ਕਢਾਈ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਢਾਈ : ਕਢਾਈ ਸੂਈ ਦੇ ਨੱਕੇ ( ਛੇਕ ) ਵਿੱਚੋਂ ਲੰਘਾਏ ਧਾਗੇ ਨਾਲ ਕੱਪੜੇ ਦੀ ਸਤਹ ਨੂੰ ਵਿੰਨ੍ਹ ਕੇ ਬਣਾਏ ਨਮੂਨੇ ਨੂੰ ਕਿਹਾ ਜਾਂਦਾ ਹੈ । ਇਸ ਲੋਕ-ਕਲਾ ਨੂੰ ਸਦੀਆਂ ਤੋਂ ਬਹੁਤੇ ਮੁਲਕਾਂ ਦੀਆਂ ਬਜ਼ੁਰਗ ਸੁਆਣੀਆਂ ਵਿਰਾਸਤ ਦੇ ਰੂਪ ਵਿੱਚ ਅਗਲੇਰੀਆਂ ਪੀੜ੍ਹੀਆਂ ਨੂੰ ਸੌਂਪਦੀਆਂ ਰਹੀਆਂ ਹਨ । ਪਰ ਇਸ ਕਲਾ ਨੂੰ ਜੇਕਰ ਕੋਈ ਪ੍ਰਬੀਨਤਾ ਨਾਲ ਜੋੜ ਕੇ ਵਿਵਸਾਇ ( ਕਿੱਤੇ ) ਦੇ ਤੌਰ ’ ਤੇ ਅਪਣਾ ਲਵੇ ਤਾਂ ਇਹ ਲੋਕ-ਕਲਾ ਕਸੀਦਾਕਾਰੀ ਦੀ ਕੋਟੀ ਵਿੱਚ ਆ ਜਾਂਦੀ ਹੈ ।

        ਇੱਕ ਧਾਰਨਾ ਅਨੁਸਾਰ , ਇਹ ਕਲਾ ਕੱਪੜੇ ਦੀ ਬਣਤ ਤੋਂ ਵੀ ਪ੍ਰਾਚੀਨ ਹੈ । ਕਿਹਾ ਜਾਂਦਾ ਹੈ ਕਿ ਸੱਭਿਅਕ ਸਮਾਜਾਂ ਦੇ ਹੋਂਦ ਵਿੱਚ ਆਉਣ ਤੋਂ ਵੀ ਪਹਿਲਾਂ , ਜਾਂਗਲੀ ਮਨੁੱਖ ਨੇ ਨਾਚਾਂ ਸਮੇਂ ਚਿਹਰੇ ਤੇ ਚੜ੍ਹਾਏ ਜਾਣ ਵਾਲੇ ਮੁਖੌਟਿਆਂ , ਹਥਿਆਰਾਂ ਅਤੇ ਰੋਜ਼ਾਨਾ ਵਰਤੋਂ ਦੇ ਸਾਜ਼ੋ- ਸਾਮਾਨ ਦੀ ਸਜਾਵਟ ਲਈ ਜੋ ਨਮੂਨੇ ਪ੍ਰਕਿਰਤੀ ਦੀ ਦਿੱਖ ਵਿੱਚੋਂ ਚੁਣ ਕੇ ਬਣਾਏ , ਸਮਾਂ ਪਾ ਕੇ ਉਹੋ ਨਮੂਨੇ ਹੀ ਧਾਗੇ , ਧਾਤ ਦੀਆਂ ਰੰਗ-ਬਰੰਗੀਆਂ ਤਾਰਾਂ ਅਤੇ ਤੋਪਿਆਂ ( ਟਾਂਕੇ ) ਦੀਆਂ ਵਿਧੀਆਂ ਵਿੱਚ ਬਦਲ ਕੇ ਵੱਖ-ਵੱਖ ਮੁਲਕਾਂ ਅਤੇ ਪ੍ਰਾਂਤਾਂ ਵਿੱਚ ‘ ਕਢਾਈ’ ਅਤੇ ‘ ਕਸੀਦਾਕਾਰੀ’ ਦੇ ਵਿਭਿੰਨ ਨਾਵਾਂ ਨਾਲ ਪ੍ਰਸਿੱਧ ਹੋਏ ।

        ਸੰਸਾਰ ਵਿੱਚ ਮੁੱਖਤਾ ਤਿੰਨ ਤਰ੍ਹਾਂ ਦੀ ਕਢਾਈ/ ਕਸੀਦਾਕਾਰੀ ਮਿਲਦੀ ਹੈ :

              1. ਰੋਜ਼ਾਨਾ ਅਤੇ ਵਿਆਹ ਸ਼ਾਦੀ ਸਮੇਂ ਵਰਤੋਂ ਵਿੱਚ ਆਉਣ ਵਾਲੇ ਵਸਤਰਾਂ ’ ਤੇ ਕੀਤੀ ਜਾਣ ਵਾਲੀ ਕਢਾਈ । ( ਪੇਂਡੂ ਲੋਕਾਂ ਦੇ ਵਰਤੋਂ ਵਿੱਚ ਆਉਣ ਵਾਲੀ ਉਪਰੋਕਤ ਕਿਸਮ ਦੀ ਕਢਾਈ ਲੋਕ-ਕਲਾ ਦੀ ਕੋਟੀ ਵਿੱਚ ਆਉਂਦੀ ਹੈ । )

              2. ਰਾਜੇ-ਮਹਾਰਾਜਿਆਂ ਦੇ ਵਸਤਰਾਂ ਤੇ ਕੀਤੀ ਜਾਣ ਵਾਲੀ ਕਢਾਈ । ( ਇਹ ਕਸੀਦਾਕਾਰੀ ਦੀ ਕੋਟੀ ਵਿੱਚ ਆਉਂਦੀ ਹੈ ਕਿਉਂਕਿ ਜਿਸ ਨੂੰ ਇਵਜ਼ਾਨਾ ਦੇ ਕੇ ਕਾਰੀਗਰਾਂ ਦੁਆਰਾ ਕਢਵਾਇਆ ਜਾਂਦਾ ਹੈ । )

              3. ਧਾਰਮਿਕ ਅਕੀਦੇ ਨਾਲ ਸੰਬੰਧਿਤ ਵਸਤਰਾਂ ’ ਤੇ ਕੀਤੀ ਜਾਣ ਵਾਲੀ ਕਸੀਦਾਕਾਰੀ ।

        ਈਰਾਨ , ਚੀਨ , ਜਪਾਨ , ਯੂਰਪ , ਜਰਮਨ ਜਾਂ ਭਾਰਤ ਆਦਿ ਦੇ ਕਿਸੇ ਵੀ ਮੁਲਕ ਦੀ ਕਸੀਦਾਕਾਰੀ ਜਾਂ ਕਢਾਈ ਵਿੱਚ ਨਿਮਨ ਪ੍ਰਕਾਰ ਦੇ ਨਾਂਵਾਂ ਵਾਲੇ ਤੋਪੇ ( ਟਾਂਕੇ ) ਪ੍ਰਸਿੱਧ ਹੋਏ : ਮੱਛੀ ਤੋਪਾ , ਕੱਚਾ ਤੋਪਾ , ਚੋਪ ਤੋਪਾ , ਲੌਂਗ ਤੋਪਾ , ਰਫ਼ੂਗਰੀ ( ਬੁਣਤੀ ) ਤੋਪਾ , ਨਮਦਾ ਤੋਪਾ , ਲਪੇਟਵਾਂ ਤੋਪਾ , ਸਿੱਧਾ ਤੋਪਾ , ਪੁੱਠਾ ਤੋਪਾ , ਸਿੰਧੀ ਤੋਪਾ , ਗੰਢ ਤੋਪਾ , ਜੰਜੀਰੀ ਤੋਪਾ , ਕਾਟੀ ਤੋਪਾ , ਕਸ਼ਮੀਰੀ ਤੋਪਾ , ਉਲਟਾਵਾਂ ਤੋਪਾ , ਕਾਂਟਾ ਤੋਪਾ , ਕਾਜ ( ਮੋਰੀ ) ਤੋਪਾ , ਲੱਛਾ ਤੋਪਾ , ਬਿੰਦੂ ਤੋਪਾ , ਬਖੀਆ ਤੋਪਾ , ਟਾਂਕਾ ਤੋਪਾ ਆਦਿ... ।

        ਕਈ ਪੱਖਾਂ ਤੋਂ ਯੂਰਪੀਨ ਦੇਸ਼ਾਂ ਦੀ ਕਸੀਦਾਕਾਰੀ ਮਨਮੋਹਕ ਰਹੀ ਹੈ ਜਿਸ ਵਿੱਚ ਕਾਟੀ ( ਕਰਾਸ ) ਤੋਪੇ ਦੀ ਵਰਤੋਂ ਵਧੇਰੇ ਹੋਈ । ਇਹ ਕਢਾਈ ਇੱਕ ਤਰ੍ਹਾਂ ਪੰਜਾਬ ਦੀ ‘ ਬਾਗ਼ ਫੁਲਕਾਰੀ’ , ਕਰਨਾਟਕਾ ਦੀ ‘ ਕਸੂਤੀ’ ਅਤੇ ਬਿਹਾਰ ਦੀ ( ਪੁੱਠੇ ਸਿੱਧੇ ਪਾਸੇ ਇੱਕੋ ਜਿਹੀ ਦਿੱਸਣ ਵਾਲੀ ) ਦੁ-ਮੂੰਹੀ ਕਢਾਈ ਵਰਗੀ ਹੀ ਸੀ ਜੋ ਊਨੀ ਅਤੇ ਸੂਤੀ ਕੱਪੜਿਆਂ ’ ਤੇ ਕੱਢੀ ਜਾਂਦੀ ਰਹੀ ਹੈ । ਪ੍ਰਾਚੀਨ ਸਮਿਆਂ ਵਿੱਚ ਇਸ ਕਢਾਈ ਦੇ ਨਮੂਨੇ ਚਿੱਟੇ ਅਤੇ ਕਾਲੇ ਧਾਗਿਆਂ ਨਾਲ ਕੱਢੇ ਜਾਂਦੇ ਸਨ , ਜਿਨ੍ਹਾਂ ਦਾ ਪ੍ਰਭਾਵ ਯੂਰਪ ਦੇਸ਼ਾਂ ਦੀ ਅਜੋਕੀ ਕਢਾਈ ਉੱਤੇ ਵੀ ਪਿਆ ਵੇਖਿਆ ਜਾ ਸਕਦਾ ਹੈ । ਲਗਪਗ ਦਸਵੀਂ ਸਦੀ ਤੋਂ ਮਗਰੋਂ ਸਪੇਨ , ਜਰਮਨੀ ਆਦਿ ਯੂਰਪੀਨ ਦੇਸ਼ਾਂ ਦੀ ਕਢਾਈ ਦੇ ਨਮੂਨਿਆਂ ਵਿੱਚ ਮਨੁੱਖ , ਪਸ਼ੂ , ਪੰਛੀ ਅਤੇ ਫੁੱਲਾਂ ਬੂਟਿਆਂ ਦੇ ਚਿੱਤਰ ਮਿਲਣ ਲੱਗਦੇ ਹਨ । ਦਸਵੀਂ ਸਦੀ ਤੋਂ ਪਹਿਲਾਂ ਦੀ ਕਢਾਈ ਦੇ ਵੇਰਵੇ ਉਪਲਬਧ ਨਹੀਂ ਹਨ ਪਰ ਉਸ ਤੋਂ ਬਾਅਦ ਦੀ ਕਢਾਈ ਵਿੱਚ ਜੰਜੀਰੀ ਤੋਪਾ ( ਚੇਨ ) , ਉੱਭਰਵਾਂ ( ਗੰਢਦਾਰ ) , ਕਾਜ ਤੋਪਾ ( ਛੇਕਦਾਰ ) , ਲਪੇਟਵਾਂ ਤੋਪਾ ( ਇੰਟਰਲਾਕ ) , ਰਫ਼ੂਗਰੀ ਤੋਪਾ ( ਬੁਣਤੀਦਾਰ ) ਅਤੇ ਮਰੋੜੀਦਾਰ ( ਵੱਟਦਾਰ ) ਤੋਪੇ ਦੁਆਰਾ ਕੀਤੀ ਕਢਾਈ ਦੇ ਨਮੂਨੇ ਹੀ ਮਿਲਦੇ ਹਨ ।

        ਕੁਝ ਦੇਸ਼ਾਂ ਵਿੱਚ ਮੁਢਲੀ ਕਢਾਈ ਸਮੇਂ ਕੁਝ ਖ਼ਾਸ ਕਿਸਮ ਦੇ ਤੋਪੇ ਪ੍ਰਸਿੱਧ ਹੋਏ । ਜਿਵੇਂ ਚੀਨ ਵਿੱਚ ਕੱਚੀ ਕਢਾਈ ( ਤਰਪਾਈ ) ਦੇ ਉੱਭਰਵੇਂ ਤੋਪੇ , ਸਪੇਨ ਵਿੱਚ ਲਪੇਟਵੇਂ ਤੋਪੇ ਅਤੇ ਇੰਗਲੈਂਡ ਵਿੱਚ ਕਾਟਵੇਂ ਤੋਪੇ ਆਦਿ । ਚੀਨ ਦੀ ਕਢਾਈ ਵਿੱਚ ਅੰਕਿਤ , ਰੰਗਾਂ ’ ਤੇ ਆਧਾਰਿਤ ਨਮੂਨੇ ਇਤਨੇ ਸਜੀਵ ਦਿੱਸਦੇ ਹਨ ਕਿ ਅਜਿਹੀ ਕਢਾਈ ਕੱਚੇ ਤੋਪੇ ਦੁਆਰਾ ਹੀ ਸੰਭਵ ਹੋ ਸਕਦੀ ਹੈ । ਕੱਚੇ ਤੋਪੇ ਤੋਂ ਭਾਵ ਹੈ ਕੱਪੜੇ ਦੀ ਬੁਣਤੀ ਵਿਚਲੇ ਧਾਗਿਆਂ ਦੇ ਸੰਨ੍ਹ ਵਿੱਚ ਸੂਈ ਨਾਲ ਰੰਗ-ਬਰੰਗਾ ਧਾਗਾ ਲੰਘਾ ਕੇ ਬਾਅਦ ਵਿੱਚ ਸਿੱਧੇ ਪਾਸਿਉਂ ਧਾਗਿਆਂ ਨੂੰ ਕੈਂਚੀ ਨਾਲ ਕੱਟ ਦੇਣਾ । ਇਉਂ ਕੱਪੜੇ ਦੀ ਸਤਹਾ ਵਿੱਚ ਫਸੇ ਧਾਗਿਆਂ ਦੇ ਰੰਗ-ਬਰੰਗੇ ਸਿਰੇ ਪੂਰਾ ਚਿੱਤਰ ਸਜੀਵ ਕਰ ਦਿੰਦੇ ਹਨ ।

        ਭਾਰਤੀ ਕਢਾਈ/ਕਸੀਦਾਕਾਰੀ ਦੇ ਪ੍ਰਾਰੰਭਿਕ ਕਾਲ ਬਾਰੇ ਪੂਰੇ ਵੇਰਵੇ ਉਪਲਬਧ ਨਹੀਂ ਹਨ । ਭਾਰਤੀ ਪੁਰਾਤਤਵ ਵਿਭਾਗ ਦੇ ਖੋਜੀਆਂ ਨੂੰ ਮਿਸਰ , ਤੁਰਕਿਸਤਾਨ ਜਾਂ ਚੀਨ ਵਾਂਗ ਸੋਲ੍ਹਵੀਂ ਸਦੀ ਤੋਂ ਪਹਿਲੋਂ ਦੀ ਕਢਾਈ ਦੇ ਨਮੂਨੇ ਨਹੀਂ ਮਿਲੇ । ਫਿਰ ਵੀ ਅਨੁਮਾਨ ਹੈ ਕਿ ਭਾਰਤ ਵਿੱਚ ਕਢਾਈ ਦਾ ਇਤਿਹਾਸ ਇਸ ਤੋਂ ਵੀ ਪ੍ਰਾਚੀਨ ਹੈ ਕਿਉਂਕਿ ਮਹਿੰਜੋਦਾੜੋ ਦੀ ਖ਼ੁਦਾਈ ਵਿੱਚੋਂ ਪ੍ਰਾਪਤ ਮਿੱਟੀ ਦੇ ਖਿਡਾਉਣੇ ਤੇ ਵਸਤਰ ਉੱਤੇ ਅੰਕਿਤ ਚਿੱਤਰ , ਭਾਰਤੀ ਕਢਾਈ ਦੇ ਨਮੂਨੇ ਨੂੰ ਹੀ ਪ੍ਰਮਾਣਿਤ ਕਰਦਾ ਹੈ । ਰਿਗਵੇਦ ਵਿੱਚ ਹਿਰਣਯਪਸ਼ੇਸ ਸ਼ਬਦ ਦਾ ਉਲੇਖ ਵੀ ਇਸ ਸਮੇਂ ਦੀ ਕਸੀਦਾਕਾਰੀ ਵੱਲ ਹੀ ਸੰਕੇਤ ਹੈ ।

        ਮੁਗ਼ਲ ਕਾਲ ਦੇ ਚਿੱਤਰਾਂ ਤੋਂ ਵੀ ਕੁਝ ਵਸਤਰਾਂ ’ ਤੇ ਬਣੇ ਚਿੱਤਰਾਂ ਰਾਹੀਂ ਕਢਾਈ ਦੇ ਸੰਕੇਤ ਮਿਲਦੇ ਹਨ । ਜਿੱਥੋਂ ਤੱਕ ਇੱਕ ਦੇਸ਼ ਤੋਂ ਦੂਜੇ ਦੇਸ਼ ਦੀ ਕਢਾਈ ਜਾਂ ਕਸੀਦਾਕਾਰੀ ਦੀ ਸ਼ੈਲੀ ਵਿੱਚ ਇੱਕਸੁਰਤਾ ਨਜ਼ਰ ਆਉਂਦੀ ਹੈ , ਇਸਦੀ ਵਡਿਆਈ ਅਜਿਹੇ ਫਿਰਕੂ ਕਬੀਲਿਆਂ ਨੂੰ ਜਾਂਦੀ ਹੈ ਜਿਹੜੇ ਇੱਕ ਤੋਂ ਦੂਜੇ ਪ੍ਰਾਂਤ ਅਤੇ ਦੇਸ਼ ਵਿੱਚ ਇਹਨਾਂ ਨਮੂਨਿਆਂ ਦੀ ਸ਼ੈਲੀ ਨੂੰ ( ਆਪਣੇ ਫਿਰਤੂ ਜੀਵਨ ਕਾਰਨ ) ਲੈ ਕੇ ਗਏ ।

        ਇਤਿਹਾਸਿਕ , ਰਾਜਨੀਤਿਕ ਅਤੇ ਸਮਾਜਿਕ ਉਥਲ- ਪੁਥਲ ਕਾਰਨ , ਭਾਰਤ ਦੀ ਕਸੀਦਾਕਾਰੀ ’ ਤੇ ਅਨੇਕ ਦੇਸ਼ਾਂ ਦੀਆਂ ਕਸੀਦਾ ਸ਼ੈਲੀਆਂ ਦਾ ਪ੍ਰਭਾਵ ਪਿਆ । ਉਦਾਹਰਨ ਲਈ ਚੀਨੀ ਅਤੇ ਕਸ਼ਮੀਰੀ ਕਸੀਦਾਕਾਰੀ ਵਿੱਚ ਇੱਕ-ਦੂਜੇ ਦਾ ਰਲਾ ਸਪਸ਼ਟ ਵੇਖਿਆ ਜਾ ਸਕਦਾ ਹੈ । ਇਹ ਰਲਾ ਸ਼ਾਇਦ ਤਿੱਬਤ ਦੇ ਰਾਹ , ਇੱਕ ਤੋਂ ਦੂਜੇ ਦੇਸ਼ ਆਇਆ । ਪੰਜਾਬ ਦੀ ਫੁਲਕਾਰੀ ਅਤੇ ਬਲੋਚਿਸਤਾਨ ਦੀ ਕਢਾਈ ਦੇ ਰੰਗ ਅਤੇ ਨਮੂਨੇ ਇੱਕ ਦੂਜੇ ਨਾਲ ਕਾਫ਼ੀ ਮਿਲਦੇ-ਜੁਲਦੇ ਹਨ । ਸਿੰਧ , ਕੱਛ ਅਤੇ ਕਾਠੀਆਵਾੜ ਦੀ ਕਢਾਈ ਵਿੱਚ ਲਪੇਟਵੇਂ ਤੋਪੇ ਦੀ ਬਹੁ-ਵਰਤੋਂ , ਸਪੇਨ ਅਤੇ ਜਰਮਨੀ ਦੀ ਕਢਾਈ ਵਿਚਲੇ ਬਹੁ-ਵਰਤੀ ਤੋਪੇ ਵਰਗੀ ਹੀ ਹੈ । ਇਵੇਂ ਹੀ ਕਰਨਾਟਕਾ ਦੀ ‘ ਕਸੂਤੀ’ ਉੱਤੇ ਕਢਾਈ ਅਤੇ ਬਿਹਾਰ ਦੀ ‘ ਦੁ-ਮੂੰਹੀ’ ( ਦੋਹਾਂ ਪਾਸਿਉਂ ਇੱਕੋ ਜਿਹੀ ਦਿਸਣ ਵਾਲੀ ) ਕਢਾਈ ਯੂਰਪੀਨ ਦੇਸ਼ਾਂ ਦੀ ਕਸੀਦਾ-ਸ਼ੈਲੀ ਨਾਲ ਰਲਦੀ-ਮਿਲਦੀ ਹੈ ।

        ਮੁਗ਼ਲ ਕਾਲ ਸਮੇਂ ਭਾਰਤੀ ਕਸੀਦਾਕਾਰੀ ਤੇ ਭਾਵੇਂ ਈਰਾਨੀ ਸ਼ੈਲੀ ਦਾ ਕਾਫ਼ੀ ਪ੍ਰਭਾਵ ਪਿਆ ਪਰ ਫਿਰ ਵੀ ਭਾਰਤੀ ਕਸੀਦਾਕਾਰੀ/ਕਢਾਈ ਦੀ ਆਪਣੀ ਵੱਖਰੀ ਪਛਾਣ ਅਤੇ ਵਿਲੱਖਣਤਾ ਹੈ । ਇਸ ਵਿੱਚ ਪ੍ਰਾਂਤਿਕ ਵੱਖਰਤਾ ਦੂਰੋਂ ਹੀ ਦਿਸ ਆਉਂਦੀ ਹੈ । ਭਾਰਤ ਦੀ ਕਸੀਦਾਕਾਰੀ ਵਿੱਚ ਬਾਗ਼ , ਫੁਲਕਾਰੀ , ਚੋਪ ( ਪੰਜਾਬ ) , ਗੱਬਾ/ਪਸ਼ਮੀਨਾ ( ਕਸ਼ਮੀਰ ) , ਭਰਤ ( ਕਾਠੀਆਵਾੜ/ ਕੱਛ ) , ਚਿਕਨਕਾਰੀ ( ਯੂ.ਪੀ. ) , ਕਸੂਤੀ ( ਕਰਨਾਟਕ ) ਅਤੇ ਕਾਰਚੋਬੀ ( ਲਖਨਊ ਦਿੱਲੀ ) ਆਦਿ ਪ੍ਰਸਿੱਧ ਹਨ :

                ( ੳ ) ਬਾਗ਼ , ਫੁਲਕਾਰੀ ਅਤੇ ਚੋਪ ਦੀ ਕਢਾਈ , ਲੋਕ-ਕਲਾ ਦੀ ਕੋਟੀ ਵਿੱਚ ਆਉਂਦੀ ਹੈ ਕਿਉਂਕਿ ਇਹ ਕਿੱਤਾਗਤ ਨਾ ਹੋ ਕੇ ਘਰੇਲੂ ਸੁਆਣੀਆਂ ਦੁਆਰਾ ਨਿੱਜੀ ਵਰਤੋਂ ਲਈ ਕੀਤੀ ਜਾਂਦੀ ਹੈ । ਬਾਗ਼ ਵਿੱਚ ਕੱਪੜੇ ਦੀ ਪਿੱਠ-ਵਰਤੀ ਤੋਂ ਕਢਾਈ ਸੰਘਣੀ ਕੀਤੀ ਜਾਂਦੀ ਹੈ ਅਤੇ ਕੱਪੜੇ ਦੀ ਸਤਹਾ ’ ਤੇ ਕੋਈ ਥਾਂ ਖਾਲੀ ਨਹੀਂ ਛੱਡਿਆ ਜਾਂਦਾ । ਧਾਗਾ ਸੁੱਚਾ ਅਤੇ ਪੱਕੇ ਰੰਗਾਂ ਵਾਲਾ ਵਰਤਿਆ ਜਾਂਦਾ ਹੈ , ਜਿਸ ਦੀ ਆਭ੍ਹਾ ਕਈ ਵਰ੍ਹਿਆਂ ਤੱਕ ਮੱਠੀ ਨਹੀਂ ਪੈਂਦੀ ।

        ਫੁਲਕਾਰੀ ਵਿੱਚ ਬੂਟੀਆਂ ਕੁਝ-ਕੁਝ ਦੂਰੀ ਤੇ ਕੱਢੀਆਂ ਜਾਂਦੀਆਂ ਹਨ । ਏਥੇ ਇਹ ਦੱਸ ਦੇਣਾ ਯੋਗ ਹੋਵੇਗਾ ਕਿ ਫੁਲਕਾਰੀ ਦੀ ਕਢਾਈ ਕੱਪੜੇ ਦੇ ਪੁੱਠੇ ਪਾਸਿਉਂ ਧਾਗੇ ਗਿਣ ਕੇ ਕੱਢੀ ਜਾਂਦੀ ਹੈ । ਜਦ ਕਿ ਚੋਪ ਕਿਨਾਰੇ ਤੇ ਕੀਤੀ ਜਾਣ ਵਾਲੀ ਕਢਾਈ ਨੂੰ ਕਹਿੰਦੇ ਹਨ ।

                ( ਅ ) ਕੱਛੀ ਜਾਂ ਕਾਠੀਆਵਾੜ ਦੀ ਕਢਾਈ ਨੂੰ ਭਰਤ ਕਿਹਾ ਜਾਂਦਾ ਹੈ । ਭੁਜ ਇਸਦਾ ਮੁੱਖ ਕੇਂਦਰ ਹੈ । ਭਰਤ ਦੀ ਕਢਾਈ ਵਿੱਚ ਜ਼ੰਜੀਰੀ ਤੋਪਾ ਪ੍ਰਮੁਖ ਹੈ । ਕਿਤੇ-ਕਿਤੇ ਸ਼ੀਸ਼ਿਆਂ ਦੀ ਜੜ੍ਹਤ ਨੂੰ ਵੀ ਪਹਿਲ ਦਿੱਤੀ ਜਾਂਦੀ ਹੈ । ਕੱਛ ਦੀ ਕਢਾਈ ਜ਼ਿਆਦਾਤਰ ਸਾਟਨ , ਰੇਸ਼ਮੀ ਅਤੇ ਸੂਤੀ ਕੱਪੜੇ ਤੇ ਕੀਤੀ ਜਾਂਦੀ ਹੈ ਜਿਸਦੇ ਜ਼ਮੀਨੀ ਰੰਗ ਵਿੱਚ ਸਫ਼ੈਦ , ਕੇਸਰੀਆ , ਕਾਲੇ ਜਾਂ ਲਾਲ ਨੂੰ ਤਰਜੀਹ ਦਿੱਤੀ ਜਾਂਦੀ ਹੈ । ਕਾਠੀਆਵਾੜੀ ਕਢਾਈ ਵਿੱਚ ਤੋਪਾ ਕਸਬੀ ਜਾਂ ਭਰਤ ਤੋਂ ਮੋਟਾ ਹੁੰਦਾ ਹੈ ।

                ( ੲ ) ਚਿਕਨ ਦੀ ਕਸੀਦਾਕਾਰੀ/ਕਢਾਈ ਬਰੀਕ ਸਫ਼ੈਦ ਕੱਪੜੇ ਉੱਤੇ ਸਫ਼ੈਦ ਧਾਗੇ ਨਾਲ ਹੀ ਕੀਤੀ ਜਾਂਦੀ ਹੈ । ਚਿਕਨ ਦੀ ਕਢਾਈ ਵਿੱਚ ਅਕਸਰ ਕੱਪੜੇ ਦੀ ਕਿਨਾਰੀ ਉੱਤੇ ਲਹਿਰੀਆਂ ਵੇਲਾਂ ਅਤੇ ਵਿਚਕਾਰ ਬੂਟੀਆਂ ਦੇ ਨਮੂਨਿਆਂ ਨੂੰ ਚਿਤਰਿਤ ਕੀਤਾ ਜਾਂਦਾ ਹੈ । ਚਿਕਨ ਕਢਾਈ ਵਿੱਚ ਬਿੰਦੂ ਤੋਪਾ , ਬਖੀਆ ਤੋਪਾ , ਮਰੋੜੀ ਜਾਂ ਮੋਰੀ ਵਾਲੇ ਤੋਪੇ ਨੂੰ ਪਹਿਲ ਦਿੱਤੀ ਜਾਂਦੀ ਹੈ ।

                ( ਸ ) ਕਰਨਾਟਕ ਦੀ ਕਸੂਤੀ ਦਾ ਸ਼ਾਬਦਿਕ ਅਰਥ ਹੀ ‘ ਕਢਾਈ’ ਹੈ । ਇਹ ਵੀ ਇੱਕ ਤਰ੍ਹਾਂ ਦੀ ਲੋਕ-ਕਲਾ ਹੀ ਹੈ । ਬੇਰਵਾੜ , ਬੀਜਾਪੁਰ , ਧਾਰਵਾੜ ਇਸਦੇ ਮੁੱਖ ਕੇਂਦਰ ਹਨ । ਕਸੂਤੀ ਵਿੱਚ ਅਤਿ ਗੂੜ੍ਹੇ ਰੰਗਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸ ਵਿੱਚ ਤੁਲਸੀ , ਹਿਰਨ , ਹਾਥੀ , ਮੋਰ , ਹੰਸ ਅਤੇ ਤੋਤੇ ਆਦਿ ਦੀਆਂ ਅਕ੍ਰਿਤੀਆਂ ਨੂੰ ਵਧੇਰੇ ਮਹੱਤਤਾ ਦਿੱਤੀ ਜਾਂਦੀ ਹੈ ।

                ( ਹ ) ਕਾਰਚੋਬੀ ਕਢਾਈ/ਕਸੀਦਾਕਾਰੀ , ਸਿਲਮੇ ਸਿਤਾਰੇ , ਮੋਤੀ ਅਤੇ ਸੋਨੇ ਚਾਂਦੀ ਦੀਆਂ ਤਾਰਾਂ ਆਦਿ ਨਾਲ ਕੀਤੀ ਜਾਂਦੀ ਹੈ । ਲਖਨਊ , ਬਨਾਰਸ , ਪਟਨਾ , ਸੂਰਤ ਅਤੇ ਹੈਦਰਾਬਾਦ ਆਦਿ ਇਸ ਦੇ ਮੁੱਖ ਕੇਂਦਰ ਹਨ ।

                ( ਕ ) ਇਹਨਾਂ ਪ੍ਰਾਂਤਿਕ ਸ਼ੈਲੀਆਂ ਵਿੱਚ ਬੰਗਾਲ ਦਾ ਕਾਂਥਾਂ ਵੀ ਕਢਾਈ/ਕਸੀਦਾਕਾਰੀ ਦੀ ਕੋਟੀ ਵਿੱਚ ਆਉਂਦਾ ਹੈ ਜਿਸ ਵਿੱਚ ਪੁਰਾਣੀਆਂ ਸਾੜ੍ਹੀਆਂ ਦੇ ਨਮੂਨੇ ਕੱਟ ਕੇ ਉਹਨਾਂ ਨੂੰ ਜੋੜਨ ਸਮੇਂ ਕਢਾਈ ਕੀਤੀ ਜਾਂਦੀ ਹੈ । ਚੰਬਾ ਅਤੇ ਕਾਂਗੜਾ ਦੀ ਕਢਾਈ ਆਪਣੀ ਵਿਲੱਖਣ ਸ਼ੈਲੀ ਕਾਰਨ ਪ੍ਰਸਿੱਧ ਹੈ ।

        ਭਾਰਤੀ ਕਬੀਲਿਆਂ ਦੁਆਰਾ ਵਸਤਰਾਂ ਉਪਰ ਕੀਤੀ ਜਾਣ ਵਾਲੀ ਕਢਾਈ ਦੀ ਲੰਮੀ ਪਰੰਪਰਾ ਅਤੇ ਵਿਲੱਖਣਤਾ ਨੂੰ ਜਿਸ ਵਿੱਚ ਸਿੱਪੀਆਂ , ਮੋਤੀ , ਕੌਡੀਆਂ , ਖੰਭ ਆਦਿ ਵਸਤੂਆਂ ਦੀ ਵਰਤੋਂ ਕੀਤੀ ਜਾਂਦੀ ਹੈ । ਅਜੋਕੇ ਸਮੇਂ ਮਸ਼ੀਨੀ ਯੁੱਗ ਨੇ ਭਾਵੇਂ ਕਸੀਦਾਕਾਰੀ/ਕਢਾਈ ਦਾ ਚਲਨ ਮੱਠਾ ਪਾ ਦਿੱਤਾ ਹੈ ਪਰ ਹੱਥ ਦੀ ਕਢਾਈ ਨੂੰ ਅੱਜ ਵੀ ਮੁੱਲਵਾਨ ਸਮਝਿਆ ਜਾਂਦਾ ਹੈ ।


ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕਢਾਈ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਢਾਈ ( ਨਾਂ , ਇ ) ਕੱਪੜੇ ਆਦਿ ’ ਤੇ ਕੀਤੀ ਕਸੀਦਾਕਾਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7197, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਢਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਢਾਈ [ ਨਾਂਇ ] ਸੂਈ-ਧਾਗੇ ਨਾਲ਼ ਕੱਪੜੇ ਆਦਿ ਉੱਤੇ ਫੁੱਲ-ਬੂਟੇ ਆਦਿ ਪਾਉਣ ਦਾ ਭਾਵ , ਕਸੀਦਾ , ਕਸੀਦਾਕਾਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7189, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਢਾਈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਢਾਈ ( ਕ੍ਰਿ. । ਦੇਖੋ , ਕਾਢੇ ) ਕਹਾਈ । ਯਥਾ-‘ ਘਾਸੀ ਕਉ ਹਰਿ ਨਾਮੁ ਕਢਾਈ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6783, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.