ਇੰਦਰਾ ਗਾਂਧੀ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Indira Gandhi ਇੰਦਰਾ ਗਾਂਧੀ: ਇੰਦਰਾ ਗਾਂਧੀ ਦਾ ਜਨਮ 19 ਨਵੰਬਰ, 1917 ਨੂੰ ਇਲਾਹਾਬਾਦ ਵਿਖੇ ਹੋਇਆ ਇਨ੍ਹਾਂ ਦੇ ਪਿਤਾ ਪੰਡਤ ਜਵਾਹਰ ਲਾਲ ਨਹਿਰੂ ਅਤੇ ਮਾਤਾ ਕਮਲਾ ਨਹਿਰੂ ਸੀ। ਉਸਦੇ ਜੀਵਨ ਵਿਚ 1919 ਵਿਚ ਭਾਰਤੀ ਪਰਿਵਰਤਨ ਆਇਆ ਜਦੋਂ ਉਸਦੇ ਅਮੀਰ ਅਤੇ ਉਘੇ ਪਰਿਵਾਰ ਵਿਚ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦੇ ਸ਼ਾਂਤੀਵਾਦੀ ਲੀਡਰ ਮੋਹਨਦਾਸ ਗਾਂਧੀ ਨੇ ਫੇਰਾ ਪਾਇਆ। ਉਹਨਾਂ ਦੇ ਦੱਖਦੀ ਅਫ਼ਰੀਕਾ ਤੋਂ ਵਾਪਸ ਆ ਕੇ ਇੰਦਰਾ ਗਾਂਧੀ ਦੇ ਮਾਪਿਆਂ ਦੇ ਨਿਰੰਤਰ ਮੀਟਿੰਗਾਂ ਵਿਚ ਰੁਝੇ ਰਹਿਣ ਅਤੇ ਅਕਸਰ ਘਰੋਂ ਬਾਹਰ ਰਹਿਣ ਕਾਰਨ ਉਹ ਆਪਣੇ ਸਾਧਾਰਣ ਜੀਵਨ ਜੀਊਣ ਤੋਂ ਵੰਚਿਤ ਰਹੀ। ਭਾਵੇਂ ਉਸਦੇ ਦਾਦਾ ਮੋਤੀ ਲਾਲ ਨਹਿਰੂ ਉਸਦੀ ਦੇਖਭਾਲ ਕਰਨ ਲੀ ਸਨ , ਪਰੰਤੂ ਬਾਅਦ ਵਿਚ ਉਸਨੇ ਮਹਿਸੂਸ ਕੀਤਾ ਕਿ ਉਹ ਆਪਣੇ ਆਪ ਨੂੰ ਅਸਰੁੱਖਿਤ ਮਹਿਸੂਸ ਕਰਦੀ ਸੀ। ਉਹ ਚਾਰ ਸਾਲਾਂ ਦੀ ਹੀ ਸੀ ਜਦੋਂ ਉਸਦੇ ਤਿਾ ਅਤੇ ਦਾਦਾ ਨੂੰ ਆਪਣੀਆਂ ਰਾਜਨੀਤਿਕ ਸਰਗਰਮੀਆਂ ਕਾਰਨ ਜੇਲ੍ਹ ਜਾਣਾ ਪਿਆ, ਇਸ ਤੋਂ ਬਾਅਦ ਜੇਲ੍ਹ ਜਾਣਾ, ਇਸ ਪਰਿਵਾਰ ਦੀ ਰੁਟੀਨ ਬਣ ਗਈ ।
ਆਪਣੇ ਬਚਪਨ ਦੀ ਅਸੁਰੱਖਿਆ ਕਾਰਨ ਇੰਦਰਾ ਗਾਂਧੀ ਨੇ ਆਪਦੇ ਆਪ ਨੂੰ ਕਠੋਰ ਬਣਾ ਲਿਆ ਅਤੇ ਨਿਸ਼ਚਾ ਕਰ ਲਿਆ ਕਿ ਉਹ ਕਦੇ ਵੀ ਆਪਣੇ ਆਪ ਨੂੰ ਦੁਖੀ ਨਹੀਂ ਹੋਣ ਦੇਵੇਗੀ। ਉਹ ਇਕ ਗੰਭੀਰ ਅਤੇ ਬਲਵਾਨ ਇਰਾਦਿਆਂ ਵਾਲੀ ਯੁਵਤੀ ਬਣ ਗਈ। ਉਦਾਹਰਣ ਵਜੋਂ ਉਸਨੇ 11 ਸਾਲਾਂ ਦੀ ਉਮਰ ਵਿਚ ਰਾਮਾਇਣ ਦੀ ਕਥਾ ਵਿਚ ਆਉਂਦੀ ਬੰਦਰ ਸੈਨਾ ਦੀ ਮਿਸਾਲ ਨੂੰ ਮੁੱਖ ਰੱਖਕੇ ਇਕ ਬੰਦਰ ਬ੍ਰਿਗੇਡ ਸੰਗਠਿਤ ਕੀਤਾ। ਜਦੋਂ ਉਹ 1930 ਦੇ ਦਹਾਕੇ ਵਿਚ ਪੂਨਾ ਵਿਖੇ ਸਕੂਲ ਵਿਚ ਪੜ੍ਹਦੀ ਸੀ ਤਾਂ ਉਸਨੇ ਇਕ ਵਾਰ ਕਿਹਾ ਸੀ ਕਿ ਗਾਂਧੀ ਜੀ ਸਦਾ ਮੇਰੇ ਜੀਵਨ ਵਿਚ ਸਨ ; ਉਨ੍ਰਾਂ ਨੇ ਮੇਰੇ ਵਿਕਾਸ ਵਿਚ ਭਾਰੀ ਰੋਲ ਅਦਾ ਕੀਤਾ ਸੀ।
1947 ਵਿਚ ਆਜ਼ਾਦੀ ਤੋਂ ਪਹਿਲਾਂ ਭਾਰਤ ਤੇ ਇੰਗਲੈਂਡ ਨੇ ਇਕ ਸਦੀ ਤੋਂ ਅਧਿਕ ਸਮੇਂ ਲਈ ਸ਼ਾਸਨ ਕੀਤਾ ਸੀ। ਜਦੋਂ ਕਿ ਬਰਤਾਨਵੀਆਂ ਨੇ ਬਹੁਤ ਸਾਰੀਆਂ ਸੜਕਾਂ , ਸਕੂਲ ਅਤੇ ਹਸਪਤਾਲ ਬਣਾਏ ਸਨ, ਉਨ੍ਹਾਂ ਨੇ ਆਲਾ ਉਪਨਿਵੇਸੀ ਸ਼ਕਤੀ ਵਜੋਂ ਵੀ ਕੰਮ ਕੀਤਾ ਸੀ। ਭਾਰਤੀ ਬਰਤਾਨਵੀ ਕੰਟਰੋਲ ਦੇ ਬਹੁਤ ਜ਼ਿਆਦਾ ਵਿਰੋਧੀ ਸਨ। ਆਜ਼ਾਦੀ ਲਈ ਸੰਗਠਿਤ ਸੰਘਰਸ਼ ਇਸ ਸਦੀ ਦੇ ਆਰੰਭ ਵਿਚ ਵਿਚ ਸ਼ੁਰੂ ਹੋਇਆ ਅਤੇ ਵਿਸ਼ਵ ਯੁੱਧ-2 ਤਕ ਚਲਦਾ ਰਿਹਾ, ਜੋ 1945 ਵਿਚ ਖ਼ਤਮ ਹੋਇਆ ਅਤੇ ਇਸ ਸਮੇਂ ਬਰਤਾਨਵੀਆਂ ਨੇ ਇਹ ਮਹਿਸੂਸ ਕਰ ਲਿਆ ਸੀ ਕਿ ਹੁਣ ਉਹ ਭਾਰਤ਼ ਨੂੰ ਹੋਰ ਅਧਿਕ ਆਪਣੇ ਅਧੀਨ ਨਹੀਂ ਰੱਖ ਸਕਦੇ ਸਨ। ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਇਕ ਇਸਤਰੀ ਇੰਦਰਾ ਗਾਂਧੀ ਦਾ ਦੇਸ਼ ਦੀ ਉਚਤਮ ਪਦਵੀ ਤੇ ਅਪੜਨਾ ਭਾਰਤ ਇਸਤਰੀਆਂ ਲਈ ਵਿਸ਼ੇਸ਼ ਰੂਪ ਵਿਚ ਮਹੱਤਵਪੂਰਨ ਸੀ। ਜੋ ਪਰੰਪਰਾਗਤ ਰੂਪ ਵਿਚ ਸਦਾ ਪੁਰਸ਼ਾਂ ਦੇ ਅਧੀਨ ਰਹੀਆਂ ਹਨ। ਉਹ ਹੋਰ ਤੀਜੇ ਸੰਸਾਰ ਦੇ ਰਾਸ਼ਟਰਾਂ ਦੇ ਲੋਕਾਂ ਲਈ ਇਕ ਪ੍ਰੇਰਣਾ ਸ੍ਰੋਤ ਸੀ। ਜਿਸ ਸਮੇਂ ਉਸਨੇ ਬੰਦਰ ਬ੍ਰਿਗੇਡ ਬਣਾਈ ਤਾਂ ਕੁਝ ਲੋਕਾਂ ਦਾ ਕਹਿਣਾ ਸਹੀ ਕਿ ਇਹ ਕਾਂਗਰਸ ਦੀ ਸੋਚ ਅਨੁਸਾਰ ਬਣਾਈ ਗਈ ਸੀ। ਪਰੰਤੂ ਹਰ ਸੂਰਤ ਵਿਚ ਇੰਦਰਾ ਗਾਂਧੀ ਇਸ ਬੱਚਿਆਂ ਦੇ ਗਰੁੱਪ ਦੀ ਲੀਡਰ ਹੋ ਗਈ ਜਿਸਦਾ ਉਦੇਸ਼ ਭਾਰਤ ਵਿਚ ਬਰਤਾਨਵੀ ਕੰਟਰੋਲ ਨੂੰ ਖ਼ਤਮ ਕਰਨ ਵਿਚ ਸਹਾਇਤਾ ਕਰਨਾ ਸੀ। ਕਾਂਗਰਸ ਪਾਰਟੀ ਦੇ ਸਿਖਰ ਦੇ ਨੇਤਾ ਉਸ ਸਮੇਂ ਸਿਵਲ ਨਾਫ਼ਰਮਾਨੀ ਦੇ ਅੰਦੋਲਨ ਦਾ ਸੰਗਠਨ ਕਰ ਰਹੇ ਸਨ। ਇਸ ਸਬੰਧੀ ਹੋ ਰਹੀ ਮੀਟਿੰਗ ਤੋਂ ਬਾਅਦ ਅੰਦੋਲਨ ਦੀਆਂ ਯੋਜਨਾਵਾਂ ਸਬੰਧੀ ਦਸਤਾਵੇਜ਼ ਇਕ ਟਰੰਕ ਵਿਚ ਰੱਖਕੇ ਇਸ ਨੂੰ ਕਾਰ ਵਿਚ ਰੱਖੀ ਦਿੱਤਾ ਗਿਆ ਜਿਸ ਦੀ ਪਿੱਛਲੀ ਸੀਟ ਤੇ ਇੰਦਰਾ ਗਾਂਧੀ ਬੈਠੀ ਸੀ। ਇਕ ਪੁਲਿਸ ਇਨਸਪੈਕਟਰ ਨੇ ਤਲਾਸੀ ਲੈਣ ਲਈ ਕਾਰ ਨੂੰ ਰੋਕਿਆ। ਐਪਰ ਇੰਦਰਾ ਗਾਂਧੀ ਨੇ ਕਿਹਾ ਕਿ ਕਾਰ ਨੂੰ ਨਾ ਰੋਕਿਆ ਜਾਵੇ ਕਿਉਂਕਿ ਇਸ ਨਾਲ ਉਸਨੂੰ ਸਕੂਨ ਪਹੁੰਚਣ ਵਿਚ ਦੇਰੀ ਹੋ ਜਾਵੇਗੀ। ਚੰਗੇਭਾਗੀ ਇਨਸਪੈਕਟਰ ਨੇ ਉਸ ਤੇ ਵਿਸ਼ਵਾਸ ਕਰ ਲਿਆ ਅਤੇ ਕਾਰ ਦੀ ਤਲਾਸੀ ਨਾ ਲਈ ਗਈ।
ਉਹ ਸਦਾ ਕੁਝ ਨਾ ਕੁਝ ਕਰਦੇ ਰਹਿਣਾ ਚਾਹੁੰਦੀ ਸੀ। 1942 ਵਿਚ ਉਸਨੇ ਇਕ ਪੱਤਰਕਾਰ ਫ਼ੀਰੋਜ਼ ਗਾਂਧੀ ਨਾਲ ਵਿਆਹ ਕਰ ਲਿਆ ਅਤੇ ਇਸ ਵਿਆਹ ਤੋਂ ਉਸਦੇ ਦੋ ਪੁੱਤਰ ਹੋਏ। ਵਿਆਹ ਤੋਂ ਛੇਤੀ ਬਾਅਦ ਪਤੀ ਅਤੇ ਪਤਨੀ ਦੋਵਾਂ ਨੂੰ ਬਰਤਾਨਵੀ ਸਰਕਾਰ ਨੇ ਚੱਕ-ਥੱਲ ਦੇ ਦੋਸ਼ ਜੇ਼ਲ੍ਹ ਭੇਜ ਦਿੱਤਾ। ਉਸ ਨੇ ਅਲ੍ਹਾਬਾਦ ਦੀ ਨੈਨੀਤਾਲ ਸੈਂਟਰਲ ਜੇ਼ਲ੍ਹ ਵਿਚ 11 ਸਤੰਬਰ, 1942 ਤੋਂ 13 ਮਈ, 1943 ਤਕ ਕੈਦ ਕੱਟੀ। ਅਗਸਤ, 1947 ਵਿਚ ਭਾਰਤ ਆਜ਼ਾਦ ਹੋ ਗਿਆ ਅਤੇ ਇੰਦਰਾ ਦੇ ਪਿਤਾ ਪੰਡਿਤ ਨਹਿਰੂ ਪ੍ਰਧਾਨ ਮੰਤਰੀ ਬਣ ਗਏ। ਕਿਉਂਕਿ ਉਨ੍ਹਾਂ ਦੀ ਮਾਤਾ ਦੀ 1936 ਵਿਚ ਹੀ ਮ੍ਰਿਤੂ ਹੋ ਗਈ ਸੀ। ਬਾਅਦ ਵਿਚ ਲਾਲ ਬਹਾਦੁਰ ਸ਼ਾਸਤਰੀ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੂਚਨਾ ਅਤੇ ਅਤੇ ਤ ਪ੍ਰਸਾਰਣ ਮੰਤਰੀ ਨਿਯੁਕਤ ਕੀਤਾ। ਮੰਤਰੀ ਵਜੋਂ ਉਸਨੇ ਸਸਤੇ ਰੇਡਿਓ ਨਿਰਮਾਣ ਕਰਨ ਨੂੰ ਉਤਸਾਹਿਤ ਕੀਤਾ ਅਤੇ ਪਰਿਵਾਰ ਨਿਯੋਜਨ ਪ੍ਰੋਗਰਾਮ ਸ਼ੁਰੂ ਕੀਤਾ।
1942 ਵਿਚ ਉਹ ਤੇਰ੍ਹਾਂ ਮਹੀਨਿਆਂ ਲਈ ਕੈਦ ਵਿਚ ਰਹੀ। ਭਾਵੇਂ ਉਸ ਦੀ ਫ਼ਿਰੋਜ਼ ਗਾਂਧੀ ਨਾਲ ਸ਼ਾਦੀ ਹੋ ਗਈ ਸੀ, ਪਰੰਤੂ ਉਹ ਆਪਣੇ ਪਿਤਾ ਪਾਸ ਹੀ ਰਹੀ ਅਤੇ 1947 ਤੋਂ 1964 ਤਕ ਪਿਤਾ ਦੇ ਇਸਤਰੀ ਮੇਜ਼ਬਾਨ ਵਜੋਂ ਕੰਮ ਕਰਦੀ ਰਹੀ। 1947 ਵਿਚ ਗਾਂਧੀ ਦੀ ਦੀਆਂ ਹਦਾਇਤਾਂ ਅਨੁਸਾਰ ਉਸਨੇ ਦਿੱਲੀ ਦੇ ਫਸਾਦ-ਗ੍ਰਸਤ ਖੇਤਰਾਂ ਵਿਚ ਕੰਮ ਕੀਤਾ। ਉਹ ਕਈ ਸੰਗਠਨਾਂ ਨਾਲ ਸਬੰਧਤ ਰਹੀ, ਉਹ ਕੇਂਦਰੀ ਸਮਾਜਿਕ ਭਲਾਈ ਬੋਰਡ ਦੀ ਚੇਅਰਪਰਸਨ ਵੀ ਰਹੀ। ਵਰਕਿੰਗ ਕਮੇਟੀ ਦੀ ਮੈਂਬਰ ਅਤੇ ਕੇਂਦਰੀ ਧੰਨਦੀ ਬੋਰਡ ਦੀ ਮੈਂਬਰ ਰਹੀ ਅਤੇ 1956 ਤੋਂ 1960 ਤਕ ਆਲ ਇੰਡੀਆ ਯੂਥ ਕਾਂਗਰਸ ਦੀ ਪ੍ਰੈਜ਼ੀਡੈਂਟ ਰਹੀ। 1964 ਵਿਚ ਨਹਿਰੂ ਦੀ ਮ੍ਰਿਤੂ ਤੋਂ ਬਾਅਦ ਉਸ ਸੰਸਦ ਲਈ ਚੁਣੀ ਗਈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਵਜੋਂ ਕੰਮ ਕਰਨ ਤੋਂ ਬਾਅਦ 1966 ਵਿਚ ਸ਼ਾਸਤਰੀ ਜੀ ਮ੍ਰਿਤੂ ਤੋ ਬਾਅਦ ਪ੍ਰਧਾਨ ਮੰਤਰੀ ਬਣ ਗਈ ਅਤੇ ਆਪਣੀ ਮ੍ਰਿਤੂ ਤਕ ਇਸ ਪਦ ਨੂੰ ਬੜੀ ਸੁਯੋਗਤਾ ਅਤੇ ਦਲੇਰੀ ਨਾਲ ਸੰਭਾਲੀ ਰੱਖਿਆ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਇੰਦਰਾ ਗਾਂਧੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਇੰਦਰਾ ਗਾਂਧੀ: ਇੰਦਰਾ ਗਾਂਧੀ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੀ। ਇਹ ਪ੍ਰਸਿੱਧ ਕਾਂਗਰਸੀ ਲੀਡਰ ਅਤੇ ਹਿੰਦੁਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਸਵਰਗਵਾਸੀ ਪੰਡਤ ਜਵਾਹਰ ਲਾਲ ਨਹਿਰੂ ਦੀ ਇਕਲੌਤੀ ਪੁੱਤਰੀ ਸੀ। ਇਸ ਦਾ ਜਨਮ 19 ਨਵੰਬਰ, 1917 ਈ. ਨੂੰ ਆਨੰਦ ਭਵਨ, ਅਲਾਹਬਾਦ ਵਿਚ ਹੋਇਆ। ਇਸ ਦੀ ਮਾਂ ਦਾ ਨਾਂ ਕਮਲਾ ਨਹਿਰੂ ਸੀ।ਜਦੋਂ ਪੁਲਿਸ, 'ਨਾ ਮਿਲਵਰਤਨ ਲਹਿਰ’ ਵਿਚ ਕੈਦ ਹੋਏ ਪੰਡਤ ਮੋਤੀ ਲਾਲ ਤੇ ਜਵਾਹਰ ਲਾਲ ਨਹਿਰੂ ਤਾ ਸਾਮਾਨ ਜ਼ਬਤ ਕਰਨ ਆਂਈ ਤਾਂ ਇੰਦਰਾ ਗਾਂਧੀ ਬਹੁਤ ਗੁੱਸੇ ਵਿਚ ਆਈ। ਇਸ ਨੇ ਬੱਚਿਆਂ ਦਾ ਬਾਂਦਰ ਬਰਗੇਡ ਬਣਾਇਆ ਤੇ ਉਨ੍ਹਾ ਪਾਸੋਂ ਲੀਡਰਾਂ ਨੂੰ ਸੁਨੇਹੇ ਪਹੁੰਚਾਉਣ ਦਾ ਕੰਮ ਲਿਆ। ਸੰਨ 1930 ਵਿਚ ਇਸ ਨੇ ਪੁਲਿਸ ਹੱਥੋਂ ਫੱਟੜ ਹੋਏ ਲੋਕਾਂ ਨੂੰ ਆਨੰਦ ਭਵਨ ਵਿਚ ਰੱਖ ਕੇ ਉਨ੍ਹਾਂ ਸੇਵਾ ਕੀਤੀ ।ਵਿਦਿਆ ਇਸ ਨੇ ਹਿੰਦਸਤਾਨ ਦੇ ਸ਼ਾਂਤੀ ਨਿਕੇਤਨ ਤੇ ਫਿਰ ਇੰਗਲੈਂਡ ਵਿਚ ਆਕਸਫ਼ੋਰਡ ਦੇ ਸਮਰਵਿਲ ਕਾਲਜ ਵਿਚ ਪ੍ਰਾਪਤ ਕੀਤੀ।ਸੰਨ 1936 ਵਿਚ ਇਹ ਕਮਲਾ ਨਹਿਰੂ ਦੇ ਨਾਲ ਸਵਿਟਜ਼ਰਲੈਂਡ ਗਈ। ਸੰਨ 1942 ਵਿਚ ਇਸ ਦਾ ਫ਼ੀਰੋਜ਼ ਗਾਂਧੀ ਨਾਲ ਪਿਆਰ-ਵਿਆਹ ਹੋਇਆ। ਇਹ ਦੋਵੇਂ ਜੇਲ੍ਹ ਵੀ ਗਏ। ਇੰਦਰਾ ਗਾਂਧੀ ਤੇਰ੍ਹਾਂ ਮਹੀਨੇ ਜੇਲ੍ਹ ਵਿਚ ਨਜ਼ਰਬੰਦ ਰਹੀ। ਉਸ ਦੇ ਦੋ ਲੜਕੇ ਹੋਏ। ਪਹਿਲਾ 1944 ਈ. ਤੇ ਦੂਜਾ 1946 ਈ. ਵਿਚ । ਇੰਗਲੈ਼ਡ ਵਿਚ ਇਸ ਨੇ ਲੇਬਰ ਪਾਰਟੀ ਨਾਲ ਮਿਲ ਕੇ ਕੰਮ ਕੀਤਾ ਤੇ ਉਨ੍ਹਾਂ ਦੇ ਲੀਡਰਾਂ ਨਾਲ ਰਾਜਸੀ ਵਾਕਫੀਅਤ ਪੈਦਾ ਕੀਤੀ। ਸੰਨ 1947 ਦੇ ਦਿੱਲੀ ਦੇ ਫ਼ਸਾਦਾਂ ਸਮੇਂ ਇਸ ਨੇ ਮੁਸਲਮਾਨਾਂ ਦੀ ਮਦਦ ਕੀਤੀ।ਸੰਨ 1954 ਵਿਚ ਇਹ ਜਵਾਹਰ ਲਾਲ ਨਾਲ ਚੀਨ ਗਈ। ਸੰਨ 1955 ਵਿਚ ਬਾਂਡੂੰਗ ਕਾਂਨਫਰੰਸ ਵਿਚ ਸ਼ਾਮਲ ਹੋਈ। ਸੰਨ 1953 ਵਿਚ ਫਿਰ 1955 ਈ. ਦੇ ਅਖ਼ੀਰ ਵਿਚ ਇਹ ਰੂਸ ਗਈ। ਸੰਨ 1949–1956 ਵਿਚ ਇਸ ਨੇ ਦੋ ਵਾਰ ਪੰਡਤ ਜਵਾਹਰ ਲਾਲ ਨਾਲ ਅਮਰੀਕਾ ਸਫ਼ਰ ਕੀਤਾ। ਇਸ ਨੇ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਬੜੇ ਯਤਨ ਕੀਤੇ ਤੇ ਪਰਦੇ ਵਿਰੁੱਧ ਪ੍ਰਚਾਰ ਕੀਤਾ। ਜਦ ਫ਼ੀਰੋਜ਼ ਗਾਂਧੀ ਪਾਰਲੀਮੈਂਟ ਦਾ ਮੈਂਬਰ ਬਣਿਆ ਤਾਂ ਇੰਦਰਾ ਗਾਂਧੀ ਉਸ ਤੋਂ ਅੱਡ ਹੋ ਗਈ ।ਫ਼ੀਰੋਜ਼ ਗਾਂਧੀ ਖੱਬੇ ਧੜੇ ਦਾ ਸੋਸ਼ਲਿਸਟ ਸੀ। ਉਸ ਨੇ ਟੀ. ਟੀ. ਕ੍ਰਿਸ਼ਨਾਮਚਾਰੀ ਉੱਤੇ ਦੋਸ਼ ਲਾਏ ਸਨ।ਸੰਨ 1960 ਵਿਚ ਫ਼ੀਰੋਜ਼ ਗਾਂਧੀ ਦੀ ਮੌਤ ਹੋ ਗਈ। ਸੰਨ 1959-60 ਵਿਚ ਇਹ ਸਰਬ-ਹਿੰਦ ਕਾਂਗਰਸ ਦੀ ਪ੍ਰਧਾਨ ਰਹੀ ਤੇ ਸਾਰਾ ਕੰਮ ਚੰਗੀ ਲਿਆਕਤ ਨਾਲ ਨਿਭਾਇਆ। ਇਸ ਨੇ 1959 ਈ. ਵਿਚ ਕੇਰਲ ਵਿਚ ਕਮਿਊਨਿਸਟ ਪਾਰਟੀ ਦਾ ਰਾਜ ਖ਼ਤਮ ਕਰਵਾਇਆ। ਇਸ ਨੇ ਮਾਰਚ, 1959 ਈ. ਵਿਚ ਤਿੱਬਤ ਦੀ ਬਗ਼ਾਵਤ ਸਮੇਂ ਆਪਣੇ ਪਿਤਾ ਜਵਾਹਰ ਲਾਲ ਨਾਲ ਅਸਹਿਮਤੀ ਪ੍ਰਗਟ ਕੀਤੀ। ਸੰਨ 1961 ਵਿਚ ਜੱਬਲਪੁਰ ਦੇ ਫਸਾਦਾਂ ਵਿਚ ਇਸ ਨੇ ਪੀੜਤ ਲੋਕਾਂ ਦੀ ਸਹਾਇਤਾ ਕੀਤੀ। ਇਹ ਚੌਥੀ ਇਸਤਰੀ ਸੀ ਜੋ ਕਾਂਗਰਾਸ ਦੀ ਪ੍ਰਧਾਨ ਬਣੀ। ਨਹਿਰੂ ਖ਼ਾਨਦਾਨ ਵਿਚੋਂ ਤਿੰਨ ਜਣੇ ਮੋਤੀ ਲਾਲ, ਜਵਾਹਰ ਲਾਲ ਤੇ ਇੰਦਰਾ ਗਾਂਧੀ ਕਾਂਗਰਸ ਦੇ ਪ੍ਰਧਾਨ ਬਣੇ। ਇਹ ਰਾਜਸੀ ਤੇ ਸਮਾਜਿਕ ਕੰਮ ਨੂੰ ਇਕੋ ਜਿਹਾ ਮਹੱਤਵ ਦਿੰਦੀ ਸੀ। ਸੰਨ 1962 ਵਿਚ ਹਿੰਦੁਸਤਾਨ ਤੇ ਅਮਰੀਕਾ ਦੇ ਸਬੰਧ ਨੁੰ ਠੀਕ ਕਰਨ ਲਈ ਇਹ ਅਮਰੀਕਾ ਵੀ ਗਈ। ਇਹ ਕਈ ਸੰਸਥਾਵਾਂ ਦੀ ਵੀ ਮੈਂਬਰ ਸੀ। ਪਾਰਲੀਮੈਂਟ ਬੋਰਡ ਤੇ ਸੈਂਟਰਲ ਇਲੈੱਕਸ਼ਨ ਕਮੇਟੀ ਦੀ ਵੀ ਮੈਂਬਰ ਸੀ। 27 ਮਈ, 1949 ਨੂੰ ਜਵਾਹਰ ਲਾਲ ਨਹਿਰੂ ਦੇ ਸਵਰਗਵਾਸ ਹੋ ਜਾਣ ਪਿੱਛੋਂ ਜਦ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਬਣਿਆ ਤਾਂ ਇੰਦਰਾ ਗਾਂਧੀ ਉਸ ਦੇ ਮੰਤਰੀ ਮੰਡਲ ਵਿਚ ਸੰਚਾਰ ਅਤੇ ਪ੍ਰਸਾਰਣ ਵਿਭਾਗ ਦੀ ਵਜ਼ੀਰ ਬਣੀ । 19 ਜਨਵਰੀ, 1966 ਨੂੰ ਸ਼ਾਸਤਰੀ ਜੀ ਦੀ ਮੌਤ ਪਿੱਛੋਂ ਇੰਦਰਾ ਗਾਂਧੀ ਮੁਗਰਜੀ ਡਿਸਾਈ ਨੂੰ ਹਰਾ ਕੇ ਭਾਰਤ ਦੀ ਪ੍ਰਧਾਨ ਮੰਤਰੀ ਚੁਣੀ ਗਈ।ਸੰਨ 1969 ਵਿਚ ਕਾਂਗਰਸ ਪਾਰਟੀ ਦੋ ਧੜਿਆਂ ਵਿਚ ਵੰਡੀ ਗਈ। ਅਸਲ ਵਿਚ ਇੰਦਰਾ ਗਾਂਧੀ ਨੇ ਸ੍ਰੀ ਵੀ. ਵੀ. ਗਿਰੀ ਦੀ ਸਹਾਇਤਾ ਕੀਤੀ ਸੀ ਜਦੋਂ ਕਿ ਉਸ ਸਮੇਂ ਕਾਂਗਰਸ ਪਾਰਟੀ ਦਾ ਉਮੀਦਵਾਰ ਸੰਜੀਵਾ ਰੈਡੀ ਸੀ। ਇੰਦਰਾ ਦਾ ਗਰੁੱਪ ਕਾਂਗਰਸ ਜਾਂ ਰੂਲਿੰਗ ਕਾਂਗਰਸ ਦੇ ਨਾਂ ਤੇ ਪ੍ਰਸਿੱਧ ਹੋਇਆ ।ਇਸ ਦੇ ਸਮੇਂ ਦੀ ਸਭ ਤੋਂ ਮਹੱਤਵਪੂਰਨ ਘਟਨਾ ਦਸੰਬਰ, 1971 ਦੀ ਹਿੰਦ-ਪਾਕਿ ਲੜਾਈ ਹੈ ਜਿਸ ਦੇ ਸਿੱਟੇ ਵਜੋਂ ਬੰਗਲਾ ਦੇਸ਼ ਹੋਂਦ ਵਿਚ ਆਇਆ। ਸੰਨ 1972 ਵਿਚ ਲੋਕ ਸਭਾ ਦੀਆਂ ਚੋਣਾਂ ਵਿਚ ਇੰਦਰਾ ਕਾਂਗਰਸ ਨੂੰ ਦੋ ਤਿਹਾਈ ਬਹੁ-ਗਿਣਤੀ ਪ੍ਰਾਪਤ ਹੋਈ ਅਤੇ ਇਹ ਮੁੜ ਦੇਸ਼ ਦੀ ਪ੍ਰਧਾਨ ਮੰਤਰੀ ਬਣੀ। ਇਸ ਦੇ ਸਮੇਂ ਦੀ ਦੂਜੀ ਵੱਡੀ ਘਟਨਾ ਸ਼ੇਖ ਅਬਦੁੱਲਾ ਨਾਲ ਕਸ਼ਮੀਰ ਬਾਰੇ ਸਮਝੌਤਾ ਸੀ ਜਿਸ ਅਧੀਨ ਸ਼ੇਖ ਨੂੰ 25 ਫ਼ਰਵਰੀ 1975 ਮੁੜ ਜੰਮੂ ਕਸ਼ਮੀਰ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ।ਭਾਰਤ ਪਾਕਿ ਜੰਗ, ਬੰਗਲਾ ਦੇਸ਼ ਦੀ ਹੋਂਦ ਬੈਕਾਂ ਦਾ ਕੌਮੀਕਰਨ ਪ੍ਰੀਵੀ ਪਰਸ ਦਾ ਖ਼ਤਮਾ, ਸ਼ਿਮਲਾ ਸਮਝੌਤਾ (ਪਾਕਿਸਤਾਨ ਨਾਲ) ਆਦਿ ਇਸ ਦੇ ਸਮੇਂ ਦੀਆਂ ਹੋਰ ਮੁੱਖ ਘਟਨਾਵਾਂ ਹਨ।ਸੰਨ 1977 ਦੀਆਂ ਆਮ ਚੋਣਾਂ ਵਿਚ ਇਹ ਰਾਏ ਬਰੇਲੀ ਚੋਣ ਹਾਰ ਗਈ ਅਤੇ ਰਾਜ ਸੱਤਾ ਨਵੀਂ ਬਣੀ ਜਨਤਾ ਪਾਰਟੀ ਦੇ ਹੱਥ ਵਿਚ ਆ ਗਈ ਪਰ 1980 ਈ. ਵਿਚ ਇਹ ਇਕ ਵਾਰ ਫਿਰ ਆਪਣੀ ਪਾਰਟੀ ਸਮੇਤ ਜਿੱਤ ਗਈ ਤੇ ਚੌਥੀ ਵਾਰੀ ਭਾਰਤ ਦੀ ਪ੍ਰਧਾਨ ਮੰਤਰੀ ਬਣੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਚਲਾਏ ਗਏ ਧਰਮ ਯੁੱਧ ਮੋਰਚੇ ਤੋਂ ਪੈਦਾ ਹੋਏ ਹਾਲਾਤ ਦੇ ਸਿਲਸਿਲੇ ਵਿਚ ਇਸ ਨੇ ਅੰਮ੍ਰਿਤਸਰ ਵਿਚ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹਰਮਿੰਦਰ ਸਾਹਿਬ ਉੱਤੇ ਆਪਰੇਸ਼ਨ ਬਲੂ ਸਟਾਰ ਨਾਂ ਹੇਠ ਇਕ ਫ਼ੌਜੀ ਹਮਲਾ ਕਰਵਾਇਆ ਜੋ ਇਸ ਲਈ ਘਾਤਕ ਸਿੱਧ ਹੋਇਆ ਅਤੇ ਇਸ ਦੇ ਪ੍ਰਤੀਕਰਮ ਵਜੋਂ 31 ਅਕਤੂਬਰ, 1984 ਇਹੀ ਆਪਣੇ ਹੀ ਅੰਗਰੱਖਿਅਕਾਂ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਦੇ ਹੱਥੋਂ ਮਾਰੀ ਗਈ।
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2002, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First