ਕਲਕੱਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਕੱਤਾ [ ਨਿਪੁ ] ਭਾਰਤ ਦਾ ਇੱਕ ਮਹਾਂਨਗਰ ਜਿਸ ਨੂੰ ਅੱਜ-ਕੱਲ੍ਹ ਕੋਲਕਾਤਾ ਕਿਹਾ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3264, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਲਕੱਤਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਕੱਤਾ . ਸਮੁੰਦਰ ਤੋਂ ੮੬ ਮੀਲ ਪੁਰ ਗੰਗਾ ਦੇ ਕੰਢੇ ਕਾਲੀਘਾਟ ਪਾਸ ਸਨ ੧੬੯੦ ਵਿਚ ਅੰਗ੍ਰੇਜ਼ਾਂ ਦਾ ਵਸਾਇਆ , ਬੰਗਾਲ ਦਾ ਪ੍ਰਧਾਨ ਨਗਰ , ਜੋ ਭਾਰਤ ਵਿੱਚ ਮਨੁੱਖੀਸੰਖ੍ਯਾ ਦੇ ਲਿਹਾਜ਼ ਸਭ ਤੋਂ ਵਡਾ ਹੈ.2  ਇਹ ਭਾਰਤ ਦੀ ਰਾਜਧਾਨੀ ਚਿਰਕਾਲ ਰਹਿਆ ਹੈ. ਸੰਮਤ ੧੯੬੮ ( ਸਨ ੧੯੧੧ ) ਵਿੱਚ ਸ਼ਹਨਸ਼ਾਹ ਜਾਰਜ ਪੰਜਮ ਨੇ ਦਿੱਲੀ ਰਾਜਧਾਨੀ ਕ਼ਾਇਮ ਕੀਤੀ.

ਕਲਕੱਤੇ ਵਿੱਚ ਵਡੀਸੰਗਤਿ ਆਦਿ ਅਨੇਕ ਗੁਰਦ੍ਵਾਰੇ ਹਨ , ਜਿੱਥੇ ਗੁਰਬਾਣੀ ਦਾ ਕੀਰਤਨ ਅਤੇ ਕਥਾ ਹੁੰਦੀ ਹੈ.

ਕਲਕੱਤਾ ਲਹੌਰ ਤੋਂ ੧੧੭੬ ਮੀਲ ਹੈ. ਦੇਖੋ , ਕਾਲੀ ੧.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3158, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਲਕੱਤਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਲਕੱਤਾ : ਇਹ ਭਾਰਤ ਦੇ ਪੱਛਮੀ ਬੰਗਾਲ ਰਾਜ ਦੀ ਰਾਜਧਾਨੀ , ਭਾਰਤ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਬੰਦਰਗਾਹ ਹੈ ਜੋ ਹੁਗਲੀ ਦਰਿਆ ਦੇ ਪੂਰਬੀ ਕੰਢੇ ਉੱਤੇ ਅਤੇ ਸਮੁੰਦਰ ਤੋਂ ਲਗਭਗ 140 ਕਿ. ਮੀ. ਦੂਰੀ ਤੇ ਸਥਿਤ ਹੈ । ਸ਼ਹਿਰ ਦਾ ਨਾਂ ‘ ਕਾਲੀਕਾਟਾ’ ਸ਼ਬਦ ਦਾ ਹੀ ਅੰਗਰੇਜ਼ੀ ਰੂਪ ਹੈ । ਕੁਝ ਲੋਕਾਂ ਦਾ ਵਿਚਾਰ ਹੈ ਕਿ ‘ ਕਾਲੀਕਾਟਾ’ ਸ਼ਬਦ ਬੰਗਾਲੀ ਸ਼ਬਦ ਕਾਲੀਕਸ਼ੇਤਰ ( ਕਾਲੀ ਦੇਵੀ ਦਾ ਖੇਤਰ ) ਵਿਚੋਂ ਨਿਕਲਿਆ ਹੈ । ਹੋਰਨਾਂ ਦਾ ਮਤ ਇਹ ਹੈ ਕਿ ਇਹ ਨਾਂ ਸੰਸਕ੍ਰਿਤ ਸ਼ਬਦ ਕੋਲਾ ( ਸੂਰ ) ਵਿਚੋਂ ਨਿਕਲਿਆ ਹੈ ਕਿਉਂਕਿ ਇਸਦੇ ਨੇੜੇ ਬਹੁਤ ਸਾਰੇ ਸੂਰ ਹੁੰਦੇ ਸਨ ਅਤੇ ਨੇੜੇ ਹੀ ਸੂਰਾਂ ਦੀ ਇਕ ਮੰਡੀ ਹੁੰਦੀ ਸੀ । ਇਕ ਹੋਰ ਵਿਚਾਰ ਅਨੁਸਾਰ ਕਲਕੱਤੇ ਦਾ ਨਾਂ ਇਕ ਪੇਂਡੂ ਉਦਯੋਗ ਤੋਂ ਪਿਆ ਹੈ ਜਿਸ ਵਿਚ ਫੁਕੇ ਹੋਏ ਘੋਗੇ ਸਿੱਪੀਆਂ ਜਿਸਨੂੰ ਬੰਗਲਾ ਵਿਚ ਕਾਤਾ ਕਿਹਾ ਜਾਂਦਾ ਹੈ , ਤੋਂ ਕਲੀ ( ਬੁਝਿਆ ਹੋਇਆ ਚੂਨਾ ) ਤਿਆਰ ਕੀਤੀ ਜਾਂਦੀ ਸੀ ।

                  ਸੰਨ 1495 ਦੀ ਇਕ ਕਵਿਤਾ ਵਿਚ ‘ ਕਲਕੱਤੇ’ ਦਾ ਜ਼ਿਕਰ ਹੁਗਲੀ ਦਰਿਆ ਦੇ ਕੰਢੇ ਉੱਤੇ ਸਥਿਤ ਇਕ ਪਿੰਡ ਵਜੋਂ ਆਇਆ ਹੈ । ਸੰਨ 1530 ਦੇ ਲਗਭਗ ਜਦੋਂ ਪੁਰਤਗੇਜ਼ੀ ਲੋਕ ਇਸ ਦਰਿਆ ਵੱਲ ਆਮ ਆਉਣ ਲੱਗ ਪਏ ਤਾਂ ਸਾਂਤਰਾਉ , ( ਪੁਰਾਣੇ ਸਰਸਵਤੀ ਦਰਿਆ ਉੱਤੇ ਸਥਿਤ ਸ਼ਹਿਰ ) ਜੋ ਹੁੱਗਲੀ ਤੋਂ ਕੋਈ ਬਹੁਤਾ ਦੂਰ ਨਹੀਂ ਸੀ , ਵਪਾਰ ਦੀ ਇਕ ਵੱਡੀ ਤਿਜਾਰਤਗਾਹ ਹੁੰਦਾ ਸੀ । ਦਰਿਆ ਦੇ ਉਪਰਲੇ ਸਿੱਧੇ ਮਾਰਗਾਂ ਦੀ ਘੱਟ ਡੂੰਘਾਈ ਕਾਰਨ , ਸਮੁੰਦਰੀ ਜਹਾਜ਼ ਫਿਰ ਵੀ ‘ ਗਾਰਡਨ ਰੀਚ’ ਵਿਖੇ ਹੀ ਖਲੋਂਦੇ ਰਹੇ ਅਤੇ ਇਨ੍ਹਾਂ ਦਾ ਮਾਲ ਛੋਟੀਆਂ ਛੋਟੀਆਂ ਕਿਸ਼ਤੀਆਂ ਦੁਆਰਾ ਸਾਤਗਾਉ ਵਿਖੇ ਪਹੁੰਚਾਇਆ ਜਾਂਦਾ ਸੀ । ਇਸ ਤਰ੍ਹਾਂ ਹੁੱਗਲੀ ਦਰਿਆ ਦੇ ਪੱਛਮੀ ਕੰਢੇ ਉੱਤੇ , ਸਿਬਪੁਰ ਦੇ ਨੇੜੇ , ਬੇਟੋਰ ਨਾਂ ਦੀ ਇਕ ਮੰਡੀ ਹੋਂਦ ਵਿਚ ਆ ਗਈ ਜਿਸ ਨੂੰ ਪੁਰਤਗੇਜ਼ੀਆਂ ਨੇ ਆਪਣਾ ਹੈੱਡ ਕੁਆਟਰ ਬਣਾ ਲਿਆ । ਸੋਲ੍ਹਵੀਂ ਸਦੀ ਵਿਚ ਸਰਸਵਤੀ ਗਾਦ ਨਾਲ ਭਰਨਾ ਸ਼ੁਰੂ ਹੋ ਗਿਆ ਅਤੇ ਸਾਤਗਾਉਂ ਇਕ ਉਜਾੜ ਬਣ ਗਿਆ । ਇਥੋਂ ਦੇ ਬਹੁਤ ਸਾਰੇ ਲੋਕ ਹੁਗਲੀ ਸ਼ਹਿਰ ਵਿਚ ਚਲੇ ਗਏ ਪਰ ਇਸ ਸਦੀ ਦੇ ਲਗਭਗ ਅੱਧ ਵਿਚ ਬੇਸਾਖਾਂ ਦੇ ਚਾਰ ਪਰਿਵਾਰ ਅਤੇ ਸੇਠਾਂ ਦੇ ਇਕ ਪਰਿਵਾਰ ਨੇ ਅਜੋਕੇ ‘ ਫੋਰਟ ਵਿਲੀਅਮ’ ਵਾਲੀ ਥਾਂ ਤੇ ਗੋਬਿੰਦਪੁਰ ਨਾਂ ਦੇ ਇਕ ਪਿੰਡ ਦੀ ਨੀਂਹ ਰੱਖੀ । ਇਸ ਤੋਂ ਥੋੜਾ ਚਿਰ ਪਿਛੋਂ ਪੁਰਤਗੇਜ਼ ਬੇਟੋਰ ਨੂੰ ਛੱਡਕੇ ਹੁਗਲੀ ਆ ਗਏ ਅਤੇ ਬੋਟੋਰ ਦਾ ਵਪਾਰ ਹੌਲੀ ਹੌਲੀ ਆਧੁਨਿਕ ਕਲਕੱਤੇ ਦੇ ਉੱਤਰ ਵਿਚ ਸੂਤਾਨਤੀ ਕਪਾਹ ਦੀ ਮੰਡੀ ਨਾਲ ਹੋਣ ਲਗ ਪਿਆ ।   ਹੁਗਲੀ ਦੇ ਸਥਾਨ ਉੱਤੇ ਮੁਗਲਾਂ ਨਾਲ ਹੋਈ ਇਕ ਛੋਟੀ ਜਿਹੀ ਲੜਾਈ ਪਿਛੋਂ , ਇੰਗਲਿਸ਼ ਈਸਟ ਇੰਡੀਆ ਕੰਪਨੀ ਦਾ ਇਕ ਏਜੰਟ ਜਾਬ ਚਰਨਾੱਕ ਸੰਨ 1680 ਵਿਚ ਇਸ ਸਥਾਨ ਤੇ ਪਹੁੰਚਿਆ ਅਤੇ ਇਸਨੇ ਨਵਾਬ ਨਾਲ ਕੁਝ ਸ਼ਰਤਾਂ ਦੀ ਮੰਗ ਕੀਤੀ । ਨਵਾਬ ਨੇ ਇਹਨਾਂ ਸ਼ਰਤਾਂ ਨੂੰ ਠੁਕਰਾ ਦਿਤਾ ਅਤੇ ਅੰਗਰੇਜ਼ਾਂ ਨੂੰ ਆਪਣੇ ਰਾਜ ਵਿਚੋਂ ਕੱਢਣ ਲਈ ਆਪਣੇ ਕਰਮਚਾਰੀਆਂ ਨੂੰ ਹੁਕਮ ਦਿਤਾ । ਬਦਲੇ ਵਜੋਂ ਚਰਨਾਕ ਨੇ ਲੂਣ-ਘਰਾਂ ਅਤੇ ਤਾਨਾ ਵਿਖੇ ਸਥਿੱਤ ਕਿਲਿਆ ਨੂੰ ਤਬਾਹ ਕਰ ਦਿਤਾ ਅਤੇ ਹਿਜਲੀ ਤੇ ਕਬਜ਼ਾ ਕਰ ਲਿਆ । ਕੁਝ ਚਿਰ ਪਿਛੋਂ ਕੈਪਟਨ ਹੀਥ ਜਿਸਨੂੰ ਇੰਗਲੈਂਡ ਤੋਂ ਚਿਟਾਗਾਂਗ ਤੇ ਕਬਜ਼ਾ ਕਰਨ ਦੀਆਂ ਹਦਾਇਤਾਂ ਦੇ ਕੇ ਭੇਜਿਆ ਗਿਆ ਸੀ ਨੇ ਚਰਨਾੱਕ ਦੀ ਥਾਂ ਲੈ ਲਈ । ਇਸ ਥਾਂ ਤੇ ਕੀਤਾ ਗਿਆ ਹਮਲਾ ਅਸਫਲ ਹੀ ਰਿਹਾ । 24 ਅਗਸਤ , 1690 ਨੂੰ , ਨਵਾਬ ਦੇ ਸੱਦਾ ਪੱਤਰ ਤੇ ਅੰਗਰੇਜ਼ ਚਰਨਾਕ ਦੀ ਅਗਵਾਈ ਹੇਠ ਵਾਪਸ ਆ ਗਏ ਅਤੇ ਇਥੇ ਆਧੁਨਿਕ ਕਲਕੱਤੇ ਦੀ ਨੀਂਹ ਆਣ ਰੱਖੀ ।

                  ਸੰਨ 1696 ਵਿਚ ਬਰਦਵਾਨ ਦੇ ਇਕ ਜ਼ਿਮੀਦਾਰ ਸੁਭਾ ਸਿੰਘ ਦੇ ਵਿਰੋਧ ਨੇ ਇਕ ਭਿਆਨਕ ਰੂਪ ਧਾਰ ਲਿਆ ਅਤੇ ਅੰਗਰੇਜ਼ਾਂ ਨੇ ਆਪਣੀ ਬਸਤੀ ਨੂੰ ਕਿਲਾ-ਬੰਦ ਕਰਨ ਲਈ ਨਵਾਬ ਤੋਂ ਇਜਾਜ਼ਤ ਲੈ ਕੇ ਇਥੇ ਇਕ ਕਿਲ੍ਹਾ ( ਫੋਰਟ ਵਿਲੀਅਮ ) ਉਸਾਰਿਆ ਜਿਹੜਾ ਸੰਨ 1702 ਵਿਚ ਮੁਕੰਮਲ ਹੋਇਆ । ਇਸ ਤੋਂ ਚਾਰ ਸਾਲ ਪਹਿਲਾਂ ਕਲਕੱਤਾ , ਸੂਤਾਨਤੀ ਅਤੇ ਗੋਬਿੰਦਗੁਰ ਨਾਂ ਦੇ ਤਿੰਨ ਪਿੰਡ ਹੁੱਗਲੀ ਦੇ ਗਵਰਨਰ ਕੋਲੋ ਖਰੀਦੇ ਜਾ ਚੁੱਕੇ ਸਨ ।

                  ਕਸਬੇ ਦਾ ਬੜੀ ਤੇਜ਼ੀ ਨਾਲ ਵਿਕਾਸ ਹੋਇਆ । ਥੋੜ੍ਹੇ ਜਿਹੇ ਸਮੇਂ ਦੇ ਅੰਦਰ-ਅੰਦਰ ਇਥੇ ਜਹਾਜ਼ਾਂ ਦਾ ਇਕ ਘਾਟ , ਇਕ ਹਸਪਤਾਲ , ਇਕ ਗਿਰਜਾਘਰ ਅਤੇ ਬੈਰਕਾਂ ਉਸਾਰ ਦਿਤੀਆਂ ਗਈਆਂ । ਸੰਨ 1707 ਵਿਚ ਈਸਟ ਇੰਡੀਆ ਕੰਪਨੀ ਨੇ ਇਸਦਾ ਇਕ ਵੱਖਰੀ ਪ੍ਰੈਜੀਡੈਂਸੀ ਵਜੋਂ ਐਲਾਨ ਕਰ ਦਿਤਾ । ਹੁਣ ਇਹ ਪ੍ਰੈਜ਼ੀਡੈਂਸੀ ਕੇਵਲ ਲੰਡਨ ਦੇ ਡਾਇਰੈਕਟਰਾਂ ਨੂੰ ਹੀ ਜਵਾਬਦੇਹ ਰਹਿ ਗਈ ਸੀ ।

                  ਸੰਨ 1717 ਵਿਚ ਮੁਗ਼ਲ ਬਾਦਸ਼ਾਹ ਨੇ 3000 ਰੁਪਏ ਦੀ ਸਾਲਾਨਾ ਅਦਾਇਗੀ ਦੇ ਬਦਲੇ , ਈਸਟ ਇੰਡੀਆ ਕੰਪਨੀ ਨੂੰ ਵਪਾਰ ਕਰਨ ਦੀ ਖੁਲ੍ਹ ਦੇ ਦਿਤੀ । ਇਸ ਨਾਲ ਭਾਰਤ ਦੇ ਅਣਗਿਣਤ ਵਪਾਰੀ ਇਸ ਸ਼ਹਿਰ ਵਿਚ ਇਕੱਠੇ ਹੋਏ । ਕੰਪਨੀ ਦੇ ਮੁਲਾਜ਼ਮ , ਇਸ ਦੇ ਝੰਡੇ ਹੇਠ ਕਰ-ਰਹਿਤ ਵਪਾਰ ਕਰਨ ਲੱਗ ਪਏ । ਸੰਨ 1742 ਵਿਚ ਜਦੋਂ ਦੱਖਣ-ਪੱਛਮ ਵਲੋਂ ਮਰਹੱਟਿਆਂ ਨੇ ਬੰਗਾਲ ਦੇ ਪੱਛਮੀ ਜ਼ਿਲ੍ਹਿਆਂ ਵਿਚ ਮੁਗ਼ਲਾਂ ਵਿਰੁੱਧ ਹੱਲੇ ਕਰਨੇ ਸ਼ੁਰੂ ਕੀਤੇ ਤਾਂ ਅੰਗਰੇਜ਼ਾਂ ਨੇ ਇਸ ਪਾਸੇ ਇਕ ਖਾਈ ਪੁੱਟਣ ਲਈ ਬੰਗਾਲ ਦੇ ਨਵਾਬ ਤੋਂ ਇਜਾਜ਼ਤ ਲਈ । ਇਹ ਖਾਈ , ਮਰਾਠਾ ਖਾਈ ਵਜੋਂ ਜਾਣੀ ਜਾਣ ਲੱਗੀ । ਇਹ ਖਾਈ ਭਾਵੇਂ ਬਸਤੀ ਦੇ ਦੱਖਣੀ ਸਿਰੇ ਵਲੋਂ ਮੁਕੰਮਲ ਨਹੀਂ ਸੀ ਹੋਈ , ਫਿਰ ਵੀ ਇਸ ਨਾਲ ਇਕ ਪਾਸੇ ਵੱਲ ਨੂੰ ਸ਼ਹਿਰ ਦੀ ਹੱਦ ਨਿਸ਼ਚਿਤ ਹੋ ਗਈ ।

                  ਸੰਨ 1756 ਵਿਚ ਨਵਾਬ ਦੇ ਉੱਤਰਾਧਿਕਾਰੀ ਸਿਰਾਜ-ਉਦ ਦੌਲਾ ਨੇ ਕਿਲੇ ਉੱਤੇ ਕਬਜ਼ਾ ਕਰ ਲਿਆ ਅਤੇ ਕਸਬੇ ਨੂੰ ਬਰਬਾਦ ਕਰ ਦਿਤਾ । ਸੰਨ 1757 ਵਿਚ ਰਾਬਰਟ ਕਲਾਈਵ ਅਤੇ ਬ੍ਰਿਟਿਸ਼ ਐਡਮਿਰਲ ਚਾਰਲਸ ਵਾਟਸਨ ਨੇ ਇਸ ਉੱਤੇ ਮੁੜ ਕਬਜ਼ਾ ਕਰ ਲਿਆ । ਥੋੜ੍ਹਾ ਚਿਰ ਪਿਛੋਂ ਪਲਾਸੀ ਦੇ ਸਥਾਨ ਤੇ ਨਵਾਬ ਨੂੰ ਹਾਰ ਹੋਈ ਅਤੇ ਇਸ ਲੜਾਈ ਪਿਛੋਂ ਬੰਗਾਲ ਵਿਚ ਅੰਗਰੇਜ਼ਾਂ ਦਾ ਰਾਜ ਪੱਕੇ ਤੌਰ ਤੇ ਸਥਾਪਤ ਹੋ ਗਿਆ । ਗੋਬਿੰਦਪੁਰ ਦੇ ਸ਼ੇਰਾਂ ਨਾਲ ਭਰੇ ਹੋਏ ਜੰਗਲ ਨੂੰ ਸਾਫ ਕਰ ਦਿਤਾ ਗਿਆ ਅਤੇ ਅਜੋਕੀ ਥਾਂ ਉੱਤੇ ਨਵਾਂ ‘ ਫੋਰਟ ਵਿਲੀਅਮ’ ਉਸਾਰਿਆ ਗਿਆ , ਜਿਹੜਾ ਕਲਕੱਤੇ ਤੋਂ ਹੁੱਗਲੀ ਦੇ ਉਪਰੋਂ ਦੀ ਦਿਖਾਈ ਦਿੰਦਾ ਹੈ ਅਤੇ ਇਥੇ ਹੀ ਇਕ ਕਿਲਾ ਬਰਤਾਨਵੀ ਫੌਜ ਦੀ ਪ੍ਰਭੁਤਾ ਦਾ ਪ੍ਰਤੀਕ ਬਣਿਆ ।

                  ਸੰਨ 1772 ਵਿਚ ਪਹਿਲੇ ਅੰਗਰੇਜ਼ ਗਵਰਨਰ ਜਨਰਲ , ਵਾਰਨ ਹੇਸਟਿੰਗਜ਼ ਨੇ ਸੁਬਈ ਮੁਗ਼ਲ ਰਾਜਧਾਨੀ ‘ ਮੁਰਸ਼ਿਦਾਬਾਦ’ ਤੋਂ ਸਾਰੇ ਹੀ ਮਹੱਤਵਪੂਰਣ ਦਫ਼ਤਰ ਕਲਕੱਤੇ ਲੈ ਆਂਦੇ ਅਤੇ ਇਸਨੂੰ ‘ ਬ੍ਰਿਟਿਸ਼ ਇੰਡੀਆ’ ਦੀ ਰਾਜਧਾਨੀ ਬਣਾ ਦਿਤਾ । ਸੰਨ 1773 ਵਿਚ ਬੰਬਈ ਅਤੇ ਮਦਰਾਸ ‘ ਫੋਰਟ ਵਿਲੀਅਮ’ ਦੀ ਸਰਕਾਰ ਦੇ ਮਾਤਹਿਤ ਹੋ ਗਏ । ਅੰਗਰੇਜ਼ੀ ਕਾਨੂੰਨ ਲਾਗੂ ਕਰਨ ਵਾਲੀ ਇਕ ‘ ਸੁਪਰੀਮ ਕੋਰਟ’ ਸਾਰੇ ਸ਼ਹਿਰ ਉੱਤੇ ਜਿਥੋਂ ਤੀਕ ਮਰਾਠਾ ਖਾਈ ਜਾਂਦੀ ਸੀ , ਆਪਣਾ ਮੌਲਿਕ ਅਧਿਕਾਰ ਖੇਤਰ ਵਰਤਣ ਲੱਗੀ ।

                  ਸੰਨ 1706 ਵਿਚ ਕਲਕੱਤੇ ਦੀ ਵਸੋਂ ਲਗਭਗ 10 , 000-12 , 000 ਹੁੰਦੀ ਸੀ । ਸੰਨ 1742 ਦੇ ਅੰਤ ਤੀਕ ਇਹ ਵਸੋਂ ਵਧ ਕੇ ਲਗਭਗ 118 , 000 ਅਤੇ 1822 ਤੀਕ 300 , 000 ਹੋ ਗਈ । ਜ਼ਮੀਨ ਉੱਤੇ ਵਾੲ੍ਹੀਟ ਟਾਊਨ ਨਾਂ ਦਾ ਕਸਬਾ ਇਕ ਉਸਾਰਿਆ ਗਿਆ । ਸ਼ਹਿਰ ਦੇ ਬਰਤਾਨਵੀ ਖੇਤਰ ਵਿਚ ਕਈ ਅਜਿਹੇ ਮਹਿਲ ਹੁੰਦੇ ਸਨ ਜਿਨ੍ਹਾਂ ਕਾਰਨ ਇਸ ਸ਼ਹਿਰ ਨੂੰ ‘ ਮਹਿਲਾਂ ਦਾ ਸ਼ਹਿਰ’ ਵੀ ਕਿਹਾ ਜਾਣ ਲੱਗਾ । ਬਰਤਾਨਵੀ ਕਸਬੇ ਤੋਂ ਬਾਹਰਵਾਰ ਕਈ ਭਵਨ ਉਸਾਰੇ ਗਏ ਅਤੇ ਝੁੱਗੀਆਂ ਦੀਆਂ ਬਸਤੀਆਂ ਵਸਾਈਆਂ ਗਈਆਂ । ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਨਾਂ ਜਿਵੇਂ ‘ ਕੁਮਾਰਤੁਲੀ’ ( ਕੁਮ੍ਹਾਰਾਂ ਦਾ ਡਿਸਟ੍ਰਿਕਟ ) ਅਤੇ ‘ ਸ਼ੰਕਰੀਪਾਰਾ’ ( ਘੋਗ-ਸਿੱਪੀਆਂ ਦਾ ਕੰਮ ਕਰਨ ਵਾਲਿਆਂ ਆਦਿ ਦਾ ਡਿਸਟ੍ਰਿਕਟ ) ਆਦਿ ਵੱਖ-ਵੱਖ ਪੇਸ਼ਾਵਰ ਲੋਕਾਂ ਦੇ ਨਾਂ ਉਪਰ ਰੱਖੇ ਗਏ । ਦੋ ਸ਼ਹਿਰ-‘ ਬ੍ਰਿਟਿਸ਼’ ਅਤੇ ‘ ਇੰਡੀਅਨ’ ਕਲਕੱਤਾ ਨਾਲ-ਨਾਲ ਹੀ ਹੋਂਦ ਵਿਚ ਆਏ ।

                  ਇਸ ਸਮੇਂ ਕਲਕੱਤੇ ਦਾ ਇਕ ਮਾਰੂ ਕਸਬੇ ਵਜੋਂ ਜ਼ਿਕਰ ਕੀਤਾ ਗਿਆ । ਚੰਗੀਆਂ ਸੜਕਾਂ ਇਥੇ ਬਹੁਤ ਘੱਟ ਸਨ । ਲਾਟਰੀਆਂ ਦੁਆਰਾ ਜਨਤਕ ਸੁਧਾਰ ਕਰਨ ਲਈ ਸੰਨ 1817 ਵਿਚ ਇਕ ‘ ਲਾਟਰੀ ਕਮੇਟੀ’ ਦੀ ਸਥਾਪਨਾ ਕੀਤੀ ਗਈ ਅਤੇ ਸੰਨ 1817 ਅਤੇ 1836 ਦੇ ਸਮੇਂ ਦੌਰਾਨ ਇਸ ਕਮੇਟੀ ਨੇ ਸ਼ਹਿਰ ਦੀ ਹਾਲਤ ਸੁਧਾਰਨ ਵਿਚ ਕਾਫੀ ਹਿੱਸਾ ਪਾਇਆ । ਕਾਰਨਵਾਲਿਸ ਸਟਰੀਟ , ਕਾਲਜ ਸਟਰੀਟ , ਵਾਲਿੰਗਟਨ ਸਟਰੀਟ , ਵੈਲਜ਼ਲੀ ਸਟਰੀਟ ਅਤੇ ਵੁੱਡ ਸਟਰੀਟ ਆਦਿ ਵਰਗੀਆਂ ਚੌੜੀਆਂ-ਚੌੜੀਆਂ ਪੱਕੀਆਂ ਸੜਕਾਂ , ‘ ਕਾਰਨਵਾਲਿਸ ਕਾਲਜ’ ਅਤੇ ‘ ਵੈਲਜ਼ਲੀ’ ਵਰਗੇ ਮਹੱਤਵਪੂਰਨ ਚੌਕ ਬਣਵਾਏ ।

                  ਜਿਉਂ-ਜਿਉਂ ਉਪ-ਮਹਾਂਦੀਪ ਉੱਤੇ ਬਰਤਾਨਵੀ ਤਾਕਤ ਦਾ ਵਿਸਥਾਰ ਹੁੰਦਾ ਗਿਆ , ਸਾਰੇ ਦਾ ਸਾਰਾ ਉੱਤਰੀ ਭਾਰਤ ਕਲਕੱਤੇ ਦੀ ਬੰਦਰਗਾਹ ਲਈ ਇਕ ਪਿਛਵਾੜੇ ਦਾ ਰੂਪ ਧਾਰਨ ਕਰਦਾ ਗਿਆ । ਇਸ ਤਰ੍ਹਾਂ ਭਾਰਤ ਨੇ ਸਪਸ਼ਟ ਰੂਪ ਵਿਚ ਇੰਗਲੈਂਡ ਦੇ ਕਾਰਖਾਨੇ-ਦਾਰਾਂ ਲਈ ਇਕ ਬਹੁਤ ਵੱਡੀ ਮੰਡੀ ਦਾ ਰੂਪ ਧਾਰ ਲਿਆ ਅਤੇ ਕਲਕੱਤਾ ਇਸਦੇ ਦਾਖਲੇ ਦੀ ਬੰਦਰਗਾਹ ਬਣਿਆ । ਸੰਨ 1835 ਵਿਚ ਦੇਸ਼ ਅੰਦਰਲੀਆਂ ਕਸਟੱਮਜ਼ ਡਿਊਟੀਆਂ ਦੇ ਖਾਤਮੇ ਨੇ ਇਕ ਖੁਲ੍ਹਾ ਬਾਜ਼ਾਰ ਹੋਂਦ ਵਿਚ ਲੈ ਆਂਦਾ ਅਤੇ ਰੇਲਵੇ-ਮਾਰਗਾਂ ਦੀ ਉਸਾਰੀ ਨੇ ਕਾਰੋਬਾਰੀ ਜੀਵਨ ਦੀ ਰਫਤਾਰ ਨੂੰ ਹੋਰ ਤੇਜ਼ ਕਰ ਦਿਤਾ । ਕਲਕੱਤੇ ਦੇ ਬਰਤਾਨਵੀ ਵਪਾਰੀਆਂ ਨੇ ਪਟਸਨ , ਕੋਲਾ , ਲੋਹਾ , ਅਤੇ ਬਾਗਬਾਨੀ ਦੇ ਉਦਯੋਗਾਂ ਵਿਚ ਮਹਾਰਤ ਹਾਸਲ ਕਰ ਲਈ । ਬਰਤਾਨਵੀ ਬੈਂਕਿੰਗ ਅਤੇ ਬੀਮਾ ਵੀ ਬਹੁਤ ਪ੍ਰਫੁੱਲਤ ਹੋਇਆ । ਕਲਕੱਤਾ ਦੇਸੀ ਪਾਸਾ ਵਣਜ ਪੱਖੋਂ ਇਕ ਗਹਿਮਾ-ਗਹਿਮੀ ਵਾਲਾ ਕੇਂਦਰ ਬਣ ਗਿਆ ਅਤੇ ਭਾਰਤ ਦੇ ਸਾਰੇ  ਹਿੱਸਿਆਂ ਦੇ ਅਤੇ ਏਸ਼ੀਆ ਦੇ ਕੁਝ ਹੋਰਨਾਂ ਭਾਗਾਂ ਦੇ ਵਪਾਰੀ ਇਥੇ ਇਕੱਠੇ ਹੋ ਗਏ । ਬ੍ਰਿਟਿਸ਼ ਇੰਡੀਆ ਦੇ ਪ੍ਰਬੰਧਕੀ ਹੈੱਡਕੁਆਟਰ ਦੇ ਨਾਲ ਹੀ ਕਲਕੱਤਾ ਉਪ-ਮਹਾਂਦੀਪ ਦਾ ਇਕ ਬੌਧਿਕ ਕੇਂਦਰ ਵੀ ਬਣ ਗਿਆ ।

                  ਵੀਹਵੀਂ ਸਦੀ ਤੋਂ ਕਲਕੱਤੇ ਦੀਆਂ ਮੁਸ਼ਕਲਾਂ ਦਾ ਸਮਾਂ ਸ਼ੁਰੂ ਹੋਇਆ । ਸੰਨ 1905 ਵਿਚ ਲਾਰਡ ਕਰਜ਼ਨ ਨੇ ਬੰਗਾਲ ਦੀ ਵੰਡ ਕਰ ਦਿਤੀ ਅਤੇ ਢਾਕੇ ਨੂੰ ਪੂਰਬੀ ਬੰਗਾਲ ਅਤੇ ਆਸਾਮ ਦੀ ਰਾਜਧਾਨੀ ਬਣਾ ਦਿਤਾ । ਜ਼ੋਰਦਾਰ ਅੰਦੋਲਨ ਕਾਰਨ ਇਸ ਵੰਡ ਨੂੰ ਮਨਸੂਖ ਕਰਨਾ ਪਿਆ । ਪਰ ਬਾਅਦ ਵਿਚ ਸੰਨ 1912 ਵਿਚ ਬ੍ਰਿਟਿਸ਼ ਇੰਡੀਆ ਦੀ ਰਾਜਧਾਨੀ ਇਥੋਂ ਬਦਲਕੇ ਦਿੱਤੀ ਲੈ ਆਂਦੀ ਗਈ । ਇਥੇ ਆ ਕੇ ਸਰਕਾਰ ਮੁਕਾਬਲਤਨ ਵਧੇਰੇ ਸ਼ਾਂਤ ਰਹਿ ਸਕੀ । ਸੰਨ 1947 ਵਿਚ ਬੰਗਾਲ ਦੀ ਦੂਜੀ ਵਾਰ ਵੰਡ ਹੋਈ ।

                  ਜਿਉਂ-ਜਿਉਂ ਇਹ ਸਦੀ ਅਗਾਂਹ ਵਧਦੀ ਗਈ , ਕਲਕੱਤੇ ਦੀ ਵਸੋਂ ਵਿਚ ਬੜਾ ਭਾਰੀ ਵਾਧਾ ਹੁੰਦਾ ਰਿਹਾ । ਭਾਰਤ ਵਿਚ ‘ ਹੋਮ ਰੂਲ’ ਦੀ ਮੰਗ ਵਾਂਗ ਸਮਾਜਕ ਸਮੱਸਿਆਵਾਂ ਵੀ ਵਧੇਰੇ ਜ਼ੋਰ ਫੜ ਗਈਆਂ । ਸੰਨ 1926 ਅਤੇ ਫਿਰ 1930 ਵਿਚ ਫਿਰਕੂ ਦੰਗੇ ਫਸਾਦ ਹੋਏ । ਦੂਜੇ ਵਿਸ਼ਵ ਯੁੱਧ ਵਿਚ ਜਾਪਾਨੀਆਂ ਨੇ ਕਲਕੱਤੇ ਦੇ ਘਾਟਾਂ ਉੱਤੇ ਹਵਾਈ ਹਮਲੇ ਕਰ ਦਿਤੇ ਜਿਸ ਨਾਲ ਇਥੋਂ ਦੇ ਲੋਕਾਂ ਦਾ ਜਾਨੀ ਨੁਕਸਾਨ ਬਹੁਤ ਹੋਇਆ । ਸਾਰਿਆਂ ਨਾਲੋਂ ਵਧੇਰੇ ਗੰਭੀਰ ਫਸਾਦ ਸੰਨ 1946 ਵਿਚ ਹੀ ਹੋਏ ਜਦੋਂ ਬ੍ਰਿਟਿਸ਼ ਇੰਡੀਆ ਦੀ ਵੰਡ ਅਟੱਲ ਹੀ ਹੋ ਗਈ ਸੀ ਅਤੇ ਮੁਸਲਮਾਨਾਂ ਤੇ ਹਿੰਦੂਆਂ ਵਿਚਕਾਰ ਤਣਾਉ ਸਿਖਰਾਂ ਛੋਹ ਚੁਕਾ ਸੀ । ਸੰਨ 1947 ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਬੰਗਾਲ ਦੀ ਵੰਡ ਕਾਰਨ , ਕਲਕੱਤੇ ਦੇ ਵਿਕਾਸ ਨੂੰ ਭਾਰੀ ਸੱਟ ਵੱਜੀ । ਹੁਣ ਕਲਕੱਤਾ ਕੇਵਲ ਪੱਛਮੀ ਬੰਗਾਲ ਦੀ ਹੀ ਰਾਜਧਾਨੀ ਰਹਿ ਗਿਆ ਅਤੇ ਇਸਦੇ ਸਾਬਕਾ ਪਿਛਵਾੜੇ ਦੇ ਇਕ ਹਿੱਸੇ ਦਾ ਵਪਾਰ ਖੁੱਸ ਗਿਆ । ਉਸ ਵੇਲੇ ਹੀ ਪੂਰਬੀ ਪਾਕਿਸਤਾਨ ਤੋਂ ਲੱਖਾਂ ਦੀ ਗਿਣਤੀ ਵਿਚ ਸ਼ਰਨਾਰਥੀ ਕਲਕੱਤੇ ਵਿਚ ਆ ਗਏ । ਇਸ ਨਾਲ ਇਥੋਂ ਦੀਆਂ ਸਮਾਜਕ ਸਮੱਸਿਆਵਾਂ ਅਤੇ ਤੇਜ਼ੀ ਨਾਲ ਵਧ ਰਹੀ ਆਬਾਦੀ ਦੀ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰਨ ਕਰ ਗਈ ।

                  ਆਧੁਨਿਕ ਸ਼ਹਿਰ– –

                  ਵਿਉਂਤ– – ਆਰੰਭ ਵਿਚ ਸ਼ਹਿਰ ਦੀ ਸਥਾਪਨਾ ਲਈ ਇਹ ਥਾਂ ਇਸ ਕਰਕੇ ਚੁਣੀ ਗਈ ਕਿਉਂਕਿ ਰੱਖਿਆ ਅਤੇ ਵਪਾਰ ਦੇ ਪੱਖੋਂ ਇਸ ਦੀ ਸਥਿਤੀ ਬਹੁਤ ਹੀ ਉਚਿੱਤ ਸੀ । ਸਮੁੰਦਰੀ ਤਲ ਤੋਂ ਇਸ ਦੀ ਵੱਧ ਤੋਂ ਵੱਧ ਉਚਾਈ ਲਗਭਗ 10 ਮੀ. ਹੈ ।

                  ਖਾਸ ਕਲਕੱਤੇ ਸ਼ਹਿਰ ਦਾ ਕੁੱਲ ਰਕਬਾ ਲਗਭਗ 100 ਵ. ਕਿ. ਮੀ. ਹੈ ਐਪਰ ਸਾਰੇ ਮੈਟਰੋਪਾਲਿਟਨ ਖੇਤਰ ਦਾ ਕੁੱਲ ਰਕਬਾ 1300 ਵ. ਕਿ. ਮੀ. ਹੈ ਅਤੇ ਇਸ ਵਿਚ 3 ਕਾਰਪੋਰੇਸ਼ਨਾਂ , 1 ਛਾਉਣੀ 26 ਮਿਉਂਸਪਲਟੀਆਂ ਅਤੇ ਹੁਗਲੀ ਦਰਿਆ ਦੇ ਦੋਵੇਂ ਕੰਢਿਆਂ ਉੱਤੇ ਸਥਿਤ 44 ਮਿਉਂਸਪਲ ਸ਼ਹਿਰੀ ਖੇਤਰ ਸ਼ਾਮਲ ਹਨ । ਦਰਿਆ ਦੇ ਪੱਛਮੀ ਕੰਢੇ ਉੱਤੇ ਹਾਵੜਾ , ਉੱਤਰ ਵੱਲ ਬੜਾਨਗਰ , ਉੱਤਰ-ਪੂਰਬ ਵੱਲ ਦੱਖਣੀ ਡਮ ਡਮ , ਦੱਖਣ ਵੱਲ ਦੱਖਣੀ ਉਪ-ਸ਼ਹਿਰੀ ਖੇਤਰ ‘ ਬੈਹਾਲਾ’ ਅਤੇ ਦੱਖਣ-ਪੱਛਮ ਵੱਲ ਗਾਰਡਨ ਰੀਚ ਨਾਮੀ ਕਲਕੱਤੇ ਦੇ ਮੁੱਖ ਉਪ-ਨਗਰ ਹਨ । ਇਹ ਸਾਰਾ ਖੇਤਰ ਇਕ ਵੱਡੇ ਸ਼ਹਿਰ ਨੂੰ ਰੂਪਮਾਨ ਕਰਦਾ ਹੈ ।

                  ਜਲਵਾਯੂ– – ਇਥੋਂ ਦਾ ਜਲਵਾਯੂ ਉਪ-ਉਸ਼ਣੀ ਹੈ । ਗਰਮੀਆਂ ਵਿਚ ਮਾਨਸੂਨ ਪੌਣਾਂ ਬੜੀ ਭਾਰੀ ਵਰਖਾ ਕਰਦੀਆਂ ਹਨ । ਵੱਧ ਤੋਂ ਵੱਧ ਤਾਪਮਾਨ 42˚ ਸੈਂ ( 108˚ ਫਾ ) ਅਤੇ ਘੱਟ ਤੋਂ ਘੱਟ ਤਾਪਮਾਨ 7˚ਸੈਂ ( 44˚ਫਾ ) ਤੀਕ ਪਹੁੰਚ ਜਾਂਦਾ ਹੈ । ਇਥੇ ਔਸਤਨ ਸਾਲਾਨਾ ਵਰਖਾ 160 ਸੈ. ( 64' ' ) ਹੁੰਦੀ ਹੈ । ਵਰਖਾ ਦਾ 80 ਪ੍ਰਤੀਸ਼ਤ ਹਿੱਸਾ ਮਾਨਸੂਨ ਪੌਣਾ ਦੁਆਰਾ ਜੂਨ ਤੋਂ ਸਤੰਬਰ ਤੀਕ ਪੈਂਦਾ ਹੈ । ਸਰਦੀਆਂ ਵਿਚ ਸਵੇਰੇ ਧੁੰਦ ਅਕਸਰ ਪੈਂਦੀ ਹੈ ਅਤੇ ਸ਼ਾਮ ਨੂੰ ਫੈਕਟਰੀਆਂ ਦੇ ਧੂਏਂ ਆਦਿ ਨਾਲ ਬੱਦਲ ਛਾਏ ਰਹਿੰਦੇ ਹਨ ।

                  ਆਵਾਜਾਈ– – ਅੰਦਰੂਨੀ– ਸ਼ਹਿਰ ਅਤੇ ਇਸ ਦੇ ਉਪ-ਨਗਰਾਂ ਵਿਚ ਲਗਪਗ 805 ਕਿ.ਮੀ. ਲੰਬੀਆਂ ਸੜਕਾਂ ਹਨ ਪਰ ਇਨ੍ਹਾਂ ਸੜਕਾਂ ਦੀ ਮਾੜੀ ਹਾਲਤ ਨੇ ਇਕ ਗੰਭੀਰ ਸਮੱਸਿਆ ਖੜ੍ਹੀ ਕਰ ਦਿਤੀ ਹੈ । ਇਥੋਂ ਦੀ ਆਮ ਢੋਆ-ਢੁਆਈ ਟ੍ਰਾਂਮਾਂ ਅਤੇ ਬੱਸਾਂ ਉੱਤੇ ਨਿਰਭਰ ਹੈ । ਕਲਕੱਤੇ ਅਤੇ ਹਾਵੜੇ ਵਿਚ 26 ਟ੍ਰਾਮ ਮਾਰਗ ਹਨ ਜਿਨ੍ਹਾਂ ਵਿਚ ਲਗਭਗ 65 ਕਿ. ਮੀ. ਦੂਹਰੇ ਟ੍ਰਾਮ-ਮਾਰਗ ਹਨ । ਟ੍ਰਾਮ ਗੱਡੀਆਂ ਦਾ ਪ੍ਰਬੰਧ ਸਰਕਾਰ ਅਧੀਨ ਹੈ । ਰਾਜ ਸਰਕਾਰ ਅਤੇ ਪ੍ਰਾਈਵੇਟ ਕੰਪਨੀਆਂ ਬੱਸਾਂ ਨੂੰ ਚਲਾਉਂਦੀਆਂ ਹਨ । ਸਰਕਾਰੀ ਟ੍ਰਾਂਸਪੋਰਟ ਦੀਆਂ ਲਗਭਗ 1100 ਬੱਸਾਂ ਅਤੇ 450 ਟ੍ਰਾਮ ਗੱਡੀਆਂ ਚਲਦੀਆਂ ਹਨ । ਇਹ ਇਕ ਸਾਲ ਵਿਚ ਲਗਪਗ 1 , 000 , 000 , 000 ਮੁਸਾਫਰਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਂਦੀਆਂ ਹਨ ।

                  ਭਾਰਤ ਦੀ ਪਹਿਲੀ ਉਪ-ਮਾਰਗ ਪ੍ਰਣਾਲੀ ਡਮ ਡਮ ਅਤੇ ਟਾਲੀਗੰਜ ਵਿਚਕਾਰ ਇਕ 16.5 ਕਿ. ਮੀ. ਉੱਤਰੀ-ਦੱਖਣੀ ਲਾਈਨ ਸੰਨ 1973 ਵਿਚ ਬਣਾਉਣੀ ਸ਼ੁਰੂ ਕੀਤੀ ਗਈ । ਇਸ ਲਾਈਨ ਦੇ ਮੁਕੰਮਲ ਹੋ ਜਾਣ ਤੇ ਇਹ 1 , 390 , 00 ਵਿਅਕਤੀਆਂ ਨੂੰ ਰੋਜ਼ਾਨਾ ਆਵਾਜਾਈ ਦੀਆਂ ਸਹੂਲਤਾਂ ਮੁਹੱਈਆਂ ਕਰੇਗੀ ।

                  ਕਲਕੱਤੇ ਅਤੇ ਇਸਦੇ ਪੱਛਮੀ ਪਛਵਾੜੇ ਦਾ ਮੇਲ-ਜੋਲ ਹੁੱਗਲੀ ਦਰਿਆ ਉਤੇ ਬਣੇ ਪੁਲਾਂ ‘ ਹਾਵੜਾ ਬਰਿੱਜ’ ਅਤੇ ਦੂਰ ਉੱਤਰ ਵਿਚ ਬਣੇ , ‘ ਬਾਲੀ ਬਰਿਜ’ ਉਤੇ ਨਿਰਭਰ ਕਰਦੀ ਹੈ । ਤੀਸਰੇ ਪੁਲ ਦੀ ਵੀ ਯੋਜਨਾਬੰਦੀ ਤਿਆਰ ਕੀਤੀ ਜਾ ਚੁੱਕੀ ਹੈ । ਹਾਵੜਾ ਬਰਿੱਜ , ( ਕਲਕੱਤੇ ਦਾ ਪਛਵਾੜੇ ਨਾਲ ਲਿੰਕ ਜੋੜਨ ਵਾਲਾ ਪੁਲ ) ਉਤੇ ਗੱਡੀਆਂ ਦੀ ਆਵਾਜਾਈ ਲਈ ਅੱਠ ਤੰਗ ਰਸਤੇ ਅਤੇ ਕੇਂਦਰ ਵਿਚ ਦੋ ਟ੍ਰਾਂਮ-ਮਾਰਗ ਹਨ ਅਤੇ ਇਹ ਦੁਨੀਆ ਦੇ ਸਭ ਤੋਂ ਵੱਧ ਵਰਤੋਂ ਵਿਚ ਲਿਆਂਦੇ ਜਾਣ ਵਾਲੇ ਪੁਲਾਂ ਵਿਚੋਂ ਇਕ ਹੈ ।

                  ਬਾਹਰੀ– – ਗਰੈਂਡ ਟਰੰਕ ਰੋਡ ( ਨੈਸ਼ਨਲ ਹਾਈਵੇ ਨੰ : 2 ) ਭਾਰਤ ਦੇ ਸਭ ਤੋਂ ਪੁਰਾਣੇ ਸੜਕ ਮਾਰਗਾਂ ਵਿਚੋਂ ਇਕ ਹੈ । ਇਹ ਕਲਕੱਤੇ ਤੋਂ ਲੈ ਕੇ ਕਸ਼ਮੀਰ ਤੀਕ ਲਗਭਗ 1600 ਕਿ. ਮੀ. ( 1000 ਮੀਲ ) ਤੀਕ ਜਾਂਦੀ ਹੈ । ਬੰਦਰਗਾਹ ਨੂੰ ਉੱਤਰੀ ਭਾਰਤ ਨਾਲ ਜੋੜਨ ਵਾਲਾ ਇਹ ਮੁੱਖ ਮਾਰਗ ਹੈ । ਹੋਰ ਰਾਸ਼ਟਰੀ ਸ਼ਾਹ-ਰਾਹ ਕਲਕੱਤੇ ਨੂੰ ਭਾਰਤ ਦੇ ਪੱਛਮੀ ਤੱਟ , ਪੱਛਮੀ ਬੰਗਾਲ ਦੇ ਉੱਤਰੀ ਹਿੱਸੇ ਅਤੇ ਬੰਗਲਾਦੇਸ਼ ਨਾਲ ਲਗਦੀ ਸਰਹੱਦ ਨਾਲ ਜੋੜਦੇ ਹਨ ।

                  ਹੁੱਗਲੀ ਦਰਿਆ ਦੇ ਪੱਛਮੀ ਕੰਢੇ ਤੇ ਹਾਵੜਾ ਅਤੇ ਪੂਰਬੀ ਕੰਢੇ ਤੇ ਸਿਆਲਦਾਹ ਰੇਲਵੇ ਸਟੇਸ਼ਨਾਂ ਤੋਂ ਚਾਰ ਚੁਫੇਰੇ ਨੂੰ ਰੇਲਾਂ ਚਲਦੀਆਂ ਹਨ । ਇਨ੍ਹਾਂ ਦੋਹਾਂ ਸਟੇਸ਼ਨਾਂ ਤੋਂ ਲਗਭਗ 250 , 000 ਮੁਸਾਫਰ ਰੋਜ਼ਾਨਾ ਆਉਂਦੇ ਜਾਂਦੇ ਹਨ ।

                  ਕਲਕੱਤੇ ਦੇ ਅਖ਼ੀਰਲੇ ਹਵਾਈ ਅੱਡੇ ਡਮ ਡਮ ਤੋਂ ਹਰ ਰੋਜ਼ ਲਗਭਗ 120 ਅੰਤਰ ਰਾਸ਼ਟਰੀ ਅਤੇ ਰਾਸ਼ਟਰੀ ਉਡਾਣਾਂ ਹੁੰਦੀਆਂ ਹਨ ।

                  ਆਬਾਦੀ– – ਸੰਨ 1981 ਦੀ ਮਰਦਮਸ਼ੁਮਾਰੀ ਅਨੁਸਾਰ ਕਲਕੱਤੇ ਸ਼ਹਿਰ ਦੀ ਵਸੋਂ 3 , 291 , 655 ਹੈ ਭਾਵੇਂ ਸਾਰੇ ਮੈਟਰੋਪਾਲਿਟਨ ਖੇਤਰ ਦੀ ਕੁੱਲ ਵਸੋਂ 9 , 166 , 0000 ਹੈ । ਇਸ ਵਸੋਂ ਵਿਚ 80% ਹਿੰਦੂ ਅਤੇ ਬਾਕੀ ਮੁਸਲਮਾਨ , ਈਸਾਈ , ਸਿੱਖ , ਜੈਨੀ , ਬੋਧੀ ਅਤੇ ਹੋਰ ਧਰਮਾਂ ਦੇ ਲੋਕ ਹਨ । ਸੰਨ 1961 ਵਿਚ ਇਥੇ 66% ਲੋਕ ਬੰਗਲਾ , 20% ਹਿੰਦੀ ਅਤੇ 9% ਉਰਦੂ ਬੋਲਦੇ ਸਨ । ਇਸ ਤੋਂ ਇਲਾਵਾ ਉੜੀਆ , ਪੰਜਾਬੀ ਅਤੇ ਹੋਰ ਭਾਸ਼ਾਵਾਂ ਵੀ ਬੋਲਆਂ ਜਾਂਦੀਆਂ ਹਨ । ਕਲਕੱਤਾ ਨਾ ਕੇਵਲ ਇਕ ਭਾਰਤੀ ਸ਼ਹਿਰ ਹੀ ਹੈ ਸਗੋਂ ਇਹ ਵਿਸ਼ਵ ਦਾ ਇਕ ਸ਼ਹਿਰ ਬਣ ਗਿਆ ਹੈ । ਭਾਰਤੀਆਂ ਤੋਂ ਇਲਾਵਾ ਇਥੇ ਅੰਗਰੇਜ਼ , ਨੈਪਾਲੀ , ਚੀਨੀ , ਅਮਰੀਕਨ , ਆਸਟ੍ਰੇਲੀਅਨ , ਬਰਮੀ , ਆਰਮੀਨੀਅਨ , ਅਫਰੀਕਨ , ਪੁਰਤਗੇਜ਼ੀ , ਆਇਰਲੈਂਡੀ ਵਲੰਦੇਜ਼ , ਫਰਾਂਸੀਸੀ , ਇਤਾਲਵੀ , ਡੈਨਮਾਰਕ ਦੇ ਲੋਕ , ਇਜ਼ਰਾਇਲੀ ਅਤੇ ਈਰਾਨੀ ਲੋਕ ਰਹਿੰਦੇ ਹਨ । ਆਬਾਦੀ-ਘਣਤਾ ਲਗਭਗ 32 , 000 ਪ੍ਰਤੀ ਵ. ਕਿ. ਮੀ. ਹੈ ।

                  ਮਕਾਨ ਉਸਾਰੀ– – ਸ਼ਹਿਰ ਵਿਚ ਰਹਿਣ ਲਈ ਮਕਾਨਾਂ ਦੀ ਬੜੀ ਥੁੜ ਹੈ । ਸੰਨ 1973 ਵਿਚ ਇਸ ਸ਼ਹਿਰ ਵਿਚ ਘੱਟੋ ਘੱਟ 200 , 000 ਵਿਅਕਤੀ ਪੱਟੜੀਆਂ ਤੇ ਰਹਿਣ ਵਾਲੇ ਸਨ । ਕਲਕੱਤਾ ਮੈਟਰੋਪਾਲੀਟਨ ਡਿਸਟ੍ਰਿਕਟ ਦੀਆਂ ਸੰਸਥਾਗਤ ਪਨਾਹ-ਸਥਾਨਾਂ ਤੇ ਰਹਿਣ ਵਾਲੇ 366 , 000 ਵਿਅਕਤੀਆਂ ਵਿਚੋਂ 2/3 ਤੋਂ ਵਧੇਰੇ ਲੋਕ ਸ਼ਹਿਰ ਵਿਚ ਰਹਿੰਦੇ ਹਨ । ਸ਼ਹਿਰ ਵਿਚ 600 , 000 ਤੋਂ ਵੱਧ ਘਰਾਂ ਦੀਆਂ ਇਕਾਈਆਂ ਹਨ ਅਤੇ ਇਸਦਾ 3/4 ਹਿੱਸਾ ਹੀ ਕੇਵਲ ਰਿਹਾਇਸ਼ੀ ਮੰਤਵ ਲਈ ਵਰਤਿਆ ਜਾਂਦਾ ਹੈ । ਪ੍ਰਤੀ ਮਕਾਨ ਵਿਅਕਤੀਆਂ ਦੀ ਔਸਤਨ ਗਿਣਤੀ ਪੰਜ ਹੈ ਅਤੇ ਪ੍ਰਤੀ ਕਮਰਾ ਵਿਅਕਤੀਆਂ ਦੀ ਔਸਤਨ ਗਿਣਤੀ ਤਿੰਨ ਹੈ । ਵਧੇਰੇ ਇਕਾਈਆਂ ਬਹੁਤ ਛੋਟੀਆਂ ਹਨ ।

                  ਸ਼ਹਿਰ ਵਿਚ ਲਗਭਗ 3000 ਬਸਤੀਆਂ ਗੰਦੀਆਂ ਬਸਤੀਆਂ ਹਨ , ਜਿਨ੍ਹਾਂ ਵਿਚ 189 , 000 ਪਰਿਵਾਰ ਰਹਿੰਦੇ ਹਨ ।

                  ਸ਼ਹਿਰ ਦੀ ਨੁਹਾਰ– – ਅਧੁਨਿਕ ਕਲਕੱਤੇ ਦੇ ਕਈ ਭਾਗਾਂ ਵਿਚ , ਉਚੀਆਂ ਇਮਾਰਤਾਂ ਤੇ ਉਚੇ ਬਹੁ-ਮੰਜ਼ਲੇ ਬਲਾਕ ਤਾਂ ਅਸਮਾਨ ਨੂੰ ਜਾ ਲਗਦੇ ਹਨ । ਸ਼ਹਿਰ ਦੀ ਨੁਹਾਰ ਬੜੀ ਤੇਜ਼ੀ ਨਾਲ ਬਦਲ ਰਹੀ ਹੈ । ਕੇਂਦਰੀ ਕਲੱਕਤੇ ਦਾ ਚੌਰੰਗੀ ਖੇਤਰ ( ਜੋ ਕਿਸੇ ਸਮੇਂ ਆਲੀਸ਼ਾਨ ਮਕਾਨਾਂ ਦੀ ਇਕ ਕਤਾਰ ਹੁੰਦੀ ਸੀ ) ਦਫ਼ਤਰਾਂ , ਹੋਟਲਾਂ ਅਤੇ ਦੁਕਾਨਾਂ ਬਣਾਉਣ ਲਈ ਛੱਡ ਦਿਤਾ ਗਿਆ ਹੈ । ਉੱਤਰੀ ਅਤੇ ਕੇਂਦਰੀ ਕਲੱਕਤੇ ਵਿਚ ਅਜੇ ਵੀ ਬਹੁਤ ਸਾਰੀਆਂ ਇਮਾਰਤਾਂ ਦੋ ਜਾਂ ਤਿੰਨ ਮੰਜ਼ਲੀਆਂ ਹਨ । ਦੱਖਣੀ ਅਤੇ ਦੱਖਣੀ-ਕੇਂਦਰੀ ਕਲੱਕਤੇ ਵਿਚ ਬਹੁ-ਮੰਜ਼ਲੇ ਕਮਰਿਆਂ ਵਾਲੀਆਂ ਇਮਾਰਤਾਂ ਬਣੀਆਂ ਹੋਈਆਂ ਹਨ ।

                  ਸੰਨ 1875 ਦੌਰਾਨ ਕਲੱਕਤੇ ਵਿਚ 21 ਈਸਾਈ ਗਿਰਜਾ ਘਰ ਅਤੇ ਰੋਮਨ ਕੈਥੋਲਿਕ ਗਿਰਜਾ ਘਰ ਸਨ । ਅੱਜ ਇਨ੍ਹਾਂ ਵਿਚੋਂ ਕੁਝ ਖੰਡਰ ਬਣ ਚੁਕੇ ਹਨ । ਕਲਕੱਤੇ ਵਿਚ ਵੱਡੇ ਅਤੇ ਛੋਟੇ ਮੰਦਰਾਂ ਦੀ ਭਰਮਾਰ ਹੈ ।

                  ਸ਼ਹਿਰ ਦੀ ਉਸਾਰੀ ਕਲਾ– – ਕਲਕੱਤੇ ਦੀ ਪੁਰਾਣੀ ਉਸਾਰੀ ਕਲਾ ਦੀਆਂ ਯਾਦਗਾਰਾਂ ਉੱਤੇ ਪੱਛਮੀ ਪ੍ਰਭਾਵ ਹਾਵੀ ਹੈ । ਗੌਰਮਿੰਟ ਹਾਊਸ ( ਅਜੋਕਾ ਰਾਜ ਭਵਨ ) ਡਰਬੀਸ਼ਿਰ ਦੇ ਕੈਡਲੈਸਟਨ ਹਾਲ ਦੀ ਨਕਲ ਹੈ । ਇਥੋਂ ਦੀ ਹਾਈ ਕੋਰਟ ਈਪਰ ਬੈਲਜੀਅਮ ਵਿਖੇ ਬਣੇ ਕਲਾਥ ਹਾਲ ਨਾਲ ਮਿਲਦਾ ਜੁਲਦਾ ਅਤੇ ਇਥੋਂ ਦਾ ਟਾਊਨ ਹਾਲ ਯੂਨਾਨੀ ਨਮੂਨੇ ਦਾ ਬਣਿਆ ਹੈ । ਇਸਦੀ ਡਿਊਢੀ ਡਾਰਿਕ ਹੈਲਨਿਕ ਨਮੂਨੇ ਦੀ ਹੈ । ਸੇਂਟ ਪਾਲ ਦਾ ਵੱਡਾ ਗਿਰਜਾ-ਘਰ ਇੰਡੋ-ਗਾੱਥਿਕ ਨਮੂਨੇ ਦੀ ਉਸਾਰੀ-ਕਲਾ ਤੇ ਬਣਾਇਆ ਗਿਆ । ‘ ਰਾਈਟਰਜ਼ ਬਿਲਡਿੰਗ’ ਗਾਥਿਕ ਨਮੂਨੇ ਦੀ ਉਸਾਰੀ-ਕਲਾ ਤੇ ਬਣੀ ਹੋਈ ਹੈ ਜਿਸ ਦੇ ਸਿਖਰ ਉੱਤੇ ਬੁੱਤਕਾਰੀ ਕੀਤੀ ਹੋਈ ਹੈ । ਇੰਡੀਅਨ ਮਿਊਜ਼ੀਅਮ ਇਤਾਲਵੀ ਨਮੂਨੇ ਦਾ ਬਣਿਆ ਹੋਇਆ ਹੈ । ਆਲੀਸ਼ਾਨ ਗੁੰਬਦ ਵਾਲੇ ਇਥੋਂ ਦੇ ਜਨਰਲ ਪੋਸਟ ਆਫਿਸ ਦੇ ਥੰਮ ਕੋਰੰਥੀ ( ਯੂਨਾਨ ) ਨਮੂਨੇ ਦੇ ਹਨ । ‘ ਅਖ਼ਤਰਲੋਨੀ ਯਾਦਗਾਰ’ ਦਾ ਆਲੀਸ਼ਾਨ ਥੰਮ 50 ਮੀ. ( 165 ਫੁੱਟ ) ਉੱਚਾ ਹੈ । ਇਸਦਾ ਆਧਾਰ ਮਿਸਰੀ ਥੰਮ ਸੀਰੀਅਨ ਅਤੇ ਬੁਰਜ ਤੁਰਕੀ ਨਮੂਨੇ ਦਾ ਬਣਿਆ ਹੋਇਆ ਹੈ ।

                  ਵਿਕਟੋਰੀਆ ਮੈਮੋਰੀਅਲ ਹਾਲ– – ਪੁਰਾਤਨ ਪੱਛਮੀ ਅਤੇ ਮੁਗ਼ਲਾਂ ਦੀ ਉਸਾਰੀ ਦੀ ਇਕ ਸਾਂਝੀ ਝਲਕ ਪੇਸ਼ ਕਰਦਾ ਹੈ । ਨਾਖ਼ੁਦਾ ਮਸਜਿੱਦ ਅਕਬਰ ਦੇ ਸਿਕੰਦਰੀਆ ਵਿਖੇ ਉਸਾਰੀ ਮਕਬਰੇ ਦੇ ਨਮੂਨੇ ਤੇ ਬਣਾਈ ਗਈ ਹੈ । “ ਬਿਰਲਾ ਪਲੈਨੇਟੇਰੀਅਮ ਸਾਂਚੀ ਦੇ ਬੋਧੀ ਸਤੂਪ , ( ਯਾਦਗਾਰ ) ਦੇ ਨਾਲ ਮਿਲਦਾ-ਜੁਲਦਾ ਹੈ ।

                  ਪੱਛਮੀ ਬੰਗਾਲ ਵਿਧਾਨ ਪ੍ਰੀਸ਼ਦ ਵਾਲੀ ਇਮਾਰਤ ਆਧੁਨਿਕ ਉਸਾਰੀ-ਕਲਾ ਦੇ ਨਮੂਨੇ ਦੀ ਇਕ ਸ਼ਾਨਦਾਰ ਉਦਾਹਰਣ ਹੈ ਜਦ ਕਿ ‘ ਰਾਮਕ੍ਰਿਸ਼ਨ ਮਿਸ਼ਨ ਇੰਸਟੀਚਿਊਟ ਆਫ਼ ਕਲਚਰ’ ਭਾਰਤ ਦੇ ਸਭਿਆਚਾਰਕ ਵਿਰਸੇ ਦੀ ਤਰਜਮਾਨੀ ਕਰਦਾ ਹੈ ।

                  ਆਰਥਿਕਤਾ– – ਕਲਕੱਤਾ ਪੂਰਬੀ ਭਾਰਤ ਦਾ ਇਕ ਵਿੱਤੀ ਸਦਰ-ਮੁਕਾਮ ਅਤੇ ਨਾਲ ਦੀ ਨਾਲ ਹੀ ਇਕ ਵੱਡਾ ਤਿਜਾਰਤੀ ਗੋਦਾਮ ਅਤੇ ਉਦਯੋਗਕ ਸ਼ਹਿਰੀ ਡਿਸਟ੍ਰਿਕਟ ਦਾ ਕੇਂਦਰ ਹੈ । ਇਥੋਂ ਦੀ ਬੰਦਰਗਾਹ ਰਾਹੀਂ ਆਸਾਮ ਅਤੇ ਮੇਘਾਲਿਆ ਦੇ ਚਾਹ ਦੇ ਬਾਗ਼ਾਂ ਅਤੇ ਪੱਛਮੀ ਬੰਗਾਲ ਦੇ ਪਟਸਨ ਦੇ ਉਦਯੋਗ ਦਾ ਉਤਪਾਦਨ ਬਾਹਰ ਭੇਜਿਆ ਜਾਂਦਾ ਹੈ । ਭਾਵੇਂ ਕਲਕੱਤੇ ਦੀ ਅਰਥ ਵਿਵਸਥਾ ਅਨਿੱਖੜਵੇਂ ਰੂਪ ਵਿਚ ਕਲਕੱਤੇ ਦੇ ਸਮੂਹਕ ਕਸਬਿਆਂ ਅਤੇ ਸਮੁੱਚੇ ਰੂਪ ਵਿਚ ਸਾਰੇ ਪਛਵਾੜੇ ਨਾਲ ਜੁੜੀ ਹੋਈ ਹੈ ਫਿਰ ਵੀ ਪਟਸਨ ਦੇ ਉਦਯੋਗ ਨੂੰ ਛੱਡਕੇ , ਕੁਝ ਉਦਯੋਗ ਸਿੱਧੇ ਤੌਰ ਤੇ ਬੰਦਰਗਾਹ ਨਾਲ ਜੁੜੇ ਹੋਏ ਹਨ ।

                  ਕਲਕੱਤੇ ਦੀ ਬੰਦਰਗਾਹ– – ਆਮ ਸਾਲਾਂ ਵਿਚ ਕਲਕੱਤੇ ਦੀ ਬੰਦਰਗਾਹ ਤੋਂ ਮੁੱਲ ਦੇ ਪੱਖੋਂ ਭਾਰਤ ਦੀ 25 ਪ੍ਰਤੀਸ਼ਤ ਮਾਲ ਦੀ ਆਯਾਤ ਅਤੇ 40 ਪ੍ਰਤਿਸ਼ਤ ਮਾਲ ਦੀ ਨਿਰਯਾਤ ਹੁੰਦੀ ਹੈ । ਕਲਕੱਤੇ ਦਾ ਸ਼ਹਿਰ ਵਧੀਆ ਕਿਸਮ ਦਾ ਲੋਹਾ ਅਤੇ ਫੌਲਾਦ ਬਾਹਰੋਂ ਮੰਗਵਾਉਂਦਾ ਹੈ ਅਤੇ ਘਟੀਆ ਫੌਲਾਦ ਅਤੇ ਕੱਚਾ ਲੋਹਾ ਬਾਹਰ ਭੇਜਦਾ ਹੈ । ਇਸ ਤੋਂ ਇਲਾਵਾ ਇਥੋਂ ਲੂਣ ਪੈਟਰੋਲੀਅਮ , ਐਸਫਾਲਟ ਬਿਟਿਊਮੈਂਨ ਸੀਮਿੰਟ , ਖਾਦ , ਮਸ਼ੀਨਰੀ ਅਤੇ ਰੇਲਵੇ ਸਾਮਾਨ ਆਦਿ ਬਾਹਰੋਂ ਮੰਗਵਾਇਆ ਜਾਂਦਾ ਹੈ ਅਤੇ ਕੋਲਾ , ਕਚੀ ਧਾਤ ਪਟਸਨ ਦਾ ਸਾਮਾਨ ਆਦਿ ਚਾਹ , ਖੰਡ , ਹੱਡੀਆਂ ਹੱਡੀ-ਚੂਰਾ ਅਤੇ ਲੋਹੇ ਦਾ ਚੂਰਾ ਇਥੋਂ ਬਾਹਰ ਭੇਜਿਆ ਜਾਂਦਾ ਹੈ । ਆਯਾਤ ਤੇ ਨਿਰਯਾਤ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਸਾਰੀਆਂ ਵਸਤਾਂ ਦੀ ਢੋਆ-ਢੁਆਈ , ਸਟੋਰ ਕਰਨ , ਥੋਕ ਅਤੇ ਪਰਚੂਨ ਰੂਪ ਵਿਚ ਵੇਚਣ ਦੀਆਂ ਸਾਰੀਆਂ ਸਹੂਲਤਾਂ ਇਸ ਬੰਦਰਗਾਹ ਤੇ ਮੁਹੱਈਆ ਹਨ । ਬਦੇਸ਼ੀ ਮੁਦਰਾ ਕਮਾਉਣ ਵਿਚ ਵੀ ਮੁਕਾਬਲਤਨ ਕਲਕੱਤੇ ਦੀ ਬੰਦਰਗਾਹ ਦੀ ਅਹਿਮੀਅਤ ਜ਼ਿਆਦਾ ਹੈ ।

                  ਬੈਂਕਿੰਗ ਅਤੇ ਕਾਮਰਸ– – ਬਦੇਸ਼ੀ ਬੈਂਕਾਂ ਵਿਚੋਂ ਲਗਭਗ 1/3 ਹਿੱਸਾ ਕਲਕੱਤੇ ਵਿਚ ਹੀ ਹਨ । ਕਲਕੱਤੇ ਦੀ ਸਟਾਕ ਐਕਸਚੇਂਜ ਦੇਸ਼ ਦੀ ਸੰਗਠਤ ਵਿੱਤੀ ਮਾਰਕੀਟ ਵਿਚ ਬੜਾ ਮਹੱਤਵਪੂਰਨ ਰੋਲ ਅਦਾ ਕਰਦੀ ਹੈ ।

                  ਇਸ ਤੋਂ ਇਲਾਵਾ ਕੋਲੇ ਦੀਆਂ ਖਾਨਾਂ ਨੂੰ ਕੰਟਰੋਲ ਕਰਨ ਵਾਲੀ ਏਜੰਸੀ ਕਲਕੱਤੇ ਵਿਖੇ ਹੀ ਹੈ । ਪਟਸਨ ਦੀਆਂ ਮਿੱਲਾਂ , ਅਤੇ ਵੱਡੇ ਪੈਮਾਨੇ ਦੇ ਇੰਜੀਨੀਅਰਿੰਗ ਉਦਯੋਗਾਂ ਦਾ ਵੀ ਕੰਟਰੋਲ ਇੱਥੋਂ ਹੀ ਕੀਤਾ ਜਾਂਦਾ ਹੈ । ‘ ਦੀ ਬੰਗਾਲ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ’ ਅਤੇ ‘ ਇੰਡੀਅਨ ਚੈਂਬਰ ਆਫ ਕਾਮਰਸ’ ਕਲਕੱਤੇ ਵਿਚ ਹੀ ਸਥਾਪਤ ਹਨ । ਕੋਲਾ , ਲੋਹਾ , ਮੈਗਨੀਜ਼ , ਅਬਰਕ , ਪੈਟਰੋਲੀਅਮ , ਚਾਹ ਅਤੇ ਪਟਸਨ ਕਲਕੱਤੇ ਦੇ ਪਛਵਾੜੇ ਦੀਆਂ ਉਪਜਾਂ ਹਨ । ਕਲਕੱਤਾ ਪੂਰਬੀ ਖੇਤਰ ਵਿਚ ਸਮੁੰਦਰੀ ਜਹਾਜ਼ਾਂ ਦੀ ਲਦਾਈ ਦਾ ਇਕ ਕੇਂਦਰ ਹੈ । ਇਹ ਛਪਾਈ ਅਤੇ ਪ੍ਰਕਾਸ਼ਨ ਅਤੇ ਅਖ਼ਬਾਰਾਂ ਦੇ ਸਰਕੂਲੇਸ਼ਨ ਅਤੇ ਨਾਲ ਦੀ ਨਾਲ ਹੀ ਮੰਨੋਰੰਜਨ ਦਾ ਇਕ ਮੁੱਖ ਕੇਂਦਰ ਹੈ ।

                  ਉਦਯੋਗ– – ਇਹ ਪਟਸਨ ਨੂੰ ਪ੍ਰਾਸੈੱਸ ਕਰਨ ਵਾਲਾ ਦੁਨੀਆਂ ਦਾ ਸਭ ਤੋਂ ਵੱਡਾ ਸ਼ਹਿਰ ਹੈ । ਬਹੁਤ ਸਾਰੀਆਂ ਘਰੇਲੂ ਅਤੇ ਉਦਯੋਗਕ ਵਸਤਾਂ ਦਾ ਉਤਪਾਦਨ ਅਤੇ ਵਿਤਰਣ ਕਲਕੱਤੇ ਵਿਖੇ ਹੀ ਹੁੰਦਾ ਹੈ । ਇਨ੍ਹਾਂ ਵਸਤਾਂ ਵਿਚ ਲਗਭਗ ਸਾਰੀਆਂ ਖਾਣ ਪੀਣ ਦੀਆਂ ਵਸਤਾਂ ਤੰਮਾਕੂ , ਕੱਪੜੇ , ਹੌਜ਼ਰੀ , ਬਿਸਤਰੇ , ਚਮੜੇ , ਰਬੜ ਦਾ ਸਾਮਾਨ ਅਤੇ ਸ਼ਿੰਗਾਰ ਦਾ ਸਾਮਨ ਆਦਿ ਸ਼ਾਮਲ ਹਨ । ਇਥੋਂ ਦੇ ਕਾਰਖਾਨਿਆਂ ਵਿਚ ਢੋਆ-ਢੁਆਈ ਦੀਆਂ ਗੱਡੀਆਂ , ਬਿਜਲਈ ਮੋਟਰਾਂ , ਬਿਜਲਈ ਲੇਪਿਤ ਵਸਤਾਂ , ਸਾਂਚੇ ਬਣਾਉਣ ਵਾਲੀਆਂ ਫਾਊਂਡਰੀਆਂ ਰੰਗ , ਵਾਰਨਿਸ਼ , ਰਸਾਇਣਕ ਪਦਾਰਥ , ਪਲਾਈਵੁੱਡ , ਚਾਹ ਦੇ ਬੰਦ ਡੱਬੇ , ਸਾਬਣ , ਸਿਆਹੀ , ਪੈਨਸਿਲ , ਲੋਹੇ ਅਤੇ ਫ਼ੌਲਾਦ ਦੀਆਂ ਵਸਤਾਂ ਆਦਿ ਦਾ ਉਤਪਾਦਨ ਵੀ ਹੁੰਦਾ ਹੈ ।

                  ਸਮੁੱਚੀ ਅਰਥ ਵਿਵਸਥਾ– – ਮੂਲ ਰੂਪ ਵਿਚ ਸ਼ਹਿਰ ਦੀ ਅਰਥ ਵਿਵਸਥਾ ਵਪਾਰਕ ਹੈ । ਇਥੋਂ ਦੇ ਸਾਰੇ ਕਾਮਿਆਂ ਦਾ 40 ਪ੍ਰਤੀਸ਼ਤ ਵਿਤਰਣ– – ਕਿੱਤਿਆਂ ਵਿਚ ਲੱਗਾ ਹੋਇਆ ਹੈ । ਫਿਰ ਵੀ ਬੰਦਰਗਾਹ ਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਤਨਖ਼ਾਹ ਸੂਚੀਆਂ ਅਨੁਸਾਰ 40 , 0000 ਹੈ । ਇਥੋਂ ਦੇ ਦੂਜੇ ਵੱਡੇ ਸਰਕਾਰੀ ਮਹਿਕਮੇ ਹਥਿਆਰ ਬੰਦ , ਫੌਜ , ਪੁਲੀਸ , ਬੈਂਕ ਅਤੇ ਜੀਵਨ ਬੀਮਾ ਕਾਰਪੋਰੇਸ਼ਨ ਆਫ਼ ਇੰਡੀਆ ਹਨ । ਇਥੋਂ ਦੇ ਨਿੱਜੀ ਖੇਤਰ ਦੇ ਮੁੱਖ ਮਹਿਕਮੇ ਸਟਾਕ ਐਕਸਚੇਂਜ , ਡਾਕਟਰੀ ਅਤੇ ਵਿਦਿਆ , ਲੇਖਾ ਵਿਗਿਆਨ ਅਤੇ ਕਰਜ਼ਾ ਦੇਣ ਦੀਆਂ ਫਰਮਾਂ , ਚੈਂਬਰ ਆਫ ਕਾਮਰਸ , ਮਿਉਂਸਪਲ ਕਾਰਪੋਰੇਸ਼ਨ , ਬਿਜਲੀ ਤੇ ਗੈਸ ਕੰਪਨੀਆਂ , ਟ੍ਰਾਂਮਾਂ ਅਤੇ ਬੱਸ ਕੰਪਨੀਆਂ ਅਤੇ ਨਿਰਮਾਣ ਕਾਰਜ ਨਾਲ ਸਬੰਧਤ ਹਨ ।

                  ਪ੍ਰਬੰਧ ਅਤੇ ਸਮਾਜਕ ਸੇਵਾਵਾਂ– – ਗਵਰਨਰ ਕਲਕੱਤੇ ਦੇ ਇਤਿਹਾਸਕ ਰਾਜ ਭਵਨ ਵਿਚ ਰਹਿੰਦਾ ਹੈ । ਵਿਧਾਨ ਸਭਾ ਸ਼ਹਿਰ ਦੇ ਵਿਚਾਲੇ ਸਥਿਤ ਹੈ । ਇਸੇ ਤਰ੍ਹਾਂ ਹੀ ਸਕੱਤਰੇਤ ( ਜਿਸ ਨੂੰ ਰਾਈਟਰਜ਼ ਬਿਲਡਿੰਗ ) ਦੇ ਤੌਰ ਤੇ ਜਾਣਿਆ ਜਾਂਦਾ ਹੈ , ਸ਼ਹਿਰ ਵਿਚ ਹੀ ਹੈ । ਕਲਕੱਤਾ ਹਾਈ ਕੋਰਟ ਜਿਹੜੀ ਸ਼ਹਿਰ ਉੱਤੇ ਮੂਲ ਅਧਿਕਾਰ-ਖੇਤਰ ਅਤੇ ਸਾਰੇ ਬੰਗਾਲ ਉੱਤੇ ਅਪੀਲੀ ਅਧਿਕਾਰ ਖੇਤਰ ਦੀ ਵਰਤੋਂ ਕਰਦੀ ਹੈ , ਵੀ ਇਸੇ ਸ਼ਹਿਰ ਵਿਚ ਹੀ ਸਥਿਤ ਹੈ । ਭਾਰਤ ਸਰਕਾਰ ਦੀਆਂ ਕਈ ਸੰਸਥਾਵਾਂ ਜਿਵੇਂ ਨੈਸ਼ਨਲ ਲਾਇਬ੍ਰੇਰੀ , ਇੰਡੀਅਨ ਮਿਊਜ਼ੀਅਮ ਜੀਆਲੋਜੀਕਲ ਸਰਵੇ ਆਫ ਇੰਡੀਆ ਅਤੇ ਮੌਸਮ ਵਿਗਿਆਨ ਵਿਭਾਗ ਵੀ ਇਥੇ ਹੀ ਸਥਾਪਤ ਹੈ । ਮਿਊਂਸਪਲ ਕਾਰਪੋਰੇਸ਼ਨ ਇਥੋਂ ਦੀ ਮਿਉਂਸਪਲ ਸਰਕਾਰ ਚਲਾਉਂਦੀ ਹੈ ।

                  ਕਲਕੱਤਾ ਇੰਪਰੂਵਮੈਂਟ ਟ੍ਰਸਟ , ਕਲਕੱਤਾ ਮੈਟਰੋਪਾਲਿਟਨ ਯੋਜਨਾਬੰਦੀ ਸੰਸਥਾ , ਕਲਕੱਤਾ ਮੈਟਰੋਪਾਲਿਟਨ ਜਲ ਅਤੇ ਸਫਾਈ ਅਥਾਰਿਟੀ ਅਤੇ ਕਲਕੱਤਾ ਮੈਟਰੋਪਾਲਿਟਨ ਡਿਸਟ੍ਰਿਕਟ ਅਥਾਰਿਟੀ ਇਥੋਂ ਦੀਆਂ ਹੋਰ ਮਹੱਤਵਪੂਰਨ ਸਰਕਾਰੀ ਸੰਸਥਾਵਾਂ ਹਨ ।

                  ਸ਼ਹਿਰ ਦੇ ਮੁੱਖ ਵਾਟਰ ਵਰਕਸ ਅਤੇ 200 ਵੱਡੇ ਅਤੇ 3 , 000 ਛੋਟੇ ਖੂਹਾਂ ਤੋਂ ਲਗਭਗ 116 , 000 , 000 ਗੈਲਨ ਸਾਫ ਕੀਤਾ ਹੋਇਆ ਪਾਣੀ ਰੋਜ਼ਾਨਾ ਸਪਲਾਈ ਕੀਤਾ ਜਾਂਦਾ ਹੈ । ਮਿਊਂਸਪਲ ਕਲਕੱਤੇ ਵਿਚ ਲਗਭਗ 645 ਕਿ. ਮੀ. ਦੀ ਲੰਬਾਈ ਤੋਂ ਵੱਧ ਜ਼ਮੀਨ ਦੋਜ਼ ਗੰਦੇ ਨਾਲੇ ਅਤੇ ਇਸ ਤੋਂ ਕੁਝ ਲੰਬਾਈ ਦੀਆਂ ਖੁਲ੍ਹੀਆਂ ਨਾਲੀਆਂ ਬਣੀਆਂ ਹੋਈਆਂ ਹਨ । ਸ਼ਹਿਰ ਦੇ 45 ਪ੍ਰਤਿਸ਼ਤ ਰਕਬੇ ਵਿਚ ਅਜੇ ਤੀਕ ਵੀ ਜਮੀਨ ਦੋਜ਼ ਗੰਦੇ ਨਾਲਿਆਂ ਦੀਆਂ ਸਹੂਲਤਾਂ ਨਹੀਂ ਦਿਤੀਆਂ ਜਾ ਸਕਦੀਆਂ ਭਾਵੇਂ ਕਲਕੱਤੇ ਨੂੰ ਕਲਕੱਤਾ ਇਲੈਕਟ੍ਰਿਕ ਸਪਲਾਈ ਕਾਰਪੋਰੇਸ਼ਨ , ਵੈਸੱਟ ਬੰਗਾਲ ਸਟੇਟ ਇਲੈਕਟ੍ਰੀਸਿਟੀ ਬੋਰਡ , ਦੁਰਗਾਪੁਰ ਪਾਵਰ ਸਟੇਸ਼ਨ , ਬੰਦੇਲ ਥਰਮਲ ਪਾਵਰ ਸਟੇਸ਼ਨ ਅਤੇ ਦਮੋਦਰ ਵੈਲੀ ਕਾਰਪੋਰੇਸ਼ਨ ਗ੍ਰਿੱਡ ਤੋਂ ਬਿੱਜਲੀ ਸਪਲਾਈ ਕੀਤੀ ਜਾਂਦੀ ਹੈ ਫਿਰ ਵੀ ਇਥੇ ਬਿੱਜਲੀ ਉਤਪਾਦਨ ਸਮੱਰਥਾ ਅਤੇ ਖਪਤ ਵਿਚ ਕਾਫੀ ਵੱਡਾ ਅੰਤਰ ਹੈ ।

                  ਸਿਹਤ ਅਤੇ ਸੁਰੱਖਿਆ– – ਪ੍ਰਾਈਵੇਟ ਕਲਿਨਿਕਾਂ ਤੋਂ ਇਲਾਵਾ ਇਥੇ 40 ਹਸਪਤਾਲ ਹਨ । ਇਸਦੇ ਨਾਲ ਹੀ ਮਿਉਂਸਪਲ ਕਾਰਪੋਰੇਸ਼ਨ ਅਤੇ ਚੈਰਿਟੇਬਲ ਟ੍ਰਸਟ ਕੁਝ ਮੁਫ਼ਤ ਡਿਸਪੈਂਸਰੀਆਂ ਚਲਾਉਂਦੀਆਂ ਹਨ । ਸ਼ਹਿਰ ਵਿਚ ਕਈ ਮੈਡੀਕਲ ਕਾਲਜ ਹਨ । ਲਗਭਗ 7000 ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਹਨ । ਇਥੇ ਇਕ ਹਜ਼ਾਰ ਵਿਅਕਤੀਆਂ ਪਿਛੇ ਡਾਕਟਰਾਂ ਦੀ ਗਿਣਤੀ ਦੇਸ਼ ਦੇ ਬਾਕੀ ਹਿੱਸਿਆ ਦੇ ਮੁਕਾਬਲੇ ਤੇ ਬਹੁਤ ਜ਼ਿਆਦਾ ਹੈ । ਫਿਰ ਵੀ ਹਸਪਤਾਲਾਂ ਵਿਚ ਬਹੁਤ ਭੀੜ ਰਹਿੰਦੀ ਹੈ । ਇਹ ਭਾਰਤ ਦੇ ਉੱਤਰ-ਪੂਰਬੀ ਖੇਤਰ ਲਈ ਮੈਡੀਕਲ ਕੇਂਦਰ ਹੈ ।

                  ਕਲਕੱਤੇ ਦੀ ਪੁਲਿਸ ਫੋਰਸ ਦਾ ਪ੍ਰਬੰਧ ਕਮਿਸ਼ਨਰ ਪੁਲਿਸ ਅਧੀਨ ਹੁੰਦਾ ਹੈ । ਸਾਰਾ ਸ਼ਹਿਰ ਚਾਰ ਪੁਲਿਸ ਡਵੀਜ਼ਨਾਂ ਵਿਚ ਵੰਡਿਆ ਹੋਇਆ ਹੈ । ਫਾਇਰ ਬ੍ਰਿਗੇਡ ਦਾ ਹੈਡ-ਕੁਆਟਰ ਵੀ ਕੇਂਦਰੀ ਕਲਕੱਤੇ ਵਿਚ ਹੀ ਹੈ । ਪਿਛਲੇ ਦਸਾਂ ਸਾਲਾਂ ਵਿਚ ( 1970 ਤੋਂ ਬਾਅਦ ) ਇਥੇ ਜਾਨ-ਮਾਲ ਦੀ ਸੁਰੱਖਿਆ ਇਕ ਵੱਡੀ ਸਮੱਸਿਆ ਬਣ ਗਈ ਹੈ ਅਤੇ ਜੁਰਮਾਂ ਦੀ ਗਿਣਤੀ ਵੀ ਬਹੁਤ ਵਧ ਗਈ ਹੈ । ਨਤੀਜੇ ਵਜੋਂ ਪੁਲਿਸ ਫੋਰਸ ਕਾਫ਼ੀ ਵਧਾ ਦਿਤੀ ਗਈ ਹੈ ।

                  ਸਿਖਿਆ– – ਇਥੇ ਪ੍ਰਾਇਮਰੀ ਸਿੱਖਿਆ ਪ੍ਰਾਪਤ ਕਰਨ ਵਾਲੇ ਬੱਚਿਆਂ ( 6 ਤੋਂ 10 ਸਾਲ ) ਵਿਚੋਂ ਲਗਭਗ 70 ਪ੍ਰਤਿਸ਼ਤ ਬੱਚੇ ਪ੍ਰਾਇਮਰੀ ਸਕੂਲਾਂ ਵਿਚ ਜਾਂਦੇ ਹਨ ਅਤੇ ਇਨ੍ਹਾਂ ਵਿਚੋਂ 1/3 ਹਿੱਸਾ ਮਿਊਂਸਪਲ ਕਾਰਪੋਰੇਸ਼ਨ ਦੁਆਰਾ ਚਲਾਏ ਜਾਂਦੇ ਮੁਫ਼ਤ ਪ੍ਰਾਇਮਰੀ ਸਕੂਲਾਂ ਵਿਚ ਜਾਂਦੇ ਹਨ । ਇਥੇ 11 ਤੋਂ 14 ਸਾਲ ਦੀ ਆਯੂ-ਗਰੁੱਪ ਵਿਚ ਲਗਭਗ 60 ਪ੍ਰਤਿਸ਼ਤ ਲੜਕੇ , 40 ਪ੍ਰਤਿਸ਼ਤ ਲੜਕੀਆਂ ਸੈਕੰਡਰੀ ਸਿੱਖਿਆ ਅਤੇ 14 ਤੋਂ 16 ਸਾਲ ਦੀ ਆਯੂ-ਗਰੁੱਪ ਦੇ ਲਗਭਗ 30 ਪ੍ਰਤਿਸ਼ਤ ਲੜਕੇ ਅਤੇ 20 ਪ੍ਰਤਿਸ਼ਤ ਲੜਕੀਆਂ ਮਾਨਤਾ ਪ੍ਰਾਪਤ ਸਕੂਲਾਂ ( ਸਰਕਾਰੀ ਤੇ ਗੈਰ ਸਰਕਾਰੀ ) ਵਿਚ ਸਿੱਖਿਆ ਪ੍ਰਾਪਤ ਕਰਦੀਆਂ ਹਨ । ਹਾਇਰ ਸੈਕੰਡਰੀ ਵਰਗਾਂ ਵਿਚਾਲੇ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਦਾ ਪ੍ਰਬੰਧ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਚਲਾਉਂਦਾ ਹੈ ।

                  ਇਥੇ ਤਿੰਨ ਯੂਨੀਵਰਸਿਟੀਆਂ– – ਕਲਕੱਤਾ ਯੂਨੀਵਰਸਿਟੀ , ਜਾਦਵਪੁਰ ਯੂਨੀਵਰਸਿਟੀ ਅਤੇ ਰਾਬਿੰਦਰਾ ਭਾਰਤੀ ਯੂਨੀਵਰਸਿਟੀ– – ਹਨ । ਕਲਕੱਤਾ ਯੂਨੀਵਰਸਿਟੀ ਅਧੀਨ ਸ਼ਹਿਰ ਦੇ 50 ਕਾਲਜ ਅਤੇ ਕਈ ਹੋਰ ਬਾਹਰਲੇ ਕਾਲਜ ਹਨ । ਇਥੇ ਖੇਤੀਬਾੜੀ ਕਲਾ , ਸਾਹਿਤ , ਕਾਮਰਸ ਦੰਦਾਂ ਸਬੰਧੀ ਵਿਗਿਆਨ , ਸਿੱਖਿਆ ਇੰਜੀਨੀਅਰਿੰਗ , ਕੋਮਲ ਕਲਾਵਾਂ ਅਤੇ ਸੰਗੀਤ , ਹੋਮ ਸਾਇੰਸ , ਜਨਰਲਿਜ਼ਮ , ਕਾਨੂੰਨ , ਲਾਇਬ੍ਰੇਰੀ ਸਾਇੰਸ ਟੈਕਨਾਲੋਜੀ , ਸਮਾਜਕ ਭਲਾਈ , ਬਿਜ਼ਨੈਸ ਮੈਨੇਜਮੈਂਟ ਅਤੇ ਪਸ਼ੂ ਵਿਗਿਆਨ ਦੀਆਂ ਫੈਕਲਟੀਆਂ ਹਨ । ਇਨ੍ਹਾਂ ਕਾਲਜਾਂ ਤੋਂ ਇਲਾਵਾ ਆਰਟਸ , ਸਾਇੰਸ ਅਤੇ ਡਾਕਟਰੀ ਸਬੰਧੀ , ਯੂਨੀਵਰਸਿਟੀ ਕਾਲਜਾਂ ਵਿਚ ਪੋਸਟ-ਗ੍ਰੇਜੂਏਟ ਸਿੱਖਿਆ ਅਤੇ ਖੋਜ ਨੂੰ ਵਿਸ਼ੇਸ਼ ਥਾਂ ਦਿਤੀ ਹੋਈ ਹੈ ।

                  ‘ ਦੀ ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ’ , ‘ ਦੀ ਇੰਡੀਅਨ ਐਸੋਸੀਏਸ਼ਨ ਫਾਰ ਦਾ ਕਲਟੀਵੇਸ਼ਨ ਆਫ ਸਾਇੰਸ’ , ‘ ਦੀ ਬੋਸ ਰੀਸਰਚ ਇੰਸਟੀਚਿਊਟ’ ( ਨੈਚੂਰਲ ਸਾਇੰਸਜ਼ ) ਅਤੇ ‘ ਆਲ ਇੰਡੀਆ ਇੰਸਟੀਚਿਊਟ ਆਫ ਹਾਈਜਿਨ’ ਅਤੇ ‘ ਪਬਲਿਕ ਹੈਲੱਥ’ ਇਥੋਂ ਦੀਆਂ ਪ੍ਰਸਿੱਧ ਖੋਜ ਸੰਸਥਾਵਾਂ ਹਨ ।

                  ਸਭਿਆਚਾਰਕ ਜੀਵਨ– – ਕਲਕੱਤਾ ਭਾਰਤ ਦਾ ਸਭ ਤੋਂ ਮਹੱਤਵਪੂਰਨ ਸਭਿਆਚਾਰਕ ਕੇਂਦਰ ਹੈ । ਤਿੰਨ ਯੂਨੀਵਰਸਿਟੀਆਂ ਤੋਂ ਇਲਾਵਾ ਏਸ਼ੀਆਟਿਕ ਸੋਸਾਇਟੀ ਆਫ ਬੰਗਾਲ , ਦੀ ਬੰਗਿਯਾ ਸਾਹਿਤ ਪ੍ਰੀਸ਼ਦ , ਦੀ ਰਾਮ ਕ੍ਰਿਸ਼ਨਾ ਮਿਸ਼ਨ ਇਸਟੀਚਿਊਟ ਆਫ ਕਲਚਰ , ਦੀ ਅਕਾਡਮੀ ਆਫ ਫ਼ਾਈਨ ਆਰਟਸ , ਦੀ ਬਿਰਲਾ ਅਕਾਡਮੀ ਆਫ ਆਰਟ ਐਂਡ ਕਲਚਰ , ਦੀ ਮਹਾਂ ਬੋਧੀ ਸੋਸਾਇਟੀ , ਦੀ ਈਰਾਨ ਸੋਸਾਇਟੀ ਅਤੇ ਕਲਕੱਤਾ ਹਿਸਟਾਰੀਕਲ ਸੋਸਾਇਟੀ ਇਥੋਂ ਦੀਆਂ ਪ੍ਰਸਿੱਧ ਸੰਸਥਾਵਾਂ ਹਨ ਜਿਨ੍ਹਾਂ ਨੇ ਇਥੋਂ ਦੇ ਸਭਿਆਚਾਰਕ ਜੀਵਨ ਨੂੰ ਅਮੀਰ ਬਣਾਇਆ ਹੋਇਆ ਹੈ । ਆਰਟਸ ਦੀਆਂ ਸਾਰੀਆਂ ਬਰਾਂਚਾਂ ਇਥੇ ਮੌਜੂਦ ਹਨ । ਦਸਤਕਾਰੀ ਦਾ ਵੀ ਇਸ ਸ਼ਹਿਰ ਵਿਚ ਮਹੱਤਵਪੂਰਨ ਰੋਲ ਹੈ । ਸ਼ਹਿਰ ਦੇ ਫਿਲਮ ਸਟੂਡੀਓਜ਼ ਵਿਚ ਸਿਨੇਮੇ ਦੀਆਂ ਫਿਲਮਾਂ ਤਿਆਰ ਕੀਤੀਆਂ ਜਾਂਦੀਆਂ ਹਨ ।

                  ਰਾਬਿੰਦਰ ਨਾਥ ਟੈਗੋਰ ਨੇ ਸੰਨ 1937 ਵਿਚ ਇਥੇ ਹੀ ਪਹਿਲੀ ‘ ਆਲ ਬੰਗਾਲ ਮਿਊਜ਼ਕ ਕਾਨਫਰੰਸ’ ਦਾ ਉਦਘਾਟਨ ਕੀਤਾ ਸੀ । ਇਥੇ ਹਰ ਸਾਲ ਸੰਗੀਤ ਦੀਆਂ ਕਈ ਕਾਨਫਰੰਸਾਂ ਹੁੰਦੀਆਂ ਹਨ । ‘ ਸੋਸਾਇਟੀ ਆਫ ਵਰਕਿੰਗ ਆਰਟਿਸਟਸ’ ‘ ਦੀ ਸੋਸਾਇਟੀ ਆਫ ਪ੍ਰੋਗਰੈਸਿਵ ਆਰਟਿਸਟਸ’ ‘ ਦੀ ਸੋਸਾਇਟੀ ਆਫ ਓਰੀਐਂਟਲ ਆਰਟ’ ‘ ਦੀ ਪੇਂਟਰਜ਼ ਫਰੰਟ’ ਅਤੇ ਹੋਰ ਸੰਸਥਾਵਾਂ ਸਾਲਾਨਾ ਸ਼ੋ ਪੇਸ਼ ਕਰਦੀਆਂ ਹਨ ।

                  ਕਲਕੱਤੇ ਵਿਚ ਅੰਗਰੇਜ਼ੀ ਭਾਸ਼ਾ ਦਾ ਕੋਈ ਸਥਾਈ ਥੀਏਟਰ ਨਹੀਂ ਹੈ ਐਪਰ ਐਮਿਚਿਓਰ ਡਰਾਮਾ ਕਲੱਬ ਅੰਗਰੇਜ਼ੀ ਨਾਟਕ ਕਰਵਾਉਂਦੀਆਂ ਹਨ । ਇਥੇ 6 ਥੀਏਟਰ ਹਨ ਜਿਨ੍ਹਾਂ ਵਿਚ ਬਕਾਇਦਾ ਤੌਰ ਤੇ ਬੰਗਾਲੀ ਨਾਟਕ ਕਰਵਾਏ ਜਾਂਦੇ ਹਨ । ਸ਼ਹਿਰ ਵਿਚ ਲਗਭਗ 80 ਸਿਨੇਮਾ-ਘਰ ਹਨ । ਅੰਗਰੇਜ਼ੀ , ਬੰਗਾਲੀ , ਹਿੰਦੀ ਅਤੇ ਉਰਦੂ ਫਿਲਮਾਂ ਇਥੇ ਬਕਾਇਦਾ ਤੌਰ ਤੇ ਵਿਖਾਈਆਂ ਜਾਂਦੀਆਂ ਹਨ ।

                  ਜਵਾਹਰ ਲਾਲ ਨਹਿਰੂ ਰੋਡ ਉਤੇ ਬਣਿਆ ਇੰਡੀਅਨ ਮਿਊਜ਼ੀਅਮ ਭਾਰਤ ਵਿਚ ਸਭ ਤੋਂ ਪੁਰਾਣਾ ਮਿਊਜ਼ੀਅਮ ਹੈ । ਭਾਰਤ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਨੈਸ਼ਨਲ ਲਾਇਬ੍ਰੇਰੀ , ਜਿਸ ਵਿਚ 10 , 000 , 000 ਪੁਸਤਕਾਂ ਅਤੇ 2000 ਹੱਥ ਲਿਖਤਾਂ ਮੂਲ ਰੂਪ ਵਿਚ ਪਈਆਂ ਹਨ , ਵੀ ਇਸੇ ਸ਼ਹਿਰ ਵਿਚ ਹੈ ।

                  ਪ੍ਰੈੱਸ ਰੇਡੀਓ ਅਤੇ ਟੈਲੀਵਿਯਨ– – ਇਥੇ ਅੰਗਰੇਜ਼ੀ ਭਾਸ਼ਾ ਵਿਚ 3 , ਬੰਗਾਲੀ ਵਿਚ 6 , ਹਿੰਦੀ ਵਿਚ 5 , ਅਤੇ ਉਰਦੂ ਵਿਚ 4 ਰੋਜ਼ਾਨਾਂ ਅਖ਼ਬਾਰ ਛਪਦੇ ਹਨ । ਇਥੇ ਪੰਜਾਬੀ ਭਾਸ਼ਾ ਵਿਚ ਵੀ ਇਕ ਰੋਜ਼ਾਨਾਂ ਅਖਬਾਰ ਛਪਦਾ ਹੈ । ਆਕਾਸ਼ਵਾਣੀ ਭਵਨ , ਆਲ ਇੰਡੀਆ ਰੇਡੀਓ ਸਟੇਸ਼ਨ ਸ਼ਹਿਰ ਵਿਚ ਹੀ ਸਥਾਪਤ ਹੈ । ਇਸ ਤੋਂ ਇਲਾਵਾ ਇਕ ਨਵਾਂ ਟੈਲੀਵਿਯਨ ਸਟੇਸ਼ਨ ਵੀ ਸਥਾਪਤ ਕੀਤਾ ਜਾ ਚੁੱਕਾ ਹੈ ।

                  ਖੇਡ ਮੈਦਾਨ ਤੇ ਕਲੱਬਾਂ– – ਇਥੇ 170 ਦੇ ਕਰੀਬ ਪਾਰਕ , ਚੌਕ ਅਤੇ ਖੁਲ੍ਹੀਆਂ ਥਾਵਾਂ ਰਖੀਆਂ ਗਈਆਂ ਹਨ । ਮੈਦਾਨ ( 495.2 ਹੈਕਟੇਅਰ ) ਸਭ ਤੋਂ ਮਹੱਤਵਪੂਰਨ ਖੁਲ੍ਹਾ ਥਾਂ ਹੈ । ਇਸ ਤੋਂ ਬਿਨ੍ਹਾਂ ਫੁੱਟਬਾਲ , ਕ੍ਰਿਕਟ ਅਤੇ ਹਾਕੀ ਦੇ ਮੈਦਾਨ ਵੀ ਹਨ । ਮੈਦਾਨ ਦੇ ਨਾਲ ਲਗਦੇ ‘ ਈਡਨ ਗਾਰਡਨਜ਼’ ਵਿਚਲਾ ਕ੍ਰਿਕਟ ਗਰਾਊਂਡ ਦੁਨੀਆਂ ਭਰ ਦੇ ਸਭ ਤੋਂ ਪੁਰਾਣੇ ਕ੍ਰਿਕਟ ਗਰਾਊਂਡਾਂ ਵਿਚੋਂ ਇਕ ਹੈ । ਸ਼ਹਿਰ ਦੇ ਅੰਦਰ ਦੋ ਰੇਸ ਕੋਰਸ ਅਤੇ ਦੋ ਗਾਲਫ਼ ਕੋਰਸ ਹਨ । ‘ ਲੇਕ ਕਲੱਬ’ ਅਤੇ ‘ ਬੰਗਾਲ ਰੋਇੰਗ’ ਨਾਂ ਦੇ ਕਲੱਬ ਹਨ । ਕਿਸ਼ਮੀ ਚਲਾਉਣਾ ਇਥੇ ਆਮ ਹੈ । ਇਥੋਂ ਦੇ ਜੂਆਲੋਜ਼ੀਕਲ ਗਾਰਡਨਜ਼ 18.00 ਹੈਕਟੇਅਰ ਵਿਚ ਫੈਲੇ ਹੋਏ ਹਨ । ਦਰਿਆ ਦੇ ਪੱਛਮੀ ਕੰਢੇ ਉੱਤੇ ਇੰਡੀਅਨ ਬੁਟੈਨੀਕਲ ਗਾਰਡਨਜ਼ ਹਨ ਜਿਨ੍ਹਾਂ ਨੇ 108 ਹੈਕਟੇਅਰ ਰਕਬਾ ਮੱਲਿਆ ਹੋਇਆ ਹੈ । ਇਨ੍ਹਾਂ ਬਾਗਾਂ ਦੇ ਪ੍ਰਸਿੱਧ ਹਰਬੇਰੀਅਮ ਵਿਚ ਪੌਦਿਆਂ ਦੀਆਂ ਲਗਭਗ 40 , 000 ਜਾਤੀਆਂ ਮਿਲਦੀਆਂ ਹਨ । ਇਥੇ ਇਕ ਬਹੁਤ ਵੱਡਾ ਚਿੜੀਆ-ਘਰ ਵੀ ਹੈ ।

                  ਆਬਾਦੀ– – 9 , 166 , 0000 ( 1981 )

                  22° 34' ਉ. ਵਿਥ. ; 88° 22' ਪੂ. ਲੰਬ.

                  ਹ. ਪੁ.– – ਇੰਪ. ਗ. ਇੰਡ. 9 : 260 ; ਐਨ. ਬ੍ਰਿ. ਮੈ. 3 : 586


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1091, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.