ਕਾਮੂ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਾਮੂ (1913–1960): ਨੋਬਲ ਇਨਾਮ ਵਿਜੇਤਾ ਫ਼੍ਰਾਂਸੀਸੀ ਨਾਵਲਕਾਰ,ਨਿਬੰਧਕਾਰ ਅਤੇ ਨਾਟਕਕਾਰ ਐਲਬਰਟ ਕਾਮੂ (Albert Camus) ਰੱਬ ਵਿਹੂਣੇ ਸੰਸਾਰ ਵਿੱਚ ਜੀਵਨ ਦੇ ਅਰਥਾਂ, ਕਦਰਾਂ-ਕੀਮਤਾਂ ਲਈ ਮਨੁੱਖ ਦੀ ਭਟਕਣ ਜਿਹੀਆਂ ਦਾਰਸ਼ਨਿਕ ਸਮੱਸਿਆਵਾਂ ਨੂੰ ਬੜੀ ਗੰਭੀਰਤਾ ਨਾਲ ਪੇਸ਼ ਕਰਨ ਵਾਲਾ ਆਧੁਨਿਕ ਯੁੱਗ ਦਾ ਇੱਕ ਪ੍ਰਸਿੱਧ ਚਿੰਤਕ ਅਤੇ ਸਾਹਿਤਕਾਰ ਹੋਇਆ ਹੈ। ਕਾਮੂ ਦੀਆਂ ਲਿਖਤਾਂ ਨੇ ਆਧੁਨਿਕ ਯੁੱਗ ਦੇ ਹਰੇਕ ਲੇਖਕ ਨੂੰ ਪ੍ਰਭਾਵਿਤ ਕੀਤਾ ਹੈ। ਅਸਤਿਤਵਵਾਦ ਦੇ ਮੁੱਖ ਬੁਲਾਰਿਆਂ ਵਿੱਚੋਂ ਕਾਮੂ ਪ੍ਰਮੁੱਖ ਸੀ।

     ਕਾਮੂ ਦਾ ਨਾਂ ਅਕਸਰ ਦੋ ਹੋਰ ਫ਼੍ਰਾਂਸੀਸੀ ਲੇਖਕਾਂ, ਆਂਦਰੇ ਮਾਲਰਕਸ ਅਤੇ ਜਾਂ ਪਾਲ ਸਾਰਤਰ ਨਾਲ ਜੋੜ ਕੇ ਲਿਆ ਜਾਂਦਾ ਹੈ, ਕਿਉਂਕਿ ਇਹਨਾਂ ਤਿੰਨਾਂ ਨੇ ਰਲ ਕੇ ਨਾਵਲ ਨੂੰ ਬੁਰਜੂਆ ਜਕੜ ਵਿੱਚੋਂ ਮੁਕਤ ਕਰਵਾਇਆ ਸੀ। ਉਸ ਨੇ ਆਪਣੇ ਨਾਵਲਾਂ ਵਿੱਚ ਮਨੋ-ਵਿਸ਼ਲੇਸ਼ਣ ਦੀ ਥਾਂ ਦਾਰਸ਼ਨਿਕ ਸਮੱਸਿਆਵਾਂ ਨੂੰ ਪ੍ਰਮੁੱਖਤਾ ਦਿੱਤੀ। ਕਾਮੂ ਨੇ ਊਲ-ਜਲੂਲ (ਅਬਸਰਡ) ਦਾ ਸੰਕਲਪ ਉਸਾਰਿਆ ਅਤੇ ਉਸ ਦੀਆਂ ਲਿਖਤਾਂ ਇਸ ਸੰਕਲਪ ਦੀ ਹੀ ਵਿਆਖਿਆ ਹਨ। ਮਨੁੱਖ ਅਕਲ ਅਤੇ ਸੋਚ ਨਾਲ ਪ੍ਰਸੰਨ ਹੋਣ ਦਾ ਯਤਨ ਕਰਦਾ ਹੈ, ਜਦੋਂ ਕਿ ਸੰਸਾਰ ਤਰਕ-ਵਿਹੂਣਾ ਹੈ ਅਤੇ ਮੌਤ ਸਭ ਪ੍ਰਕਾਰ ਦੇ ਮਨੁੱਖੀ ਯਤਨਾਂ ਦੀ ਖਿੱਲੀ ਉਡਾਉਂਦੀ ਹੈ। ਕਾਮੂ ਨੇ ਇਹ ਵੀ ਕਿਹਾ ਕਿ ਮਨੁੱਖ ਸੰਸਾਰ ਦੀ ਊਲ-ਜਲੂਲ ਸਥਿਤੀ ਨੂੰ ਪ੍ਰਵਾਨ ਕਰਨ ਦੀ ਥਾਂ ਇਸ ਵਿਰੁੱਧ ਜੂਝੇ। ਇਹ ਵਿਰੋਧ ਰਾਜਨੀਤਿਕ ਨਹੀਂ, ਮਾਨਵੀ ਕਦਰਾਂ-ਕੀਮਤਾਂ ਉੱਤੇ ਆਧਾਰਿਤ ਹੋਣਾ ਚਾਹੀਦਾ ਹੈ।

     ਕਾਮੂ ਦਾ ਜਨਮ ਅਲਜੀਰੀਆ ਵਿੱਚ, ਜਿਹੜਾ ਉਸ ਸਮੇਂ ਫ਼੍ਰਾਂਸ ਅਧੀਨ ਸੀ, ਮੋਨ-ਡੋਵੀ ਦੇ ਸਥਾਨ ਤੇ 7 ਨਵੰਬਰ 1913 ਨੂੰ ਹੋਇਆ। ਉਸ ਦਾ ਪਿਤਾ ਫ਼੍ਰਾਂਸੀਸੀ ਸੀ, ਜਿਹੜਾ ਲੜਾਈ ਦੇ ਮੋਰਚੇ ਤੇ 1914 ਵਿੱਚ ਮਾਰਿਆ ਗਿਆ ਸੀ ਅਤੇ ਉਸ ਦੀ ਮਾਂ ਸਪੈਨਿਸ਼ ਸੀ। ਕਾਮੂ ਦਾ ਬਚਪਨ ਗ਼ਰੀਬੀ ਵਿੱਚ ਗੁਜ਼ਰਿਆ ਅਤੇ ਉਸ ਦੀ ਪੜ੍ਹਾਈ ਵਜ਼ੀਫ਼ਿਆਂ ਨਾਲ ਪੂਰੀ ਹੋਈ। ਉਹ ਫ਼ਿਲਾਸਫ਼ੀ ਦੇ ਵਿਸ਼ੇ ਵਿੱਚ ਬੜਾ ਹੁਸ਼ਿਆਰ ਸੀ ਅਤੇ ਖੇਡਾਂ ਤੇ ਨਾਟਕ ਉਸ ਦੇ ਹੋਰ ਰੁਝੇਵੇਂ ਸਨ। ਵਿਦਿਆਰਥੀ ਹੁੰਦਿਆਂ ਹੀ ਉਸ ਨੇ ਰੰਗ-ਮੰਚ ਸਿਰਜਿਆ, ਨਿਰਦੇਸ਼ਨ ਕੀਤਾ ਅਤੇ ਅਦਾਕਾਰੀ ਕੀਤੀ। ਸਿਹਤ ਦੇ ਪੱਖੋਂ ਉਹ ਅਧਿਆਪਕ ਦੇ ਕਿੱਤੇ ਲਈ ਅਯੋਗ ਸਮਝਿਆ ਗਿਆ। ਉਸ ਨੇ ਕਈ ਕੰਮ ਕੀਤੇ ਅਤੇ ਅੰਤ ਨੂੰ 1938 ਵਿੱਚ ਉਹ ਇੱਕ ਪੱਤਰਕਾਰ ਬਣਿਆ। ਉਸ ਦੇ ਮੁਢਲੇ ਲੇਖਣ ਤੋਂ ਹੀ ਉਸ ਦੇ ਦਾਰਸ਼ਨਿਕ ਵਿਚਾਰਾਂ ਦੇ ਝਾਉਲੇ ਪੈਣ ਲੱਗ ਪਏ ਸਨ।

     ਸਤੰਬਰ 1939 ਵਿੱਚ ਪਹਿਲਾ ਵਿਸ਼ਵ ਯੁੱਧ ਛਿੜ ਗਿਆ। ਸਿਹਤ ਕਾਰਨ ਕਾਮੂ ਫ਼ੌਜ ਵਿੱਚ ਭਰਤੀ ਨਹੀਂ ਸੀ ਹੋ ਸਕਦਾ। ਉਹ ਪੈਰਿਸ ਰਹਿਣ ਲੱਗ ਪਿਆ ਅਤੇ 1942 ਵਿੱਚ ਉਸ ਨੇ ਆਪਣਾ ਪਹਿਲਾ ਨਾਵਲ ਦਾ ਸਟਰੇਂਜਰ ਛਪਵਾਇਆ। ਇਸ ਨਾਵਲ ਦਾ ਨਾਇਕ, ਇੱਕ ਜਵਾਨ ਕਲਰਕ, ਹਰੇਕ ਵਰਤ-ਵਰਤਾਰੇ ਲਈ ਅਜਨਬੀ ਹੈ। ਪੁਸਤਕ ਦੇ ਅਰੰਭ ਵਿੱਚ ਉਸ ਨੂੰ ਆਪਣੀ ਮਾਂ ਦੇ ਮਰਨ ਉੱਤੇ ਕੋਈ ਦੁੱਖ ਮਹਿਸੂਸ ਨਹੀਂ ਹੁੰਦਾ। ਉਸ ਦਾ ਕੋਈ ਜੀਵਨ-ਉਦੇਸ਼ ਨਹੀਂ, ਉਹ ਕਿਸੇ ਵੀ ਲੜਕੀ ਨਾਲ ਇਸ ਕਰ ਕੇ ਵਿਆਹ ਕਰਵਾ ਲਵੇਗਾ ਕਿਉਂਕਿ ਉਸ ਕੋਲ ਵਿਆਹ ਨਾ ਕਰਵਾਉਣ ਦਾ ਕੋਈ ਤਰਕ ਨਹੀਂ ਹੈ। ਉਹ ਅਣਚਾਹੇ ਹੀ ਇੱਕ ਅਰਬੀ ਦਾ ਕਤਲ ਕਰ ਦਿੰਦਾ ਹੈ ਅਤੇ ਨਾਵਲ ਦਾ ਦੂਜਾ ਭਾਗ ਉਸ ਉੱਤੇ ਮੁਕੱਦਮੇ ਨਾਲ ਸੰਬੰਧਿਤ ਹੈ, ਜਿਸ ਕਰ ਕੇ ਉਸ ਨੂੰ ਮੌਤ ਦੀ ਸਜ਼ਾ ਹੁੰਦੀ ਹੈ। ਉਸ ਨੂੰ ਸਮਝ ਹੀ ਨਹੀਂ ਆਉਂਦਾ ਕਿ ਉਸ ਨੇ ਅਰਬੀ ਨੂੰ ਕਿਉਂ ਮਾਰਿਆ। ਉਹ ਜੋ ਮਹਿਸੂਸ ਕਰਦਾ ਹੈ, ਉਹ ਦੱਸਦਾ ਹੈ, ਇਹਨਾਂ ਕਾਰਨਾਂ ਕਰ ਕੇ ਹੀ ਉਹ ਅਜਨਬੀ ਹੈ। ਸਮੁੱਚੀ ਸਥਿਤੀ ਊਲ- ਜਲੂਲ ਨੂੰ ਦ੍ਰਿੜ੍ਹ ਕਰਦੀ ਹੈ। ਇਸ ਨਾਵਲ ਦਾ ਪ੍ਰਭਾਵ ਇਸ ਦੇ ਪ੍ਰਭਾਵਹੀਣ ਅਤੇ ਰੋਚਕਤਾਹੀਣ ਹੋਣ ਕਾਰਨ ਹੈ।

     ਜਰਮਨਾਂ ਦੇ ਫ਼੍ਰਾਂਸ ਉੱਤੇ ਕਬਜ਼ੇ ਕਾਰਨ ਉਸ ਨੂੰ ਕੋਈ ਕੰਮ ਨਾ ਮਿਲਿਆ, ਇਸੇ ਕਰ ਕੇ ਉਸ ਨੇ ਅਲਜੀਰੀਆ ਵਾਪਸ ਜਾਣ ਦਾ ਨਿਰਣਾ ਲਿਆ ਹੈ। ਅਲਜੀਰੀਆ ਵਿੱਚ ਉਸ ਨੇ 1941 ਵਿੱਚ ਆਪਣਾ ਅਗਲਾ ਨਾਵਲ ਦਾ ਮਿੱਥ ਆਫ਼ ਸਿਸੀਫਸ ਸੰਪੂਰਨ ਕਰ ਕੇ 1942 ਵਿੱਚ ਛਪਵਾਇਆ। ਇਹ ਨਾਵਲ ਊਲ-ਜਲੂਲ ਦੇ ਵਿਸ਼ੇ ਤੇ ਇੱਕ ਪ੍ਰਕਾਰ ਦਾ ਦਾਰਸ਼ਨਿਕ ਨਿਬੰਧ ਹੈ, ਜਿਹੜਾ ਸਿਸੀਫਸ ਦੀ ਮਿੱਥਕ ਕਥਾ ਉੱਤੇ ਆਧਾਰਿਤ ਹੈ, ਜਿਸ ਅਨੁਸਾਰ ਸਿਸੀਫਸ ਨੂੰ ਇੱਕ ਪੱਥਰ ਪਹਾੜੀ ਉਪਰ ਰੋੜ੍ਹਨ ਦਾ ਦੰਡ ਮਿਲਿਆ ਹੋਇਆ ਹੈ ਅਤੇ ਜਿਉਂ ਹੀ ਉਹ ਪੱਥਰ ਉਪਰ ਲੈ ਕੇ ਜਾਂਦਾ ਹੈ, ਤਿਉਂ ਹੀ ਪੱਥਰ ਰੁੜ੍ਹ ਕੇ ਥੱਲੇ ਆ ਜਾਂਦਾ ਹੈ। ਇਵੇਂ ਸਿਸੀਫਸ ਮਾਨਵ ਜਾਤੀ ਦਾ ਪ੍ਰਤੀਕ ਹੈ ਅਤੇ ਸਿਸੀਫਸ ਦੇ ਨਿਰੰਤਰ ਯਤਨ ਉਸ ਨੂੰ ਤ੍ਰਾਸਦਿਕ ਮਹਾਨਤਾ ਪ੍ਰਦਾਨ ਕਰਦੇ ਹਨ।

     1942 ਵਿੱਚ ਕਾਮੂ ਫ਼੍ਰਾਂਸ ਮੁੜ ਆਇਆ ਅਤੇ ਉਸ ਨੇ ਜਰਮਨ ਵਿਰੋਧੀ ਫਰੰਟ ਦਾ ਨਿਰਮਾਣ ਕਰਨ ਲਈ ਗੁਪਤ ਪੱਤਰਕਾਰੀ ਵਿੱਚ ਪ੍ਰਵੇਸ਼ ਕੀਤਾ। ਫ਼੍ਰਾਂਸ ਵਿੱਚ ਉਹ ਬਾਗ਼ੀ ਕੰਬੈਟ ਨਾਂ ਦੇ ਰਸਾਲੇ ਦਾ ਤਿੰਨ ਸਾਲ ਸੰਪਾਦਕ ਰਿਹਾ। ਇਸੇ ਦੌਰਾਨ ਉਸ ਦੇ ਪਹਿਲੇ ਦੋ ਨਾਟਕ ਕਰਾਸ ਪਰਪੱਜ਼ ਅਤੇ ਕੈਲੀਗੁਲਾ ਪੇਸ਼ ਕੀਤੇ ਗਏ। 1947 ਵਿੱਚ ਕਾਮੂ ਨੇ ਆਪਣਾ ਦਾ ਪਲੇਗ ਛਪਵਾਇਆ, ਜਿਸ ਵਿੱਚ ਉਸ ਨੇ ਅਲਜੀਰੀਆ ਵਿੱਚ ਫੈਲੀ ਪਲੇਗ ਨੂੰ ਆਧਾਰ ਬਣਾ ਕੇ ਊਲ-ਜਲੂਲ ਦੇ ਸੰਕਲਪ ਨੂੰ ਵਿਸਤਾਰ ਦਿੱਤਾ। ਕਾਮੂ ਨੇ ਇਸ ਨਾਵਲ ਰਾਹੀਂ ਪੈਗ਼ਾਮ ਦਿੱਤਾ ਕਿ ਮਨੁੱਖ ਜੱਦੋ-ਜਹਿਦ ਕੀਤੇ ਬਿਨਾਂ ਨਹੀਂ ਰਹਿ ਸਕਦਾ, ਭਾਵੇਂ ਉਹ ਹਰ ਵਾਰ ਹਾਰੇ ਪਰ ਉਸ ਨੂੰ ਜੱਦੋ-ਜਹਿਦ ਕਰਨੀ ਚਾਹੀਦੀ ਹੈ। ਇਹ ਨਾਵਲ ਬਦੀ ਵਿਰੁੱਧ ਨਿਰੰਤਰ ਜੱਦੋ- ਜਹਿਦ ਦਾ ਪ੍ਰਤੀਕ ਹੈ।

     ਕਾਮੂ ਦਾ ਅਗਲਾ ਮਹੱਤਵਪੂਰਨ ਨਾਵਲ ਦਾ ਰੈਬਲ (1951) ਸੀ। ਇਹ ਰਚਨਾ ਵੀ ਇੱਕ ਲੰਮਾ ਦਾਰਸ਼ਨਿਕ ਨਿਬੰਧ ਹੀ ਹੈ, ਜਿਸ ਵਿੱਚ ਰਾਜਨੀਤਿਕ ਅਤੇ ਦਾਰਸ਼ਨਿਕ ਖੇਤਰ ਵਿੱਚ ਵਿਦਰੋਹ ਕਰਨ ਸੰਬੰਧੀ ਤਰਕ ਉਸਾਰਿਆ ਗਿਆ ਹੈ। ਉਹ ਕੁਝ ਚਿਰ ਲਈ 1930 ਵਿੱਚ ਕਮਿਊ- ਨਿਸਟ ਪਾਰਟੀ ਦਾ ਮੈਂਬਰ ਰਿਹਾ ਸੀ। ਇਸ ਨਾਵਲ ਵਿੱਚ ਉਸ ਨੇ ਖੱਬੇ-ਪੱਖੀਆਂ ਅਤੇ ਸੱਜੇ-ਪੱਖੀਆਂ ਦੋਹਾਂ ਤੋਂ ਸੁਤੰਤਰਤਾ ਦੀ ਵਕਾਲਤ ਕੀਤੀ ਹੈ। ਕਾਮੂ ਮਨੁੱਖ ਨੂੰ ਪ੍ਰੇਰਦਾ ਹੈ ਕਿ ਉਹ ਵਿਸ਼ਵ ਦੀ ਅਬਸਰਡਿਟੀ ਦਾ ਵਿਰੋਧ ਕਰੇ। ਉਹ ਵਿਰੋਧ ਅਤੇ ਕ੍ਰਾਂਤੀ ਵਿਚਕਾਰ ਨਿਖੇੜਾ ਕਰਦਿਆਂ ਵਿਰੋਧ ਦੀ ਵਕਾਲਤ ਕਰਦਾ ਹੈ। ਇਹ ਰਚਨਾ ਕਮਿਊਨਿਸਟ ਵਿਚਾਰਧਾਰਾ ਪ੍ਰਤਿ ਕਾਮੂ ਦੇ ਦ੍ਰਿਸ਼ਟੀਕੋਣ ਨੂੰ ਸਪਸ਼ਟ ਕਰਦੀ ਹੈ। ਕੁਝ ਅਰਸਾ ਕਾਮੂ ਰੰਗ-ਮੰਚ ਪ੍ਰਤਿ ਵੀ ਸਮਰਪਿਤ ਰਿਹਾ ਅਤੇ ਉਸ ਦੀ ਅਗਲੀ ਮਹੱਤਵਪੂਰਨ ਰਚਨਾ ਦਾ ਫਾਲ 1956 ਵਿੱਚ ਛਪੀ। ਇਹ ਨਾਵਲ ਇੱਕ ਵਕੀਲ ਦੀ ਇੱਕ-ਵਚਨੀ ਹੈ, ਜਿਹੜੀ ਜੀਵਨ ਦੇ ਵਿਭਿੰਨ ਪੱਖਾਂ ਉੱਤੇ ਵਿਅੰਗ ਕਰਦੀ ਹੈ। ਇਹ ਵਕੀਲ ਇੱਕ ਇਸਤਰੀ ਨੂੰ ਆਤਮਘਾਤ ਕਰਨ ਤੋਂ ਰੋਕ ਸਕਣ ਵਿੱਚ ਅਸਫਲਤਾ ਨੂੰ ਆਪਣਾ ਪਤਨ ਸਮਝਦਾ ਹੈ ਅਤੇ ਉਸ ਲਈ ਸਾਰਾ ਸੰਸਾਰ ਹੀ ਦੁਖਮਈ ਅਤੇ ਨਿਰਾਸ਼ਾਮਈ ਵਿਹਾਰ ਦਾ ਅਖਾੜਾ ਬਣ ਜਾਂਦਾ ਹੈ।

     1957 ਵਿੱਚ ਕਾਮੂ ਨੂੰ ਨੋਬਲ ਇਨਾਮ ਲਈ ਚੁਣਿਆ ਗਿਆ। ਇਸ ਸਾਲ ਉਸ ਨੇ ਆਪਣੀਆਂ ਕਹਾਣੀਆਂ ਦੀ ਪੁਸਤਕ ਐਗਜ਼ਾਈਲ ਐਂਡ ਦਾ ਕਿੰਗਡਮ ਛਪਵਾਈ। ਉਹ ਆਪਣੇ ਅਗਲੇਰੇ ਨਾਵਲ ਲਈ ਸਮਗਰੀ ਜੁਟਾ ਰਿਹਾ ਸੀ ਅਤੇ ਪੈਰਿਸ ਦੇ ਇੱਕ ਪ੍ਰਸਿੱਧ ਥੀਏਟਰ ਦਾ ਡਾਇਰੈਕਟਰ ਬਣਨ ਦੀ ਤਿਆਰੀ ਕਰ ਰਿਹਾ ਸੀ ਕਿ 46 ਸਾਲ ਦੀ ਉਮਰ ਵਿੱਚ ਪੈਰਿਸ ਵਿੱਚ 4 ਜਨਵਰੀ 1960 ਨੂੰ ਇੱਕ ਕਾਰ ਹਾਦਸੇ ਵਿੱਚ ਉਸ ਦਾ ਦਿਹਾਂਤ ਹੋ ਗਿਆ। ਉਸ ਦਾ ਮਰਨਾ ਸੰਸਾਰ ਭਰ ਲਈ ਇੱਕ ਵੱਡਾ ਘਾਟਾ ਸੀ, ਕਿਉਂਕਿ ਉਸ ਨੇ ਅਜੇ ਪ੍ਰੋੜ੍ਹ ਰਚਨਾਵਾਂ ਸਿਰਜਣੀਆਂ ਸਨ ਅਤੇ ਇੱਕ ਕਲਾਕਾਰ ਅਤੇ ਚਿੰਤਕ ਵਜੋਂ ਨਵੇਂ ਦਿਸਹੱਦੇ ਉਸਾਰਨੇ ਸਨ। ਉਸ ਦੀ ਨੋਟਬੁਕਸ ਦਾ ਪ੍ਰਕਾਸ਼ਨ ਉਸ ਦੀ ਮੌਤ ਮਗਰੋਂ ਹੋਇਆ। ਨਿਰਸੰਦੇਹ ਕਾਮੂ ਵਿਸ਼ਵ ਪੱਧਰ ਦਾ ਚਿੰਤਕ ਅਤੇ ਲੇਖਕ ਸੀ।


ਲੇਖਕ : ਹਰਗੁਣਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11026, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.