ਆਧੁਨਿਕ ਭਾਰਤੀ-ਆਰੀਆ ਭਾਸ਼ਾਵਾਂ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਆਧੁਨਿਕ ਭਾਰਤੀ-ਆਰੀਆ ਭਾਸ਼ਾਵਾਂ: ਭਾਰਤੀ-ਆਰੀਆ ਭਾਸ਼ਾ ਪਰਿਵਾਰ ਦੇ ਤਿੰਨ ਮੁੱਖ ਪੜਾ ਮਿੱਥੇ ਗਏ ਹਨ। ਪਹਿਲੇ ਪੜਾ ਨੂੰ ਪ੍ਰਾਚੀਨ ਭਾਰਤੀ-ਆਰੀਆ ਭਾਸ਼ਾ ਪਰਿਵਾਰ ਕਿਹਾ ਜਾਂਦਾ ਹੈ। ਜਿਸ ਦਾ ਸਮਾਂ 1500 ਬੀ. ਸੀ. ਤੋਂ ਲੈ ਕੇ 600 ਬੀ. ਸੀ. ਤੱਕ ਹੈ। ਦੂਜੇ ਪੜਾ ਨੂੰ ਮੱਧਕਾਲੀ ਭਾਰਤੀ-ਆਰੀਆ ਭਾਸ਼ਾ ਪਰਿਵਾਰ ਕਿਹਾ ਜਾਂਦਾ ਹੈ ਜਿਸ ਦਾ ਸਮਾਂ 600 ਬੀ. ਸੀ. ਤੋਂ ਲੈ ਕੇ 1000 ਈਸਵੀ ਤੱਕ ਦਾ ਹੈ। ਤੀਜੇ ਪੜਾ ਨੂੰ ਆਧੁਨਿਕ ਭਾਰਤੀ-ਆਰੀਆ ਪਰਿਵਾਰ ਕਿਹਾ ਜਾਂਦਾ ਹੈ ਜਿਸ ਦਾ ਸਮਾਂ 1000 ਈਸਵੀ ਤੋਂਂ ਲੈ ਕੇ ਅੱਜ ਤੱਕ ਦਾ ਹੈ। ਪ੍ਰਾਚੀਨ ਭਾਰਤੀ-ਆਰੀਆ ਭਾਸ਼ਾ ਪਰਿਵਾਰ ਵਿਚ ਲੌਕਿਕ ਸੰਸਕ੍ਰਿਤ, ਵੈਦਿਕ ਸੰਸਕ੍ਰਿਤ ਅਤੇ ਕਲਾਸੀਕਲ ਸੰਸਕ੍ਰਿਤ ਮੂਲ ਭਾਸ਼ਾਵਾਂ ਹਨ ਅਤੇ ਮੱਧਕਾਲ ਦਾ ਸਮਾਂ ਪ੍ਰਾਕ੍ਰਿਤਾਂ ਤੇ ਅਪਭ੍ਰੰਸ਼ਾਂ ਦਾ ਹੈ। ਇਸ ਸਮੇਂ ਵਿਚ ਪਾਲੀ, ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਦਾ ਜਨਮ ਹੋਇਆ ਇਨ੍ਹਾਂ ਵਿਚ ਸੰਯੋਗਤਾ ਪ੍ਰਧਾਨ ਸੀ। ਪਰ ਆਧੁਨਿਕ ਭਾਰਤੀ ਆਰੀਆ ਭਾਸ਼ਾਵਾਂ ਵਿਚ ਸੰਯੋਗਤਾ ਪ੍ਰਧਾਨ ਸੀ। ਪਰ ਆਧੁਨਿਕ ਭਾਰਤੀ ਆਰੀਆ ਭਾਸ਼ਾਵਾਂ ਵਿਚ ਸੰਯੋਗਤਾ ਦੀ ਥਾਂ ਵਿਗਠਨ ਨੇ ਲੈ ਲਈ। ਸ਼ਬਦਾਂ ਦੇ ਆਪਸੀ ਸਬੰਧਾਂ ਲਈ ਜਿੱਥੇ ਵਿਭਕਤੀਆਂ ਦੀ ਵਰਤੋਂ ਕੀਤੀ ਜਾਂਦੀ ਸੀ ਉਥੇ ਸਬੰਧਕਾਂ ਨੇ ਵਿਭਕਤੀਆਂ ਦੀ ਥਾਂ ਲੈ ਲਈ ਅਤੇ ਇਹ ਭਾਸ਼ਾਵਾਂ ਸੰਯੋਗਾਤਮਕ ਦੀ ਥਾਂ ਵਿਯੋਗਾਤਮਕ ਹੋਣੀਆਂ ਸ਼ੁਰੂ ਹੋ ਗਈਆਂ। ਪ੍ਰਾਕ੍ਰਿਤਾਂ ਦੇ ਨਾਲ ਸ਼ੋਰਸੈਨੀ, ਮਹਾਂਰਾਸ਼ਟਰੀ, ਮਾਗਧੀ, ਅਰਧ-ਮਾਗਧੀ ਆਦਿ ਅਪਭ੍ਰੰਸ਼ਾਂ ਰਾਹੀਂ ਆਧੁਨਿਕ ਭਾਸ਼ਾਵਾਂ ਜਿਵੇਂ : ਸਿੰਧੀ, ਪੰਜਾਬੀ, ਹਿੰਦੀ, ਰਾਜਸਥਾਨੀ ਆਦਿ ਨੇ ਜਨਮ ਲਿਆ। ਗ੍ਰੀਅਰਸਨ ਨੇ ਭਾਰਤੀ ਆਰੀਆ ਭਾਸ਼ਾਵਾਂ ਦੇ ਦੋ ਸਰੋਤ ਸ਼ੌਰਸੈਨੀ ਤੇ ਮਾਗਧੀ ਮਿੱਥੇ ਹਨ। ਸ਼ੌਰਸੈਨੀ ਦੇ ਉਤਰੀ ਰੂਪ ਵਿਚ ਨੇਪਾਲੀ, ਕਮਾੳੇੁਣੀ ਅਤੇ ਗੜ੍ਹਵਾਲੀ ਨੂੰ ਰੱਖਿਆ ਹੈ ਜਦੋਂ ਕਿ ਪੱਛਮੀ ਰੂਪ ਵਿਚ ਸਿੰਧੀ, ਪੰਜਾਬੀ, ਗੁਜਰਾਤੀ ਅਤੇ ਪੱਛਮੀ ਹਿੰਦੀ ਤੇ ਅਵੱਧੀ ਨੂੰ ਰੱਖਿਆ ਹੈ ਦੂਜੇ ਪਾਸੇ ਮਾਗਧੀ ਦੇ ਪੱਛਮੀ ਰੂਪ ਵਿਚ ਉੜੀਆ, ਬੰਗਾਲੀ, ਪੱਛਮੀ ਹਿੰਦੀ-ਬਿਹਾਰੀ ਨੂੰ ਰੱਖਿਆ ਹੈ ਅਤੇ ਦੱਖਣ ਵਿਚ ਮਰਾਠੀ ਨੂੰ ਰੱਖਿਆ ਹੈ। ਗ੍ਰੀਅਰਸਨ ਤੋਂ ਇਲਾਵਾ ਡਾ. ਸੁਨੀਤੀ ਕੁਮਾਰ ਚੈਟਰਜੀ ਅਤੇ ਕੋਲਨ ਮਸੀਕਾ ਨੇ ਇਸ ਪਰਿਵਾਰ ਤੇ ਇਸ ਵਿਚ ਆਉਣ ਵਾਲੀਆਂ ਦੂਜੀਆਂ ਭਾਸ਼ਾਵਾਂ ਬਾਰੇ ਆਪਣੀ ਖੋਜ ਕੀਤੀ ਹੈ ਅਤੇ ਕਿਸੇ ਹੱਦ ਤੱਕ ਗ੍ਰੀਅਰਸਨ ਦੇ ਸਿਧਾਂਤ ਨੂੰ ਰੱਦ ਕੀਤਾ ਹੈ। ਗ੍ਰੀਅਰਸਨ ਨੇ ਭਾਰਤੀ-ਆਰੀਆ ਭਾਸ਼ਾ ਪਰਿਵਾਰ ਦੀਆਂ ਭਾਸ਼ਾਵਾਂ ਨੂੰ ਤਿੰਨ ਗੁਟਾਂ ਵਿਚ ਵੰਡਿਆ ਹੈ ਜਿਵੇਂ : ਬਾਹਰੀ ਸ਼ਾਖਾ, ਮੱਧਵਰਤੀ ਅਤੇ ਅੰਦਰਲੀ ਸ਼ਾਖਾ। ਗ੍ਰੀਅਰਸਨ ਨੇ ਮਹਾਂ-ਪਰਾਣ ਅਤੇ ਅਲਪ-ਪਰਾਣ ਧੁਨੀਆਂ ਦੇ ਪਰਿਵਰਤਨ ਨੂੰ ਅਧਾਰ ਬਣਾ ਕੇ ਇਹ ਵੰਡ ਕੀਤੀ ਹੈ। ਉਸ ਅਨੁਸਾਰ ਬਾਹਰਲੀ ਸ਼ਾਖਾ ਵਿਚ ਮਹਾਂ-ਪਰਾਣ ਧੁਨੀਆਂ ਅਪਲ-ਪਰਾਣ ਵਿਚ ਬਦਲ ਜਾਂਦੀਆਂ ਹਨ ਪਰ ਅੰਦਰਵਰਤੀ ਸ਼ਾਖਾ ਵਿਚ ਇਸ ਤਰ੍ਹਾਂ ਨਹੀਂ ਹੁੰਦਾ। ਆਧੁਨਿਕ ਪੰਜਾਬੀ ਵਿਚ ਸਘੋਸ਼ ਮਹਾਂ-ਪਰਾਣ ਧੁਨੀਆਂ (ਘ, ਝ, ਢ, ਧ, ਭ) ਉਚਾਰੀਆਂ ਨਹੀਂ ਜਾਂਦੀਆਂ ਸਗੋਂ ਇਸ ਦਾ ਸਥਾਨ ਸੁਰ ਨੇ ਲੈ ਲਿਆ ਹੈ। ਇਹ ਸਘੋਸ਼ ਮਹਾਂ-ਪਰਾਣ ਧੁਨੀਆਂ ਦੀ ਹਾਨੀ ਕਾਰਨ ਵਾਪਰਿਆ ਹੈ। ਇਸ ਅਧਾਰ ਤੇ ਗ੍ਰੀਅਰਸਨ ਨੇ ਪੰਜਾਬੀ ਨੂੰ ਸੁਰੀ ਅਤੇ ਗੈਰਸੁਰੀ ਭਾਸ਼ਾਵਾਂ ਵਿਚ ਵੰਡਿਆ ਹੈ ਅਤੇ ਇਸ ਦੇ ਸਰੋਤ ਦੀ ਭਿੰਨਤਾ ਵੱਲ ਵੀ ਇਸ਼ਾਰਾ ਕੀਤਾ ਹੈ ਜੋ ਸਿੱਧ ਨਹੀਂ ਹੋ ਸਕਿਆ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2981, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.