ਅਵਧੂਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਵਧੂਤ [ ਨਾਂਪੁ ] ਸਮਾਂ , ਵਕਤ; ਫ਼ਕੀਰ , ਸਾਧੂ , ਮਸਤ-ਕਲੰਦਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 422, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਵਧੂਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਵਧੂਤ . ਸੰ. ਵਿ— ਕੰਪਨ ਕਰਾਇਆ ( ਕੰਬਾਇਆ ਹੋਇਆ ) . ਝਾੜਿਆ ਹੋਇਆ । ੨ ਨਾਸ਼ ਹੋਇਆ । ੩ ਸੰਗ੍ਯਾ— ਉਹ ਪੁਰਖ , ਜਿਸ ਨੇ ਕੁਕਰਮ ਝਾੜ ਸਿੱਟੇ ਹਨ. ਸਾਧੁ । ੪ ਤ੍ਯਾਗੀ. ਸੰਨ੍ਯਾਸੀ. ਦੇਖੋ , ਅਉਧੂ.

ਅਵਧੂਤਾਨੀ . ਅਵਧੂਤ ਇਸਤ੍ਰੀ. ਸੰਨ੍ਯਾਸ ਧਾਰਨ ਵਾਲੀਆਂ ਇਸਤ੍ਰੀਆਂ , ਜੋ ਸ਼ਰੀਰ ਤੇ ਸੁਆਹ ਮਲਦੀਆਂ ਹਨ ਅਥਵਾ ਫਕੀਰੀ ਲਿਬਾਸ ਵਿੱਚ ਰਹਿੰਦੀਆਂ ਹਨ , ਉਹ ਅਵਧੂਤਾਨੀਆਂ ਕਹਾਉਂਦੀਆਂ ਹਨ. ਸਭ ਤੋਂ ਪਹਿਲਾਂ ਗੰਗਾ ਗਿਰੀ ਨਾਉਂ ਦੀ ਸੰਨ੍ਯਾਸਨ ਅਵਧੂਤਾਨੀ ਹੋਈ , ਜਿਸ ਤੋਂ ਇਹ ਸੰਪ੍ਰਦਾਯ ਚੱਲੀ. ਅਵਧੂਤਾਨੀ ਗੁਰੁਮੰਤ੍ਰ ਅਵਧੂਤਾਨੀ ਤੋਂ ਹੀ ਲੈਂਦੀ ਹੈ , ਕਿਉਂਕਿ ਸੰਨ੍ਯਾਸੀ ਸਾਧੂ ਇਸਤ੍ਰੀ ਨੂੰ ਗੁਰੁਦੀਖ੍ਯਾ ਨਹੀਂ ਦੇ ਸਕਦਾ. ਅਵਧੂਤਾਨੀ ਨੂੰ ਸੰਨ੍ਯਾਸੀਆਂ ਦੀ ਪੰਗਤਿ ਵਿੱਚ ਬੈਠਣ ਦਾ ਅਧਿਕਾਰ ਨਹੀਂ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅਵਧੂਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਵਧੂਤ ( ਸੰ. । ਸੰਸਕ੍ਰਿਤ ਦੇਖੋ , ਅਉਧੂ ) ਸੰਸਾਰ ਦੀ ਕ੍ਰਿਯਾ ਤੋਂ ਨਿਰਲੇਪ ਵਾ ਤਿਆਗੀ । ਯਥਾ-‘ ਇਕ ਸਬਦੀ ਬਹੁ ਰੂਪਿ ਅਵਧੂਤਾ’ ।

ਦੇਖੋ , ‘ ਅਉਧੂ ’ , ‘ ਅਉਧੂਤ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 378, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅਵਧੂਤ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਅਵਧੂਤ : ਇਹ ਸਾਧੂਆਂ ਦੀ ਇਕ ਸ਼੍ਰੇਣੀ ਹੈ । ‘ ਮਹਾਨਿਰਵਾਣ ਤੰਤ੍ਰ’ ਵਿਚ ਅਵਧੂਤ ਦੀਆਂ ਚਾਰ ਵੱਡੀਆਂ ਵੱਡੀਆਂ ਕਿਸਮਾਂ ਦੱਸੀਆਂ ਗਈਆਂ ਹਨ : -

                  ( 1 ) ‘ ਬ੍ਰਹਮਅਵਧੂਤ’ , ਜੋ ਕਿਸੇ ਵੀ ਵਰਨ ਦਾ ਬ੍ਰਹਮਉਪਾਸ਼ਕ ਹੋਵੇ ਅਤੇ ਕਿਸੇ ਵੀ ਆਸ਼ਰਮ ਵਿਚ ਰਹਿੰਦਾ ਹੋਵੇ; ( 2 ) ‘ ਸ਼ੈਵਅਵਧੂਤ’ , ਜੋ ਵਿਧੀ ਅਨੁਸਾਰ ਸੰਨਿਆਸ ਧਾਰਨ ਕਰ ਚੁੱਕਾ ਹੋਵੇ , ( 3 ) ‘ ਬੀਰਅਵਧੂਤ’ , ਜਿਸ ਦੇ ਸਿਰ ਦੇ ਵਾਲ ਲੰਬੇ ਅਤੇ ਖਿਲਰੇ ਹੋਏ ਹੋਣ , ਗਲੇ ਵਿਚ ਹੱਡੀਆਂ ਜਾਂ ਰੁਦਰਾਖ ਦੀ ਮਾਲਾ ਪਈ ਹੋਵੇ , ਲੱਕ ਦੁਆਲੇ ਲੰਗੋਟੀ ਹੋਵੇ , ਸਰੀਰ ਤੇ ਭਸਮ ਜਾਂ ਲਾਲ ਚੰਦਨ ਮਲਿਆ ਹੋਵੇ , ਹੱਥ ਵਿਚ ਲੱਕੜੀ ਦਾ ਡੰਡਾ , ਭਾਲਾ ਅਤੇ ਡਮਰੂ ਹੋਵੇ ਅਤੇ ਨਾਲ ਹੀ ਹਿਰਨ ਦੀ ਖੱਲ ਵੀ ਹੋਵੇ , ਅਤੇ ( 4 ) ‘ ਕੁਲਅਵਧੂਤ’ ਜੋ ਪਿਤਾ-ਪੁਰਖੀ ਵਿਚ ਪੱਕਾ ਹੋ ਕੇ ਵੀ ਗ੍ਰਹਿਸਤ ਆਸ਼ਰਮ ਵਿਚ ਰਹੇ । ਵੈਸ਼ਨੋ ਸੰਪ੍ਰਦਾਇ ਵਿਚ ਰਾਮਾ ਨੰਦ ਦੇ ਚੇਲਿਆਂ ਵਿਚ ਕਈ ਅਜਿਹੇ ਸਾਧੂ ਹੁੰਦੇ ਹਨ ਜੋ ਆਪਣੇ ਆਪ ਨੂੰ ਅਵਧੂਤ ਅਖਵਾਉਂਦੇ ਹਨ । ਇਨ੍ਹਾਂ ਦੇ ਸਿਰਾਂ ਉੱਤੇ ਵੱਡੇ ਵੱਡੇ ਵਾਲ ਹੁੰਦੇ ਹਨ , ਗਲੇ ਵਿਚ ਬਲੌਰ ਦੀ ਮਾਲਾ ਹੁੰਦੀ ਹੈ ਤੇ ਸਰੀਰ ਉੱਤੇ ਗੋਦੜੀ ਅਤੇ ਹੱਥ ਵਿਚ ਦਰਿਆਈ ਖੱਪਰ ਹੁੰਦਾ ਹੈ । ਬੰਗਾਲ ਵਿਚ ਇਨ੍ਹਾਂ ਦੇ ਵੱਖ-ਵੱਖ ਅਖਾੜੇ ਹਨ ਅਤੇ ਇਨ੍ਹਾਂ ਵਿਚ ਸਭ ਜਾਤੀਆਂ ਦੇ ਲੋਕ ਇਕੋ ਜਿਹੇ ਮੰਨੇ ਜਾਂਦੇ ਹਨ । ਭਿੱਖਿਆ ਮੰਗਣ ਲਈ ਜਦੋਂ ਇਹ ਲੋਕਾਂ ਦੇ ਘਰਾਂ ਸਾਹਮਣੇ ਬੂਹੇ ਉੱਤੇ ਜਾਂਦੇ ਹਨ ਤਾਂ ‘ ਬੀਰ ਅਵਧੂਤ’ ਨਾਮ ਦਾ ਸਿਮਰਨ ਕਰਦੇ ਤੇ ਇਕਤਾਰਾ ਜਾਂ ਹੋਰ ਕੋਈ ਸਾਜ਼ ਵਜਾ ਕੇ ਗਾਉਣ ਲੱਗ ਜਾਂਦੇ ਹਨ । ਆਮ ਤੌਰ ਤੇ ਇਹ ਲੋਕ ਕਿਸੇ ਇਕ ਥਾਂ ਤੇ ਨਹੀਂ ਰਹਿੰਦੇ । ਬੰਗਾਲ ਵਿਚ ਇਨ੍ਹਾਂ ਨੂੰ ਕਦੀ ਕਦੀ ‘ ਬਾਊਲ’ ਨਾਂ ਨਾਲ ਵੀ ਪੁਕਾਰਿਆ ਜਾਂਦਾ ਹੈ ਪਰ ਬਾਊਲ ਇਨ੍ਹਾਂ ਨਾਲੋਂ ਵੱਖਰੀ ਕਿਸਮ ਦੇ ਲੋਕਾਂ ਦਾ ਨਾਂ ਹੈ । ਨਾਥ ਪੰਥ ਵਿਚ ਅਵਧੂਤ ਬਹੁਤ ਉੱਚੇ ਮੰਨੇ ਜਾਂਦੇ ਹਨ ਅਤੇ ‘ ਗੋਰਖ-ਸਿਧਾਂਤ-ਸੰਗ੍ਰਹਿ’ ਅਨੁਸਾਰ ਇਹ ਸਭ ਪ੍ਰਕਾਰ ਦੇ ਪ੍ਰਕਿਰਤੀ ਵਿਕਾਰਾਂ ਤੋਂ ਰਹਿਤ ਹੁੰਦੇ ਹਨ । ਅਵਧੂਤ ਮੁਕਤੀ ਪ੍ਰਾਪਤ ਕਰਨ ਲਈ ਆਤਮਸਰੂਪ ਦੀ ਖੋਜ ਵਿਚ ਲੀਨ ਰਹਿੰਦਾ ਹੈ ਅਤੇ ਇਸ ਦਾ ਅਨੁਭਵ ਨਿਰਗੁਣ ਅਤੇ ਸਰਗੁਣ ਤੋਂ ਪਰੇ ਦਾ ਹੁੰਦਾ ਹੈ । ਗੁਰੂ ਦੱਤਾਤ੍ਰੇਯ ਨੂੰ ਹੀ ਅਵਧੂਤ ਕਿਹਾ ਜਾਂਦਾ ਹੈ ਅਤੇ ਦੱਤ ਸੰਪ੍ਰਦਾਇ ( ਅਵਧੂਤ ਮਤ ) ਵਿਚ ਅਵਧੂਤ ਮਤ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ । ਉਸ ਦੀ ਪੁਸਤਕ ‘ ਅਵਧੂਤ ਗੀਤ’ ਵਿਚ ਇਸ ਦਾ ਪੂਰਾ ਬਿਆਨ ਹੈ । ਉੱਤਰ , ਪੱਛਮੀ ਇਲਾਕੇ ਵਿਚ ਉਨ੍ਹਾਂ ਇਸਤਰੀਆਂ ਨੂੰ ਅਵਧੂਤੀ ਕਹਿੰਦੇ ਹਨ ਜੋ ਪੁਰਖ ਸੰਨਿਆਸੀ ਦੇ ਭੇਸ ਵਿਚ ਰਹਿ ਕੇ , ਭਸਮ ਲਗਾਉਂਦੀਆਂ ਤੇ ਰੁਦਰਾਖ ਦੀ ਮਾਲਾ ਆਦਿ ਪਾਉਂਦੀਆਂ ਹਨ ਅਤੇ ਜੋ ਆਮ ਤੌਰ ਤੇ ਕਿਸੇ ‘ ਗੰਗਾਗਿਰਿ’ ਨਾਮ ਦੀ ਇਕ ਅਜਿਹੀ ਹੀ ਸੰਨਿਆਸਣੀ ਜਾਂ ਅਵਧੂਤਣੀ ਦੀ ਪਰੰਪਰਾ ਦੀਆਂ ਸਮਝੀਆਂ ਜਾਂਦੀਆਂ ਹਨ । ਸੁਖਮਨਾ ਨਾੜੀ ਦਾ ਵੀ ਇਕ ਨਾਮ ਅਵਧੂਤੀ ਹੈ , ਜਿਸ ਕਾਰਨ ਉਸ ਦੇ ਮਾਰਗ ਨੂੰ ਵੀ ਅਵਧੂਤੀ ਮਾਰਗ ਜਾਂ ਅਵਧੂਤਿਕਾ ਕਿਹਾ ਜਾਂਦਾ ਹੈ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 281, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਅਵਧੂਤ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਵਧੂਤ : ਵੇਖੋ ‘ ਔਘੜ ਪੰਥ’

ਔਘੜ ( ਅਘੋਰ ) ਪੰਥ : ਅਘੋਰ ਪੰਥ ਨੂੰ ਆਮ ਲੋਕੀਂ ਔਘੜ ਪੰਥ ਆਖਦੇ ਹਨ । ਇਸੇ ਪੰਥ ਦਾ ਨਾਉਂ ਅਵਧੂਤ ਵੀ ਹੈ । ਅਥਰਵ ਵੇਦ ਵਿਚ ‘ ਅਘੋਰ’ ਸ਼ਬਦ ਮਿਲਦਾ ਹੈ । ਸ਼ਵੇਤਾਸ਼ਵਤਰ ਉਪਨਿਸ਼ਦ ਵਿਚ ਸ਼ਿਵ ਨੂੰ ‘ ਅਘੋਰ’ ਆਖਿਆ ਗਿਆ ਹੈ ।

                  ਆਪਣੇ ਵਰਤਮਾਨ ਰੂਪ ਵਿਚ ਇਸ ਪੰਥ ਦਾ ਸਿੱਧਾ ਸੰਬੰਧ ਗੋਰਖ ਤੇ ਤੰਤਰ ਪ੍ਰਧਾਨ ਸ਼ੈਵ ਮਤ ਨਾਲ ਹੈ । ਅੱਜ ਕਲ੍ਹ ਇਸ ਪੰਥ ਦੇ ਅਨੁਯਾਈ ਸਾਰੇ ਭਾਰਤ ਵਿਚ ਭਾਵੇਂ ਮਿਲਦੇ ਹਨ ਪਰ ਗਿਣਤੀ ਵਿਚ ਬਹੁਤ ਥੋੜ੍ਹੇ ਰਹਿ ਗਏ ਹਨ । ਬੜੌਦੇ ਵਿਚ ਅਘੋਰੇਸ਼ਵਰ ਨਾਂ ਦਾ ਇਨ੍ਹਾਂ ਦਾ ਇਕ ਮੱਠ ਸੀ , ਜਿਸ ਵਿਚ ਅਘੋਰ– ਪੰਥੀ  ਰਿਹਾ ਕਰਦੇ ਸਨ ।

                  ਇਸ ਦੇ ਪੰਥੀਆਂ ਨੂੰ ਕੀਨਾਰਾਮੀਏ ਵੀ ਆਖਦੇ ਹਨ ਕਿਉਂਕਿ ਇਸ ਪੰਥ ਦੇ ਆਗੂ ਦਾ ਨਾਂ ਕੀਨਾਰਾਮ ਸੀ । ਕੀਨਾਰਾਮ ਵਾਮ– ਮਾਰਗੀ ਸੀ । ਪਰ ਇਹ ਪਤਾ ਨਹੀਂ ਲਗਦਾ ਕਿ ਇਹ ਕਦੋਂ ਤੇ ਕਿੱਥੇ ਹੋਇਆ । ਇਸ ਪੰਥ ਦਾ ਸਾਹਿੱਤ ਬਹੁਤਾ ਨਹੀਂ ਮਿਲਦਾ , ਜੋ ਮਿਲਦਾ ਹੈ ਉਸ ਦੀ ਪ੍ਰਮਾਣਿਕਤਾ ਸੰਦੇਹਪੂਰਣ ਹੈ ਅਤੇ ਨਾ ਹੀ ਇਸ ਨੂੰ ਖੋਜਿਆ ਪਰਖਿਆ ਗਿਆ ਹੈ । ਉਂਜ ਇਹ ਪੰਥ ਆਪਣੇ ਸਿਧਾਂਤਾਂ ਵਿਚ ਨਿਰਗੁਣਧਾਂਰਾ ( ਅਦ੍ਵੈਤਵਾਦ ) ਨਾਲ ਮਿਲਦਾ ਜੁਲਦਾ ਹੈ । ਸਾਧਨਾ ਪੱਖ ਵਿਚ ਉਹ ਹੱਠ ਯੋਗ ਤੇ ਧਿਆਨ ਯੋਗ ਨੂੰ ਪ੍ਰਧਾਨ ਮੰਨਦੇ ਹਨ । ਗੁਰੂ ਦਾ ਦਰਜਾ ਪ੍ਰਮੁੱਖ ਮੰਨਦੇ ਹਨ । ਸ਼ਰਾਬ , ਮਾਸ ਆਦਿ ਦਾ ਸੇਵਨ ਇਨ੍ਹਾਂ ਵਿਚ  ਵਰਜਿਤ ਨਹੀਂ ਹੈ । ਮਰੇ ਹੋਏ ਪਸ਼ੂ ਦਾ ਮਾਸ ਵੀ ਖਾ ਜਾਂਦੇ ਹਨ । ਮਲ– ਮੂਤਰ ਨੂੰ ਸਾਧਨ ਦਾ ਅੰਗ ਸਮਝ ਕੇ ਗ੍ਰਹਿਣ ਕਰਨ ਤੋਂ ਵੀ ਪਰਹੇਜ਼ ਨਹੀਂ ਕਰਦੇ ।   ਇਸ ਨੂੰ ਉਹ ਘੋਰ ਸਾਧਨਾ ਦਾ ਪ੍ਰਤੀਕ ਮੰਨਦੇ ਹਨ ਤੇ ਲੋਕਾਚਾਰੀ ਨੂੰ ਤਜ ਦੇਣ ਵਿਚ ਯਕੀਨ ਰੱਖਦੇ ਹਨ ।

                  ਔਘੜ ਪੰਥੀ ਵੱਖੋ ਵੱਖਰਾ ਵੇਸ ਪਾਉਂਦੇ ਹਨ । ਕਈ ਵਿਆਹ ਕਰਵਾ ਲੈਂਦੇ ਹਨ ਤੇ ਕਈ ਨਹੀਂ ਕਰਾਉਂਦੇ ।                                                                                             [ ਸਹਾ. ਗ੍ਰੰਥ– W. H. Wilson : Religion Sects of Hindus; ਮ. ਕੋ. ]  


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 281, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no

ਅਵਧੂਤ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਵਧੂ / ਅਵਧੂਤ : ਸੰਸਕ੍ਰਿਤ ਮੂਲ ਦੇ ਅਵਧੂਤ ਸ਼ਬਦ ਦਾ ਅਰਥ ਹੈ ਝਾੜਿਆ ਹੋਇਆ ਹਿਲਾਇਆ ਹੋਇਆ । ਅਧਿਆਤਮਿਕ ਖੇਤਰ ਦਾ ਉਹ ਵਿਅਕਤੀ ਜਿਸ ਨੇ ਪਾਪਾਂ ਜਾਂ ਵਿਕਾਰਾਂ ਨੂੰ ਝਾੜ ਸੁਟਿਆ ਹੋਵੇ ਅਤੇ ਸਾਧੂ ਬਿਰਤੀ ਧਾਰਣ ਕਰਦਾ ਹੋਵੇ , ‘ ਅਵਧੂਤ’ ਅਖਵਾਉਂਦਾ ਹੈ , ਭਾਵ ਸੰਨਿਆਸੀ

                  ਕੁਝ ਵਿਦਵਾਨਾਂ ਨੇ ‘ ਅਵਧੂ’ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ— ‘ ਵਧੂ ਜਾ ਕੇ ਨਾ ਹੋਇ ਸੋ ਅਵਧੂ ਕਹਾਵੈ । ’ ਕਹਿਣ ਤੋਂ ਭਾਵ ਜੋ ਵਧੂ-ਵਾਲਾ , ਅਰਥਾਤ ਗ੍ਰਿਹਸਥੀ ਨਾ ਹੋਵੇ । ਇਹ ਸ਼ਬਦ , ਅਸਲ ਵਿਚ , ਤਾਂਤਿਕਾਂ , ਸਿੱਧਾਂ , ਨਾਥਾਂ ਦੀ ਟਕਸਾਲ ਦਾ ਸਿੱਕਾ ਹੈ । ਆਮ ਤੌਰ ਤੇ ਸੰਸਾਰਿਕ ਦੁਅੰਦਾਂ ਤੋਂ ਉੱਚੇ ਪਹੁੰਚ ਹੋਏ ਯੋਗੀਆਂ ਲਈ ਇਸ ਸ਼ਬਦ ਦੀ ਵਰਤੋਂ ਹੁੰਦੀ ਹੈ ।

                  ‘ ਅਵਧੂਤ-ਉਪਨਿਸ਼ਦ’ ਵਿਚ ‘ ਅਵਧੂਤ’ ਸ਼ਬਦ ਦੇ ਵੱਖ ਵੱਖ ਅੱਖਰਾਂ ਨੂੰ ਲੈ ਕੇ ਵਿਆਖਿਆ ਕੀਤੀ ਗਾਈ ਹੈ । ਇਸ ਤੋਂ ਇਲਾਵਾ ‘ ਅਵਧੂਤ-ਗੀਤਾ’ , ‘ ਸਿੱਧ-ਸਿੱਧਾਂਤ-ਪੱਧਤੀ , ‘ ਗੋਰਕ੍ਰਸ਼-ਸਿੱਧਾਂਤ-ਸੰਗ੍ਰਹ’ ਆਦਿ ਗ੍ਰੰਥਾਂ ਵਿਚ ਵੀ ਅਵਧੂਤ ਦੇ ਸਰੂਪ ਦੀ ਵਿਆਖਿਆ ਕੀਤੀ ਮਿਲਦੀ ਹੈ । ‘ ਮਹਾਨਿਰਵਾਣ ਤੰਤ੍ਰ’ ਵਿਚ ਚਾਰ ਪ੍ਰਕਾਰ ਦੇ ਅਵਧੂਤ ਦਸੇ ਗਏ ਹਨ— ( 1 ) ਬ੍ਰਹਮਾਵਧੂਤ , ਜਿਸ ਦਾ ਕਿਸੇ ਵੀ ਵਰਣ ਜਾਂ ਆਸ਼੍ਰਮ ਨਾਲ ਸੰਬੰਧ ਨਾ ਹੋਵੇ । ( 2 ) ਸ਼ੈਵਾਵਧੂਤ , ਜੋ ਵਿਧੀ ਅਨੁਸਾਰ ਸੰਨਿਆਸ ਲੈ ਚੁੱਕਿਆ ਹੋਵੇ । ( 3 ) ਵੀਰਾਵਧੂਤ , ਜਿਸ ਦੇ ਸਿਰ ਉਤੇ ਜਟਾਵਾਂ , ਗਲੇ ਵਿਚ ਹੱਡੀਆਂ ਅਤੇ ਰੁਦ੍ਰਾਖ ਦੀ ਮਾਲਾ , ਲੰਗੋਟੀ ਬੰਨ੍ਹੇ ਹੋਏ ਸ਼ਰੀਰ ਉਤੇ ਭਸਮ , ਹੱਥ ਵਿਚ ਲਕੜਾ ਦਾ ਡੰਡਾ , ਕੁਠਾਰ ਜਾਂ ਡੰਮਰੂ ਅਤੇ ਕੱਛ ਵਿਚ ਹਿਰਨ ਦੀ ਖਲ੍ਹ ਸਮੇਟੀ ਹੋਵੇ । ( 4 ) ਕੁਲਾਵਧੂਤ , ਜੋ ਅਵਧੂਤੀ ਸਰੂਪ ਨੂੰ ਗ੍ਰਹਿਣ ਕਰਕੇ ਵੀ ਗ੍ਰਿਹਸਥ ਜੀਵਨ ਬਤੀਤ ਕਰਦਾ ਹੋਵੇ । ਕੁਝ ਤੰਤ੍ਰਾਂ ਵਿਚ ਤੀਜੇ ਚੌਥੇ ਦੀ ਥਾਂ ‘ ਭਾਗਤਾਵਧੂਤ’ ਅਤੇ ‘ ਹੰਸਾਵਧੂਤ’ ਨਾਂ ਲਿਖੇ ਹਨ । ‘ ਨਿਰਵਾਣ ਤੰਤ੍ਰ’ ( 14 ਵਾਂ ਪਟਲ ) ਵਿਚ ਦਿੱਤੇ ਅਵਧੂਤ ਦੇ ਲੱਛਣ ‘ ਵੀਰਾਵਧੂਤ’ ਦੇ ਲੱਛਣਾਂ ਨਾਲ ਮੇਲ ਖਾਂਦੇ ਹਨ ।

              ਅਵਧੂਤ ਦਾ ਮੂਲ ਸੰਬੰਧ ਸ਼ਿਵ ਨਾਲ ਹੈ । ਉਹੀ ਆਦਿ-ਅਵਧੂਤ ਹੈ । ਭਾਈ ਗੁਰਦਾਸ ਦੀਆਂ ਵਾਰਾਂ ਵਿਚ ਇਸ ਸ਼ਬਦ ਦੇ ਛੇ ਵਾਰ ਵਰਤੋਂ ਹੋਈ ਹੈ ਜੋ ਮਹਾਦੇਵ ਨਾਲ ਹੀ ਸੰਬੰਧਿਤ ਹੈ— ‘ ਮਹਾਦੇਉ ਅਉਧੂਤੁ ਹੈ ਕਵਲਾਸਣਿ ਆਸਣਿ ਰਸਕੇਲਾ’ ( 26/17 ) ।

              ਵੈਸ਼ਣਵ ਭਗਤਾਂ ਦੀ ਰਾਮਾਨੰਦੀ ਪਰੰਪਰਾ ਦੇ ਕੁਝ ਸਾਧੂ ਵੀ ਅਵਧੂਤ ਅਖਵਾਉਂਦੇ ਹਨ । ਇਨ੍ਹਾਂ ਦੇ ਸਿਰ ਤੇ ਜਟਾਵਾਂ ਅਤੇ ਗਲੇ ਵਿਚ ਸਫ਼ਟਿਕ ( ਬਿਲੌਰ ) ਦੀ ਮਾਲਾ ਹੁੰਦੀ ਹੈ । ਸ਼ਰੀਰ ਉਤੇ ਗੋਦੜੀ ਅਤੇ ਹੱਥ ਵਿਚ ਨਾਰੀਅਲ ਦਾ ਖੱਪਰ ਹੁੰਦਾ ਹੈ । ਬੰਗਾਲ ਵਿਚ ਇਨ੍ਹਾਂ ਅਵਧੂਤਾਂ ਦੇ ਕਈ ਵੱਖ-ਵੱਖ ਆਖਾੜੇ ਹਨ ਜਿਨ੍ਹਾਂ ਵਿਚ ਸਾਰੀਆਂ ਜਾਤਾਂ ਦੇ ਲੋਕ ਸ਼ਾਮਲ ਹੁੰਦੇ ਹਨ । ਭਿਛਿਆ ਮੰਗਣ ਵੇਲੇ ਇਹ ਇਕ-ਤਾਰਾ ਵਜਾ ਕੇ ਗਾਉਂਦੇ ਹਨ ਅਤੇ ‘ ਬੀਰ ਅਵਧੂਤ’ ਨਾ ਉਚਾਰਦੇ ਹਨ ।

              ਅਵਧੂਤਾਂ ਵਿਚੋਂ ਹੀ ਅਘੋਰ ਪੰਥ ਦਾ ਵਿਕਾਸ ਹੋਇਆ ਦਸਿਆ ਜਾਂਦਾ ਹੈ । ਰਾਜਸਥਾਨ , ਗੁਜਰਾਤ , ਮੱਧ ਪ੍ਰਦੇਸ਼ ਵਿਚ ਇਨ੍ਹਾਂ ਦੇ ਮਠ/ਡੇਰੇ ਮਿਲਦੇ ਹਨ । ਇਹ ਲੋਕ ਮੁਰਦੇ ਦਾ ਮਾਸ ਅਤੇ ਹੋਰ ਪ੍ਰਕਾਰ ਦੀ ਭੱਖ-ਅਭੱਖ ਸਾਮਗ੍ਰੀ ਦਾ ਸੇਵਨ ਕਰਨੋਂ ਸੰਕੋਚ ਨਹੀਂ ਕਰਦੇ । ਮਨੁੱਖੀ ਖੋਪਰੀ ਵਿਚ ਸ਼ਰਾਬ ਪੀਂਦੇ ਹਨ । ਇਨ੍ਹਾਂ ਦੇ ਹੱਥ ਵਿਚ ਤ੍ਰਿਸ਼ੂਲ , ਗੱਲੇ ਵਿਚ ਸਫ਼ਟਿਕ ਦੀ ਮਾਲਾ , ਮੱਥੇ ਤੇ ਤ੍ਰਿਸ਼ੂਲ ਚਿੰਨ੍ਹ ਅਤੇ ਸਿਰ ਜਟਾਵਾਂ ਹੁੰਦੀਆਂ ਹਨ । ਇਨ੍ਹਾਂ ਦਾ ਸਰੂਪ ਕਾਫ਼ੀ ਡਰਾਉਣਾ ਹੁੰਦਾ ਹੈ ।

              ਨਾਥ ਪੰਥ ਵਿਚ ਅਵਧੂਤ ਦੀ ਸਿਥਤੀ ਬਹੁਤ ਉੱਚੀ ਮੰਨੀ ਗਈ ਹੈ । ਇਹ ਵਿਕਾਰਾਂ ਤੋਂ ਰਹਿਤ ਸਮਝਿਆ ਜਾਂਦਾ ਹੈ । ਇਹ ਕੈਵਲ੍ਰਯ ਦੀ ਪ੍ਰਾਪਤੀ ਲਈ ਆਤਮਾ-ਮਗਨ ਰਹਿੰਦਾ ਹੈ ਅਤੇ ਇਸ ਦਾ ਅਨੁਭਵ ਨਿਰਗੁਣ ਅਤੇ ਸਗੁਣ ਦੇ ਅਨੁਭਵ ਤੋਂ ਪਰ੍ਹੇ ਦਾ ਹੈ । ਨਾਥ-ਪੰਥੀ ਗੋਰਖਨਾਥ ਨੂੰ ਆਦਰਸ਼ ਅਵਧੂਤ ਮੰਨਦੇ ਹਨ । ਦੱਤਾਤ੍ਰੇਯ ਨੂੰ ਵੀ ਅਵਧੂਤ ਕਿਹਾ ਜਾਂਦਾ ਹੈ । ‘ ਅਵਧੂਤ-ਗੀਤਾ’ ਅਨੁਸਾਰ ਦੱਥ ਸੰਪ੍ਰਦਾਇ ਵਿਚ ਅਵਧੂਤ ਮਤ ਨੂੰ ਸਰਵ ਸ੍ਰੇਸ਼ਠ ਚਿੱਤਰਿਆ ਗਿਆ ਹੈ । ਗੁਰੂ ਨਾਨਕ ਦੇਵ ਨੇ ‘ ਸਿੱਧ ਗੋਸਟਿ’ ਵਿਚ ਸਿੱਧਾਂ ਨੂੰ ‘ ਅਉਧੂ’ ਪਦ ਨਾਲ ਸੰਬੋਧਿਤ ਕੀਤਾ ਹੈ— ‘ ਬਿਨ ਸਬਦੈ ਰਸ ਨ ਆਵੈ ਅਉਧੂ’ ।

                  ਅਵਧੂਤ ਵਾਂਗ ਸੰਨਿਆਸ ਧਾਰਣ ਕਰਨ ਵਾਲੀ ਇਸਤਰੀ ਨੂੰ ‘ ਅਵਧੂਤਨੀ’ ਕਿਹਾ ਜਾਂਦਾ ਹੈ । ਇਨ੍ਹਾਂ ਦਾ ਕਿਸੇ ਪ੍ਰਕਾਰ ਦਾ ਕੋਈ ਸੰਬੰਧ ਅਵਧੂਤ ਨਾਲ ਨਹੀਂ ਹੁੰਦਾ , ਸਗੋਂ ਇਹ ਗੰਗਾ ਗਿਰੀ ਨਾਂ ਦੀ ਸੰਨਿਆਸਣ ਦੁਆਰਾ ਚਲਾਈ ਪਰੰਪਰਾ ਨਾਲ ਸੰਬੰਧਿਤ ਹਨ । ਇਹ ਗੁਰੂ-ਦੀਖਿਆ ਵੀ ਕਿਸੇ ਅਵਧੂਤਨੀ ਤੋਂ ਹੀ ਲੈਂਦੀਆਂ ਹਨ ਅਤੇ ਮਰਦਾਵੇਂ ਭੇਸ ਵਿਚ ਅਵਧੂਤੀ ਬਾਣਾ ਧਾਰਣ ਕਰਦੀਆਂ ਹਨ । ਸੰਨਿਆਸੀ ਜਾਂ ਅਵਧੂਤ ਇਨ੍ਹਾਂ ਨੂੰ ਆਪਣੇ ਬਰਾਬਰ  ਦਾ ਦਰਜਾ ਨਹੀਂ ਦਿੰਦੇ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 281, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.