ਅਸ਼ਟਪਦੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਸ਼ਟਪਦੀ : ਅੱਠਾਂ ਪਦਾਂ ਦੇ ਛੰਦ ਜਾਂ ਅੱਠਾਂ ਪਉੜੀਆਂ ਦੇ ਪ੍ਰਬੰਧ ਦਾ ਨਾਮ ਅਸ਼ਟਪਦੀ ਹੈ । ਇਸ ਦਾ ਸ਼ਾਬਦਿਕ ਅਰਥ ਵੀ ਹੈ ਅੱਠ ਪਦਾਂ ਵਾਲੀ ਰਚਨਾ । ਮੂਲ ਰੂਪ ਵਿੱਚ ਅਸ਼ਟਪਦੀ ਅੱਠ ਪਦਿਆਂ ਵਾਲੀ ਕਾਵਿ ਰਚਨਾ ਹੈ ਜਿਸ ਨੂੰ ਸੁਤੰਤਰ ਕਾਵਿ-ਰੂਪ ਦਾ ਗੌਰਵ ਹਾਸਲ ਹੈ । ਦੁਪਦੇ , ਤਿਪਦੇ , ਚਉਪਦੇ , ਪੰਚਪਦੇ ਤੇ ਛਿਪਦੇ ਕ੍ਰਮਵਾਰ ਦੋ , ਤਿੰਨ , ਚਾਰ , ਪੰਜ ਤੇ ਛੇ ਪਦਾਂ ਦੇ ਹੁੰਦੇ ਹਨ । ਅਸ਼ਟਪਦੀ ਦੇ ਅੱਠ ਪਦ ਹੁੰਦੇ ਹਨ । ਇਹ ਅੱਠ ਦੇ ਅੱਠ ਇੱਕੋ ਛੰਦ ਜਾਂ ਚਾਲ ਵਿੱਚ ਵੀ ਹੋ ਸਕਦੇ ਹਨ ਤੇ ਵੱਖ-ਵੱਖ ਛੰਦਾਂ ਜਾਂ ਚਾਲਾਂ ਵਿੱਚ ਵੀ । ਗੁਰੂ ਗ੍ਰੰਥ ਸਾਹਿਬ ਵਿੱਚ ਅਸ਼ਟਪਦੀ ਦੇ ਸਿਰਲੇਖ ਹੇਠ ਦਰਜ ਕਈ ਰਚਨਾਵਾਂ ਵਿੱਚ ਇਸ ਦਾ ਸਬੂਤ ਮਿਲਦਾ ਹੈ । ਇੱਕੋ ਛੰਦ ਤੇ ਚਾਲ ਵਾਲੀਆਂ ਇੱਕੋ ਨਿਸ਼ਚਿਤ ਰੂਪ ਵਿਧਾਨ ਵਾਲੀਆਂ ਅਸ਼ਟਪਦੀਆਂ ਦੀ ਕਲਾਸਕੀ ਉਦਾਹਰਨ ਸੁਖਮਨੀ ਦੀਆਂ ਚੌਵੀ ਅਸ਼ਟ- ਪਦੀਆਂ ਵਿੱਚ ਵੇਖੀ ਜਾ ਸਕਦੀ ਹੈ ।

        ਇਉਂ ਲਗਦਾ ਹੈ ਕਿ ਸਤ ਜਾਂ ਸਤ ਤੋਂ ਵਧੇਰੇ ਪਦਾਂ ਦੇ ਸਮੂਹ ਵਾਲੀਆਂ ਰਚਨਾਵਾਂ ਨੂੰ ਅਸ਼ਟਪਦੀ ਦਾ ਨਾਮ ਦੇਣ ਦੀ ਪਰੰਪਰਾ ਸੀਗੁਰੂ ਗ੍ਰੰਥ ਸਾਹਿਬ ਵਿੱਚ ਸਤ , ਨੌਂ , ਦਸ ਅਤੇ ਸਤਾਈ ਪਦਾਂ ਦੀਆਂ ਅਸ਼ਟਪਦੀਆਂ ਮਿਲਦੀਆਂ ਹਨ । ਸਿਰੀ ਰਾਗ ਵਿੱਚ ਪਹਿਲੀ ਅਸ਼ਟਪਦੀ ਸਤ ਪਦਾਂ ਦੀ ਹੈ , ਗਿਆਰ੍ਹਵੀਂ ਨੌਂ ਪਦਾਂ ਦੀ ਤੇ ਤੇਰ੍ਹਵੀਂ ਦਸ ਪਦਾਂ ਦੀ । ਇਸ ਦੇ ਛੰਤ ਵੀ ਕਈ ਪ੍ਰਕਾਰ ਦੇ ਹੋ ਸਕਦੇ ਹਨ । ਰਾਗ ਮਾਰੂ ਵਿੱਚ ਅਸ਼ਟਪਦੀਆਂ ਦਾ ਛੰਦ ਨਿਸ਼ਾਨੀ ਹੈ ਜਿਸ ਵਿੱਚ ਤੇਈ ਮਾਤਰਾਵਾਂ ਵਾਲੇ ਚਾਰ ਚਾਰ ਚਰਨ ਹਨ । ਵਿਸ਼ਰਾਮ 13 ਅਤੇ 10 ਉੱਤੇ ਹੈ । ਰਾਗ ਮਲ੍ਹਾਰ ਵਿੱਚ ਅਠਾਈ ਮਾਤਰਾਵਾਂ ਵਾਲੇ ਚਾਰ-ਚਾਰ ਚਰਨਾਂ ਵਾਲੀ ਅਸ਼ਟਪਦੀ ਹੈ । ਇਸ ਵਿੱਚ 16 ਤੋਂ 22 ਮਾਤਰਾਵਾਂ ਉੱਤੇ ਵਿਸ਼ਰਾਮ ਹੈ । ਸੁਖਮਨੀ ਦੀਆਂ ਅਸ਼ਟਪਦੀਆਂ ਦੀ ਸਰਲਤਾ , ਲੈਅ ਤੇ ਮਿਠਾਸ ਮਨ ਨੂੰ ਮੋਹ ਲੈਂਦੇ ਹਨ । ਇਹ ਚੌਪਈ ਛੰਦ ਵਿੱਚ ਹਨ । ਦੋ ਸਤਰਾਂ ਉਦਾਹਰਨ ਵਜੋਂ ਵੇਖੋ :

        ਜਨਮ ਮਰਨ ਤਾ ਕਾ ਦੂਖੁ ਨਿਵਾਰੈ

          ਦੁਲਭ ਦੇਹ ਤਤਕਾਲ ਉਧਾਰੈ

        ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ , ਗੁਰੂ ਅਮਰਦਾਸ , ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਰਚਿਤ ਅਸ਼ਟਪਦੀਆਂ ਦੀ ਕੁੱਲ ਗਿਣਤੀ 275 ਹੈ ਜਿਨ੍ਹਾਂ ਵਿੱਚੋਂ ਪਹਿਲੇ , ਤੀਜੇ , ਚੌਥੇ ਤੇ ਪੰਜਵੇਂ ਗੁਰੂ ਦੁਆਰਾ ਰਚੀਆਂ ਅਸ਼ਟਪਦੀਆਂ ਦੀ ਗਿਣਤੀ ਕ੍ਰਮਵਾਰ 107 , 79 , 46 ਅਤੇ 43 ਹੈ । ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਸਤਾਈ ਪਦਿਆਂ ਜਿਹੀਆਂ ਲੰਬੀਆਂ ਅਸ਼ਟਪਦੀਆਂ ਵਿੱਚ ਪਦੇ ਇੱਕ ਹੀ ਤੁਕ ਦੇ ਹਨ । ਇਸ ਤਰ੍ਹਾਂ ਅਸ਼ਟਪਦੀਆਂ ਦੇ ਬੰਦ ਇੱਕ , ਦੋ , ਤਿੰਨ , ਚਾਰ , ਅੱਠ ਜਾਂ ਦਸ ਤੁਕਾਂ ਦੇ ਹੋ ਸਕਦੇ ਹਨ । ਗੁਰੂ ਗ੍ਰੰਥ ਸਾਹਿਬ ਵਿੱਚ ਬੰਦਾਂ ਜਾਂ ਤੁਕਾਂ ਦੀ ਗਿਣਤੀ ਬਾਰੇ ਕੋਈ ਕਰੜਾ ਨੇਮ ਨਹੀਂ ਅਪਣਾਇਆ ਗਿਆ ।

        ਗੁਰੂ ਗ੍ਰੰਥ ਸਾਹਿਬ ਵਿੱਚ ਹੀ ਅਸ਼ਟਪਦੀਆਂ ਦੇ ਸਭ ਤੋਂ ਪੁਰਾਣੇ ਨਮੂਨੇ ਪ੍ਰਾਪਤ ਹਨ । ਇਹਨਾਂ ਨੂੰ ਨੀਝ ਨਾਲ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਅਸ਼ਟਪਦੀ ਦਾ ਸੰਬੰਧ ਪ੍ਰਸੰਸਾ ਜਾਂ ਮਹਿਮਾ ਨਾਲ ਹੈ । ਇਹ ਮਹਿਮਾ ਪ੍ਰਭੂ , ਉਸ ਦੇ ਨਾਮ , ਸੰਤ , ਸਾਧ , ਬ੍ਰਹਮ ਗਿਆਨੀ ਜਾਂ ਗੁਰੂ ਕਿਸੇ ਦੀ ਵੀ ਹੋ ਸਕਦੀ ਹੈ । ਸੁਖਮਨੀ ਵਿੱਚ ਇਸ ਦੇ ਪ੍ਰਮਾਣ ਵਜੋਂ ਪੂਰੀਆਂ ਦੀਆਂ ਪੂਰੀਆਂ ਅਸ਼ਟਪਦੀਆਂ ਨਾਮ , ਸਿਮਰਨ , ਸੰਤ , ਸਾਧ , ਬ੍ਰਹਮਗਿਆਨੀ ਉੱਤੇ ਕੇਂਦਿਰਤ ਹੋ ਕੇ ਲਿਖੀਆਂ ਵੇਖੀਆਂ ਜਾ ਸਕਦੀਆਂ ਹਨ । ਇਹਨਾਂ ਤੋਂ ਇਸ ਕਾਵਿ ਰੂਪ ਨੂੰ ਵਰਣਨ ਜਾਂ ਬਿਰਤਾਂਤ ਲਈ ਵਰਤੇ ਜਾਣ ਦੀਆਂ ਸੰਭਾਵਨਾਵਾਂ ਦਾ ਅੰਦਾਜ਼ਾ ਵੀ ਲੱਗ ਸਕਦਾ ਹੈ । ਗੁਰੂ ਸਾਹਿਬਾਨ ਨੇ ਅਸ਼ਟਪਦੀਆਂ ਨੂੰ ਵਰਣਨ ਦੇ ਨਾਲ-ਨਾਲ ਪ੍ਰਗੀਤਕ ਉਦੇਸ਼ਾਂ ਦੀ ਪੂਰਤੀ ਲਈ ਵੀ ਵਰਤਿਆ ਹੈ । ਉਂਞ ਵੀ ਗੁਰਬਾਣੀ ਦੀ ਸਮੁੱਚੀ ਪ੍ਰਕਿਰਤੀ ਹੀ ਪ੍ਰਗੀਤਕ ਵਧੇਰੇ ਹੈ । ਪੰਜਾਬੀਆਂ ਦਾ ਸੁਭਾਅ ਤੇ ਪੰਜਾਬੀ ਕਵਿਤਾ ਦਾ ਸੁਭਾਅ ਵੀ ਪ੍ਰਗੀਤ ਦੇ ਵੱਧ ਨੇੜੇ ਹੈ । ਇਸੇ ਕਾਰਨ ਪੰਜਾਬੀ ਵਿੱਚ ਪ੍ਰਗੀਤਕ ਰਚਨਾਵਾਂ ਛੇਤੀ ਤੇ ਵਧੇਰੇ ਲੋਕ-ਪ੍ਰਿਆ ਹੁੰਦੀਆਂ ਹਨ ।

        ਅਸ਼ਟਪਦੀ ਦੇ ਕਾਵਿ-ਰੂਪ ਨੂੰ ਅਜੋਕੇ ਯੁੱਗ ਵਿੱਚ ਵਰਣਨਾਤਮਿਕ , ਬਿਰਤਾਂਤਿਕ ਤੇ ਪ੍ਰਗੀਤਕ ਕਿਸੇ ਵੀ ਉਦੇਸ਼ ਦੀ ਪੂਰਤੀ ਲਈ ਵਰਤਿਆ ਜਾ ਸਕਦਾ ਹੈ । ਅਜਿਹਾ ਕਰ ਕੇ ਕਵੀ ਆਪਣੀ ਪਰੰਪਰਾ ਨਾਲ ਜੁੜ ਕੇ ਲੋਕ-ਮਨਾਂ ਦੇ ਵੱਧ ਨੇੜੇ ਹੋ ਸਕਦੇ ਹਨ । ਇਸ ਦੇ ਬਾਵਜੂਦ ਅਜੇ ਤੱਕ ਪੰਜਾਬੀ ਵਿੱਚ ਅਜਿਹੇ ਯਤਨ ਨਹੀਂ ਹੋਏ ।

        ਸੁਖਮਨੀ ਦੀਆਂ ਸ਼ਾਸਤਰੀ ਨੇਮ-ਵਿਧਾਨ ਦੀ ਕਰੜੀ ਪਾਲਣਾ ਕਰਨ ਵਾਲੀਆਂ ਅਸ਼ਟਪਦੀਆਂ ਤੋਂ ਰਤਾ ਵੱਖਰੇ ਪਰ ਉਸੇ ਪ੍ਰਕਾਰ ਦੇ ਕਰੜੇ ਨੇਮ-ਵਿਧਾਨ ਦਾ ਪਾਲਣ ਕਰਨ ਵਾਲੀ ਇੱਕ ਅਸ਼ਟਪਦੀ ਗਉੜੀ ਰਾਗ ਵਿੱਚ ਆਦਿ ਗ੍ਰੰਥ ਦੇ ਪੰਨਾ 725 ਉੱਤੇ ਦਰਜ ਹੈ । ਗੁਰੂ ਨਾਨਕ ਰਚਿਤ ਇਸ ਅਸ਼ਟਪਦੀ ਦੇ ਅੱਠ ਪਦ ਹਨ । ਰਹਾਉ ਵਾਲਾ ਦੋ ਤੁਕਾ ਪਦ ਵਾਧੂ ਹੈ । ਬਾਕੀ ਹਰ ਪਦ ਦੀਆਂ ਤਿੰਨ ਸਤਰਾਂ ਹਨ । ਇਸ ਅਸ਼ਟਪਦੀ ਦਾ ਬਿਰਤਾਂਤ ਕੇਵਲ ਇਹ ਹੈ ਕਿ ਅਕਾਲ ਪੁਰਖ ਤੇ ਉਸ ਦੇ ਨਾਮ ਬਿਨਾਂ ਹੋਰ ਕੋਈ ਚਾਰਾ ਨਹੀਂ । ਗੁਰੂ ਨਾਨਕ ਦੇਵ ਦੀ ਇਹ ਅਸ਼ਟਪਦੀ ਇਸ ਲੋਕ ਰੂਪਾਕਾਰ ਨੂੰ ਆਪਣੀ ਦਾਰਸ਼ਨਿਕ ਲੋੜ ਅਨੁਕੂਲ ਢਾਲਦੀ ਦਿਸਦੀ ਹੈ ।


ਲੇਖਕ : ਕੁਲਦੀਪ ਸਿੰਘ ਧੀਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1757, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਅਸ਼ਟਪਦੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸ਼ਟਪਦੀ [ ਨਾਂਇ ] ਅੱਠ ਪਦਾਂ ਵਾਲ਼ਾ ਕਾਵਿ ਰੂਪ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1738, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਸ਼ਟਪਦੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਅਸ਼ਟਪਦੀ : ਇਕ ਅਜਿਹਾ ਛੰਦ-ਵਿਧਾਨ ਜਾਂ ਪਦੀ- ਸਮੁੱਚ ਜਿਸ ਵਿਚ ਲਗਭਗ ਅੱਠ ਪਦੀਆਂ ਸ਼ਾਮਲ ਹੋਣ । ਇਸ ਉਤੇ ਭਾਵੇਂ ਕਿਸੇ ਖ਼ਾਸ ਛੰਦ ਦੇ ਲੱਛਣ ਤਾਂ ਆਰੋਪਿਤ ਨਹੀਂ ਕੀਤੇ ਜਾ ਸਕਦੇ , ਪਰ ਇਸ ਵਿਚ ਤੋਲ ਅਤੇ ਅਨੁਪ੍ਰਾਸ ਨੂੰ ਜ਼ਰੂਰ ਨਿਭਾਇਆ ਗਿਆ ਹੈ । ਵਿਦਵਾਨਾਂ ਨੇ ਇਨ੍ਹਾਂ ਨਾਲ ਚੌਪਈ , ਨਿਸ਼ਾਨੀ ਆਦਿ ਛੰਦਾਂ ਦੀ ਨੇੜਤਾ ਦਰਸਾਈ ਹੈ । ‘ ਅਸ਼ਟਪਦੀ’ ਨੂੰ ਕੁਝ ਵਿਦਵਾਨਾਂ ਨੇ ਛੰਦਗਤ ਕਾਵਿ-ਰੂਪ ਕਿਹਾ ਹੈ ਅਤੇ ਕੁਝ ਨੇ ਸ਼ੈਲੀਗਤ ਕਾਵਿ-ਰੂਪ ।

                      ‘ ਪਦੀ’ ਤੋਂ ਭਾਵ ਹੈ ਤੁਕ ਜਾਂ ਤੁਕ-ਸਮੂਹ । ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਅਸ਼ਟਪਦੀਆਂ ਵਿਚਲੀਆਂ ਪਦੀਆਂ ਦੀਆਂ ਤੁਕਾਂ ਦੀ ਗਿਣਤੀ ਇਕ ਤੋਂ ਚਾਰ ਤਕ ਹੈ । ਆਮ ਤੌਰ ’ ਤੇ ਪਹਿਲੀ ਪਦੀ ਤੋਂ ਬਾਦ ਇਕ ਜਾਂ ਦੋ ਤੁਕਾਂ ਦਾ ‘ ਰਹਾਉ ’ ਹੁੰਦਾ ਹੈ । ਇਹ ਜ਼ਰੂਰੀ ਨਹੀਂ ਕਿ ਹਰ ਅਸ਼ਟਪਦੀ ਵਿਚ ਅੱਠ ਪਦੀਆਂ ਹੀ ਹੋਣ । ਇਹ ਗਿਣਤੀ ਵਧ-ਘਟ ਹੋ ਸਕਦੀ ਹੈ । ਕਿਉਂਕਿ ਸੱਤ , ਅੱਠ , ਨੌਂ , ਦਸ , ਬਾਰ੍ਹਾਂ ਜਾਂ ਇਸ ਤੋਂ ਵਧ ਪਦੀਆਂ ਦੇ ਸਮੁੱਚ ਗੁਰੂ ਗ੍ਰੰਥ ਸਾਹਿਬ ਵਿਚ ਉਪਲਬਧ ਹਨ । ਇਸ ਪਦੀ-ਸਮੁੱਚ ਨੂੰ ‘ ਅਸ਼ਟਪਦੀਆਂ’ ਸਿਰਲੇਖ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਅਧਿਕਤਰ ਇਹ ਸਮੁੱਚ ਅੱਠ ਪਦੀਆਂ ਵਾਲੇ ਹਨ । ਇਨ੍ਹਾਂ ਅਸ਼ਟਪਦੀਆਂ ਵਿਚ ਗੁਰੂ ਸਾਹਿਬਾਨ ਦੇ ਦਾਰਸ਼ਨਿਕ , ਧਾਰਮਿਕ ਅਤੇ ਸਮਾਜਿਕ ਸਿੱਧਾਂਤਾਂ ਦੀ ਵਿਆਖਿਆ ਹੋਈ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1287, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅਸ਼ਟਪਦੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਸ਼ਟਪਦੀ : ਇਹ ਅੱਠਾਂ ਪਦਾਂ ਦੇ ਛੰਦ ਜਾਂ ਪਉੜੀ ਦੇ ਪ੍ਰਬੰਧ ਦਾ ਨਾਉਂ ਹੈ । ਗੁਰਬਾਣੀ ਵਿਚ ਕਈ ਵੇਰ ਇਸੇ ਸਿਰਲੇਖ ਹੇਠ ਅੱਠਾਂ ਦੀ ਥਾਂ ਸੱਤ , ਨੌ ਜਾਂ ਦਸ ਪਦਾਂ ਦੀਆਂ ਅਸ਼ਟਪਦੀਆਂ ਵੀ ਆ ਜਾਂਦੀਆਂ ਹਨ ਜਿਵੇਂ ਕਿ ਸਿਰੀ ਰਾਗ ਮਹਲਾ ੧ ਦੀਆਂ ਅਸ਼ਟਪਦੀਆਂ ਵਿਚੋਂ ਪਹਿਲੀ , ਗਿਆਰ੍ਹਵੀਂ ਤੇ ਤੇਰ੍ਹਵੀਂ ਅਸ਼ਟਪਦੀ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਸ਼ਟਪਦੀਆਂ ਕਈ ਕਿਸਮਾਂ ਦੇ ਛੰਦਾਂ ਵਿਚ ਲਿਖੀਆਂ ਗਈਆਂ ਹਨ , ਜਿਵੇਂ ਕਿ ਰਾਗ ਮਾਰੂ ਵਿਚ ਉਪਮਾਨ ਜਾਂ ਨਿਸ਼ਾਨੀ ਛੰਦ ਜਿਸ ਵਿਚ ਚਾਰ ਚਰਣ ਹੁੰਦੇ ਹਨ ਤੇ ਹਰਕੇ ਚਰਣ ਵਿਚ 23 ਮਾਤਰਾ । ਪਹਿਲਾ ਵਿਸ਼ਰਾਮ 13 ਮਾਤਰਾ ਤੇ ਦੂਜਾ 10 ਤੇ , ਅੰਤ ਦਾ ਗੁਰੂ ਹੁੰਦੇ ਹਨ , ਜਿਵੇਂ ‘ ਹੁਕਮ ਭਇਆ ਰਹਣਾ ਨਹੀਂ ਧੁਰਿ ਫਾਟੇ ਚੀਰੈ । ਏਹੁ ਮਨੁ ਅਵਗਣਿ ਬਾਪਿਆ ਸਹੁ ਦੇਹ ਸਰੀਰੈ’ ( ਪੰਨਾ 1012 ) । ( 2 ) ਰਾਗ ਮਲ੍ਹਾਰ ਵਿਚ ਸਾਰੇ ਛੰਦ ਚਾਰ ਚਾਰ ਚਰਣਾਂ ਵਾਲੇ ਹੁੰਦੇ ਹਨ ਤੇ ਪ੍ਰਤਿ ਚਰਣ 28 ਮਾਤਰਾ ਹੁੰਦੀਆਂ ਹਨ । ਪਹਿਲਾ ਵਿਸ਼ਰਾਮ 16 ਮਾਤਰਾ ਤੇ ਹੁੰਦਾ ਹੈ ਤੇ ਦੂਜਾ 12 ਮਾਤਰਾ ਤੇ , ਅੰਤ ਵਿਚ ਦੋ ਗੁਰੂ ਹੁੰਦੇ ਹਨ ਜਿਵੇਂ : –

                  ‘ ਚਕਵੀ ਨੈਨ ਨੀਂਦ ਨਹਿ ਚਾਹੈ ਬਿਨੁ ਪਿਰੁ ਨੀਂਦ ਨ ਪਾਈ

                  ਸੂਰ ਚਰ੍ਹੈ ਪ੍ਰਿਉ ਦੇਖੈ ਨੈਨੀ , ਨਿਵਿ ਨਿਵਿ ਲਾਗੈ ਪਾਈ । ’

                                                                                                                  ( ਪੰਨਾ 1273 )

                  ( 3 ) ਰਾਗ ਗਉੜੀ ਵਿਚ ਚੌਪਈ ਛੰਦ ‘ ਨਾ ਮਨ ਮਰੈ ਨ ਕਾਰਜ ਹੋਇ’ – ਆਦਿ ਵਾਲਾ ਰੂਪ ਵਰਤਿਆ ਗਿਆ ਹੈ । ( 4 ) ਇਵੇਂ ਹੀ ਸੁਖਮਨੀ ਦੀਆਂ ਅਸ਼ਟਪਦੀਆਂ ਰੂਪ– ਚੌਪਾਈ ਛੰਦ ਵਿਚ ਹਨ , ਜਿਵੇਂ ‘ ਜਨਮ ਮਰਨ ਤਾ ਕਾ ਦੂਖੁ ਨਿਵਾਰੈ , ਦੁਲਭ ਦੇਹ ਤਤਕਾਲ ਉਧਾਰੈ । ’

                  ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁਲ ਅਸ਼ਟਪਦੀਆਂ 275 ਹਨ , ਜਿਨ੍ਹਾਂ ਵਿਚੋਂ ਮਹਲੇ ਪਹਿਲੇ ਦੀਆਂ 107 , ਮਹਲੇ ਤੀਜੇ ਦੀਆਂ 79 , ਮਹਲੇ ਚੌਥੇ ਦੀਆਂ 46 ਤੇ ਮਹਲੇ ਪੰਜਵੇਂ ਦੀਆਂ 43 ਹਨ ।

                  ਰਾਗ– ਕ੍ਰਮ ਅਨੁਸਾਰ ਸਿਰੀਰਾਗ ਵਿਚ 29 , ਮਾਝ ਵਿਚ 39 , ਗਉੜੀ ਵਿਚ 42 , ਆਸਾ ਵਿਚ 17 , ਗੁਜਰੀ ਵਿਚ 9 , ਵਡਹੰਸ ਵਿਚ 2 , ਸੋਰਠਿ ਵਿਚ 10 , ਧਨਾਸਰੀ ਵਿਚ 3 , ਤਿਲੰਗ ਵਿਚ 2 , ਸੂਹੀ ਵਿਚ

11 , ਬਿਲਾਵਲ ਵਿਚ 11 , ਗੌਂਡ ਵਿਚ 1 , ਰਾਮਕਲੀ ਵਿਚ 22 , ਨਟ ਨਾਰਾਇਨ ਵਿਚ 6 , ਮਾਰੂ ਵਿਚ 15 , ਭੈਰਉ ਵਿਚ 6 , ਬਸੰਤ ਵਿਚ 11 , ਸਾਰੰਗ ਵਿਚ 7 , ਮਲ੍ਹਾਰ ਵਿਚ 8 , ਕਾਨੜੇ ਵਿਚ 6 , ਕਲਿਆਣ ਵਿਚ 6 ਅਤੇ ਪ੍ਰਭਾਤੀ ਵਿਚ 12 ਹਨ ।

                  ਹ. ਪੁ.– ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ , ਤੇਜਾ ਸਿੰਘ ; ਬਾਣੀ ਬਿਉਦਾ ਡਾਕਟਰ ਚਰਨ ਸਿੰਘ; ਮ. ਕੋ.

 


ਲੇਖਕ : ਸ਼ਮਸ਼ੇਰ ਸਿੰਘ ਅਸ਼ੋਕ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 392, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-14, ਹਵਾਲੇ/ਟਿੱਪਣੀਆਂ: no

ਅਸ਼ਟਪਦੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਸ਼ਟਪਦੀ : ‘ ਚਉਪਦੇ’ ਵਾਂਗ ‘ ਅਸ਼ਟਮੀ’ ਵੀ ਪਦ– ਸਮੂਹ ਦਾ ਨਾਂ ਹੈ , ਇਹ ਕੋਈ ਛੰਦ– ਭੇਦ ਨਹੀਂ ਹੈ । ਇਸ ਨੂੰ ਚਉਪਦੇ ਵਾਂਗ ਸ਼ੈਲੀਅਤ ਕਾਵਿ ਭੇਦ ਕਿਹਾ ਜਾ ਸਕਦਾ ਹੈ । ਆਮ ਕਰਕੇ ਜਿਸ ਪਦ– ਸਮੂਹ ਵਿਚ ਅੱਠ ਪਦੇ/ਪਦੀਆਂ ਸੰਕਲਿਤ ਹੋਣ , ਉਸ ਨੂੰ ‘ ਅਸ਼ਟਪਦੀ’ ਕਿਹਾ ਜਾਂਦਾ ਹੈ । ਪਰ ਗੁਰੂ ਗ੍ਰੰਥ ਸਾਹਿਬ ਵਿਚ ਸੱਤ ਤੋਂ ਲੈ ਕੇ ਬਾਰਾਂ ਪਦਿਆਂ/ਪਦੀਆਂ ਦੇ ਸਮੂਹ ਵੀ ‘ ਅਸ਼ਟਪਦੀ’ ਸਿਰਲੇਖ ਅਧੀਨ ਰਖਿਆ ਗਿਆ ਹੈ ਕਿਉਂਕਿ ਇਸ ਪ੍ਰਕਾਰ ਦੇ ਪਦ– ਸਮੂਹਾਂ ਵਿਚੋਂ ਅਧਿਕਾਂਸ਼ ਅਸ਼ਟਪਦੀਆਂ ਹਨ । ‘ ਪਦਾ’ ਤੋਂ ਭਾਵ ਹੈ ਤੁਕ– ਸਮੂਹ । ਇਸ ਨੂੰ ‘ ਬੰਦ’ ਵੀ ਕਿਹਾ ਜਾਂਦਾ ਹੈ । ਗੁਰਬਾਣੀ ਵਿਚ ਇਨ੍ਹਾਂ ਪਦਿਆਂ/ਪਦੀਆਂ ਦੀ ਤੁਕ– ਸੰਖਿਆ ਇਕ ਤੋਂ ਦਸ ਤਕ ਹੈ । ਪਰ ਪਹਿਲੇ ਪਦੇ ( ਬੰਦ ਤੋਂ ਬਾਅਦ ਇਕ ਜਾਂ ਦੋ ਪੰਕਤੀਆਂ ਰਹਾਉ ( ਟੇਕ ) ਦੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਸਾਰੀ ਅਸ਼ਟਪਦੀ ਦਾ ਕੇਂਦਰੀ ਭਾਵ ਸੰਯੋਜਿਤ ਹੁੰਦਾ ਹੈ । ਇਨ੍ਹਾਂ ਅਸ਼ਟਪਦੀਆਂ ਵਿਚ ਕਿਤੇ ਕਿਤੇ ਚੌਪਈ , ਸਾਰ , ਉਪਮਾਨ , ਨਿਸ਼ਾਨੀ ਆਦਿ ਛੰਦਾ ਦੇ ਅੰਸ਼ਿਕ ਲੱਛਣਾਂ ਨੂੰ ਘਟਾਇਆ ਜਾ ਸਕਦਾ ਹੈ । ਇਨ੍ਹਾਂ ਵਿਚ ਆਮ ਕਰਕੇ ਗੁਰੂ ਸਾਹਿਬਾਨ ਦੇ ਰਹੱਸਵਾਦੀ ਅਨੁਭਵ ਅਤੇ ਧਾਰਮਿਕ ਦ੍ਰਿਸ਼ਟੀਕੋਣ ਦੀ ਗੰਭੀਰ ਵਿਆਖਿਆ ਹੋਈ ਹੈ ।

[ ਸਹਾ. ਗ੍ਰੰਥ– ਮ. ਕੋ. , ਡਾ. ਬਲਬੀਰ ਸਿੰਘ ਦਿਲ : ‘ ਅਮਰ ਕਵੀ ਗੁਰੂ ਅਮਰਦਾਸ’ ; ਡਾ. ਰਤਨ ਸਿੰਘ ਜੱਗੀ : ‘ ਗੁਰੂ ਨਾਨਕ ਦੀ ਵਿਚਾਰਧਾਰਾ’ ]


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 392, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.