ਉਦਯੋਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਦਯੋਗ [ ਨਾਂਪੁ ] ਸਨਅਤ , ਕਾਰਖ਼ਾਨਾ , ਫ਼ੈਕਟਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1893, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉਦਯੋਗ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Industry _ ਉਦਯੋਗ : ਮਨੁਖੀ ਸਰਗਰਮੀ ਦਾ ਹਰ ਅਜਿਹਾ ਰੂਪ ਜਾਂ ਪੱਖ ਉਦਯੋਗ ਹੈ ਜਿਸ ਵਿਚ ਪੂੰਜੀ ਅਤੇ ਕਿਰਤ ਸਹਿਯੋਗੀ ਬਣਦੇ ਹਨ ਜਾਂ ਨਿਯੋਜਕ ਅਤੇ ਨਿਯੋਜਤ ਇਕ ਦੂਜੇ ਦੀ ਸਹਾਇਤਾ ਕਰਦੇ ਹਨ । ਉਦਯੋਗ ਦਾ ਨਿਖੇੜਾ ਕਰੂ ਲਛਣ ਇਹ ਹੈ ਕਿ ਮਾਲ ਦੇ ਉਤਪਾਦਨ ਜਾਂ ਸੇਵਾ ਕਰਨ ਲਈ ਪੂੰਜੀ ਅਤੇ ਕਿਰਤ ਜਾਂ ਨਿਯੋਜਕ ਅਤੇ ਉਸ ਦੇ ਨਿਯੋਜਤਾਂ ਵਿਚਕਾਰ ਸਹਿਯੋਗ ਸਿੱਧਾ ਅਤੇ ਤਤਵਿਕ ਹੋਵੇ ( ਨੈਸ਼ਨਲ ਯੂਨੀਅਨ ਔਫ਼ ਕਮਰਸ਼ਲ ਐਂਪਲਾਈਜ਼ ਬਨਾਮ ਐਮ.ਆਰ.ਮੇਹਰ , ਉਦਯੋਗਕ ਟ੍ਰਿਬਿਊਨਲ ਬੰਬੇ-ਏ ਆਈ ਆਰ 1962 ਐਸ ਸੀ 1080 ) । ‘ ਦ ਇੰਡਸਟਰੀਅਲ ਡਿਸਪਿਊਟਸ ਐਕਟ , 1947 ਦੀ ਧਾਰਾ 2 ( ਜੇ ) ਵਿਚ ਦਿੱਤੀ ਉਦਯੋਗ ਦੀ ਪਰਿਭਾਸ਼ਾ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ । ਪਹਿਲੇ ਭਾਗ ਅਨੁਸਾਰ ਉਦਯੋਗ ਦਾ ਮਤਲਬ ਹੈ ਕੋਈ ਮਾਲਕ ਦਾ ਕਾਰ-ਵਿਹਾਰ , ਟਰੇਡ , ਉਪਕ੍ਰਮ ( undertaking ) ਨਿਰਮਾਣ ਜਾਂ ਕਿੱਤਾ ਅਤੇ ਦੂਜੇ ਭਾਗ ਵਿਚ ਕਿਹਾ ਗਿਆ ਹੈ ਕਿ ਇਸ ਵਿਚ ਕਾਮਗਾਰਾਂ ਦਾ ਕੋਈ ਧੰਦਾ , ਸੇਵਾ , ਰੋਜ਼ਗਾਰ , ਦਸਤਕਾਰੀ ਜਾਂ ਉਦਯੋਗਕ ਕੰਮ ਅਤੇ ਕਿੱਤਾ ਸ਼ਾਮਲ ਹੈ ।

            ਬੰਗਲੋਰ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਬਨਾਮ ਏ. ਰਾਜੱਪਾ ( ਏ ਆਈ ਆਰ 1978 ਐਸ ਸੀ 548 ) ਵਿਚ ਕਿਹਾ ਗਿਆ ਹੈ ਕਿ ਧਾਰਾ 2 ( ਜੇ ) ਵਿਚ ਯਥਾ-ਪਰਿਭਾਸ਼ਤ ਉਦਯੋਗ ਦੇ ਅਰਥ ਕਾਫ਼ੀ ਵਿਸ਼ਾਲ ਹਨ । ਜਿਥੇ ਕਿਤੇ ( 1 ) ਪ੍ਰਣਾਲੀ ਬੱਧ ਸਰਗਰਮੀ ਹੈ ( 2 ) ਉਹ ਸਰਗਰਮੀ ਮਾਲਕ ਅਤੇ ਕਾਮਿਆਂ ਦੇ ਸਹਿਯੋਗ ਦਾ ਫਲ ਹੈ , ( 3 ) ਉਹ ਸਰਗਰਮੀ ਮਾਲ ਉਤਪਾਦਨ ਕਰਨ ਅਤੇ ਵੰਡਣ ਨਾਲ ਜਾ ਮਨੁੱਖੀ ਲੋੜਾਂ ਪੂਰੀਆਂ ਕਰਨ ਲਈ ਸੇਵਾਵਾਂ ਨਾਲ ਸਬੰਧਤ ਹੈ , ਉਥੇ ਉਸ ਉਪਕ੍ਰਮ ਨੂੰ ਉਦਯੋਗ ਕਿਹਾ ਜਾਵੇਗਾ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1570, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਉਦਯੋਗ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਉਦਯੋਗ : ਉਦਯੋਗ , ਫ਼ਰਮ ਦਾ ਹੀ ਵਿਸਤ੍ਰਿਤ ਰੂਪ ਹੁੰਦਾ ਹੈ । ‘ ਫ਼ਰਮ’ ਕਾਰੋਬਾਰ ਦੀ ਉਹ ਮੁਢਲੀ ਇਕਾਈ ਹੈ , ਜਿੱਥੇ ਉਤਪਾਦਨ ਦੇ ਸਾਧਨਾਂ , ਪੂੰਜੀ ਮਜ਼ਦੂਰ , ਪ੍ਰਬੰਧ ਆਦਿ ਦੀ ਸਹਾਇਤਾ ਨਾਲ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕੀਤਾ ਜਾਂਦਾ ਹੈ । ਕਿਹੜੇ ਸਾਧਨ , ਕਿੰਨੀ ਮਾਤਰਾ ਵਿੱਚ ਲਗਾਉਣੇ ਹਨ , ਕਿਸ ਵਸਤੂ ਦਾ , ਕਿਸ ਮਨੋਰਥ ਵਾਸਤੇ ਉਤਪਾਦਨ ਕਰਨਾ ਹੈ , ਇਹ ਕਾਰਜ ਉੱਦਮ ਕਰਤਾ ਦੁਆਰਾ ਕੀਤੇ ਜਾਂਦੇ ਹਨ । ਦੂਜੇ ਸ਼ਬਦਾਂ ਵਿੱਚ ਫ਼ਰਮ ਇੱਕ ਅਜਿਹੀ ਪ੍ਰਬੰਧਕੀ ਇਕਾਈ ਹੈ , ਜਿੱਥੇ ਆਮ ਤੌਰ ’ ਤੇ ਇੱਕੋ ਹੀ ਵਸਤੂ ਜਾਂ ਇੱਕੋ ਹੀ ਪ੍ਰਕਾਰ ਦੀਆਂ ਵਸਤਾਂ ਦਾ ਉਤਪਾਦਨ ਕੀਤਾ ਜਾਂਦਾ ਹੈ ।

‘ ਉਦਯੋਗ’ ਉਹਨਾਂ ਸਾਰੀਆਂ ਫ਼ਰਮਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ , ਜਿਹੜੀਆਂ ਇੱਕੋ ਹੀ ਸਮਰੂਪ ਵਸਤੂ ਪੈਦਾ ਕਰਕੇ ਸਾਂਝੀ ਮੰਡੀ ਵਿੱਚ ਵੇਚ ਰਹੀਆਂ ਹੋਣ । ਵਸਤੂ ਦਾ ਇੱਕੋ ਜਿਹਾ ਹੋਣਾ ਖ਼ਰੀਦਦਾਰ ਜਾਂ ਉਪਭੋਗੀ ਦੇ ਦ੍ਰਿਸ਼ਟੀਕੋਣ ਤੋਂ ਵੀ ਅਹਿਮੀਅਤ ਰੱਖਦਾ ਹੈ । ਉਹ ਵਸਤੂ ਚਾਹੇ ਕਿਸੇ ਵੀ ਫ਼ਰਮ ਦੀ ਹੋਵੇ , ਉਪਭੋਗੀ ਉਸ ਦੀ ਖ਼ਾਸ ਮਾਤਰਾ ਲਈ ਉਹੀ ਕੀਮਤ ਦਿੰਦਾ ਹੈ , ਜਿਹੜੀ ਜੇਕਰ ਉਹ ਇਸ ਨੂੰ ਕਿਸੇ ਦੂਸਰੀ ਫ਼ਰਮ ਕੋਲੋਂ ਖ਼ਰੀਦਦਾ ਤਾਂ ਉਸ ਵੇਲੇ ਦੇਣੀ ਸੀ । ਉਪਭੋਗੀ ਦਾ ਉਸ ਵਸਤੂ ਨੂੰ ਕਿਸੇ ਖ਼ਾਸ ਫ਼ਰਮ ਕੋਲੋ ਖ਼ਰੀਦਣ ਲਈ ਤਰਜੀਹ ਨਾ ਦੇਣਾ ਹੀ ਉਸ ਵਸਤੂ ਦੇ ਸਮਰੂਪ ਹੋਣ ਦਾ ਸਬੂਤ ਹੁੰਦਾ ਹੈ । ਜੇ.ਐੱਸ. ਬੈਨ ਦੇ ਸ਼ਬਦਾਂ ਵਿੱਚ , “ ਉਦਯੋਗ ਉਹਨਾਂ ਵਿਕਰੇਤਾਵਾਂ ਦਾ ਸਮੂਹ ਹੈ , ਜਿਹੜੇ ਨੇੜੇ ਦੇ ਬਦਲ ਦੀਆਂ ਵਸਤਾਂ ਦਾ ਉਤਪਾਦਨ ਕਰਦੇ ਹਨ ਅਤੇ ਖ਼ਰੀਦਦਾਰਾਂ ਦੇ ਸਾਰੇ ਸਮੂਹ ਨੂੰ ਵੇਚਦੇ ਹਨ । ” ਇਹ ਗਰੁੱਪ ਉਹਨਾਂ ਫ਼ਰਮਾਂ ਦਾ ਸਮੂਹ ਜਾਂ ਇਕੱਠ ਹੁੰਦਾ ਹੈ , ਜਿਹੜੀਆਂ ਮੋਟੇ ਤੌਰ ’ ਤੇ ਇੱਕੋ ਜਿਹੇ ਕੱਚੇ ਮਾਲ ਦੀ ਵਰਤੋਂ ਕਰਦੇ ਹੋਏ , ਮਜ਼ਦੂਰਾਂ ਕੋਲੋਂ ਉਤਪਾਦਨ ਕਰਵਾਉਂਦੀਆਂ ਹਨ ਅਤੇ ਉਸ ਕੱਚੇ ਮਾਲ ਨੂੰ ਤਿਆਰ ਮਾਲ ਵਿੱਚ ਬਦਲ ਕੇ ਉਸਦੇ ਮੁੱਲ ਵਿੱਚ ਵਾਧਾ ਕਰਦੀਆਂ ਹਨ । ਇਸ ਪ੍ਰਕਿਰਿਆ ਦੌਰਾਨ ਉਦਯੋਗ ਨਾ ਕੇਵਲ ਆਪਣੇ ਲਈ ਹੀ ਸਗੋਂ ਦੂਜੀਆਂ ਉਦਯੋਗਿਕ ਇਕਾਈਆਂ ਦੇ ਪ੍ਰਯੋਗ ਵਿੱਚ ਆਉਣ ਵਾਲੀਆਂ ਆਗਤਾਂ ( Inputs ) ਦਾ ਵੀ ਉਤਪਾਦਨ ਕਰਦੇ ਹਨ । ਡੋਨੀ ( Dowine ) ਅਨੁਸਾਰ :

ਉਦਯੋਗ ਉਹਨਾਂ ਫ਼ਰਮਾਂ ਦਾ ਇਕੱਠ ਜਾਂ ਸਮੂਹ ਹੁੰਦਾ ਹੈ , ਜਿਨ੍ਹਾਂ ਵਿੱਚ ਉਤਪਾਦਨ ਤਕਨੀਕ ਲਗਪਗ ਇੱਕੋ ਜਿਹੀ ਵਰਤੀ ਜਾ ਰਹੀ ਹੁੰਦੀ ਹੈ , ਭਾਵੇਂ ਇਹਨਾਂ ਵੱਖੋ-ਵੱਖਰੀਆਂ ਫ਼ਰਮਾਂ ਦੀ ਸੁਯੋਗਤਾ ਵਿੱਚ ਵਖਰੇਵਾਂ ਹੁੰਦਾ ਹੈ ।

ਕਿਸੇ ਦੇਸ ਵਿੱਚ ਕਿਸ ਕਿਸਮ ਦੇ ਉਦਯੋਗ , ਕਿੰਨੀ ਮਾਤਰਾ ਵਿੱਚ ਲੱਗੇ ਹੋਏ ਹਨ , ਇਹ ਉਸ ਦੇਸ ਦੇ ਵਿਕਾਸ ਦੇ ਪੱਧਰ ਅਤੇ ਤਕਨੀਕੀ ਪੱਖ ਤੋਂ ਉਨਤ ਹੋਣ ਬਾਰੇ ਸੰਕੇਤ ਕਰਦੇ ਹਨ । ਇਸ ਵਾਸਤੇ ਉਦਯੋਗਾਂ ਦੀਆਂ ਕਿਸਮਾਂ ਬਾਰੇ ਵੀ ਵਿਚਾਰ ਕਰਨੀ ਜ਼ਰੂਰੀ ਹੈ ।

ਵਸਤੂਆਂ ਦੇ ਸਰੂਪ ਦੇ ਆਧਾਰ ਉੱਪਰ ਉਦਯੋਗਾਂ ਦੀਆਂ ਦੋ ਸ਼੍ਰੇਣੀਆਂ ਹਨ । ਪਹਿਲੀ , ਆਦਾਨ ਜਾਂ ਕੱਚੇ ਮਾਲ ਨਾਲ ਸੰਬੰਧਿਤ ਉਦਯੋਗ ਅਤੇ ਦੂਜੀ , ਸਿੱਧੇ ਤੌਰ ’ ਤੇ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਦਾ ਉਤਪਾਦਨ ਕਰਨ ਵਾਲੇ ਉਦਯੋਗ ।

1.              ਪਹਿਲੀ ਸ਼੍ਰੇਣੀ ਵਿੱਚ ਤਿੰਨ ਪ੍ਰਕਾਰ ਦੇ ਉਦਯੋਗ ਆਉਂਦੇ ਹਨ ।

ੳ.            ਰਵਾਇਤੀ ਵਸਤਾਂ ਉੱਪਰ ਆਧਾਰਿਤ ਉਦਯੋਗ

ਅ.            ਧਾਤਾਂ ਨਾਲ ਸੰਬੰਧਿਤ ਉਦਯੋਗ ।

ੲ.           ਰਸਾਇਣਿਕ ਪਦਾਰਥਾਂ ਨਾਲ ਸੰਬੰਧਿਤ ਉਦਯੋਗ ।

2.            ਦੂਜੀ ਸ਼੍ਰੇਣੀ ਵਿੱਚ ਆਉਂਦੇ ਉਦਯੋਗ ਚਾਰ ਪ੍ਰਕਾਰ ਦੇ ਹਨ ।

ੳ.            ਮੁਢਲੇ ਉਦਯੋਗ

ਅ.            ਵਿਚਕਾਰਲੇ ਜਾਂ ਸਹਾਇਕ ਉਦਯੋਗ

ੲ.            ਪੂੰਜੀਗਤ ਵਸਤਾਂ ਦੇ ਉਦਯੋਗ

ਸ.            ਉਪਭੋਗੀ ਵਸਤਾਂ ਪੈਦਾ ਕਰਨ ਵਾਲੇ ਉਦਯੋਗ ।

ਉਪਭੋਗੀ ਵਸਤਾਂ ਥੁੜ੍ਹ-ਚਿਰੀਆਂ ਅਤੇ ਲੰਮੇ ਸਮੇਂ ਦੌਰਾਨ ਉਪਯੋਗ ਵਿੱਚ ਆਉਣ ਵਾਲੀਆਂ ਦੋਵੇਂ ਪ੍ਰਕਾਰ ਦੀਆਂ ਹੁੰਦੀਆਂ ਹਨ ।

3. ਪੈਮਾਨੇ ਦੇ ਲਿਹਾਜ਼ ਨਾਲ ਉਦਯੋਗਾਂ ਨੂੰ ਮੁੱਖ ਰੂਪ ਵਿੱਚ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ ।

ੳ.            ਘਰੇਲੂ ਅਤੇ ਛੋਟੇ ਪੈਮਾਨੇ ਦੇ ਉਦਯੋਗ

ਅ.            ਵੱਡੇ ਪੈਮਾਨੇ ਦੇ ਉਦਯੋਗ ।

ਉਦਯੋਗ ਵੱਡਾ ਹੈ ਜਾਂ ਛੋਟਾ ਇਹ ਕਈ ਗੱਲਾਂ ਉੱਪਰ ਨਿਰਭਰ ਕਰਦਾ ਹੈ । ਛੋਟੇ ਉਦਯੋਗਾਂ ਨੂੰ ਵੱਡੇ ਉਦਯੋਗਾਂ ਨਾਲੋਂ ਵੱਖਰੇ ਕਰਨ ਲਈ ਕਈ ਪੱਖ ਲਏ ਜਾਂਦੇ ਹਨ , ਜਿਨ੍ਹਾਂ ਵਿੱਚੋਂ ਪ੍ਰਮੁਖ ਹਨ-ਯੂਨਿਟ ਦਾ ਆਕਾਰ , ਪੂੰਜੀ ਨਿਵੇਸ਼ ਦੀ ਮਾਤਰਾ , ਕੰਮ ਤੇ ਲਗਾਏ ਗਏ ਕਿਰਤੀਆਂ ਦੀ ਗਿਣਤੀ , ਉਤਪਾਦਨ ਦੀ ਮਾਤਰਾ ਅਤੇ ਮੁੱਲ ਆਦਿ । ਪਰੰਤੂ ਕੇਵਲ ਇਹਨਾਂ ਕਾਰਕਾਂ ਦੀ ਸਹਾਇਤਾ ਨਾਲ ਹੀ ਉਦਯੋਗ ਦੇ ਆਕਾਰ ਬਾਰੇ ਨਿਸ਼ਚਿਤ ਰੂਪ ਵਿੱਚ ਨਹੀਂ ਕਿਹਾ ਜਾ ਸਕਦਾ ਕਿ ਉਦਯੋਗ ਵੱਡੇ ਪੈਮਾਨੇ ਦਾ ਹੈ ਜਾਂ ਛੋਟੇ ਪੈਮਾਨੇ ਦਾ ।

ਇਸ ਲਈ ਇਸ ਸਮੱਸਿਆ ਨੂੰ ਹੱਲ ਕਰਨ ਵਾਸਤੇ ਉਦਯੋਗਾਂ ਵਿੱਚ ਉਤਪਾਦਨ ਵਸਤੂਆਂ ਦੇ ਮੁੱਲ ਨੂੰ ਲਿਆ ਜਾਂਦਾ ਹੈ । ਜਿਹੜੇ ਉਦਯੋਗ ਵਧੇਰੇ ਮੁੱਲ ਦੀਆਂ ਵਸਤੂਆਂ ਦਾ ਉਤਪਾਦਨ ਕਰ ਰਹੇ ਹੋਣ , ਉਹ ਵੱਡੇ ਉਦਯੋਗਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ ।

ਭਾਵੇਂ ਪੈਮਾਨੇ ਦੇ ਲਿਹਾਜ਼ ਨਾਲ ਇਸ ਢੰਗ ਨਾਲ ਉਦਯੋਗਾਂ ਦੀ ਪਰਿਭਾਸ਼ਾ ਸਮਝ ਆ ਜਾਂਦੀ ਹੈ , ਪਰੰਤੂ ਮੁੱਖ ਰੂਪ ਵਿੱਚ ਅਸੀਂ ਉਦਯੋਗਿਕ ਨੀਤੀ ਅਨੁਸਾਰ ਨਿਸ਼ਚਿਤ ਕੀਤੀ ਪੂੰਜੀ ਦੀ ਮਾਤਰਾ ਅਤੇ ਵਰਤੋਂ ਵਿੱਚ ਆਉਂਦੇ ਸਾਧਨਾਂ ਦੇ ਮੁੱਲ ( Value of Capital assets ) ਨਾਲ ਹੀ ਜਾਣਦੇ ਹਾਂ ਕਿ ਕਿਹੜੇ ਉਦਯੋਗ ਛੋਟੇ ਹੋਣਗੇ ਅਤੇ ਕਿਹੜੇ ਵੱਡੇ । ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਬੇਤੁਕਾ ਨਹੀਂ ਹੋਵੇਗਾ ਕਿ ਹਰ ਇੱਕ ਉਦਯੋਗਿਕ ਨੀਤੀ ਵਿੱਚ ਇਸ ਨਿਰਧਾਰਿਤ ਕੀਤੀ ਪੂੰਜੀ ਅਤੇ ਸਾਧਨਾਂ ਦੀ ਸੀਮਾ ਨੂੰ ਵੀ ਸਮੇਂ-ਸਮੇਂ ਤੇ ਵਧਾ ਦਿੱਤਾ ਜਾਂਦਾ ਰਿਹਾ ਹੈ । ਉਦਾਹਰਨ ਦੇ ਤੌਰ ’ ਤੇ ਭਾਰਤੀ ਸਰਕਾਰ ਦੀ 1991 ਦੀ ਉਦਯੋਗਿਕ ਨੀਤੀ ਅਨੁਸਾਰ ਘਰੇਲੂ ਅਤੇ ਛੋਟੇ ਉਦਯੋਗਾਂ ਲਈ ਮਸ਼ੀਨਰੀ ਵਿੱਚ ਪੂੰਜੀ ਨਿਵੇਸ਼ ਸੀਮਾ 60 ਲੱਖ ਰੁਪਏ ਰੱਖੀ ਗਈ ਸੀ , ਜਿਹੜੀ 1975 ਵਿੱਚ ਕੇਵਲ 10 ਲੱਖ ਰੁਪਏ ਸੀ । ਕੁਝ ਉਦਯੋਗ ਸਹਾਇਕ ਉਦਯੋਗ ਹੁੰਦੇ ਹਨ , ਜਿਨ੍ਹਾਂ ਦਾ ਤਿਆਰ ਮਾਲ ਵੱਡੇ ਉਦਯੋਗਾਂ ਵਿੱਚ ਆਗਤਾਂ ( Inputs ) ਦੇ ਤੌਰ ’ ਤੇ ਵਰਤਿਆ ਜਾਂਦਾ ਹੈ । ਇਹਨਾਂ ਦੀ ਨਿਵੇਸ਼ ਸੀਮਾ 1991 ਵਿੱਚ 75 ਲੱਖ ਰੁਪਏ ਸੀ । ਉਹ ਉਦਯੋਗ ਜਿਹੜੇ ਕੇਵਲ ਨਿਰਯਾਤ ਲਈ ਮਾਲ ( Export Oriented ) ਪੈਦਾ ਕਰਦੇ ਹਨ , ਉਹਨਾਂ ਦੀ ਪੂੰਜੀ ਨਿਵੇਸ਼ ਸੀਮਾ ਵੀ ਸਹਾਇਕ ਉਦਯੋਗਾਂ ਦੀ ਤਰ੍ਹਾਂ 75 ਲੱਖ ਰੁਪਏ ਨਿਸ਼ਚਿਤ ਕੀਤੀ ਗਈ ਸੀ ।

ਮਸ਼ੀਨਰੀ ਵਿੱਚ ਇਸ ਪੂੰਜੀ ਨਿਵੇਸ਼ ਦੀ ਸੀਮਾ ਤੋਂ ਵਧੇਰੇ ਨਿਵੇਸ਼ ਕਰਨ ਵਾਲੇ ਉਦਯੋਗਾਂ ਨੂੰ ਵੱਡੇ ਪੈਮਾਨੇ ਦੇ ਉਦਯੋਗ ਕਿਹਾ ਜਾਂਦਾ ਹੈ । ਆਮ ਤੌਰ ’ ਤੇ ਘਰੇਲੂ ਅਤੇ ਛੋਟੇ ਉਦਯੋਗਾਂ ਨੂੰ ਇੱਕੋ ਹੀ ਗਰੁੱਪ ਵਿੱਚ ਲਿਆ ਜਾਂਦਾ ਹੈ ਪਰ ਕਈ ਵਿਸ਼ੇਸ਼ਤਾਈਆਂ ਕਾਰਨ ਇਹ ਇੱਕ ਦੂਜੇ ਤੋਂ ਭਿੰਨ ਹਨ : ਜਿਵੇਂ ਘਰੇਲੂ ਉਦਯੋਗਾਂ ਵਿੱਚ ਉੱਦਮੀ ਘੱਟ ਪੂੰਜੀ ਨਾਲ ਘਰੇਲੂ ਸਾਧਨਾਂ ਅਤੇ ਹੁਨਰ ਦੀ ਵਰਤੋਂ ਕਰਦੇ ਹੋਏ , ਸਥਾਨਿਕ ਮੰਡੀ ਦੀਆਂ ਜ਼ਰੂਰਤਾਂ ਅਨੁਸਾਰ ਉਤਪਾਦਨ ਕਰਦਾ ਹੈ , ਜਦੋਂ ਕਿ ਛੋਟੇ ਉਦਯੋਗਾਂ ਵਿੱਚ ਮੁਕਾਬਲਤਨ ਜ਼ਿਆਦਾ ਪੂੰਜੀ ਦੀ ਵਰਤੋਂ ਕਰਦੇ ਹੋਏ , ਬਿਜਲੀ ਦੀ ਸ਼ਕਤੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਦੇ ਪ੍ਰਯੋਗ ਨਾਲ , ਸਥਾਨਿਕ ਦੇ ਨਾਲ-ਨਾਲ ਦੂਰ-ਦੁਰੇਡੇ ਦੀ ਮੰਡੀ-ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਆਧੁਨਿਕ ਢੰਗ ਨਾਲ ਵੀ ਮਾਲ ਤਿਆਰ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਜਿਹੜੇ ਉਦਯੋਗ ਵਧੇਰੇ ਪੂੰਜੀ ਦੀ ਵਰਤੋਂ ਕਰ ਰਹੇ ਹੋਣ ਅਤੇ ਉਹਨਾਂ ਵਿੱਚ ਘੱਟ ਕਿਰਤੀਆਂ ਦੀ ਜ਼ਰੂਰਤ ਹੋਵੇ ਉਹਨਾਂ ਨੂੰ ਪੂੰਜੀ ਪ੍ਰਧਾਨ ( Capital intensive ) ਉਦਯੋਗ ਕਿਹਾ ਜਾਂਦਾ ਹੈ । ਜਿਵੇਂ ਅੱਜ-ਕੱਲ੍ਹ ਕੰਪਿਊਟਰ ਆਦਿ ਦੇ ਨਾਲ ਸੰਬੰਧਿਤ ਉਦਯੋਗ ਹਨ । ਦੂਜੇ ਪਾਸੇ ਜਿੱਥੇ ਪੂੰਜੀ ਦੇ ਮੁਕਾਬਲੇ ਵਧੇਰੇ ਮਜ਼ਦੂਰ , ਕਿਰਤੀ ਰੁਜ਼ਗਾਰ ਤੇ ਲਗਾਏ ਹੋਣ ਉਹਨਾਂ ਨੂੰ ਕਿਰਤ ਪ੍ਰਧਾਨ ( Labour intensive ) ਉਦਯੋਗ ਕਿਹਾ ਜਾਂਦਾ ਹੈ । ਉਦਯੋਗ ਸਥਾਪਿਤ ਕਰਨ ਤੋਂ ਪਹਿਲਾਂ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ । ਜਿਵੇਂ , ਉਦਯੋਗ ਸਥਾਪਿਤ ਕਰਨ ਵਿੱਚ ਕਿੰਨੀਆਂ ਕੁ ਕਨੂੰਨੀ ਅੜਚਨਾਂ ਹਨ । ਇਹਨਾਂ ਵਾਸਤੇ ਕਿੰਨੀ ਪੂੰਜੀ ਚਾਹੀਦੀ ਹੈ , ਉਤਪਾਦਿਤ ਕੀਤੀ ਜਾਣ ਵਾਲੀ ਵਸਤੂ ਦੇ ਨਿਰਮਾਣ ਦਾ ਫ਼ਾਰਮੂਲਾ ਗੁਪਤ ਰੱਖਣਾ ਹੈ ਜਾਂ ਨਹੀਂ , ਉਤਪਾਦਨ ਕਿਰਿਆ ਨਿਰੰਤਰ ਜਾਰੀ ਰੱਖਣੀ ਹੈ ਜਾਂ ਕੁਝ ਸਮੇਂ ਬਾਅਦ ਬੰਦ ਕਰ ਦੇਣੀ ਹੈ , ਨਫ਼ੇ ਨੁਕਸਾਨ ਨੂੰ ਸਹਿਨ ਕਰਨ ਦੀ ਜ਼ੁੰਮੇਵਾਰੀ ਕਿੰਨੀ ਕੁ ਹੈ; ਆਦਿ । ਇਹਨਾਂ ਗੱਲਾਂ ਉੱਪਰ ਆਧਾਰਿਤ ਕਰਦੇ ਹੋਏ ਹੀ ਉਦਯੋਗਿਕ ਸੰਗਠਨ ਬਣਦੇ ਹਨ ।

ਮਲਕੀਅਤ ਦੇ ਆਧਾਰ ਉੱਪਰ ਉਦਯੋਗਿਕ ਸੰਗਠਨ ( Industrial organisations ) ਦੋ ਪ੍ਰਕਾਰ ਦੇ ਹੁੰਦੇ ਹਨ ।

( ੳ ) ਨਿੱਜੀ ਅਤੇ ( ਅ ) ਸਰਕਾਰੀ ।

ਨਿੱਜੀ ਸੰਗਠਨ ਕਿਸੇ ਇੱਕਲੇ ਵਿਅਕਤੀ ਦੀ ਮਲਕੀਅਤ ਹੋ ਸਕਦੀ ਹੈ , ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਦੀ ਸਾਂਝੀ ਮਲਕੀਅਤ ਵੀ ਹੋ ਸਕਦੀ ਹੈ । ਸੰਯੁਕਤ ਪੂੰਜੀ ਕੰਪਨੀ ਵੀ ਨਿੱਜੀ ਸੰਗਠਨ ਹੋ ਸਕਦੀ ਹੈ । ਅਜਿਹੀ ਕੰਪਨੀ ਵਿੱਚ ਭਾਈਵਾਲ ਪੂੰਜੀ ਲਗਾਉਂਦੇ ਹਨ । ਜਿਸ ਅਨੁਪਾਤ ਨਾਲ ਇਹ ਪੂੰਜੀ ਲਗਾਈ ਜਾਂਦੀ ਹੈ ਉਸੇ ਹਿਸਾਬ ਨਾਲ ਉਹਨਾਂ ਨੂੰ ਲਾਭ ਦਾ ਹਿੱਸਾ ਮਿਲਦਾ ਰਹਿੰਦਾ ਹੈ ।

ਸਰਕਾਰੀ ਸੰਸਥਾਵਾਂ ਤੋਂ ਭਾਵ ਉਹਨਾਂ ਸਾਰੀਆਂ ਉਦਯੋਗਿਕ , ਵਪਾਰਿਕ ਅਤੇ ਸਰਬ-ਜਨਿਕ ਉਤਪਾਦਿਕ ਸੰਸਥਾਵਾਂ ਤੋਂ ਹੈ , ਜੋ ਸਰਕਾਰੀ ਜਾਂ ਕਿਸੇ ਸਥਾਨਿਕ ਸੰਸਥਾ ਦੀ ਮਲਕੀਅਤ , ਪੂੰਜੀ ਅਤੇ ਪ੍ਰਬੰਧ ਦੁਆਰਾ ਚੱਲਦੀਆਂ ਹੋਣ । ਉਹ ਉਦਯੋਗ ਜਿਹੜੇ ਕੌਮੀ ਸੁਰੱਖਿਆ ਦੇ ਨਜ਼ਰੀਏ ਤੋਂ ਮਹੱਤਵਪੂਰਨ ਹਨ ਜਾਂ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਪੂੰਜੀ ਨਿਵੇਸ਼ ਦੀ ਜ਼ਰੂਰਤ ਹੁੰਦੀ ਹੈ ਉਹ ਸਰਕਾਰ ਦੁਆਰਾ ਚਲਾਏ ਜਾਂਦੇ ਹਨ ਜਿਵੇਂ ਪ੍ਰਮਾਣੂ ਸ਼ਕਤੀ , ਹਵਾਈ-ਜਹਾਜ਼ , ਡਾਕ ਤੇ ਸੰਚਾਰ , ਸੋਨੇ ਦੀਆਂ ਖਾਣਾਂ ਦਾ ਕੰਮ , ਹਥਿਆਰ ਅਤੇ ਗੋਲਾ ਬਾਰੂਦ , ਪਟਰੋਲੀਅਮ , ਗੈਸ ਅਤੇ ਕਈ ਹੋਰ ਜ਼ਰੂਰੀ ਵਸਤਾਂ ਦੇ ਉਦਯੋਗ ।


ਲੇਖਕ : ਕੰਵਲਜੀਤ ਕੌਰ ਗਿੱਲ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 65, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-22-10-12-38, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.