ਆਲਾ ਸਿੰਘ, ਬਾਬਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲਾ ਸਿੰਘ, ਬਾਬਾ: ਪਟਿਆਲਾ ਰਿਆਸਤ ਦਾ ਸੰਸਥਾਪਕ। ਵੇਖੋ ‘ਪਟਿਆਲਾ ਰਿਆਸਤ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1984, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਆਲਾ ਸਿੰਘ, ਬਾਬਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਲਾ ਸਿੰਘ, ਬਾਬਾ (1691-1765): ਸਿੱਖ ਮਿਸਲ ਦੇ ਮੁਖੀ ਅਤੇ ਪਟਿਆਲਾ ਤੇ ਰਾਜ ਕਰਨ ਵਾਲੇ ਪਹਿਲੇ ਮੁਖੀ ਪੰਜਾਬ ਦੇ ਅਜੋਕੇ ਜ਼ਿਲਾ ਬਠਿੰਡਾ ਵਿਚ ਫੂਲ ਵਿਖੇ 1691 ਨੂੰ ਪੈਦਾ ਹੋਏ ਸਨ ਅਤੇ ਭਾਈ ਰਾਮ ਸਿੰਘ ਦੇ ਤੀਸਰੇ ਪੁੱਤਰ ਸਨ। ਇਹਨਾਂ ਦੇ ਦਾਦੇ ਬਾਬਾ ਫੂਲ ਨੂੰ ਜਦੋਂ ਉਹ ਛੋਟੇ ਬੱਚੇ ਹੀ ਸਨ, ਛੇਵੇਂ ਨਾਨਕ , ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ਿਸ਼ ਕੀਤੀ ਸੀ। ਆਲਾ ਸਿੰਘ ਦੇ ਪਿਤਾ ਅਤੇ ਚਾਚਾ ਤਿਲੋਕ ਸਿੰਘ , ਦੋਵਾਂ, ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ ਜਿਨ੍ਹਾਂ ਨੇ ਉਹਨਾਂ ਦੇ ਪਰਵਾਰ ਨੂੰ ਇਹ ਕਹਿ ਕੇ ਸਤਿਕਾਰਿਆ ਸੀ, “ਤੇਰਾ ਘਰੁ ਮੇਰਾ ਅਸੈ"।

    ਆਲਾ ਸਿੰਘ ਛੋਟੀ ਉਮਰ ਵਿਚ ਹੀ ਫਤਿਹ ਕੌਰ ਨਾਲ ਵਿਆਹੇ ਗਏ ਸਨ ਜਿਨ੍ਹਾਂ ਨੂੰ ਮਾਈ ਫੱਤੋ ਕਰਕੇ ਜਾਣਿਆ ਜਾਂਦਾ ਹੈ। ਇਹ ਅਜੋਕੇ ਸੰਗਰੂਰ ਜ਼ਿਲੇ ਵਿਚ ਕਾਲੇਕੇ ਪਿੰਡ , ਦੇ ਇਕ ਜ਼ਿਮੀਦਾਰ ਖਾਨਾ ਦੇ ਚੌਧਰੀ ਕਾਲਾ ਦੀ ਪੁੱਤਰੀ ਸੀ। ਆਲਾ ਸਿੰਘ ਦੇ ਤਿੰਨ ਪੁੱਤਰ ਭੂਮੀਆ ਸਿੰਘ, ਸਰਦੂਲ ਸਿੰਘ, ਲਾਲ ਸਿੰਘ ਸਨ ਜਿਹੜੇ ਸਾਰੇ ਹੀ ਉਸਦੇ ਜੀਵਨ ਕਾਲ ਵਿਚ ਹੀ ਅਕਾਲ ਚਲਾਣਾ ਕਰ ਗਏ ਅਤੇ ਇਕ ਪੁੱਤਰੀ ਬੀਬੀ ਪਰਧਾਨ ਸੀ।

    ਆਲਾ ਸਿੰਘ ਦਾ ਜਿੱਤਾਂ ਵਾਲਾ ਜੀਵਨ 1716 ਵਿਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿੱਛੋਂ ਸ਼ੁਰੂ ਹੁੰਦਾ ਹੈ ਜਦੋਂ ਕੇਂਦਰੀ ਪੰਜਾਬ ਵਿਚ ਬਹੁਤ ਗੜਬੜ ਮਚੀ ਹੋਈ ਸੀ। ਆਲਾ ਸਿੰਘ ਬਠਿੰਡਾ ਤੋਂ 40 ਕਿਲੋਮੀਟਰ ਦੂਰ ਫੂਲ ਵਿਖੇ ਰਹਿ ਰਹੇ ਸਨ। ਇਹਨਾਂ ਨੇ ਆਪਣੇ ਆਲੇ ਦੁਆਲੇ ਜੋਸ਼ੀਲੇ ਅਤੇ ਦਲੇਰ ਨੌਜਵਾਨ ਇਕੱਠੇ ਕੀਤੇ। 1722 ਵਿਚ ਇਹਨਾਂ ਨੇ ਆਪਣਾ ਮੁਖ ਟਿਕਾਣਾ (ਹੈਡਕੁਆਟਰ) ਬਰਨਾਲਾ ਵਿਖੇ ਕਾਇਮ ਕੀਤਾ ਅਤੇ ਉਸ ਤੋਂ ਪੂਰਬ ਵਲ ਦਾ 32 ਕਿਲੋਮੀਟਰ ਦੂਰ ਤਕ ਦਾ ਇਲਾਕਾ ਮੱਲ ਲਿਆ ਜਿਸ ਵਿਚ 30 ਪਿੰਡ ਆਉਂਦੇ ਸਨ।

    ਬਰਨਾਲਾ ਵਿਖੇ ਆਲਾ ਸਿੰਘ ਨੇ 1731 ਵਿਚ ਰਾਇ ਕੋਟ ਦੇ ਇਕ ਪ੍ਰਭਾਵਸ਼ਾਲੀ ਮੁਖੀ ਅਤੇ ਚੰਗੀ ਫ਼ੌਜ ਵਾਲੇ ਰਾਇ ਕਲ੍ਹਾ ਨੂੰ ਹਰਾ ਦਿੱਤਾ। ਇਹਨਾਂ ਨੇ ਦਲ ਖ਼ਾਲਸਾ ਦੀ ਮਦਦ ਨਾਲ ਭੱਟੀਆਂ ਦੇ ਕਈ ਪਿੰਡਾਂ ਨੂੰ ਲੁੱਟਿਆ ਅਤੇ ਆਪਣੇ ਨਾਲ ਮਿਲਾ ਲਿਆ। ਇਹਨਾਂ ਨੇ ਕਈ ਹੋਰ ਨਵੇਂ ਪਿੰਡ ਵੀ ਵਸਾਏ ਜਿਵੇਂ ਛਾਜਲੀ, ਦਿੜਬਾ , ਲੌਂਗੋਵਾਲ ਅਤੇ ਸ਼ੇਰੋਂ। ਕੁਝ ਸਮੇਂ ਲਈ ਆਲਾ ਸਿੰਘ 1745-48 ਤਕ ਸਰਹਿੰਦ ਦੇ ਮੁਗਲ ਗਵਰਨਰ ਅਲੀ ਮੁਹੰਮਦ ਖ਼ਾਨ ਰੁਹੀਲਾ ਦੀ ਕੈਦ ਵਿਚ ਵੀ ਰਹੇ ਅਤੇ ਇਹਨਾਂ ਨੂੰ ਕੇਵਲ ਉਦੋਂ ਹੀ ਛੱਡਿਆ ਗਿਆ ਜਦੋਂ ਅਲੀ ਮੁਹੰਮਦ ਫਰਵਰੀ 1748 ਵਿਚ ਅਫਗਾਨ ਹਮਲਾਵਰ ਅਹਮਦ ਸ਼ਾਹ ਦੁੱਰਾਨੀ ਦੇ ਆਉਣ ਨਾਲ ਰਾਜਧਾਨੀ ਵਿਚੋਂ ਭੱਜ ਗਿਆ। 11 ਮਾਰਚ 1748 ਨੂੰ ਸਰਹਿੰਦ ਦੇ ਦੱਖਣ ਪੂਰਬ ਵਿਚ 15 ਕਿਲੋਮੀਟਰ ਦੂਰ ਮਾਨੂਪੁਰ ਦੇ ਨੇੜੇ ਮੁਗਲਾਂ ਅਤੇ ਅਹਮਦ ਸ਼ਾਹ ਦੁੱਰਾਨੀ ਵਿਚ ਹੋਈ ਲੜਾਈ ਵਿਚ ਆਲਾ ਸਿੰਘ ਨੇ ਮੁਗਲਾਂ ਦੀ ਮਦਦ ਕੀਤੀ। ਇਸਨੇ ਦੁੱਰਾਨੀ ਦੀ ਰਸਦ ਬੰਦ ਕਰ ਦਿੱਤੀ ਅਤੇ ਉਸਦੇ ਊਠ ਅਤੇ ਘੋੜੇ ਪਕੜ ਲਏ। 1749 ਵਿਚ ਆਲਾ ਸਿੰਘ ਨੇ ਰਾਜਪੂਤ ਮੁਖੀ ਫ਼ਰੀਦ ਖ਼ਾਨ ਨੂੰ ਹਰਾਇਆ ਅਤੇ ਭਜਾਇਆ ਜਿਸਨੇ ਸਰਹਿੰਦ ਦੇ ਸ਼ਾਹੀ ਗਵਰਨਰ ਦੀ ਮਦਦ ਲੈਣੀ ਚਾਹੀ ਸੀ ਅਤੇ ਭਵਾਨੀਗੜ੍ਹ ਵਿਖੇ ਇਹਨਾਂ ਦੁਆਰਾ ਬਣਾਏ ਜਾ ਰਹੇ ਕਿਲੇ ਦੀ ਉਸਾਰੀ ਨੂੰ ਰੋਕ ਦਿੱਤਾ ਸੀ। ਤਿੰਨ ਸਾਲਾਂ ਪਿੱਛੋਂ ਆਲਾ ਸਿੰਘ ਨੇ ਸਨੌਰ ਦਾ ਜ਼ਿਲਾ, ਜਿਸਨੂੰ ਚੌਰਾਸੀ ਕਿਹਾ ਜਾਂਦਾ ਸੀ (ਜਿਸਦੇ ਸ਼ਬਦੀ ਅਰਥ ਹਨ, ਚੌਰਾਸੀ ਪਿੰਡਾਂ ਦਾ ਸਮੂਹ , ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਇਹਨਾਂ ਵਿਚੋਂ ਇਕ ਜਿਥੇ ਇਹਨਾਂ 1763 ਵਿਚ ਕਿਲਾ ਬਣਾਇਆ ਸੀ ਅਤੇ ਜਿਹੜਾ ਇਸ ਪਿੱਛੋਂ ਇਹਨਾਂ ਦਾ ਪੱਕਾ ਟਿਕਾਣਾ ਸੀ, ਪਟਿਆਲੇ ਦੇ ਤੌਰ ਤੇ ਪ੍ਰਸਿੱਧ ਹੋਇਆ। 1760 ਦੇ ਅੰਤ ਵਿਚ ਆਲਾ ਸਿਘ ਕੋਲ 726 ਪਿੰਡ ਸਨ ਜਿਨ੍ਹਾਂ ਵਿਚ ਕਈ ਕਸਬੇ ਵੀ ਸਨ। ਪਾਣੀਪਤ (1761) ਦੀ ਲੜਾਈ ਦੇ ਅੰਤ ਸਮੇਂ, ਜਦੋਂ ਮਰੱਠਿਆਂ ਨੂੰ ਅਹਮਦ ਸ਼ਾਹ ਦੁੱਰਾਨੀ ਨੇ ਘੇਰ ਲਿਆ ਸੀ, ਆਲਾ ਸਿੰਘ ਨੇ ਉਹਨਾਂ ਦੀ ਦਾਣੇ ਅਤੇ ਹੋਰ ਚੀਜ਼ਾਂ ਵਸਤਾਂ ਨਾਲ ਮਦਦ ਕੀਤੀ। ਫਰਵਰੀ 1762 ਵਿਚ ਵੱਡੇ ਘੱਲੂਘਾਰੇ ਵਿਚ ਆਲਾ ਸਿੰਘ ਨਿਰਪੱਖ ਰਹੇ। ਅਹਮਦ ਸ਼ਾਹ ਨੇ ਬਰਨਾਲੇ ਦੀ ਤਬਾਹੀ ਕਰਕੇ ਇਹਨਾਂ ਨੂੰ ਸਜ਼ਾ ਦਿੱਤੀ। ਆਲਾ ਸਿੰਘ ਜਿਸ ਨੇ ਆਪਣੇ ਆਪ ਨੂੰ ਸ਼ਾਹ ਦੇ ਡੇਰੇ ਵਿਚ ਪੇਸ਼ ਕੀਤਾ ਨੂੰ ਦਾੜ੍ਹੀ ਅਤੇ ਸਿਰ ਮੁਨਾਉਣ ਦਾ ਹੁਕਮ ਦਿੱਤਾ ਗਿਆ ਸੀ। ਇਹਨਾਂ ਨੇ ਇਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਇਸਦੇ ਇਵਜ਼ਾਨੇ ਵਜੋਂ ਸਵਾ ਲੱਖ ਰੁਪਿਆ ਦੇਣਾ ਮੰਨ ਲਿਆ। ਸ਼ਾਹ ਨੇ ਪੈਸਾ ਪਰਵਾਨ ਕਰ ਲਿਆ ਪਰੰਤੂ ਸ਼ਾਹ ਇਹਨਾਂ ਨੂੰ ਆਪਣੇ ਨਾਲ ਲਾਹੌਰ ਲੈ ਗਿਆ ਜਿਥੇ ਆਲਾ ਸਿੰਘ ਨੇ ਪੰਜ ਲੱਖ ਰੁਪਿਆ ਸ਼ਾਹ ਨੂੰ ਹੋਰ ਦੇ ਕੇ ਆਪਣੀ ਬੰਦ ਖਲਾਸੀ ਕਰਵਾਈ।

    ਆਲਾ ਸਿੰਘ ਨੇ ਦਲ ਖ਼ਾਲਸਾ ਦੇ ਮੁਖੀ, ਨਵਾਬ ਕਪੂਰ ਸਿੰਘ ਤੋਂ 1732 ਵਿਚ ਅੰਮ੍ਰਿਤ ਪਾਨ ਕੀਤਾ। 1764 ਵਿਚ ਸਰਹਿੰਦ ਉੱਤੇ ਹਮਲੇ ਵੇਲੇ ਇਹ ਜੱਸਾ ਸਿੰਘ ਆਹਲੂਵਾਲੀਆ ਦੇ ਸਾਥੀ ਸਨ। ਪਿੱਛੋਂ ਇਹਨਾਂ ਨੇ ਭਾਈ ਬੁੱਢਾ ਸਿੰਘ ਤੋਂ ਇਹ ਕਸਬਾ ਖਰੀਦ ਲਿਆ ਸੀ। ਭਾਈ ਬੁੱਢਾ ਸਿੰਘ ਨੂੰ ਖ਼ਾਲਸਾ ਦਲ ਵਲੋਂ ਇਹ ਕਸਬਾ ਦਿੱਤਾ ਗਿਆ ਸੀ। 29 ਮਾਰਚ 1761 ਨੂੰ ਅਹਮਦ ਸ਼ਾਹ ਦੁੱਰਾਨੀ ਨੇ, ਆਲਾ ਸਿੰਘ ਦੁਆਰਾ ਮੱਲੇ ਹੋਏ ਇਲਾਕੇ ਉੱਤੇ ਉਹਨਾਂ ਦਾ ਅਧਿਕਾਰ , ਹੁਕਮ ਜਾਰੀ ਕਰਕੇ ਮੰਨ ਲਿਆ ਸੀ। ਉਸਦੇ ਭਾਰਤ ਉੱਤੇ ਸੱਤਵੇਂ ਹਮਲੇ ਵੇਲੇ ਉਸਨੇ ਆਲਾ ਸਿਘ ਨੂੰ ਸਰਹਿੰਦ (1765) ਦੀ ਸਰਕਾਰ ਵਿਚ ਪੱਕਾ ਕਰ ਦਿੱਤਾ ਸੀ ਅਤੇ ਇਹਨਾਂ ਨੂੰ ਰਾਜਾ ਦੀ ਉਪਾਧੀ ਦਿੱਤੀ, ਸਨਮਾਨ ਸੂਚਕ ਬਸਤਰ , ਇਕ ਨਗਾਰਾ ਅਤੇ ਬਾਦਸ਼ਾਹਤ ਦੀ ਨਿਸ਼ਾਨੀ ਵਜੋਂ ਇਕ ਝੰਡਾ ਦਿੱਤਾ ਸੀ।

    ਆਲਾ ਸਿੰਘ 7 ਅਗਸਤ 1765 ਨੂੰ ਪਟਿਆਲੇ ਵਿਖੇ ਅਕਾਲ ਚਲਾਣਾ ਕਰ ਗਏ ਅਤੇ ਇਹਨਾਂ ਦਾ ਅਜੋਕੇ ਸ਼ਹਿਰ ਦੇ ਅੰਦਰਲੇ ਕਿਲੇ ਵਿਚ ਸਸਕਾਰ ਕੀਤਾ ਗਿਆ।


ਲੇਖਕ : ਭ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1983, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.