ਇੰਟਰਨੈੱਟ ਦੀ ਵਰਤੋਂ ਸਮੇਂ ਸਾਵਧਾਨੀਆਂ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Cautions during the use of Internet
1. ਇੰਟਰਨੈੱਟ ਉੱਤੇ ਵਾਈਰਸ ਪ੍ਰਭਾਵਿਤ ਡਾਟੇ ਅਤੇ ਹੈੱਕਰਸ ਤੋਂ ਬਚਣ ਲਈ ਸੁਰੱਖਿਆ ਦੀ ਬਹੁਤ ਲੋੜ ਹੈ। ਈ-ਮੇਲ ਅਟੈਚਮੈਂਟ ਨੂੰ ਸਿਰਫ਼ ਉਦੋਂ ਹੀ ਖੋਲ੍ਹਣਾ ਚਾਹੀਦਾ ਹੈ ਜਦੋਂ ਤੁਹਾਨੂੰ ਅਗਲੇ (ਵਰਤੋਂਕਾਰ) ਉੱਤੇ ਪੂਰਨ ਵਿਸ਼ਵਾਸ ਹੋਵੇ।
2. ਜੇਕਰ ਨੈੱਟਵਰਕਿੰਗ ਰਾਹੀਂ ਤੁਸੀਂ ਡਾਟਾ ਸ਼ੇਅਰਿੰਗ ਕਰਦੇ ਹੋ ਤਾਂ ਇਸ ਦਾ ਵੀ ਸਾਵਧਾਨੀ ਨਾਲ ਉਪਯੋਗ ਕਰੋ ।
3. ਸਿਰਫ਼ ਤਸੱਲੀਬਖ਼ਸ਼ ਵੈੱਬਸਾਈਟਾਂ ਤੋਂ ਹੀ ਸਮੱਗਰੀ ਡਾਊਨਲੋਡ ਕਰੋ।
4. ਚੈਟਿੰਗ ਕਰਦੇ ਸਮੇਂ ਸਾਵਧਾਨ ਰਹੋ ਤੇ ਭੱਦੀ ਜਾਂ ਅਸ਼ਲੀਲ ਸ਼ਬਦਾਵਲੀ ਤੋਂ ਗੁਰੇਜ ਕਰਦਿਆਂ ਪ੍ਰਯੋਗਕਰਤਾ ਦਾ ਸਨਮਾਨ ਕਰੋ।
5. ਜੇਕਰ ਤੁਸੀਂ ਲੈਂਡ-ਲਾਈਨ ਫੋਨ ਰਾਹੀਂ ਨੈੱਟ ਦਾ ਇਸਤੇਮਾਲ ਕਰ ਰਹੇ ਹੋ ਤੇ ਤੁਹਾਨੂੰ ਲਾਈਨਾਂ ਦੇ ਵਿਅਸਤ ਹੋਣ ਦੀ ਸਮੱਸਿਆ ਨਾਲ ਝੇਲਣਾ ਪੈ ਰਿਹਾ ਹੈ ਤਾਂ ਇਸ ਦਾ ਇਲਾਜ ਇਹੀ ਹੈ ਕਿ ਤੁਸੀਂ ਨੈੱਟ ਸਿਰਫ਼ ਉਦੋਂ ਹੀ ਇਸਤੇਮਾਲ ਕਰੋ ਜਦੋਂ ਲਾਈਨਾਂ ਵਿਅਸਤ ਨਾ ਹੋਣ।
6. ਆਪਣੀ ਈ-ਮੇਲ ਨੂੰ ਪਾਸਵਰਡ ਨਾਲ ਸੁਰੱਖਿਅਤ ਰੱਖੋ। ਈ-ਮੇਲ ਦਾ ਪਾਸਵਰਡ ਅਜਿਹਾ ਹੋਣਾ ਚਾਹੀਦਾ ਹੈ ਜੋ ਯਾਦ ਰੱਖਣ 'ਚੋਂ ਤੁਹਾਡੇ ਲਈ ਸੌਖਾ ਪਰ ਦੂਸਰਿਆਂ ਲਈ ਔਖਾ ਹੋਵੇ।
7. ਇੰਟਰਨੈੱਟ ਨਾਲ ਜੁੜਨ ਲਈ ਵੀ ਪਾਸਵਰਡ ਲਗਾ ਕੇ ਰੱਖੋ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਡੇ ਪਾਸਵਰਡ ਦੀ ਵਰਤੋਂ ਕਰਕੇ ਕੋਈ ਤੁਹਾਡੇ ਖਾਤੇ ਰਾਹੀਂ ਇੰਟਰਨੈੱਟ ਵਰਤ ਸਕਦਾ ਹੈ।
8. ਜਦੋਂ ਤੁਸੀਂ ਨੈੱਟ ਬ੍ਰਾਊਜ਼ਰ ਜਿਵੇਂ ਇੰਟਰਨੈੱਟ ਐਕਸਪਲੋਰਰ ਤੋਂ ਬਾਹਰ ਆ ਜਾਂਦੇ ਹੋ ਤਾਂ ਇਹ ਜ਼ਰੂਰੀ ਨਹੀਂ ਕਿ ਤੁਹਾਡਾ ਇੰਟਰਨੈੱਟ ਵੀ ਬੰਦ ਹੋ ਜਾਵੇ। ਜਦੋਂ ਤੁਸੀਂ ਆਪਣਾ ਕੰਮ ਪੂਰਾ ਕਰ ਲਵੋ ਤਾਂ ਕੁਨੈਕਸ਼ਨ ਡਿਸਕੁਨੈਕਟ ਕਰ ਦਿਓ।
9. ਜੇਕਰ ਤੁਸੀਂ ਆਪਣਾ ਡੋਮੇਨ ਨੇਮ ਰਜਿਸਟਰ ਕਰਵਾਇਆ ਹੋਇਆ ਹੈ ਅਰਥਾਤ ਤੁਹਾਡੀ ਆਪਣੀ ਵੈੱਬਸਾਈਟ ਹੈ ਤਾਂ ਆਪਣੀ ਸਾਈਟ ਉੱਤੇ ਇਕਦਮ ਮਹੱਤਵਪੂਰਨ ਡਾਟਾ ਉਪਲਬਧ ਨਾ ਕਰਵਾਓ। ਜੇਕਰ ਗਾਹਕ ਜਾਂ ਵਰਤੋਂਕਾਰ ਤੁਹਾਡੇ ਤੋਂ ਵਿਸਤ੍ਰਿਤ ਜਾਣਕਾਰੀ ਮੰਗਦਾ ਹੈ ਤਾਂ ਉਸ ਦੀ ਪਹਿਚਾਣ ਕਰਕੇ ਹੀ ਅਗਲੀ ਜਾਣਕਾਰੀ ਉਪਲਬਧ ਕਰਵਾਉਣੀ ਚਾਹੀਦੀ ਹੈ। ਕਈ ਵਾਰ ਅਣ ਅਧਿਕਾਰਿਤ ਵਿਅਕਤੀ ਤੁਹਾਡੀ ਵੈੱਬਸਾਈਟ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ।
10. ਇੰਟਰਨੈੱਟ ਉੱਤੇ ਵਸਤਾਂ ਦੀ ਖ਼ਰੀਦੋ-ਫ਼ਰੋਖ਼ਤ, ਸੀਟਾਂ ਦੀ ਰਿਜ਼ਰਵੇਸ਼ਨ, ਈ-ਬੈਂਕਿੰਗ ਆਦਿ ਕੰਮ ਬੜੀ ਸਾਵਧਾਨੀ ਨਾਲ ਕਰੋ। ਪਾਸਵਰਡ ਲਗਾ ਕੇ ਰੱਖੋ। ਸੁਰੱਖਿਆ ਲਈ ਆਧੁਨਿਕ ਸਾਫਟਵੇਅਰ ਦਾ ਇਸਤੇਮਾਲ ਕਰੋ। ਕਰੈਡਿਟ ਕਾਰਡ, ਸਮਾਰਟ ਕਾਰਡ, ਈ-ਕਾਰਡ ਆਦਿ ਦੀ ਸੁਰੱਖਿਆ ਨੂੰ ਯਕੀਨੀ ਬਣਾਓ।
11. ਨੈੱਟ ਦੀਆਂ ਕਿਹੜੀਆਂ-ਕਿਹੜੀਆਂ ਸਾਈਟਾਂ ਤੋਂ ਕਿਹੜੀ-ਕਿਹੜੀ ਸਮੱਗਰੀ ਪ੍ਰਾਪਤ ਕਰਨੀ ਹੈ, ਬਾਰੇ ਪਹਿਲਾਂ ਨੋਟ ਕਰ ਲਵੋ। ਅਜਿਹਾ ਕਰਨ ਨਾਲ ਸਮਾਂ ਬਹੁਤ ਘੱਟ ਲੱਗੇਗਾ, ਤੇ ਪੈਸੇ ਦੀ ਬਰਬਾਦੀ ਨਹੀਂ ਹੋਵੇਗੀ ਤੇ ਤੁਸੀਂ ਇਕੋ ਬੈਠਕ ਵਿੱਚ ਹੀ ਬਹੁਤ ਸਾਰਾ ਕੰਮ ਕਰ ਸਕੋਗੇ।
12. ਕਈ ਈ-ਮੇਲ ਸੇਵਾਦਾਤਾ ਕੰਪਨੀਆਂ/ਵੈੱਬਸਾਈਟਾਂ ਇਕ ਨਿਰਧਾਰਿਤ ਸਮੇਂ ਮਗਰੋਂ ਗਾਹਕ ਵੱਲੋਂ ਆਪਣਾ ਈ-ਮੇਲ ਖਾਤਾ ਨਾ ਖੋਲ੍ਹਣ/ਚੈੱਕ ਕਰਨ ਦੀ ਸੂਰਤ ਵਿੱਚ ਖਾਤਾ ਬੰਦ ਕਰ ਦਿੰਦੀਆਂ ਹਨ। ਸੋ ਆਪਣੇ ਈ-ਮੇਲ ਅਕਾਊਂਟ ਨੂੰ ਇਕ ਨਿਰਧਾਰਿਤ ਸਮੇਂ ਬਾਅਦ ਜ਼ਰੂਰ ਚੈੱਕ ਕਰਦੇ ਰਹਿਣਾ ਚਾਹੀਦਾ ਹੈ।
13. ਤੁਹਾਡੇ ਕੰਪਿਊਟਰ ਵਿੱਚ ਇਕ ਵਧੀਆ ਕਿਸਮ ਦੇ ਐਂਟੀ ਵਾਈਰਸ ਸਾਫਟਵੇਅਰ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਅੱਜ ਇੰਟਰਨੈੱਟ ਹੀ ਵਾਈਰਸ ਫੈਲਾਉਣ ਦਾ ਇਕ ਵੱਡਾ ਮਾਧਿਅਮ ਬਣ ਗਿਆ ਹੈ। ਸਮੇਂ-ਸਮੇਂ ਉੱਤੇ ਐਂਟੀ ਵਾਈਰਸ ਪ੍ਰੋਗਰਾਮ ਨੂੰ ਅਪ-ਡੇਟ ਵੀ ਕਰਦੇ ਰਹਿਣਾ ਚਾਹੀਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1629, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First