ਊਨਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਊਨਾ. ਸੰ. ਊਨ . ਵਿ— ਅਪੂਰਣ. ਨ੍ਯੂਨ. ਊਣਾ. “ ਊਨੇ ਕਾਜ ਨ ਹੋਵਤ ਪੂਰੇ.” ( ਰਾਮ ਮ : ੫ ) ੨ ਸੰਗ੍ਯਾ— ਇੱਕ ਛੋਟੀ ਅਸੀਲ ਤਲਵਾਰ , ਜੋ ਤਕੀਏ ਹੇਠ ਰੱਖੀ ਜਾ ਸਕੇ. ਨੀਮਚਾ. “ ਮਿਸਰੀ ਊਨਾ ਨਾਮ , ਸੈਫ ਸਰੋਹੀ ਸਸਤ੍ਰਪਤਿ.” ( ਸਨਾਮਾ ) ਦੇਖੋ , ਸਸਤ੍ਰ । ੩ ਹੁਸ਼ਿਆਰਪੁਰ ਦੇ ਜਿਲੇ ਇੱਕ ਨਗਰ , ਜਿਸ ਥਾਂ ਤਸੀਲ ਹੈ. ਇਹ ਬਾਬਾ ਸਾਹਿਬ ਸਿੰਘ ਜੀ ਬੇਦੀ ਦੀ ਰਾਜਧਾਨੀ ਸੀ. ਸਨ ੧੮੪੮ ਵਿੱਚ ਬਾਬਾ ਵਿਕ੍ਰਮ ਸਿੰਘ ਜੀ ਦੇ ਵੇਲੇ ਅੰਗ੍ਰੇਜ਼ਾਂ ਨੇ ਇਸ ਨੂੰ ਜਬਤ ਕੀਤਾ. ਹੁਣ ਬਾਬਾ ਜੀ ਦੀ ਔਲਾਦ ਊਨੇ ਵਿੱਚ ਜਾਗੀਰਦਾਰ ਹੈ. ਦੇਖੋ , ਵੇਦੀਵੰਸ਼.

          ਊਨੇ ਦੇ ਪਾਸ ਹੀ ਦੱਖਣ ਪੂਰਵ ਵੱਲ ਇੱਕ ਬਾਗ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਪਵਿਤ੍ਰ ਅਸਥਾਨ “ ਦਮਦਮਾ ਸਾਹਿਬ” ਹੈ. ਗੁਰੁਦ੍ਵਾਰੇ ਨਾਲ ਛੀ ਘੁਮਾਉਂ ਦੇ ਬਾਗ ਤੋਂ ਛੁੱਟ ਹੋਰ ਕੋਈ ਜਾਗੀਰ ਨਹੀਂ. ਇਸ ਦਾ ਇੰਤਜਾਮ ਊਨੇ ਦੇ ਰਈਸ ਬੇਦੀ ਸਾਹਿਬ ਦੇ ਹੱਥ ਹੈ. ਊਨੇ ਲਈ ਰੇਲ ਦਾ ਸਟੇਸ਼ਨ “ ਜੇਜੋਂ ਦੁਆਬਾ” ਹੈ , ਜਿਸ ਤੋਂ ੧੨ ਮੀਲ ਦੀ ਵਿੱਥ ਹੈ ।

          ੪ ਭਾਰਤ ਦੇ ਉੱਤਰ ਪੱਛਮ ਸਿੰਧਨਦ ਅਤੇ ਸ੍ਵਾਤ ਦੇ ਮੱਧ ਇੱਕ ਪਹਾੜ , ਜੋ ਸਮੁੰਦਰ ਦੀ ਸਤਹ ਤੋਂ ੧੬੦੦ ਫੁਟ ਉੱਚਾ ਹੈ. ਇਸ ਨੂੰ ਯੂਨਾਨੀਆਂ ਨੇ ਸਿਕੰਦਰ ਦੇ ਇਤਿਹਾਸ ਵਿੱਚ Aornos ਲਿਖਿਆ ਹੈ. ਪਠਾਣਾਂ ਵਿੱਚ ਇਸ ਦਾ ਨਾਉਂ “ ਪੀਰ ਸਰ” ਭੀ ਪ੍ਰਸਿੱਧ ਹੈ. ਜਨਮਸਾਖੀ ਅਨੁਸਾਰ ਗੁਰੂ ਨਾਨਕ ਦੇਵ ਦੇ ਚਰਣਾ ਨਾਲ ਊਨਾ ਪਵਿਤ੍ਰ ਹੋਇਆ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1131, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਊਨਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਾ ( ਨਗਰ ) : ਗੁਰੂ ਨਾਨਕ ਦੇਵ ਜੀ ਦੇ ਵੰਸ਼ ਵਿਚ ਹੋਏ ਬਾਬਾ ਸਾਹਿਬ ਸਿੰਘ ਬੇਦੀ ( ਵੇਖੋ ) ਦੀ ਰਾਜਧਾਨੀ ਵਜੋਂ ਪ੍ਰਸਿੱਧ ‘ ਊਨਾ’ ਨਗਰ ਪਹਿਲਾਂ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸੀ , ਪਰ ਹਿਮਾਚਲ ਦੇ ਸੂਬਾ ਬਣਨ ਨਾਲ ਇਸ ਨੂੰ ਉਸ ਦੇ ਇਕ ਜ਼ਿਲ੍ਹੇ ਦਾ ਸਦਰ ਮੁਕਾਮ ਬਣਾਇਆ ਗਿਆ ਹੈ । ਇਥੋਂ ਹੀ ਬੇਦੀ ਸਾਹਿਬ ਧਰਮ-ਪ੍ਰਚਾਰ ਅਤੇ ਸੈਨਿਕ ਮੁਹਿੰਮਾਂ ਉਤੇ ਜਾਂਦੇ ਸਨ । ਜੀਵਨ ਦਾ ਅੰਤਿਮ ਦਹਾਕਾ ਉਹ ਲਗਭਗ ਇਥੇ ਹੀ ਰਹਿ ਕੇ ਧਰਮ-ਪ੍ਰਚਾਰ ਕਰਦੇ ਰਹੇ ਸਨ । ਬਾਬਾ ਸਾਹਿਬ ਸਿੰਘ ਬੇਦੀ ਦੇ ਸਭ ਤੋਂ ਛੋਟੇ ਪੁੱਤਰ ਬਾਬਾ ਬਿਕ੍ਰਮ ਸਿੰਘ ਨੇ ਜਦੋਂ ਅੰਗ੍ਰੇਜ਼ਾਂ ਵਿਰੁੱਧ ਦੂਜੀ ਲੜਾਈ ਲੜਨ ਲਈ ਦੀਵਾਨ ਮੂਲ ਰਾਜ ਅਤੇ ਸਰਦਾਰ ਚਤਰ ਸਿੰਘ ਅਟਾਰੀ ਵਾਲੇ ਨਾਲ ਸੰਪਰਕ ਕੀਤਾ ਤਾਂ ਅੰਗ੍ਰਜ਼ੇਾਂ ਨੇ ਉਸ ਦੀ ਰਿਆਸਤ ਨੂੰ ਜ਼ਬਤ ਕਰ ਲਿਆ ।

                      ਗੁਰੂ ਹਰਿਗੋਬਿੰਦ ਸਾਹਿਬ ਦੀ ਆਮਦ ਦੀ ਯਾਦ ਵਿਚ ਨਗਰ ਦੇ ਬਾਹਰ ‘ ਦਮਦਮਾ’ ਨਾਂ ਦਾ ਗੁਰਦੁਆਰਾ ਬਣਿਆ ਹੋਇਆ ਹੈ ਜਿਸ ਦੀ ਦੇਖ-ਭਾਲ ਬਾਬਾ ਸਾਹਿਬ ਸਿੰਘ ਬੇਦੀ ਦੇ ਵੰਸ਼ਜ ਕਰਦੇ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1054, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਊਨਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਊਨਾ : ਨੰਗਲ-ਅੰਬ ਸੜਕ ‘ ਤੇ ਹਿਮਾਚਲ ਪ੍ਰਦੇਸ਼ ਦਾ ਇਕ ਜ਼ਿਲਾ ਜੋ ਗੁਰੂ ਹਰਗੋਬਿੰਦ ਜੀ ਦੇ ਇਥੇ ਆਉਣ ਕਰਕੇ ਪਵਿੱਤਰ ਹੈ । ਗੁਰੂ ਜੀ ਦੀ ਯਾਦ ਵਿਚ ਸ਼ਹਿਰ ਦੇ ਦੱਖਣ ਪੂਰਬ ਵਾਲੇ ਪਾਸੇ ਮੁੱਖ ਸੜਕ ‘ ਤੇ ਚਾਰਦੀਵਾਰੀ ਅੰਦਰ ਗੁੰਬਦ ਵਾਲਾ ਇਕ ਛੋਟਾ ਜਿਹਾ ਕਮਰਾ ਬਣਿਆ ਹੋਇਆ ਹੈ । ਇਹ ਬਾਬਾ ਸਾਹਿਬ ਸਿੰਘ ਬੇਦੀ ( 1756-1834 ) ਦੇ ਗੱਦੀ ਨਸ਼ੀਨਾਂ ਦੇ ਪ੍ਰਬੰਧ ਹੇਠ ਹੈ , ਜੋ ਕਦੇ ਊਨਾ ‘ ਤੇ ਰਾਜ ਕਰਦੇ ਸਨ ।


ਲੇਖਕ : ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1054, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਊਨਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਊਨਾ : ਜ਼ਿਲ੍ਹਾ ਊਨਾ ਪਹਿਲਾਂ ਪੰਜਾਬ ਰਾਜ ( ਭਾਰਤ ) ਦੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਇਕ ਉਪ - ਮੰਡਲ ਸੀ ਜਿਸ ਵਿਚ ਊਨਾ ਸ਼ਹਿਰ ਅਤੇ 290 ਪਿੰਡ ਸ਼ਾਮਲ ਸਨ 1966 . ਵਿਚ ਜਦੋਂ ਪੰਜਾਬ ਦੇ ਪਹਾੜੀ ਇਲਾਕੇ ਹਿਮਾਚਲ ਪ੍ਰੇਦਸ਼ ਵਿਚ ਰਲਾ ਦਿੱਤੇ ਗਏ ਤਾਂ ਊਨਾ ਉਪ - ਮੰਡਲ ਨੂੰ ਕਾਂਗੜਾ ਜ਼ਿਲ੍ਹੇ ਦਾ ਭਾਗ ਬਣਾ ਦਿੱਤਾ ਗਿਆ ਕਾਂਗੜੇ ਦਾ ਸਦਰ ਮੁਕਾਮ ਧਰਮਸਾਲਾ ਸੀ ਅਤੇ ਇੱਥੇ ਆਉਣ ਜਾਣ ਵਿਚ ਬਹੁਤ ਕਠਿਨਾਈ ਆਉਂਦੀ ਸੀ

                                                                          ਪ੍ਰਬੰਧਕੀ ਔਕੜਾਂ ਨੂੰ ਮੁੱਖ ਰਖਦਿਆਂ 1 ਸਤੰਬਰ 1972 . ਤੋਂ ਊਨੇ ਨੂੰ ਇਕ ਵੱਖਰਾ ਜ਼ਿਲ੍ਹਾ ਬਣਾ ਦਿੱਤਾ ਗਿਆ ਹੈ ਇਸ ਵਿਚ ਹਮੀਰਪੁਰ ਤਹਿਸੀਲ ਦਾ ਢੁੰਡਲਾ ਬਲਾਕ ਸ਼ਾਮਲ ਕੀਤਾ ਗਿਆ ਹੈ ਇਸ ਦੇ ਨਾਲ ਹੀ ਅੰਬ ਨੂੰ ਸਬ - ਤਹਿਸੀਲ ਤੋਂ ਤਹਿਸੀਲ ਬਣਾ ਦਿੱਤਾ ਗਿਆ ਹੈ ਜ਼ਿਲ੍ਹੇ ਦੇ ਦਫ਼ਤਰ ਊਨਾ ਸ਼ਹਿਰ ਵਿਚ ਹਨ ਗਰਰੇਟ ਦੇ ਨੇੜੇ ਸਵਾਂ ਨਦੀ ਤੇ 25 ਲੁੱਖ ਰੁਪਏ ਖਰਚ ਕੇ ਇਹ ਪੁਲ ਬਣਾ ਦਿੱਤਾ ਗਿਆ ਹੈ ਇਸ ਨਾਲ ਚੰਡੀਗਤ੍ਹ ਤੋਂ ਊਨਾ ਹੋ ਕੇ ਧਰਮਸਾਲਾ ਜਾਣ ਵਾਲੀ ਸੜਕ ਸਾਰੇ ਸਾਲ ਲਈ ਚਾਲੂ ਹੋ ਗਈ ਹੈ

                                                                          ਊਨਾ ਜ਼ਿਲ੍ਹੇ ਦਾ ਕੁਲ ਖੇਤਰਫਲ 1524 . ਕਿ . ਮੀ . ਅਤੇ ਆਬਾਦੀ 2 , 22 , 009 ( 1971 ) ਹੈ ਇਹ ਜ਼ਿਲ੍ਹਾ ਆਬਾਦੀ ਦੇ ਆਧਾਰ ਦੇ ਬਿਲਾਸਪੁਰ , ਸ਼ਿਮਲਾ ਲਾਹੌਲ , ਸਪਿੱਤੀ , ਕੁੱਲੂ ਅਤੇ ਕਿਨੌਰ ਨਾਲੋਂ ਵੱਡਾ ਹੈ , ਪਰ ਖਤੇਰਫਲ ਪੱਖੋਂ ਸ਼ਿਮਲੇ ਅਤੇ ਬਿਲਾਸਪੁਰ ਦੇ ਲਗਭਗ ਬਰਾਬਰ ਹੈ

                                                                          ਸ਼ਹਿਰ ਊਨਾ ਸ਼ਹਿਰ ਹੁਸ਼ਿਆਰਪੁਰ ਤੋਂ ਪੂਰਬ ਵਿਚ 40 ਕਿ . ਮੀ . ਦੂਰ ਹੈ ਇਥੇ ਇਕ ਡਿਗਰੀ ਕਾਲਜ , ਲੜਕਿਆਂ ਦੇ ਦੋ ਹਾਇਰ ਸੈਕੰਡਰੀ ਸਕੂਲ ਅਤੇ ਲੜਕੀਆਂ ਦਾ ਇਕ ਹਾਈ ਸਕੂਲ ਹੈ 20 ਬਿਸਤਰਿਆਂ ਵਾਲਾ ਇਕ ਸਰਕਾਰੀ ਹਸਪਤਾਲ ਹੈ ਇਸ ਸ਼ਹਿਰ ਤੋਂ ਨੰਗਲ , ਹਮੀਰਪੁਰ , ਧਰਮਸਾਲਾ ਅਤੇ ਹੁਸ਼ਿਆਰਪੁਰ ਨੂੰ ਪੱਕੀਆਂ ਸੜਕਾਂ ਜਾਂਦੀਆਂ ਹਨ ਇਸ ਨੂੰ ਰੇਲ ਰਾਹੀਂ ਜੇਜੋਂ ਅਤੇ ਨੰਗਲ ਨਾਲ ਜੋੜਨ ਦੀ ਤਜਵੀਜ਼ ਤੇ ਸਰਕਾਰ ਗੌਰ ਕਰ ਰਹੀ ਹੈ

                                                                          ਊਨੇ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਜੋ ਆਧੁਨਿਕ ਸਹੂਲਤਾਂ ਪ੍ਰਾਪਤ ਹੋਣ ਨਾਲ ਦਿਨੋਂ ਦਿਨ ਉੱਨਤ ਹੋ ਰਹੀ ਹੈ ਕੁਝ ਸਾਲਾਂ ਤਕ ਇਹ ਜ਼ਿਲ੍ਹਾ ਹਿਮਾਚਲ ਪ੍ਰੇਦਸ਼ ਦਾ ਅਨਾਜ - ਘਰ ਕਹਾਉਣ ਲਗ ਪਏਗਾ ਜ਼ਿਲ੍ਹੇ ਦੀ ਉਨੱਤੀ ਲਈ ਚਾਰ ਬਲਾਕ ਕੰਮ ਕਰ ਰਹੇ ਹਨ

                                                                          ਊਨਾ , ਮਾਹਤਪੁਰ ਤੇ ਗਗਰੇਟ ਇਸ ਜ਼ਿਲ੍ਹੇ ਦੀਆਂ ਵੱਡੀਆਂ ਅਨਾਜ ਮੰਡੀਆਂ ਹਨ ਜ਼ਿਲ੍ਹੇ ਵਿਚ ਕਈ ਧਰਮ - ਅਸਥਾਨ ਹਨ ਚਿੰਤਪੁਰਨੀ ਵਿਚ ਸਾਲ ਦੇ ਤਿੰਨ ਮੇਲੇ ਲਗਦੇ ਹਨ ਹੋਲੀ ਦੇ ਤਿਉਹਾਰ ਤੇ ਲੱਖਾਂ ਯਾਤਰੀ ਡੇਰਾ ਬਾਬਾ ਵਡਬਾਗ ਸਿੰਘ ਦੇ ਦਰਸ਼ਨਾਂ ਲਈ ਜਾਂਦੇ ਹਨ ਕਈ ਹਜ਼ਾਰ ਯਾਤਰੀ ਹਰ ਸਾਲ ਬਾਬਾ ਰੁਦਰੂ ਦੇ ਡੇਰੇ ਅਤੇ ਜੋਗ ਪੰਗੇ ਦੇ ਦਰਸ਼ਨਾਂ ਨੂੰ ਆਉਂਦੇ ਹਨ ਊਨੇ ਵਿਚ ਬਾਬਾ ਸਾਹਿਬ ਸਿੰਘ ਬੇਦੀ ਦਾ ਡੇਰਾ ਵੀ ਹੈ


ਲੇਖਕ : ਵੀਰ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1054, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-10, ਹਵਾਲੇ/ਟਿੱਪਣੀਆਂ: no

ਊਨਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਊਨਾ   : ਇਹ ਪਹਿਲਾਂ ਅਣਵੰਡੇਰ ਜ਼ਿਲ੍ਹੇ ਦਾ ਇਕ ਸ਼ਹਿਰ ਸੀ ਪਰ 1966ਈ. ਵਿਚ ਜਦੋਂ ਪੰਜਾਬ ਦੇ ਪਹਾੜੀ ਇਲਾਕੇ ਹਿਮਾਚਲ ਪ੍ਰਦੇਸ਼ ਵਿਚ ਰਲਾ ਦਿੱਤੇ ਗਏ ਤਾਂ ਇਸ ਸ਼ਹਿਰ ਨੂੰ ਵੀ ਹਿਮਾਚਲ ਪ੍ਰਦੇਸ਼ ਵਿਚ ਮਿਲਾ ਦਿੱਤਾ ਗਿਆ । ਹੁਣ ਇਹ ਇਸੇ ਹੀ ਨਾਂ ਦੇ ਜ਼ਿਲ੍ਹੇ ਦਾ ਸਦਰ ਮੁਕਾਮ ਹੈ । ਇਹ ਹੁਸ਼ਿਆਰਪੁਰ ਤੋਂ 40 ਕਿ. ਮੀ. ਪੂਰਬ ਵੱਲ ਅਤੇ ਜੇਜੋਂ ਦੁਆਬਾ ਰੇਲਵੇ ਸਟੇਸ਼ਨ ਤੋਂ ਲਗਭਗ 20 ਕਿ. ਮੀ. ਦੀ ਦੂਰੀ ਤੇ ਸਥਿਤ ਹੈ । ਇਹ ਸੜਕਾਂ ਰਾਹੀਂ ਨੰਗਲ , ਹੁਸ਼ਿਆਰਪੁਰ , ਹਮੀਰਪੁਰ ਅਤੇ ਧਰਮਸ਼ਾਲਾ ਨਾਲ ਜੁੜਿਆ ਹੋਇਆ ਹੈ । ਇਹ ਸ਼ਹਿਰ ਊਨਾ ਜ਼ਿਲ੍ਹੇ ਦੀਆਂ ਵੱਡੀਆਂ ਆਨਾਜ ਮੰਡੀਆਂ ਵਿਚੋਂ ਇਕ ਹੈ । ਇਥੇ ਬਾਬਾ ਸਾਹਿਬ ਸਿੰਘ ਬੇਦੀ ਦਾ ਡੇਰਾ ਹੈ । ਸੰਨ 1848 ਵਿਚ ਬਾਬਾ ਵਿਕਰਮ ਸਿੰਘ ਦੇ ਸਮੇਂ ਅੰਗਰੇਜ਼ਾਂ ਨੇ ਇਸ ਉੱਤੇ ਕਬਜ਼ਾ ਕਰ ਲਿਆ ।

              ਸ਼ਹਿਰ ਦੇ ਨੇੜੇ ਹੀ ਦੱਖਣ-ਪੂਰਬ ਵੱਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦੁਆਰਾ ਹੈ । ਸੰਨ 1867 ਤੋਂ ਇਥੇ ਨਗਰਪਾਲਿਕਾ ਹੈ । ਸ਼ਹਿਰ ਵਿਚ ਇਕ ਡਿਗਰੀ ਕਾਲਜ ਲੜਕਿਆਂ ਲਈ , ਦੋ ਹਾਇਰ ਸੈਕੰਡਰੀ ਸਕੂਲ ਅਤੇ ਲੜਕੀਆਂ ਦਾ ਇਕ ਹਾਈ ਸਕੂਲ ਹੈ । ਇਸ ਤੋਂ ਇਲਾਵਾ ਇਥੇ ਇਕ ਸਰਕਾਰੀ ਹਸਪਤਾਲ ਵੀ ਹੈ ।

              ਸਥਿਤੀ          –           31          28            ਉ.        ਵਿਥ.  ;         76        17            ਪੂ.            ਲੰਬ.

              ਆਬਾਦੀ        –                 3 , 78    269        ( 1991 )


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 348, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-23-11-40-58, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਇੰਪ. ਗ. ਇੰਡ. 24: 121 ਸੈਂ. ਇੰ-1919

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.