ਉੱਚ ਪੱਧਰੀ ਭਾਸ਼ਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
High Level Language
ਮਸ਼ੀਨੀ ਭਾਸ਼ਾ ਤੇ ਅਸੈਂਬਲੀ ਭਾਸ਼ਾ ਹੇਠਲੇ ਪੱਧਰ ਦੀਆਂ ਭਾਸ਼ਾਵਾਂ (Low Level Languages) ਹਨ। ਇਹਨਾਂ ਭਾਸ਼ਾਵਾਂ ਦੀਆਂ ਹਦਾਇਤਾਂ ਯਾਦ ਕਰਨੀਆਂ ਪੈਂਦੀਆਂ ਸਨ ਤੇ ਅਕਸਰ ਗ਼ਲਤੀਆਂ ਹੋ ਜਾਂਦੀਆਂ ਸਨ। ਸੋ ਪ੍ਰੋਗਰਾਮ ਲਿਖਣ ਲਈ ਇਕ ਅਜਿਹੀ ਭਾਸ਼ਾ ਦੀ ਲੋੜ ਮਹਿਸੂਸ ਹੋਈ ਜੋ ਸਾਡੀ ਰੋਜ਼ਾਨਾ ਵਰਤੋਂ ਵਾਲੀ ਭਾਸ਼ਾ ਅਰਥਾਤ ਅੰਗਰੇਜ਼ੀ ਭਾਸ਼ਾ ਨਾਲ ਮੇਲ ਖਾਂਦੀ ਹੋਵੇ। ਬੇਸਿਕ , ਫੋਰਟਰਾਨ , ਕੋਬੋਲ , ਪਾਸਕਲ , ਸੀ , ਵੀਬੀ ਆਦਿ ਉੱਚ ਪੱਧਰੀ ਭਾਸ਼ਾਵਾਂ ਹਨ। ਇਹਨਾਂ ਭਾਸ਼ਾਵਾਂ ਵਿੱਚ ਲਿਖੀਆਂ ਹਦਾਇਤਾਂ ਲਗਭਗ ਅੰਗਰੇਜ਼ੀ ਭਾਸ਼ਾ (ਕੁਦਰਤੀ ਭਾਸ਼ਾ) ਵਰਗੀਆਂ ਹੀ ਹੁੰਦੀਆਂ ਹਨ।
ਅਸੈਂਬਲੀ ਭਾਸ਼ਾ ਦੀ ਤਰ੍ਹਾਂ ਇਸ ਨੂੰ ਕੰਪਿਊਟਰ ਸਿੱਧੇ ਤੌਰ 'ਤੇ ਨਹੀਂ ਸਮਝ ਸਕਦਾ ਤੇ ਜਿਸ ਕਾਰਨ ਇਸ ਨੂੰ ਪਹਿਲਾਂ ਮਸ਼ੀਨੀ ਭਾਸ਼ਾ ਵਿੱਚ ਬਦਲਿਆ ਜਾਂਦਾ ਹੈ। ਕੰਪਾਈਲਰ ਅਤੇ ਇੰਟਰਪ੍ਰੇਟਰ ਕੁਝ ਅਜਿਹੇ ਅਨੁਵਾਦਕ ਸਾਫਟਵੇਅਰ ਹਨ ਜੋ ਉੱਚ ਪੱਧਰੀ ਭਾਸ਼ਾ ਵਿੱਚ ਲਿਖੇ ਪ੍ਰੋਗਰਾਮਾਂ ਨੂੰ ਮਸ਼ੀਨੀ ਭਾਸ਼ਾ ਵਿੱਚ ਬਦਲ ਦਿੰਦੇ ਹਨ।
ਕੰਪਾਈਲਰ ਅਤੇ ਇੰਟਰਪ੍ਰੇਟਰ ਦੋਨੋਂ ਹੀ ਸਿਸਟਮ ਸਾਫਟਵੇਅਰ ਦੀਆਂ ਉਦਾਹਰਨਾਂ ਹਨ। ਇਹਨਾਂ ਦੀ ਵਰਤੋਂ ਉੱਚ ਪੱਧਰੀ ਭਾਸ਼ਾ ਵਿੱਚ ਲਿਖੇ ਪ੍ਰੋਗਰਾਮ ਨੂੰ ਮਸ਼ੀਨ ਭਾਸ਼ਾ ਵਿੱਚ ਬਦਲਣ ਲਈ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਇਹਨਾਂ ਨੂੰ ਭਾਸ਼ਾ ਅਨੁਵਾਦਕ (ਲੈਂਗੂਏਜ ਟ੍ਰਾਂਸਲੇਟਰ) ਕਿਹਾ ਜਾਂਦਾ ਹੈ। ਦੋਹਾਂ ਦਾ ਮੰਤਵ ਭਾਵੇਂ ਇਕ ਹੀ ਹੈ ਪਰ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਵੱਖਰਾ-ਵੱਖਰਾ ਹੈ। ਕੰਪਾਈਲਰ ਕਿਸੇ ਪ੍ਰੋਗਰਾਮ ਦੀਆਂ ਸਾਰੀਆਂ ਹਦਾਇਤਾਂ ਨੂੰ ਇਕੱਠਾ ਅਨੁਵਾਦ ਕਰਦਾ ਹੈ ਪਰ ਦੂਜੇ ਪਾਸੇ ਇੰਟਰਪ੍ਰੇਟਰ ਹਦਾਇਤਾਂ ਨੂੰ ਇਕ-ਇਕ ਲਾਈਨ ਕਰਕੇ ਅਨੁਵਾਦ ਕਰਦਾ ਹੈ। ਉਦਾਹਰਨ ਵਜੋਂ ਸੀ ਭਾਸ਼ਾ ਵਿੱਚ ਅਨੁਵਾਦਕ ਵਜੋਂ ਕੰਪਾਈਲਰ ਦੀ ਵਰਤੋਂ ਕੀਤੀ ਜਾਂਦੀ ਹੈ।
ਉੱਚ ਪੱਧਰੀ ਭਾਸ਼ਾ ਦੇ ਅਨੇਕਾਂ ਲਾਭ ਹਨ ਜੋ ਕਿ ਹੇਠਾਂ ਲਿਖੇ ਅਨੁਸਾਰ ਹਨ:
ਇਸ ਵਿੱਚ ਅੰਗਰੇਜ਼ੀ ਭਾਸ਼ਾ ਦੀ ਤਰ੍ਹਾਂ ਸਪਸ਼ਟ ਸਿੰਟੈਕਸ (ਕਥਨਾਂ) ਦੀ ਵਰਤੋਂ ਕੀਤੀ ਜਾਂਦੀ ਹੈ ਜਿਹੜਾ ਕਿ ਸਮਝਣਾ ਬਹੁਤ ਆਸਾਨ ਹੁੰਦਾ ਹੈ। ਦੂਸਰਾ ਇਹ ਕਿ ਇਕ ਕੰਪਿਊਟਰ ਵਿੱਚ ਲਿਖਿਆ ਗਿਆ ਪ੍ਰੋਗਰਾਮ ਕਿਸੇ ਹੋਰ ਮਸ਼ੀਨ (ਕੰਪਿਊਟਰ) ਉੱਤੇ ਵੀ ਵਰਤਿਆ ਜਾ ਸਕਦਾ ਹੈ। ਇਸ ਵਿੱਚ ਲਿਖੇ ਗਏ ਪ੍ਰੋਗਰਾਮ ਛੋਟੇ ਤੇ ਇਹ ਬਹੁ-ਮੰਤਵੀ ਹੁੰਦੇ ਹਨ।
ਆਮ ਵਰਤੋਂ ਵਿੱਚ ਆਉਣ ਵਾਲੇ ਸਾਰੇ ਸਾਫਟਵੇਅਰ ਪੈਕੇਜ ਉੱਚ ਪੱਧਰੀ ਕੰਪਿਊਟਰੀ ਭਾਸ਼ਾ ਵਿੱਚ ਲਿਖੇ ਜਾਂਦੇ ਹਨ। ਅੱਜ ਬਹੁਤ ਸਾਰੀਆਂ ਕੰਪਿਊਟਰੀ ਭਾਸ਼ਾਵਾਂ ਦੀ ਖੋਜ ਹੋ ਚੁੱਕੀ ਹੈ। ਹਰੇਕ ਭਾਸ਼ਾ ਕਿਸੇ ਖ਼ਾਸ ਮੰਤਵ ਦੀ ਪੂਰਤੀ ਲਈ ਬਣਾਈ ਜਾਂਦੀ ਹੈ। ਜਿਵੇਂ ਕਿ ਸੀ ਅਤੇ ਸੀ ਪਲੱਸ-ਪਲੱਸ ਭਾਸ਼ਾਵਾਂ ਉੱਥੇ ਵਰਤੀਆਂ ਜਾਂਦੀਆਂ ਹਨ ਜਿੱਥੇ ਬਹੁਤ ਹੀ ਗੁੰਝਲਦਾਰ ਸਾਫਟਵੇਅਰ ਤਿਆਰ ਕਰਨੇ ਹੋਣ। ਇਸੇ ਪ੍ਰਕਾਰ ਵਿਗਿਆਨਿਕ ਪ੍ਰਯੋਗਾਂ ਵਿੱਚ ਫੋਰਟਰਾਨ ਭਾਸ਼ਾ ਦਾ ਉਪਯੋਗ ਕੀਤਾ ਜਾਂਦਾ ਹੈ। ਹਰੇਕ ਭਾਸ਼ਾ ਦੀ ਆਪਣੀ ਵੱਖਰੀ ਸ਼ਬਦਾਵਲੀ ਅਤੇ ਵਾਕ-ਰਚਨਾ ਹੁੰਦੀ ਹੈ ਜਿਸ ਕਾਰਨ ਹਰੇਕ ਭਾਸ਼ਾ ਦੂਸਰੀ ਭਾਸ਼ਾ ਤੋਂ ਭਿੰਨ ਹੁੰਦੀ ਹੈ। ਕੁਝ ਮਹੱਤਵਪੂਰਨ ਉੱਚ ਪੱਧਰੀ ਭਾਸ਼ਾਵਾਂ ਇਸ ਪ੍ਰਕਾਰ ਹਨ:
· ਫੋਰਟਰਾਨ
· ਕੋਬੋਲ
· ਬੇਸਿਕ
· ਪਾਸਕਲ
· ਪੀਐਲ/1
· ਸੀ ਅਤੇ ਸੀ ਪਲੱਸ ਪਲੱਸ
· ਜਾਵਾ
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1289, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਉੱਚ ਪੱਧਰੀ ਭਾਸ਼ਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
High Level Language
ਇਹ ਇਕ ਪ੍ਰੋਗਰਾਮਿੰਗ ਭਾਸ਼ਾ ਹੈ ਜਿਸ ਦੀਆਂ ਹਦਾਇਤਾਂ (ਕਮਾਂਡਾਂ) ਅੰਗਰੇਜ਼ੀ ਵਰਗੀ ਸਮਝਣ ਯੋਗ ਭਾਸ਼ਾ ਨਾਲ ਮੇਲ ਖਾਂਦੀਆਂ ਹਨ। ਇਸ ਭਾਸ਼ਾ ਵਿੱਚ ਕੰਮ ਕਰਦੇ ਸਮੇਂ ਵਰਤੋਂਕਾਰ (ਪ੍ਰੋਗਰਾਮਰ) ਨੂੰ ਮਸ਼ੀਨੀ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਨਹੀਂ ਹੁੰਦਾ। ਬੇਸਿਕ , ਫੋਰਟਰਾਨ , ਪਾਸਕਲ , ਸੀ , ਜਾਵਾ ਆਦਿ ਉੱਚ ਪੱਧਰੀ ਭਾਸ਼ਾ ਦੀਆਂ ਉਦਾਹਰਨਾਂ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1289, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First