ਆਸਪੈਕਟ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਆਸਪੈਕਟ : ਕਾਲ ਅਤੇ ਆਸਪੈਕਟ ਸਮੇਂ ਨਾਲ ਸਬੰਧਤ ਦੋ ਵਿਆਕਰਨਕ ਸ਼ਰੇਣੀਆਂ ਹਨ ਜਿਨ੍ਹਾਂ ਵਿਚੋਂ ਕਾਲ ਦਾ ਸਬੰਧ ਘਟਨਾ ਦੇ ਵਾਪਰਨ ਨੂੰ ਕਿਸੇ ਨਿਸਚਤ ਸਮੇਂ ਅਤੇ ਸਥਾਨ ਵਿਚ ਪੇਸ਼ ਕਰਨਾ ਹੁੰਦਾ ਹੈ ਅਤੇ ਆਸਪੈਕਟ ਦਾ ਸਬੰਧ ਘਟਨਾਵਾਂ ਦੇ ਵਾਪਰਨ ਦੇ ਸਮੇਂ ਜਾਂ ਸਥਾਨ ਨੂੰ ਪੇਸ਼ ਕਰਨ ਨਾਲ ਨਹੀਂ ਸਗੋਂ ਇਸ ਦਾ ਸਬੰਧ ਸਮੇਂ ਦੀ ਗਤੀਵਿਧੀ ਨੂੰ ਬਿਆਨ ਕਰਨਾ ਹੁੰਦਾ ਹੈ ਜਿਵੇਂ : ‘ ਗੱਡੀ ਚੱਲ ਰਹੀ ਹੈ’ ਵਿਚੋਂ ਵਰਤਮਾਨ ਕਾਲ ਦੀ ਸੂਚਨਾ ਮਿਲਦੀ ਹੈ ਅਤੇ ਆਸਪੈਕਟ ਦੇ ਪੱਖ ਤੋਂ ਇਹ ਵਾਕ ਗਤੀਸ਼ੀਲਤਾ ਦਾ ਸੂਚਕ ਹੈ ।

              ਆਸਪੈਕਟ ਇਕ ਅਜਿਹੀ ਵਿਆਕਰਨਕ ਸ਼ਰੇਣੀ ਹੈ ਜੋ ਕਿਰਿਆ ਰੂਪਾਂ ਦੇ ਨਾਲ ਨਾਲ ਸਮੁੱਚੇ ਕਿਰਿਆ ਵਾਕੰਸ਼ ਤੋਂ ਉਜਾਗਰ ਹੁੰਦੀ ਹੈ । ਆਸਪੈਕਟ ਦੇ ਅਧਾਰ ’ ਤੇ ਸਮੇਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ , ਜਿਵੇਂ : ( i ) ਪੂਰਨ ਅਤੇ ( ii ) ਅਪੂਰਨ । ਜਿਵੇਂ ਮੁੰਡੇ ਨੇ ਚਾਹ ਪੀਤੀ , ਮੁੰਡੇ ਨੇ ਸਲੇਟ ਤੋੜ ਦਿੱਤੀ ਹੈ , ਇਹ ਦੋਵੇਂ ਵਾਕ ਭੂਤ ਕਾਲ ਦੇ ਸੂਚਕ ਹਨ । ਪਹਿਲੇ ਵਾਕ ਵਿਚ ਕਾਰਜ ਦੇ ਖਤਮ ਹੋਣ ਦੀ ਸੰਭਾਵਨਾ ਲਗਦੀ ਹੈ ਪਰ ਦੂਜੇ ਵਾਕ ਵਿਚ ਕਾਰਜ ਦੇ ਖਤਮ ਹੋਣ ਦੀ ਸਪਸ਼ਟ ਸੂਚਨਾ ਮਿਲਦੀ ਹੈ । ‘ ਪੀਤੀ’ ਅਤੇ ‘ ਤੋੜ ਦਿੱਤੀ’ ਦੋਵੇਂ ਸਕਰਮਕ ਕਿਰਿਆ ਵਾਕੰਸ਼ ਹਨ ਅਤੇ ਬੀਤ ਚੁੱਕੇ ਸਮੇਂ ਦੀ ਸੂਚਨਾ ਦਿੰਦੇ ਹਨ । ਆਸਪੈਕਟ ਦੇ ਪੱਧਰ ’ ਤੇ ਇਹ ਦੋਵੇਂ ਵੱਖਰੀ ਭਾਂਤ ਦਾ ਕਾਰਜ ਕਰਦੇ ਹਨ ਜਿਵੇਂ : ‘ ਪੀਤੀ’ ਕਿਰਿਆ ਕਾਰਜ ਦੇ ਪੂਰਨ ਹੋਣ ਵੱਲ ਸੰਕੇਤ ਮਾਤਰ ਹੈ ਜਦੋਂ ਕਿ ‘ ਤੋੜ ਦਿੱਤੀ ਹੈ’ ਵਿਚੋਂ ਕਾਰਜ ਦੇ ਪੂਰੇ ਹੋ ਚੁੱਕੇ ਹੋਣ ਦੀ ਸੂਚਨਾ ਮਿਲਦੀ ਹੈ । ਕਈ ਸਥਿਤੀਆਂ ਵਿਚ ਕਾਲ ਅਤੇ ਆਸਪੈਕਟ ਸਮੇਂ ਦੀ ਪ੍ਰਤੀਨਿਧਤਾ ਇਸ ਪਰਕਾਰ ਕਰਦੇ ਹਨ ਜਿਵੇਂ : ( i ) ਮੁੰਡਾ ਰੋਟੀ ਖਾ ਰਿਹਾ ਸੀ , ( ii ) ਮੁੰਡਾ ਰੋਟੀ ਖਾ ਰਿਹਾ ਹੈ । ਪਹਿਲੇ ਵਾਕ ਦਾ ਕਾਲ ਭੂਤ ਹੈ ਅਤੇ ਦੂਜੇ ਦਾ ਕਾਲ ਵਰਤਮਾਨ ਹੈ । ਇਨ੍ਹਾਂ ਦੇ ਕਾਲ ਦੀ ਸੂਚਨਾ ‘ ਸੀ’ ਅਤੇ ‘ ਹੈ’ ਕਿਰਿਆ ਤੋਂ ਮਿਲਦੀ ਹੈ । ਇਹ ਵਾਕ ਕਾਲ ਦੇ ਪੱਖ ਤੋਂ ਵੱਖੋ-ਵੱਖਰੇ ਹਨ ਪਰ ਦੂਜੇ ਪਾਸੇ ਆਸਪੈਕਟ ਦੇ ਪੱਖ ਤੋਂ ਅਪੂਰਨ ਆਸਪੈਕਟ ਦੇ ਸੂਚਕ ਹਨ । ਇਨ੍ਹਾਂ ਦੀ ਬਣਤਰ ਵਿਚ ਸੰਚਾਲਕ ਕਿਰਿਆ ‘ ਰਹਿ’ ਕਾਰਜ ਕਰ ਰਹੀ ਹੈ । ਕਿਰਿਆ ਵਾਕੰਸ਼ ਦੀ ਬਣਤਰ ਵਿਚ ਵਿਚਰਨ ਵਾਲੇ ਸੰਚਾਲਕ ਕਿਰਿਆ ਰੂਪਾਂ ਤੋਂ ਆਸਪੈਕਟ ਦਾ ਪਤਾ ਚਲਦਾ ਹੈ ਜਿਵੇਂ : ‘ ਰਹਿ’ ਕੰਮ ਦੇ ਹੋ ਰਹੇ ਹੋਣ ਦੀ ਸੂਚਕ ਹੈ , ‘ ਸਕ’ ਕੰਮ ਦੇ ਹੋਣ ਦੀ ਸੰਭਾਵਨਾ ਦੀ ਸੂਚਕ ਹੈ । ‘ ਜਾ \ ਹੋ , ਰਹਿ ਨਾਲ ਜਿਵੇਂ : ਜਾ ਰਿਹਾ ਹੈ , ਹੋ ਰਿਹਾ ਅਤੇ ਸੰਭਾਵਕ ਕਿਰਿਆ ਨਾਲ ਸਕ , ਚੁੱਕ , ਆਦਿ ਰਾਹੀਂ ਜਿਵੇਂ : ਜਾ ਸਕਦਾ ਹੈ , ਹੋ ਚੁੱਕਦਾ ਆਦਿ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1089, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.