ਉਮਰ ਤੱਕ ਅਫ਼ਲਾਤੂਨ ਦੇ ਦਾਰਸ਼ਨਿਕ ਸਿਧਾਂਤਾ ਦਾ ਅਧਿਐਨ ਕਰਦਾ ਰਿਹਾ । 347 ਈ. ਪੂ. ਵਿਚ ਅਫ਼ਲਾਤੂਨ ਦੀ ਮੌਤ ਪਿੱਛੋਂ ਇਸ ਨੇ ਉਸ ਦੀ ਭਤੀਜੀ ਨਾਲ ਵਿਆਹ ਕਰਵਾ ਲਿਆ । ਫਿਰ ਇਹ ਲੇਜ਼ਬੋਸ ਟਾਪੂ ਦੇ ਮਿਟੀਲਿਨੀ ਸ਼ਹਿਰ ਵਿਚ ਜਾ ਵਸਿਆ । ਇਥੇ ਇਸ ਨੇ ਜੀਵ-ਵਿਗਿਆਨ ਸੰਬੰਧੀ ਪੁਸਤਕਾਂ ਲਿਖੀਆਂ । 342 ਈ. ਪੂ. ਵਿਚ ਮਕਦੂਨੀਆ ਦੇ ਬਾਦਸ਼ਾਹ ਫ਼ੈਲਕੂਸ ਨੇ ਇਸ ਨੂੰ ਆਪਣੇ ਪੁੱਤਰ ਸਿਕੰਦਰ ਦਾ ਉਸਤਾਦ ਥਾਪਿਆ । ਉਥੇ ਇਹ ਫ਼ੈਲਕੂਸ ਦੇ ਮਰਨ ਅਤੇ ਸਿਕੰਦਰ ਦੀ ਤਖ਼ਤ-ਨਸ਼ੀਨੀ ਭਾਵ 335 ਈ. ਪੂ. ਤੱਕ ਰਿਹਾ । ਇਸ ਉਪਰੰਤ ਵਿਚ ਏਥਨਜ਼ ਵਾਪਸ ਚਲਾ ਗਿਆ ਅਤ 335 ਈ. ਪੂ. ਤੋਂ 322 ਈ. ਪੂ. ਤੱਕ ਉਥੋਂ ਦੇ ਲਾਈਸੀਅਮ ਵਿਚ ਆਪਣੇ ਸਿਧਾਂਤਾਂ ਸੰਬੰਧੀ ਪੁਸਤਕਾਂ ਲਿਖਦਾ ਅਤੇ ਪੜ੍ਹਾਉਂਦਾ ਵੀ ਰਿਹਾ । ਉਥੇ ਇਸ ਨੇ ਇਕ ਲਾਇਬਰੇਰੀ ਅਤੇ ਇਕ ਅਜਾਇਬ-ਘਰ ਵੀ ਕਾਇਮ ਕੀਤਾ । 322 ਈ. ਪੂ ਵਿਚ ਜਦੋਂ ਇਹ 62 ਸਾਲ ਦਾ ਸੀ , ਇਸ ਦੀ ਮੌਤ ਹੋ ਗਈ ।

                  ਅਰਸਤੂ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਜਿਨ੍ਹਾਂ ਨੂੰ ਹੇਠ ਲਿਖੀਆਂ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ : -

                  1. ਆਮ ਲੋਕਾਂ ਦੀ ਰੁਚੀ ਦੇ ਵਾਰਤਾਲਾਪ ( ਇਹ ਅਲੱਭ ਹਨ ) ।

                  2. ਇਸ ਦੀਆਂ ਆਪਣੀਆਂ ਖੋਜਾਂ ਸਬੰਧੀ ਡੈਟਾ ( ਇਨ੍ਹਾਂ ਵਿਚੋਂ ਕੇਵਲ ‘ ਏਥਨਜ਼ ਦਾ ਸੰਵਿਧਾਨ’ ਬਾਕੀ ਹੈ ) ।

                  3. ਵਿਗਿਆਨ ਦੀਆਂ ਪੁਸਤਕਾਂ ਜਿਨ੍ਹਾਂ ਵਿਚ ਕਈ ਸ਼ਾਸਤਰਾਂ ਦੇ ਸਿਧਾਂਤਾਂ ਦਾ ਵਰਣਨ ਹੈ । ( ਇਨ੍ਹਾਂ ਵਿਚੋਂ ਬਹੁਤ ਸਾਰੀਆਂ ਪੁਸਤਕਾਂ ਮਿਲਦੀਆਂ ਹਨ ) ।

                  ਅਰਸਤੂ ਦੀਆਂ ਪੁਸਤਕਾਂ ਪਹਿਲੀ ਵਾਰ ਐਂਡਰੋਨੀਕਸ ਨਾਮੀ ਵਿਦਵਾਨ ਨੇ ਪਹਿਲੀ ਸਦੀ ਈ. ਪੂ. ਵਿਚ ਛਪਵਾਈਆਂ । ਇਨ੍ਹਾਂ ਨੂੰ ਹੇਠ ਲਿਖੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ : -

                  1. ਤਰਕ-ਸ਼ਾਸਤਰ 2. ਭੌਤਿਕ-ਵਿਗਿਆਨ 3. ਜੀਵ-ਵਿਗਿਆਨ 4. ਮਨੋਵਿਗਿਆਨ 5. ਪਰਾਭੌਤਿਕ ਵਿਗਿਆਨ 6. ਨੀਤੀ ਸ਼ਾਸਤਰ 7. ਰਾਜਨੀਤੀ ਸ਼ਾਸਤਰ 8. ਸੁਹਜ-ਗਿਆਨ ।

                  ਉਪਰੋਕਤ ਤੋਂ ਇਹ ਪਰਗਟ ਹੁੰਦਾ ਹੈ ਕਿ ਅਰਸਤੂ ਦੇ ਗਿਆਨ ਦਾ ਘੇਰਾ ਬਹੁਤ ਵਿਸ਼ਾਲ ਸੀ । ਇਸ ਦੀਆਂ ਹੋਰ ਵਿਸ਼ੇਸ਼ਤਾਵਾਂ ਇਹ ਸਨ ਕਿ ਇਕ ਤਾਂ ਇਕ ਮਹਾਨ ਰਹਬਰ ਸੀ ਅਤੇ ਦੂਜੇ ਇਹ ਕਿ ਇਹ ਹਰ ਪ੍ਰਕਾਰ ਦੇ ਗਿਆਨ ਨੂੰ ਲੜੀ-ਬੱਧ ਕਰਨ ਵਾਲਾ ਦਾਰਸ਼ਨਿਕ ਸੀ ।

                  ਅਰਸਤੂ ਦਾ ਸਮਾਂ ਯੂਨਾਨ ਵਿਚ ਇਨਕਲਾਬ ਦਾ ਸਮਾਂ ਸੀ । ਇਸ ਤੋਂ ਪਹਿਲਾਂ ਯੂਨਾਨ ਨੀਤੀ , ਕਲਾ , ਸਾਹਿਤ , ਇਤਿਹਾਸ ਅਤੇ ਵਿਗਿਆਨ ਦੇ ਖੇਤਰਾਂ ਵਿਚ ਸਿਖਰਾਂ ਨੂੰ ਛੋਹ ਚੁੱਕਾ ਸੀ । ਹਰੇਕ ਸ਼ਹਿਰ ਦਾ ਸਮਾਜਕ ਤੇ ਰਾਜਨੀਤਿਕ ਢਾਂਚਾ ਵੱਖਰਾ ਹੁੰਦਾ ਸੀ ਪਰ ਨਵੀਂ ਪੌਦ ਪੁਰਾਣੀ ਪਰੰਪਰਾ ਵਿਚ ਤਬਦੀਲੀ ਦੀ ਚਾਹਵਾਨ ਸੀ । ਪਰੰਪਰਾਵਾਦੀਆਂ ਅਨੁਸਾਰ ਇਸ ਰੁਚੀ ਦਾ ਰੁਖ਼ ਪਤਨ ਵੱਲ ਸੀ ਅਤੇ ਇਸ ਕਰਕੇ ਉਹ ਨਵੇਂ ਝੁਕਾਵਾਂ ਦੇ ਕਾਰਨ ਲੱਭ ਕੇ ਇਨਕਲਾਬ ਨੂੰ ਬੰਨ੍ਹ ਲਾਉਣਾ ਚਾਹੁੰਦੇ ਸਨ ।

                  ਪਰੰਪਰਾਵਾਦ ਵਿਚ ਅੰਧਵਿਸ਼ਵਾਸ ਤੋਂ ਆਤੁਰ ਹੋਈ ਨਵੀਂ ਪੌਦ ਦੀ ਬੇਚੈਨੀ ਨੂੰ ਵੇਖਦਿਆਂ ਹਾਲਤ ਨੂੰ ਵਧੇਰੇ ਵਿਗੜਨ ਤੋਂ ਬਚਾਉਦ ਅਤੇ ਨੌਜਵਾਨਾਂ ਨੂੰ ਨਵੇ ਵਿਚਾਰਾਂ ਰਾਹੀਂ ਚੰਗੇ ਤੇ ਮਾੜੇ , ਗੁਣ ਤੇ ਔਗੁਣ , ਸੁਹਣੇ ਤੇ ਕੋਝੇ ਆਦਿ ਵਿਚ ਫ਼ਰਕ ਤੋਂ ਜਾਣੂੰ ਕਰਵਾਉਣ ਵਾਲਿਆਂ ਅਤੇ ਆਤਮਾ ਤੇ ਗਿਆਨ ਦੀ ਪਛਾਣ ਕਰਵਾਉਣ ਵਾਲਿਆਂ ਵਿਚੋਂ ਸੁਕਰਾਤ ਮੋਢੀ ਸੀ । ਉਸ ਤੋਂ ਪਿੱਛੋਂ ਅਫ਼ਲਾਤੂਨ ਅਤੇ ਅਰਸਤੂ ਹੋਏ । ਇਨ੍ਹਾਂ ਨੇ ਜੀਵਨ ਉਸਾਰੀ ਦੇ ਹਰੇਕ ਪੱਖ ਸਬੰਧੀ ਆਪਣੇ ਵਿਚਾਰ ਵਾਰਤਾਲਾਪ , ਭਾਸ਼ਣਾਂ ਅਤੇ ਲਿਖਤਾਂ ਰਾਹੀਂ ਆਮ ਜਨਤਾ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਅੱਗੇ ਰੱਖੇ । ਇਸ ਲੋਕ-ਭਲਾਈ ਦੇ ਰਾਹ ਉੱਤੇ ਸੁਕਰਾਤ ਨੂੰ ਤਾਂ ਆਪਣੀ ਜਾਨ ਵੀ ਦੇਣੀ ਪਈ ।

                  ਅਫ਼ਲਾਤੂਨ ਤੋਂ ਪਹਿਲਾਂ ਯੂਨਾਨੀ ਵਿਦਵਾਨਾਂ ਦੀ ਦ੍ਰਿਸ਼ਟੀ ਬਾਹਰਮੁਖੀ ਸੀ । ਉਹ ਦਿਸਦੇ ਅਤੇ ਇਸ ਦੀਆਂ ਆਪਣੇ ਸੰਪਰਕ ਵਿਚ ਆਉਣ ਵਾਲੀਆਂ ਸ਼ਕਤੀਆਂ ਬਾਰੇ ਹੀ ਸੋਚਿਆ ਕਰਦੇ ਸਨ । ਅਫ਼ਲਾਤੂਨ ਅਤੇ ਅਰਸਤੂ ਨੇ ਆਪਣੀਆਂ ਦ੍ਰਿਸ਼ਟੀਆਂ ਨੂੰ ਅੰਤਰਮੁਖੀ ਕੀਤਾ ਅਤੇ ਉਨ੍ਹਾਂ ਨੇ ਇਸ ਦਿਸਦੇ ਦੀ ਹੋਂਦ ਦੇ ਕਾਰਨਾਂ ਅਤੇ ਉਨ੍ਹਾਂ ਪਿੱਛੇ ਕੰਮ ਕਰ ਰਹੀ ਸ਼ਕਤੀ ਜਾਂ ਸ਼ਕਤੀਆਂ ਦਾ ਗਿਆਨ ਅਤੇ ਉਸ ਗਿਆਨ ਤੋਂ ਵਿਵੇਕ ਪ੍ਰਾਪਤ ਕਰਨ ਦਾ ਉਪਰਾਲਾ ਕੀਤਾ ।

                  ਕਈ ਵੇਰ ਅਰਸਤੂ ਦੀ ਵਿਚਾਰਧਾਰਾ ਆਪਣੇ ਉਸਤਾਦ ਅਫ਼ਲਾਤੂਨ ਦੀ ਵਿਚਾਰਧਾਰਾ ਤੋਂ ਸੁਤੰਤਰ ਹੁੰਦੀ ਸੀ । ਅਰਸਤੂ ਸਦਾ ਆਪਣੇ ਸੁਤੰਤਰ ਵਿਚਾਰਾਂ ਦਾ ਹੀ ਪ੍ਰਚਾਰ ਕਰਦਾ ਹੁੰਦਾ ਸੀ । ਇਸ ਤਰ੍ਹਾ ਅਫ਼ਲਾਤੂਨ ਅਤੇ ਅਰਸਤੂ ਦੇ ਅੱਡ ਅੱਡ ਗਾਡੀ-ਰਾਹ ਹੋਂਦ ਵਿਚ ਆਏ ਜੋ ਆਉਣ ਵਾਲੇ ਦਾਰਸ਼ਨਿਕਾਂ ਲਈ ਚਾਨਣ-ਮੁਨਾਰੇ ਦਾ ਕੰਮ ਦਿੰਦੇ ਰਹੇ ਹਨ ।

                  ਅਰਸਤੂ ਨੇ ਸਾਰੇ ਇਲਮਾਂ ਨੂੰ ਤਿੰਨੇ ਸ਼੍ਰੇਣੀਆਂ ਵਿਚ ਵੰਡਿਆ ਹੈ : -

                  1. ਉਹ ਇਲਮ ਜਿਨ੍ਹਾਂ ਦਾ ਮੁੱਖ ਮੰਤਵ ਸਿਧਾਂਤ ਕਾਇਮ ਕਰਨਾ ਅਤੇ ਸ਼ੁੱਧ ਗਿਆਨ ਦੇਣਾ ਹੈ ਜਿਵੇਂ ਫ਼ਲਸਫਾ , ਵਿਗਿਆਨ ਤੇ ਗਣਿਤ । ਪਰਾ-ਭੌਤਿਕ ਵਿਗਿਆਨ , ਭੌਤਿਕ ਵਿਗਿਆਨ , ਜੀਵ ਵਿਗਿਆਨ ਤੇ ਮਨੋ ਵਿਗਿਆਨ ਵੀ ਇਨ੍ਹਾਂ ਵਿਚ ਆਉਂਦੇ ਹਨ ।

                  2. ਉਹ ਇਲਮ ਜਿਨ੍ਹਾਂ ਦੀ ਸਹਾਇਤਾ ਨਾਲ ਲਾਭਦਾਇਕ ਤੇ ਸੁੰਦਰ ਚੀਜ਼ਾਂ ਬਣ ਸਕਦੀਆਂ ਹਨ , ਜਿਵੇਂ ਰਾਜਨੀਤੀ ਸ਼ਾਸਤਰ ਅਤੇ ਨੀਤੀ ਸ਼ਾਸਤਰ ।

                  3. ਤੀਜੀ ਸ਼੍ਰੇਣੀ ਵਿਚ ਸਾਹਿਤ ਤੇ ਕਲਾ , ਕਾਵਿ ਤੇ ਅਲੰਕਾਰ ਸ਼ਾਸਤਰ ਅਤੇ ਸੁਹਜ ਵਿਗਿਆਨ ਆਉਂਦੇ ਹਨ ।

                  ਅਰਸਤੂ ਨੇ ਤਰਕ ਨੂੰ ਵੱਖਰਿਆਂ ਰੱਖਦਿਆਂ ਇਸ ਨੂੰ ਸਾਰੇ ਇਲਮਾਂ ਦੀ ਕੁੰਜੀ ਮੰਨਿਆ ਹੈ ।

                  ਅਰਸਤੂ ਦੀ ਸਭ ਤੋਂ ਮਹਾਨ ਰਚਨਾ ਇਸ ਦਾ ਤਰਕ-ਸ਼ਾਸਤਰ ਹੈ । ਅੱਜ ਤੱਕ ਜਿੰਨੇ ਹੋਰ ਤਰਕ-ਸ਼ਾਸਤਰ ਬਣੇ ਹਨ ਉਨ੍ਹਾਂ ਦਾ ਢਾਂਚਾ ਮਾਮੂਲੀ ਅਦਲਾ ਬਦਲੀ ਨੂੰ ਛੱਡ ਕੇ ਉਹੋ ਰਿਹਾ ਹੈ ਜੋ ਅਰਸਤੂ ਨੇ ਨਿਸ਼ਚਿਤ ਕੀਤਾ ਸੀ ਅਤੇ ਇਸ ਦੀਆਂ ਬੁਨਿਆਦੀ ਗੱਲਾਂ ਵਿਚ ਕਿਸੇ ਵੱਲੋਂ ਕੋਈ ਫ਼ਰਕ ਨਹੀਂ ਪਾਇਆ ਜਾ ਸਕਿਆ ।

                  ਅਰਸਤੂ ਨੇ ਤਰਕ-ਸ਼ਾਸਤਰ ਵਿਚ ਹੇਠ ਲਿਖੇ ਵਿਸ਼ਿਆਂ ਤੇ ਵਿਚਾਰ ਕੀਤਾ ਹੈ : -

                  1. ਸਭ ਤਰ੍ਹਾਂ ਦੀ ਦਲੀਲਬਾਜ਼ੀ ਵਿਚ ਕਿਹੜੀਆਂ ਗੱਲਾਂ ਸਾਂਝੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਕਿਹੜੇ ਕਿਹੜੇ ਭੇਦ ਹੁੰਦੇ ਹਨ ।

                  2. ਦਲੀਲ ਤੇ ਤੱਤ ਵਿਚ ਸੁਮੇਲ ਹੈ ਜਾਂ ਨਹੀਂ ਅਤੇ ਦਲੀਲ ਗਿਆਨ ਭਰਪੂਰ ਹੈ ਜਾਂ ਨਹੀ ।

                  3. ਦਲੀਲ ਰੂਪ ਕਰਕੇ ਦੋਸ਼ ਰਹਿਤ ਹੋਣ ਦੇ ਨਾਲ ਨਾਲ ਵਿਸ਼ੇ ਨੂੰ ਅੱਗੋ ਤੋਰਨ ਵਾਲੀ ਹੈ ਜਾਂ ਨਹੀਂ ਅਤੇ ਉਸ ਵਿਚ ਮਿਥਿਆ ਹੇਤੂ ਜਾਂ ਭੁਲੇਖਾ ਤਾਂ ਨਹੀ ਹੈ ।

                  ਅਰਸਤੂ ਅਨੁਸਾਰ ਦਲੀਲ ਦੀ ਬੁਨਿਆਦ ਸਾਰਥਕ ਪਦਾਂ ਦੇ ਸੁਮੇਲ ਤੋਂ ਬਣਿਆ ਜ਼ੋਰਦਾਰ ਵਾਕ ਹੁੰਦਾ ਹੈ , ਇਸੇ ਲਈ ਪਦ ਅਤੇ ਵਾਕ ਦੀਆਂ ਕਿਸਮਾਂ ਸਬੰਧੀ ਮੁਕੰਮਲ ਬਹਿਸ ਤਰਕ-ਸ਼ਾਸਤਰ ਦਾ ਅੰਗ ਮੰਨੀ ਜਾਂਦੀ ਹੈ । ਅਰਸਤੂ ਦੇ ਤਰਕ-ਸ਼ਾਸਤਰ ਵਿਚ ਇਹ ਬਹਿਸ ਕਾਫ਼ੀ ਹਦ ਤੱਕ ਮੌਜੂਦ ਹੈ ।

                  ਵਾਕਾਂ ਦੇ ਸੁੱਚਜੇ ਕ੍ਰਮ ਤੋਂ ਦਲੀਲ ਰੂਪ ਉਘੜਦਾ ਹੈ ਅਤੇ ਦਲੀਲ ਠੀਕ ਨਤੀਜੇ ਤੇ ਪਹੁੰਚਾਣ ਦਾ ਸਾਧਨ ਬਣਦੀ ਹੈ । ਅਰਸਤੂ ਨੇ ਦਲੀਲ ਦੇ ਤਿੰਨ ਅੰਗ ਮੰਨੇ ਹਨ : -

                  1. ਪ੍ਰਤਿੱਗਿਆ 2. ਹੇਤੂ 3. ਸਿੱਟਾ

                  ਗੋਤਮ ਦੇ ਨਿਆਇ ਸ਼ਾਸਤਰ ਵਿਚ ਦਲੀਲ ਦੇ ਦੋ ਹੋਰ ਪੱਖ ਵੀ ਮੰਨੇ ਗਏ ਹਨ –

                  1. ਉਦਾਹਰਣ 2. ਉਪਨਯ

                  ਅਰਸਤੂ ਦਾ ਵਿਚਾਰ ਹੈ ਕਿ ਦਲੀਲ ਹੇਠ ਦਿੱਤੇ ਚਾਰ ਕਾਰਨਾਂ ਵਿਚੋਂ ਕਿਸੇ ਇਕ ਕਾਰਨ ਜਾਂ ਇਕ ਤੋਂ ਵੱਧ ਕਾਰਨਾਂ ਉੱਤੇ ਆਧਾਰਿਤ ਹੁੰਦੀ ਹੈ : -

                  1. ਉਪਾਦਾਨ ਕਾਰਨ 2. ਨਿਮਿਤ ਕਾਰਨ 3. ਰਸਮੀ ਕਾਰਨ 4. ਉਦੇਸ਼ ਕਾਰਨ ।

                  ਰਾਜਨੀਤੀ ਸ਼ਾਸਤਰ ਦੇ ਖੇਤਰ ਵਿਚ ਵੀ ਅਰਸਤੂ ਦੀ ਕਾਫ਼ੀ ਭਾਰੀ ਦੇਣ ਹੈ । ਇਹ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਸਮਾਜ ਅਤੇ ਰਾਜ ਦੀ ਪਰਸਪਰ ਹੋਂਦ ਸੁਭਾਵਕ ਹੈ । ਸਮਾਜ ਅਤੇ ਰਾਜ ਨੂੰ ਜੀਵਾਤਮਾ ਦੀ ਉੱਨਤੀ ਦਾ ਬਾਹਰਮੁਖੀ ਸਪਸ਼ਟ ਰੂਪ ਸਮਝਣਾ ਚਾਹੀਦਾ ਹੈ । ਜੀਵਾਤਮਾ ਦਾ ਪਹਿਲਾ ਅੰਗ ਬਨਸਪਤੀ ਆਤਮਾ ਹੈ । ਬਨਸਪਤਿਕ ਆਤਮਾ ਦਾ ਫ਼ਰਜ਼ ਜੀਵਨ ਦੀ ਪਾਲਣਾ ਅਤੇ ਜਾਤੀ ਦਾ ਵਾਧਾ ਕਰਨਾ ਹੈ । ਮਨੁੱਖ ਇਨ੍ਹਾਂ ਦੋਹਾਂ ਕੰਮਾ ਨੂੰ ਇਕੱਲਾ ਨਹੀਂ , ਦੂਜਿਆਂ ਦੀ ਸਹਾਇਤਾ ਨਾਲ ਹੀ ਸਿਰੇ ਚੜ੍ਹਾ ਸਕਦਾ ਹੈ । ਇਸ ਲਈ ਮਨੁੱਖ ਦਾ ਮਨੁੱਖਾਂ ਨਾਲ ਮੇਲ ਮਿਲਾਪ ਲਾਜ਼ਮੀ ਹੈ । ਮਨੁੱਖ ਦੀ ਬਨਸਪਤਿਕ ਆਤਮਾ ਦੀ ਤ੍ਰਿਪਤੀ ਇਸੇ ਮਨੁੱਖੀ ਮੇਲ-ਜੋਲ ਰਾਹੀਂ ਹੈ ਜਿਸ ਨੂੰ ਕੁਟੁੰਬ ਜਾਂ ਟੱਬਰ ਕਹਿੰਦੇ ਹਨ ।

                  ਜੀਵਾਤਮਾ ਦਾ ਦੂਜਾ ਅੰਗ ਜੰਤੂ ਆਤਮਾ ਹੈ । ਇਸ ਆਤਮਾ ਦਾ ਕੰਮ ਅਨੁਭਵੀ ਗਿਆਨ ਪ੍ਰਾਪਤ ਕਰਨਾ ਹੈ । ਇਸ ਦੀ ਪੂਰਤੀ ਲਈ ਮਨੁੱਖ ਨੂੰ ਕੁਟੁੰਬ ਤੋਂ ਵੱਡੇ ਸਮਾਜ ਦੀ ਲੋੜ ਪੈਂਦੀ ਹੈ । ਇਸ ਨੂੰ ਆਰਥਿਕ ਸਮਾਜ ਕਿਹਾ ਜਾਂਦਾ ਹੈ ਜੋ ਲੋੜਾਂ ਨੂੰ ਪੂਰੀਆਂ ਕਰਦਾ ਹੈ । ਜੀਵਾਤਮਾ ਦੀ ਸੰਤੁਸ਼ਟੀ ਦੀ ਇਹ ਦੂਜੀ ਮੰਜ਼ਿਲ ਹੁੰਦੀ ਹੈ ।

                  ਜੀਵਾਤਮਾ ਦਾ ਤੀਜਾ ਅੰਗ ਵਿਚਾਰਸ਼ੀਲ ਆਤਮਾ ਹੈ । ਬੁੱਧੀ ਦਾ ਕੰਮ ਅਨੁਭਵਾਂ ਨੂੰ ਇਕ ਲੜੀ ਵਿਚ ਪ੍ਰੇਣਾਂ ਹੈ । ਇੰਦਰੀਆਂ ਰਾਹੀਂ ਜਿਹੜੇ ਅਨੁਭਵ ਹੁੰਦੇ ਹਨ ਉਨ੍ਹਾਂ ਦੀਆਂ ਸਮਾਨਤਾਵਾਂ ਨੂੰ ਇਕੱਠਾ ਕਰਨ ਤੇ ਵਿਆਪਕ ਵਿਚਾਰ ਪੈਦਾ ਹੁੰਦੇ ਹਨ । ਬੋਧ ਆਤਮਾ ਦੀ ਪੂਰਤੀ ਮਨੁੱਖੀ ਸੰਗਠਨ ਦੀ ਹੀ ਪੂਰਤੀ ਹੈ ਅਤੇ ਸੰਗਠਨ ਵਿਚ ਆਦੇਸ਼ ਦੀ ਪ੍ਰਬਲਤਾ ਹੈ । ਜਿਸ ਸੰਗਠਨ ਵਿਚ ਵਿਆਪਕਤਾ ਅਤੇ ਆਦੇਸ਼ ਹੋਵੇ , ਉਸ ਨੂੰ ਰਾਜ ਕਹਿੰਦੇ ਹਨ । ਇਸ ਰਾਹੀਂ ਮਨੁੱਖ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਤੋਂ ਉਪਰ ਉਠਦਾ ਹੈ ਅਤੇ ਵਿਆਪਕਤਾ ਵਿਚ ਸਮਾ ਜਾਂਦਾ ਹੈ । ਬਨਸਪਤਿਕ ਅਤੇ ਜੰਤੂ-ਆਤਮਾ ਬੋਧ-ਆਤਮਾ ਦੇ ਅਧੀਨ ਹੋ ਜਾਣਾ ਸਵਰਾਜ ਹੈ ।

                  ਅਰਸਤੂ ਅਨੁਸਾਰ ਨੀਤੀ ਸ਼ਾਸਤਰ ਦਾ ਵਿਸ਼ਾ ਆਚਰਨ ਦਾ ਅਧਿਐਨ ਹੈ । ਸਦਾਚਾਰ ਨੂੰ ਸੁਖ ਜਾਂ ਸਰੀਰਕ ਸੰਤੁਸ਼ਟੀ ਨਹੀਂ ਸਮਝਣਾ ਚਾਹੀਦਾ ਹੈ । ਇਹ ਤਾਂ ਅਸਲ ਵਿਚ ਆਨੰਦ ਦਾ ਰੂਪ ਹੈ । ਆਨੰਦ ਉਸ ਅਵਸਥਾ ਨੂੰ ਕਹਿੰਦੇ ਹਨ ਜਿਸ ਵਿਚ ਮਨੁੱਖ ਆਪਣੀ ਸੱਚੀ ਮਾਨਵਤਾ ਨੂੰ ਮਾਣਦਾ ਰਹਿੰਦਾ ਹੈ । ਸੱਚੀ ਮਾਨਵਤਾ ਬੋਧਾਤਮਾ ਦੀ ਸੰਤੁਸ਼ਟਤਾ ਹੈ ।

                  ਸਦਾਚਰ ਸੁਚੱਜੇ ਸੁਭਾਅ ਦਾ ਨਾਂ ਹੈ । ਇਹ ਇਕ ਅਜਿਹਾ ਸੁਭਾਅ ਹੈ ਅਤੇ ਵਾਧ-ਘਾਟ ਤੋਂ ਬਚਦਾ ਹੋਇਆ ਵਿਚਕਾਰਲਾ ਰਸਤਾ ਚੁਣਦਾ ਹੈ । ਅਰਸਤੂ ਮੱਧਵਰਤੀ ਆਚਾਰਨ ਨੂੰ ਚੰਗਾ ਸਮਝਦਾ ਹੈ ਪਰ ਪੂਰੇ ਆਨੰਦ ਲਈ ਇਕ ਹੋਰ ਚੀਜ਼ ਦੀ ਲੋੜ ਹੈ ਜਿਸ ਦਾ ਦਰਜਾ ਸਦਾਚਾਰ ਤੋਂ ਉੱਪਰ ਹੈ , ਉਹ ਹੈ ਸੱਚ ਦੀ ਧਾਰਨਾ ਦਾ ਧਿਆਨ

                  ਅਰਸਤੂ ਨੇ ਕਲਾ ਸ਼ਾਸਤਰ ਵਿਚ ਅਲੰਕਾਰ ਅਤੇ ਕਵਿਤਾ ਦੀ ਵਿਆਖਿਆ ਕੀਤੀ ਹੈ ।

                  ਕਈ ਸਦੀਆਂ ਤੱਕ ਅਰਸਤੂ ਦੀਆਂ ਪੁਸਤਕਾਂ ਹਨੇਰੇ ਵਿਚ ਰਹੀਆਂ । ਰੋਮਨ ਸਾਮਰਾਜ ਦੇ ਮਗਰੋਂ , ਜਦੋਂ ਰੋਮਨ ਕੈਥੋਲਿਕ ਧਰਮ ਦਾ ਅਧਿਕਾਰ ਵਧਿਆ ਤਾਂ ਮੱਧ-ਕਾਲੀਨ ਯੂਰਪ ਦੀ ਸੰਸਕ੍ਰਿਤੀ ਅਤੇ ਵਿਚਾਰਾਂ ਉੱਪਰ ਅਰਸਤੂ ਦੀ ਛਾਪ ਪੈਣ ਲੱਗੀ । ਇਸ ਕੰਮ ਵਿਚ ਅਰਬਾਂ ਨੇ ਬੜਾ ਹਿੱਸਾ ਪਾਇਆ । ਅੱਠਵੀਂ ਸਦੀ ਦੇ ਆਰੰਭ ਵਿਚ ਉਨ੍ਹਾਂ ਨੇ ਸਪੇਨ ਨੂੰ ਜਿੱਤ ਕੇ ਉਥੇ ਯੂਨੀਵਰਸਿਟੀਆਂ ਕਾਇਮ ਕੀਤੀਆਂ । ਇਥੇ ਮੁਸਲਮਾਨ ਵਿਦਵਾਨਾਂ ਨੇ ਅਰਸਤੂ ਦੀਆਂ ਰਚਨਾਵਾਂ ਦਾ ਅਧਿਐਨ ਸ਼ੁਰੂ ਕੀਤਾ । ਇਨ੍ਹਾਂ ਯੂਨੀਵਰਸਿਟੀਆਂ ਵਿਚ ਜਿਹੜੇ ਈਸਾਈ ਵਿਦਿਆਰਥੀਆਂ ਨੇ ਵਿਦਿਆ ਪ੍ਰਾਪਤ ਕੀਤੀ , ਉਨ੍ਹਾਂ ਨੇ ਅਰਸਤੂ ਦੇ ਵਿਚਾਰਾਂ ਨੂੰ ਈਸਾਈ ਸਮਾਜ ਵਿਚ ਫੈਲਾਇਆ । ਮੱਧਕਾਲ ਦੇ ਅੰਤ ਤਕ ਅਰਸਤੂ ਦਾ ਸਿੱਕਾ ਜੰਮਿਆ ਰਿਹਾ । ਫਿਰ ਆਧੁਨਿਕ ਕਾਲ ਦੇ ਆਰੰਭ ਵਿਚ ਅਫ਼ਲਾਤੂਨ ਦੇ ਸਿਧਾਂਤ ਦਾ ਪ੍ਰਚਾਰ ਹੋਇਆ ਤੇ ਕਈ ਨਵੀਆਂ ਵਿਚਾਰਧਾਰਾਵਾਂ ਚੱਲੀਆਂ ਪਰ ਅੱਜ ਵੀ ਜਦੋਂ ਯੂਰਪ ਦੇ ਵਿਦਵਾਨ ਆਪਣੀ ਫਿਲਾਸਫ਼ੀ ਦੀ ਰਚਨਾ ਵਿਚ ਨਵੇਂ ਨਵੇਂ ਸਿਧਾਂਤਾਂ ਦਾ ਪ੍ਰਚਾਰ ਅਤੇ ਪੁਰਾਣੇ ਸਿਧਾਂਤਾਂ ਦਾ ਖੰਡਨ ਕਰਦੇ ਹਨ ਤਾਂ ਵੀ ਉਹ ਅਰਸਤੂ ਦੇ ਦਾਇਰੇ ਤੋਂ ਬਾਹਰ ਨਹੀਂ ਜਾ ਸਕਦੇ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2489, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਅਰਸਤੂ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਰਸਤੂ : ਇਹ ਪ੍ਰਸਿੱਧ ਯੂਨਾਨੀ ਵਿਦਵਾਨ ਅਫ਼ਲਾਤੂਨ ਦਾ ਸ਼ਿਸ਼ ਸੀ । ਇਸ ਦਾ ਜਨਮ ਯੂਨਾਨ ਦੇਸ਼ ਦੀ ਮਕਦੂਨੀਆ ਰਿਆਸਤ ਦੇ ਇਕ ਨਵੇਂ ਵਸੇ ਕਸਬੇ ਸਟਜਾਈਰਾ ਵਿਚ 384 ਈ. ਪੂ. ਵਿਚ ਹੋਇਆ । ਇਸ ਦਾ ਪਿਤਾ ਨੀਕੋਮੇਕਸ ਮਕਦੂਨੀਆ ਦਾ ਸ਼ਾਹੀ ਵੈਦ ਸੀ । ਇਸ ਦੀ ਮਾਤਾ ਵੀ ਚੰਗੇ ਪ੍ਰਾਕ੍ਰਿਤਿਕ ਪਿਛੋਕੜ ਵਾਲੀ ਸੀ । ਜੀਵ-ਵਿਗਿਆਨ ਅਤੇ ਪ੍ਰਾਕ੍ਰਿਤਿਕ ਵਸਤੂਆਂ ਵਿਚ ਰੁਚੀ ਇਸ ਨੂੰ ਵਿਰਸੇ ਵਿਚ ਮਿਲੀ ਸੀ । ਅਰਸਤੂ ਦੇ ਮਾਤਾ ਪਿਤਾ ਇਸ ਦੇ ਬਚਪਨ ਵਿਚ ਹੀ ਮਰ ਗਏ ਸਨ ।

              ਲਗਭਗ 18 ਵਰ੍ਹਿਆਂ ਦੀ ਉਮਰ ਵਿਚ ਇਹ ਏਥੇਂਸ ਆਇਆ ਅਤੇ ਮਹਾਨ ਚਿੰਤਕ ਅਫ਼ਲਾਤੂਨ ਦਾ ਸ਼ਿਸ਼ ਬਣਿਆ । ਉਥੇ ਇਸ ਨੇ 20 ਸਾਲ ਤਕ ਆਪਣੇ ਉਸਤਾਦ ਦੇ ਦਾਰਸ਼ਨਿਕ ਵਿਚਾਰਾਂ ਦਾ ਬੜੀ ਬਾਰੀਕੀ ਨਾਲ ਅਧਿਐਨ ਕੀਤਾ । 347 ਈ. ਪੂ. ਵਿਚ ਅਫ਼ਲਾਤੂਨ ਦੀ ਮ੍ਰਿਤੂ ਤੋਂ ਬਾਦ ਇਸ ਨੇ ਵਿਆਹ ਕਰਕੇ ਏਥੇਂਸ ਨੂੰ ਛਡ ਦਿੱਤਾ ਅਤੇ ਆਪਣੇ ਮਿੱਤਰ ਹਰਮੀਆਸ ਕੋਲ ਰਹਿਣ ਲੱਗਾ ਜੋ ਐਟਾਰਨੀਅਸ ਦਾ ਸ਼ਾਸਕ ਸੀ । ਪਰ ਉਥੋਂ ਦੀ ਰਾਜਨੈਤਿਕ ਉਥਲ-ਪੁਥਲ ਕਾਰਣ ਇਹ 342 ਈ. ਪੂ. ਮਕਦੂਨੀਆ ਦੇ ਬਾਦਸ਼ਾਹ ਫੈਲਕੂਸ ਦੇ ਪਾਸ ਆਇਆ ਜਿਸ ਨੇ ਇਸ ਨੂੰ ਆਪਣੇ ਪੁੱਤਰ ਸਿਕੰਦਰ ਦਾ ਉਸਤਾਦ ਮੁਕੱਰਰ ਕੀਤਾ । ਲਗਭਗ ਅੱਠ ਵਰ੍ਹੇ ਇਹ ਸ਼ਾਹੀ ਦਰਬਾਰ ਵਿਚ ਰਿਹਾ ਅਤੇ ਫੈਲਕਸ ਦੀ ਮ੍ਰਿਤੂ ਤੋਂ ਬਾਦ ਏਥੇਂਸ ਪਰਤ ਆਇਆ । ਏਥੇਂਸ ਵਿਚ ਲਾਈਸੀਅਮ ਨਾਂ ਵਾਲੇ ਆਸ਼੍ਰਮ ਵਿਚ 13 ਵਰ੍ਹੇ ਰਹਿ ਕੇ ਇਸ ਨੇ ਆਪਣੇ ਸਿੱਧਾਂਤਾਂ ਨੂੰ ਕਿਤਾਬੀ ਰੂਪ ਦੇਣਾ ਸ਼ੁਰੂ ਕੀਤਾ ਅਤੇ ਆਪਣੇ ਸ਼ਿਸ਼ਾਂ ਨੂੰ ਅਧਿਐਨ ਕਰਵਾਇਆ । ਇਸ ਬਾਰੇ ਪ੍ਰਸਿੱਧ ਹੈ ਕਿ ਇਹ ਤੁਰਦਿਆਂ ਫਿਰਦਿਆਂ ਆਪਣੇ ਸ਼ਿਸ਼ਾਂ ਨੂੰ ਵਿਦਿਆ-ਦਾਨ ਦਿੰਦਾ ਸੀ । ਉਥੇ ਇਸ ਨੇ ਇਕ ਪੁਸਤਕਾਲਾ ਅਤੇ ਅਜਾਇਬ ਘਰ ਵੀ ਕਾਇਮ ਕੀਤਾ । 322 ਈ. ਪੂ. ਵਿਚ 62 ਵਰ੍ਹਿਆਂ ਦੀ ੳਮਰ ਭੋਗਣ ਉਪਰੰਤ ਇਸ ਦਾ ਦੇਹਾਂਤ ਹੋਇਆ ।

              ਅਰਸਤੂ ਦੀਆਂ ਰਚੀਆਂ ਪੁਸਤਕਾਂ ਦੀ ਗਿਣਤੀ ਇਕ ਹਜ਼ਾਰ ਤਕ ਮੰਨੀ ਜਾਂਦੀ ਹੈ , ਪਰ ਉਨ੍ਹਾਂ ਵਿਚੋਂ ਬਹੁਤ ਸਾਰੀਆਂ ਪ੍ਰਮਾਣਿਕ ਨਹੀਂ ਹਨ । ਅਰਸਤੂ ਨੇ ਤਰਕ-ਸ਼ਾਸਤ੍ਰ , ਨੀਤੀ-ਸ਼ਾਸਤ੍ਰ , ਰਾਜਨੀਤੀ-ਸ਼ਾਸਤ੍ਰ , ਅਰਥ-ਸ਼ਾਸਤ੍ਰ , ਅਲੰਕਾਰ-ਸ਼ਾਸਤ੍ਰ , ਕਾਵਿ-ਸ਼ਾਸਤ੍ਰ , ਭੌਤਿਕ-ਸ਼ਾਸਤ੍ਰ , ਜੀਵ-ਸ਼ਾਸਤ੍ਰ ਆਦਿ ਬਾਰੇ ਪੁਸਤਕਾਂ ਲਿਖ ਕੇ ਆਪਣੇ ਸਿੱਧਾਂਤਾਂ ਦੀ ਸਥਾਪਨਾ ਕੀਤੀ । ਇਸ ਤਰ੍ਹਾਂ ਅਰਸਤੂ ਦੇ ਗਿਆਨ ਦਾ ਘੇਰਾ ਬਹੁਤ ਵਿਸ਼ਾਲ ਹੈ । ਇਸ ਨੇ ਜਿਸ ਵਿਸ਼ੇ ਉਤੇ ਲਿਖ ਦਿੱਤਾ , ਉਸ ਵਿਚਲੇ ਸਿੱਧਾਂਤ ਦੀ ਹੁਣ ਤਕ ਵੀ ਧਾਕ ਕਾਇਮ ਹੈ । ਅਰਸਤੂ ਦੀ ਵਿਚਾਰਧਾਰਾ ਭਾਵੇਂ ਆਪਣੇ ਉਸਤਾਦ ਅਫ਼ਲਾਤੂਨ ਦੀ ਵਿਚਾਰਧਾਰਾ ਦਾ ਹੀ ਵਿਕਾਸ ਕਰਦੀ ਸੀ , ਪਰ ਇਹ ਸੁਤੰਤਰ ਚਿੰਤਕ ਹੋਣ ਨਾਤੇ ਕਈ ਵਾਰ ਅਰਸਤੂ ਦੀ ਵਿਚਾਰਧਾਰਾ ਤੋਂ ਹਟ ਕੇ ਵੀ ਚਲਦਾ ਸੀ ।

              ਅਰਸਤੂ ਦੀ ਸਭ ਤੋਂ ਮਹਾਨ ਰਚਨਾ ਤਰਕ-ਸ਼ਾਸਤ੍ਰ ਹੈ ਜੋ ਅੱਜ ਤਕ ਦੇ ਤਰਕ-ਸ਼ਾਸਤ੍ਰ ਦਾ ਮੂਲਾਧਾਰ ਹੈ ਅਤੇ ਜਿਸ ਵਿਚ ਸੁਕਰਾਤ ਅਤੇ ਅਫ਼ਲਾਤੂਨ ਦੀ ਵਿਚਾਰ-ਛਾਇਆ ਮੌਜੂਦ ਹੈ । ਇਸ ਨੇ ਰਾਜਨੀਤੀ-ਸ਼ਾਸਤ੍ਰ ਵਿਚ ਜਨ-ਹਿਤ ਉਤੇ ਜ਼ੋਰ ਦਿੱਤਾ ਹੈ ਅਤੇ ਨੀਤੀ-ਸ਼ਾਸਤ੍ਰ ਵਿਚ ਇਸ ਨੇ ਸ਼ੁੱਧ ਅਤੇ ਸੱਚੀ ਮਾਨਵਤਾ ਦੇ ਵਿਕਾਸ ਦਾ ਵਿਸ਼ਲੇਸ਼ਣ ਕੀਤਾ ਹੈ । ਸਾਹਿੱਤ ਅਤੇ ਕਲਾ ਦੇ ਖੇਤਰ ਵਿਚ ਇਸ ਦੇ ਵਿਚਾਰ ਸੋਹਜਵਾਦੀ ਹਨ । ਕਾਫ਼ੀ ਸਮੇਂ ਤਕ ਇਸ ਦੀਆਂ ਰਚਨਾਵਾਂ ਅੰਧਕਾਰ ਵਿਚ ਹੀ ਰਹੀਆਂ , ਪਰ ਮੱਧ ਯੁਗ ਵਿਚ ਰੋਮਨ ਕੈਥੋਲਿਕ ਧਰਮ ਦੀ ਦ੍ਰਿੜ੍ਹਤਾ ਨਾਲ ਉਸ ਵੇਲੇ ਦੀ ਸੰਸਕ੍ਰਿਤੀ ਅਤੇ ਸਭਿਅਤਾ ਉਤੇ ਅਰਸਤੂ ਦੀ ਵਿਚਾਰਧਾਰਾ ਦਾ ਬਹੁਤ ਪ੍ਰਭਾਵ ਪਿਆ ਅਤੇ ਅਨੇਕ ਭਾਸ਼ਾਵਾਂ ਵਿਚ ਇਸ ਦੀਆਂ ਰਚਨਾਵਾਂ ਦੇ ਅਨੁਵਾਦ ਛੱਪਣ ਲਗੇ । ਇਸ ਤਰ੍ਹਾਂ ਸਾਰੇ ਵਿਸ਼ਵ ਵਿਦਿਆਲਿਆਂ , ਅਮੀਰ ਲੋਕਾਂ ਦੀਆਂ ਲਾਇਬ੍ਰੇਰੀਆਂ ਵਿਚ ਅਰਸਤੂ ਦੀਆਂ ਪਸਤਕਾਂ ਸ਼ਿੰਗਾਰ ਬਣਨ ਲਗੀਆਂ । ਇਹ ਆਪਣੇ ਵਕਤ ਦਾ ਪ੍ਰਮੁਖ ਚਿੰਤਕ ਅਤੇ ਵਿਸ਼ਵ-ਪ੍ਰਸਿੱਧੀ ਵਾਲਾ ਵਿਦਵਾਨ ਸੀ । ਪੰਜਾਬੀ ਕਾਵਿ ਵਿਚ ਇਸ ਬਾਰੇ ਇਕ ਗੰਭੀਰ ਸੂਝਵਾਨ ਵਜੋਂ ਸੰਕੇਤ ਮਿਲਦੇ ਹਨ । ਸੱਸੀ-ਹਾਸ਼ਮ ਵਿਚ ਲਿਖਿਆ ਹੈ— ‘ ਅਫਲਾਤੂਨ ਜੇਹੇ ਹੋਣ ਸ਼ਗਿਰਦ ਹੁਨਰ ਦੇ । ’


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2486, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.