ਅਰਾਜਕਤਾ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Anarchy ਅਰਾਜਕਤਾ : ਅਰਾਜਕਤਾ ਨੂੰ ਕਈ ਪ੍ਰਕਾਰ ਦੇ ਰਾਜਨੀਤਿਕ ਰਾਜਾਂ ਲਈ ਵਰਤਿਆ ਜਾ ਸਕਦਾ ਹੈ ਅਤੇ ਇਸ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ । ਅਧਿਕ ਕਰਕੇ ਸ਼ਬਦ ‘ ਅਰਾਜ਼ਕਤਾ ’ ਸਧਾਰਣ ਤੌਰ ਤੇ ਜਨਤਕ ਰੂਪ ਵਿਚ ਪਰਵਾਣਿਤ ਸਰਕਾਰ ਜਾਂ ਪ੍ਰਚਲਿਤ ਰਾਜਨਤਿਕ ਅਥਾਰਿਟੀ ਦੀ ਅਣਹੋਂਦ ਨੂੰ ਹੀ ਦਰਸਾਉਂਦਾ ਹੈ । ਜਦੋਂ ਇਸ ਸ਼ਬਦ ਦੀ ਇਸ ਭਾਵ ਨਾਲ ਵਰਤੋਂ ਕੀਤੀ ਜਾਂਦੀ ਹੈ ਤਾਂ ਅਰਾਜਕਤਾ ਦਾ ਭਾਵ ਸਮਾਜ ਦੇ ਅੰਦਰ ਰਾਜਨੀਤਿਕ ਅਵਿਵਸਥਾ ਜਾਂ ਵਿਧੀ ਹੀਣਤਾ ਹੋ ਵੀ ਸਕਦਾ ਹੈ ਜਾਂ ਨਹੀਂ ਵੀ ਹੋ ਸਕਦਾ । ਦੂਜੇ ਭਾਵ ਅਨੁਸਾਰ ਅਰਾਜਕਤਾ ਅਥਾਰਿਟੀ ਜਾਂ ਰਾਜਨੀਤਿਕ ਸੰਗਠਨ ਦੀ ਮੁਕੰਮਲ ਅਣਹੋਂਦ ਨੂੰ ਨਾ ਦਰਸਾਏ ਸਗੋਂ ਇਸ ਦੀ ਥਾਂ ਨਿਰਪੇਖ ਪ੍ਰਤੱਖ ਲੋਕ ਰਾਜ ਜਾਂ ਉਦਾਰਵਾਦ ਦਾ ਪ੍ਰਤੀਕ ਹੋ ਸਕਦਾ ਹੈ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1968, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਅਰਾਜਕਤਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਅਰਾਜਕਤਾ : ‘ ਅਰਾਜਕਤਾ’ ਦਾ ਅਰਥ ਬੁਰਛਾਗਰਦੀ , ਦੇਸ਼ ਵਿਚ ਅਫ਼ਰਾ ਤਫ਼ਰੀ ਜਾਂ ‘ ਹੰਨੇ ਹੰਨੇ ਮੀਰੀ’ ਹੈ ਪਰ ਰਾਜਨੀਤਿਕ ਪਰਿਭਾਸ਼ਾ ਵਿਚ ਅਰਾਜਕਤਾ ਇਕ ਆਦਰਸ਼ ਹੈ ਜਿਸ ਦਾ ਸਿਧਾਂਤ ਅਰਾਜਕਤਾਵਾਦ ਹੈ । ਅਰਾਜਕਤਵਾਦ ਰਾਜ-ਪ੍ਰਬੰਧ ਨੂੰ ਖ਼ਤਮ ਕਰ ਕੇ ਵਿਅਕਤੀਆਂ , ਸਮੂਹਾਂ ਤੇ ਕੌਮਾਂ ਵਿਚਕਾਰ ਸੁਤੰਤਰ ਅਤੇ ਸੁਭਾਵਕ ਮਿਲਵਰਤਣ ਰਾਹੀਂ ਸਮੁੱਚੇ ਮਨੁੱਖੀ ਸਬੰਧਾਂ ਵਿਚਕਾਰ ਨਿਆਂ ਕਾਇਮ ਕਰਨ ਦੇ ਯਤਨਾਂ ਦਾ ਸਿਧਾਂਤ ਹੈ । ਅਰਾਜਕਤਾਵਾਦ ਅਨੁਸਾਰ ਕੰਮ ਕਰਨ ਦੀ ਖੁਲ੍ਹ ਜੀਵਨ ਦਾ ਅਗਾਂਹ-ਵਧੂ ਨਿਯਮ ਹੈ ਅਤੇ ਇਸੇ ਲਈ ਇਸ ਦਾ ਮੰਤਵ ਸਮਾਜਕ-ਸੰਗਠਨ , ਵਿਅਕਤੀਆਂ ਨੂੰ ਕੰਮ ਕਰਨ ਦੀ ਖੁਲ੍ਹ ਦੇਣ ਲਈ ਵੱਧ ਤੋਂ ਵੱਧ ਮੌਕੇ ਪੈਦਾ ਕਰਨਾ ਹੈ । ਮਨੁੱਖੀ ਸੁਭਾ ਵਿਚ ਸ੍ਵੈ-ਸੰਜਮ ਅਜਿਹੀ ਸ਼ਕਤੀ ਹੈ ਜੋ ਬਾਹਰਲੇ ਬੰਧੇਜ ਤੋਂ ਆਜ਼ਾਦ ਰਹਿ ਕੇ ਸਹਿਜੇ ਹੀ ਇਕ ਮੁਨਾਸਬ ਪ੍ਰਬੰਧ ਕਾਇਮ ਕਰ ਸਕਦੀ ਹੈ । ਮਨੁੱਖ ਵਾਸਤੇ ਇਹ ਬੰਧਨ ਸਮਾਜਕ ਅਤੇ ਅਖ਼ਲਾਕੀ ਬੁਰਾਈਆਂ ਦੀ ਜੜ੍ਹ ਹਨ । ਇਸੇ ਲਈ ਹਿੰਸਾ ਦੇ ਸਹਾਰੇ ਤੇ ਕਾਇਮ ਰਾਜ ਅਤੇ ਉਸ ਦੀਆਂ ਹੋਰ ਸੰਸਥਾਵਾਂ ਇਸ ਬੁਰਿਆਈ ਨੂੰ ਦੂਰ ਨਹੀਂ ਕਰ ਸਕਦੀਆਂ । ਸੁਭਾਵਕ ਤੌਰ ਤੇ ਮਨੁੱਖ ਚੰਗਾ ਹੈ ਪਰ ਇਹ ਸੰਸਥਾਵਾਂ ਉਸ ਨੂੰ ਖ਼ਰਾਬ ਕਰ ਦਿੰਦੀਆਂ ਹਨ । ਬਾਹਰ ਦੇ ਕੰਟਰੋਲਾਂ ਤੋਂ ਆਜ਼ਾਦ ਵਾਸਤਵਿਕ ਸੁਤੰਤਰਤਾ ਦਾ ਸਮੂਹਕ ਜੀਵਨ ਵਧੇਰੇ ਕਰਕੇ ਛੋਟੇ-ਛੋਟੇ ਸਮੂਹਾਂ ਵਿਚ ਹੀ ਸੰਭਵ ਹੋ ਸਕਦਾ ਹੈ ।

                  ਸਪੱਸ਼ਟ ਰੂਪ ਵਿਚ ਅਰਾਜਕਤਾਵਾਦ ਦੇ ਸਿਧਾਂਤ ਦੀ ਸਭ ਤੋਂ ਪਹਿਲਾਂ ਵਿਆਖਿਆ ਕਰਨ ਦਾ ਸਿਹਰਾ ਸਟੋਇਕ ਵਿਚਾਰਧਾਰਾ ਦੇ ਮੋਢੀ ਜ਼ੀਨੇ ਦੇ ਸਿਰ ਹੈ । ਉਸਨੇ ਅਜਿਹੇ ਰਾਜ-ਰਹਿਤ ਸਮਾਜ ਨੂੰ ਕਾਇਮ ਕਰਨ ਤੇ ਜ਼ੋਰ ਦਿੱਤਾ ਜਿਸ ਵਿਚ ਪੂਰੀ ਪੂਰੀ ਬਰਾਬਰੀ ਅਤੇ ਆਜ਼ਾਦੀ ਮਨੁੱਖੀ ਸੁਭਾਅ ਦੇ ਨਰੋਏ ਝੁਕਾਵਾਂ ਦਾ ਵਿਕਾਸ ਕਰ ਕੇ ਹਰ ਪੱਖ ਤੋਂ ਸਾਂਵਾਪਨ ਕਾਇਮ ਕਰ ਸਕੇ । ਦੂਜੀ ਸਦੀ ਦੇ ਅੱਧ ਵਿਚ ਅਰਾਜਕਤਾਵਾਦ ਸਮਾਜਵਾਦ ਦੇ ਮੋਢੀ ਕਾਰੋਪੋਕਰੇਟੀਜ਼ ਨੇ ਰਾਜ ਦੇ ਨਾਲ ਨਾਲ ਨਿੱਜੀ ਜਾਇਦਾਦ ਦੀ ਜੜ੍ਹਾਂ ਵੀ ਹਿਲਾਉਣ ਵਾਲਾ ਇਕ ਸਿਧਾਂਤ ਪੇਸ਼ ਕੀਤਾ । ਮੱਧ ਕਾਲ ਦੇ ਪਿਛਲੇ ਅੱਧ ਵਿਚ ਈਸਾਈ ਫ਼ਿਲਾਸਫ਼ਰਾਂ ਤੇ ਹੋਰ ਵੱਖ ਵੱਖ ਧੜਿਆਂ ਦੀਆਂ ਵਿਚਾਰਧਾਰਾਵਾਂ ਅਤੇ ਸੰਗਠਨਾਂ ਵਿਚ ਵੀ ਕੁਝ ਅਰਾਜਕਤਾਵਾਦ ਝੁਕਾਆ ਸਾਫ਼ ਸਾਫ਼ ਨਜ਼ਰ ਆਏ ਜਿਨ੍ਹਾਂ ਦਾ ਇਹ ਦਾਅਵਾ ਸੀ ਕਿ ਵਿਅਕਤੀ ਪਰਮਾਤਮਾ ਨਾਲ ਸਿੱਧਾ ਰਹੱਸਮਈ ਸਬੰਧ ਜੋੜ ਕੇ ਪਾਪਾਂ ਤੋਂ ਛੁਟਕਾਰਾ ਪਾ ਸਕਦਾ ਹੈ ।

                  ਅਜੋਕੇ ਅਰਥਾਂ ਵਿਚ ਅਰਾਜਕਤਾਵਾਦ ਸਿਧਾਂਤ ਦੀ ਨਿਯਮਬੱਧ ਵਿਆਖਿਆ ਵਿਲੀਅਮ ਗਾਡਵਿਨ ਨੇ ਕੀਤੀ ਜਿਸ ਅਨੁਸਾਰ ਸਰਕਾਰ ਅਤੇ ਨਿੱਜੀ ਜਾਇਦਾਦ ਦੋ ਅਜਿਹੀਆਂ ਬੁਰਿਆਈਆਂ ਹਨ ਜਿਹੜੀਆਂ ਮਨੁੱਖ ਜਾਤੀ ਦੇ ਕੁਦਰਤੀ ਵਿਕਾਸ ਦੇ ਰਾਹ ਵਿਚ ਰੋੜਾ ਹਨ । ਖ਼ੁਦਮੁਖ਼ਤਾਰ ਹੋਣ ਦੇ ਕਾਰਨ ਸਰਕਾਰ ਦੂਜਿਆਂ ਨੂੰ ਆਪਣੇ ਵਸ ਵਿਚ ਕਰਨ ਦਾ ਕਾਰਨ ਬਣੀ ਅਤੇ ਨਿੱਜੀ ਜਾਇਦਾਦ ਆਪਣੀ ਅਯੋਗ ਵਰਤੋਂ ਰਾਹੀਂ ਦੂਜਿਆਂ ਨਾਲ ਅਨਿਆਂ ਦਾ ਕਾਰਨ ਬਣੀ ਪਰ ਗਾਡਵਿਨ ਨੇ ਸਮੁੱਚੀ ਜਾਇਦਾਦ ਨੂੰ ਨਹੀਂ ਸਗੋਂ ਕੇਵਲ ਉਸੇ ਜਾਇਦਾਦ ਨੂੰ ਭੈੜਾ ਕਿਹਾ ਹੈ ਜਿਹੜੀ ਅਯੋਗ ਵਰਤੋਂ ਵਿਚ ਸਹਾਇਕ ਹੁੰਦੀ ਹੈ । ਆਦਰਸ਼ਕ ਸਮਾਜਕ ਸੰਗਠਨ ਨੂੰ ਕਾਇਮ ਰੱਖਣ ਲਈ ਉਸ ਨੇ ਹਿੰਸਾਤਮਕ ਇਨਕਲਾਬੀ ਵਸੀਲਿਆਂ ਨੂੰ ਮਾੜਾ ਦੱਸਿਆ ਹੈ । ਨਿਆਂ ਦੇ ਆਦਰਸ਼ ਦੇ ਪ੍ਰਚਾਰ ਨਾਲ ਵੀ ਵਿਅਕਤੀ ਵਿਚ ਉਹ ਚੇਤਨਾ ਲਿਆਂਦੀ ਜਾ ਸਕਦੀ ਹੈ ਜਿਸ ਨਾਲ ਉਹ ਛੋਟੀਆਂ ਛੋਟੀਆਂ ਸਥਾਨਕ ਇਕਾਈਆਂ ਦੇ ਆਦਰਸ਼ ਤੱਕ ਤੇ ਅਰਾਜਕਤਾਵਾਦੀ ਨਿਜ਼ਾਮ ਨੂੰ ਕਾਇਮ ਰੱਖਣ ਵਿਚ ਸਹਾਈ ਹੋ ਸਕੇ ।

                  ਇਸ ਤੋਂ ਪਿੱਛੋਂ ਦੀਆਂ ਵਿਚਾਰਧਾਰਾਵਾਂ ਨੇ ਖ਼ਾਸ ਤੌਰ ਤੇ ਅਰਾਜਕਤਾਵਾਦੀ ਸਿਧਾਂਤ ਦੇ ਵਿਕਾਸ ਵਿਚ ਸਹਾਇਤਾ ਕੀਤੀ । ਇਨ੍ਹਾਂ ਵਿਚੋਂ ਇਕ ਨਿਰੋਲ ਵਿਅਕਤੀਵਾਦ ਦੀ ਵਿਚਾਰਧਾਰਾ ਸੀ ਜਿਸ ਦਾ ਪ੍ਰਤੀਨਿਧ ਹਰਬਰਟ ਸਪੈਂਸਰ ਹੈ । ਇਨ੍ਹਾਂ ਵਿਚਾਰਵਾਨਾਂ ਦੇ ਖ਼ਿਆਲ ਅਨੁਸਾਰ ਸੁਤੰਤਰਤਾ ਅਤੇ ਸ਼ਕਤੀ ਵਿਚ ਵਿਰੋਧ ਹੈ ਅਤੇ ਹਕੂਮਤ ਮਾੜੀ ਹੀ ਨਹੀਂ ਸਗੋਂ ਬੇਲੋੜੀ ਵੀ ਹੈ ਪਰ ਵਿਚਾਰਵਾਨ ਨਿੱਜੀ ਜਾਇਦਾਦ ਨੂੰ ਖ਼ਤਮ ਕਰਨ ਦੇ ਹੱਕ ਵਿਚ ਨਹੀਂ ਸਨ ਅਤੇ ਨਾ ਹੀ ਇਹ ਜੱਥੇਬੰਦ ਧਰਮ ਦੇ ਵਿਰੁੱਧ ਸਨ ।

                  ਦੂਜੀ ਵਿਚਾਰਧਾਰਾ ਦਾ ਸਬੰਧ ਫੋਇਰਬਾਕ ਦੇ ਫ਼ਲਸਫ਼ੇ ਨਾਲ ਸੀ ਜਿਸ ਨੇ ਸੰਗਠਿਤ ਧਰਮ ਅਤੇ ਇਸੇ ਤਰ੍ਹਾਂ ਹਕੂਮਤ ਦੇ ਅਧਿਆਤਮਕ ਆਧਾਰ ਦਾ ਵਿਰੋਧ ਕੀਤਾ । ਫ਼ੋਇਰਬਾਕ ਦੇ ਇਨਕਲਾਬੀ ਖ਼ਿਆਲਾਂ ਨਾਲ ਸਹਿਮਤ ਮੈਕਸ ਸਟਰਨਰ ( 1806-56 ਈ. ) ਨੇ ਸਮਾਜ ਨੂੰ ਕੇਵਲ ਮ੍ਰਿਗਜਲੀ ਵਰਗਾ ਇਕ ਵਹਿਮ ਦੱਸਿਆ ਹੈ ਅਤੇ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਮਨੁੱਖ ਦੀ ਆਪਣੀ ਸ਼ਖਸੀਅਤ ਹੀ ਇਕ ਅਜਿਹੀ ਸਚਾਈ ਹੈ ਜਿਸ ਨੂੰ ਜਾਣਿਆ ਜਾ ਸਕਦਾ ਹੈ । ਸ਼ਖ਼ਸੀਅਤ ਨੂੰ ਹੱਦਾਂ ਵਿਚ ਜਕੜਨ ਵਾਲੇ ਸਾਰੇ ਨਿਯਮ ਖੁਦੀ ਦੇ ਨਰੋਏ ਵਿਕਾਸ ਲਈ ਰੁਕਾਵਟ ਹਨ । ਰਾਜ-ਗੱਦੀ ਉੱਤੇ ਜੇਕਰ ਨਿੱਜਵਾਦੀਆਂ ਦੀ ਸੰਸਥਾ ਦਾ ਕਬਜ਼ਾ ਹੋਵੇਗਾ ਤਾਂ ਆਦਰਸ਼ ਪ੍ਰਬੰਧ ਵਿਚ ਆਰਥਿਕ ਲੁੱਟ-ਖਸੁੱਟ ਖ਼ਤਮ ਹੋ ਜਾਵੇਗੀ ਕਿਉਂਕਿ ਸਮਾਜ ਦੀ ਪ੍ਰਮੁੱਖ ਪੈਦਾਵਾਰ ਸੁਤੰਤਰ ਮਿਲਵਰਤਨ ਦਾ ਸਿੱਟਾ ਹੋਵੇਗੀ । ਇਨਕਲਾਬ ਬਾਰੇ ਉਸ ਦਾ ਵਿਚਾਰ ਸੀ ਕਿ ਹਿੰਸਾ ਉੱਤੇ ਕਾਇਮ ਹੋਏ ਰਾਜ ਦਾ ਖ਼ਾਤਮਾ ਹਿੰਸਾ ਰਾਹੀਂ ਹੀ ਕੀਤਾ ਜਾ ਸਕਦਾ ਹੈ ।

                  ਅਰਾਜਕਤਾਵਾਦ ਨੂੰ ਸੁਚੇਤ ਲੋਕ-ਲਹਿਰ ਬਣਾਉਣ ਦਾ ਸਿਹਰਾ ਪਰੂਦਾਂ ਦੇ ਸਿਰ ਹੈ । ਉਸ ਨੇ ਜਾਇਦਾਦ ਦੀ ਅਜਾਰੇਦਾਰੀ ਅਤੇ ਉਸ ਦੀ ਨਾਜਾਇਜ਼ ਮਾਲਕੀ ਦਾ ਵਿਰੋਧ ਕੀਤਾ । ਆਦਰਸ਼-ਸਮਾਜਕ ਨਿਜ਼ਾਮ ਉਹ ਹੈ ਜਿਹੜਾ ਅਮਨ ਵਿਚ ਸੁਤੰਤਰਤਾ ਅਤੇ ਏਕਤਾ ਦੀ ਖੁੱਲ੍ਹ ਦੇਵੇ । ਇਸ ਆਦਰਸ਼ ਨੂੰ ਪ੍ਰਾਪਤ ਕਰਨ ਲਈ ਦੋ ਮੌਲਿਕ ਇਨਕਲਾਬ ਜ਼ਰੂਰੀ ਹਨ ਜਿਨ੍ਹਾਂ ਵਿਚੋਂ ਇਕ ਅਜੋਕੇ ਆਰਥਿਕ ਪ੍ਰਬੰਧ ਦੇ ਵਿਰੁੱਧ ਅਤੇ ਦੂਜਾ ਅਜੋਕੇ ਰਾਜ ਦੇ ਵਿਰੁੱਧ ਹੋਵੇ ਪਰ ਕਿਸੇ ਹਾਲਤ ਵਿਚ ਵੀ ਇਹ ਇਨਕਲਾਬ ਹਿੰਸਾ ਰਾਹੀਂ ਨਹੀਂ ਹੋਣਾ ਚਾਹੀਦਾ ਸਗੋਂ ਮਨੁੱਖ ਦੀ ਆਰਥਿਕ ਆਜ਼ਾਦੀ ਅਤੇ ਉਸਦੇ ਸਦਾਚਾਰ ਦੇ ਵਿਕਾਸ ਉਪਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ । ਅੰਤਮ ਰੂਪ ਵਿਚ ਪਰੂਦਾਂ ਨੇ ਇਹ ਪਰਵਾਨ ਕੀਤਾ ਕਿ ਰਾਜ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਦਾ । ਇਸ ਲਈ ਅਰਾਜਕਤਾਵਾਦ ਦਾ ਮੁੱਖ ਮੰਤਵ ਜਿਥੋਂ ਤੱਕ ਹੋ ਸਕੇ ਸੁਤੰਤਰ ਸਮੂਹਕ ਜੀਵਨ ਰਾਹੀਂ ਰਾਜ ਤੇ ਕੰਮਾਂ ਨੂੰ ਘੱਟ ਕਰਨਾ , ਹੋਣਾ ਚਾਹੀਦਾ ਹੈ ।

                  ਬੈਕੂਨੀਅਨ ਨੇ ਅਜੋਕੇ ਅਰਜਾਕਤਾਵਾਦ ਵਿਚ ਸਿਰਫ਼ ਨਵੇਂ ਝੁਕਾਅ ਹੀ ਨਹੀਂ ਲਿਆਂਦੇ ਸਗੋਂ ਉਸ ਨੂੰ ਸਾਮਵਾਦੀ ਰੂਪ ਵੀ ਦਿੱਤਾ ਹੈ । ਉਸ ਨੇ ਧਰਤੀ ਅਤੇ ਉਪਜ ਦੇ ਦੂਜੇ ਸਾਧਨਾਂ ਦੀ ਸਮੂਹਕ ਮਾਲਕੀ ਉੱਤੇ ਜ਼ੋਰ ਦੇਣ ਦੇ ਨਾਲ ਨਾਲ ਵਰਤਣ ਵਾਲੀਆਂ ਚੀਜ਼ਾਂ ਦੀ ਨਿੱਜੀ ਮਾਲਕੀ ਨੂੰ ਵੀ ਪਰਵਾਨ ਕੀਤਾ ਹੈ । ਅਰਾਜਕਤਾਵਾਦ , ਸੰਦੇਹਵਾਦ ਅਤੇ ਸੁਤੰਤਰ ਧੜਿਆਂ ਵਿਚ ਆਪਣੀ ਇੱਛਾ ਉੱਤੇ ਮਿਲਵਰਤਨ ਦਾ ਸਿਧਾਂਤ ਉਸ ਦੇ ਵਿਚਾਰਾਂ ਦੇ ਮੂਲ ਆਧਾਰ ਹਨ । ਇਸ ਦੇ ਸਿੱਟੇ ਵਜੋਂ ਬੈਕੂਨੀਅਨ ਰਾਜ , ਧਰਮ ਅਤੇ ਨਿੱਜੀ ਜਾਇਦਾਦ ਤਿੰਨਾਂ ਦਾ ਹੀ ਵਿਰੋਧੀ ਹੈ । ਉਸ ਦੇ ਵਿਚਾਰ ਅਨੁਸਾਰ ਅੱਜ ਦਾ ਸਮਾਜ ਦੋ ਧੜਿਆਂ ਵਿਚ ਵੰਡਿਆ ਹੋਇਆ ਹੈ । ਇਕ ਸਰਮਾਇਦਾਰ ਧੜਾ ਹੈ ਜਿਸ ਦੇ ਹੱਥ ਵਿਚ ਰਾਜ ਦੀ ਸੱਤਾ ਰਹਿੰਦੀ ਹੈ ਅਤੇ ਦੂਜਾ ਨਿਰਧਨ ਧੜਾ ਜਿਹੜਾ ਜ਼ਮੀਨ , ਧਨ ਤੇ ਵਿੱਦਿਆ ਤੋਂ ਵਾਂਝਾ ਰਹਿ ਕੇ ਪਹਿਲੇ ਧੜੇ ਦੇ ਦਬਾਉ ਹੇਠ ਰਹਿੰਦਾ ਹੈ ਅਤੇ ਇਸੇ ਲਈ ਉਹ ਸੁਤੰਤਰਤਾ ਤੋਂ ਵਾਂਝਾ ਰਹਿੰਦਾ ਹੈ । ਸਮਾਜ ਵਿਚ ਹਰ ਇਕ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ । ਇਸ ਲਈ ਦੂਜਿਆਂ ਨੂੰ ਦਬਾਅ ਕੇ ਰੱਖਣ ਵਾਲੀ ਹਰ ਕਿਸਮ ਦੀ ਤਾਕਤ ਤੋਂ ਪਿੱਛਾ ਛੁਡਾਉਣਾ ਪਵੇਗਾ । ਪਰਮਾਤਮਾ ਅਤੇ ਰਾਜ ਅਜਿਹੀਆਂ ਹੀ ਦੋ ਸ਼ਕਤੀਆਂ ਹਨ । ਇਕ ਪਰਾਲੋਕਿਕ ਸੰਸਾਰ ਵਿਚ ਤੇ ਦੂਜਾ ਲੋਕਿਕ ਜਗਤ ਵਿਚ ਉੱਚ ਤੋਂ ਉੱਚੀ ਸੱਤਾ ਦੇ ਸਿਧਾਂਤ ਉੱਤੇ ਨਿਰਭਰ ਹੈ । ਧਰਮ ਪਿਹਲੇ ਸਿਧਾਂਤ ਦਾ ਸਾਖਿਆਤ ਰੂਪ ਹੈ । ਇਸ ਲਈ ਹਕੂਮਤ ਦਾ ਵਿਰੋਧ ਕਰਨ ਵਾਲਾ ਅੰਦੋਲਨ ਧਰਮ ਵਿਰੋਧੀ ਵੀ ਹੋਣਾ ਹੈ ਇਸ ਤੋਂ ਛੁੱਟ ਹਕੂਮਤ ਨੇ ਸਦਾ ਨਿੱਜੀ ਜਾਇਦਾਦ ਨੂੰ ਉਤਸ਼ਾਹ ਦਿੱਤਾ ਹੈ । ਇਸ ਲਈ ਇਹ ਇਨਕਲਾਬ ਨਿੱਜੀ ਜਾਇਦਾਦ ਦੇ ਵਿਰੁੱਧ ਵੀ ਹੋਣਾ ਚਾਹੀਦਾ ਹੈ । ਇਨਕਲਾਬ ਦੇ ਸਬੰਧ ਵਿਚ ਬੈਕੂਨੀਅਨ ਨੇ ਹਿੰਸਾਤਮਕ ਸਾਧਨਾਂ ਉੱਤੇ ਆਪਣਾ ਵਿਸ਼ਵਾਸ ਦੱਸਿਆ ਹੈ । ਇਨਕਲਾਬ ਦਾ ਸਭ ਤੋਂ ਵੱਡਾ ਨਿਸ਼ਾਨਾ ਇਨ੍ਹਾਂ ਤਿੰਨ ਸੰਸਥਾਵਾਂ ਨੂੰ ਖ਼ਤਮ ਕਰਨਾ ਹੈ ਪਰ ਨਵੇਂ ਸਮਾਜ ਦੀ ਸਥਾਪਨਾ ਬਾਰੇ ਬੈਕੂਨੀਅਨ ਚੁੱਪ ਹੈ । ਮਨੁੱਖ ਦੇ ਸਹਿਯੋਗੀ ਸੁਭਾਅ ਉੱਤੇ ਅਥਾਹ ਵਿਸ਼ਵਾਸ ਹੋਣ ਦੇ ਕਾਰਨ ਅੰਧਵਿਸ਼ਵਾਸ , ਹਕੂਮਤ ਦੇ ਭ੍ਰਿਸ਼ਟਾਚਾਰ ਅਤੇ ਨਿੱਜੀ ਜਾਇਦਾਦ ਦੀ ਲੁੱਟ-ਖਸੁੱਟ ਤੋਂ ਛੁਟਕਾਰਾ ਪਾ ਕੇ ਆਪਣਾ ਅਰੋਗ ਸੰਗਠਨ ਆਪੇ ਕਰ ਲਵੇਗਾ । ਇਨਕਲਾਬ ਦੇ ਸਬੰਧ ਵਿਚ ਉਸ ਦਾ ਵਿਚਾਰ ਸੀ ਕੇ ਇਨਕਲਾਬ ਆਮ ਲੋਕਾਂ ਦੀ ਸੁਭਾਵਿਕ ਕੰਮਾਂ ਦਾ ਸਿੱਟਾ ਹੋਣਾ ਚਾਹੀਦਾ ਹੈ । ਇਸ ਦੇ ਨਾਲ ਹੀ ਹਿੰਸਾ ਉੱਤੇ ਵਧੇਰੇ ਜ਼ੋਰ ਦੇ ਕੇ ਉਸ ਨੇ ਅਰਾਜਕਤਾਵਾਦ ਨਾਲ ਹੁੱਲੜਬਾਜ਼ੀ ਦਾ ਸਿਧਾਂਤ ਜੋੜ ਦਿੱਤਾ ।

                  ਪਿਛਲੀ ਸਦੀ ਦੇ ਪਿਛਲੇ ਅੱਧ ਵਿਚ ਅਰਾਜਕਤਾਵਾਦ ਨੇ ਵੱਧ ਤੋਂ ਵੱਧ ਸਾਮਵਾਦੀ ਰੂਪ ਅਪਣਾਇਆ ਹੈ । ਇਸ ਅੰਦੋਲਨ ਦੇ ਨੇਤਾ ਕ੍ਰੋਪਾਟਕਿਨ ਨੇ ਮੁਕੰਮਲ ਕਮਿਊਨਿਜ਼ਮ ਉੱਤੇ ਜ਼ੋਰ ਦਿੱਤਾ ਹੈ ਪਰ ਨਾਲ ਹੀ ਉਸ ਨੇ ਲੋਕ-ਅੰਦੋਲਨ ਰਾਹੀਂ ਹਕੂਮਤ ਨੂੰ ਨਸ਼ਟ ਕਰਨ ਦੀ ਗੱਲ ਕਹਿ ਕੇ ਹਕੂਮਤ ਕਰਨ ਵਾਲੇ ਕਮਿਊਨਿਜ਼ਮ ਨੂੰ ਅਯੋਗ ਅਤੇ ਨਾਜਾਇਜ਼ ਕਿਹਾ ਹੈ । ਇਨਕਲਾਬ ਵਾਸਤੇ ਉਸ ਨੇ ਹਿੰਸਾਤਮਕ ਵਸੀਲਿਆਂ ਦੀ ਵਰਤੋਂ ਨੂੰ ਜਾਇਜ਼ ਕਿਹਾ ਹੈ । ਆਦਰਸ਼ ਸਮਾਜ ਵਿਚ ਕੋਈ ਰਾਜਨੀਤਿਕ ਸੰਗਠਨ ਨਹੀਂ ਹੋਵੇਗਾ । ਵਿਅਕਤੀ ਅਤੇ ਸਮਾਜ ਦੇ ਕੰਮਾ ਉੱਤੇ ਲੋਕ-ਰਾਏ ਦਾ ਕੰਟਰੋਲ ਹੋਵੇਗਾ । ਲੋਕ-ਰਾਏ ਜਨਤਾ ਦੀਆਂ ਛੋਟੀਆਂ ਛੋਟੀਆਂ ਇਕਾਈਆਂ ਉੱਤੇ ਅਸਰ ਪਾਉਂਦੀ ਹੈ । ਇਸ ਲਈ ਆਦਰਸ਼-ਸਮਾਜ ਗ੍ਰਾਮ-ਸਮਾਜ ਹੋਵੇਗਾ । ਜ਼ੋਰ ਨਾਲ ਠੋਸੇ ਹੋਏ ਸੰਗਠਨ ਦੀ ਕੋਈ ਲੋੜ ਨਹੀਂ ਹੋਵੇਗੀ ਕਿਉਂਕਿ ਉੱਪਰ ਦੱਸਿਆ ਸਮਾਜ ਪੂਰੀ ਤਰ੍ਹਾਂ ਸਦਾਚਾਰਕ ਨਿਯਮਾਂ ਅਨੁਸਾਰ ਹੋਵੇਗਾ । ਹਿੰਸਾ ਉੱਤੇ ਬਣੀ ਸਰਕਾਰ ਦੀ ਥਾਂ ਆਦਰਸ਼ਕ ਸਮਾਜ ਆਪਣੀ ਇੱਛਾ ਨਾਲ ਬਣਾਏ ਸੰਗਠਨਾਂ ਅਤੇ ਗਰੁੱਪਾਂ ਉੱਤੇ ਨਿਰਭਰ ਹੋਵੇਗਾ ਅਤੇ ਉਹ ਸੰਗਠਨ ਅਤੇ ਗਰੁੱਪ ਹੇਠਲੇ ਪਾਸਿਉਂ ਬਣਨੇ ਸ਼ੁਰੂ ਹੋਣਗੇ । ਸਭ ਤੋਂ ਹੇਠਾਂ ਸੁਤੰਤਰ ਲੋਕ ਗਰੁੱਪ ਜਾਂ ਪੰਚਾਇਤ ( ਕਮਿਊਨ ) ਹੋਣਗੇ । ਲੋਕ-ਪੰਚਾਇਤਾਂ ਜਾਂ ਗਰੁੱਪਾਂ ਦਾ ਸੰਗਠਨ ਪ੍ਰਾਂਤ ਅਤੇ ਪ੍ਰਾਂਤਾਂ ਦਾ ਸੰਗਠਨ ਰਾਸ਼ਟਰ ਦੇ ਰੂਪ ਵਿਚ ਹੋਵੇਗਾ । ਰਾਸ਼ਟਰਾਂ ਦੇ ਸੰਘ ਨਾਲ ਯੂਰਪੀਨ ਸੰਯੁਕਤ ਰਾਸ਼ਅਰ ਦੀ ਅਤੇ ਅੰਤ ਵਿਚ ਵਿਸ਼ਵ ਸੰਯੁਕਤ ਰਾਸ਼ਟਰ ਦੀ ਸਥਾਪਨਾ ਹੋਵੇਗੀ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1086, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.