ਅੱਡਣ ਸ਼ਾਹ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅੱਡਣ ਸ਼ਾਹ ( 1688– 1757 ) : ਸੇਵਾ ਪੰਥੀ ਸੰਪਰਦਾਇ ਵਿੱਚ ਭਾਈ ਘਨ੍ਹਈਆ ਅਤੇ ਭਾਈ ਸੇਵਾ ਰਾਮ ਤੋਂ ਬਾਅਦ ਤੀਜਾ ਵੱਡਾ ਨਾਂ ਭਾਈ ਅੱਡਣ ਸ਼ਾਹ ਦਾ ਹੈ । ਅਠਾਰ੍ਹਵੀਂ ਸਦੀ ਵਿੱਚ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਾਸਤੇ ਜਿਹੜੀਆਂ ਸੰਪਰਦਾਵਾਂ ਨੇ ਠੋਸ ਯਤਨ ਕੀਤੇ , ਉਹਨਾਂ ਵਿੱਚ ਇੱਕ ਸੀ ਸੇਵਾ ਪੰਥੀ ਸੰਪਰਦਾਇ । ਇਸ ਦਾ ਬਾਨੀ ਪ੍ਰਸਿੱਧ ਸਿੱਖ ਭਾਈ ਘਨ੍ਹਈਆ ਸੀ ਜੋ ਗੁਰੂ ਤੇਗ਼ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਦੇ ਸਮੇਂ ਹੋਇਆ ਅਤੇ ਉਹਨਾਂ ਦਾ ਪੱਕਾ ਸ਼ਰਧਾਲੂ ਸੀ । ਇਹ ਉਹੋ ਭਾਈ ਘਨ੍ਹਈਆ ਸੀ ਜੋ ਬਿਨਾਂ ਵਿਤਕਰੇ ਅਤੇ ਭੇਦ-ਭਾਵ ਦੇ ਜੰਗ ਵਿੱਚ ਜ਼ਖ਼ਮੀਆਂ ਨੂੰ ਪਾਣੀ ਪਿਆਉਂਦਾ ਸੀ ਅਤੇ ਜਿਸ ਨੂੰ ਗੁਰੂ ਗੋਬਿੰਦ ਸਿੰਘ ਨੇ ਮਲ੍ਹਮ ਪੱਟੀ ਲਈ ਮਲ੍ਹਮ ਦੀ ਡੱਬੀ ਦੀ ਬਖ਼ਸ਼ਿਸ਼ ਵੀ ਕੀਤੀ । ਭਾਈ ਘਨ੍ਹਈਆ ਦੀ ਚਲਾਈ ਇਹ ਸੰਪਰਦਾਇ ਭਾਈ ਸੇਵਾ ਰਾਮ ਤੋਂ ਹੁੰਦੀ ਭਾਈ ਅੱਡਣ ਸ਼ਾਹ ਤੱਕ ਪਹੁੰਚੀ । ਇੱਕ ਤਾਂ ਸੇਵਾ ਭਾਵਨਾ , ਦੂਜਾ ਭਾਈ ਸੇਵਾ ਰਾਮ ਨਾਂ ਦੇ ਆਗੂ ਅਤੇ ਬਾਅਦ ਵਿੱਚ ਅੱਡਣ ਸ਼ਾਹ , ਦੋਹਾਂ ਦੇ ਪ੍ਰਸਿੱਧ ਹੋਣ ਕਰ ਕੇ ਇਹ ਸੰਪਰਦਾਇ ਸੇਵਾ ਪੰਥੀ ਅਤੇ ਅੱਡਣਸ਼ਾਹੀ ਕਰ ਕੇ ਜਾਣੀ ਜਾਣ ਲੱਗੀ । ਸਿਧਾਂਤਿਕ ਤੌਰ `ਤੇ ਇਹ ਗੁਰਮਤਿ ਅਨੁਸਾਰੀ ਹੈ ।

        ਬਚਪਨ ਤੋਂ ਹੀ ਅੱਡਣ ਸ਼ਾਹ ਵਿੱਚ ਇੱਕ ਸੰਤ ਬਣਨ ਦੇ ਲੱਛਣ ਨਜ਼ਰ ਆਉਣ ਲੱਗੇ । ਸਾਧੂ ਹੋਣ ਦੇ ਨਾਲ ਉਹ ਉੱਘਾ ਵਿਦਵਾਨ ਵੀ ਸੀ । ਉਸ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਅਤੇ ਗੁਰਮਤਿ ਪ੍ਰਚਾਰ ਦੇ ਲੇਖੇ ਲਾਇਆ । ਅੱਡਣ ਸ਼ਾਹ ਦਾ ਜਨਮ 1688 ਵਿੱਚ ਜ਼ਿਲ੍ਹਾ ਝੰਗ ਦੇ ਇੱਕ ਕਸਬੇ ਸ਼ਾਹ ਜੀਵਣਾ ਦੇ ਨੇੜੇ ਇੱਕ ਪਿੰਡ ‘ ਲਊ` ਵਿੱਚ ਹੋਇਆ । ਸੱਤ ਸਾਲ ਦੀ ਉਮਰ ਵਿੱਚ ਇੱਕ ਉਦਾਸੀ ਸਾਧੂ ਬਾਬਾ ਗੁਰਦਾਸ ਪਾਸੋਂ ਵਿੱਦਿਆ ਹਾਸਲ ਕੀਤੀ ਜੋ ਗੁਰੂ ਤੇਗ਼ ਬਹਾਦਰ ਦੇ ਹੁਕਮ ਅਨੁਸਾਰ ਗੁਰਮਤਿ ਅਤੇ ਗੁਰਬਾਣੀ ਦਾ ਪ੍ਰਚਾਰ ਕਰਦਾ ਆ ਰਿਹਾ ਸੀ । ਮਾਤਾ-ਪਿਤਾ ਦੀ ਇੱਛਾ ਸੀ ਕਿ ਉਹ ਵਿਆਹ ਕਰ ਕੇ ਆਪਣਾ ਘਰ ਵਸਾਏ ਅਤੇ ਇਸੇ ਮੋਹ ਵੱਸ ਉਹਨਾਂ ਨੇ ਉਸ ਦਾ ਵਿਆਹ ਵੀ ਕਰ ਦਿੱਤਾ ਪਰ ਭਾਈ ਅੱਡਣ ਸ਼ਾਹ ਆਪਣੀ ਸੰਤਤਾਈ ਤੋਂ ਜ਼ਰਾ ਵੀ ਇਧਰ-ਉਧਰ ਨਾ ਹੋਇਆ ।

          1713 ਵਿੱਚ ਭਾਈ ਅੱਡਣ ਸ਼ਾਹ ਦਾ ਮਿਲਣ ਭਾਈ ਸੇਵਾ ਰਾਮ ਨਾਲ ਹੋਇਆ । ਉਹ ਉਹਨਾਂ ਦਾ ਸੇਵਕ ਬਣ ਗਿਆ । ਭਾਈ ਸੇਵਾ ਰਾਮ ਅੱਡਣ ਸ਼ਾਹ ਨੂੰ ਆਪਣੇ ਗੁਰੂ ਭਾਈ ਘਨ੍ਹਈਆ ਜੀ ਪਾਸ ਅਨੰਦਪੁਰ ਸਾਹਿਬ ਵੀ ਲੈ ਗਿਆ । ਕਾਫ਼ੀ ਸਮਾਂ ਉੱਥੇ ਰਿਹਾ ਅਤੇ ਜਦੋਂ ਭਾਈ ਘਨ੍ਹਈਆ ਨੇ ਸਰੀਰ ਤਿਆਗਿਆ ਤਾਂ ਭਾਈ ਅੱਡਣ ਸ਼ਾਹ ਉਹਨਾਂ ਦੇ ਪਾਸ ਹੀ ਸਨ । ਇਸੇ ਤਰ੍ਹਾਂ ਜਦੋਂ ਭਾਈ ਸੇਵਾ ਰਾਮ ਨੇ ਵੀ ਅੰਤਿਮ ਸਾਹ ਲਏ ਤਾਂ ਭਾਈ ਅੱਡਣ ਸ਼ਾਹ ਉਸ ਸਮੇਂ ਵੀ ਉਹਨਾਂ ਕੋਲ ਸੀ । ਇਸ ਤਰ੍ਹਾਂ ਅੱਡਣ ਸ਼ਾਹ ਨੇ ਆਪਣੇ ਪੂਰਬਲੇ ਦੋਹਾਂ ਸੇਵਾ ਪੰਥੀ ਸਾਧੂਆਂ ਦੀ ਅੰਤਿਮ ਸਮੇਂ ਤਕ ਬੜੀ ਸੇਵਾ ਕੀਤੀ । ਸੇਵਾ ਪੰਥ ਦਾ ਮੁਖੀ ਬਣਨ `ਤੇ ਉਸ ਨੇ ਆਪਣੇ ਜੀਵਨ ਨੂੰ ਨਾਮ ਸਿਮਰਨ , ਸਾਧਨਾ , ਸੇਵਾ ਅਤੇ ਹੋਰ ਪਰਉਪਕਾਰੀ ਕੰਮਾਂ ਤਕ ਸੀਮਿਤ ਕਰ ਲਿਆ । ਭਾਈ ਅੱਡਣ ਸ਼ਾਹ ਦੇ ਡੇਰੇ ਵਿੱਚ , ਜੋ ਸ਼ਹਾਦਰਾ ( ਲਾਹੌਰ ) ਵਿਖੇ ਸੀ , ਹਮੇਸ਼ਾਂ ਹੀ ਦੋ ਢਾਈ ਸੌ ਸਾਧੂ ਸੰਤ ਨਿਵਾਸ ਕਰਦੇ । ਸਤਿਸੰਗ ਬਣਿਆ ਰਹਿੰਦਾ , ਵਿਚਾਰ-ਵਟਾਂਦਰਾ ਅਤੇ ਕਥਾ ਕੀਰਤਨ ਹੁੰਦੀ ਰਹਿੰਦੀ ਅਤੇ ਨਾਮਬਾਣੀ ਦਾ ਪ੍ਰਵਾਹ ਚਲਦਾ ਰਹਿੰਦਾ । ਗੁਰਮਤਿ ਮਾਰਗ ਦੇ ਪਾਂਧੀਆਂ ਦੀਆਂ ਮਾਨਸਿਕ ਅਤੇ ਅਧਿ- ਆਤਮਿਕ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਗੁਰਬਾਣੀ ਦੀਆਂ ਡੂੰਘੀਆਂ ਰਮਜ਼ਾਂ ਨੂੰ ਸਮਝਣ ਸਮਝਾਉਣ ਲਈ ਅੱਡਣ ਸ਼ਾਹ ਹਮੇਸ਼ਾਂ ਤਤਪਰ ਰਹਿੰਦਾ ।

        ਭਾਈ ਅੱਡਣ ਸ਼ਾਹ ਆਪ ਵਿਦਵਾਨ ਹੋਣ ਕਰ ਕੇ ਵਿਦਵਾਨਾਂ ਅਤੇ ਕਲਾਕਾਰਾਂ ਦਾ ਕਦਰਦਾਨ ਸੀ । ਉਸ ਨੇ ਕਈਆਂ ਨੂੰ ਪ੍ਰੇਰਨਾ ਅਤੇ ਉਤਸ਼ਾਹ ਦੇ ਕੇ ਉਹਨਾਂ ਪਾਸੋਂ ਕਈ ਧਾਰਮਿਕ ਗ੍ਰੰਥ ਲਿਖਵਾਏ ਅਤੇ ਕਈਆਂ ਦੇ ਅਨੁਵਾਦ ਕਰਵਾਏ । ਲਿਖਾਰੀਆਂ ਵਿੱਚ ਭਾਈ ਸਹਿਜ ਰਾਮ , ਭਾਈ ਗਾੜੂ ਅਤੇ ਭਾਈ ਮੰਗੂ ਵਧੇਰੇ ਪ੍ਰਸਿੱਧ ਹਨ । ਭਾਈ ਸਹਿਜ ਰਾਮ ਦਾ ਸਾਰਾ ਜੀਵਨ , ਅੱਡਣ ਸ਼ਾਹ ਦੇ ਡੇਰੇ ਵਿੱਚ ਹੀ ਬੀਤਿਆ । ਇੱਥੇ ਰਹਿੰਦਿਆਂ ਹੀ ਉਸ ਨੇ ਕਈ ਗ੍ਰੰਥ ਲਿਖੇ ਜਿਨ੍ਹਾਂ ਵਿੱਚੋਂ ਕੁਝ ਪ੍ਰਸਿੱਧ ਹਨ , ਪਰਚੀ ਭਾਈ ਘਨ੍ਹਈਆ ਜੀ , ਪੋਥੀ ਆਸਵਰੀਆਂ , ਸਾਖੀਆਂ ਭਾਈ ਅੱਡਣ ਸ਼ਾਹ , ਪਰਚੀ ਭਾਈ ਸੇਵਾ ਰਾਮ ਅਤੇ ਪਰਚੀ ਭਾਈ ਅੱਡਣ ਸ਼ਾਹ ਆਦਿ । ਭਾਈ ਗਾੜੂ ਨੇ ਪਾਰਸ ਭਾਗ ਨਾਂ ਥੱਲੇ ਇੱਕ ਫ਼ਾਰਸੀ ਗ੍ਰੰਥ ਦਾ ਅਨੁਵਾਦ ਕੀਤਾ । ਪਾਰਸ ਭਾਗ ਦੇ ਕਰਤਾ ਬਾਰੇ ਵਿਦਵਾਨਾਂ ਵਿੱਚ ਇੱਕ ਵਿਚਾਰ ਇਹ ਵੀ ਹੈ ਕਿ ਇਹ ਭਾਈ ਅੱਡਣ ਸ਼ਾਹ ਹੀ ਹੈ । ਸ਼ਾਹਦਰੇ ਵਾਲੇ ਡੇਰੇ ਵਿੱਚ ਸਾਧੂ ਸੰਤਾਂ , ਜਿਨ੍ਹਾਂ ਵਿੱਚ ਮੁਸਲਮਾਨ ਪੀਰ ਫ਼ਕੀਰ , ਸੂਫ਼ੀ ਅਤੇ ਦਰਵੇਸ਼ ਵੀ ਹੁੰਦੇ ਸਨ , ਨਾਲ ਪਰਮਾਰਥ ਬਾਰੇ ਵਿਚਾਰ ਚਰਚਾ ਚਲਦੀ ਰਹਿੰਦੀ ਸੀ । ਇਸ ਲਈ ਐਨ ਸੰਭਵ ਹੈ ਕਿ , ਪਾਰਸ ਭਾਗ ਦਾ ਕਰਤਾ ਭਾਈ ਅੱਡਣ ਸ਼ਾਹ ਹੀ ਹੋਵੇ । ਇਸੇ ਤਰ੍ਹਾਂ ਭਾਈ ਮੰਗੂ ਨੇ ਫ਼ਾਰਸੀ ਰਚਨਾ ਮਸਨਵੀ ਮੌਲਾਨਾ ਰੂਮ ਦਾ ਪੰਜਾਬੀ ਤਰਜਮਾ ਕੀਤਾ । ਸਾਖੀਆਂ ਅੱਡਣ ਸ਼ਾਹ ਆਪਣੇ ਨਾਂ ਤੋਂ ਇਉਂ ਲੱਗਦੀ ਹੈ ਜਿਵੇਂ ਇਸ ਵਿੱਚ ਭਾਈ ਅੱਡਣ ਸ਼ਾਹ ਦੇ ਜੀਵਨ ਨਾਲ ਸੰਬੰਧਿਤ ਸਾਖੀਆਂ ਹੋਣ ਪਰ ਅਜਿਹਾ ਨਹੀਂ ਹੈ । ਇਸ ਵਿੱਚ ਗੁਰੂ ਸਾਹਿਬਾਨ , ਸਾਧੂ ਸੰਤਾਂ , ਪੀਰਾਂ ਫ਼ਕੀਰਾਂ ਅਤੇ ਰਾਜਿਆਂ ਮਹਾਰਾਜਿਆਂ ਨਾਲ ਸੰਬੰਧਿਤ ਸਾਖੀਆਂ ਹਨ । ਅਸਲ ਵਿੱਚ ਇਹ ਰਚਨਾ ਭਾਈ ਅੱਡਣ ਸ਼ਾਹ ਦੁਆਰਾ ਦਿੱਤੇ ਗਏ ਵਿਖਿਆਨਾਂ ਦਾ ਸੰਗ੍ਰਹਿ ਹੈ ਜਿਸ ਨੂੰ ਭਾਈ ਸਹਿਜ ਰਾਮ ਨੇ ਲਿਖ ਕੇ ਸਾਂਭ ਲਿਆ । ਪਰਚੀ ਭਾਈ ਅੱਡਣ ਸ਼ਾਹ ਵੀ ਭਾਈ ਸਹਿਜ ਰਾਮ ਦੀ ਰਚਨਾ ਹੈ । ਇਸ ਵਿੱਚ ਵੀ ਭਾਵੇਂ ਗੁਰਮਤਿ ਦਰਸ਼ਨ ਦੀ ਵਿਆਖਿਆ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਪਰ ਫਿਰ ਵੀ ਇਸ ਵਿੱਚੋਂ ਕੁਝ ਵੇਰਵੇ ਭਾਈ ਅੱਡਣ ਸ਼ਾਹ ਬਾਰੇ ਵੀ ਮਿਲ ਜਾਂਦੇ ਹਨ । ਇਸ ਪਰਚੀ ਵਿਚਲੀ ਇੱਕ ਸਾਖੀ ਭਾਈ ਅੱਡਣ ਸ਼ਾਹ ਦੀ ਦਲੇਰੀ ਅਤੇ ਸੱਚ ਬੋਲਣ ਦੀ ਜੁਰਅਤ ਬਾਰੇ ਹੈ । ਅਠਾਰ੍ਹਵੀਂ ਸਦੀ ਵਿੱਚ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਤਾਂ ਉਹ ਲਾਹੌਰ ਵਿਖੇ ਹੀ ਕੇਸੀ ਇਸ਼ਨਾਨ ਕਰ ਕੇ ਬਾਰੀ ਵਿੱਚ ਬੈਠ ਕੇ ਪਾਠ ਕਰਿਆ ਕਰਦਾ ਸੀ । ਕਿਸੇ ਪੀਰ ਦੇ ਕਹਿਣ `ਤੇ ਉਹ ਇੱਕ ਵਾਰੀ ਲਾਹੌਰ ਦੇ ਗਵਰਨਰ ਨੂੰ ਮਿਲਣ ਗਿਆ ਤੇ ਉਸ ਨੇ ਅੱਗੋਂ ਕ੍ਰੋਧ ਵਿੱਚ ਆ ਕੇ ਪੁੱਛਿਆ ਕਿ ਕੀ ਉਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ ? ਪੀਰ ਨੇ ਜੁਆਬ ਦਿੱਤਾ ਕਿ ਨਹੀਂ ਇਹ ਗੁਰੂ ਨਾਨਕ ਦਾ ਸਿੱਖ ਹੈ ਤਾਂ ਭਾਈ ਅੱਡਣ ਸ਼ਾਹ ਨੇ ਗਰਜਵੀਂ ਅਵਾਜ਼ ਵਿੱਚ ਕਿਹਾ ਕਿ ਉਹ ਤਾਂ ਗੁਰੂ ਗੋਬਿੰਦ ਸਿੰਘ ਦਾ ਹੀ ਸਿੱਖ ਹੈ । ਇਸ ਤਰ੍ਹਾਂ ਇੱਕ ਹੋਰ ਸਾਖੀ ਅਨੁਸਾਰ ਜਦੋਂ ਭਾਈ ਅੱਡਣ ਸ਼ਾਹ ਦੇ ਡੇਰੇ ਵਿੱਚੋਂ ਚੋਰ ਗਾਵਾਂ ਚੋਰੀ ਕਰ ਕੇ ਲੈ ਗਏ ਤਾਂ ਉਸ ਨੇ ਵੱਛੀਆਂ , ਵੱਛੇ ਵੀ ਸਾਧਾਂ ਰਾਹੀਂ ਉਹਨਾਂ ਦੇ ਮਗਰ ਭੇਜ ਦਿੱਤੇ ਤਾਂ ਕਿ ਉਹ ਆਪਣੀਆਂ ਮਾਵਾਂ ਤੋਂ ਨਾ ਵਿਛੜਨ ਤੇ ਨਾ ਹੀ ਤੜਫਣ ।

          1728-1734 ਤੱਕ ਭਾਈ ਅੱਡਣ ਸ਼ਾਹ ਲਉ ਤੇ ਮੂੰਦੇ ਸ਼ਰੀਹ ਰਿਹਾ ਅਤੇ ਫਿਰ 1734-1754 ਤੱਕ ਸ਼ਾਹਦਰੇ ( ਲਾਹੌਰ ) ਵਿਖੇ ਰਿਹਾ । 1757 ਵਿੱਚ ਉਹ ਜੰਮੂ ਵਿਖੇ ਅਕਾਲ ਚਲਾਣਾ ਕਰ ਗਿਆ । ਕਿਤੇ-ਕਿਤੇ ਅੱਡਣ ਸ਼ਾਹ ਦਾ ਦਿਹਾਂਤ ਕਰਤਾਰਪੁਰ ( ਸੋਢੀਆਂ ) ਵਿਖੇ ਹੋਣ ਦੀ ਗੱਲ ਵੀ ਕਹੀ ਗਈ ਹੈ । ਪੁਰਾਣੇ ਲਿਖਾਰੀ ਅੱਡਣ ਸ਼ਾਹੀਆਂ ਦੀ ਬਣਾਈ ਸਿਆਹੀ ਵਰਤਿਆ ਕਰਦੇ ਸਨ ਜਿਸ ਕਰ ਕੇ ਉਸ ਦਾ ਨਾਂ ਹੀ ‘ ਅੱਡਣ ਸਿਆਹੀ` ਕਰ ਕੇ ਪ੍ਰਸਿੱਧ ਹੋਇਆ ।


ਲੇਖਕ : ਧਰਮ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1682, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਅੱਡਣ ਸ਼ਾਹ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੱਡਣ ਸ਼ਾਹ : ਇਹ ਅਠਾਰ੍ਹਵੀਂ ਸਦੀ ਦਾ ਇਕ ਪ੍ਰਸਿੱਧ ਮਹਾਂਪੁਰਸ਼ ਸੀ ਜਿਸ ਨੇ ਸੇਵਾ ਪੰਥੀ ਮੱਤ ਚਲਾਇਆ । ਇਸ ਮੱਤ ਨੂੰ ਇਸ ਦੇ ਨਾਂ ਨਾਲ ਜੋੜ ਕੇ ‘ ਅੱਡਣ ਸ਼ਾਹੀ ਮੱਤ’ ਕਿਹਾ ਜਾਂਦਾ ਹੈ । ਅੱਡਣ ਸ਼ਾਹ ਦਾ ਜਨਮ ‘ ਸ਼ਾਹ ਜੀਵਣੋ’ ਲਾਗੇ ਪਿੰਡ ਲਊ ਜ਼ਿਲ੍ਹਾ ਝੰਗ ਵਿਚ ਹੋਇਆ ਸੀ । ਇਸ ਸਮੇਂ ਭਾਈ ਕਨ੍ਹਈਆ ਦਾ ਇਕ ਗੱਦੀਦਾਰ ਭਾਈ ਸੇਵਾ ਰਾਮ ਨੂਰਪੁਰ ਥਲ ਜ਼ਿਲ੍ਹਾ ਸ਼ਾਹਪੁਰ ਵਿਚ ਰਹਿੰਦਾ ਸੀ । ਇਹ ਜਦ ਪ੍ਰਚਾਰ ਕਰਦੇ ਹੋਏ ਲਊ ਪਹੁੰਚਿਆ ਤਾਂ ਨੌਜੁਆਨ ਅੱਡਣ ਵੀ ਉਸ ਦਾ ਸ਼ਰਧਾਲੂ ਹੋ ਗਿਆ । ਭਾਈ ਸੇਵਾ ਰਾਮ ਦੇ ਅੱਡਣ ਸ਼ਾਹ ਨੂੰ ਗੱਦੀ ਦੇ ਦਿੱਤੀ । ਇਸ ਨੇ ਸੇਵਾ ਪੰਥੀ ਸੰਪ੍ਰਦਾ ਦਾ ਨਾਮ ਉੱਘਾ ਕੀਤਾ । ਸ਼ਾਹਦਰੇ ( ਲਾਹੌਰ ) ਇਸ ਦੀ ਧਰਮਸਾਲਾ ਸੀ , ਜਿਥੇ ਢਾਈ-ਤਿੰਨ ਸੌ ਸੰਤ ਸਾਧੂ ਰਹਿੰਦੇ ਸਨ । ਭਾਈ ਅੱਡਣ ਸ਼ਾਹ ਬੜਾ ਅੱਛਾ ਗਵਈਆ ਤੇ ਵਿਆਖਿਆਕਾਰ ਸੀ । ਇਸ ਦੀ ਸਰਪ੍ਰਸਤੀ ਹੇਠ ਵੇਦ ਵਿਆਸ ਕ੍ਰਿਤ ‘ ਯੋਗ ਵਸ਼ਿਸ਼ਠ’ ਅਤੇ ਇਮਾਮ ਗਜ਼ਾਲੀ ਦੀ ਫ਼ਾਰੀ ਪੁਸਤਕ ‘ ਕੀਮੀਆ ਦੋ ਸਆਦਤ’ ਦਾ ‘ ਪਾਰਸ ਭਾਗ’ ਨਾਂ ਹੇਠ ਅਨੁਵਾਦ ਹੋਇਆ । ਅੱਡਣ ਲਿਖਾਰੀਆਂ ਦੀ ਖ਼ਾਸ ਤੌਰ ਤੇ ਸਰਪ੍ਰਸਤੀ ਕਰਦਾ ਸੀ ਤੇ ਪੋਥੀਆਂ ਅਤੇ ਗੁਟਕੇ ਲਿਖ ਲਿਖ ਕੇ ਧਰਮਸ਼ਾਲਾਵਾਂ ਦੇ ਡੇਰਿਆਂ ਵਿਚ ਭਿਜਵਾਂਦਾ ਸੀ । ਇਸ ਦੇ ਡੇਰੇ ਵਿਚ ਤਿਆਰ ਹੋਈ ਸਿਆਹੀ ਵੀ ‘ ਅੱਡਣਸ਼ਾਹੀ ਸਿਆਹੀ’ ਦੇ ਨਾਂ ਨਾਲ ਮਸ਼ਹੂਰ ਰਹੀ ਹੈ । ਸ਼ਾਹਦਰੇ ਤੋਂ ਇਲਾਵਾ ਕਰਤਾਰਪੁਰ , ਫਗਵਾੜੇ ਤੇ ਜੰਮੂ ਵਿਚ ਵੀ ਇਸ ਨੇ ਧਰਮਸਾਲਾਵਾਂ ਬਣਵਾਈਆਂ ਤੇ ਕਈ ਥਾਂ ਫਿਰ ਤੁਰ ਕੇ ਨਾਮ ਬਾਣੀ ਦਾ ਪ੍ਰਚਾਰ ਕੀਤਾ । ਇਸ ਦਾ ਦੇਹਾਂਤ 26 ਅਪ੍ਰੈਲ , 1757 ਨੂੰ ਜੰਮੂ ਵਿਚ ਹੋਇਆ ।

                  ਹ. ਪੁ.– – ਰਤਨਮਾਲਾ– – ਸੰਤ ਲਾਲ ਚੰਦ; ਸਾਖੀਆਂ ਭਾਈ ਅੱਡਣ ਸ਼ਾਹ– – ਭਾਈ ਸਹਿਜ ਰਾਮ ।


ਲੇਖਕ : ਪਿਆਰਾ ਸਿੰਘ ਪਦਮ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 463, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.