ਅਸੁਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਸੁਰ [ਨਾਂਪੁ] ਦੈਂਤ , ਦਾਨਵ, ਰਾਖਸ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6390, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅਸੁਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਸੁਰ. ਸੰ. ਸੰਗ੍ਯਾ—ਜੋ ਦੇਵਤਿਆਂ ਨੂੰ ਫੈਂਕ ਦਿੰਦਾ ਹੈ. ਦੈਤ. ਦੇਖੋ, ਅਸ~ ਧਾ. “ਅਨਗਨ ਕਾਲ ਅਸੁਰ ਤਬ ਮਾਰੇ.” (ਚਰਿਤ੍ਰ ੪੦੫) ੨ ਪ੍ਰੇਤ. ਭੂਤਨਾ। ੩ ਸੂਰਜ , ਜੋ ਚਮਕਦਾ ਹੈ. ਦੇਖੋ, ਅਸ~ ਧਾ। ੪ ਭਾਵ—ਵਿਕਾਰ. ਕੁਕਰਮ. “ਅਸੁਰ ਸੰਘਾਰੈ ਸੁਖਿ ਵਸੈ.” (ਸ੍ਰੀ ਮ: ੩) “ਸਤਿਗੁਰੁ ਅਸੁਰ ਸੰਘਾਰੁ.” (ਸ੍ਰੀ ਅ: ਮ: ੧) ੫ ਕੁਕਰਮ ਕਰਨ ਵਾਲਾ. ਕੁਕਰਮੀ ਜੀਵ. “ਕੁਕ੍ਰਿਤ ਕਰਮ ਜੇ ਜਗ ਮਹਿ ਕਰਹੀ। ਨਾਮ ਅਸੁਰ ਤਿਨ ਕੋ ਜਗ ਧਰਹੀ.” (ਵਿਚਿਤ੍ਰ) ੬ ਨਿਘੁੰਟ2 ਵਿੱਚ ਅਸੁਰ ਦਾ ਅਰਥ ਬੱਦਲ (ਮੇਘ) ਹੈ। ੭ ਵਿ—ਅਸੁ (ਪ੍ਰਾਣ) ਧਾਰੀ. ਜ਼ਿੰਦਾ. ਜੀਵਨਦਸ਼ਾ ਵਾਲਾ। ੮ ਸ਼ਸਤ੍ਰਨਾਮਮਾਲਾ ਵਿੱਚ ਅਜਾਣ ਲਿਖਾਰੀਆਂ ਨੇ अस्रत्र (ਅਸ੍ਰ) ਦੀ ਥਾਂ ਅਸੁਰ ਸ਼ਬਦ ਲਿਖ ਦਿੱਤਾ ਹੈ. ਅਸ੍ਰ ਦਾ ਅਰਥ ਹੈ ਫੈਂਕਿਆ ਹੋਇਆ. ਚਲਾਇਆ ਹੋਇਆ. ਦੇਖੋ, ਅਸੑ ਧਾ. “ਪਸੁਪਤਿ ਪ੍ਰਿਥਮ ਬਖਾਨਕੈ ਅਸੁਰ ਸ਼ਬਦ ਫੁਨ ਦੇਹੁ.” (੧੧੨) ਸ਼ੁਧ ਪਾਠ ਹੈ—“ਅਸ੍ਰ ਸ਼ਬਦ ਫੁਨ ਦੇਹੁ.” ਪਸ਼ੁਪਤਿ (ਸ਼ਿਵ) ਕਰਕੇ ਫੈਂਕਿਆ ਹੋਇਆ ਤੀਰ । ੯ ਰਿਗਵੇਦ ਵਿੱਚ ਕਈ ਥਾਂ ਅਸੁਰ ਸ਼ਬਦ ਦੇਵਤਾ ਬੋਧਕ ਹੈ, ਕਿਉਂਕਿ ਅਸੑ ਧਾਤੁ ਦਾ ਅਰਥ ਪ੍ਰਕਾਸ਼ਨਾ ਹੈ. ਅਸੁ (ਪ੍ਰਾਣ) ਦੇਣ ਵਾਲਾ ਹੋਣ ਕਰਕੇ ਭੀ ਅਸੁਰ ਹੈ. ਦੇਖੋ, ਰਿਗਵੇਦ ੧-੩੫-੯ ਦਾ ਭਾ— “असुरः सर्वेषां प्राणदः” ਪਾਰਸੀਆਂ ਦੇ ਧਰਮਗ੍ਰੰਥ ਦ ਵਿੱਚ “ਅਹੁਰ” ਦੇਵਤਾ ਬੋਧਕ ਹੈ, ਪਾਰਸੀ ਵਿੱਚ ਸੰਸਕ੍ਰਿਤ ਦਾ ਸੱਸਾ ਹਾਹਾ ਹੋ ਜਾਂਦਾ ਹੈ. ਜੈਸੇ—ਸਪ੍ਤ—ਹਫ਼ਤ, ਦਸ਼—ਦਹ, ਮਾਸ—ਮਾਹ ਆਦਿ। ੧੦ ਵਾਲਮੀਕਿ ਰਾਮਾਇਣ ਬਾਲਕਾਂਡ ਦੇ ੪੫ ਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਖੀਰਸਮੁੰਦਰ ਰਿੜਕਣ ਵੇਲੇ ਵਰੁਣ ਦੀ ਕੰਨ੍ਯਾ ਵਾਰੁਣੀ (ਸ਼ਰਾਬ), ਜਿਸ ਨੂੰ “ਸੁਰਾ” ਆਖਦੇ ਹਨ ਪਰਗਟ ਹੋਈ, ਦੈਂਤਾਂ ਨੇ ਉਸ ਨੂੰ ਅੰਗੀਕਾਰ ਨਾ ਕੀਤਾ, ਇਸ ਲਈ ਉਨ੍ਹਾਂ ਦਾ ਨਾਉਂ ਅਸੁਰ ਹੋਇਆ, ਜਿਨ੍ਹਾਂ ਨੇ ਸੁਰਾ ਗ੍ਰਹਣ ਕੀਤੀ, ਉਹ ਸੁਰ ਕਹਾਏ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6373, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਸੁਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਅਸੁਰ (ਗੁ.। ਸੰਸਕ੍ਰਿਤ ਅਸੁਰ=ਜੋ ਦੇਵਤਾ ਨਾ ਹੋਵੇ) ਰਾਖਸ਼। ਯਥਾ-‘ਅਸੁਰ ਸੰਘਾਰੈ ਸੁਖਿ ਵਸੈ ਜੋ ਤਿਸੁ ਭਾਵੈ ਸੁ ਹੋਇ’ (ਅਸੁਰ) ਕਾਮਾਦਿਕਾਂ ਨੂੰ ਨਾਸ਼ ਕਰੇ ਤੇ ਜੋ ਤਿਸ (ਪ੍ਰਭੂ) ਨੂੰ ਭਾਂਵਦਾ ਹੈ ਸੋ ਹੋਵੇ (ਭਾਵ ਰਜ਼ਾ ਵਿਚ ਟਿਕੇ) ਤਾਂ ਸੁਖ ਵਿਚ ਵੱਸਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6337, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਅਸੁਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਸੁਰ : ਅਸੁਰ, ਅਸਸੁਰ, ਜਾਂ ਅਸੂਰ ਪ੍ਰਾਚੀਨ ਜ਼ਮਾਨੇ ਵਿਚ ਉੱਤਰ–ਪੂਰਬੀ ਇਰਾਕ ਵਿਚ ਵੱਸਣ ਵਾਲੀ ਇਕ ਸਾਮੀ ਬਹਾਦੁਰ ਕੌਮ ਦਾ ਨਾਂ ਹੈ। ਇਸ ਕੌਮ ਦੇ ਨਾਂ ਤੇ ਹੀ ਇਨ੍ਹਾਂ ਦੇ ਮੁਲਕ ਦਾ ਨਾਂ ਅਸੀਰੀਆ ਪੈ ਗਿਆ ਹੈ। ਅਸੀਰੀਆ ਦੀ ਪੁਰਾਣੀ ਰਾਜਧਾਨੀ ਅਤੇ ਇਨ੍ਹਾਂ ਦੇ ਮੁਖ ਦੇਵਤੇ ਦਾ ਨਾਂ ਵੀ ‘ਅਸੁਰ’ ਸੀ। ਅਸੁਰਾਂ ਦੀ ਪਹਿਲੀ ਰਾਜਧਾਨੀ ਕਲਾਤ ਸ਼ਰਕਤ ਦੇ ਨੇੜੇ ‘ਅਸੁਰ“ ਸੀ। ਪਿਛੋਂ ਨਿਨਵੇ ਬਣੀ, ਜਿਸ ਨੂੰ ਅੱਜ ਕਲ੍ਹ ਕੋਯੁੰਜਿਕ (Kouyunjik) ਕਹਿੰਦੇ ਹਨ।
ਨਿਨਵੇ ਅਤੇ ਅਸੁਰ ਦੇ ਵਿਚਕਾਰ ਅਜੋਕੇ ਨਿਮਰੂਦ ਦੇ ਨੇੜੇ ‘ਕਲਾਹ’ (Calah) ਸੀ, ਜੋ ਨੌਵੀਂ ਅਠਵੀਂ ਸਦੀ ਈ.ਪੂ. ਵਿਚ ਅਸੁਰਾਂ ਦੀ ਦੂਜੀ ਰਾਜਧਾਨੀ ਸੀ। ਨਿਨਵੇ ਦੇ ਉੱਤਰ ਪੂਰਬ ਵੱਲ ਅਜ ਦੇ ਖੋਰਸਾਬਾਦ ਵਿਚ ਇਕ ਜ਼ਬਰਦਸਤ ਅਸੁਰ ਬਾਦਸ਼ਾਹ ਸਾਰਗੋਨ (ਸ਼ਰੁਕਿਨ) ਦੀ ਰਾਜਧਾਨੀ ਉਸ ਦੇ ਨਾਂ ਤੇ ਦਰ–ਸ਼ਰੁਕਿਨ (Dur Sharrukin) ਸੀ। ਇਨ੍ਹਾਂ ਸ਼ਹਿਰਾਂ ਦੀਆਂ ਖੁਦਾਈਆਂ ਤੋਂ ਇਤਿਹਾਸਕ ਮਹੱਤਵ ਵਾਲੀਆਂ ਚੀਜ਼ਾਂ ਮਿਲੀਆਂ ਹਨ।
ਅਸੁਰ ਦੇ ਇਤਿਹਾਸ ਨੂੰ ਅਸੀਂ ਦੋ ਵੱਡੇ ਵੱਡੇ ਹਿੱਸਿਆਂ ਵਿਚ ਵੰਡ ਸਕਦੇ ਹਾਂ। ਸ਼ਹਿਨਸ਼ਾਹੀਅਤ ਤੋਂ ਪਹਿਲਾਂ ਦਾ ਸਮਾਂ ਅਤੇ ਸ਼ਹਿਨਸ਼ਾਹੀਅਤ ਦਾ ਸਮਾਂ। ਇਸ ਸ਼ਹਿਨਸ਼ਾਹੀਅਤ ਦੇ ਜ਼ਮਾਨੇ ਦੇ ਅਗੋਂ ਫਿਰ ਤਿੰਨ ਹਿਸੇ ਕੀਤੇ ਗਏ ਹਨ–––ਪ੍ਰਾਚੀਨ ਦੌਰ, ਮੱਧ ਦੌਰ ਤੇ ਪਿਛਾ ਦੌਰ। ਪਿਛੇ ਜਿਹੇ ਕੀਤੀਆਂ ਗਈਆਂ ਖੁਦਾਈਆਂ ਤੋਂ ਵਿਦਵਾਨਾਂ ਨੇ ਅੰਦਾਜ਼ਾ ਲਾਇਆ ਹੈ ਕਿ 4750 ਈ. ਪੂ. ਦੇ ਲਗਭਗ ਅਸੁਰੀਆ ਵਿਚ ਪਿੰਡ ਵਸਣੇ ਸ਼ੁਰੂ ਹੋ ਗਏ ਸਨ। ਇਸ ਤੋਂ ਇਲਾਵਾ ਥੋੜ੍ਹੀ ਦੇਰ ਪਹਿਲਾਂ ਜਾਂ ਪਿਛੋਂ ਭਾਂਡੇ ਬਣਨੇ ਸ਼ੁਰੂ ਹੋਏ ਅਤੇ ਫਿਰ ਦੱਖਣ ਅਰਥਾਤ ਬਾਬਿਲ ਵਾਲੇ ਪਾਸੇ ਤੋਂ ਅਸੁਰੀ ਲੋਕਾਂ ਨੇ ਧਾਤ ਦੀ ਵਰਤੋਂ ਵੀ ਸਿਖ ਲਈ। ਉਸ ਵੇਲੇ ਤੋਂ ਹੀ ਬਾਬਲੀ ਸਭਿੱਅਤਾ ਅਸੁਰੀ ਵਿਚਾਰਾਂ ਤੇ ਛਾ ਗਈ ਅਤੇ ਇਹ ਹਾਲਤ ਅੰਤ ਤਰ ਰਹੀ। 2300 ਈ. ਪੂ. ਦੇ ਨੇੜੇ ਤੇੜੇ ਰਾਜਨੀਤਕ ਪੱਖ (ਸਾਈਕਸ 2800 ਈ. ਪੂ.) ਤੋਂ ਵੀ ਅਸੁਰੀਆ ਬਾਬਿਲ–ਅੱਕਾਦ ਦਾ ਸੂਬਾ ਬਣ ਗਿਆ। ਲਿਮੂ ਰਿਕਾਰਡਾਂ ਤੋਂ ਅਸੁਰੀ ਤਾਰੀਖਾਂ ਦਾ ਵੇਰਵਾ ਕੋਈ 18ਵੀਂ ਸਦੀ ਈ. ਪੂ. ਤੋਂ ਮਿਲ ਸਕਦਾ ਹੈ। ਵੈਸੇ ਖੋਰਸਾਬਾਦ ਤੋਂ ਮਿਲੀ ਬਾਦਸ਼ਾਹਾਂ ਦੀ ਸੂਚੀ ਤੇ 32 ਨਾਵਾਂ ਵਿਚੋਂ ਪਿਛਲੇ 17 ਇਤਿਹਾਸਕ ਹਨ। ਇਨ੍ਹਾਂ 17 ਵਿਚੋਂ ਪਹਿਲੇ ਪੰਦਰ੍ਹਾਂ ਬਾਦਸ਼ਾਹਾਂ ਦੇ ਨਾਂ ਬੜੇ ਅਜੀਬ ਅਤੇ ਰਵਾਇਤੀ ਹੋਣ ਕਰਕੇ ਉਨ੍ਹਾਂ ਨੂੰ ਇਤਿਹਾਸਕ ਮੰਨਣਾ ਮੁਸ਼ਕਲ ਹੈ। ਇਨ੍ਹਾਂ ਪੰਦਰ੍ਹਾਂ ਵਿਚੋਂ ਦੂਜੇ ਦਾ ਨਾਂ ‘ਆਦਮ’ ਹੈ, ਜੋ ਇਬਰਾਨੀ ‘ਮਨੁ’ ਅਤੇ ਪਹਿਲੇ ਇਨਸਾਨ ਬਾਬਾ ਆਦਮ ਦੀ ਯਾਦ ਦਿਵਾਉਂਦਾ ਹੈ।
ਪ੍ਰਾਚੀਨ ਸ਼ਹਿਨਸ਼ਾਸੀਅਤ ਦਾ ਜ਼ਮਾਨਾ–– ਇਹ ਲਗਭਗ 2000 ਈ. ਪੂ. ਤੋਂ ਸ਼ੁਰੂ ਹੁੰਦਾ ਹੈ। ਪਜ਼ੂਰ–ਅਸੁਰ ਪਹਿਲਾ (Puzur-Ashur I) ਜਿਸ ਦਾ ਰਾਜ ਲਗਭਗ 1950 ਈ. ਪੂ. ਵਿਚ ਸੀ, ਸ਼ਾਇਦ ਅਸੁਰੀ ਸਾਮਰਾਜ ਦਾ ਮੋਢੀ ਸੀ। ਅਗਲੀਆਂ ਦੋ ਸਦੀਆਂ ਇਸ ਸ਼ਹਿਨਸ਼ਾਹੀਅਤ ਦੀ ਤਰੱਕੀ ਤੇ ਖੁਸ਼ਹਾਲੀ ਦਾ ਸਮਾਂ ਸੀ। ਦੇਸ਼ ਦੇ ਬਾਹਰ ਹੋਰਨਾ ਰਾਜਾਂ ਵਿਚ ਅਸੁਰਾਂ ਦੀਆਂ ਕਈ ਮੰਡੀਆਂ ਤੇ ਵਪਾਰਕ ਕੇਂਦਰ ਬਣ ਗਏ। ਅਸੂਰਾਂ ਦੇ ਬਾਦਸ਼ਾਹ ਇਲੁਸੁਮਾ (IIushuma-ਲ . ਭ. 1900 ਈ. ਪੂ.) ਨੇ ਪੰਜਾਹ ਵਰ੍ਹੇ ਪਿੱਛੋਂ ਬਾਬਲ ਨੂੰ ਜਿੱਤ ਕੇ ਅਸੁਰੀਆ ਦਾ ਸੂਬਾ ਬਣਾ ਲਿਆ। ਇਲੁਸੁਮਾਂ ਦੇ ਵਾਰਸਾਂ ਨੇ ਏਸ਼ੀਆ ਕੋਚਕ ਨਾਲ ਕਾਫ਼ੀ ਵਪਾਰ ਕੀਤਾ। ਇਨ੍ਹਾਂ ਦੋਹਾਂ ਸਦੀਆਂ ਵਿਚ ਇਕ ਪੱਛਮੀ ਸਾਮੀ ਖ਼ਾਨਾਬਦੋਸ਼ ਕੋਮ ਦੱਖਣ ਪੱਛਮੀ ਏਸ਼ੀਆ ਨੂੰ ਜਿੱਤ ਕੇ ਉਥੇ ਵਸ ਗਈ। ਇਹ ਸੀ ਅਮੂਰੀ (Amorite) ਕੌਮ ਜੋ ਕਦੀਮ ਇਬਰਾਨੀ ਜ਼ਬਾਨ ਬੋਲਦੀ ਸੀ। ਇਥੇ ਕੌਮ ਦੇ ਸ਼ਮਸ਼ੀ–ਅੱਦਾਦ ਪਹਿਲੇ ਨਾਂ ਦੇ ਬਾਦਸ਼ਾਹ ਨੇ ਅਸੁਰੀਆ ਤੇ ਕਬਜ਼ਾ ਕਰ ਕੇ ਉਸ ਦੇ ਰਾਜ ਦੀਆਂ ਹੱਦਾਂ ਇਕ ਪਾਸੇ ਭੂ–ਮੱਧ ਸਾਗਰ ਅਤੇ ਦੱਖਣ–ਪੱਛਮੀ ਈਰਾਨ ਵਿਚ ਏਲਾਮ (Elam) ਤਕ ਪੁਚਾ ਦਿੱਤੀਆਂ। ਅਜ ਕਲ੍ਹ ਦੇ ਸੀਰੀਆ ਤੇ ਇਰਾਕ ਦੀ ਸਾਂਝੀ ਹੱਦ ਦੇ ਉੱਤਰ ਵੱਲ ਮਾਰੀ (Mari) ਨਾਂ ਦਾ ਸੂਬਾ ਸੀ, ਜਿਸ ਉੱਤੇ ਸ਼ਮਸ਼ੀ–ਅੱਦਾਦ ਪਹਿਲੇ ਅਤੇ ਉਸ ਦੇ ਪੁੱਤਰ ਇਸ਼ਮੇ ਦਾਗਾਨ ਦੇ ਜ਼ਮਾਨੇ ਵਿਚ ਉਨ੍ਹਾਂ ਦੇ ਪੁੱਤਰਾਂ ਨੇ ਸੂਬੇ ਦੇ ਹਾਕਮਾਂ ਦੇ ਤੌਰ ਤੇ ਰਾਜ ਕੀਤਾ। ਇਸ਼ਮੇ ਦਾਗ਼ਾਨ ਦੇ ਮਰਨ ਪਿਛੋਂ ਦੇਸ਼ ਵਿਚ ਹਫੜਾ–ਦਫੜੀ ਫੈਲ ਗਈ ਅਤੇ ਮਾਰੀ ਤੇ ਬਾਬਲ ਆਦਿ ਦੇ ਇਲਾਕੇ ਆਜ਼ਾਦ ਹੋ ਗਏ। ਬਾਬਲ ਦਾ ਰਾਜ ਇੰਨਾ ਤਕੜਾ ਹੋਗਿਆ ਕਿ ਉਸ ਦੇ ਇਤਿਹਾਸ ਪ੍ਰਸਿੱਧ ਬਾਦਸ਼ਾਹ ਹਮੂਰਾਬੀ (Hammurabi) ਨੇ ਉਦੋਂ ਹੀ ਇਕ ਤਕੜਾ ਸਾਮਰਾਜ ਕਾਇਮ ਕਰ ਲਿਆ ਅਤੇ ਅਸਰੀਆ ਨੂੰ ਇਸ ਦਾ ਇਕ ਸੂਬਾ ਬਣਾ ਲਿਆ। ਇਹ ਘਟਨਾ 1700 ਈ. ਪੁ. ਦੇ ਨੇੜੇ ਤੇੜੇ ਦੀ ਹੈ। ਅਗਲੀਆਂ ਦੋ ਸਦੀਆਂ (1705–1500 ਈ. ਪੁ.) ਵਿਚ ਵੀ ਅਸੁਰੀ ਰਾਜਨੀਤੀ ਦਿਨੋ ਦਿਨ ਕਮਜ਼ੋਰ ਹੁੰਦੀ ਰਹੀ। ਕੈਸਾਈਟਾਂ (Kassites), ਹਿੱਤੀਆਂ (Hitties) ਅਤੇ ਮਿਤਨੀਆਂ (Mitannis) ਨੇ ਇਸ ਉੱਤੇ ਹਮਲਾ ਕਰ ਦਿੱਤਾ। ਇਨ੍ਹਾਂ ਕੌਮਾਂ ਦਾ ਹੀ ਸਮੇਂ ਸਮੇਂ ਸਿਰ ਅਸੁਰੀਆ ਉੱਤੇ ਜ਼ੋਰ ਬਣਿਆ ਰਿਹਾ। ਖਿਆਲ ਹੈ ਕਿ ਮਿਤਨੀ ਲੋਕ ਆਰੀਆ ਸਨ ਜਿਹੜੇ ਇੰਦਰ ਵਰੁਨ ਆਦਿ ਰਿਗ ਵੇਦ ਦੇ ਦੇਵਤਿਆਂ ਦੀ ਪੂਜਾ ਕਰਦੇ ਸਨ ਅਤੇ ਜਿਨਾਂ ਨੇ ਹਿੱਤੀਆਂ ਨਾਲ ਆਪਣੇ ਬੋਗਾਜ਼–ਕੋਈ (Boghaz-Kyoi) ਦੇ ਸੰਧੀ–ਪੱਤਰ ਉੱਤੇ ਇਨ੍ਹਾਂ ਆਰੀਆਂ ਦੇਵਤਿਆਂ ਨੂੰ ਸਾਖੀ ਮੰਨਿਆ। ਇਹ ਵਾਕਿਆ ਲਗਭਗ 1450 ਈ. ਪੂ. ਦਾ ਹੈ। ਮੱਧ ਕਾਲ ਦਾ ਸ਼ਹਿਨਸ਼ਾਹੀ ਜਮਾਨਾ ਲਗਭਗ 1500 ਈ. ਪੁ. ਤੋਂ 900 ਈ. ਪੂ. ਤਕ ਅਸੁਰੀ ਸ਼ਇਨਸ਼ਾਹੀਅੱਤ ਦਾ ਮੱਧ–ਯੁੱਗ ਅਖਵਾਉਂਦਾ ਹੈ। ਇਸ ਯੁੱਗ ਦਾ ਮੌਢੀ ਅਸ਼ਾਰ–ਨਿਰਾਰੀ ਪਹਿਲਾ ਸੀ। ਅਗਲੀ ਸਦੀ ਵਿਚ ਬਾਬਿਲ ਦੇ ਨਵੇਂ ਕੈਸਾਈਟ ਬਾਦਸ਼ਾਹ ਅਸੁਰੀਆ ਨਾਲ ਸ਼ਹਿਨਸ਼ਾਹਾਂ ਵਾਲਾ ਸਲੂਕ ਕਰਦੇ ਸਨ ਅਤੇ ਉਨ੍ਹਾਂ ਦੀ ਰਾਜਧਾਨੀ ਨਿਨਵੇਂ ਮਿਤਨੀ ਆਰੀਆਂ ਦੇ ਕਬਜ਼ੇ ਵਿਚ ਚਲੀ ਗਈ।
ਬੂਤਮੋਥ ਤੀਜੇ ਅਤੇ ਕੈਸਾਈਟਾਂ ਨੇ ਮਿਤਨੀ ਆਰੀਆ ਨੂੰ ਹਰਾ ਕੇ ਉਥੋਂ ਕੱਢ ਦਿੱਤਾ। ਲਗਭਗ ਚੋਧਵੀਂ ਸਦੀ ਈ. ਪੂ. ਦੇ ਦਰਮਿਆਨ ਅਸੁਰ–ਉਬਲਿਤ ਪਹਿਲੇ (Assur uballit I) ਦੇ ਜ਼ਮਾਨੇ ਵਿਚ ਦੇਸ਼ ਨੂੰ ਨਵੀਂ ਜ਼ਿੰਦਗੀ ਤੇ ਤਾਕਤ ਮਿਲੀ ਹੈ। ਉਸ ਨੇ ਬਾਬਲ ਨੂੰ ਜਿੱਤ ਲਿਆ ਅਤੇ ਉਸ ਦੇ ਫ਼ਰਾਊਨ ਇਖਨਾਤੂਨ (Pharaon Ikhnaton) ਜੋ ਲਗਭਗ 1375 ਈ. ਪੂ. ਵਿਚ ਹੋਇਆ, ਨਾਲ ਕੀਤੇ ਗਏ ਚਿੱਠੀ ਪੱਤਰ (ਜੋ ਕਿ ਅਮਰੋਨਾ ਦੇ ਰਿਕਾਰਡਾਂ ਵਿਚ ਸੁਰਖਿਅਤ ਹਨ) ਕਦੀਮ ਅੰਤਰ–ਰਾਸ਼ਟਰੀ ਸਬੰਧ ਦੇ ਚਿੰਨ੍ਹ ਬਣ ਗਏ।
ਅਦਾਦ–ਨਿਰਾਰੀ ਪਹਿਲਾ (ਲਗਭਗ 1298–1266 ਈ. ਪੂ.) ਸ਼ੈਲਮਾਨੀਜ਼ਰ ਪਹਿਲਾ (ਲਗਭਗ 1265–1236) ਅਤੇ ਤੁਕੁਲਤੀ–ਨਿਠੂਰਤਾ ਪਹਿਲੇ (ਲਗਭਗ 1235–1199 ਈ. ਪੂ.) ਨੇ ਅਸੁਰੀ ਰਾਜ ਦਾ ਇਲਾਕਾ ਹੌਲੀ ਹੌਲੀ ਖੱਡੀਆਂ ਅਤੇ ਫ਼ਰਾਊਨਾਂ ਤੋਂ ਵਾਪਸ ਜਿੱਤ ਲਿਆ ਅਤੇ ਇਨ੍ਹਾਂ ਵਿਚੋਂ ਤੁਕਲਤੀ ਨਿੂਰਤਾ ਪਹਿਲੇ ਨੇ ਤਾਂ ਆਪਦੇ ਰਾਜ ਦੀ ਹੱਦ ਉੱਤਰ ਵਿਚ ਆਰਮੀਨੀਆ ਦੇ ਪਹਾੜਾਂ ਤੋਂ ਦੱਖਣ ਵਿਚ ਖਾੜੀ ਫ਼ਾਰਸ ਤਕ ਫੈਲਾ ਦਿੱਤੀ। ਪਰ ਉਸ ਦੇ ਪੁੱਤਰ ਰਾਜ ਦੇ ਵਿਚ ਬਾਬਲ ਨੇ ਫੇਰ ਤਾਕਤ ਫੜ ਲਈ ਅਤੇ ਅਸੁਰੀਆ ਨੂੰ ਦਬਾ ਲਿਆ। ਆਖਿਰ ਵਿਚ ਅਸੁਰ ਰੇਸ਼ਇਸ਼ੀ (Ashur-rishi-ishi) ਨੇ ਬਾਬਲ ਨੂੰ ਜਿਤ ਕੇ ਆਪਣੇ ਦੇਸ਼ ਦੀ ਹਾਜਰ ਦਾ ਬਦਲਾ ਲਿਆ। ਉਸ ਦੇ ਪੁੱਤਰ ਤਿਗਲਾਥ–ਪਿਲੇਜ਼ੇਰ ਪਹਿਲੇ (Tiglath Pileser I) (ਲਗਭਗ 1100 ਈ. ਪੂ.) ਦੇ ਸਮੇਂ ਤਾਂ ਮੱਧਕਾਲ ਦੀ ਅਸੁਰੀ ਸ਼ਹਿਨਸ਼ਾਹੀਅਤ ਨੇ ਆਪਣੀ ਖੁਸ਼ਹਾਲੀ ਦਾ ਸਿਖਰਛੁਹ ਲਿਆ। ਉਸ ਨੇ ਇਕ ਪਾਸੇ ਤਾਂ ਆਰਮੀਨੀਆ ਤੋਂ ਫਰੀਗਿਆਈਆਂ (phrygians) ਨੂੰ ਕੱਢ ਕੇ ਫ਼ਿੰਨੀਕੀਆ ਅਤੇ ਸੀਰੀਆ ਨੂੰ ਜਿਤ ਲਿਆ ਅਤੇ ਦੂਜੇ ਪਾਸੇ ਬਾਬਲ ਤੇ ਵੀ ਕਬਜ਼ਾ ਕਰ ਲਿਆ। ਤਿਗਲਾਥ ਪਿਲੇਜ਼ੇਰ ਦੇ ਰਾਜ ਤੋਂ ਅਸੁਰੀ ਕਾਨੂੰਨ ਦਾ ਪਤਾ ਲਗਾ ਹੈ, ਜਿਸ ਤੋਂ ਉਸ ਸਮੇਂ ਦੀਆਂ ਜ਼ਾਲਮਾਨਾਂ ਸਜ਼ਾਵਾਂ ਬਾਰੇ ਵਾਕਫ਼ੀ ਮਿਲਦੀ ਹੈ। ਇਸ ਮਸ਼ਹੂਰ ਜੇਤੂ ਬਾਦਸ਼ਾਹ ਤੋਂ ਪਿਛੋਂ ਅਸੁਰਾਂ ਵਿਚ ਫਿਰ ਕੋਈ ਤਕੜਾ ਬਾਦਸ਼ਾਹ ਨਹੀਂ ਹੋਇਆ ਜਿਸ ਕਰਕੇ ਆਰਮੀਆਂ ਨੇ ਹੌਲੀ ਹੌਲੀ ਅਸੁਰਾਂ ਨੂੰ ਬਿਲਕੁਲ ਹੀ ਕਮਜ਼ੋਰ ਕਰ ਦਿੱਤਾ। ਅਗਲੀ ਸਦੀ ਵਿਚ ਤਾਕਤ ਤੇ ਖੁਸ਼ਹਾਲੀ ਦੇ ਪੱਖ ਤੋਂ ਅਸੁਰੀਆ ਬਿਲਕੁਲ ਹੀ ਕਮਜ਼ੋਰ ਹੋ ਗਿਆ।
ਪਿਛਲਾ ਸ਼ਹਿਨਸ਼ਾਹੀ ਜ਼ਮਾਨਾ–ਦੱਸਵੀਂ ਸਦੀ ਈ. ਪੂ. ਦੇ ਸ਼ੁਰੂ ਤੋਂ ਹੀ ਅਸੁਰੀ ਰਾਜ ਫਿਰ ਤਕੜਾ ਹੋਣਾ ਸ਼ੁਰੂ ਹੋ ਗਿਆ। ਅਸੁਰ ਦਾਨ ਦੂਜੇ (Asur Dan II) ਅਤੇ ਉਸਦੇ ਪੁੱਤਰ ਅਦਾਦ–ਨਿਰਾਰੀ ਦੂਜੇ (Adad Nirari II) ਨੇ ਅਰਾਮੀਆਂ ਦੀ ਤਾਕਤ ਖ਼ਤਮ ਕਰ ਦਿੱਤੀ। ਤੁਕੁਲਤੀ–ਨਿਨੂਰਤਾ ਦੂਜੇ ਦਾ ਪੁੱਤਰ ਅਸੁਰ–ਨਜ਼ੀਰ ਪਾਲ ਦੂਜਾ (Ashurnasir Pal II) ਇਸ ਸਮੇਂ ਦਾ ਸਭ ਤੋਂ ਮਹਾਨ ਬਾਦਸ਼ਾਹ ਸੀ। ਉਸ ਨੇ ਆਪਣੀ ਸਲਤਨਤ ਦੀਆਂ ਹੱਦਾਂ ਭੂ–ਮੱਧ ਸਾਗਰ ਤਕ ਫੈਲਾ ਦਿੱਤੀਆਂ। ਉਸ ਦੇ ਲੜਕੇ ਸ਼ੈਲਮਨੀਜ਼ਰ ਤੀਜੇ (858–824 ਈ. ਪੁ.) ਨੇ ਪਿਊ ਦਾ ਰਾਜ ਕਾਇਮ ਰਖਿਆ। ਉਸ ਦੇ ਆਖ਼ਰੀ ਦਿਨਾਂ ਵਿਚ ਉਸ ਦੇ ਪੁੱਤਰ ਅਸੁਰ ਦਨੀਨਪਾਲ ਨੇ ਵੀ ਉਸ ਦੇ ਵਿਰੁਧ ਬਗਾਵਤ ਕਰ ਦਿੱਤੀ। ਉਸ ਦਾ ਵਾਰਿਸ ਪੁੱਤਰ ਸ਼ਮਸੀਅਦਾਦ ਚੌਥਾ (824–811 ਈ. ਪੂ.) ਅਸੁਰੀਆ ਦੀ ਰਾਜਗੱਦੀ ਤੇ ਬੈਠਾ। ਉਸ ਦੇ ਰਾਜ ਵਿਚ ਕਈ ਇਲਾਕੇ ਅਸੁਰੀ ਸਲਤਨਤ ਵਿਚੋਂ ਨਿਕਲ ਗਏ। ਵੁਸ ਦੇ ਮਰਨ ਪਿਛੋਂ ਉਸ ਦੀ ਮਲਕਾ ਸਮੁੱਰਾਮਈ (Sammuramoi) ਆਪਣੇ ਪੁੱਤਰ ਅਦਾਦ ਨਿਰਾਰੀ ਤੀਜੇ (860–793 ਈ. ਪੂ.) ਦੀ ਸਰਪਰਸਤ ਬਣੀ। ਯੂਨਾਨੀ ਰਵਾਇਤਾਂ ਅਨੁਸਾਰ ਉਸ ਦਾ ਨਾਂ ਸੇਮਿਰਾਮਿਸ (Semiramis) ਹੈ। ਉਸਦੀ ਆਪ ਬੀਤੀ ਵਿਚ ਲਿਖਿਆ ਹੈ ਕਿ ਉਸ ਨੇ ਪੰਜਾਬ ਤੇ ਵੀ ਹਮਲਾ ਕੀਤਾ। ਅਦਾਦ ਨਿਰਾਰੀ ਨੇ ਵੀ ਜਿੱਤਾਂ ਜਿੱਤ ਕੇ ਆਪਣੀ ਯੋਗਤਾ ਦਾ ਸਬੂਤ ਦਿੱਤਾ ਅਤੇ ਕੈਸਪੀਅਨ ਸਾਗਰ ਤਕ ਦੇ ਇਲਾਕੇ ਜਿੱਤ ਲਏ। ਪਰ ਉਸ ਤੋਂ ਪਿਛੋਂ ਦੇ ਬਾਦਸ਼ਾਹਾਂ ਦੇ ਰਾਜ ਵਿਚ ਅਸੁਰੀਆ ਫਿਰ ਕਮਜ਼ੋਰ ਹੁੰਦਾ ਗਿਆ। ਉਰਾਰਤੂ (ਆਰਮੀਨੀਆ), ਸੀਰੀਆ ਤੇ ਫ਼ਲਸਤੀਨ ਦੀਆਂ ਹਕਮੂਤਾਂ ਜ਼ੋਰ ਫੜਦੀਆਂ ਗਈਆਂ ਅਤੇ ਉਸ ਦੇ ਆਪਣੇ ਦੇਸ਼ ਵਿਚ ਵੀ ਬਗਾਵਤ ਉਠ ਖੜੀ ਹੋਈ।
ਇਸੇ ਤਰ੍ਹਾਂ ਦੀ ਇਕ ਬਗਾਵਤ ਨਾਲ ਤਿਗਲਾਥ ਪਿਲੇਜ਼ਰ ਤੀਜਾ 745 ਈ. ਪੂ. ਵਿਚ ਅਸੁਰੀ ਸਲਤਨਤ ਦਾ ਬਾਦਸ਼ਾਹ ਬਣਿਆ। ਉਸ ਨੇ ਤਾਕਤ ਹਾਸਲ ਕਰਕੇ ਅਸੁਰੀਆ ਨੂੰ ਪਿਛਲੇ ਜ਼ਮਾਨੇ ਵਾਂਗ ਮੁੜ ਤਰੱਕੀ ਦੇ ਸਿਖਰ ਤੇ ਲੈ ਆਂਦਾ, ਆਪਣੀ ਫੌਜ ਲੈ ਕੇ ਉਹ ਦੱਖਣ ਪਹੁੰਚਿਆ ਅਤੇ ਬਾਬਲ ਤੇ ਦੱਖਣ ਵਾਲੇ ਪਾਸ ਦੇ ਇਲਾਕਿਆਂ ਨੂੰ ਜਿੱਤ ਲਿਆ। ਉਥੋਂ ਦੀ ਰਵਾਇਤੀ ਤਾਕਤ ਤਬਾਹ ਕਰਕੇ ਉਸ ਨੇ ਬਾਬਲ ਦਾ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ। ਫਿਰ ਉਸ ਨੇ ਇਕ ਦਮ ਉੱਤਰ–ਪੂਰਬ ਵੱਲ ਨੂੰ ਹਮਲਾ ਕੀਤਾ ਅਤੇ ਮੀਦੀਆ ਦੀ ਤਾਕਤ ਖੇਰੂੰ ਖੇਰੂੰ ਕਰ ਦਿੱਤੀ। ਫਿਰ ਉਹ ਉਰਾਰਤੂ ਦੇ ਫਰਾਤ ਦੇ ਕੰਢੇ ਸਫਲ ਲੜਾਈਆਂ ਕਰਦਾ ਸੀਰੀਆ ਵਾਲਿਆਂ ਨੂੰ ਹਰਾ ਕਾ ਇਜ਼ਰਾਈਲ ਵਿਚ ਗਾਜ਼ਾ ਤਕ ਪਹੁੰਚ ਗਿਆ। ਇਸ ਦੇਸ਼ ਦੇ ਕਾਫ਼ੀ ਇਲਾਕੇ ਨੂੰ ਆਪਣੇ ਕਬਜ਼ੇ ਵਿਚ ਕਰਨ ਤੋਂ ਪਿੱਛੋਂ ਉਸ ਨੇ ਦਮਿਸ਼ਕ ਵੀ ਜਿੱਤ ਲਿਆ। ਉਸ ਦੇ ਪੁੱਤਰ ਸ਼ੈਲਮਾਨੀਜ਼ਰ ਪੰਜਵੇਂ (727–722 ਈ.ਪੂ.) ਦੀ ਕਮਜ਼ੋਰ ਹਕੂਮਤ ਪਿਛੋਂ ਸਾਰਗੋਨ ਦੂਜੇ (ਸ਼ਰੁਕਿਨ 722–705 ਈ. ਪੂ.) ਨੇ ਫਿਰ ਤਾਕਤ ਫੜੀ। ਉਸ ਨੇ ਇਜ਼ਰਾਈਲ ਨੂੰ ਉਜਾੜ ਕੇ ਸੀਰੀਆ ਦੀ ਤਾਕਤ ਤਬਾਹ ਕਰ ਦਿੱਤੀ। ਹਮਾਥ (Hamath) ਤੇ ਕਾਰਖੇਮਿਸ਼ (Carchemish) ਦੀ ਵੀ ਉਹੀ ਹਾਲਤ ਹੋਈ। ਉਰਾਰਤੂ ਦੀ ਤਾਕਤ ਨੇ ਉਸ ਨੂੰ ਫਿਰ ਪ੍ਰੇਰਿਆ ਅਤੇ ਉਸ ਨੇ ਉੱਤਰ ਵੱਲ ਹਮਲਾ ਕਰਕੇ ਉਸ ਨੇ ਖੁਸ਼ਹਾਲ ਇਲਾਕੇ ਨੂੰ ਤਹਿਸ ਨਹਿਸ ਕਰ ਦਿੱਤਾ। ਮਰਨ ਤੋਂ ਪਹਿਲਾਂ ਉਸ ਨੇ ਅਸੁਰੀਆ ਦੀ ਰਾਜਧਾਨੀ ‘ਕਲਾਹ’ ਤੋਂ ਹਟਾ ਕੇ ਆਪਣੇ ਨਾਂ ਦੇ ਦਾਰ ਸ਼ਰੁਕਿਨ ਵਿਚ ਬਣਾਈ। ਉਸਦੇ ਪੁੱਤਰ ਸੈਨਾਚੇਰਿਬ (Senacharib 705-682 ਈ.ਪੂ.) ਨੂੰ ਲਗਾਤਾਰ ਬਗ਼ਾਵਤਾਂ ਦਾ ਸਾਹਮਣਾ ਕਰਨਾ ਪਿਆ। ਬਾਬਲ, ਫ਼ਿਨੀਕੀਆ ਅਤੇ ਫ਼ਲਸਤਸੀਨ ਵਿਚ ਹਰ ਪਾਸੇ ਬਗ਼ਾਵਤਾਂ ਹੁੰਦੀਆਂ ਰਹੀਆਂ ਅਤੇ ਸੈਨਾਚੇਰਿਬ ਉਨ੍ਹਾਂ ਨੂੰ ਦਬਾਉਂਦਾ ਰਿਹਾ। ਜੂਦਾ (judes) ਦੇ ਬਾਦਸ਼ਾਹ ਹੇਜ਼ੇਕਿਆ (Hazekiah) ਨੂੰ ਈਨ ਮੰਨਾ ਕੇ ਉਸ ਦੇ ਦੇਸ਼ ਨੁੰ ਲਿਤਾੜਦਾ ਉਹ ਮਿਸਰ ਦੀਆਂ ਹੱਦਾਂ ਤਕ ਜਾ ਪਹੁੰਚਿਆ। ਇਸੇ ਦੌਰਾਨ ਏਲਾਮ ਅਤੇ ਬਾਬਲ ਦੀਆਂ ਸਾਂਝੀਆਂ ਬਾਗ਼ੀ ਫ਼ੌਜਾਂ ਨਾਲ ਦਰਿਆ ਦਜਲਾ ਦੇ ਪੂਰਬ ਵੱਲ ਖ਼ਲੂਲੀ (Khaluli) ਵਿਚ ਉਸ ਦਾ ਮੁਕਾਬਲਾ ਹੋਇਆ, ਜਿਸ ਵਿਚ ਉਹ ਹਾਰ ਗਿਆ। ਨਤੀਜਾ ਇਹ ਹੋਇਆ ਕਿ ਪੱਛਮ ਨੇ ਵੀ ਸਿਰ ਚੁਕਿਆ ਅਤੇ ਫਲਸਤਸੀਨ ਵਿਚ ਫਿਰ ਬਗ਼ਾਵਤ ਭੜਕ ਉੱਠੀ। ਪਰ ਸੇਨਾਚੇਰਿਬ ਪਹਿਲਾਂ ਬਾਬਿਲ ਵੱਲ ਨੂੰ ਵਧਿਆ ਅਤੇ 689 ਈ. ਪੂ. ਵਿਚ ਉਸਿ ਨੇ ਉਸ ਨੂੰ ਤਬਾਹ ਕਰ ਦਿੱਤਾ। ਫਿਰ ਉਹ ਪੱਛਮ ਵੱਲ ਬਾਗ਼ੀਆਂ ਨੂੰ ਸਜ਼ਾ ਦੇਣ ਚਲਿਆ ਪਰ ਉਪਰ ਦਬਾ ਫੈਲ ਜਾਣ ਤੇ ਉਸ ਨੂੰ ਵਾਪਸ ਮੁੜਨਾ ਪਿਆ। ਇਸ ਤੋਂ ਛੇਤੀ ਹੀ ਮਗਰੋਂ ਉਸ ਦੇ ਦੋ ਪੁੱਤਰਾਂ ਨੇ ਉਸ ਨੂੰ ਕਤਲ ਕਰ ਦਿੱਤਾ। ਆਪਣੇ ਕਾਤਲ ਭਰਾਵਾਂ ਨੂੰ ਉੱਤਰ ਵੱਲ ਨੂੰ ਭਜਾ ਕੇ ਏਜ਼ਾਰ ਹਦਨ (Esar Haddon) 681 ਈ. ਪੂ. ਵਿਚ ਪਿਉ ਦੀ ਗੱਦੀ ਤੇ ਬੈਠਿਆ। ਉਸ ਨੇ ਥੋੜ੍ਹਾ ਚਿਰ ਰਾਜ ਕੀਤਾ ਪਰ ਇਸ ਸਮੇਂ ਵਿਚ ਉਸ ਨੇ ਆਪਣੇ ਪਿਉ ਦੀ ਸਲਤਨਤ ਨੂੰ ਚੰਗੀ ਤਰ੍ਹਾਂ ਕਾਇਮ ਰਖਿਆ। ਉਸ ਨੇ ਬਾਬਲ ਦੀ ਨਵੇਂ ਸਿਰਿਉਂ ਉਸਾਰੀ ਕਰਕੇ ਉਸ ਨੂੰ ਆਪਣੀ ਦੂਜੀ ਰਾਜਧਾਨੀ ਬਣਾਇਆ। ਫਿਰ ਉਹ ਅਰਬ ਅਤੇ ਮੀਦੀਆ ਨੂੰ ਜਿੱਤਦਾ ਮਿਸਰ ਤਕ ਚਲਾ ਗਿਆ ਅਤੇ ਮੈਮਫਿਸ (Memphis) ਨੂੰ ਵੀ ਜਿੱਤ ਲਿਆ। ਉੱਤਰ–ਪੱਛਮ ਵਲੋਂ ਕਮੇਰੀ (Kimmerians) ਅਤੇ ਕੋਹਕਾਫ਼ ਨੂੰ ਲੰਘ ਸਿਥੀਅਨ ਲੋਕ ਉੱਤਰੀ ਅਸੁਰੀਆ ਦੇ ਹੱਲਾ ਕਰਨ ਲਗੇ ਸਨ ਪਰ ਏਜ਼ਾਰਹਦਨ ਨੇ ਉਨ੍ਹਾਂ ਨੂੰ ਆਪਣੇ ਦੇਸ਼ ਦੀਆਂ ਹੱਦਾਂ ਵਿਚ ਵੱਧਣ ਤੋਂ ਰੋਕ ਦਿੱਤਾ।
ਏਜ਼ਾਰਹਦਨ ਦੇ ਪੁੱਤਰ ਅਸੁਰ ਬਨੀਪਾਲ (669–626 ਈ.ਪੂ.) ਨੇ ਅਸੁਰੀਆ ਦੇ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ। ਉਹ ਪਿਛਲੀ ਅਸੁਰੀ ਸਲਤਨਤ ਦਾ ਸਭ ਤੋਂ ਵੱਡਾ ਬਾਦਸ਼ਾਹ ਸੀ। ਉਸ ਨੇ ਜਿੱਤਾਂ ਜਿੱਤਣ ਤੋਂ ਇਲਾਵਾ ਸਭਿਆਚਾਰਕ ਉੱਨਤੀ ਲਈ ਵੀ ਕਾਫ਼ੀ ਕੁਝ ਕੀਤਾ।
ਰਾਜਨੀਤਿਕ ਪੱਖ ਤੋਂ ਵੀ ਅਸੁਰਬਨੀਪਾਲ ਬੜਾ ਮਸ਼ਹੂਰ ਹੋਇਆ। ਉਸ ਨੇ ਆਪਣੀ ਹਿੰਮਤ ਨਾਲ ਮਿਸਰ ਨੁੰ ਜਿੱਤ ਲਿਆ। ਉਸ ਦੇ ਪਿਤਾ ਨੇ ਆਪਣਾ ਰਾਜ ਦੋਹਾਂ ਪੁੱਤਰਾਂ ਵਿਚ ਵੰਡ ਕੇ ਬਾਬਲ ਛੋਟੇ ਪੁੱਤਰ ਸ਼ਮਸ਼–ਸੂਮ–ਉਕਿਾਨ (Shamash Shum-Ukin) ਨੂੰ ਦੇ ਦਿੱਤਾ। ਉਸ ਨੇ ਹੁਣ ਅਸੁਰ ਬਨੀਪਾਲ ਦੇ ਖਿਲਾਫ਼ ਬਗ਼ਾਵਤ ਕਰ ਦਿੱਤੀ ਅਤੇ ਇਸ ਦੇ ਨਤੀਜੇ ਵਜੋਂ 648 ਈ. ਪੂ. ਵਿਚ ਜਿਹੜੀ ਲੜਾਈ ਹੋਈ ਉਸ ਵਿਚ ਜਿੱਤ ਅਸੁਰ ਬਨੀਪਾਲ ਦੀ ਹੋਈ ਅਤੇ ਉਸ ਨੇ ਲੱਖਾਂ ਦੀ ਗਿਣਤੀ ਵਿਚ ਬਾਬਲ ਦੇ ਲੋਕਾਂ ਨੂੰ ਕਤਲ ਕਰ ਦਿੱਤਾ। ਇਸੇ ਦੌਰਾਨ ਹੋਰਨਾਂ ਇਲਾਕਿਆਂ ਨੇ ਵੀ ਬਗ਼ਾਵਤ ਕਰ ਦਿੱਤੀ। ਮਿਸਰ, ਅਰਬ ਤੇ ਏਲਾਮ ਵਿਚ ਬਗ਼ਾਵਤਾਂ ਖੜੀਆਂ ਹੋ ਗਈਆਂ। ਅਸੁਰਬਨੀਪਾਲ ਨੇ ਏਲਾਮੀਆਂ ਨੂੰ ਹਰਾ ਕੇ ਏਲਾਮ ਦਾ ਰਾਜ ਹੀ ਖ਼ਤਮ ਕਰ ਦਿੱਤਾ। ਇਸ ਪੁਰਾਣੇ ਰਾਜ ਦੇ ਤਬਾਹ ਹੋਣ ਨਾਲ ਈਰਾਨੀ–ਆਰੀਆਂ ਦੀ ਤਾਕਤ ਵਧੀ ਤੇ ਉਥੇ ਉਨ੍ਹਾਂ ਦਾ ਰਾਜ ਕਾਇਮ ਹੋ ਗਿਆ ਜਿਹੜਾ ਮਗਰੋਂ ਐਕਿਮੀਨੀਅਨ ਬੰਸ (Acheminian Dynasty 559-30 ਈ. ਪੂ.) ਦੇ ਨਾਂ ਨਾਲ ਮਸ਼ਹੂਰ ਹੋਇਆ। ਉਨ੍ਹਾਂ ਦੇ ਬਾਦਸ਼ਾਹ ਸਾਇਰਸ ਪਹਿਲੇ (Cyrus I) ਨੇ ਅਸੁਰ ਬਨੀਪਾਲ ਦੀ ਈਨ ਮੰਨ ਲਈ ਅਤੇ ਏਲਾਮ ਉੱਤੇ ਆਪਣਾ ਹੱਕ ਕਾਇਮ ਕਰ ਲਿਆ। ਅੰਤ ਵਿਚ ਲੜਾਈ ਬੰਦ ਕਰਕੇ ਅਰਬਾਂ ਨੇ ਵੀ ਹਾਰ ਮੰਨ ਲਈ। ਹੌਲੀ ਹੌਲੀ ਤਕਰੀਬਨ ਸਾਰੇ ਬਾਗ਼ੀਆਂ ਨੇ ਲੀਡੀਆ ਅਤੇ ਅਰਾਰਤੁ ਤਕ ਸਹਿਨਸ਼ਾਹ ਅਸੁਰ ਬਨੀਪਾਲ ਦਾ ਲੋਹਾ ਮੰਨ ਲਿਆ ਅਤੇ ਉਹ ਸੁਖ ਤੇ ਸ਼ਾਂਤੀ ਨਾਲ ਰਾਜ ਕਰਦਾ ਲਗਭਗ 626 ਈ. ਪੂ. ਵਿਚ ਮਰ ਗਿਆ।
ਅਸੁਰੀਆ ਦਾ ਇਸ ਤੋਂ ਮਗਰੋਂ ਦਾ ਇਤਿਹਾਸ ਢਹਿੰਦੀਆਂ ਕਲਾਂ ਦੀ ਕਹਾਣੀ ਹੈ। ਬਾਬਲ ਦੇ ਗਵਰਨਰ ਨਬੋਪਲਾਸਰ (Naboplassar) ਨੇ ਮੀਦੀ ਕਿਆਕਸਾਰੀਜ਼ ਨਾਲ ਮਿਲ ਕੇ ਅਸੁਰੀਆ ਉੱਤੇ ਹਮਲਾ ਕੀਤਾ। ਮੀਦੀਆ ਨੇ 614 ਈ. ਪੂ. ਵਿਚ ਪਰਾਤਨ ਰਾਜਧਾਨੀ ਅਸੁਰ ਨੂੰ ਤਬਾਹ ਕਰ ਦਿੱਤਾ ਅਤੇ ਦੋ ਸਾਲ ਪਿਛੋਂ ਨਿਨਵੇਂ ਦੀ ਵੀ ਇਹੀ ਗਤ ਬਣੀ। ਸ਼ਹਿਰ ਨੂੰ ਅੱਗ ਲਾ ਦਿੱਤੀ ਗਈ ਅਤੇ ਅਸੁਰ ਬਾਦਸ਼ਾਹ ਸਿਨ–ਸ਼ਾਰ.ਇਸ਼ਕਨ (Sin-Shar-Ishkun) ਮਹਿਲ ਵਿਚ ਹੀ ਸੜ ਕੇ ਮਰ ਗਿਆ। ਇਸ ਤੋਂ ਪਿਛੋਂ ਅਸੁਰ–ਉਬਾਲਿਤ ਦੂਜਾ (Assur-Uballit II) ਬਾਦਸ਼ਾਹ ਬਣਿਆ, ਜਿਸ ਨੇ ਪੱਛਮੀ ਮੇਸੋਪੋਟਾਮੀਆ ਵਿਚ ਹੱਰਾਨ ਨੂੰ ਆਪਣੀ ਰਾਜਧਾਨੀ ਬਣਾਇਆ ਪਰ ਉਸ ਨੂੰ ਵੀ 608 ਈ. ਪੂ. ਅਤੇ 606 ਈ. ਪੂ. ਦੇ ਵਿਚਕਾਰ ਮੀਦੀ ਆਰੀਆ ਨੇ ਤਬਾਹ ਕਰ ਦਿੱਤਾ। ਉਧਰ ਮਿਸਰ ਦੇ ਫ਼ਰਾਊਨ ਨੇ ਫ਼ਲਸਤੀਨ ਅਤੇ ਸੀਰੀਆ ਉੱਤੇ ਕਬਜ਼ਾ ਕਰ ਲਿਆ ਅਤੇ ਇਸ ਤਰ੍ਹਾਂ ਅਸੁਰੀਆ ਦੇ ਸੂਬੇ ਅਤੇ ਉਸ ਨੂੰ ਮਾਮਲਾ ਦੇਣ ਵਾਲੇ ਰਾਜ ਉਸ ਤੋਂ ਆਜ਼ਾਦ ਹੋ ਗਏ ਜਾਂ ਦੁਸ਼ਮਣਾਂ ਨਾਲ ਰਲ ਗਏ। ਇਸ ਤਰ੍ਹਾਂ ਇਸ ਲਹੂ ਲਿਬੜੇ ਤੇ ਜ਼ਲਮੀ ਸਾਮਰਾਜ ਦਾ ਇਤਿਹਾਸ ਖ਼ਤਮ ਹੋ ਗਿਆ।
ਅਸੁਰੀ ਸੱਭਿਅਤਾ–– ਜਿਥੋਂ ਤੀਕ ਪ੍ਰਾਚੀਨ ਸੱਭਿਅਤਾਵਾਂ ਦਾ ਸਬੰਧ ਹੈ, ਅਸੁਰੀਆ ਦਾ ਸਥਾਨ ਸਪਾਰਟਾ ਵਰਗਾ ਮਹਾਨ ਸੀ। ਉਸ ਦਾ ਸਮੁੱਚਾ ਰਾਜਨੀਤਕ ਪ੍ਰਬੰਧ ਫ਼ੌਜੀ ਤਾਕਤ ਤੇ ਨਿਰਭਰ ਸੀ। ਉਸਦੇ ਬਾਦਸ਼ਾਹਾਂ ਦੀ ਸਭ ਤੋਂ ਵੱਡੀ ਖਾਹਿਸ਼ ਇਕ ਮਹਾਨ ਜੇਤੂ ਹੋਣ ਦੀ ਸੀ। ਇਸੇ ਲਈ ਉਨ੍ਹਾਂ ਨੇ ਆਪਣੀ ਰਾਜਨੀਤੀ ਤਾਕਤ ਤੇ ਫ਼ੌਜ ਦੇ ਆਸਰੇ ਚਲਾਈ। ਪਠਾਰਾਂ ਦੇ ਅਸੁਰੀ ਲੋਕਾਂ ਨੂੰ ਉਨ੍ਹਾਂ ਨੇ ਫ਼ੌਜ ਦੇ ਰੂਪ ਵਿਚ ਜਥੇਬੰਦ ਕੀਤਾ। ਇਨ੍ਹਾਂ ਬਾਦਸ਼ਾਹਾਂ ਨੇ ਹੀ ਪਹਿਲੀ ਵਾਰੀ ਰਥਾਂ ਦੀ ਸੈਨਾ ਨੂੰ ਘਟਾ ਕੇ ਰਸਾਲੇ ਨੂੰ ਬਹੁਤ ਜ਼ਿਆਦਾ ਤਾਕਤਵਰ ਬਣਾਇਆ।
ਸੁਮੇਰੀ ਬਾਬਲੀਆਂ ਤੋਂ ਮਿਲੇ ਸਾਹਿਤ ਤੋਂ ਛੁੱਟ ਅਸੁਰਾਂ ਦਾ ਆਪਣਾ ਨਿੱਜੀ ਸਾਹਿਤ ਕੋਈ ਨਹੀਂ ਸੀ। ਪਰ ਉਹ ਸਾਹਿਤ ਨੂੰ ਸਮਝਣਾ ਤੇ ਸੰਭਾਲਨਾ ਜਾਣਦੇ ਸਨ। ਉਨ੍ਹਾਂ ਨੇ ਬਾਬਲੀਆਂ ਤੋਂ ਸੁਮੇਰੀਆਂ ਦੀ ਪੁਰਾਣੀ ਕਿੱਲ–ਲਿੱਪੀ ਸਿਖੀ ਅਤੇ ਇਸ ਲਿਪੀ ਵਿਚ ਆਪਣੇ ਹਜ਼ਾਰਾਂ ਹੀ ਕਾਰੋਬਾਰੀ ਅਤੇ ਰਾਜਨੀਤਕ ਰਿਕਾਰਡ ਤੇ ਪੱਤਰ ਲਿਖੇ ਅਤੇ ਕਦੀਮ ਸਾਹਿਤ ਦਾ ਲਿਪੀ–ਅੰਤਰ ਵੀ ਕੀਤਾ। ਅਸੁਰ ਸਾਹਿਤ ਚਾਰ ਕਿਸਮ ਦਾ ਹੈ। (1) ਕਾਰੋਬਾਰੀ, ਰੀਕਾਰਡ ਅਤੇ ਪੱਤਰ, (2) ਕਦੀਮ ਪੁਸਤਕਾਂ ਦੀਆਂ ਨਕਲਾਂ, (3) ਬਾਦਸ਼ਾਹਾਂ ਦੇ ਜੰਗੀ ਕਾਰਨਾਮਿਆ ਅਤੇ ਜਿੱਤਾਂ ਦੇ ਲੰਬੇ ਚੌੜੇ ਹਾਲ, (4) ਲਿੱਮੂ ਰਾਜ ਕਰਮਚਾਰੀਆਂ ਦੇ ਲਿਖੇ ਸਾਲਾਨਾ ਬਿਰਬਾਂਤ। ਇਨ੍ਹਾਂ ਅਸੁਰ ਬਾਦਸ਼ਾਹਾਂ ਵਲੋਂ ਸਾਂਭੇ ਜਾਣ ਕਾਰਨ ਹੀ ਗਿਲਗਮੇਸ਼ (Gilgames) ਆਦਿ ਕਦੀਮ, ਸੁਮੇਰੀ ਬਾਬਲੀ ਬੀਰ–ਕਾਵਿ–ਰਚਨਾਵਾਂ ਸਾਡੇ ਤਕ ਪਹੁੰਚ ਸਕੀਆਂ ਹਨ।
ਅਸੁਰ ਸਾਮੀ ਕੌਮ ਦੇ ਸਨ। ਪਰ ਕੌਮੀ ਤੇ ਵੱਡਾ ਦੇਵਤਾ ਉਨ੍ਹਾਂ ਦਾ ਆਪਣਾ ਹੀ ਸੀ। ਇਹ ਦੇਵਤਾ ਸੀ ‘ਅਸੁਰ’, ਜਿਸ ਦੀ ਕਦੀਮ ਈਰਾਨੀ ਆਰੀਆਂ ਨੇ ਅਹੁਰਮਜ਼ਦ ਦੇ ਰੂਪ ਵਿਚ ਪੂਜਾ ਕੀਤੀ ਅਤੇ ਰਿਗਵੇਦਕ ਆਰੀਆਂ ਨੇ ਆਪਣੇ ਵਰੁਣ, ਇੰਦਰ, ਅਗਨੀ ਆਦਿ ਦੇਵਤਿਆਂ ਦੀ ਸ਼ਕਤੀ ਪ੍ਰਗਟ ਕਰਨ ਲਈ ਵਿਸ਼ੇਸ਼ਣ ਦੇ ਤੌਰ ਤੇ ਵਰਤਿਆ। ਅਸਰਾਂ ਨੂੰ ਕਲਾ ਨਾਲ ਬੜਾ ਪ੍ਰੇਮ
ਸੀ। ਪੁਰਾਣੇ ਸਮਿਆਂ ਵਿਚ ਬਣੇ ਉਨ੍ਹਾਂ ਦੇ ਮਹਿਲ ਆਪਣੀ ਕਾਰੀਗਰੀ ਵਿਚ ਬੇਮਿਸਾਲ ਹਨ। ਉਨ੍ਹਾਂ ਸ਼ਰਾਂ ਤੇ ਸਾਨ੍ਹਾਂ ਦੇ ਬੁਤ ਤਕ ਅਜੂਬਾ ਸਨ ਜੋ ਪਹਿਲਾਂ ਦਾਰਾ ਬਾਦਸ਼ਾਹਾਂ ਅਤੇ ਪਿਛੋਂ ਅਸ਼ੋਕ ਦੇ ਥੰਮ੍ਹਾਂ, ਦਾ ਸ਼ਿੰਗਾਰ ਬਣੇ। ਪੱਬਰ ਵਿਚ ਉਭਾਰ ਕੇ ਅਸੁਰ ਕਲਾਕਾਰਾਂ ਦੇ ਬਣਾਏ ਚਿੱਤਰ ਅੱਜ ਵੀ ਕਲਾ ਪਾਰਖੂਆਂ ਨੂੰ ਹੈਰਾਨ ਕਰ ਦਿੰਦੇ ਹਨ। ਅਸੁਰ ਬਨੀਪਾਲ ਦੇ ਮਹਿਲ ਤੇ ਬਣੀ ਸ਼ਿਕਾਰ ਦੀ ਇਕ ਤਸਵੀਰ ਵਿਚ ਤੀਰ ਖਾ ਕੇ ਘਾਇਲ ਹੋਈ ਸ਼ੇਰਨੀ, ਕਲਾ ਦੇ ਪੱਖ ਤੋਂ ਬੜੀ ਬੇ–ਨਜ਼ੀਰ ਹੈ।
ਬੁੱਤਾਂ ਅਤੇ ਉਕੱਰੀਆਂ ਤਸਵੀਰਾਂ ਤੋਂ ਪਤਾ ਲਗਦਾ ਹੈ ਕਿ ਅਸੁਰ ਲੋਕ ਕੱਦ ਦੇ ਉੱਚੇ, ਤਕੜੇ ਤੇ ਮਜ਼ਬੂਤ ਜੁੱਸੇ ਵਾਲੇ ਹੁੰਦੇ ਸਨ। ਉਨ੍ਹਾਂ ਦੇ ਵਾਲ ਲੰਮੇ ਹੁੰਦੇ ਸਨ ਅਤੇ ਦਾੜ੍ਹੀ ਵੀ ਰਖਦੇ ਸਨ, ਉਹ ਤਹਿਮਤ ਤੇ ਚੋਗਾ ਪਹਿਨਦੇ ਸਨ। ਜੋਤਿਸ਼ ਵਿਚ ਉਨ੍ਹਾਂ ਦਾ ਅਟੱਲ ਵਿਸ਼ਵਾਸ ਸੀ ਅਤੇ ਬਾਦਸ਼ਾਹ ਲੋਕ ਫ਼ੌਜੀ ਮਹਿੰਮ ਤੇ ਜਾਣ ਤੋਂ ਪਹਿਲਾਂ ਮਹੂਰਤ ਕਢਾਉਂਦੇ ਸਨ।
ਹ.ਪੁ.––‘ਦੀ ਏਂਸ਼ੈਂਟ ਹਿਸਟਰੀ ਆਫ਼ ਦੀ ਨੀਅਰ ਈਸਟ’ ––ਐਚ. ਆਰ. ਹਾਲ; ‘ਏ ਹਿਸਟਰੀ ਆਫ਼ ਬੈਬੀਲੋਨੀਆ ਐਂਡ ਅਸੀਰੀਆ’ –– ਡਬਲਿਊ–ਰੋਜ਼ਰਜ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5200, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no
ਅਸੁਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਸੁਰ : ਇਹ ਬਿਹਾਰ ਰਾਜ (ਭਾਰਤ) ਵਿਚ ਛੋਟੇ ਨਾਗਪੁਰ ਦੇ ਇਲਾਕੇ ਵਿਚ ਵਸਦੇ ਕਬੀਲਿਆਂ ਵਿਚੋਂ ਇਕ ਕਬੀਲੇ ਦੇ ਨਾਂਹੈ। ਇਨ੍ਹਾਂ ਸਾਰੇ ਕਬੀਲਿਆਂ ਵਿਚੋਂ ਅਸੁਰ ਸ਼ਾਇਦ ਸਭ ਤੋਂ ਪਛੜੇ ਹੋਏ ਲੋਕ ਹਨ। ਇਨ੍ਹਾਂ ਦੇ ਨੇੜੇ ਵਸਦੇ ਦੂਜੇ ਸਾਰੇ ਕਬੀਲਿਆਂ ਦੇ ਮੁੱਢ ਤੇ ਸਥਾਨ ਸਬੰਧੀ ਪਰਮਾਣੀਕ ਵਾਕਫ਼ੀ ਮਿਲਦੀ ਹੈ, ਪਰ ਅਸੁਰਾਂ ਬਾਰੇ ਵੇਰਵੇ ਨਾਲ ਖੋਜ ਅਜੇ ਤਕ ਨਹੀਂ ਹੋਈ। ਐਲਵਿਨ ਅਨੁਸਾਰ ਪੱਛਮ ਵਿਚ ਮੱਧ ਭਾਰਤ ਦੇ ਹੋਸ਼ੰਗਾਬਾਦ ਅਤੇ ਭੰਡਾਰਾ ਜ਼ਿਲ੍ਹਿਆਂ ਤੋਂ ਲੈ ਕੇ ਪੂਰਬ ਵਿਚ ਬਿਹਾਰ ਦੇ ਰਾਂਚੀ ਅਤੇ ਪਲਾਮੂ ਜ਼ਿਲ੍ਹਿਆਂ ਤਕ ਖਿਲਰੇ ਪੁਲਰੇ, ਲੋਹਾ ਪਿਘਲਾਉਣ ਵਾਲੇ ਸਾਰੇ ਕਬੀਲਿਆਂ ਨੂੰ ‘ਅਗਰੀਆ’ ਪਰਿਵਾਰ ਵਿਚ ਰੱਖਣਾ ਚਾਹੀਦਾ ਹੈ। ਇਸ ਵੰਡ ਅਨੁਸਾਰ ਬਿਹਾਰ ਦੇ ਅਸੁਰ ਵੀ ਇਸੇ ਸ਼ਰੇਣੀ ਵਿਚ ਆ ਜਾਂਦੇ ਹਨ। ਪਰ ਇਨ੍ਹਾਂ ਸਾਰੇ ਕਬੀਲਿਆਂ ਨੂੰ ਇਸ ਤਰ੍ਹਾਂ ਇਕੱਠਿਆਂ ਕਰਨਾ ਠੀਕ ਨਹੀਂ, ਕਿਉਂਕਿ ਇਨ੍ਹਾਂ ਵਿਚ ਸਭਿਆਚਾਰਕ ਵਖਰੇਵੇਂ ਬਹੁਤ ਦਿਸਦੇ ਹਨ। ਛੋਟਾ ਨਾਗਪੁਰ ਦੇ ਇਲਾਕੇ ਵਿਚ ਖ਼ਾਸ ਕਰ ਕੇ ਰਾਂਚੀ ਦੀ ਉੱਤਰ–ਪੱਛਮੀ ਹੱਦ ਉੱਤੇ ਅਤੇ ਪਲਾਮੂ ਦੀ ਦੱਖਣ–ਪੱਛਮੀ ਹੱਦ ਉੱਤੇ ਪਠਾਰੀ ਇਲਾਕੇ ਵਿਚ ਅਸੁਰਾਂ ਦੀ ਗਿਣਤੀ ਸਭ ਤੋਂ ਵੱਧ ਹੈ। ਕਾਲੇ ਰੰਗ, ਦਰਮਿਆਨੇ ਕੱਦ, ਸਿਧੇ ਜਾਂ ਘੁੰਗਰਾਲੇ ਵਾਲਾਂ ਅਤੇ ਫੀਹਨੇ ਨੱਕਾਂ ਵਾਲੇ ਇਹ ਅਸੁਰ ਆਪਣੇ ਗੁਆਢੀਆਂ ਮੁੰਡਾ, ਚਿਰਹੋਰ ਅਤੇ ਉਰਾਂਵ ਕਬੀਲਿਆਂ ਵਾਂਗ ਹੀ ਪ੍ਰੋਟੋਆਸਟ੍ਰਾਲਾਇਡ ਨਸਲ ਵਿਚੋਂ ਹੀ ਹਨ। ਇਨ੍ਹਾਂ ਦੀ ਬੋਲੀ ਮੁੰਡਾਰੀ ਭਾਸ਼ਾ ਪਰਿਵਾਰ ਵਿਚੋਂ ਹੀ ਹੈ। ਹੁਣ ਅਸੁਰਾਂ ਨੇ ਲੋਹਾ ਪਿਘਲਾਉਣ ਦਾ ਕੰਮ ਛੱਡ ਦਿੱਤਾ ਹੈ, ਪਰ ਅੱਜ ਵੀ ਉਹ ਚੰਗੇ ਲੁਹਾਰ ਹਨ। ਇਨ੍ਹਾਂ ਦਾ ਨਾਂ ਅਸੁਰ ਹੋਣ ਕਰਕੇ ਅਤੇ ਪਿਛਲੇ ਜ਼ਮਾਨੇ ਵਿਚ ਇਨ੍ਹਾਂ ਦਾ ਕੰਮ ਲੋਹਾ ਪਿਘਲਾਉਣਾ ਹੋਣ ਕਰਕੇ ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਰਿਗਵੇਦ ਵਿਚ ਜਿਨ੍ਹਾਂ ‘ਅਸੁਰਾਂ’ ਦਾ ਜ਼ਿਕਰ ਆਇਆ ਹੈ ਉਹ ਇਨ੍ਹਾਂ ਦੇ ਵੱਡੇ ਵਡੇਰੇ ਹੀ ਹੋਣਗੇ, ਪਰ ਇਹ ਵਿਚਾਰ ਠੀਕ ਨਹੀਂ ਲਗਦਾ। ਮੁੰਡਾ ਕਬੀਲੇ ਦੀਆਂ ਲੋਕ–ਕਹਾਣੀਆਂ ਵਿਚ ਵੀ ਛੋਟਾ ਨਾਗਪੁਰ ਦੇ ਇਲਾਕੇ ਵਿਚ ਮੁੰਡਾ ਜਾਤੀ ਤੋਂ ਪਹਿਲਾਂ ਲੋਹਾ ਪਿਘਲਾਉਣ ਵਾਲੀ ਅਸੁਰ ਜਾਤੀ ਦੇ ਰਾਜ ਦਾ ਜ਼ਿਕਰ ਆਉਂਦਾ ਹੈ, ਜਿਨ੍ਹਾਂ ਨੂੰ ਪਿੱਛੋਂ ਸਿੰਙਬੋਂਗਾ (ਅਸੁਰਾਂ ਦਾ ਦੇਵਤਾ) ਦੀ ਸ਼ਕਤੀ ਦੇ ਤੇਜ ਨਾਲ ਹਰਾਇਆ ਗਿਆ, ਪਰ ਇਸ ਇਲਾਕੇ ਵਿਚ ਵਸਦੇ ਦੂਜੇ ਕਬੀਲਿਆਂ ਨਾਲ ਅਸੁਰਾਂ ਦੀ ਨਸਲ, ਸਭਿਆਚਾਰ ਤੋਂ ਬੋਲੀ ਦੀ ਸਾਂਝ ਨੂੰ ਵੇਖਦਿਆਂ ਇਹ ਵਿਚਾਰ ਯਕੀਨੀ ਤੌਰ ਤੇ ਠੀਕ ਨਹੀਂ ਲਗਦਾ।
ਅੱਜ ਕਲ੍ਹ ਦੇ ਅਸੁਰ ਕਬੀਲੇ ਦਾ ਪੇਸ਼ਾ ਖੇਤੀਬਾੜੀ ਹੈ ਅਤੇ ਉਨ੍ਹਾਂ ਦੀਆਂ ਵੱਡੀਆਂ ਫਸਲਾਂ ਚਾਉਲ, ਮੱਕੀ ਅਤੇ ਜੌਂ ਹਨ। ਲੁਹਾਰੇ ਕੰਮ ਤੋਂ ਇਲਾਵਾ ਪਸ਼ੂ ਪਾਲਣੇ, ਸ਼ਿਕਾਰ ਖੇਡਣਾ ਅਤੇ ਸ਼ਹਿਦ ਇਕੱਠਾ ਕਰਨਾ ਉਨ੍ਹਾਂ ਦੇ ਹੋਰ ਕਿੱਤੇ ਹਨ। ਇਨ੍ਹਾਂ ਵਿਚ ਲੈਣ–ਦੇਣ ਚੀਜ਼ਾਂ ਦੇ ਵਟਾਂਦਰੇ ਰਾਹੀਂ ਹੁੰਦਾ ਹੈ ਪਰ ਹੁਣ ਨੇੜੇ ਲਗਦੇ ਸ਼ਹਿਰਾਂ ਦੇ ਮਹਾਜਨਾਂ ਨੇ ਉਨ੍ਹਾਂ ਨੂੰ ਸਿੱਕਿਆਂ ਦੀ ਵਰਤੋਂ ਤੋਂ ਵੀ ਜਾਣੂ ਕਰਾ ਦਿੱਤਾ ਹੈ। ਅਸੁਰਾਂ ਦੀ ਸਮਾਜਕ ਬਣਤਰ ਵਿਚ ਸਾਕਾਦਾਰੀ ਦੇ ਸੰਬੰਧਾਂ ਦੀ ਅਜੇ ਵੀ ਬੜੀ ਮਹੱਤਤਾ ਹੈ। ਦਾਦਾ ਦਾਦੀ, ਨਾਨਾ ਨਾਨੀ ਅਤੇ ਦੋਹਤਰੇ ਦੋਹਤਰੀਆਂ ਨੂੰ ਠੱਠਾ ਮਖੌਲ ਕਰਨ ਦੀ ਖਾਸ ਛੋਟ ਹੈ। ਉਨ੍ਹਾਂ ਦੇ ਕੁਝ ਮਖੌਲ ਤਾਂ ਸਾਡੇ ਆਦਰਸ਼ਾਂ ਅਨੁਸਾਰ ਠੀਕ ਹਨ, ਪਰ ਕੁਝ ਅਜਿਹੇ ਵੀ ਹਨ ਜੋ ਚੰਗੇ ਨਹੀਂ ਹਨ। ਉਨ੍ਹਿਾਂ ਦੇ ਵਿਆਹ ਤਿੰਨ ਤਰ੍ਹਾਂ ਦੇ ਹੁੰਦੇ ਹਨ। ਸਭ ਤੋਂ ਪਹਿਲਾਂ ਇਕ ਮੁੱਲ ਦਾ ਵਿਆਹ ਹੁੰਦਾ ਹੈ, ਜਿਸ ਨੂੰ ਲਾਠੀ ਟੇਕਣਾ’ ਕਹਿੰਦੇ ਹਨ ਅਤੇ ਜਿਸ ਵਿਚ ਮੁੰਡੇ ਵਾਲਿਆਂ ਨੂੰ ਕੁੜੀ ਦਾ ਮੁੱਲ ਤਾਰਨਾ ਪੈਂਦਾ ਹੈ। ਜੇ ਮੁੰਡੇ ਵਾਲੇ ਮੁੱਲ ਨਾਂ ਤਾਰ ਸਕਣ ਤਾਂ ਮੁੰਡੇ ਨੂੰ ਘਰ–ਜਵਾਈ ਰਹਿਕੇ ਖ਼ਾਸ ਸਮੇਂ ਵਾਸਤੇ ਸਹੁਰੇ ਦੇ ਘਰ ਕੰਮ ਕਰਨਾ ਪੈਂਦਾ ਹੈ। ਦੂਸਰੀ ਕਿਸਮ ਦੇ ਵਿਆਹ ਨੂੰ ਸੇਵਾ–ਵਿਆਹ ਕਹਿੰਦੇ ਹਨ। ਤੀਜੀ ਕਿਸਮ ਨੂੰ ‘ਧਾਰਨਾ ਵਿਆਹ’ ਕਹਿੰਦੇ ਹਨ, ਜਿਸ ਵਿਚ ਕੁੜੀ ਸਹੁਰੇ ਘਰ ਦੀ ਵਿਰੋਧਤਾ ਦੇ ਬਾਵਜੂਦ ਆਪਣੇ ਹੋਣ ਵਾਲੇ ਪਤੀ ਦੇ ਘਰ ਧਰਨਾ ਮਾਰ ਕੇ ਬੈਠ ਜਾਂਦੀ ਹੈ ਅਤੇ ਸਮਾਂ ਲੰਘਣ ਨਾਲ ਸੱਸ ਸਹੁਰੇ ਦੀ ਸੇਵਾ ਕਰ ਕੇ ਉਨ੍ਹਾਂ ਨੂੰ ਖ਼ੁਸ਼ ਕਰ ਲੈਂਦੀ ਹੈ ਅਤੇ ਫਿਰ ਕਾਨੂੰਨ ਅਨੁਸਾਰ ਪਤਨੀ ਬਣ ਜਾਂਦੀ ਹੈ। ਸਾਰਾ ਅਸੁਰ ਕਬੀਲਾ ਅਗੋਂ ਕਈ ‘ਕੁਲਾਂ’ ਵਿਚ ਵੰਡਿਆ ਹੋਇਆ ਹੈ। ਇਨ੍ਹਾਂ ਵਿਚੋਂ ‘ਏਂਟ’, ‘ਬੇਗ’, ਬੁੜਵਾ, ‘ਏਂਦੁਆਰ’, ‘ਕਿਰਕਿਟਾ’ ਅਤੇ ‘ਖ਼ਸਾਰ’ ਖ਼ਾਸ ਤੌਰ ਤੇ ਵਰਣਨ ਯੋਗ ਹਨ।
ਹਰ ਕਬੀਲੇ ਦਾ ਕੋਈ ਪਵਿੱਤਰ ਪਸ਼ੂ ਜਾਂ ਪੰਛੀ ਹੁੰਦਾ ਹੈ, ਜਿਸ ਦੀ ਉਸ ਕਬੀਲੇ ਦੇ ਸਾਰੇ ਲੋਕ ਪੂਜਾ ਕਰਦੇ ਹਨ ਅਤੇ ਉਸ ਪਸ਼ੂ ਜਾਂ ਪੰਛੀ ਦਾ ਮਾਸ ਖਾਣ ਦੀ ਉਨ੍ਹਾਂ ਨੂੰ ਮਨਾਹੀ ਹੁੰਦੀ ਹੈ। ਅਸੁਰ ਕੁਲਾਂ ਦੇ ਨਾਂ ਵੀ ਮੁੰਡਾ ਅਤੇ ੳਰਾਂਵ ਕਬੀਲਿਆਂ ਦੀਆਂ ਕੁਲਾਂ ਦੇ ਨਾਵਾਂ ਵਾਂਗ ਹੀ ਹਨ ਅਤੇ ਇਹ ਨਾਂ ਹੋਰ ਕਬੀਲਿਆਂ ਵਾਂਗ ਇਨ੍ਹਾਂ ਪਵਿੱਤਰ ਪਸ਼ੂ ਪੰਛੀਆਂ ਦੇ ਨਾਵਾਂ ਅਨੁਸਾਰ ਹੀ ਰੱਖੇ ਹੋਏ ਹਨ। ਹਰ ਪਿੰਡ ਵਿਚ ਅਣਵਿਆਹੇ ਜਵਾਨ ਮੁੰਡਿਆਂ ਅਤੇ ਕੁੜੀਆਂ ਦੀ ਰਵਾਇਤੀ ਸਿੱਖਿਆ, ਜੀ–ਪਰਚਾਵੇ ਅਤੇ ਮੇਲ–ਜੋਲ ਵਾਸਤੇ ਵੱਖ–ਵੱਖ ਨੌਜਵਾਨ–ਕੇਂਦਰ ਬਣੇ ਹੋਏ ਹਨ। ਕਬੀਲੇ ਵਿਚ ਨਾਚ ਗਾਣੇ ਅਤੇ ਇਕੱਠੇ ਸ਼ਿਕਾਰ ਕਰਨ ਦਾ ਪ੍ਰਬੰਧ ਨੌਜਵਾਨ ਕੇਂਦਰਾਂ ਅਧੀਨ ਹੁੰਦਾ ਹੈ। ਅਸੁਰਾਂ ਦਾ ਸਭ ਤੋਂ ਵੱਡਾ ਦੇਵਤਾ ‘ਸਿੰਙ–ਬੋਂਗਾ’ ਜਾਂ ‘ਸੂਰਜ ਦੇਵਤਾ’ ਹੈ। ਕੁਰਬਾਨੀ ਦੇ ਕੇ ਗੁਸੇ ਹੋਏ ਹੋਏ ਦੇਵਤਿਆਂ ਨੂੰ ਸ਼ਾਂਤ ਕਰਨ, ਝਾੜੇ ਟੂਣੇ ਨਾਲ ਰੋਗਾਂ ਦਾ ਇਲਾਜ ਕਰਨ ਅਤੇ ਮਹਾਂ–ਮਾਰੀ ਆਦਿ ਵਰਗੇ ਸੰਕਟਾਂ ਤੋਂ ਕਬੀਲੇ ਨੂੰ ਬਚਲਾਉਣ ਦਾ ਕੰਮ ਪਿੰਡ ਦੇ ਤਜਰਬਾਕਾਰ ‘ਦਿਉਰੀ’ ਦੇ ਹੱਥ ਵਿਚ ਹੁੰਦਾ ਹੈ। ਹੁਣੇ ਹੁਣੇ ਬਹੁਤ ਸਾਰੇ ਅਸੁਰ ਪਿੰਡਾਂ ਵਿਚ ਛੋਟੇ ਬੱਚਿਆਂ ਦੀ ਮੁੱਢਲੀ ਵਿੱਦਿਆ ਵਾਸਤੇ ਸਰਕਾਰੀ ਸਕੂਲ ਖੋਲੇ ਗਏ ਹਨ। ਮੰਡੀਆਂ ਅਤੇ ਸ਼ਹਿਰੀ ਵਪਾਰੀਆਂ ਨੇ ਵੀ ਅਸੁਰਾ ਦੇ ਮੇਲ ਜੋਲ ਦਾ ਘੇਰਾ ਚੌੜਾ ਕਰ ਦਿੱਤਾ ਹੈ। ਅਸੁਰਾਂ ਦੀ ਇਹ ਤਰੱਕੀ ਇਸ ਦ੍ਰਿਸ਼ਟੀਕੋਣ ਤੋਂ ਬੜੀ ਦਿਲ–ਖਿਚਵੀਂ ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5200, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no
ਅਸੁਰ ਸਰੋਤ :
ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਅਸੁਰ : ਇਸ ਦਾ ‘ਨਿਰਕੁਤ’ ਅਨੁਸਾਰ ਅਰਥ ਹੈ ਪ੍ਰਾਣਵਾਨ, ਸ਼ਕਤੀਵਾਨ। ਆਚਾਰਯ,ਸਾਯਣ ਨੇ ਅਸੁਰ ਦੀ ਵਿਉਪੱਤੀ ਬਾਰੇ ਦਸਿਆ ਹੈ ਕਿ ਜੋ ਸਭ ਨੂੰ ਪਰੇ ਸੁਟ ਦੇਵੇ ਅਰਥਾਤ ਪ੍ਰਬਲ। ‘ਰਿਗਵੇਦ’ਵਿਚ ਇਹ ਸ਼ਬਦ ਦੇਵਤਿਆਂ ਲਈ ਵਿਸ਼ੇਸ਼ਣ ਵਜੋਂ ਵਰਤਿਆ ਜਾਂਦਾ ਸੀ। ਇੰਦਰ, ਮਿਤਰ,ਵਰੁਣ ਆਦਿ ਦੇਵਤਿਆਂ ਨਾਲ ਵਰਤੇ ਜਾਣ ਕਰਕੇ ਇਹ ਉਨ੍ਹਾਂ ਦੀ ਵਿਅਕਤਿਕ ਰਹੱਸਮਈ ਸ਼ਕਤੀ ਜਾਂ ਵਿਸ਼ੇਸ਼ਤਾ ਦਾ ਸੂਚਕ ਬਣ ਗਿਆ। ਪਾਰਸੀਆ ਨੇ ਵੀ ਆਪਣੇ ਪ੍ਰਧਾਨ ਦੇਵਤਾ ਨਾਲ ਇਸ ਸ਼ਬਦ ਨੂੰ ਜੋੜਿਆ ਹੋਇਆ ਸੀ। ਇਸ ਵਰਤੋਂ ਤੇ ਆਰਯਾਂ ਅਤੇ ਪਾਰਸੀਆਂ ਦੇ ਇਕੋ ਹੀ ਸਥਾਨ ਦੇ ਨਿਵਾਸੀ ਅਤੇ ਇਕੋ ਹੀ ਦੇਵਤਾ ਦੀ ਉਪਾਸਨਾ ਕਰਨ ਵਾਲੇ ਹੋਣ ਦੇ ਤੱਥ ਦਾ ਸੰਕੇਤ ਮਿਲਦਾ ਹੈ। ਬਾਦ ਵਿਚ ਜਦੋਂ ਇਨ੍ਹਾਂ ਦੋਹਾਂ ਵਿਚ ਵਿਰੋਧ ਉਠ ਖੜੋਤਾ ਤਾਂ ਆਰਯਾਂ ਨੇ ਇਸ ਸ਼ਬਦ ਦਾ ‘ਜੋ ਸੁਰ ਨਹੀਂ’ ਅਰਥ ਕਰਨਾ ਸ਼ੁਰੂ ਕਰ ਦਿੱਤਾ ਹੈ। ਉਧਰ ਪਾਰਸੀਆਂ ਨੇ ‘ਦੇਵ’(ਵੇਖੋ)ਸ਼ਬਦ ਦੈਂਤ ਜਾਂ ਦਾਨਵ ਲਈ ਵਰਤਣਾ ਸ਼ੁਰੂ ਕਰ ਦਿੱਤਾ। ਪੰਜੀ ਵਿਚ ‘ਦੇਉ’ ਸ਼ਬਦ ਇਸੇ ਭਾਵ-ਧਾਰਾ ਅਧੀਨ ਵਰਤਿਆ ਜਾਂਦਾ ਹੈ।
‘ਸਤਪਥ ਬ੍ਰਹਾਮਣ’ (13/8/2/1) ਵਿਚ ਦੇਵਤੇ ਅਤੇ ਅਸੁਰ ਭਾਈਚਾਰਕ ਵੈਰ ਵਾਲੇ ਮੰਨੇ ਗਏ ਹਨ। ਪੁਰਾਣਾਂ ਅਤੇ ਬਾਦ ਦੀਆਂ ਰਚਨਾਵਾਂ ਵਿਚ ‘ਅਸੁਰ’ ਸ਼ਬਦ ਦੀ ਵਰਤੋਂ ਸਪੱਸ਼ਟ ਤੌਰ ਤੇ ਦੈਂਤਾਂ ਲਈ ਹੋਈ ਹੈ। ਇਨ੍ਹਾਂ ਦੀ ਸੁਰਾਂ (ਦੇਵਤਿਆਂ)ਨਾਲ ਸਦਾ ਖੜਕਦੀ ਰਹੀ ਹੈ। ਇਨ੍ਹਾਂ ਨੇ ਕਈ ਵਾਰ ਸੁਰਾਂ ਉਤੇ ਜਿੱਤ ਪ੍ਰਾਪਤ ਕੀਤੀ,ਪਰ ਦੈਵੀ ਸ਼ਕਤੀ ਦੀ ਸਹਾਇਤਾ ਕਾਰਣ ਅੰਤ ਵਿਚ ਇਨ੍ਹਾਂ ਨੂੰ ਦੇਵਤਿਆਂ ਨੇ ਪਰਾਜਿਤ ਕੀਤਾ ਹੈ। ਗੁਰਬਾਣੀ ਵਿਚ ਇਸੇ ਅਰਥ ਵਿਚ ‘ਅਸੁਰ’ਦੀ ਵਰਤੋਂ ਹੋਈ ਹੈ। ਗੁਰੂ ਨਾਨਕ ਦੇਵ ਜੀ ਨੇ ‘ਸਤਿਗੁਰ’ ਦੀ ਸਮਰਥਤਾ ਉਤੇ ਪ੍ਰਕਾਸ ਪਾਂਦਿਆਂ ਸਿਰੀ ਰਾਗ ਵਿਚ ਦਸਿਆ ਹੈ ਕਿ ਉਹ ਸੁਖਦਾਤਾ ਹੈ, ਦੁੱਖ ਨਾਸ਼ਕ ਹੈ ਅਤੇ ਦੈਂਤਾਂ ਦਾ ਸੰਘਾਰ ਕਰਨ ਵਾਲਾ ਹੈ—‘ਸੁਖਦਾਤਾ ਦੁਖ ਮੇਟਣੋਂ ਸਤਿਗੁਰੁ ਅਸੁ ਸੰਘਾਰ’(ਅ.ਗ੍ਰੰ.59)
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5200, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no
ਅਸੁਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਸੁਰ, ਸੰਸਕ੍ਰਿਤ / ਪੁਲਿੰਗ : ਦੈਂਤ, ਕੁਕਰਮੀ
–ਅਸੁਰ ਝੋਟੀ, ਇਸਤਰੀ ਲਿੰਗ : ਉਹ ਝੋਟੀ ਜਿਹੜੀ ਅਜੇ ਆਸ ਨਾ ਲਗੀ ਹੋਵੇ
–ਅਸੁਰ ਬੁੱਧੀ, ਵਿਸ਼ੇਸ਼ਣ / ਇਸਤਰੀ ਲਿੰਗ : ਅਵਾਣੀ ਮੱਤ, ਖੋਟੀ ਮੱਤ (ਵਾਲਾ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2263, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-30-04-13-53, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First