ਕਣਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਣਕ (ਨਾਂ,ਇ) ਅਨਾਜ ਦੀ ਪ੍ਰਸਿੱਧ ਫ਼ਸਲ; ਖੜ੍ਹੇ ਰੁੱਖ ਪੱਲ੍ਹਰ ਕੇ ਕਸੀਰ ਵਾਲੇ ਸਿੱਟੇ ਵਿਚਲੇ ਉੱਤਮ ਕਿਸਮ ਦੇ ਅਨਾਜ ਦੀ ਵਿਸਾਖ ਵਿੱਚ ਪੱਕਣ ਵਾਲੀ ਰਬੀ ਦੀ ਫ਼ਸਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਣਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਣਕ [ਨਾਂਇ] ਖਾਣ ਦੇ ਕੰਮ ਆਉਂਦਾ ਇੱਕ ਪ੍ਰਸਿੱਧ ਅਨਾਜ , ਗੇਹੂੰ, ਗੰਦਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6887, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਣਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਣਕ. ਸੰਗ੍ਯਾ—ਇੱਕ ਅੰਨ , ਜੋ ਵਿਸ਼ੇ੄ ਕਰਕੇ ਖਾਣ ਦੇ ਕੰਮ ਆਉਂਦਾ ਹੈ. ਗੋਧੂਮ. ਗੰਦਮ. Wheat। ੨ ਦੇਖੋ, ਕਣਿਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6736, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਣਕ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਣਕ ਸੰਸਕ੍ਰਿਤ ਕਣਿਕ:। ਵਿਸ਼ੇਸ਼ ਅਨਾਜ ਦਾ ਦਾਣਾ ; ਇਕ ਛੋਟਾ ਕਣ ; ਅਨਾਜ ਦੀ ਬੱਲੀ ; ਭੁੰਨੀ ਹੋਈ ਕਣਕ ਦਾ ਭੋਜਨ ; ਕਣਕ- ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6670, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਣਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕਣਕ : ਕਣਕ ਪੰਜਾਬੀ ਦੀ ਇਕ ਮਹੱਤਵਪੂਰਲ ਫ਼ਸਲ ਹੈ ਕਿਉਂਕਿ ਮਨੁੱਖੀ ਖ਼ੁਰਾਕ ਅਤੇ ਖੇਤੀਬਾਡੀ ਆਰਥਿਕਤਾ ਵਿਚ ਇਸ ਨੂੰ ਖ਼ਾਸ ਥਾਂ ਪ੍ਰਾਪਤ ਹੈ। ਕਣਕ ਮਨੁੱਖੀ ਸ਼ਰੀਰ ਨੂੰ ਤਾਕਤ ਦੇਣ ਵਾਲਾ ਵੱਡਾ ਸਾਧਨ ਹੈ। ਇਸ ਵਿਚ 12 ਫ਼ੀ ਸਦੀ ਪ੍ਰੋਟੀਨ ਦੀ ਮਾਤਰਾ ਹੈ। ਖਣਿਜ ਪਦਾਰਥ, ਖ਼ਾਸ ਕਰਕੇ ਕੈਲਸੀਅਮ, ਫ਼ਾੱਸਫ਼ੋਰਸ ਅਤੇ ਲੋਹਾ ਵੀ ਇਸ ਵਿਚ ਮੌਜੂਦ ਹਨ ਜੋ ਹੱਡੀਆਂ ਲਈ ਜ਼ਰੂਰੀ ਹਨ। ਕਣਕ ਵਿਚ ਇਨ੍ਹਾਂ ਤੋਂ ਛੁੱਟ ਵਿਟਾਮਿਨ-ਬੀ ਵੀ ਹੁੰਦਾ ਹੈ।

          ਕਣਕ ਨੂੰ ਪਕਾ ਕੇ ਖਾਧਾ ਜਾਂਦਾ ਹੈ ਅਤੇ ਇਸ ਤੋਂ ਕਈ ਹੋਰ ਖਾਣਯੋਗ ਪਦਾਰਥ ਬਣਾਏ ਜਾਂਦੇ ਹਨ। ਛਾਣ-ਬੂਰਾ ਆਦਿ ਵੀ ਕਣਕ ਤੋਂ ਹੀ ਨਿਕਲਦਾ ਹੈ ਜੋ ਪਸ਼ੂਆਂ ਨੂੰ ਚਾਰਦੇ ਹਨ ਅਤੇ ਇਸ ਵਿਚ ਖ਼ੁਰਾਕੀ ਮਾਤਰਾ ਵੀ ਹੁੰਦੀ ਹੈ।

          ਇਤਿਹਾਸ––ਕਣਕ ਦੀ ਕਾਸ਼ਤ ਮੁੱਢ ਕਦੀਮ ਤੋਂ ਹੁੰਦੀ ਚਲੀ ਆ ਰਹੀ ਹੈ। ਮਿਸਰ ਦੇ ਪੁਰਾਣੇ ਲੋਕਾਂ ਨੂੰ ਇਸ ਦੀ ਕਾਸ਼ਤ ਦਾ ਗਿਆਨ ਸੀ ਅਤੇ ਪੱਥਰ ਦੇ ਜ਼ਮਾਨੇ ਵਿਚ ਸਵਿਟਜ਼ਰਲੈਂਡ ਦੇ ਵਾਸੀਆਂ ਨੂੰ ਵੀ ਇਸ ਦਾ ਗਿਆਨ ਸੀ। ਪੁਰਾਣੇ ਖੰਡਰਾਂ ਤੋਂ ਅਤੇ ਉਨ੍ਹਾਂ ਉਪਰ ਹੋਈ ਖੁਦਾਈ ਤੋਂ ਪਤਾ ਲਗਦਾ ਹ ਕਿ 6000 ਸਾਲ ਪਹਿਲਾਂ ਵੀ ਕਣਕ ਦੀ ਕਾਸ਼ਤ ਹੁੰਦੀ ਸੀ। ਮਹਿੰਦਜੋਦਾੜੋ ਦੇ ਖੰਡਰਾਂ ਦੀ ਖੁਦਾਈ ਤੋਂ ਵੀ ਪਤਾ ਲਗਦਾ ਹੈ ਕਿ 5000 ਸਾਲ ਪਹਿਲਾਂ ਸਿੰਧ ਦਰਿਆ ਦੇ ਕੰਢਿਆਂ ਦੇ ਨਾਲ ਨਾਲ ਕਣਕ ਦੀ ਕਾਸ਼ਤ ਕੀਤੀ ਜਾਂਦੀ ਸੀ। ਇਹ ਵੀ ਇਸ਼ਾਰੇ ਮਿਲਦੇ ਹਨ ਕਿ ਈਸਾ ਤੋਂ 3000 ਸਾਲ ਪਹਿਲਾਂ ਚੀਨ ਵਿਚ ਕਣਕ ਉਗਾਈ ਜਾਂਦੀ ਸੀ। ਕੇਂਦਰੀ ਏਸ਼ੀਆ, ਜਿਸ ਵਿਚ ਪੰਜਾਬ, ਉਤਰ-ਪੱਛਮੀ ਸਰਹੱਦੀ ਸੂਬਾ (ਪਾਕਿਸਤਾਨ), ਕਸ਼ਮੀਰ, ਅਫ਼ਗਾਨਿਸਤਾਨ, ਤਾਜ਼ਿਕਸਤਾਨ, ਉਜ਼ਬੇਕਿਸਤਾਨ ਅਤੇ ਈਰਾਨ ਆਦਿ ਸ਼ਾਮਲ ਹਨ, ਵਿਚ ਪਹਿਲਾਂ ਪਹਿਲ ਕਣਕ ਦੀ ਪੈਣਾਵਾਰ ਹੋਈ। ਇਨ੍ਹਾਂ ਕੇਂਦਰਾਂ ਤੋਂ ਫਿਰ ਕਣਕ ਦੀ ਕਾਸ਼ਤ ਬਾਕੀ ਦੇਸ਼ਾਂ ਤਕ ਫੈਲ ਗਈ ਅਤੇ ਹੁਣ ਕਰੀਬਨ ਦੁਨੀਆਂ ਦੇ ਸਾਰੇ ਦੇਸ਼ਾਂ ਵਿਚ ਇਸ ਦੀ ਕਾਸ਼ਤ ਨੂੰ ਅਪਣਾਇਆ ਗਿਆ ਹੈ। ਇਸ ਦੀ ਕਾਸ਼ਤ ਲਗਭਗ 3000 ਮੀ. ਤੋਂ 4000 ਮੀ. ਦੀ ਉਚਾਈ ਦੇ ਇਲਾਕਿਆਂ ਵਿਚ ਵੀ ਹੁੰਦੀ ਹੈ ਪਰ ਵਧੀਆਂ ਕਣਕ ਦੀ ਫ਼ਸਲ ਸਮਤਾਪ ਖੰਡ ਵਾਲੇ ਇਲਾਕਿਆਂ ਵਿਚ ਹੋ ਰਹੀ ਹੈ ਜਿਥੇ ਕਿ ਸਾਲਾਨਾ ਬਾਰਸ਼ 37 ਤੋਂ 112 ਸੈਂ. ਮੀ. ਤਕ ਹੁੰਦੀ ਹੈ। ਜਿਥੇ ਸਰਦੀਆਂ ਵਿਚ ਬਹੁਤ ਠੰਢ ਪੈਂਦੀ ਹੈ ਅਤੇ ਗਰਮੀਆਂ ਵਿਚ ਗਰਮੀ, ਉਥੇ ਚੰਗੀ ਕਿਸਮ ਦੀ ਕਣਕ ਉਗਦੀ ਹੈ।

          ਮੂਲ ਸਥਾਨ––ਅਨਾਜ ਵਾਲੀਆਂ ਫ਼ਸਲਾਂ ਦਾ ਮੂਲ ਵੀਹਵੀਂ ਸਦੀ ਦੇ ਵਿਗਿਆਨੀਆਂ ਲਈ ਅਜੇ ਵੀ ਇਕ ਬੁਝਾਰਤ ਹੀ ਬਣਿਆ ਹੋਇਆ ਹੈ। ਯੂਨਾਨੀ ਲੋਕਾਂ ਨੇ ਖੇਤੀਬਾੜੀ ਦੀ ਦੇਵੀ ‘ਡੈਮੀਟਰ’ ਨੂੰ ਅਨਾਜ ਵਾਲੀਆਂ ਫ਼ਸਲਾਂ ਦਾ ਤੋਹਫ਼ਾ ਪੇਸ਼ ਕੀਤਾ ਸੀ। ਕਣਕ ਦੀ ਇਕ ਬਹਾਰ ਰੁੱਤ ਦੀ ਕਿਸਮ ਜੋ ਉਤਰੀ ਅਮਰੀਕਾ ਵਿਚ ਉਗਾਈ ਜਾਂਦੀ ਸੀ ਉਸ ਦਾ ਨਾਂ ‘ਸੀਰੀਜ਼’ ਰਖਿਆ ਹੋਇਆ ਸੀ। ਇਹ ਮੰਨਿਆ ਜਾਂਦਾ ਹੈ ਕਿ ਮਿਸਰ ਦੀ ਇਕ ਦੇਵੀ ਆਈਸਿਸ ਨੇ ਲੈਬਨਾਨ ਵਿਚ ਕਣਕ ਦੀ ਖੋਜ ਕੀਤੀ ਸੀ। ਬਹੁਤ ਸਮਾਂ ਪਹਿਲਾਂ ਜਿਵੇਂ 2800 ਈ. ਪੂ. ਵਿਚ ਚੀਨ ਦੇ ਲੋਕ ਅਨਾਜ ਵਾਲੀਆਂ ਫ਼ਸਲਾਂ ਨੂੰ ਸਨਮਾਣਨ ਲੱਗਿਆਂ ਬਹੁਤ ਵੱਡੀਆਂ ਰਸਮਾਂ ਕਰਿਆ ਕਰਦੇ ਸਨ। ਇਸ ਤਰ੍ਹਾਂ ਜਾਪਦਾ ਹੈ ਕਿ ਕਣਕ ਰਿਕਾਰਡ ਕੀਤੇ ਹੋਏ ਇਤਿਹਾਸ ਤੋਂ ਪਹਿਲਾਂ ਜਾਂ ਉਸ ਸਮੇਂ ਤੋਂ ਵੀ ਪਹਿਲਾਂ ਕਾਸ਼ਤ ਕੀਤੀ ਜਾਂਦੀ ਸੀ। ਕਣਕ ਦੀ ਪੈਦਾਵਾਰ ਦੀ ਉਤਪਤੀ ਬੜੀ ਹੌਲੀ ਸ਼ੁਰੂ ਹੋਈ ਅਤੇ ਕਾਸ਼ਤਕਾਰ 4000 ਈ. ਪੂ. ਵਿਚ ਕਣਕ ਦੀ ਕਾਸ਼ਤ ਕਰਦਾ ਮੰਨਿਆ ਜਾਂਦਾ ਹੈ।

          ਮੂਲ––ਕਣਕ ਇਕ ਕਿਸਮ ਦਾ ਘਾਹ ਹੀ ਹੈ ਜੋ ਗ੍ਰਾਮਿਨੀ ਕੁਲ ਅਤੇ ਟਰੀਟੀਕਮ ਪ੍ਰਜਾਤੀ ਨਾਲ ਸਬੰਧਤ ਹੈ। ਇਸੇ ਹੀ ਪ੍ਰਜਾਤੀ ਦੀਆਂ ਦੋ ਜੰਗਲੀ ਕਿਸਮਾਂ ਅਜੇ ਵੀ ਏਸ਼ੀਆ ਮਾਨੀਨਰ ਅਤੇ ਸੀਰੀਆ ਵਿਚ ਉਗਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚੋਂ ਇਕ ਜੰਗਲੀ ਕਿਸਮ ਆਇਨ-ਕਾਰਨ ਇਕ ਸਧਾਰਨ ਜਾਤੀ ਹੈ ਜਦੋਂ ਕਿ ਦੂਸਰੀ ਜੰਗਲੀ ਐਮਰ ਜ਼ਿਆਦਾ ਪੇਚੀਦਾ ਕਿਸਮ ਹੈ, ਜੋ ਦੋ ਜਾਤੀਆਂ ਤੋਂ ਉਤਪੰਨ ਹੋਈ ਹੈ। ਟਰੀਟੀਕਮ ਪ੍ਰਜਾਤੀ ਦੀਆਂ ਤਿੰਨ ਜਾਤੀਆਂ ਹਨ ਜਿਨ੍ਹਾਂ ਵਿਚ ਆਮ ਵਰਤੋਂ ਵਚ ਆਉਣ ਵਾਲੀ ਰੋਟੀ ਵਾਲੀ ਕਿਸਮ ਵੀ ਸ਼ਾਮਲ ਹੈ।

ਵਰਗੀਕਰਨ

          ਬਹੁਤ ਸਮੇਂ ਤੋਂ ਇਸ ਬਾਰੇ ਗਿਆਨ ਹੈ ਕਿ ਕਣਕ ਦੀਆਂ ਜਾਤੀਆਂ ਬਹੁਤ ਵਖਰੀਆਂ ਵਖਰੀਆਂ ਜਾਤੀਆਂ ਦੇ ਮਿਲਣ ਨਾਲ ਉਤਪੰਨ ਹੋਈਆਂ ਸਨ। ਕ੍ਰੋਮੋਸੋਮਾਂ ਦੀ ਗਿਣਤੀ ਅਨੁਸਾਰ ਇਨ੍ਹਾਂ ਦੇ ਤਿੰਨ ਗਰੁੱਪ ਬਣਦੇ ਹਨ।

          ਆਈਨਕਾਰਨ––ਇਸ ਗਰੁੱਪ ਦੇ ਮੈਂਬਰਾਂ ਵਿਚ ਕ੍ਰੋਮਸੋਮਾਂ ਦੇ ਸੱਤ ਜੋੜੇ ਜਾਂ ਦੋ ਸੈੱਟ ਹਨ ਅਤੇ ਇਸੇ ਲਈ ਇਨ੍ਹਾਂ ਨੂੰ ਡਿਪਲਾੱਇਡ ਕਿਹਾ ਜਾਂਦਾ ਹੈ। ਇਨ੍ਹਾਂ ਦੇ ਸਿਰਿਆਂ ਉਪਰ ਬਾਰੀਕ ਵਾਲ ਜਿਹੇ ਹੁੰਦੇ ਹਨ ਅਤੇ ਇਹ ਛੋਟੇ ਅਤੇ ਪੱਧਰੇ ਹੁੰਦੇ ਹਨ, ਜਦ ਇਹ ਟੁੱਟਦੀ ਹੈ ਤਾਂ ਬੀਜ ਛਿਲਕੇ ਵਿਚ ਹੀ ਰਹਿ ਜਾਂਦਾ ਹੈ। ਇਨ੍ਹਾਂ ਜਾਤੀਆਂ ਦੀ ਕਾਸ਼ਤ ਬਹੁਤ ਘੱਟ ਕੀਤੀ ਜਾਂਦੀ ਹੈ ਅਤੇ ਜੇਕਰ ਕਾਸ਼ਤ ਕੀਤੀ ਵੀ ਜਾਵੇ ਤਾਂ ਇਹ ਪਸ਼ੂ-ਚਾਰੇ ਦੇ ਕੰਮ ਆਉਂਦੀ ਹੈ। ਇਸ ਦੀ ਅੱਗੋਂ ਦੋ ਜਾਤੀਆਂ ਹਨ। ਟਰੀਟੀਕਮ ਬੋਇਓਟੀਕਮ (T. boeoticum) ਜੰਗਲੀ ਕਿਸਮ ਹੈ ਜਦ ਕਿ ਦੂਸਰੀ ਕਿਸਮ ਟਰੀਟੀਕਮ ਮਾਨੋਕੋਕਮ (T. monococcum) ਕਾਸ਼ਤ ਕੀਤੀ ਜਾਣ ਵਾਲੀ ਆਈਨਕਾਰਨ ਜਾਂ ਛੋਟੀ ਸਪੈਲਟ ਕਹਾਉਂਦੀ ਹੈ।

          ਐਮਰ––ਇਸ ਗਰੁੱਪ ਵਿਚ ਸ਼ਾਮਲ ਜਾਤੀਆਂ ਵਿਚ ਕ੍ਰੋਮੋਸੋਮਾਂ ਦੇ 14 ਜੋੜੇ ਜਾਂ 4 ਸੈੱਟ ਹੁੰਦੇ ਹਨ, ਇਸ ਲਈ ਇਨ੍ਹਾਂ ਨੂੰ ਟੈੱਟ੍ਰਾਪਲਾਇਡ ਕਿਹਾ ਜਾਂਦਾ ਹੈ। ਇਸ ਗਰੁੱਪ ਵਿਚ ਡਿਊਰਮ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਇਸ ਦੇ ਬੀਜ ਵੱਡੇ, ਦੋਹਾਂ ਸਿਰਿਆਂ ਤੋਂ ਤਿੱਖੇ ਅਤੇ ਇਸ ਦੀ ਐਂਡੋਸਪਰਮ ਸਖ਼ਤ ਅਤੇ ਅਲਪ-ਪਾਰਦਰਸ਼ੀ ਹੁੰਦੀ ਹੈ ਇਹ ਮੈਕੇਰੋਨੀ ਅਤੇ ਸਪੈਗੈਟੀ ਤਿਆਰ ਕਰਨ ਲਈ ਬਹੁਤ ਜ਼ਿਆਦਾ ਲਾਹੇਵੰਦ ਹੁੰਦੀ ਹੈ। ਈਥੋਪੀਆ ਅਤੇ ਰੂਮਸਾਗਰੀ ਖੰਡ ਇਨ੍ਹਾਂ ਦਾ ਮੂਲ-ਸਥਾਨ ਮੰਨੇ ਜਾਂਦੇ ਹਨ। ਇਹ ਅਜੇ ਵੀ ਇਟਲੀ ਵਿਚ ਬਹੁਤ ਜ਼ਿਆਦਾ ਅਤੇ ਉੱਤਰੀ ਕੇਂਦਰੀ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਦੇ ਲਾਗੇ ਕਾਸ਼ਤ ਕੀਤੀ ਜਾਂਦੀ ਹੈ।

          ਆਮ ਕਣਕ––ਇਸ ਗਰੁੱਪ ਦੇ ਮੈਂਬਰਾਂ ਵਿਚ ਕ੍ਰੋਮੋਸੋਮਾਂ ਦੇ 21 ਜੋੜੇ ਜਾਂ 6 ਸੈੱਟ ਹੁੰਦੇ ਹਨ ਅਤੇ ਇਸੇ ਲਈ ਇਸ ਨੂੰ ਹੈਕਸਾਪਲਾੱਇਡ ਕਿਹਾ ਜਾਂਦਾ ਹੈ। ਇਸ ਗਰੁੱਪ ਵਿਚ ਕਾਸ਼ਤ ਕੀਤੀਆਂ ਜਾਣ ਵਾਲੀਆਂ ਬਹੁਤ ਸਾਰੀਆਂ ਕਿਸਮਾਂ ਸ਼ਾਮਲ ਹਨ। ਇਸ ਗਰੁੱਪ ਵਿਚ ਕੋਈ ਜੰਗਲੀ ਕਿਸਮ ਸ਼ਾਮਲ ਨਹੀਂ ਹੈ। ਇਹ ਸ਼ਾਇਦ ਇਸ ਲਈ ਨਹੀਂ ਕਿ ਇਹ ਮਨੁੱਖ ਦੀ ਮੱਦਦ ਤੋਂ ਬਿਨਾ ਕਾਸ਼ਤ ਹੀ ਨਹੀਂ ਸਨ ਕੀਤੀਆਂ ਜਾ ਸਕਦੀਆਂ। ਰੋਟੀ ਵਾਲੀ ਕਣਕ ਇਸ ਗਰੁੱਪ ਵੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਕਿਸਮ ਹੈ ਜਿਸ ਦੀ ਜਾਤੀ ਵਲਗੇਅਰ ਹੈ, ਜੋ ਦੁਨੀਆ ਭਰ ਵਿਚ ਬਹੁਤ ਜ਼ਿਆਦਾ ਕਾਸ਼ਤ ਕੀਤੀ ਜਾਂਦੀ ਹੈ। ਇਸੇ ਹੀ ਗਰੁੱਪ ਵਿਚ ਇਕ ਹੋਰ ਕਿਸਮ ‘ਕਲਬ ਕਣਕ’ ਵੀ ਹੈ। ਇਹ ਆਮ ਕਣਕ ਵਰਗੀ ਹੈ ਸਿਵਾਇ ਇਸ ਦੇ ਕਿ ਇਸ ਦੇ ਸਿਰੇ ਬਹੁਤ ਛੋਟੇ ਅਤੇ ਗੁੰਦਵੇਂ ਹੁੰਦੇ ਹਨ। ਇਹ ਕੇਂਦਰੀ ਏਸ਼ੀਆ ਅਤੇ ਸੰਯੁਕਤ ਰਾਜ ਅਮਰੀਕਾ ਦੇ ਸ਼ਾਂਤ-ਮਹਾਸਾਗਰੀ ਉਤਰੀ-ਪੱਛਮੀ ਹਿੱਸੇ ਵਿਚ ਕਾਸ਼ਤ ਕੀਤੀ ਜਾਂਦੀ ਹੈ।

          ਪੌਦੇ ਅਤੇ ਦਾਣਿਆਂ ਦੇ ਲੱਛਣ––ਜਦ ਬੀਜ ਬੀਜਿਆ ਜਾਂਦਾ ਹੈ ਤਾਂ ਤਿੰਨ ਚਾਰ ਦਿਨਾਂ ਬਾਅਦ ਹੀ ਇਹ ਪੁੰਗਰਨਾ ਸ਼ੁਰੂ ਹੋ ਜਾਂਦਾ ਹੈ। ਜੜ੍ਹ ਪਹਿਲਾਂ ਵੱਡੀ ਹੁੰਦੀ ਹੈ ਅਤੇ ਕਰੂੰਬਲ ਜਲਦੀ ਹੀ ਉਪਰ ਵਲ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਜਲਦੀ ਹੀ ਬਾਅਦ ਪੱਤੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਹ ਵੱਡੀ ਕਰੂੰਬਲ ਵਿਚ ਵਿਕਸਿਤ ਹੋ ਜਾਂਦੇ ਹਨ। ਇਸ ਕਰੂੰਬਲ ਦੇ ਮੁੱਢ ਤੇ ਹੋਰ ਅੱਖਾਂ ਹੁੰਦੀਆਂ ਹਨ ਜੋ ਕਰੂੰਬਲਾਂ ਵਾਂਗ ਫੁੱਟ ਕੇ ਬਾਅਦ ਵਿਚ ਸ਼ਾਖ਼ਾਂ ਦਾ ਰੂਪ ਧਾਰਨ ਕਰ ਲੈਂਦੇ ਹਨ। ਹਰੇਕ ਸ਼ਾਖ਼ ਤੇ ਇਕ ਸਿੱਟਾ ਜਾਂ ਸਪਾਈਕ ਲਗ ਜਾਂਦਾ ਹੈ। ਜਿਥੇ ਇਹ ਸ਼ਾਖ਼ਾਂ ਫੁੱਟਦੀਆਂ ਹਨ ਉਸ ਨੂੰ ਕਰਾਊਨ ਕਿਹਾ ਜਾਂਦਾ ਹੈ ਜਿਸ ਦੇ ਬਿਲਕੁਲ ਥੱਲੇ ਜ਼ਮੀਨ ਵਿਚ ਜੜ੍ਹਾਂ ਦਾ ਗੁੱਛਾ ਵੀ ਪੈਦਾ ਹੋ ਜਾਂਦਾ ਹੈ। ਸ਼ਾਖ਼ਾਂ ਦੀ ਗਿਣਤੀ ਕਿਸਮ ਤੇ ਨਿਰਭਰ ਹੁੰਦੀ ਹੈ। ਕਈ ਹੋਰ ਤੱਥ ਵੀ ਇਸ ਤੇ ਅਸਰ ਕਰਦੇ ਹਨ ਜਿਵੇਂ ਬੀਜਣ ਦਾ ਸਮਾਂ, ਬੀਜ ਤੋਂ ਬੀਜ ਦੀ ਦੂਰੀ ਅਤੇ ਜਲਵਾਯੂ ਹਾਲਤਾਂ। ਸ਼ਾਖ਼ਾਂ ਦਾ ਤਣਾ, ਗੰਢਾਂ ਅਤੇ ਅੰਤਰ-ਗੰਢਾਂ ਦਾ ਬਣਿਆ ਹੁੰਦਾ ਹੈ। ਸਿੱਟਾ ਆਮ ਤੌਰ ਤੇ ਅਖ਼ੀਰਲੇ ਪੱਤੇ ਵਿਚੋਂ ਨਿਕਲਦਾ ਹੈ। ਇਸੇ ਹੀ ਵਕਤ ਇਕ ਹੋਰ ਵੱਡੀ ਤਬਦੀਲੀ ਆ ਚੁੱਕੀ ਹੁੰਦੀ ਹੈ ਕਿ ਪੌਦਾ ਉਗਾਊਂ ਹਾਲਤ ਤੋਂ ਉਤਪਾਦਨ ਹਾਲਤ ਤੇ ਪਹੁੰਚ ਚੁੱਕਾ ਹੁੰਦਾ ਹੈ। ਇਕ ਸਿੱਟੇ ਵਿਚੋਂ ਬਹੁਤ ਗਿਣਤੀ ਵਿਚ ਫੁੱਲ ਨਿਕਲਦੇ ਹਨ ਇਨ੍ਹਾਂ ਦੀ ਗਿਣਤੀ 20 ਤੋਂ 100 ਤਕ ਵੀ ਹੋ ਸਕਦੀ ਹੈ। ਫੁੱਲ ਇਕ ਸਪਾਈਕਲੈੱਟ ਵਿਚ ਗੁੰਦੇ ਹੁੰਦੇ ਹਨ ਅਤੇ ਹਰੇਕ ਸਪਾਈਕਲੈੱਟ ਵਿਚ 2 ਤੋਂ 6 ਫੁੱਲ ਹੁੰਦੇ ਹਨ। ਸਪਾਈਕਲੈੱਟ ਇਕ ਛਿਲਕੇ ਵਿਚ ਬੰਦ ਹੁੰਦੀ ਹੈ। ਬਾਹਰਲੇ ਛਿਲਕੇ ਦਾ ਦੰਦ ਜਾਂ ਚੁੰਝ ਵਰਗਾ ਆਕਾਰ ਹੁੰਦਾ ਹੈ ਜੋ ਆਮ ਤੌਰ ਤੇ ਛੋਟਾ ਹੁੰਦਾ ਹੈ। ਬੀਜਾਂ ਨੂੰ ਲਪੇਅੇ ਹੋਏ ਛਿਲਕੇ ਵਿਚ ਇਕ ਕਸੀਰ ਵੀ ਹੋ ਸਕਦਾ ਹੈ।

          ਦਾਣੇ––ਕਣਕ ਦਾ ਬੀਜ ਇਕ ਇਕਹਿਰਾ ਬੀਜ ਜਾਂ ਨਟ ਵਰਗਾ ਫਲ ਹੈ ਜਿਸ ਨੂੰ ਕੇਰਿਓਪਸਿਸ ਕਿਹਾ ਜਾਂਦਾ ਹੈ। ਬੀਜ ਇਕ ਪਤਲੇ ਸ਼ੈੱਲ (ਪੈਰੀਕਰਾਪ) ਜਾਂ ਬਹੁਤ ਸਾਰੀਆਂ ਹੋਰ ਸੈੱਲ ਪਰਤਾ ਨਾਲ ਢੱਕਿਆ ਹੁੰਦਾ ਹੈ ਜਿਨ੍ਹਾਂ ਸੂੜ੍ਹਾ ਕਿਹਾ ਜਾਂਦਾ ਹੈ। ਸੂੜ੍ਹਾ ਆਮ ਤੌਰ ਤੇ ਲਾਲ-ਭੂਰੇ ਰੰਗ ਦਾ ਜਾਂ ਹਲਕੇ ਤੋਂ ਗੂੜ੍ਹੇ ਰੰਗ ਦਾ ਵੀ ਹੋ ਸਕਦਾ ਹੈ ਅਤੇ ਇਸ ਦਾ ਇਹ ਰੰਗ ਬੀਜ ਦੇ ਅੰਦਰਲੇ ਹਿੱਸੇ ਤੇ ਨਿਰਭਰ ਕਰਦਾ ਹੈ। ਸੂੜੇ ਵਾਲੀ ਪਰਤ ਥੱਲੇ ਐਂਡੋਸਪਰਮ ਹੁੰਦੀ ਹੈ। ਐਂਡੋਸਪਰਮ ਵਿਚ ਨਿਸ਼ਾਸਤਾ ਹੁੰਦਾ ਹੈ ਅਤੇ ਇਹ ਇਕ ਪ੍ਰੋਟੀਨ (ਗਲੂਟੈਨ) ਨਾਲ ਭਰਿਆ ਹੁੰਦਾ ਹੈ। ਗਲੂਟੈਨ ਹਲਕੀ ਬਰੈੱਡ ਬਣਾਉਣ ਵਿਚ ਬਹੁਤ ਉਪਯੋਗੀ ਹੁੰਦੀ ਹੈ। ਭਰੂਣ ਜਾਂ ਜਰਮ ਬੀਜ ਦੇ ਥੱਲੇ ਹੁੰਦਾ ਹੈ। ਥੱਲੇ ਵਾਲਾ ਹਿੱਸਾ ਉੱਤਲ ਸ਼ਕਲ ਦਾ ਹੁੰਦਾ ਹੈ ਜਦ ਕਿ ਉਪਰਲੇ ਹਿੱਸੇ ਤੇ ਇਕ ਡੂੰਤ ਜਿਹਾ ਹੁੰਦਾ ਹੈ।

          ਕਾਸ਼ਤ

          ਮੌਸਮ––ਕਣਕ ਨੂੰ ਸ਼ੁਰੂ ਵਿਚ ਠੰਢ ਦੀ ਲੋੜ ਹੁੰਦੀ ਹੈ। ਇਸ ਸਮੇਂ ਗਰਮੀ ਪੌਦੇ ਦੇ ਜੜ੍ਹ ਮਾਰਨ ਦੇ ਅਨੁਕੂਲ ਨਹੀਂ ਹੁੰਦੀ ਅਤੇ ਕਈ ਬਿਮਾਰੀਆਂ ਵੀ ਬਹੁਤ ਫੈਲਦੀਆਂ ਹਨ। ਇਸ ਵੇਲੇ ਬਹੁਤੇ ਮੀਂਹ ਪੈਣ ਨਾਲ ਕੁੰਗੀ ਦੇ ਫ਼ੈਲਣ ਦੀ ਵੀ ਸੰਭਾਵਨਾ ਵੀ ਵਧ ਜਾਂਦੀ ਹੈ। ਵਾਢੀ ਨੇੜੇ ਫ਼ਸਲ ਦੇ ਇਕਸਾਰ ਪੱਕਣ ਲਈ ਗਰਮ ਖ਼ੁਸ਼ਕ ਮੌਸਮ ਬੜਾ ਸਹਾਈ ਹੁੰਦਾ ਹੈ।

          ਖੇਤੀ ਦੀ ਤਿਆਰੀ––ਚੰਗੀ ਪੈਦਾਵਾਰ ਪ੍ਰਾਪਤ ਕਰਨ ਲਈ ਖੇਤ ਨੂੰ ਚੰਗੀ ਤਰ੍ਹਾਂ ਵਾਹ ਸਵਾਰ ਕੇ ਤਿਆਰ ਕਰ ਲੈਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਬੀਜ ਚੰਗੀ ਤਰ੍ਹਾਂ ਪੁੰਗਰ ਸਕਣ ਅਤੇ ਫ਼ਸਲ ਇਕਸਾਰ ਪੈਦਾ ਹੋ ਸਕੇ।

          ਕਿਸਮਾਂ––ਚੰਗੀ ਪੈਦਾਵਾਰ ਲਈ ਹਮੇਸ਼ਾ ਚੰਗੀ ਝਾਣ ਦੇਣ ਵਾਲੀਆਂ, ਜਲਦੀ ਪੱਕ ਸਕਣ, ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦਾ ਟਾਕਰਾ ਕਰ ਸਕਣ ਵਾਲੀਆਂ ਕਿਸਮਾਂ ਹੀ ਬੀਜਣੀਆਂ ਚਾਹੀਦੀਆਂ ਹਨ ਜਿਵੇਂ ਪੀ ਬੀ-18, ਡਬਲਿਊ ਜੀ-357, ਡਬਲਿਊ ਜੀ-377, ਡਬਲਿਊ ਐਲ-711, ਐਚ ਡੀ 2009; ਸੋਨਾਲੀਕਾ, ਸੀ-306, ਅਤੇ ਡਬਲਿਊ ਐਲ-410 ਆਦਿ। ਹੁਣ ਇਨ੍ਹਾਂ ਤੋਂ ਵੀ ਵਧੀਆਂ ਕਿਸਮ ਦੀਆਂ ਕਣਕਾਂ ਬਾਰੇ ਖੋਜ ਜਾਰੀ ਹੈ।

          ਬਿਜਾਈ––ਬੀਜ ਦੀ ਮਾਤਰਾ ਕਣਕ ਦੀ ਕਿਸਮ ਤੇ ਬਿਜਾਈ ਦੀਆਂ ਹਲਾਤਾਂ ਉਪਰ ਨਿਰਭਰ ਹੈ। ਕਣਕ ਦੀਆਂ ਪੀ ਬੀ-18; ਐਚ ਡੀ-2009, ਕੇ ਐਸ ਐਮ ਐਲ-3 ਅਤੇ ਡਬਲਿਯੂ ਜੀ-377 ਕਿਸਮਾਂ ਲਈ ਇਕ ਏਕੜ ਪਿੱਛੇ 25 ਤੋਂ 30 ਕਿ. ਗ੍ਰਾ. ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ। ਸੋਨਾਲੀਕਾ, ਡਬਲਯੂ ਜੀ-357, ਡਬਲਯੂ ਐਲ-711, ਡਬਲਯੂ ਐਲ-1562 ਅਤੇ ਡਬਲਯੂ ਐਲ-418 ਲਈ ਬੀਜ ਦੀ ਮਾਤਰਾ 30 ਤੋਂ 35 ਕਿ. ਗ੍ਰਾ. ਪ੍ਰਤਿ ਏਕੜ ਵਰਤਿਆ ਜਾਣਾ ਚਾਹੀਦਾ ਹੈ। ਸਿਆੜਾਂ ਵਿਚ ਫ਼ਾਸਲਾ 20 ਤੋਂ 22 ਸੈਂ. ਮੀ. ਰੱਖਿਆ ਜਾਂਦਾ ਹੈ। ਬਿਜਾਈ ਖਾਦ-ਬੀਜ ਡਰਿਲ ਨਾਲ ਕਰਨੀ ਚਾਹੀਦੀ ਹੈ।

          ਕਣਕ ਨੂੰ ਸਿਊਂਕ ਤੋਂ ਬਚਾਉਣ ਲਈ ਬੀਜ ਨੂੰ ਐਲਡਰਿਨ (30 ਤਾਕਤ ਦੀ) ਨਾ ਸੋਧ ਕੇ ਬੀਜਿਆ ਜਾਣਾ ਚਾਹੀਦਾ ਹੈ। ਇਕ ਕਿ. ਗ੍ਰਾ. ਬੀਜ ਲਈ 4 ਮਿ. ਲਿ. ਦਵਾਈ ਕਾਫ਼ੀ ਹੈ। ਇਸ ਪਿੱਛੋਂ ਇਕ ਕਿ. ਗ੍ਰਾ. ਬੀਜ 2.5 ਗ੍ਰਾ. ਸੈਰੀਸਨ ਜਾਂ ਐਗਰੋਸੈਨ ਜੀ ਐਨ ਜਾਂ 3 ਗ੍ਰਾ. ਕੈਪਟਾਨ ਜਾਂ ਥੀਰਮ ਉੱਲੀਨਾਸ਼ਕ ਦਵਾਈਆਂ ਨਾਲ ਸੋਧ ਲਿਆ ਜਾਣਾ ਚਾਹੀਦਾ ਹੈ। ਜਿਨ੍ਹਾਂ ਕਿਸਮਾਂ ਨੂੰ ਕਾਂਗਿਆਰੀ ਆਮ ਲੱਗ ਜਾਂਦੀ ਹੋਵੇ ਉਨ੍ਹਾਂ ਕਿਸਮਾਂ ਦਾ ਬੀਜ ਬੀਜਣ ਤੋਂ ਪਹਿਲਾਂ ਵੀਟਾਵੈਕਸ ਜਾਂ ਬਾਵਸਟਨ ਜਾਂ ਬੈਨਲੇਟ ਦਵਾਈ 2.5 ਗ੍ਰਾ. ਪ੍ਰਤਿ ਕਿ. ਗ੍ਰਾ. ਬੀਜ ਦੀ ਦਰ ਨਾਲ ਜ਼ਰੂਰ ਸੋਧ ਲੈਣਾ ਚਾਹੀਦਾ ਹੈ।

          ਨਵੰਬਰ ਦਾ ਪਹਿਲਾ ਪੰਦਰਵਾੜਾ ਇਸ ਦੀ ਬਿਜਾਈ ਲਈ ਬਹੁਤ ਢੁਕਵਾਂ ਹੈ। ਪੀ ਬੀ-18 ਪੱਕਣ ਲਈ ਲੰਬਾ ਸਮਾਂ ਲੈਂਦੀ ਹੈ। ਇਸ ਲਈ ਕਿਸਮ ਦੀ ਬਿਜਾਈ ਕੁਝ ਪਹਿਲਾਂ, ਭਾਵ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ, ਨਾਲ ਇਹ ਕਿਸਮਾਂ ਮੌਸਮ ਦੇ ਅੱਧ ਵਿਚ ਕੁੰਗੀਆਂ ਅਤੇ ਪੱਕਣ ਦੇ ਨੇੜੇ ਉੱਚੇ ਤਾਪਮਾਨ ਤੋਂ ਬਚੀਆਂ ਰਹਿੰਦੀਆਂ ਹਨ। ਦੂਜੇ ਪਾਸੇ ਸੋਨਾਲੀਕਾ ਅਤੇ ਡਬਲਯੂ ਜੀ-377 ਛੇਤੀ ਪੱਕਣ ਵਾਲੀਆਂ ਕਿਸਮਾਂ 10 ਨਵੰਬਰ ਤੋਂ ਪਹਿਲਾਂ ਪਹਿਲਾਂ ਨਹੀਂ ਬੀਜਣੀਆਂ ਚਾਹੀਦੀਆਂ।

          ਕਣਕ ਦੀ ਬੀਜ 4 ਤੋਂ 6 ਸੈਂ. ਮੀ. ਡੂੰਘਾ ਬੀਜਣਾ ਚਾਹੀਦਾ ਹੈ। ਡਰਿਲ ਨਾਲ ਬੀਜਿਆ ਬੀਜ ਇਕਸਾਰ ਡੂੰਘਾਈ ਤੇ ਡਿਗਦਾ ਹੈ ਤੇ ਚੰਗਾ ਜੰਮਦਾ ਹੈ ਅਤੇ ਬਿਜਾਈ ਲਈ ਸਮਾਂ ਵੀ ਘੱਟ ਲਗਦਾ ਹੈ।

          ਖਾਦਾਂ ਦੀ ਵਰਤੋਂ––ਖਾਦਾਂ ਤੋਂ ਪੂਰਾ ਪੂਰਾ ਲਾਭ ਲੈਣ ਲਈ, ਇਨ੍ਹਾਂ ਦੀ ਵਰਤੋਂ ਮਿੱਟੀ ਪਰਖ ਦੇ ਅਧਾਰ ਤੇ ਕਰਨੀ ਚਾਹੀਦੀ ਹੈ। ਜੇਕਰ ਕਿਸੇ ਕਾਰਨ ਮਿੱਟੀ ਦੀ ਪਰਖ ਨਾ ਕਰਵਾਈ ਗਈ ਹੋਵੇ ਤਾਂ ਦਰਮਿਆਨੀ ਉਪਜਾਊ ਹਾਲਤਾਂ ਸਮੇਂ ਮਧਰੀਆਂ ਸੇਂਜੂ ਕਿਸਮਾਂ ਲਈ ਖਾਦਾਂ ਬਾਰੇ ਆਮ ਸਿਫ਼ਾਰਸ਼ਾਂ ਹੇਠ ਦਿਤੀਆਂ ਗਈਆਂ ਹਨ :––

ਜ਼ਿਲ੍ਹੇ

ਖ਼ੁਰਾਕੀ ਤੱਤ*

(ਕਿ. ਗ੍ਰਾ./ਏਕੜ)

ਖ਼ਾਦਾਂ

(ਕਿ. ਗ੍ਰਾ./ਏਕੜ)

ਸਮਾਂ ਅਤੇ ਪਾਉਣ ਦਾ ਢੰਗ

 

ਨਾਈਟ੍ਰੋਜਨ (N)

ਫ਼ਾੱਸਫ਼ੋਰਸ (P2O5)

ਪੋਟਾਸ਼

(K2O)

ਕਿਸਾਨ ਖਾਦ CAN (25%) N

ਸੁਪਰ ਫ਼ਾਸਫ਼ੇਟ (16%) P2O5

ਮਿਉਰੇਟ ਆਫ਼ ਪੋਟਾਸ਼ ** (60%) k2O

 

ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ

 

 

 

 

 

 

 

 

ਬਾਕੀ ਦੇ ਜ਼ਿਲ੍ਹੇ

 

50

 

 

 

 

 

 

 

 

 

 

50

25

 

 

 

 

 

 

 

 

 

 

25

25

 

 

 

 

 

 

 

 

 

 

12

200

 

 

 

 

 

 

 

 

 

 

200

155

 

 

 

 

 

 

 

 

 

 

155

40

 

 

 

 

 

 

 

 

 

 

20

ਅੱਧੀ ਨਾਈਟ੍ਰੋਜਨ, ਸਾਰੀ ਫ਼ਾੱਸਫ਼ੋਰਸ ਅਤੇ ਪੋਟਾਸ਼ ਬਿਜਾਈ ਸਮੇਂ ਡਰਿਲ ਨਾਲ ਪਾ ਦੇਣੀ ਚਾਹੀਦੀ ਹੈ ਜਦ ਬਾਕੀ ਦੀ ਅੱਧੀ ਨਾਈਟ੍ਰੋਜਨ ਪਹਿਲੀ ਸਿੰਚਾਈ ਸਮੇਂ ਛੱਟੇ ਨਾਲ ਪਾਉਣੀ ਚਾਹੀਦੀ ਹੈ।

 

 

 

––ਉਪਰੋਕਤ ਅਨੁਸਾਰ––

 

* ਇਹ ਖ਼ੁਰਾਕੀ ਤੱਤ ਮਾਰਕੀਟ ਵਿਚੋਂ ਮਿਲਦੀਆਂ ਹੋਰਨਾਂ ਖਾਦਾਂ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ।

** ਪੋਟਾਸ਼ ਤੱਤ ਕੇਵਲ ਜ਼ਮੀਨੀ ਪਰਖ ਤੋਂ ਬਾਅਦ ਇਸ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ ਵਿਚ ਵੀ ਪਾਉਣਾ ਚਾਹੀਦਾ ਹੈ।

          ਜ਼ਿੰਕ ਦੀ ਘਾਟ––ਹਲਕੀਆਂ ਜ਼ਮੀਨਾਂ ਵਿਚ ਹੇਠ ਉਤੇ ਫ਼ਸਲਾਂ ਬੀਜੀਆਂ ਜਾਣ ਨਾਲ ਜ਼ਿੰਕ ਤੱਤ ਦੀ ਘਾਟ ਛੇਤੀ ਆ ਜਾਂਦੀ ਹੈ। ਜ਼ਿੰਕ ਦੀ ਘਾਟ ਨਾਲ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਉਹ ਬਾਰੀਕ ਪੱਤਿਆਂ ਦੀ ਨਿੱਕੀ ਜਿਹੀ ਝਾੜੀ ਵਾਂਗ ਜਾਪਦੇ ਹਨ। ਪੱਤੇ ਲੱਕ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਅਤੇ ਬਾਅਦ ਵਿਚ ਉਥੋਂ ਟੁੱਟ ਵੀ ਜਾਂਦੇ ਹਨ। ਅਜਿਹੀ ਹਾਲਤ ਵਿਚ ਬਿਜਾਈ ਸਮੇਂ 25 ਕਿ. ਗ੍ਰਾ. ਜ਼ਿੰਕ ਸਲਫ਼ੇਟ ਪ੍ਰਤਿ ਏਕੜ ਜ਼ਮੀਨ ਵਿਚ ਛੱਟੇ ਨਾਲ ਪਾਉਣੀ ਚਾਹੀਦੀ ਹੈ। ਜ਼ਿੰਕ ਦੀ ਘਾਟ, ਫ਼ਸਲ ਉਤੇ ਜ਼ਿੰਕ ਦੀ ਸਪਰੇ ਕਰਨ ਨਾਲ ਵੀ ਪੂਰੀ ਕੀਤੀ ਜਾ ਸਕਦੀ ਹੈ। ਇਕ ਏਕੜ ਲਈ ਇਕ ਕਿ. ਗ੍ਰਾ. ਜ਼ਿੰਕ ਸਲਫ਼ੇਟ ਤੇ ਅੱਧਾ ਕਿ. ਗ੍ਰਾ. ਅਣ ਬੁਝਿਆ ਚੂਨਾ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਦੇਣਾ ਚਾਹੀਦਾ ਹੈ। ਇਹ ਛਿੜਕਾਅ 15 ਦਿਨਾਂ ਦੀ ਵਿੱਥ ਤੇ 2-3-ਵਾਰ ਕਰਨਾ ਲਾਹੇਵੰਦ ਰਹਿੰਦਾ ਹੈ।

          ਨਦੀਨਾਂ ਦੀ ਰੋਕਥਾਮ––ਜੜ੍ਹੀ ਬੂਟੀਆਂ ਦਾ ਨਾਸ਼ ਕਰਨ ਲਈ ਇਕ ਗੋਡੀ ਬਿਜਾਈ ਤੋਂ ਇਕ ਮਹੀਨਾ ਪਿੱਛੋਂ ਕਰਨੀ ਚਾਹੀਦੀ ਹੈ। ਗੋਡੀ ਲਈ ਪਹੀਏ ਵਾਲੀ ਫਾਲੀ ਜਾਂ ਡੰਡੇ ਵਾਲੀ ਫਾਲੀ ਦੀ ਵਰਤੋਂ ਕਰਨੀ ਚੰਗੀ ਰਹਿੰਦੀ ਹੈ। ਸੇਂਜੂ ਫ਼ਸਲ ਨੂੰ ਪਹਿਲਾ ਪਾਣੀ ਦੇਣ ਪਿੱਛੋਂ ਤੇ ਬਰਾਨੀ ਜ਼ੀਮਨਾਂ ਵਿਚ ਪਹਿਲੇ ਮੀਂਹ ਪਿੱਛੇ ਬਾਰ ਹੈਰੋ ਫੇਰਨੀ ਲਾਭਦਾਇਕ ਹੁੰਦੀ ਹੈ। ਜੜ੍ਹੀ ਬੂਟੀਆਂ ਦੀ ਰੋਕਥਾਮ ਲਈ ਸਿਫ਼ਾਰਸ਼ ਕੀਤੀਆਂ ਦਵਾਈਆਂ ਦੀ ਵਰਤੋਂ ਸਮੇਂ ਸਮੇਂ ਸਿਰ ਕਰਦੇ ਰਹਿਣਾ ਚਾਹੀਦਾ ਹੈ। ਇਨ੍ਹਾਂ ਦਵਾਈਆਂ ਵਿਚ ਡੋਸਾਨੈਕਸ ਟ੍ਰੀਬੀਉਨਿਲ (ਗੁਲੀ ਡੰਡੇ ਲਈ) ਅਤੇ ਟੋਕਈ-25 ਹੋਰਨਾਂ ਨਦੀਨਾਂ ਲਈ ਵਰਤਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

          ਸਿੰਚਾਈ––ਕਣਕ ਦੀ ਬਿਜਾਈ ਭਰਵੀਂ ਰਾਉਣੀ (10 ਸੈਂ. ਮੀ.) ਪਿੱਛੋਂ ਕਰਨੀ ਚਾਹੀਦੀ ਹੈ। ਜਦੋਂ ਕਣਕ ਧਾਨ ਪਿੱਛੋਂ ਬੀਜਣੀ ਹੋਵੇ ਤਾਂ ਭਰਵੀਂ ਰਾਉਣੀ ਦੀ ਕੋਈ ਲੋੜ ਨਹੀਂ। ਕਣਕ ਨੂੰ ਪਹਿਲਾ ਪਾਣੀ ਬਿਜਾਈ ਤੋਂ 4 ਹਫ਼ਤੇ ਪਿੱਛੋਂ ਹਲਕਾ ਹਲਕਾ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਵਾਲੇ ਪਾਣੀ ਕਣਕ ਦੀ ਬਿਜਾਈ ਦੇ ਸਮੇਂ ਨਾਲ ਸਬੰਧਤ ਹਨ। ਰੇਤਲੀਆਂ, ਭਲ ਵਾਲੀਆਂ ਅਤੇ ਭਰੀਆਂ ਜ਼ਮੀਨਾਂ ਵਿਚ ਵਖ ਵਖ ਸਮੇਂ ਬੀਜੀ ਕਣਕ ਨੂੰ ਪਾਣੀ, ਹੇਠ੍ਹਾਂ ਦੱਸੀ ਤਰਤੀਬ ਅਨੁਸਾਰ ਲਾਉਣਾ ਚਾਹੀਦਾ ਹੈ :––

ਬਿਜਾਈ ਦੀ ਤਾਰੀਖ

ਦੂਜਾ ਪਾਣੀ

(7.5 ਸੈਂ. ਮੀ.)

ਤੀਜਾ ਪਾਣੀ

(7.5 ਸੈਂ. ਮੀ.)

ਚੌਥੀ ਪਾਣੀ

(7.5 ਸੈਂ. ਮੀ.)

                             (ਪਿਛਲੇਰੀ ਸਿਚਾਈ ਤੋਂ ਮਗਰਲੇ ਦਿਨਾਂ ਬਾਅਦ)

ਨਵੰਬਰ 1-7

36

43

26

ਨਵੰਬਰ 8-21

41

38

25

ਨਵੰਬਰ 22 ਤੋਂ 5 ਦਸੰਸਰ

44

30

––

 

          ਕਣਕ ਦੀ ਕਟਾਈ ਤੇ ਗਹਾਈ––ਕਣਕ ਦੀ ਫ਼ਸਲ ਨੂੰ ਸਮੇਂ ਸਿਰ ਪੂਰਾ ਪੱਕਣ ਤੇ ਕੱਟ ਲੈਣਾ ਚਾਹੀਦਾ ਹੈ ਤਾਂ ਕਿ ਦਾਣੇ ਨਾ ਕਿਰਨ। ਦਾਣੇ ਕੱਢਣ ਲਈ ਪਾਵਰ ਥਰੈਸ਼ਰ ਜਾਂ ਡਰੰਮੀ ਦੀ ਵਰਤੋਂ ਕਰਨੀ ਚਾਹੀਦੀ ਹੈ। ਥਰੈਸ਼ਰ ਨੂੰ ਸਿਫ਼ਾਰਸ਼ ਕੀਤੀ ਗਈ ਰਫ਼ਤਾਰ ਤੇ ਹੀ ਚਲਾਉਣਾ ਚਾਹੀਦਾ ਹੈ। ਫ਼ਸਲ ਦੀ ਕਟਾਈ ਅਤੇ ਨਾਲੋਂ ਨਾਲ ਦੇਣੇ ਕੱਢਣ ਵਾਲੀਆਂ ਮਸ਼ੀਨਾਂ (ਕੰਬਾਈਨਜ਼) ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਦਾਣੇ ਸਾਫ਼ ਕਰਨ ਲਈ ਵੀ ਮਸ਼ੀਨਾਂ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ, ਤਾਂ ਕਿ ਮੰਡੀ ਵਿਚ ਵਾਜਬ ਕੀਮਤ ਮਿਲ ਸਕੇ।

ਪੌਦਾ ਸੁਰੱਖਿਆ ਸਾਧਨ

          ਕਣਕ ਤੋਂ ਵਧੇਰੇ ਪੈਦਾਵਾਰ ਲੈਣ ਲਈ ਫ਼ਸਲ ਨੂੰ ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਮਾਰੂ ਅਸਰ ਤੋਂ ਬਚਾਉਣ ਲਈ ਲੋਂੜੀਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।

          ਜ਼ਮੀਨੀ ਕੀੜੇ––ਸਿਉਂਕ ਫ਼ਸਲ ਦੇ ਬੀਜਣ ਦੇ ਉਸੇ ਵੇਲੇ, ਪਿੱਛੋਂ ਤੇ ਫ਼ੇਰ ਪੱਕਣ ਸਮੇਂ ਬਹੁਤ ਨੁਕਸਾਨ ਕਰਦੀ ਹੈ। ਇਸ ਦੇ ਹਮਲੇ ਨਾਲ ਬੂਟੇ ਸੁੱਕੇ ਜਾਂਦੇ ਹਨ ਅਤੇ ਮਰੇ ਬੂਟੇ ਸੌਖੇ ਹੀ ਪੁੱਟੇ ਜਾ ਸਕਦੇ ਹਨ। ਇਸ ਦੀ ਰੋਕਥਾਮ ਲਈ ਇਕ ਕਿ. ਗ੍ਰਾ. ਬੀਜ ਨੂੰ 4 ਮਿ. ਲਿ. ਐਲਡਰਿਨ (30 ਤਾਕਤ ਦੀ) ਨਾਲ ਜ਼ਰੂਰ ਸੋਧ ਲੈਣਾ ਚਾਹੀਦਾ ਹੈ। ਇਕ ਹੋਰ ਵਿਧੀ ਰਾਹੀਂ ਇਕ ਏਕੜ ਦੇ 30 ਕਿ. ਗ੍ਰਾ. ਬੀਜ ਨੂੰ ਸੋਧਣ ਲਈ ਜ਼ਮੀਨ ਉਪਰ ਪਤਲੀ ਤਹਿ ਵਿਚ ਖਲਾਰ ਦਿਤਾ ਜਾਂਦਾ ਹੈ। ਇਸ ਬੀਜ ਉਪਰ 120 ਮਿ. ਲਿ. ਐਲਡਰਿਨ ਇਕ ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰ ਦੇਣੀ ਚਾਹੀਦੀ ਹੈ। ਖੇਤਾਂ ਵਿਚ ਸਿਊਂਕ ਦੀ ਰੋਕਥਾਮ ਲਈ 10 ਕਿ. ਗ੍ਰਾ. ਬੀ ਐਚ ਸੀ-10% ਜਾਂ 15 ਕਿ. ਗ੍ਰਾ. ਐਲਡਰਿਨ 5% ਦਾ ਧੂੜਾ ਪ੍ਰਤਿ ਏਕੜ ਅਖੀਰਲੀ ਵਾਹੀ ਤੋਂ ਬਾਅਦ ਤੇ ਸੁਹਾਗ਼ਾ ਫੇਰਨ ਤੋਂ ਪਹਿਲਾਂ ਧੂੜ ਦੇਣਾ ਚਾਹੀਦਾ ਹੈ।

          ਪੱਤਿਆਂ ਦੇ ਕੀੜੇ––(ੳ) ਰਸ ਚੂਸਣ ਵਾਲੇ ਕੀੜੇ ਜਿਵੇਂ ਕਿ ਤੇਲਾ (ਐਫ਼ਿਡ ਤੇ ਜੈਸਿਡ) ਅਤੇ ਭੂਰੀ ਜੂੰ ਦੇ ਹਮਲੇ ਨਾਲ ਪੱਤੇ ਪੀਲੇ ਪੈ ਜਾਂਦੇ ਹਨ। ਇਨ੍ਹਾਂ ਦੀ ਰੋਕ ਲਈ 150 ਮਿ. ਲਿ. ਰੋਗੋਰ 30 ਤਾਕਤ ਦੀ ਜਾਂ ਐਨਥੀਓ 21 ਤਾਕਤ ਦੀ ਜਾਂ ਮੈਟਾਸਿਸਟਾਕਸ 25 ਤਾਕਤ ਦੀ ਜਾਂ ਨੁਵਾਕੁਰਨ 40 ਤਾਕਤ ਦੀ 150 ਲਿਟਰ ਪਾਣੀ ਵਿਚ ਘੋਲ ਕੇ ਪ੍ਰਤਿ ਏਕੜ ਨੈਪਸੈਕ ਪੰਪ ਨਾਲ ਛਿੜਕਾਅ ਕਰਨਾ ਚਾਹੀਦਾ ਹੈ। ਮੋਟਰ ਵਾਲੇ ਪੰਪ ਦੀ ਵਰਤੋਂ ਲਈ ਪਾਣੀ ਦੀ ਮਾਤਰਾ 30 ਲਿਟਰ ਤਕ ਘਟਾਈ ਜਾ ਸਕਦੀ ਹੈ।

          (ਅ) ਸੈਨਿਕ ਸੁੰਡੀ ਤੇ ਛੋਲਿਆਂ ਦੀ ਸੁੰਡੀ ਕਣਕ ਤੇ ਜੌਂ ਦੀ ਫ਼ਸਲ ਦੇ ਪੱਤੇ ਅਤੇ ਸਿੱਟੇ ਮਾਰਚ-ਅਪ੍ਰੈਲ ਦੇ ਮਹੀਨੇ ਬਹੁਤ ਬੁਰੀ ਤਰ੍ਹਾਂ ਖਾਂਦੀ ਹੈ। ਇਸ ਦੀ ਰੋਕਥਾਮ ਲਈ 350 ਮਿ. ਲਿ. ਫੌਲੀਥੀਅਨ/ਸੁਮੀਥੀਅਨ 50 ਤਾਕਤ ਦੀ ਜਾਂ 200 ਮਿ. ਲਿ. ਨੁਵਾਨ 100 ਜਾਂ 1.2 ਕਿ. ਗ੍ਰਾ. ਸੇਵਿਨ ਜਾਂ ਹੈਕਸਾਵਿਨ 50 ਘੁਲਨਸ਼ੀਲ ਜਾਂ 1.2 ਲਿਟਰ ਡਿਪਟਰੈਕਸ 50 ਤਾਕਤ ਦੀ ਜਾਂ 400 ਮਿ. ਲਿ. ਐਕਾਲੈਕਸ 25 ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤਿ ਏਕੜ ਹੱਥ ਵਾਲੇ ਪੰਪ ਨਾਲ ਛਿੜਕਾਅ ਕਰਨਾ ਚਾਹੀਦਾ ਹੈ। ਮੋਟਰ ਵਾਲੇ ਪੰਪ ਲਈ ਪਾਣੀ 30 ਲਿਟਰ ਹੀ ਕਾਫ਼ੀ ਹੈ।

ਬਿਮਾਰੀਆਂ

          ਕਣਕ ਦਾ ਪੀਲਾ ਪੈਣਾ––ਪੱਤੇ ਆਮ ਤੌਰ ਤੇ ਪੀਲੇ ਪੈ ਜਾਂਦੇ ਹਨ ਅਤੇ ਨੇਕਾਂ ਉਪਰ ਖ਼ਾਸ ਤੌਰ ਤੇ ਇਹ ਚਿੰਨ੍ਹ ਪ੍ਰਗਟ ਹੋ ਜਾਂਦੇ ਹਨ। ਇਸ ਪਿੱਛੋਂ ਪੱਤਿਆਂ ਉਪਰ ਚਟਾਖ਼ ਜਾਂ ਦਾਗ਼ ਜਿਹੇ ਨਜ਼ਰ ਆਉਂਦੇ ਹਨ। ਫ਼ਸਲ ਵਧਦੀ ਨਹੀਂ ਅਤੇ ਇਸ ਦੇ ਮਰਨ ਦਾ ਡਰ ਹੁੰਦਾ ਹੈ। ਜ਼ਿੰਕ ਦੀ ਘਾਟ ਕਾਰਨ ਵੀ ਫ਼ਸਲ ਵਧਦੀ ਨਹੀਂ ਤੇ ਝਾੜੀਦਾਰ ਰਹਿੰਦੀ ਹੈ। ਪੱਤਿਆਂ ਤੇ ਚਟਾਖ਼ ਪੈ ਜਾਂਦੇ ਹਨ ਅਤੇ ਪੱਤੇ ਵਿਚਕਾਰੋਂ ਟੁੱਟ ਜਾਂਦੇ ਹਨ। ਪੱਤੇ ਪੀਲੇ ਪੈਣ ਦੇ ਆਮ ਕਾਰਨ ਖ਼ੁਰਾਕੀ ਤੱਤਾਂ ਦੀ ਘਾਟ, ਮੌਸਮ ਦੀ ਖ਼ਰਾਬੀ, ਜ਼ਿੰਕ ਦੀ ਘਾਟ ਜਾਂ ਨੇਮਾਟੋਡ ਦਾ ਜ਼ਮੀਨ ਵਿਚ ਹੋਣਾ ਹੈ। ਇਸਦੀ ਰੋਕਥਾਮ ਲਈ ਜੋ ਸਾਧਨ ਅਪਣਾਏ ਜਾਂਦੇ ਹਨ ਉਹ ਕਿਉਂ ਹਨ : (1) ਹਲਕੀ ਜ਼ਮੀਨ ਵਿਚ ਪ੍ਰਤਿ ਏਕੜ 25 ਕਿ. ਗ੍ਰਾ. ਜ਼ਿੰਕ ਸਲਫ਼ੇਟ ਪਾਉਣਾ ਚਾਹੀਦਾ ਹੈ। ਇਹ 2-3 ਸਾਲ ਲਈ ਕਾਫ਼ੀ ਰਹਿੰਦਾ ਹੈ। (2) ਵਧੇਰੇ ਝਾੜ ਵਾਲੀਆਂ ਫ਼ਸਲਾਂ ਵਿਚ ਖਾਦਾਂ ਦੇ ਸਿਰਲੇਖ ਹੇਠ ਦਿਤੀਆਂ ਹਦਾਇਤਾਂ ਅਨੁਸਾਰ ਪੋਟਾਸ਼ ਖਾਦ ਨੂੰ ਨਾਈਟ੍ਰੋਜਨ, ਫ਼ਾੱਸਫ਼ੋਰਸ ਖਾਦ ਦੇ ਨਾਲ ਪਾਉਣਾ ਚਾਹੀਦਾ ਹੈ (3) ਕੋਰ੍ਹੇ ਆਦਿ ਦੇ ਮੰਦੇ ਅਸਰ ਨੂੰ ਦੂਰ ਕਰਨ ਲਈ ਲੋੜੀਂਦੀ ਮਾਤਰਾ ਵਿਚ ਪਾਣੀ ਦੇਣਾ ਚਾਹੀਦਾ ਹੈ। ਪਾਣੀ ਬਹੁਤ ਹੀ ਜ਼ਿਆਦਾ ਦੇਣ ਦੀ ਲੋੜ ਨਹੀਂ। (4) ਜੇ ਜ਼ਮੀਨ ਵਿਚ ਸਿਸਟ ਨੇਮਾਟੋਡ ਹੋਵੇ ਤਾਂ ਏਕੜ ਪਿੱਛੇ 8 ਲਿਟਰ ਨੇਮਾਗੋਨ ਸਿੰਚਾਈ ਦੇ ਪਾਣੀ ਵਿਚ ਘੋਲ ਕੇ ਪਾਉਣਾ ਚਾਹੀਦਾ ਹੈ।

          ਕਣਕ ਦੀ ਕਾਂਗਿਆਰੀ––ਇਹ ਉੱਲੀ ਸਿੱਟਿਆ ਨੂੰ ਬਿਲਕੁਲ ਤਬਾਹ ਕਰ ਦੇਂਦੀ ਹੈ ਅਤੇ ਉਨ੍ਹਾਂ ਅੰਦਰ ਦਾਣਿਆਂ ਦੀ ਥਾਂ ਕਾਲਾ ਜਿਹਾ ਧੂੜਾ ਬਣ ਜਾਂਦਾ ਹੈ। ਇਸ ਬਿਮਾਰੀ ਤੋਂ ਬਚਾਅ ਲਈ ਉਪਰਾਲ ਬੀਜਣ ਤੋਂ ਪਹਿਲਾਂ ਹੀ ਕੀਤੇ ਜਾਂਦੇ ਹਨ ਜਿਵੇਂ (1) ਬਿਮਾਰੀ ਤੋਂ ਮੁਕਤ ਕਣਕ, ਸੋਨਾਲੀਕਾ, ਡਬਲਯੂ ਜੀ-357, ਕੇ ਐਸ ਐਮ ਐਲ-3, ਐਚ ਡੀ-2009 ਅਤੇ ਡਬਲਯੂ ਐਲ-711 ਆਦਿ ਦੀ ਬੀਜਣੀ ਚਾਹੀਦੀ ਹੈ। (2) ਮੈਦਾਨੀ ਇਲਾਕਿਆਂ ਵਿਚ ਮਈ-ਜੂਨ ਮਹੀਨੇ ਵਿਚ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 12 ਵਜੇ ਤਕ ਆਮ ਪਾਣੀ ਵਿਚ ਕਣਕ ਨੂੰ ਭਿਉ-ਭਿਉ ਕੇ ਰਖਣਾ ਚਾਹੀਦਾ ਹੈ। ਉਸ ਦਿਨ ਚੰਗੀ ਧੁੱਪ ਹੋਵੇ ਅਤੇ ਹਵਾ ਨਾਂ ਚਲਦੀ ਹੋਵੇ। ਚਾਰ ਘੰਟੇ ਬੀਜ ਨੂੰ ਭਿਉਂ ਕੇ ਰਖਣ ਪਿੱਛੋਂ ਇਹ ਬੀਜ ਚਟਾਈਆਂ ਉਪਰ ਧੁੱਪ ਵਿਚ ਸੁੱਕਣੇ ਪਾ ਦੇਣੇ ਚਾਹੀਦੇ ਹਨ। ਲਗਭਗ 16 ਵ. ਮੀ. ਦੀ ਥਾਂ ਵਿਚ 40 ਕਿ. ਗ੍ਰਾ. ਬੀਜ ਦੀ ਪਤਲੀ ਤਹਿ ਵਿਛਾਉਣੀ ਚਾਹੀਦੀ ਹੈ। ਇਸ ਥਾਂ ਉਪਰ ਘਾਹ ਆਦਿ ਨਾ ਉਗਿਆ ਹੋਵੇ। ਤਰਪਾਲਾਂ ਜਾਂ ਚਾਦਰਾਂ ਨਾਲ ਵੀ ਕੰਮ ਸਾਰਿਆ ਜਾ ਸਕਦਾ ਹੈ। ਕਣਕ ਨੂੰ ਚੰਗੀ ਤਰ੍ਹਾਂ ਸੁਕਾ ਕੇ ਖ਼ਸ਼ਕ ਥਾਂ ਵਿਚ ਰਖਣਾ ਚਾਹੀਦਾ ਹੈ ਅਤੇ ਅਦਲ ਬਦਲ ਕੇ ਪ੍ਰਤਿ ਕਿ. ਗ੍ਰਾ. ਬੀਜ ਨੂੰ 2.5 ਗ੍ਰਾ. ਵੀਟਾਵੈਕਸ ਨਾਲ ਵੀ ਸੋਧ ਲੈਣਾ ਚਾਹੀਦਾ ਹੈ।

          ਟੁੰਡੁ ਅਤੇ ਮੱਮਣੀ - ਮੱਮਣੀ ਦੀ ਬਿਮਾਰੀ ਨਾਲ ਬਹੁਤ ਸਾਰੇ ਪੌਦੇ ਸ਼ੁਰੂ ਵਿਚ ਹੀ ਮਰ ਜਾਂਦੇ ਹਨ। ਜਿਹੜੇ ਪੌਦੇ ਬਚ ਜਾਣ ਉਨ੍ਹਾਂ ਦੇ ਸਿੱਟਿਆਂ ਵਿਚ ਦਾਣੇ ਨਹੀਂ ਪੈਂਦੇ ।  ਇਸ ਤਰ੍ਹਾਂ ਟੁੰਡੂ ਰੋਗ ਕਾਰਨ ਸਿੱਟਿਆਂ ਵਿਚ ਵੀ ਦਾਣੇ ਨਹੀਂ ਬਣਦੇ । ਜਿਹੜੇ ਸਿੱਟੇ ਲਗਦੇ ਹਨ ਉਨ੍ਹਾਂ ਵਿਚ ਕਾਲੇ ਰੰਗ ਦਾ ਮਾਦਾ ਪੈਦਾ ਹੋ ਜਾਂਦਾ ਹੈ ਜਿਸ ਵਿਚ ਅਨੇਕਾਂ ਨਿਕੇ ਨਿਕੇ ਕੀੜੇ ਹੁੰਦੇ ਹਨ। ਕਿਉਂਕਿ ਮੱਮਣੀ ਹਲਕੀ ਹੁੰਦੀ ਹੈ ਇਹ ਪਾਣੀ ਉਪਰ ਤਰ ਆਉਂਦੀ ਹੈ ਅਤੇ ਭਾਰਾ ਬੀਜ ਪਾਣੀ ਵਿਚ ਡੁੱਬ ਜਾਂਦੇ ਹੈ, ਇਸ ਲਈ ਬੀਜ ਨੂੰ ਸਾਦੇ ਪਾਣੀ ਵਿਚ ਪਾ ਕੇ ਖੂਬ ਹਿਲਾਣਾ ਚਾਹੀਦਾ ਹੈ ਜਿਸ ਨਾਲ ਮੱਮਣੀ ਪਾਣੀ ਉਪਰ ਤਰ ਆਉਂਦੀ ਹੈ। ਇਸ ਨੂੰ ਬਹਾਰ ਕੱਢ ਕੇ ਸਾੜ ਦਿਤਾ ਜਾਂਦਾ ਹੈ।

          ਪੱਤਿਆਂ ਦੀ ਕਾਂਗਿਆਰੀ - ਪੌਦੇ ਦਾ ਆਕਾਰ ਘੱਟ ਜਾਂਦਾ ਹੈ। ਪੱਤਿਆਂ ਉਪਰ ਸਲੇਟੀ ਜਾਂ ਕਾਲੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ। ਇਨ੍ਹਾਂ ਵਿਚੋਂ ਫਿਰ ਕੁਝ ਚਿਰ ਪਿੱਛੋਂ ਕਾਲੇ ਜਿਹੇ ਕਣ ਨਿਕਲਦੇ ਹਨ। ਇਸ ਬਿਮਾਰੀ ਤੋਂ ਬਚਾਅ ਲਈ ਬਿਜਾਈ ਘੱਟ ਡੂੰਘੀ ਕਰਨੀ ਚਾਹੀਦੀ ਹੈ; ਅਜਿਹੇ ਪੌਦੇ ਪੁੱਟ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ। ਬੀਜ ਨੂੰ ਥੀਰਮ 75 ਪ੍ਰਤਿਸ਼ਤ ਜਾਂ ਬਰੈਸੀਕੋਲ ਦਵਾਈ ਲਗਾਉਣੀ ਚਾਹੀਦੀ ਹੈ। ਇਕ ਕਿ. ਗ੍ਰਾ. ਬੀਜ ਲਈ 3 ਗ੍ਰਾ. ਥੀਰਮ ਜਾਂ 2 ਗ੍ਰਾ. ਬਰੈਸੀਕੋਲ ਦਵਾਈ ਕਾਫ਼ੀ ਹੈ।

          ਕਣਕ ਦੀਆਂ ਕੁੰਗੀ - ( ਪੀਲੀ, ਕਾਲੀ ਤੇ ਭੂਰੀ)- ਪੱਤੇ, ਤਣਾਂ ਤੇ ਸਿੱਟੇ ਜ਼ੰਗਾਲੇ ਜਿਹੇ ਹੋ ਜਾਂਦੇ ਹਨ। ਭੂਰੀ ਕੁੰਗੀ ਪੱਤਿਆਂ ਤੇ ਕਸੀਰਾਂ ਨੂੰ  ਖਾ ਕੇ ਫ਼ਸਲ ਦਾ ਝਾੜ ਕਾਫ਼ੀ ਘਟਾ ਦਿੰਦੀ ਹੈ। ਘੱਟ ਬਾਰਸ਼ ਵਾਲੇ ਇਲਾਕਿਆਂ ਵਿਚ ਤੇ ਬਰਾਨੀ ਫ਼ਸਲ ਉਤੇ ਇਸ ਦਾ ਹਮਲਾ  ਬਹੁਤ ਤਿੱਖਾ ਹੁੰਦਾ ਹੈ। ਇਸ ਲਈ ਰੋਗ ਰਹਿਤ ਕਿਸਮਾਂ ਜਿਵੇਂ ‘ਸੋਨਾਲੀਕਾ’ ਤੇ ਡਬਲਯੂ ਜੀ-357 ਦੀ ਬਿਜਲੀ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ।

          ਜੜ੍ਹਾਂ ਜਾਂ ਮੁੱਢ ਦਾ ਗਲਣਾ - ਜੜ੍ਹਾਂ ਤੇ ਤਣੇ ਭੂਰੇ ਨਜ਼ਰ ਆਉਂਦੇ ਹਨ। ਪੱਤਿਆਂ ਉਪਰ ਭੂਰੇ ਦਾਗ਼ ਪੈ ਜਾਂਦੇ ਹਨ। ਸਿੱਟਿਆਂ ਵਿਚ ਦਾਣੇ ਮਾੜੇ ਪੈਂਦੇ ਹਨ ਅਤੇ ਚੁਰੜ ਮੁਰੜ ਹੋ ਜਾਂਦੇ ਹਨ। ਉਨ੍ਹਾਂ ਦੇ ਸਿਰੇ ਕਾਲੇ ਹੁੰਦੇ ਹਨ। ਇਸਦੀ ਰੋਕਥਾਮ ਲਈ ਬੀਜ ਨੂੰ 2.5 ਗ੍ਰਾ. ਬਵਿਸਟਨ ਪ੍ਰਤਿ  ਕਿ. ਗ੍ਰਾ. ਬੀਜ ਦੇ ਹਿਸਾਬ    ਨਾਲ ਸੋਧ ਕੇ ਬੀਜਣਾ ਚਾਹੀਦਾ ਹੈ।

          ਮੌਲੀਆ ਰੋਗ - ਪੌਦੇ ਉਪਰੋਂ ਭੋਡੇ ਹੋ ਜਾਂਦੇ ਹਨ। ਰੰਗ ਪੀਲਾ ਪੈ ਜਾਂਦਾ ਹੈ। ਸ਼ਾਖ਼ਾਂ ਘਟ ਜਾਂਦੀਆਂ ਹਨ। ਸਿੱਟੇ ਛੋਟੇ ਹੋ ਜਾਂਦੇ ਹਨ। ਹਮਲੇ ਵਾਲੇ ਬੂਟਿਆਂ ਦੀਆਂ ਜੜ੍ਹਾਂ ਛੋਟੀਆਂ ਰਹਿ ਜਾਂਦੀਆਂ ਹਨ ਅਤੇ ਹੋਰ ਛੋਟੀਆਂ ਜੜ੍ਹਾਂ ਬਹੁਤ ਫੁੱਟੀਆਂ ਹਨ ਜਿਸ ਨਾਲ ਇਹ ਜੜ੍ਹਾਂ ਗੁੱਛਾ ਮੁੱਛਾ ਹੋ ਜਾਂਦੀਆਂ ਹਨ। ਰੁੱਤ ਦੀ ਸਮਾਪਤੀ ਤੇ ਜੜ੍ਹਾਂ ਸਪੱਸ਼ਟ ਤੌਰ ਤੇ ਰੌਗੀ ਤੇ ਫੁੱਲੀਆਂ ਜਿਹੀਆਂ ਦਿਖਾਈ ਦਿੰਦੀਆਂ ਹਨ। ਮੌਲੀਆ ਰੋਗ ਦੀ ਰੋਕਥਾਮ ਲਈ ਮਈ-ਜੂਨ ਦੇ ਮਹੀਨੇ ਵਿਚ ਧਰਤੀ ਨੂੰ ਵਾਹ ਕੇ ਚੰਗੀ ਤਰ੍ਹਾਂ ਧੁੱਪ ਲੁਆਉਦੀ ਚਾਹੀਦੀ ਹੈ। ਸਿੰਜਾਈ ਸਮੇਂ ਇਕ ਏਕੜ ਪਿੱਛੋ 8 ਲਿਟਰ  ਨੇਮਾਗੋਨ ਪਾਉਣੀ ਚਾਹੀਦੀ ਹੈ।

          ਕਰਨਾਲ ਬੰਟ - ਇਸ ਬਿਮਾਰੀ ਨਾਲ ਦਾਣਿਆਂ ਦੇ ਕੁਝ ਹਿੱਸੇ ਤੇ ਅਸਰ ਹੁੰਦੇ ਹੈ ਅਤੇ ਨੱਕੇ ਕਾਲਾ ਹੋ ਜਾਂਦੇ ਹਨ। ਜੇਕਰ ਬਿਮਾਰੀ ਵਾਲੇ ਦਾਣਿਆਂ ਨੂੱ ਹੱਥਾਂ ਵਿਚ ਲੈ ਕੇ ਮਲਿਆ ਜਾਵੇ ਤਾਂ ਕਾਲੇ ਰੰਗ ਦੇ ਕਿਣਕੇ ਬਾਹਰ  ਨਿਕਲਦੇ ਹਨ ਜਿਨ੍ਹਾਂ ਦੀ ਭੈੜੀ ਦੁਰਗੰਧ ਹੁੰਦੀ ਹੈ। ਇਸ ਬਿਮਾਰੀ ਦੇ ਹਮਲੇ ਤੋਂ ਬਚਣ ਲਈ ਉਨ੍ਹਾਂ    ਇਲਾਕਿਆਂ ਜਿਵੇਂ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਰੋਪੜ ਜ਼ਿਲ੍ਹੇ ਜਿਥੇ ਇਹ ਬਿਮਾਰੀ ਬਹੁਦੀ ਲਗਦੀ ਹੈ, ਉਥੇ ਸੋਨਾਲੀਕਾ ਕਿਸਮ ਅੱਧ ਨਵੰਬਰ ਤੋਂ ਪਿੱਛੋਂ ਬੀਜਣੀ ਚਾਹੀਦੀ ਹੈ। ਅੱਧ ਨਵੰਬਰ ਤੋਂ ਪਹਿਲੀ ਦੀ ਬਿਜਾਈ ਲਈ ਸੇਂਜੂ ਹਾਲਤਾਂ ਵਿਚ ਕੇ ਐਸ ਐਮ ਐਲ-3 , ਡਬਲਯੂ ਜੀ- 357 ਅਤੇ ਪੀ ਬੀ-18 ਅਤੇ ਬਰਾਨੀ ਹਾਲਤਾਂ ਵਿਚ ਡਬਲਯੂ ਐਲ-410 ਅਤੇ ਸੀ-306 ਬੀਜਣੀ ਚਾਹੀਦੀ ਹੈ। ਇਸਤੋਂ ਇਲਾਵਾ ਬਿਜਾਈ ਤੋਂ ਪਹਿਲਾਂ ਬੀਜ ਨੂੰ ਸੋਧ ਕੇ ਬੀਜਣਾ ਚਾਹੀਦੀ ਹੈ। ਇਕ ਕਿ. ਗ੍ਰਾ. ਬੀਜ ਨੂੰ 3 ਗ੍ਰਾ. ਥੀਰਮ ਜਾਂ 2.5 ਗ੍ਰਾ. ਸੈਰੀਸਨ ਕਾਫ਼ੀ ਹੈ। ਇਸ ਨਾਲ  ਬਿਮਾਰੀ ਦੇ ਕਣ ਫੈਲਣ ਤੋਂ ਰੁਕਣਗੇ। ਜਦ ਸੈਰੀਸਨ ਦਵਾਈ ਵਰਤਣੀ ਹੋਵੇ ਤਾਂ ਇਸ  ਨੂੰ ਬੀਜ ਬੀਜਣ ਵੇਲੇ ਹੀ ਬੀਜ ਲਾਉਣਾ ਚਾਹੀਦਾ ਹੈ ਤਾਂ ਕਿ ਬੀਜ ਦੀ ਉੱਗਣ ਸ਼ਕਤੀ ਉਤੇ ਕੋਈ ਅਸਰ ਨਾ ਹੋਵੇ।

          ਪ੍ਰਾਸੈਸਿੰਗ ਤੇ ਵਰਤੋਂ - ਕੁਝ ਕਣਕ ਤਾਂ ਪੋਰੇਜ ਬਰਾਥ ਜਾਂ ਪੁਡਿੰਗ ਦੇ ਤੌਰ ਤੇ ਇਸ ਨੂੰ ਭਿਉ ਕੇ ਅਤੇ ਰਿੰਨ ਕੇ ਖਾ ਲਈ ਜਾਂਦੀ ਹੈ। ਹੋਰ ਵਰਤੋਂ ਵਿਚ ਲਿਆਉਣ ਲਈ ਅਤੇ ਭੋਜਨ ਵਜੋਂ ਵਰਤਣ ਲਈ ਇਯ ਦੀ ਕੁਝ ਪ੍ਰਾਸੈਸਿੰਗ ਕਰਨੀ ਪੈਂਦੀ ਹੈ। ਮਿੱਲ ਵਿਚ ਕਣਕ ਨੂੰ ਸਾਫ਼ ਕੀਤਾ ਜਾਂਦਾ ਹੈ ਜਿਥੇ ਇਸ ਤੋਂ ਛਾਣ, ਜੜੀ ਬੂਟੀਆਂ ਤੇ ਬੀਜ ਅਲੱਗ ਕਰ ਲਏ ਜਾਂਦੇ ਹਨ। ਬੀਜ ਨੂੰ ਪੀਸਣ ਲਈ ਇਸ ਨੂੰ ਕਈ ਵਾਰ ਭਿਉਂ ਕੇ ਅਤੇ ਸੁਕਾ ਕੇ ਪੀਸੀਆ ਜਾਂਦਾ ਹੈ। ਭਿੱਜਿਆ ਹੋਇਆ ਸੜ੍ਹਾ ਵੱਡੀਆ ਵੱਡੀਆ ਪੇਪੜੀਆਂ ਵਿਚ ਇਕੱਠਾ ਹੋ ਜਾਂਦਾ ਹੈ। ਦਾਣਿਆ ਦਾ 72 % ਹਿੱਸਾ ਚਿੱਟੇ ਆਟੇ ਵਾਂਗ ਹੀ  ਕੱਢ ਲਿਆ ਜਾਂਦਾ ਹੈ। ਇਸ ਤਰ੍ਹਾਂ ਪ੍ਰਾਸੈਸਿੰਗ ਕੀਤਾ ਹੋਇਆ ਆਟਾ   ਆਮ ਤੌਰ ਤੇ ਬਰੈੱਡ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਮੰਤਵ ਲਈ ਇਸ ਵਿਚ 125% ਪ੍ਰੋਟੀਨ ਹੋਣੀ ਚਾਹੀਦੀ ਹੈ। ਸੰਯੁਕਤ ਰਾਜ ਅਮਰੀਕਾ ਵਿਚ 80% ਆਟਾ ਬੇਕਰੀਆ ਵਿਚ ਵਰਤਿਆ ਜਾਂਦਾ ਹੈ। ਇਸ ਤੋਂ   ਇਲਾਵਾ ਕਣਕ ਦੀ ਵਰਤੋਂ ਨਸ਼ਾਸਤਾ, ਪੋਸਟ, ਮਾਲਟ, ਡੈਂਕਸਟ੍ਰੋਸ, ਗਲੂਟੈਨ, ਅਲਕੋਹਲ ਅਤੇ ਕਈ ਤਰ੍ਹਾਂ ਦੇ ਹੋਰ ਪਦਾਰਥ ਬਣਾਉਣ ਵਿਚ ਵੀ ਕੀਤੀ ਜਾਂਦੀ ਹੈ। ਭਾਰਤ ਵਰਗੇ ਦੇਸ਼ ਵਿਚ ਇਸ ਦੀ ਵਰਤੋਂ ਢਿੱਡ ਭਰਨ ਦੇ ਨਾਲ ਨਾਲ ਸ਼ਕਤੀ ਤੇ ਕਈ ਹੋਰ ਜ਼ਰੂਰੀ ਅੰਸ਼ ਲੈਣ ਲਈ ਵੀ ਕੀਤੀ ਜਾਂਦੀ ਹੈ।

          ਪੈਦਾਵਾਰ -ਕਣਕ ਲਈ ਲੋੜੀਂਦੀ ਭੂਮੀ, ਜਲਵਾਯੂ, ਤਾਪਮਾਨ, ਬਾਰਸ਼ ਆਦਿ ਤਕਰੀਬਨ ਦੁਨੀਆਂ ਦੇ ਹਰ ਹਿੱਸੇ ਵਿਚ ਹੀ ਮਿਲ ਜਾਂਦੀ ਹੈ। ਪਰ ਫਿਰ ਵੀ ਇਸ ਦੀ ਕਾਸ਼ਤ ਉਨ੍ਹਾਂ ਖੇਤਰਾਂ ਵਿਚ  ਜ਼ਿਆਦਾ ਕੀਤੀ ਜਾਂਦੀ ਹੈ ਜਿਥੇ ਬਾਰਸ਼ 30 ਤੋਂ 87 ਸੈਂ. ਮੀ. ਹੁੰਦੀ ਹੈ ਅਤੇ ਉਹ  ਇਲਾਕੇ ਜੋ 30 ਤੋਂ 60 ਵਿਥਕਾਰ ਦਰਮਿਆਨ ਸਥਿਤ ਹਨ। ਜ਼ਿਆਦਾਤਾਰ ਇਸ ਦੀ ਕਾਸ਼ਤ ਅਮਰੀਕਾ, ਕੈਨੇਡਾ, ਫ਼ਰਾਂਸ, ਇਟਲੀ, ਸਪੇਨ, ਪੱਛਮੀ, ਜਰਮਨੀ, ਚੀਨ,  ਭਾਰਤ, ਤੁਰਕੀ, ਪਾਕਿਸਤਾਨ, ਰੂਸ, ਦੱਖਣੀ ਅਮਰੀਕਾ, ਆਸਟਰੇਲੀਆ ਅਤੇ ਅਫ਼ਰੀਕਾ ਦੇ ਕੁਝ ਦੇਸ਼ਾਂ ਵਿਚ ਕੀਤੀ ਜਾਂਦੀ  ਹੈ। ਵਿਗਿਆਨਕ ਢੰਗਾਂ ਅਤੇ ਖੇਤੀਬਾੜੀ ਵਲ  ਜ਼ਿਆਦਾ ਜੋਰ ਦਿੱਤੇ ਜਾਣ ਨਾਲ ਭਾਰਤ ਵੀ ਵੱਧ ਪੈਦਾਵਾਰ ਕਰਨ ਵਾਲੇ ਦੇਸ਼ਾਂ ਵਿਚ ਆ  ਗਿਆ ਹੈ। ਭਾਰਤ ਵਿਚ ਪੰਜਾਬ ਕਣਕ ਦੀ ਪੈਦਵਾਰ ਵਿਚ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ। ਪੰਜਾਬ ਵਿਚ ਇਸ ਦੀ ਕਾਸ਼ਤ 1977-78 ਵਿਚ 26.2  ਲੱਖ ਹੈਕਟੇਅਰ ਭੂਮੀ ਵਿਚ ਕੀਤੀ ਗਈ ਅਤੇ ਜਿਸ ਤੋਂ ਕੁੱਲ ਪੈਦਾਵਾਰ 66.4 ਮੀ. ਟਨ ਹੋਈ ਜਿਸ ਦਾ ਔਸਤਨ ਝਾੜ 25 ਤੋਂ 32 ਕੁਇੰਟਲ ਤਕ ਰਿਹਾ। ਪੰਜਾਬ ਵਿਚ ਕਣਕ ਦੀ ਪੈਦਾਵਾਰ ਵਿਚ ਲੁਧਿਆਣੇ ਜ਼ਿਲ੍ਹੇ ਨੇ ਦੁਨੀਆਂ ਦਾ ਰਿਕਾਰਡ ਵੀ ਮਾਤ ਪਾ ਦਿੱਤਾ ਹੈ।

          ਮਾਰਕੀਟਿੰਗ - ਬਹੁਤ ਸਾਰੀ ਕਣਕ ਫਾਰਮਾਂ ਤੋਂ ਹੀ ਵੇਚਣ ਲਈ ਚੁੱਕ ਲਈ ਜਾਂਦੀ ਹੈ, ਛੁੱਟ ਉਸ ਤੋਂ ਕਿ ਜੋ ਖ਼ੁਰਾਕ  ਜਾਂ ਬੀਜ ਲਈ ਰਖ ਲਈ ਜਾਂਦੀ ਹੈ। ਕਣਕ ਦਾ ਵਪਾਰ ਕੌਮੀ ਅਤੇ ਅੰਤਰ-ਰਾਸ਼ਟਰੀ ਪੱਧਰ ਤਕ ਵੀ ਹੁੰਦਾ ਹੈ। ਹਰੇਕ ਖੇਤਰ ਵਿਚ ਮਾਰਕੀਟਿੰਗ ਦੀਆਂ ਮੁਸ਼ਕਲਾਂ ਇਕੋ ਜਿਹੀਆਂ ਨਹੀਂ  ਹੁੰਦੀਆਂ, ਕਿਉਂਕਿ ਇਸ ਦੀ ਵਰਤੋਂ ਵਿਚ ਫ਼ਰਕ ਹੈ ਅਤੇ ਇਹ ਕਿਵੇਂ  ਮਾਰਕੀਟ ਤਕ ਪਹੁੰਚਦੀ ਹੈ। ਵਪਾਰ ਲਈ ਕਈ ਤਰ੍ਹਾਂ ਦੇ ਸਟੈਂਡਰਡ ਨਿਯੁਕਤ ਕੀਤੇ ਗਏ ਹਨ ਅਤੇ ਇਨ੍ਹਾਂ ਮੁਤਾਬਕ ਹੀ ਜਿਵੇਂ ਇਕਾਈ, ਭਾਰ, ਦਾਣਿਆਂ ਦੀ ਹਾਲਤ, ਨਮੀ ਪ੍ਰਤਿਸ਼ਤ, ਕੀੜਿਆਂ ਦੀ ਮੌਜੂਦਗੀ, ਕੁੰਗੀ ਆਦਿ ਬਿਮਾਰੀਆਂ ਤੋਂ ਰਹਿਤ ਅਤੇ ਇਸ ਵਿਚਲੀ ਮਿਲਾਵਟ ਆਦਿ ਨੂੰ ਪਰਖ ਕੇ ਹੀ ਇਸ ਦੀ ਕੀਮਤ ਨਿਸ਼ਚਿਤ ਕਰ ਦਿੱਤੀ ਜਾਂਦੀ ਹੈ ਅਤੇ ਗਰੇਡਿੰਗ ਦੇ ਹਿਸਾਬ ਇਸ ਦੀ ਕੀਮਤ ਕਾਸ਼ਤਕਾਰ ਨੂੰ ਚੁਕਾ ਦਿੱਤੀ ਜਾਂਦੀ ਹੈ।

          ਹ. ਪੁ.- ਐਨ. ਬ੍ਰਿ. 23: 558; ਪੰਜਾਬ ਵਿਚ ਕਣਕ ਦੀ ਕਾਸ਼ਤ-ਫਾਰਮ ਬੁਲਿਟਿਨ: ਖੇਤੀਬਾੜੀ ਵਿਭਾ, ਪੰਜਾਬ; ਪੈਕੇਜ ਪ੍ਰੈਕਟਿਸਿਜ਼ ਫਾਰ ਰਬੀ ਕਰਾਪਸ ਆਫ ਪੰਜਾਬ- ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5891, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕਣਕ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਣਕ–         ਕਣਕ ਪੰਜਾਬ ਦੀ ਮੁੱਖ ਫ਼ਸਲ ਹੈ। ਜੇਕਰ ਇਹ ਆਖ ਲਿਆ ਜਾਵੇ ਕਿ ਇਹ ਪੰਜਾਬ ਅਤੇ ਪੰਜਾਬੀਆਂ ਦਾ ਜੀਵਨ ਆਧਾਰ ਹੈ ਤਾਂ ਕੋਈ ਅਤਿਕਥਨੀ ਨਹੀਂ ਹੈ। ਇਹ ਫ਼ਸਲ ਨਵੰਬਰ ਦੇ ਮਹੀਨੇ ਬੀਜੀ ਜਾਂਦੀ ਹੈ ਅਤੇ ਅਪ੍ਰੈਲ ਵਿਚ ਵੱਢੀ ਜਾਂਦੀ ਹੈ। ਕਿਸੇ ਹੋਰ ਫ਼ਸਲ ਦੇ ਮੁਕਾਬਲੇ ਇਸ ਦੀ ਕਾਸ਼ਤ ਸਭ ਤੋਂ ਵੱਧ ਰਕਬੇ ਵਿਚ ਹੁੰਦੀ ਹੈ (ਲਗਭਗ 32 ਲੱਖ ਹੈਕਟੇਅਰ ਭੂਮੀ ਵਿਚ)। ਪੰਜਾਬ ਵਿਚ ਕਣਕ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਹੈਕਟੇਅਰ ਹੈ ਪਰ ਉੱਨਤ ਕਿਸਮਾਂ ਦਾ ਝਾੜ 50 ਕੁਇੰਟਲ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਪੰਜਾਬ ਵਿਚ ਲਗਭਗ 100 ਲੱਖ ਕੁਇੰਟਲ ਕਣਕ ਹਰ ਸਾਲ ਪੈਦਾ ਹੁੰਦੀ ਹੈ।

         ਕਣਕ ਦੀਆਂ ਪੱਕੀਆਂ ਬੱਲੀਆਂ ਦੀ ਸੋਨੇ ਨਾਲ ਤੁਲਨਾ ਕੀਤੀ ਜਾਂਦੀ ਹੈ। ਕਿਸੇ ਸਮੇਂ ਗ਼ਰੀਬਾਂ ਦੇ ਨਸੀਬ ਵਿਚ ਕਣਕ ਦੀ ਰੋਟੀ ਬੜੀ ਮੁਸ਼ਕਿਲ ਨਾਲ ਆਉਂਦੀ ਸੀ ਤਾਂ ਹੀ ਪੱਕੀਆਂ ਬੱਲੀਆਂ ਨੂੰ ਵੇਖ ਉਹ ਝੂੰਮਦੇ ਸਨ ਅਤੇ ਆਖਦੇ ਸਨ : -

           ਬੱਲੀਏ ਕਣਕ ਦੀਏ, ਤੈਨੂੰ ਖਾਣਗੇ ਨਸੀਬਾਂ ਵਾਲੇ।

         ਕਣਕ ਦੀ ਖੇਤੀ ਉਪਜਾਊ ਅਤੇ ਸੇਂਜੂ ਧਰਤੀ ਵਿਚ ਹੁੰਦੀ ਹੈ। ਪਹਿਲਾਂ ਬਹੁਤੀ ਖੇਤੀ ਬਰਾਨੀ ਹੀ ਸੀ ਕਿਉਂਕਿ ਖੂਹ ਦੇ ਪਾਣੀ ਨਾਲ ਬਹੁਤ ਘੱਟ ਫ਼ਸਲ ਦੀ ਪਾਲਣਾ ਹੋ ਸਕਦੀ ਸੀ ਪਰ ਪਿਛਲੇ ਤੀਹ ਸਾਲਾਂ ਦੌਰਾਨ ਕਣਕ ਦੀ ਪੈਦਾਵਾਰ ਵਿਚ ਇਨਕਲਾਬੀ ਵਾਧਾ ਹੋਇਆ ਹੈ ਜਿਸ ਨੂੰ 'ਹਰੀ ਕ੍ਰਾਂਤੀ' ਵੀ ਆਖਿਆ ਜਾਂਦਾ ਹੈ। ਟਿਊਬਵੈੱਲ ਲਗਣ ਨਾਲ ਸਿੰਜਾਈ ਸਾਧਨਾਂ ਵਿਚ ਵਾਧਾ ਹੋਇਆ ਅਤੇ ਨਵੀਆਂ ਕਿਸਮਾਂ ਨੇ ਝਾੜ ਵਿਚ ਵਾਧਾ ਕਰ ਦਿੱਤਾ ਹੈ। ਸਿੰਜਾਈ ਹੋਣ ਕਾਰਨ ਕਿਸਾਨਾਂ ਨੇ ਵੱਧ ਤੋਂ ਵੱਧ ਰਕਬੇ ਵਿਚ ਕਣਕ ਬੀਜਣੀ ਸ਼ੁਰੂ ਕਰ ਦਿੱਤੀ ਹੈ।

      ਕਣਕ ਦੀ ਫ਼ਸਲ ਨੂੂੰ ਵਧਣ ਫੁੱਲਣ ਲਈ ਠੰਢ ਦੀ ਲੋੜ ਹੁੰਦੀ ਹੈ ਕਿਉਂਕਿ ਗਰਮੀ ਬੂਟੇ ਦੇ ਬੂਝਾ ਮਾਰਨ ਦੇ ਅਨੁਕੂਲ ਨਹੀਂ ਹੁੰਦੀ ਅਤੇ ਇਸ ਨਾਲ ਕਈ ਬੀਮਾਰੀਆਂ ਵੀ ਫੈਲਦੀਆਂ ਹਨ। ਵਾਢੀ ਦੇ ਨੇੜੇ ਫ਼ਸਲ ਦੇ ਇਕਸਾਰ ਪੱਕਣ ਲਈ ਗਰਮ ਖੁਸ਼ਕ ਮੌਸਮ ਬੜਾ ਸਹਾਈ ਹੁੰਦਾ ਹੈ। ਕਣਕ ਦੀਆਂ ਬੌਣੀਆਂ ਕਿਸਮਾਂ ਦੇ ਵਿਕਸਤ ਹੋਣ ਨਾਲ ਇਸ ਦੇ ਝਾੜ ਵਿਚ ਬਹੁਤ ਵਾਧਾ ਹੋਇਆ ਹੈ। ਕਣਕ ਦੀਆਂ ਕੁਝ ਕੁ ਮੁੱਖ ਕਿਸਮਾਂ ਹਨ ਡਬਲਿਯੂ ਐਲ.-711, ਡਬਲਿਯੂ ਐਲ-1562, ਪੀ ਬੀ ਡਬਲਿਯੂ-154 ।  ਇਸ ਤੋਂ ਇਲਾਵਾ ਐਚ. ਡੀ-2009, ਐਚ. ਡੀ. 2328 ਕਿਸਮਾਂ ਵੀ ਕਾਸ਼ਤ ਕੀਤੀਆਂ ਜਾਂਦੀਆਂ ਹਨ।

     ਕੱਲਰ ਅਤੇ ਸੇਮ ਵਾਲੀਆਂ ਜ਼ਮੀਨਾਂ ਤੋਂ ਬਿਨਾ ਕਣਕ ਹਰ ਕਿਸਮ ਦੀ ਜ਼ਮੀਨ ਵਿਚ ਪੈਦਾ ਕੀਤੀ ਜਾ ਸਕਦੀ ਹੈ। ਚੰਗੇ ਜਲ ਨਿਕਾਸ ਵਾਲੀ ਦਰਮਿਆਨੀ ਮੈਰਾ ਜ਼ਮੀਨ ਇਸ ਫ਼ਸਲ ਲਈ ਵਧੀਆ ਸਮਝੀ ਜਾਂਦੀ ਹੈ। ਬੀਜ ਦੀ ਮਾਤਰਾ ਕਿਸਮ ਅਤੇ ਬਿਜਾਈ ਦੇ ਸਮੇਂ ਉੱਤੇ ਨਿਰਭਰ ਕਰਦੀ ਹੈ। ਚੰਗਾ ਝਾੜ ਲੈਣ ਲਈ ਇਕ ਏਕੜ ਵਿਚ 30-35 ਕਿ.ਗ੍ਰਾ. ਬੀਜ ਪਾਉਣਾ ਚਾਹੀਦਾ ਹੈ। ਕਣਕ ਦੀ ਬਿਜਾਈ ਪੋਰੇ, ਕੇਰੇ ਜਾਂ ਡਰਿਲ ਨਾਲ ਕੀਤੀ ਜਾ ਸਕਦੀ ਹੈ ਪਰ ਹੁਣ ਬਹੁਤੇ ਕਿਸਾਨ ਬਿਜਾਈ ਟ੍ਰੈਕਟਰ ਰਾਹੀਂ, ਖਾਦ ਡਰਿਲ ਨਾਲ ਕਰਦੇ ਹਨ।ਡਰਿਲ ਨਾਲ ਬੀਜ ਤੇ ਖਾਦ ਸਾਰੇ ਖੇਤ ਵਿਚ ਠੀਕ ਡੂੰਘਾਈ ਉੱਤੇ ਇਕਸਾਰ ਕੇਰੇ ਜਾਂਦੇ ਹਨ।

      ਕਣਕ ਦੀ ਸਫ਼ਲ ਖੇਤੀ ਲਈ ਸਮੇਂ ਸਿਰ ਬਿਜਾਈ ਬਹੁਤ ਜ਼ਰੂਰੀ ਹੈ। ਇਸ ਦੀ ਬਿਜਾਈ ਨਵੰਬਰ ਦੇ ਮਹੀਨੇ ਪੂਰੀ ਕਰ ਲੈਣੀ ਚਾਹੀਦੀ ਹੈ। ਪਛੇਤੀ ਬਿਜਾਈ ਕਾਰਨ ਝਾੜ ਬਹੁਤ ਘੱਟ ਜਾਂਦਾ ਹੈ।

        ਵਿਗਿਆਨੀਆਂ ਦਾ ਕਹਿਣਾ ਹੈ ਕਿ ਵੱਧ ਵਹਾਈਆਂ ਕਰਨ ਨਾਲ ਫ਼ਸਲ ਦੇ ਝਾੜ ਉੱਤੇ ਕੋਈ ਫਰਕ ਨਹੀਂ ਪੈਂਦਾ। ਉਂਜ ਵੀ ਹੁਣ ਸਾਲ ਵਿਚ ਦੋ ਫ਼ਸਲਾਂ ਲੈਣ ਕਾਰਨ ਕਿਸਾਨ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਖੇਤ ਨੂੰ ਵਾਰ ਵਾਰ ਵਾਹ ਸਕੇ। ਹੁਣ ਤਾਂ ਆਖਿਆ ਜਾਂਦਾ ਹੈ ਕਿ ਜੇਕਰ ਖੇਤ ਵਿਚ ਨਦੀਨਾਂ ਦੀ ਸਮੱਸਿਆ ਨਾ ਹੋਵੇ ਤਾਂ ਸਾਉਣੀ ਕੱਟਣ ਮਗਰੋਂ ਇਕ ਵਾਹੀ ਕਰ ਕੇ ਕਣਕ ਬੀਜੀ ਜਾ ਸਕਦੀ ਹੈ। ਕਣਕ ਬਹੁਤੇ ਰਕਬੇ ਵਿਚ ਬੀਜੀ ਜਾਣ ਕਰ ਕੇ ਗੋਡੀ ਕਰਨੀ ਮੁਸ਼ਕਿਲ ਹੋ ਗਈ ਹੈ। ਹੁਣ ਅਜਿਹੀਆਂ ਜ਼ਹਿਰਾਂ ਮਿਲਦੀਆਂ ਹਨ ਜਿਨ੍ਹਾਂ ਦੇ ਛਿੜਕਾ ਨਾਲ ਲਗਭਗ ਸਾਰੇ ਨਦੀਨਾਂ ਦਾ ਨਾਸ਼ ਹੋ ਜਾਂਦਾ ਹੈ। ਨਦੀਨਾਂ ਦੇ ਨਾਸ਼ ਲਈ ਮਾਹਿਰਾਂ ਵੱਲੋਂ ਦੱਸੇ ਅਨੁਸਾਰ ਜ਼ਹਿਰਾਂ ਦਾ ਛਿੜਕਾ ਕਰ ਦੇਣਾ ਚਾਹੀਦਾ ਹੈ। ਕਣਕ ਦੇ ਭਰੇ ਭੰਡਾਰ ਪੰਜਾਬ ਦੀ ਖੁਸ਼ਹਾਲੀ ਦੇ ਪ੍ਰਤੀਕ ਹਨ ਅਤੇ ਕਰੋੜ ਲੋਕਾਂ ਨੂੰ ਰੋਜ਼ੀ ਰੋਟੀ ਦਿੰਦੇ ਹਨ। ਹੁਣ ਇਸ ਨੂੰ ਨਸੀਬਾਂ ਵਾਲੇ ਹੀ ਨਹੀਂ ਸਗੋਂ ਸਾਰੇ ਹੀ ਖਾ ਸਕਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4374, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-02-12-36-53, ਹਵਾਲੇ/ਟਿੱਪਣੀਆਂ:

ਕਣਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਣਕ, (ਸੰਸਕ੍ਰਿਤ : कणिक=ਗੱਲਾ) \ ਇਸਤਰੀ ਲਿੰਗ : ਇਕ ਪਰਸਿੱਧ ਅਨਾਜ, ਗੇਹੁੰ, ਗੰਦਮ

–ਕਣਕ ਕੱਤਕ ਦੀ ਪੁੱਤ ਜੇਠਾਂ ਦਾ,  ਅਖੌਤ :  ਕੱਤਕ ਵਿਚ ਬੀਜੀ ਕਣਕ ਤੇ ਜੇਠਾ ਪੁੱਤਰ ਦੋਵੇਂ ਨਿਆਮਤ ਹਨ

–ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾ, ਅਖੌਤ : ਖਿਆਲੀ ਪੁਲਾਉ ਪਕਾਉਣਾ, ਸੂਤ ਨਾ ਪਤਾਣ ਜੁਲਾਹਿਆਂ ਨਾਲ ਡਾਂਗੋ ਡਾਂਗੀ

–ਕਣਕ ਘਟੇਂਦਿਆਂ ਗੁੜ ਘਟੇ ਤੇ ਮੰਦੀ ਪਏ ਕਪਾਹ, ਅਖੌਤ : ਗੁੜ ਤੇ ਕਪਾਹ ਦੇ ਨਿਰਖ ਅਤੇ ਕਣਕ ਦੇ ਨਿਰਖਾਂ ਦਾ ਪਰਸਪਰ ਸੰਬੰਧ ਰਹਿੰਦਾ ਹੈ

–ਕਣਕ ’ਚ ਕਾਂਗਿਆਰੀ, ਕਣਕ ’ਚ ਗੰਢੇਲ, ਅਖੌਤ :  ਚੰਗੇ ਖ਼ਾਨਦਾਨ ਵਿਚ ਭੈੜੇ ਬੰਦੇ ਦਾ ਹੋਣਾ
 
–ਕਣਕ ਡਿਗੇ ਕਮਬਖਤ ਦੀ, ਝੋਨਾ ਡਿਗੇ ਬਖਤਾਵਰ ਦਾ,  ਅਖੌਤ : ਕਣਕ ਦੀ ਫਸਲ ਜੇ ਗਿਰ ਜਾਵੇ ਤਾਂ ਨੁਕਸਾਨ ਹੁੰਦਾ ਹੈ ਪਰ ਚੌਲਾਂ ਦੀ ਫਸਲ ਗਿਰਨ ਨਾਲ ਲਾਭ

–ਕਣਕ ਪੁਰਾਣੀ ਘਿਉ ਨਵਾਂ ਘਰ ਕੁਲਵੰਤੀ ਨਾਰ, ਆਗਿਆਕਾਰੀ ਪੁੱਤਰ ਇਹ ਚਾਰ ਸੁਰਗ ਸੰਸਾਰ, ਅਖੌਤ : ਪੁਰਾਣੀ ਕਣਕ ਚੰਗੀ ਸਮਝੀ ਗਈ ਹੈ

–ਕਣਕ ਭੁੱਗੀ ਨਹੀਂ, ਘਰ ਝੁੱਗੀ ਨਹੀਂ, ਅਖੌਤ : ਕਣਕ ਜੇਹਾ ਕੋਈ ਅਨਾਜ ਨਹੀਂ ਚਾਹੇ ਉਹ ਖਾਧੀ ਹੋਈ ਹੋਵੇ ਤੇ ਆਪਣੇ ਘਰ ਜੇਹਾ ਕੋਈ ਨਿਵਾਸ ਨਹੀਂ ਚਾਹੇ ਉਹ ਮਾੜਾ ਹੀ ਹੋਵੇ

–ਕਣਕ ਬੰਨਾ,     ਵਿਸ਼ੇਸ਼ਣ : ਕਣਕ ਦੇ ਰੰਗ ਦਾ, ਗੰਦਮੀ

–ਕਣਕ ਭਿੰਨਾ,    ਵਿਸ਼ੇਸ਼ਣ : ਕਣਕ ਦੇ ਰੰਗ ਵਰਗਾ, ਗੰਦਮੀ

–ਕਣਕ ਰੰਗਾ,     ਵਿਸ਼ੇਸ਼ਣ : ਕਣਕ ਦੇ ਰੰਗ ਵਰਗਾ, ਗੰਦਮੀ

–ਕਣਕਵੰਨਾ,     ਵਿਸ਼ੇਸ਼ਣ : ਕਣਕ ਦੇ ਰੰਗ ਦਾ, ਗੰਦਮੀ

–ਉਠ ਕਣਕਾਂ ਛੋਡੀਏ ਵੱਤ ਜਵਾਹਾਂ ਖਾਏ, ਅਖੌਤ  : ਜਿਸ ਕਿਸੇ ਦੀ ਰੁਚੀ ਜਿਥੇ ਬਣ ਗਈ ਸੋ ਬਣ ਗਈ, ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ

–ਘਨੀ ਕਣਕ,   ਇਸਤਰੀ ਲਿੰਗ :   ਕਣਕ ਜਿਸ ਦੇ ਸਿੱਟਿਆਂ ਤੇ ਕਸੀਰ ਨਹੀਂ ਹੁੰਦੇ, ਕਣਕੂ


–ਚਿੱਟੀ ਕਣਕ, ਇਸਤਰੀ ਲਿੰਗ : ਇੱਕ ਵਧੀਆ ਕਿਸਮ ਦੀ ਕਣਕ

–ਫਾਰਮੀ ਕਣਕ, ਇਸਤਰੀ ਲਿੰਗ :  ਕਣਕ ਜੋ ਸਰਕਾਰੀ ਫਾਰਮਾਂ ਵਿਚ ਨਵੇਂ ਵਿਗਿਆਨਕ ਅਸੂਲਾਂ ਅਨੁਸਾਰ ਉਗਾਈ ਜਾਂਦੀ ਹੈ। ਇਸ ਦੇ ਦਾਣੇ ਮੋਟੇ ਹੁੰਦੇ ਹਨ। ੫੯੧, ੫੭੮ ਆਦਿ ਇਸ ਦੀਆਂ ਕਿਸਮਾਂ ਹਨ

–ਮੁੰਡੀ ਕਣਕ, ਇਸਤਰੀ ਲਿੰਗ : ਘੋਨੀ ਕਣਕ

–ਲਾਲ ਕਣਕ, ਇਸਤਰੀ ਲਿੰਗ :  ਦੇਸੀ ਕਣਕ, ਕਣਕ ਦੀ ਇਕ ਕਿਸਮ ਜਿਸ ਦਾ ਆਟਾ ਵੀ ਲਾਲ ਰੰਗ ਦਾ ਹੁੰਦਾ ਹੈ

–ਵਡਾਣਕ ਕਣਕ,  ਇਸਤਰੀ ਲਿੰਗ : ਇਕ ਕਿਸਮ ਦੀ ਵਧੀਆ ਕਣਕ ਜਿਸ ਦੇ ਦਾਣੇ ਕਣਕੂ ਨਾਲੋਂ ਮੁਟੇਰੇ ਹੁੰਦੇ ਹਨ। ਇਸ ਦਾ ਸਿੱਟਾ ਆਮ ਕਣਕਾਂ ਦੇ ਸਿੱਟੇ ਨਾਲੋਂ ਵਡੇਰਾ ਹੁੰਦਾ ਹੈ ਤੇ ਬੂਟੇ ਦੀ ਉਚਾਈ ਵੀ ਲਮੇਰੀ ਹੁੰਦੀ ਹੈ। ਕਸੀਰ ਕਾਲੋਂ ਤੇ ਹੁੰਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1810, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-22-03-27-02, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.