ਕਾਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਮ [ਨਾਂਪੁ] ਇੱਛਾ , ਖਾਹਿਸ਼; ਭੋਗ ਦੀ ਇੱਛਿਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12502, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਮ. ਸੰ. ਕਮ੗. ਸੰਗ੍ਯਾ—ਕੰਮ. ਕਾਯ੗. “ਊਤਮ ਊਚਾ ਸਬਦ ਕਾਮ.” (ਬਸੰ ਮ: ੩) ੨ ਸੰ. ਕਾਮ (ਕਮੑ ਧਾ—ਚਾਹਨਾ. ਇੱਛਾ ਕਰਨਾ) ਕਾਮਦੇਵ. ਮਨੋਜ ਅਤੇ ਮੈਥੁਨ ਦੀ ਇੱਛਾ. ਵਿਦ੍ਵਾਨਾਂ ਨੇ ਕਾਮ ਅੱਠ ਪ੍ਰਕਾਰ ਦਾ ਲਿਖਿਆ ਹੈ, “ਸਿਮਰਣ, ਸ਼੍ਰਵਣ , ਕੇਲ ਅਰ ਦੇਖਨ, ਗੁਝ ਭਾਖਣ, ਸੰਕਲਪ ਸੁਕੀਨ। ਅਧਿਵਸਾਯੰ, ਕ੍ਰਿਯਾ ਨਿਵਰਤੈ, ਇਹ ਮੈਥੁਨ ਅਸ਼ਟਾਂਗ ਬਿਹੀਨ.” (ਗੁਪ੍ਰਸੂ) “ਕਾਮ ਕ੍ਰੋਧ ਕਰਿ ਅੰਧ.” (ਧਨਾ ਮ: ੫) ੩ ਇੱਛਾ. ਕਾਮਨਾ. “ਮੁਕਤਿਦਾਯਕ ਕਾਮ.” (ਜਾਪੁ) ੪ ਸੰਕਲਪ. ਫੁਰਣਾ. “ਤਿਆਗਹੁ ਮਨ ਕੇ ਸਗਲ ਕਾਮ.” (ਬਸੰ ਮ: ੫) ੫ ਕ੍ਰਿ੄ਨ ਜੀ ਦਾ ਪੁਤ੍ਰ ਪ੍ਰਦ੍ਯੁਮਨ, ਜਿਸਨੂੰ ਕਾਮ ਦਾ ਅਵਤਾਰ ਹੋਣ ਕਰਕੇ “ਕਾਮ” ਲਿਖਿਆ ਹੈ.

 

ਕਾਮਪਾਲ ਅਨੁਜਨਨੀ ਆਦਿ ਭਨੀਜੀਐ।

ਜਾਚਰ ਕਹਿਕੈ ਪੁਨ ਨਾਇਕ ਪਦ ਦੀਜੀਐ।

ਸਤ੍ਰੁ ਸਬਦ ਕੋ ਤਾਂਕੇ ਅੰਤ ਉਚਾਰੀਐ।

ਹੋ! ਸਕਲ ਤੁਪਕ ਕੇ ਨਾਮ ਸੁਮੰਤ੍ਰ ਵੀਚਾਰੀਐ।

(ਸਨਾਮਾ)

ਕਾਮ (ਪ੍ਰਦ੍ਯੁਮਨ) ਨੂੰ ਪਾਲਨ ਵਾਲਾ ਬਲਰਾਮ, ਉਸ ਦੇ ਅਨੁਜ (ਛੋਟੇ ਭਾਈ) ਕ੍ਰਿ੄ਨ ਜੀ ਦੀ ਇਸਤ੍ਰੀ ਯਮੁਨਾ, ਉਸ ਤੋਂ ਪੈਦਾ ਹੋਇਆ ਘਾਹ , ਉਸ ਨੂੰ ਚਰਣ ਵਾਲਾ ਮ੍ਰਿਗ, ਮ੍ਰਿਗਾਂ ਦਾ ਰਾਜਾ ਸ਼ੇਰ, ਉਸ ਦੀ ਵੈਰਣ ਬੰਦੂਕ। ੬ ਵੀਰਯ. ਸ਼ੁਕ੍ਰ. ਰੇਤ. ਮਨੀ. “ਤਾਂ ਉਸ ਨੂੰ ਦੇਖਕੇ ਉਸ ਦਾ ਕਾਮ ਗਿਰਿਆ.” (ਜਸਾ) ੭ ਵਿ—ਮਨੋਹਰ. ਦਿਲਕਸ਼. “ਕਾਮਨੈਨ ਸੁੰਦਰ ਬਦਨ.” (ਸਲੋਹ) ੮ ਕਾਰਾਮਦ. ਭਾਵ—ਲਾਭਦਾਇਕ. “ਅਵਰਿ ਕਾਜ ਤੇਰੈ ਕਿਤੈ ਨ ਕਾਮ.” (ਆਸਾ ਮ: ੫) ੯ ਫ਼ਾ ਸੰਗ੍ਯਾ—ਮੁਰਾਦ. ਪ੍ਰਯੋਜਨ। ੧੦ ਤਾਲੂਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12006, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਮ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਮ: ਦਾ ਅਰਥ ਹੈ ਇੱਛਾ , ਤ੍ਰਿਸ਼ਨਾ , ਹਵਸ ਜਾਂ ਸਰੀਰਿਕ ਸੁੱਖ ਦੀ ਵਾਸਨਾ। ਇਹ ਪੰਜ ਮੁੱਖ ਪਾਪਾਂ ਜਾਂ ਗੁਨਾਹ ਵਾਲੀਆਂ ਪ੍ਰਵਿਰਤੀਆਂ ਵਿਚੋਂ ਇਕ ਹੈ। ਆਮ ਵਰਤੋਂ ਵਿਚ ਇਹ ਸ਼ਬਦ ਕਾਮੁਕਤਾ ਦੇ ਮਨੋਵੇਗ ਲਈ ਵਰਤਿਆ ਜਾਂਦਾ ਹੈ ਅਤੇ ਇਸੇ ਅਰਥ ਵਿਚ ਇਹ ਸਿੱਖ ਧਰਮ ਵਿਚ ਇਕ ਬੁਰਾਈ ਵਜੋਂ ਸਮਝਿਆ ਜਾਂਦਾ ਹੈ। ਬ੍ਰਾਹਮਣੀ ਸਾਹਿਤ ਵਿਚ ਕਾਮ ਨੂੰ ਹਮੇਸ਼ਾਂ ਹੀ ਘਿਰਨਾ ਨਾਲ ਨਹੀਂ ਵੇਖਿਆ ਗਿਆ। ਹਿੰਦੂ ਦੇਵਤਿਆਂ ਦੀ ਲੜੀ ਵਿਚ ਕਾਮ ਇਕ ਦੇਵਤਾ (ਕਾਮ ਦੇਵਤਾ) ਹੈ। ਇਸ ਦੀ ਤੁਲਨਾ ਯੂਨਾਨੀ ਮਿਥਿਹਾਸ ਵਿਚ ਈਰੋਜ਼ ਅਤੇ ਰੋਮਨਾਂ ਦੇ ਕਿਊਪਿਡ ਨਾਲ ਕੀਤੀ ਜਾ ਸਕਦੀ ਹੈ। ਇੰਝ ਇਸ ਰੂਪ ਵਿਚ ਇਹ ਧਾਰਮਿਕ ਜੀਵਨ ਦਾ ਵਿਰੋਧੀ ਨਹੀਂ ਹੈ। ਕਾਮ (ਇੱਛਾਵਾਂ ਦੀ ਸੰਤੁਸ਼ਟੀ) ਹਿੰਦੂ ਧਰਮ ਵਿਚ ਜੀਵਨ ਦੇ ਚਾਰ ਉਦੇਸ਼ਾਂ (ਪੁਰਸ਼ਾਰਥਾਂ) ਵਿਚੋਂ ਇਕ ਹੈ, ਬਾਕੀ ਤਿੰਨ ਹਨ ਅਰਥ (ਧਨ ਦੀ ਪ੍ਰਾਪਤੀ), ਧਰਮ (ਫ਼ਰਜ਼ ਦੀ ਅਦਾਇਗੀ) ਅਤੇ ਮੋਕਸ਼ (ਮੁਕਤੀ)। ਜੈਨ ਧਰਮ ਅਤੇ ਬੁੱਧ ਧਰਮ, ਜਿਹੜੇ ਬ੍ਰਾਹਮਣੀ ਕਰਮਕਾਂਡ ਅਤੇ ਵਹਿਮਾਂ ਭਰਮਾਂ ਦੇ ਵਿਰੋਧੀ ਲਹਿਰ ਵਜੋਂ ਹੋਂਦ ਵਿਚ ਆਏ, ਕਾਮ ਨੂੰ ਭੈਅ ਦੀ ਨਜ਼ਰ ਨਾਲ ਦੇਖਦੇ ਹਨ। ਜੈਨ ਅਤੇ ਬੁੱਧ ਧਰਮ ਦੇ ਮੁਨੀਆਂ ਅਤੇ ਸ਼੍ਰਮਣਾ ਅਤੇ ਸਾਂਖ ਪ੍ਰਣਾਲੀ ਦੇ ਯੋਗੀਆਂ ਅਨੁਸਾਰ ਅੰਤਿਮ ਉਦੇਸ਼ (ਮੁਕਤੀ) ਪ੍ਰਾਪਤ ਕਰਨ ਲਈ ਕਾਮ ਦਾ ਦਮਨ ਕੀਤਾ ਜਾਣਾ ਜ਼ਰੂਰੀ ਸੀ। ਸਿੱਟੇ ਵਜੋਂ ਉਨ੍ਹਾਂ ਨੇ ਬ੍ਰਹਮਚਰਯ ਅਤੇ ਸੰਨਿਆਸ ਦਾ ਪ੍ਰਚਾਰ ਕੀਤਾ।

      ਗੁਰੂ ਸਾਹਿਬਾਨ ਨੇ ਬ੍ਰਾਹਮਣੀ ਵਹਿਮ ਭਰਮ ਅਤੇ ਦੂਸਰੇ ਧਰਮਾਂ ਦੀਆਂ ਆਪਣੇ ਆਪ ਨੂੰ ਕਸ਼ਟ ਦੇਣ ਵਾਲੀਆਂ ਤਪੱਸਿਆਵਾਂ ਦਾ ਖੰਡਨ ਕੀਤਾ ਹੈ। ਫਿਰ ਵੀ ਉਹਨਾਂ ਨੇ ਚਾਰ ਪੁਰਸ਼ਾਰਥਾਂ ਨੂੰ ਮੰਨਿਆ ਹੈ, ਜਿਨ੍ਹਾਂ ਵੱਲ ਗੁਰਬਾਣੀ ਵਿਚ ਚਾਰ ਪਦਾਰਥਾਂ ਜਾਂ ਚਾਰ ਮਨੁੱਖੀ ਉਦੇਸ਼ਾਂ ਵਜੋਂ ਸੰਕੇਤ ਕੀਤਾ ਗਿਆ ਹੈ। ਭਾਵੇਂ ਸਿੱਖ ਧਰਮ ਵਿਚ ਕਾਮ ਦਾ ਅਰਥ ਬੇਰੋਕ ਸਰੀਰਿਕ ਵਾਸਨਾਵਾਂ ਦੀ ਪੂਰਤੀ ਨਹੀਂ ਹੈ ਪਰੰਤੂ ਇਹ ਇਕ ਭਾਵਨਾ ਹੈ ਜਿਸ ਨੂੰ ਬਾਕੀ ਹੋਰ ਭਾਵਨਾਵਾਂ ਅਤੇ ਇੱਛਾਵਾਂ ਵਾਂਗ ਹੀ ਕੰਟਰੋਲ ਕਰਨ ਦੀ ਲੋੜ ਹੈ। ਕਾਮ ਵੱਲ ਬੇਰੋਕ ਪ੍ਰਵਿਰਤੀ ਖ਼ਾਸ ਕਰਕੇ ਵਿਆਹ ਤੋਂ ਬਾਹਰੇ ਲਿੰਗੀ ਸੰਬੰਧਾਂ ਦੀ ਸਿੱਖ ਰਹਿਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ। ਇਹ ਇਕ ਤਬਾਹਕੁੰਨ ਬੁਰਾਈ ਅਤੇ ਇਕ ਬੱਜਰ ਪਾਪ ਹੈ ।ਗੁਰੂ ਅਰਜਨ ਦੇਵ ਜੀ ਦੇ ਬਚਨ ਹਨ: “ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ॥ ਚਿਤ ਹਰਣੰ ਤ੍ਰੈ ਲੋਕ ਗੰਮੰ ਜਪ ਤਪ ਸੀਲ ਬਿਦਾਰਣਹ॥ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਹ॥”(ਗੁ.ਗ੍ਰੰ.1358)। ਗੁਰੂ ਤੇਗ਼ ਬਹਾਦਰ ਜੀ ਦਾ ਕਥਨ ਹੈ: “ਪਾਪੀ ਹੀਐ ਮੈ ਕਾਮੁ ਬਸਾਇ॥ ਮਨੁ ਚੰਚਲੁ ਯਾ ਤੇ ਗਹਿਓ ਨਾ ਜਾਇ॥ਰਹਾਉ॥ ਜੋਗੀ ਜੰਗਮ ਅਰੁ ਸੰਨਿਆਸ॥ ਸਭ ਹੀ ਪਰਿ ਡਾਰੀ ਇਹ ਫਾਸ॥1॥ ਜਿਹਿ ਜਿਹਿ ਹਰਿ ਕੋ ਨਾਮੁ ਸਮਾਰਿ॥ ਤੇ ਭਵ ਸਾਗਰ ਉਤਰੇ ਪਾਰਿ॥2॥”(ਗੁ. ਗ੍ਰੰ. 1186)। ਭਾਈ ਗੁਰਦਾਸ ਇਕ ਆਦਰਸ਼ ਸਿੱਖ ਉਸਨੂੰ ਕਹਿੰਦੇ ਹਨ ਜੋ ਆਪਣੀ ਪਤਨੀ ਲਈ ਵਫ਼ਾਦਾਰ ਹੈ ਅਤੇ ਜਿਸਦਾ ਆਦਰਸ਼ ਹੈ “ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ” (ਵਾਰਾਂ, XXIX.11)। ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ ਹੈ: “ਨਿਜੁ ਨਾਰੀ ਕੇ ਸਾਥੁ ਨੇਹੁ ਤੁਮ ਨਿਤ ਬਡਈਓ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ।” ਸਿੱਖ ਰਹਿਤਨਾਮੇ ਵੀ ਵਿਆਹ ਤੋਂ ਬਾਹਰ ਕਾਮੁਕ ਸੰਬੰਧਾਂ ਦੀ ਸਖ਼ਤੀ ਨਾਲ ਮਨਾਹੀ ਕਰਦੇ ਹਨ।

      ਗੁਰੂ ਸਾਹਿਬਾਨ ਸਵੈ-ਸੰਜਮ ਅਤੇ ਸੰਕੋਚ ਦੀ ਗੱਲ ਕਰਦੇ ਹੋਏ ਕਾਮ ਦੇ ਪੂਰਨ ਤੌਰ ਤੇ ਖ਼ਾਤਮੇ ਲਈ ਨਹੀਂ ਕਹਿੰਦੇ: ਇਸ ਨੂੰ ਠੀਕ ਰਾਹ ਪਾਉਣ ਅਤੇ ਪਵਿੱਤਰ ਕਰਨ ਲਈ ਉਹ ਦੋ ਤਰੀਕੇ ਦੱਸਦੇ ਹਨ। ਇਕ, ਉਹ ਗ੍ਰਹਿਸਤ ਜਾਂ ਵਿਆਹੁਤਾ ਜੀਵਨ ਨੂੰ ਸਭ ਤੋਂ ਆਦਰਸ਼ ਮੰਨਦੇ ਹਨ ਅਤੇ ਦੂਜੇ , ਪਰਮਾਤਮਾ ਪ੍ਰਤੀ ਪਿਆਰ ਅਤੇ ਉਸਦੇ ਨਾਮ ਵਿਚ ਲਿਵ ਲਾਉਣ ਨੂੰ ਉਹ ਅਧਿਆਤਮਿਕ ਅਨੁਸ਼ਾਸਨ ਦੇ ਜ਼ਰੂਰੀ ਨਿਯਮ ਮੰਨਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਕਥਨ ਹੈ: “ਸਾਚ ਕਹੁ ਸੁਣ ਲੇਹੁ ਸਭੇ ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ”। ਸਿੱਖ ਧਰਮ ਗ੍ਰੰਥ ਵਿਚ ਇਕ ਸ਼ਰਧਾਲੂ ਆਪਣੇ ਪਤੀ ਦੇ ਪਿਆਰ ਵਿਚ ਡੁੱਬੀ ਪਤਨੀ ਦੇ ਬਿੰਬ ਰਾਹੀਂ ਦਰਸਾਇਆ ਗਿਆ ਹੈ। ਇਹ ਪਤਨੀ (ਸ਼ਰਧਾਲੂ) ਆਪਣੇ ਕੰਤ (ਪਰਮਾਤਮਾ) ਤੋਂ ਵਿਛੜੀ ਹੋਈ ਹੈ ਅਤੇ ਉਸ ਨਾਲ ਮਿਲਾਪ ਦੀ ਉਡੀਕ ਕਰਦੀ, ਵਿਰਲਾਪ ਅਤੇ ਅਰਦਾਸ ਕਰਦੀ ਹੈ। ਅਜਿਹੀ ਸੱਚੀ ਸ਼ਰਧਾ ਹੀ ਮਨੁੱਖ ਦੀਆਂ ਭਟਕਾਉਣ ਵਾਲੀਆਂ ਵਾਸਨਾਵਾਂ ਨੂੰ ਨੱਥੀ ਰੱਖਦੀ ਹੈ। ਗੁਰੂ ਅਰਜਨ ਦੇਵ ਜੀ ਦੇ ਅਨੁਸਾਰ ਉਹ ਮਨੁੱਖ ਜਿਸ ਨੇ ਪਰਮਾਤਮਾਂ ਦੇ ਚਰਨਾਂ ਦਾ ਪ੍ਰੇਮ ਹਿਰਦੇ ਵਿਚ ਪੈਦਾ ਕਰ ਲਿਆ ਹੈ ਉਹ ਤਾਂ ਕਹਿੰਦਾ ਹੈ, “ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ”॥(ਗੁ.ਗ੍ਰੰ. 534)


ਲੇਖਕ : ਲ.ਮ.ਜ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11609, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਮ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਾਮ (ਸੰ.। ਸੰਸਕ੍ਰਿਤਕਮੑ ’ ਧਾਤੂ=ਇਛਾ ਕਰਨੀ ਤੋਂ ਬਣਦਾ ਹੈ) ਇਸਤ੍ਰੀ ਪੁਰਖ ਦੇ ਪ੍ਯਾਰ ਦਾ ਦੇਵਤਾ। ਪ੍ਯਾਰ ਜੋ ਤ੍ਰੀਮਤ ਤੇ ਮਰਦ ਵਿਚ ਹੁੰਦਾ ਹੈ। ਉਹ ਪ੍ਰਬਲ ਮਨੋਵੇਗ ਜੋ ਨਰ ਨੂੰ ਮਦੀਨ ਤੇ ਮਦੀਨ ਨੂੰ ਨਰ ਦੀ ਖਿੱਚ ਵਿੱਚ ਆਪੇ ਤੋਂ ਬੇਵੱਸ ਤੱਕ ਕਰ ਦੇਂਦਾ ਹੈ। ਯਥਾ-‘ਕਾਮੁਪੁਛੈ ਜਾਤਿ’ ਕਾਮ ਜਾਤ ਹੀ ਨਹੀਂ ਪੁਛਦਾ।

ਦੇਖੋ, ‘ਕਾਮ ਹਾਰ ’, ‘ਕਾਮਿ’

੨. ਕਾਮਨਾ

੩. (ਦੇਖੋ, ਕੰਮ) ਕੰਮ। ਯਥਾ-‘ਕਾਮ ਪਰੇ ਹਰਿ ਸਿਮਰੀਐ’।

੪. ਮੁਹਾਵਰੇ ਵਿਚ ਫਾਇਦਾ, ਲਾਭ , ਮਤਲਬ ਅਰਥ ਵਿਚ ਬੀ ਵਰਤਦੇ ਹਨ। ਯਥਾ-‘ਅਵਰਿ ਕਾਜ ਤੇਰੈ ਕਿਤੈ ਨ ਕਾਮ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11603, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.