ਆਸਣ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਸਣ (ਨਾਂ,ਪੁ) 1 ਸਾਧਾਂ ਸੰਤਾਂ ਦੇ ਬੈਠਣ ਦਾ ਬਸਤਰ 2 ਬੈਠਕ ਸਾਧਣ ਲਈ ਅਭਿਆਸੀਆਂ ਦੁਆਰਾ ਮੰਨਿਆ ਜਾਂਦਾ ਯੋਗ ਦਾ ਤੀਜਾ ਅੰਗ 3 ਚੂਲਿਆਂ ਨੂੰ ਢਕਣ ਵਾਲਾ ਪਜਾਮੇਂ ਜਾਂ ਸੁਥਣ ਆਦਿ ਦਾ ਇੱਕ ਹਿੱਸਾ 4 ਭੋਗ ਕਰਨ ਦਾ ਇੱਕ ਢੰਗ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13585, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਆਸਣ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਸਣ [ਨਾਂਪੁ] ਬੈਠਣ ਦਾ ਸਥਾਨ, ਗੱਦੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13577, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਆਸਣ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਸਣ. ਸੰ. ਆਸਨ. ਸੰਗ੍ਯਾ—ਥਤਿ (ਇਸਥਿਤਿ). ਬੈਠਕ।1 ੨ ਬੈਠਣ ਦਾ ਵਸਤ੍ਰ, ਜਿਸ ਨੂੰ ਵਿਛਾਕੇ ਬੈਠੀਏ।2 ੩ ਯੋਗ ਦਾ ਤੀਜਾ ਅੰਗ , ਜਿਸ ਅਨੁਸਾਰ ਅਭ੍ਯਾਸੀ ਆਪਣੀ ਬੈਠਕ ਸਾਧਦੇ ਹਨ. ਸ਼ਿਵ, ਸੰਹਿਤਾ ਆਦਿ. ਯੋਗਸ਼ਾਸਤ੍ਰਾਂ ਵਿੱਚ ੮੪ ਆਸਨ ਪਸ਼ੂ ਪੰਛੀਆਂ ਦੀ ਨਿਸ਼ਸਤ ਅਤੇ ਵਸਤੂਆਂ ਦੇ ਆਕਾਰ ਤੋਂ ਲਏ ਹਨ, ਯਥਾ— ਸਿੰਹ, ਗੋਮੁਖ, ਮਤਸ੍ਯ, ਉਟ੍ਰ, ਮੰਡੂਕ, ਵ੍ਰਿ, ਹੰਸ , ਮਯੂਰ, ਗਰੁੜ, ਕੁੱਕੁਟ, ਵਕ, ਸਰਪ, ਸ਼ਲਭ, ਵ੍ਰਿਸ੍ਵਿਕ, ਧਨੁ, ਤਾੜ , ਚਕ੍ਰ , ਵਜ੍ਰ, ਵੀਰ , ਦੰਡ, ਸ਼ੀਸਨ, ਲੋਲ, ਸ਼ਵ (ਪ੍ਰੇਤਾਸਨ) ਆਦਿ, ਪਰ ਸਾਰੇ ਆਸਨ ਵਿੱਚੋਂ ਚਾਰ ਪਰਮ ਉੱਤਮ ਲਿਖੇ ਹਨ—
(ੳ) ਸਿੱਧਾਸਨ. ਖੱਬੇ ਪੈਰ ਦੀ ਅੱਡੀ ਗੁਦਾ ਅਤੇ ਫੋਤਿਆਂ ਮੱਧ ਸੀਉਣ ਤੇ ਲਾਕੇ, ਅਰ ਸੱਜੇ ਪੈਰ ਦੀ ਅੱਡੀ ਲਿੰਗ ਦੇ ਉਪਰਲੇ ਪਾਸੇ ਪੇਡੂ ਤੇ ਰੱਖ ਕੇ, ਠੋਡੀ ਛਾਤੀ ਨਾਲ ਲਾਕੇ ਸਿੱਧਾ ਬੈਠਣਾ, ਨਜ਼ਰ ਨੱਕ ਦੀ ਨੋਕ ਜਾਂ ਭੌਹਾਂ ਦੇ ਮੱਧ ਰੱਖਣੀ.
(ਅ) ਪਦਮਾਸਨ (ਕਮਲਾਸਨ). ਸੱਜਾ ਪੈਰ ਖੱਬੇ ਪੱਟ ਤੇ ਅਤੇ ਖੱਬਾ ਪੈਰ ਸੱਜੇ ਪੱਟ ਤੇ ਰੱਖਣਾ, ਖੱਬਾ ਹੱਥ ਖੱਬੇ ਗੋਡੇ ਤੇ ਅਰ ਸੱਜਾ ਹੱਥ ਸੱਜੇ ਗੋਡੇ ਤੇ ਰੱਖ ਕੇ ਕਮਰ ਦਾ ਬਲ ਕੱਢ ਕੇ ਸਿੱਧਾ ਬੈਠਣਾ, ਨਜ਼ਰ ਨੱਕ ਦੀ ਨੋਕ ਜਾਂ ਭੌਹਾਂ ਦੇ ਵਿਚਕਾਰ ਟਿਕਾਉਣੀ.
ਜੇ ਪਿੱਠ ਪਿੱਛੋਂ ਦੀ ਬਾਂਹ ਲੈ ਜਾ ਕੇ ਸੱਜੇ ਹੱਥ ਨਾਲ ਖੱਬੇ ਪੱਟ ਤੇ ਰੱਖੇ, ਸੱਜੇ ਪੈਰ ਦਾ ਅਤੇ ਇਸੇ ਤਰ੍ਹਾਂ ਖੱਬੇ ਹੱਥ ਨਾਲ ਖੱਬੇ ਪੈਰ ਦਾ ਅੰਗੂਠਾ ਫੜ ਕੇ ਬੈਠੀਏ, ਤਦ ਇਸ ਦਾ ਨਾਉਂ “ਬੱਧ ਪਦਮਾਸਨ” ਹੋਂਦਾ ਹੈ. ਇਸ ਨੂੰ ਕਾਰਮੁਕ ਆਸਨ ਭੀ ਆਖਦੇ ਹਨ.
(ੲ) ਸਿੰਹਾਸਨ. ਗੁਦਾ ਅਰ ਲਿੰਗ ਦੇ ਵਿਚਕਾਰ ਜੋ ਸਿਉਣ ਹੈ, ਉਸ ਉੱਪਰ ਪੈਰਾਂ ਦੇ ਗਿੱਟੇ ਜਮਾਕੇ ਬੈਠਣਾ. ਗੋਡਿਆਂ ਤੇ ਦੋਵੇਂ ਹੱਥ ਰੱਖਕੇ ਨੱਕ ਦੀ ਨੋਕ ਤੇ ਟਕਟਕੀ ਲਾਉਣੀ.
(ਸ) ਭਦ੍ਰਾਸਨ. ਸਿਉਣ ਤੇ ਰੱਖੇ ਪੈਰਾਂ ਦੇ ਅੰਗੂਠੇ ਬੱਧ ਪਦਮਾਸਨ ਵਾਂਙ ਫੜਨ ਤੋਂ, ਸਿੰਹਾਸਨ ਤੋਂ “ਭਦ੍ਰਾਸਨ” ਬਣ ਜਾਂਦਾ ਹੈ. “ਜੋਗ ਸਿਧ ਆਸਣ ਚਉਰਾਸੀਹ ਏਭੀ ਕਰਿ ਕਰਿ ਰਹਿਆ.” (ਸੋਰ ਅ: ਮ: ੫) ੪ ਸਾਧੁ ਦੀ ਬੈਠਕ (ਨਿਸ਼ਸ੍ਤਗਾਹ). ਆਸ਼੍ਰਮ. “ਸਿਧ ਆਸਣ ਸਭ ਜਗਤ ਦੇ, ਨਾਨਕ ਆਦਿ ਮਤੇ ਜੇ ਕੋਆ.” (ਭਾਗੁ) ੫ ਕਾਮ ਸ਼ਾਸਤ੍ਰ ਅਨੁਸਾਰ ਮੈਥੁਨ ਦੇ ੮੪ ਆਸਨ. ਯੋਗ ਦੇ ਆਸਨਾ ਵਾਕਰ ਭੋਗੀਆਂ ਨੇ ਭੀ ਅਨੇਕ ਪ੍ਰਕਾਰ ਦੇ ਆਸਨ ਕਲਪ ਲਏ ਹਨ.
“ਕੋਕ ਸ਼ਾਸਤ੍ਰ ਕੋ ਉਚਰ ਕੈ, ਰਮਤ ਦੋਊ ਸੁਖ ਪਾਇ। ਭਾਂਤ ਭਾਂਤ ਆਸਨ ਕਰੈਂ ਗਨਨਾ ਗਨੀ ਨ ਜਾਇ.” (ਚਰਿਤ੍ਰ ੬੫) “ਏਕ ਹੀ ਭੋਗ ਕੇ ਆਸਨ ਪੈ, ਝਖ ਮਾਰਤ ਯੋਗ ਕੇ ਆਸਨ ਜੇਤੇ.” (ਰਸੀਆ) ੬ ਦੇਖੋ, ਆਸਨ ੨। ੭ ਸੰ. आसन्. ਜਬਾੜਾ. ਮੂੰਹ ਦਾ ਉਹ ਭਾਗ , ਜਿਸ ਵਿੱਚ ਦੰਦ ਅਤੇ ਦਾੜਾਂ ਜੜੇ ਹੋਏ ਹਨ. ਹੜਵਾਠਾ. Jaw। ੮ ਸੰ. आशन. ਵਜ੍ਰ। ੯ ਇੰਦ੍ਰ। ੧੦ ਵਿ—ਭੋਜਨ ਖਵਾਉਣ ਵਾਲਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13524, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਆਸਣ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਆਸਣ: ਆਸਣ ਦਾ ਅਰਥ ਹੈ ਉਹ ਚੀਜ਼ ਜਿਸ ਉੱਤੇ ਬੈਠਿਆ ਜਾਵੇ ਜਾਂ ਬੈਠਣ ਦਾ ਕੋਈ ਖ਼ਾਸ ਢੰਗ। ਯੋਗ ਦਰਸ਼ਨ ਵਿਚ ਆਸਣ ਨੂੰ ਅਸ਼ਟਾਂਗ ਯੋਗ ਦਾ ਤੀਜਾ ਅੰਗ ਮੰਨਿਆ ਗਿਆ ਹੈ। ਬਿਰਤੀ ਦੀ ਇਕਾਗਰਤਾ ਪ੍ਰਾਪਤ ਕਰਨ ਲਈ ਸਰੀਰ ਨੂੰ ਜਤਨਾਂ ਰਾਹੀਂ ਸਿਥਲ ਕਰ ਕੇ ਸਥਿਰ ਹੋਣਾ ਬਹੁਤ ਜ਼ਰੂਰੀ ਹੈ। ਇਸ ਸਥਿਰਤਾ ਤੋਂ ਬਗ਼ੈਰ ਸਮਾਧੀ ਦੀ ਅਵਸਥਾ ਤੱਕ ਪਹੁੰਚਣਾ ਸੰਭਵ ਨਹੀਂ ਪਰ ਸਥਿਰਤਾ ਪ੍ਰਾਪਤ ਕਰਨ ਤੋਂ ਪਿੱਛੋਂ ਜਦ ਤੱਕ ਸੁੱਖ ਦਾ ਅਨੁਭਵ ਨਹੀਂ ਹੁੰਦਾ, ਉਦੋਂ ਤਕ ਸਥਿਰਤਾ ਵਿਚ ਮਨ ਨਹੀਂ ਲਗੇਗਾ। ਇਸ ਲਈ ਆਸਣ ਸਥਿਰਤਾ ਅਤੇ ਸੁਖ ਦੇ ਸੰਜੋਗ ਨਾਲ ਪੈਦਾ ਹੋਈ ਸਰੀਰ ਦੀ ਇਕ ਅਵਸਥਾ ਨੂੰ ਕਹਿੰਦੇ ਹਨ। ਯੋਗ ਸੂਤਰਾਂ ਵਿਚ ਵੱਖ-ਵੱਖ ਆਸਣਾਂ ਦਾ ਵਰਣਨ ਨਹੀਂ ਹੈ ਪਰ ਵਿਆਖਿਆਕਾਰਾਂ ਨੇ ਅਨੇਕ ਆਸਣਾਂ ਦਾ ਵਰਣਨ ਕੀਤਾ ਹੈ, ਜਿਨ੍ਹਾਂ ਵਿਚੋਂ ਵੱਡੇ ਵੱਡੇ ਪੰਜ ਇਹ ਹਨ:- (1) ਪਦਮ-ਆਸਣ, (2) ਭਦ੍ਰ-ਆਸਣ, (3) ਵਜ੍ਰ-ਆਸਣ, (4) ਵੀਰ-ਆਸਣ, (5) ਸਵਸਤਿਕ-ਆਸਣ। ਹਠ-ਯੋਗ ਵਿਚ ਆਸਣਾਂ ਦੀ ਗਿਣਤੀ ਚੌਰਾਸੀ ਤਕ ਪਹੁੰਚ ਗਈ ਹੈ।
तत्सात्म्यादृेशसात्म्याच्च तैस्तैर्भावैः प्रयोजितैः ।
स्त्रीणां स्नेहश्र्च रागश्र्च बहुमानश्र्च जायते ॥
ਕਾਮ-ਸ਼ਾਸਤਰ ਦੇ ਅਨੁਸਾਰ ਭੋਗ ਕਿਰਿਆ ਤੇ ਆਸਣਾਂ ਦੀ ਕਾਮ-ਸਿੱਧੀ ਵਿਚ ਮਹੱਤਤਾ ਹੈ। ਉਨ੍ਹਾਂ ਦੀ ਗਿਣਤੀ ਦੀ ਚੌਰਾਸੀ ਹੈ ਪਰ ਉਨ੍ਹਾਂ ਦੇ ਨਾਵਾਂ ਅਤੇ ਉਨ੍ਹਾਂ ਦੀਆਂ ਕਿਸਮਾਂ ਵਿਚ ਬੜਾ ਫ਼ਰਕ ਮਿਲਦਾ ਹੈ।
ਬੈਠਣ ਦੀ ਕਿਰਿਆ ਤੋਂ ਇਲਾਵਾ ਬੈਠਣ ਦੇ ਆਧਾਰ ਨੂੰ ਆਸਣ ਕਹਿੰਦੇ ਹਨ ਅਤੇ ਇਨ੍ਹਾਂ ਦੀ ਯੋਗ ਸਾਧਨਾ ਵਿਚ ਬੜੀ ਮਹੱਤਤਾ ਹੈ। ਗੀਤਾ ਵਿਚ ਚੈਲਾਜਿਨਕੁਸ਼ੋਤਰਮ (चैलाजिनकुशोतरम्) ਅਰਥਾਤ ਅਜਿਹਾ ਆਸਣ ਜਿਸ ਉੱਤੇ ਕੱਪੜਾ, ਮਿਰਗਛਾਲ ਜਾਂ ਕੁਸ਼ਾ ਵਿਛਾਈ ਹੋਵੇ, ਉੱਤੇ ਬੈਠ ਕੇ ਧਿਆਨ ਲਾਉਣ ਲਈ ਕਿਹਾ ਗਿਆ ਹੈ। ਤਾਂਤ੍ਰਿਕ ਸਾਧਨਾਂ ਵਿਚ ਵੀ ਕਾਮਨਾ ਦੇ ਅਨੁਸਾਰ ਸਿੱਧੀ ਪ੍ਰਾਪਤ ਕਰਨ ਵਿਚ ਆਸਣਾਂ ਦੀ ਮਹੱਤਤਾ ਹੈ।
ਅਰਥ-ਸ਼ਾਸਤਰ ਵਿਚ ‘ਆਸਣ’ ਸ਼ਬਦ ਪਰਿਭਾਸ਼ਕ ਹੈ। ਜਦੋਂ ਦੇ ਰਾਜੇ ਇਕ ਦੂਜੇ ਦਾ ਬਲ ਦੇਖ ਕੇ ਆਪਣੀ ਤਾਕਤ ਵਧਾਉਂਦਿਆਂ ਹੋਇਆਂ ਚੁਪ ਚਾਪ ਮੌਕੇ ਦੀ ਤਾਕ ਵਿਚ ਬੈਠੇ ਰਹਿੰਦੇ ਹਨ, ਉਸ ਅਵਸਥਾ ਨੂੰ ਵੀ ਆਸਣ ਕਿਹਾ ਗਿਆ ਹੈ। ਇਹ ਆਸਣ ਰਾਜੇ ਦੇ ਛੇ ਗੁਣਾਂ ਵਿਚੋਂ ਇਕ ਗੁਣ ਹੈ।
ਆਸਣ ਦਾ ਪ੍ਰਯੋਗ ‘ਬ੍ਰਾਹਮਣਾਂ’ ਵਿਚ ਸਭ ਤੋਂ ਪਹਿਲਾਂ ਮਿਲਦਾ ਹੈ, ਜਿੱਥੇ ਯੋਗ ਦੇ ਅਨੁਸ਼ਠਾਨ-ਅਵਸਰ ਤੇ ਕੁਸ਼ਾ ਦੇ ਆਸਣ ਦੀ ਵਰਤੋਂ ਹੋਣ ਦਾ ਜ਼ਿਕਰ ਹੈ। ਇਹ ਆਸਣ ਆਮ ਤੌਰ ਤੇ ਇਹ ਹੁੰਦੇ ਹਨ :-
ਕੁਸ਼ਾ-ਆਸਣ
ਮ੍ਰਿਗਚਰਮ-ਆਸਣ (ਮਿਰਗ ਦੀ ਖੱਲ ਦਾ ਆਸਣ)
ਸਿੰਘਚਰਮ-ਆਸਣ (ਸ਼ੇਰ ਦੀ ਖੱਲ ਦਾ ਆਸਣ)
ਰਾਜਿਆਂ ਦੇ ਬੈਠਣ ਵਾਸਤੇ ਵੀ ਜਿਹੜੇ ਤਖ਼ਤ ਵਰਤੋਂ ਵਿਚ ਆਉਂਦੇ ਹਨ ਉਹ ਆਸਣ ਅਖਵਾਉਂਦੇ ਹਨ। ਉਹ ਆਮ ਤੌਰ ਤੇ ਇਹ ਹਨ :-
ਸਿੰਘ-ਆਸਣ (ਸ਼ੇਰ ਦੀ ਸ਼ਕਲ ਦਾ ਆਸਣ ਜਾਂ ਤਖ਼ਤ)
ਮਯੂਰ-ਆਸਣ (ਮੋਰ ਦੀ ਸ਼ਕਲ ਦਾ ਆਸਣ)
ਕੂਰਮ-ਆਸਣ (ਕੱਛੂਕੁਮੇ ਦੀ ਸ਼ਕਲ ਦਾ ਆਸਣ)
ਭਾਰਤੀ ਕਾਮ-ਸ਼ਾਸਤਰ ਵਿਚ ਇਸਤ੍ਰੀ-ਪੁਰਸ਼ ਦੀ ਸੰਭੋਗ-ਕ੍ਰੀੜਾ ਵੇਲੇ ਭੋਗ ਕਰਮ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਲਈ ਵਿਦਵਾਨ ਆਚਾਰੀਆਂ ਨੇ ਅਨੇਕ ਆਸਣਾਂ ਦੀ ਵਰਤੋਂ ਦੀਆਂ ਵਿਧੀਆਂ ਦੱਸੀਆਂ ਹਨ। ਮਹਾਰਿਸ਼ੀ ਵਾਤਸਾਇਨ ਨੇ ਆਪਣੇ ਕਾਮ-ਸੂਤਰ ਵਿਚ ਆਪਣੇ ਤੇ ਆਪਣੇ ਤੋਂ ਪਹਿਲਾਂ ਦੇ ਕੁਝ ਹੋਰ ਕਾਮ-ਸ਼ਾਸਤਰ ਆਚਾਰੀਆਂ ਦੇ ਵਿਚਾਰ ਅਨੁਸਾਰ ਵੱਖ-ਵੱਖ ਕਿਸਮ ਦੇ ਆਸਣ ਲਿਖੇ ਹਨ।
ਵਿਚਿੱਤਰ ਜਾਂ ਚਿੱਤਰਤ ਆਸਣਾਂ ਦੇ ਪ੍ਰਸੰਗ ਦੇ ਅੰਤ ਵਿਚ ਵਾਤਸਾਇਨ ਕਹਿੰਦੇ ਹਨ ਕਿ ਪ੍ਰਕਿਰਤੀ ਵਿਚ ਵਿਹਾਰ ਕਰਨ ਵਾਲੇ ਕਈ ਪ੍ਰਕਾਰ ਦੇ ਪਸ਼ੂ-ਪੰਛੀਆਂ ਦੀ ਸੰਭੋਗ ਕ੍ਰੀੜਾ ਦਾ ਬੜੀ ਬਾਰੀਕੀ ਨਾਲ ਅਧਿਐਨ ਕਰਨਾ ਚਾਹੀਦਾ ਹੈ, ਫਿਰ ਇਸਤ੍ਰੀ ਦੀ ਪ੍ਰਕਿਰਤੀ ਅਤੇ ਰੁਚੀ ਦੇ ਅਨੁਕੂਲ ਉਨ੍ਹਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ।
ਹ. ਪੁ.– ਮਹਾਂਰਿਸ਼ੀ ਵਾਤਸਾਇਨ ਕ੍ਰਿਤ ਕਾਮ-ਸੂਤਰ; ਹਿੰਦੀ ਅਨੁਵਾਦ ਕਵੀਰਾਜ ਵਿਪਿਨ ਚੰਦ੍ਰ ਬੰਧ-ਕਿਰਨ ਪਬਲੀਕੇਸ਼ਨਜ਼ (ਦਿੱਲੀ); ਯੋਗ ਸੂਤਰ (ਵਿਆਸ ਭਾਸ਼); ਹਠ ਯੋਗ ਪ੍ਰਦੀਪਕਾ; ਰਤੀਰਹੱਸ; ਭਗਵਤ ਗੀਤਾ; ਵਿਰਿਵਧਿਆ ਰਹੱਸ; ਸੂਕਰਨੀਤੀ
ਲੇਖਕ : ਸ਼ਾਕਰ ਪੁਰਸ਼ਾਰਥੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11550, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no
ਆਸਣ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਆਸਣ, ਪੁਲਿੰਗ : ਬੈਠਣ ਦਾ ਬਸਤਰ ਜਿਸ ਨੂੰ ਵਿਛਾ ਕੇ ਬੈਠਦੇ ਹਨ, ਗ਼ਲੀਚਾ ਜਿਸ ਉੱਤੇ ਬੈਠ ਕੇ ਹਿੰਦੂ ਪੂਜਾ ਕਰਦੇ ਹਨ ( ਲਾਗੂ ਕਿਰਿਆ : ਲਾਉਣਾ, ਕਰਨਾ, ਜਮਾਉਣਾ) ੨. ਚਿਤ ਦੀ ਇਕਾਗਰਤਾ ਜਾਂ ਸਾਧਨਾ ਲਈ ਬੈਠਣ ਦਾ ਢੰਗ ਜਿਵੇਂ ਯੋਗ ਆਸਣ, ੪. ਭੋਗ ਕਰਨ ਦਾ ਢੰਗ; ੫. ਨਿੱਤ ਬੈਠਣ ਦੀ ਜਗ੍ਹਾ, ਡੇਰਾ, ਸੀਟ; ੬. ਪਜਾਮੇ ਸੁਥਣ ਆਦਿ ਦਾ ਉਹ ਹਿੱਸਾ ਜੋ ਚੂਲਿਆਂ ਕੂਹਲਿਆਂ ਆਦਿ ਨੂੰ ਢਕਦਾ ਹੈ
–ਆਸਣ ਜਮਾਉਣਾ, ਮੁਹਾਵਰਾ : (ਘੋੜੇ ਆਦਿ ਤੇ) ਜੰਮ ਕੇ ਬੈਠਣਾ, ਡੇਰਾ ਕਰਨਾ, ਰਿਹਾਇਸ਼ ਅਖਤਿਆਰ ਕਰਨਾ
–ਆਸਣ ਲਾਉਣਾ, ਕਿਰਿਆ ਸਕਰਮਕ : ੧. ਬਿਸਤਰਾ ਲਾਉਣਾ, ਠਹਿਰਨਾ, ਬਿਸਰਾਮ ਕਰਨਾ, ੨. ਧਰਨਾ ਮਾਰ ਕੇ ਬੈਠਣਾ ਤੇ ਉਦੋਂ ਤਾਈਂ ਨਾ ਹਿਲਣਾ ਜਦੋਂ ਤਾਈਂ ਖਾਹਸ਼ ਪੂਰੀ ਨਾ ਹੋ ਜਾਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3640, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-12-10-19-33, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First