ਨਰਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਰਕ (ਨਾਂ,ਪੁ) ਪੁਰਾਣਾਂ ਅਨੁਸਾਰ, ਪਾਪੀ ਲੋਕਾਂ ਨੂੰ ਕੁਕਰਮਾਂ ਦੀ ਸਜ਼ਾ ਦੇਣ ਵਾਲਾ ਇੱਕ ਦੇਸ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4737, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਨਰਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਰਕ [ਨਾਂਪੁ] ਧਰਮ ਚਿੰਤਨ ਅਨੁਸਾਰ ਉਹ ਕਲਪਿਤ ਥਾਂ ਜਿੱਥੇ ਮੌਤ ਪਿਛੋਂ ਕੁਕਰਮਾਂ ਦਾ ਫਲ਼ ਭੁਗਤਣ ਲਈ ਜਾਣਾ ਪੈਂਦਾ ਹੈ, ਦੋਜ਼ਖ਼, ਜਹੰਨੁਮ; ਦੁਖ, ਕਸ਼ਟ, ਸੰਤਾਪ, ਮਾੜੀ ਜ਼ਿੰਦਗੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4734, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਰਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਰਕ. ਸੰ. ਸੰਗ੍ਯਾ—ਪੁਰਾਣਾਂ ਅਨੁਸਾਰ ਉਹ ਦੇਸ਼ , ਜਿੱਥੇ ਪਾਪੀ ਜੀਵ ਬੁਰੇ ਕਰਮਾਂ ਦਾ ਫਲ ਭੋਗਣ ਲਈ ਜਾਂਦੇ ਹਨ. ਦੋਜ਼ਖ਼. ਜਹੱਨੁਮ. ਗ੍ਰੰਥਾਂ ਦੇ ਮਤਭੇਦ ਕਰਕੇ ਇਨ੍ਹਾਂ ਦੀ ਗਿਣਤੀ ਵੱਧ ਘੱਟ ਹੈ. ਮਨੁ ਨੇ ਇੱਕੀਹ ਨਰਕ ਇਹ ਲਿਖੇ ਹਨ:—ਤਾਮਿਸ੍ਰ, ਅੰਧਤਾਮਿਸ੍ਰ, ਰੌਰਵ, ਮਹਾਰੌਰਵ, ਨਰਕ, ਮਹਾਨਰਕ, ਕਾਲਸੂਤ੍ਰ, ਸੰਜੀਵਨ, ਮਹਾਵੀਚਿ, ਤਪਨ, ਸੰਪ੍ਰਤਾਪਨ, ਸੰਹਾਤ, ਸੰਕਾਕੋਲ, ਕੁਡਮਲ, ਪ੍ਰਤਿਮੂਰਤਿਕ, ਲੋਹਸ਼ੰਕੁ, ਰਿਜੀ੄, ਸ਼ਾਲਮਲੀ, ਵੈਤਰਣੀ, ਅਸਿਪਤ੍ਰਵਨ ਅਤੇ ਲੋਹਦਾਰਕ. ਦੇਖੋ, ਮਨੁ ਅ: ੪, ਸ਼: ੮੮, ੮੯, ੯੦. ਬ੍ਰਹੑਮਵੈਵਰਤ ਵਿੱਚ ੮੬ ਨਰਕਕੁੰਡ ਲਿਖੇ ਹਨ. ਦੇਖੋ, ਪ੍ਰਕ੍ਰਿਤਿ ਖੰਡ ਅ: ੨੭. “ਕਵਨ ਨਰਕ ਕਿਆ ਸੁਰਗ ਬਿਚਾਰਾ ਸੰਤਨ ਦੋਊ ਰਾਦੇ.” (ਰਾਮ ਕਬੀਰ) ੨ ਦੁੱਖ. ਕਲੇਸ਼। ੩ ਕੁਕਰਮ. ਨੀਚ ਕਰਮ. ਵਿ੄ਨੁਪੁਰਾਣ ਦੇ ਪਹਿਲੇ ਅੰਸ਼ ਦੇ ਛੀਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਸੁਕਰਮ ਸ੍ਵਰਗ , ਅਤੇ ਕੁਕਰਮ ਨਰਕ ਹੈ। ੪ ਇੱਕ ਦੈਤ, ਭੌਮਾਸੁਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਰਕ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਰਕ: ਭਾਰਤੀ ਸੰਸਕ੍ਰਿਤੀ ਅਨੁਸਾਰ ਜਿਥੇ ਪਾਪੀ ਲੋਕ ਕਰਮ-ਫਲ ਭੋਗਣ ਲਈ ਰਖੇ ਜਾਂਦੇ ਹਨ, ਉਸ ਨੂੰ ‘ਨਰਕ’ ਕਿਹਾ ਜਾਂਦਾ ਹੈ। ਇਸ ਸੰਕਲਪ ਦਾ ਆਧਾਰ ਵੀ ‘ਸਵਰਗ ’ (ਵੇਖੋ) ਵਾਂਗ ‘ਕਰਮਵਾਦ’ ਹੈ। ਮਾੜੇ ਕਰਮਾਂ ਤੋਂ ਲੋਕਾਂ ਨੂੰ ਵਰਜਣ ਲਈ ਹਰ ਧਰਮ ਵਾਲਿਆਂ ਨੇ ਆਪਣੇ ਆਪਣੇ ਢੰਗ ਨਾਲ ਨਰਕ ਦਾ ਸੰਕਲਪ ਬਣਾਇਆ ਹੋਇਆ ਹੈ। ਹਿੰਦੂ ਧਰਮ ਵਿਚ ਮਨੁੱਖ ਨੂੰ ਨਰਕ ਬਾਰੇ ਅਧਿਕ ਸਚੇਤ ਕੀਤਾ ਗਿਆ ਹੈ।

            ਪੁਰਾਣ-ਯੁਗ ਵਿਚ ਪੂਜਾ-ਵਿਧੀਆਂ ਦੇ ਜ਼ਿਆਦਾ ਵਿਕਸਿਤ ਹੋ ਜਾਣ ਨਾਲ ਤੀਰਥ-ਸਥਾਨਾਂ ਉਤੇ ਰਹਿਣ ਵਾਲੇ ਪੰਡਿਆਂ ਅਤੇ ਪੁਰੋਹਿਤਾਂ ਨੇ ਹਰ ਮਾੜੇ ਕਰਮ ਦਾ ਮਾੜਾ ਸਿੱਟਾ ਅਤੇ ਹਰ ਚੰਗੇ ਕਰਮ ਦਾ ਚੰਗਾ ਫਲ ਦਸਣ ਲਈ ਬਹੁਤ ਸਾਰੇ ਆਖਿਆਨਾਂ ਦੀ ਸਿਰਜਨਾ ਕੀਤੀ। ਕਿਤੇ ਕਿਤੇ ਪੁਰਾਤਨ ਆਖਿਆਨਾਂ ਨੂੰ ਮੋੜ ਤੋੜ ਕੇ ਆਪਣੇ ਆਸ਼ੇ ਅਨੁਰੂਪ ਬਣਾ ਲਿਆ। ਨਰਕ ਦੇ ਭੇਦਾਂ-ਉਪਭੇਦਾਂ ਦਾ ਇਤਨਾ ਭਿਆਨਕ ਬ੍ਰਿੱਤਾਂਤ ਦਿੱਤਾ ਕਿ ਜਿਗਿਆਸੂ ਨਰਕ ਤੋਂ ਪਿਛਾ ਛੁੜਾਉਣ ਲਈ ਉਨ੍ਹਾਂ ਦੇ ਮੁਕਾਬਲੇ ਘਟ ਕਸ਼ਟ- ਦਾਇਕ ਪੂਜਾ-ਵਿਧੀਆਂ ਅਤੇ ਕਰਮ-ਕਾਂਡਾਂ ਨੂੰ ਕਰਨ ਲਈ ਤਿਆਰ ਹੋ ਜਾਂਦੇ ਸਨ। ਪੁਰਾਣਾਂ ਵਿਚ ਪਾਪ-ਕਰਮਾਂ ਦੀਆਂ ਲੰਬੀਆਂ ਸੂਚੀਆਂ ਅਤੇ ਉਨ੍ਹਾਂ ਲਈ ਕੀਤੇ ਜਾਣ ਵਾਲੇ ਪ੍ਰਾਸਚਿਤਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ। ਤੀਰਥ- ਯਾਤ੍ਰਾ ਅਤੇ ਬ੍ਰਤ ਧਾਰਣ ਕਰਕੇ ਪੁੰਨ-ਦਾਨ ਕਰਨ ਉਤੇ ਅਧਿਕ ਬਲ ਦਿੱਤਾ ਗਿਆ ਹੈ।

          ‘ਮਨੁ-ਸਮ੍ਰਿਤੀ’ ਵਿਚ ਨਰਕ ਦੇ 21 ਪ੍ਰਕਾਰ ਜਾਂ ਭੇਦ ਲਿਖੇ ਹਨ— ਤਾਮਿਸ੍ਰ, ਅੰਧ-ਤਾਮਿਸ੍ਰ, ਰੌਰਵ, ਮਹਾਰੌਰਵ, ਨਰਕ, ਮਹਾਨਰਕ, ਕਾਲ-ਸੂਤ੍ਰ, ਸੰਜੀਵਨ, ਮਹਾਵੀਚਿ, ਤਪਨ, ਸੰਪ੍ਰਤਾਪਨ, ਸੰਹਾਤ, ਸੰਕਾਕੋਲ, ਕੁਡਮਲ, ਪ੍ਰਤਿਮੂਰਤਿਕ, ਲੋਹਸ਼ੰਕੁ, ਰਿਜੀਸ਼, ਸ਼ਾਲਮਲੀ, ਵੈਤਰਣੀ, ਅਸਿਪਤ੍ਰਵਨ, ਲੋਹਦਾਰਕ। ਪੁਰਾਣਾਂ ਵਿਚ ਨਰਕ-ਕੁੰਡਾਂ ਦੀ ਕਲਪਨਾ ਕੀਤੀ ਗਈ ਹੈ। ‘ਬ੍ਰਹਮਵੈਵਰਤ-ਪੁਰਾਣ’ ਵਿਚ ਇਨ੍ਹਾਂ ਦੀ ਗਿਣਤੀ 86 ਲਿਖੀ ਹੈ ਅਤੇ ‘ਭਾਗਵਤ-ਪੁਰਾਣ’ ਵਿਚ 28। ਇਸਲਾਮ ਵਿਚ ਨਰਕ ਲਈ ‘ਦੋਜ਼ਖ਼’ ਸ਼ਬਦ ਦੀ ਵਰਤੋਂ ਕੀਤੀ ਗਈ ਹੈ।

            ਮਾੜੇ ਕਰਮਾਂ ਦੇ ਫਲ ਭੋਗਣ ਲਈ ਗੁਰਮਤਿ ਸਭਿਆਚਾਰ ਵਿਚ ਭਾਵੇਂ ਨਰਕਾਂ ਦਾ ਡਰਾਵਾ ਦਿੱਤਾ ਗਿਆ ਹੈ (ਗਰਭ ਕੁੰਡ ਨਰਕ ਤੇ ਰਾਖੈ ਭਵਜਲੁ ਪਾਰਿ ਉਤਾਰੇਗੁ.ਗ੍ਰੰ.210)। ਪਰ ਪੁਰਾਣਾਂ ਵਰਗੀ ਨਿਸ਼ਾਨਦੇਹੀ ਨਹੀਂ ਹੋਈ। ਸੰਤ ਕਬੀਰ ਨੇ ਤਾਂ ਨਰਕ ਅਤੇ ਸਵਰਗ ਦੇ ਸੰਕਲਪਾਂ ਨੂੰ ਹੀ ਰਦ ਕਰ ਦਿੱਤਾ ਹੈ— ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਉ ਰਾਦੇ (ਗੁ.ਗ੍ਰੰ.969)। ਸਿੱਖ ਮਤ ਵਿਚ ਭਾਵੇਂ ਕਰਮਵਾਦ ਨੂੰ ਮਾਨਤਾ ਦਿੱਤੀ ਗਈ ਹੈ, ਪਰ ਨਰਕ- ਸਵਰਗ ਦੀਆਂ ਗੱਲਾਂ ਕੇਵਲ ਲੌਕਿਕ ਸਭਿਆਚਾਰ ਦਾ ਅੰਗ ਹਨ। ਸਿੱਧਾਂਤਿਕ ਤੌਰ ’ਤੇ ਇਨ੍ਹਾਂ ਨੂੰ ਕੋਈ ਸਵੀਕ੍ਰਿਤੀ ਨਹੀਂ ਮਿਲੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4430, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਨਰਕ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਨਰਕ* (ਸੰ.। ਸੰਸਕ੍ਰਿਤ ਨਰਕ, ਨਿੑ ਧਾਤੂ ਤੋਂ, ਲਿਜਾਏ ਜਾਣਾ) ਉਹ ਥਾਂ ਜਿਥੇ ਪਾਪੀ ਲਿਜਾਏ ਜਾਣ। ਪਾਪਾਂ ਦੇ ਫਲ ਭੋਗਣ ਦਾ ਸਥਾਨ। ਯਥਾ-‘ਸੁਰਗ ਨਰਕ ਤੇ ਮੈ ਰਹਿਓ’।

----------

* ਇਕ ਵਿਤਪਤੀ ਇਹ ਬੀ ਹੋ ਸਕਦੀ ਹੈ- ਨਰ+ਅਕ=ਉਹ ਦੁਖ ਜੋ ਨਰ ਨੂੰ ਹੀ ਹੋ ਸਕੇ , ਸੋ ਕੀਤੇ ਕਰਮਾਂ ਪਰ ਅਪਣੇ ਮਨ ਦਾ ਪਛਤਾਵਾ ਹੈ ਜੋ ਸਾਰੇ ਦੁਖਾਂ ਤੋਂ ਵਧੀਕ ਦੁਖਦਾਈ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4430, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.