ਕਾਰਕ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਾਰਕ : ਨਾਂਵ ਅਤੇ ਪੜਨਾਂਵ ਸ਼ਬਦ ਕਈ ਤਰ੍ਹਾਂ ਨਾਲ ਰੂਪ ਵਟਾਉਂਦੇ ਹਨ, ਜਿਵੇਂ ਲਿੰਗ ਪੱਖੋਂ (ਲੜਕਾ-ਲੜਕੀ) ਅਤੇ ਵਚਨ ਪੱਖੋਂ (ਲੜਕਾ-ਲੜਕੇ)। ਇਵੇਂ ਹੀ ਨਾਂਵ ਅਤੇ ਪੜਨਾਂਵ ਸ਼ਬਦ ਕਾਰਕ ਪੱਖੋਂ ਵੀ ਰੂਪ ਵਟਾਉਂਦੇ ਹਨ, ਜਿਵੇਂ ‘ਮੈਂ’ ਤੋਂ ‘ਮੈਨੂੰ’ ‘ਘਰ’ ਤੋਂ ‘ਘਰੋਂ’। ਨਾਂਵ ਜਾਂ ਪੜਨਾਂਵ ਸ਼ਬਦਾਂ ਦੀ ਇਹ ਰੂਪ ਬਦਲੀ ਕਿਸੇ ਵਾਕ ਵਿੱਚ ਉਸ ਨਾਂਵ ਜਾਂ ਪੜਨਾਂਵ ਵੱਲੋਂ ਨਿਭਾਏ ਜਾ ਰਹੇ ਕਾਰਜ ’ਤੇ ਨਿਰਭਰ ਕਰਦੀ ਹੈ। ਮਿਸਾਲ ਲਈ ਹੇਠਲੇ ਦੋ ਵਾਕ ਲਏ ਜਾ ਸਕਦੇ ਹਨ :

          1.       ਤੂੰ ਉਹਨੂੰ ਬੁਲਾਉਂਦਾ ਹੈ।

          2.       ਉਹ ਤੈਨੂੰ ਬੁਲਾਉਂਦਾ ਹੈ।

     ਇਹਨਾਂ ਵਾਕਾਂ ਵਿੱਚ ਪਹਿਲੇ ਵਾਕ ਵਾਲਾ ‘ਤੂੰ’ ਦੂਜੇ ਵਾਕ ਵਿੱਚ ‘ਤੈਨੂੰ’ ਵਿੱਚ ਬਦਲ ਜਾਂਦਾ ਹੈ। ਇਹ ‘ਤੂੰ’ ਦੇ ਦੋ ਵੱਖ-ਵੱਖ ਕਾਰਕੀ ਰੂਪ ਹਨ। ਇਸ ਦਾ ਕਾਰਨ ਇਹ ਹੈ ਕਿ (1) ਵਾਕ ਵਿੱਚ ‘ਤੂੰ’ ਬੁਲਾਉਣ ਵਾਲਾ ਹੈ ਪਰ (2) ਵਾਕ ਵਿੱਚ ‘ਤੈਨੂੰ’ ਬੁਲਾਇਆ ਜਾਣ ਵਾਲਾ ਹੈ। ਇਸ ਤਰ੍ਹਾਂ ਕਾਰਕ ਦਾ ਸੰਬੰਧ ਕਿਸੇ ਨਾਂਵ ਜਾਂ ਪੜਨਾਂਵ ਵੱਲੋਂ ਵਾਕ ਵਿੱਚ ਨਿਭਾਏ ਜਾ ਰਹੇ ਕਾਰਜ ਨਾਲ ਸੰਬੰਧਿਤ ਹੈ।

     ਕਾਰਕ ਦੀ ਪਰਿਭਾਸ਼ਾ ਕਾਰਜ ਜਾਂ ਅਰਥ ਦੇ ਨਾਲ- ਨਾਲ ਬਣਤਰ ਦੇ ਪੱਖ ਤੋਂ ਵੀ ਕੀਤੀ ਜਾਂਦੀ ਹੈ। ਮਿਸਾਲ ਲਈ ਜਦੋਂ ਕੋਈ ਨਾਂਵ ਜਾਂ ਪੜਨਾਂਵ ਸੰਬੰਧਕ (ਕੋਲ, ਤੋਂ, ਲਈ ਆਦਿ) ਤੋਂ ਪਹਿਲਾਂ ਆਉਂਦਾ ਹੈ ਤਾਂ ਉਸ ਦਾ ਰੂਪ ਬਦਲ ਜਾਂਦਾ ਹੈ :

          3.      ਮੈਂ + ਕੋਲ = ਮੇਰੇ ਕੋਲ

          4.      ਲੜਕਾ + ਕੋਲ = ਲੜਕੇ ਕੋਲ

     ਇਸ ਤਰ੍ਹਾਂ ਹੀ ਕਿਰਿਆ ਵੀ ਪੜਨਾਂਵ ਦੇ ਰੂਪ ਨੂੰ ਬਦਲ ਦਿੰਦੀ ਹੈ :

          5.      ਉਹ + ਬੁਲਾਇਆ = ਉਹ ਨੂੰ ਬੁਲਾਇਆ।

          6.      ਮੈਂ + ਬੁਲਾਇਆ = ਮੈਨੂੰ ਬੁਲਾਇਆ।

     ਇਸ ਤਰ੍ਹਾਂ ਮੇਰੇ, ਲੜਕੇ, ਉਹਨੂੰ, ਮੈਨੂੰ ਤਰਤੀਬਵਾਰ ਮੈਂ, ਲੜਕਾ, ਉਹ, ਮੈਂ ਦੇ ਕਾਰਕੀ ਰੂਪ ਹਨ।

     ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਕਾਰਕ ਦੀ ਪਰਿਭਾਸ਼ਾ ਕਾਰਜ/ਅਰਥ ਅਤੇ ਬਣਤਰ ਦੋਹਾਂ ਆਧਾਰਾਂ `ਤੇ ਕੀਤੀ ਗਈ ਹੈ। ਪਹਿਲੇ ਵਿਆਕਰਨਾਂ ਵਿੱਚ ਅਰਥ ਨੂੰ ਆਧਾਰ ਬਣਾਇਆ ਗਿਆ ਹੈ ਪਰ ਅਜੋਕੇ ਵਿਆਕਰਨਾਂ ਵਿੱਚ ਬਣਤਰ ਨੂੰ ਪਹਿਲ ਦਿੱਤੀ ਗਈ ਹੈ।

     ਨਾਂਵ ਅਤੇ ਪੜਨਾਂਵ ਕਾਰਕ ਦੇ ਆਧਾਰ ’ਤੇ ਕਈ ਤਰ੍ਹਾਂ ਨਾਲ ਰੂਪ ਵਟਾ ਸਕਦੇ ਹਨ, ਜਿਵੇਂ ‘ਮੈਂ’ ਤੋਂ ‘ਮੈਨੂੰ’, ‘ਮੇਰਾ’, ‘ਮੈਥੋਂ’ ਜਾਂ ‘ਘਰ’ ਤੋਂ ‘ਘਰੇ’, ‘ਘਰੋਂ’, ‘ਘਰੀਂ’। ਇਹਨਾਂ ਵੱਖ-ਵੱਖ ਕਾਰਕ ਰੂਪਾਂ ਨੂੰ ਵੱਖ-ਵੱਖ ਨਾਂ ਦਿੱਤੇ ਗਏ ਹਨ, ਮੇਰਾ (ਸੰਬੰਧ ਕਾਰਕ ਪਰਿਭਾਸ਼ਾ ਅੱਗੇ ਦਿੱਤੀ ਗਈ ਹੈ), ਮੈਨੂੰ (ਕਰਮ ਕਾਰਕ), ਮੈਥੋਂ (ਅਪਾਦਾਨ ਕਾਰਕ)।

     ਬਹੁਤੀ ਵਾਰ ਵੱਖ-ਵੱਖ ਭਾਸ਼ਾਵਾਂ ਵਿੱਚ ਕਾਰਕ ਪੱਖੋਂ ਸਥਿਤੀ ਵੱਖਰੀ-ਵੱਖਰੀ ਹੁੰਦੀ ਹੈ। ਮਿਸਾਲ ਲਈ ਅੰਗਰੇਜ਼ੀ ਪੜਨਾਂਵਾਂ ਦੇ ਤਿੰਨ ਰੂਪ ਹਨ-(I, me, my) ਜਦੋਂ ਕਿ ਪੰਜਾਬੀ ਵਿੱਚ ਚਾਰ (ਮੈਂ, ਮੈਨੂੰ, ਮੇਰਾ, ਮੈਥੋਂ)। ਅੰਗਰੇਜ਼ੀ ਵਿੱਚ ਨਾਂਵ ਕਾਰਕ ਪੱਖੋਂ ਬਿਲਕੁਲ ਹੀ ਰੂਪ ਨਹੀਂ ਬਦਲਦੇ ਜਿਵੇਂ ‘home’ ਪਰ ਪੰਜਾਬੀ ਵਿੱਚ ਘਰ, ਘਰੇ, ਘਰੋਂ, ਘਰੀ। ਭਾਸ਼ਾ ਵਿੱਚ ਕਾਰਕ ਦਾ ਪ੍ਰਗਟਾਵਾ ਕਈ ਢੰਗਾਂ ਨਾਲ ਹੋ ਸਕਦਾ ਹੈ :

     (ੳ) ਸਥਾਨ ਰਾਹੀਂ : ਦੋ ਵਾਕਾਂ ‘ਸ਼ੇਰ ਆਦਮੀ ਖਾਂਦਾ ਹੈ’ ਅਤੇ ‘ਆਦਮੀ ਸ਼ੇਰ ਖਾਂਦਾ ਹੈ।’ ਵਿੱਚ ‘ਆਦਮੀ’ ਦਾ ਕਾਰਜ ਵੱਖਰਾ ਹੈ। ਪਹਿਲੇ ਵਾਕ ਵਿੱਚ ‘ਆਦਮੀ’ ਕਰਤਾ (ਕਰਨ ਵਾਲਾ) ਹੈ ਪਰ ਦੂਜੇ ਵਿੱਚ ਕਰਮ (ਜਿਸ ’ਤੇ ਕਾਰਜ ਹੁੰਦਾ ਹੈ)। ਪਰ ਇਸ ਫ਼ਰਕ ਦਾ ਪ੍ਰਗਟਾਵਾ ਵਾਕ ਵਿੱਚ ‘ਆਦਮੀ’ ਦੀ ਥਾਂ ਰਾਹੀਂ ਹੁੰਦਾ ਹੈ।

     (ਅ) ਪ੍ਰਤੱਖ ਚਿੰਨ੍ਹ ਰਾਹੀਂ : ‘ਜੁਗਿੰਦਰ ਨੇ ਸੁਰਿੰਦਰ ਨੂੰ ਬੁਲਾਇਆ’ ਵਾਕ ਵਿੱਚ ‘ਜੁਗਿੰਦਰ’ ਅਤੇ ‘ਸੁਰਿੰਦਰ’ ਦੇ ਕਾਰਜ ਦਾ ਪ੍ਰਗਟਾਵਾ ‘ਨੇ’ ਅਤੇ ‘ਨੂੰ’ ਰਾਹੀਂ ਹੁੰਦਾ ਹੈ। ਇੱਥੇ ਤਰਤੀਬ ਬਦਲ ਦੇਣ ਨਾਲ ਵੀ ਵਾਕ ਦੇ ਅਰਥ ਵਿੱਚ ਕੋਈ ਅੰਤਰ ਨਹੀਂ ਆਉਂਦਾ, ‘ਸੁਰਿੰਦਰ ਨੂੰ ਜੁਗਿੰਦਰ ਨੇ ਬੁਲਾਇਆ ਦਾ ਅਰਥ ਉਹੀ ਹੈ, ਜੋ ਜੁਗਿੰਦਰ ਨੇ ਸੁਰਿੰਦਰ ਨੂੰ ਬੁਲਾਇਆ’ ਦਾ ਹੈ।

     ਇਹ ਪ੍ਰਤੱਖ ਚਿੰਨ੍ਹ ਦੋ ਤਰ੍ਹਾਂ ਦੇ ਹੋ ਸਕਦੇ ਹਨ, ਇੱਕ ਵਿਭਕਤੀ ਅਤੇ ਦੂਜਾ ਸੰਬੰਧਕ। ਵਿਭਕਤੀ ਨਾਂਵ ਜਾਂ ਪੜਨਾਂਵ ਸ਼ਬਦ ਨਾਲ ਮੁੜ ਕੇ ਆਉਂਦੀ ਹੈ, ਜਿਵੇਂ ‘ਘਰੋਂ’ ਵਿੱਚੋਂ ‘ਤੋਂ’ ਹੈ ਅਤੇ ਸੰਬੰਧਕ ਵੱਖਰਾ, ਸ਼ਬਦ ਹੁੰਦਾ ਹੈ, ਜਿਵੇਂ ‘ਘਰ ਤੋਂ’ ਵਿੱਚ ‘ਤੋਂ’ ਹੈ।

     ਪੰਜਾਬੀ ਵਿੱਚ ਨਾਂਵਾਂ ਅਤੇ ਪੜਨਾਂਵਾਂ ਦੇ ਕਾਰਜ ਦੇ ਆਧਾਰ ’ਤੇ ਹੇਠ ਦਿੱਤੇ ਕਾਰਕ ਮਿਲਦੇ ਹਨ :

     ਸਧਾਰਨ ਕਾਰਕ : ਇਹ ਵਿਸ਼ੇ ਦਾ ਕਾਰਕ ਹੈ। ਇਸ ਵਿੱਚ ਨਾਂਵ ਜਾਂ ਪੜਨਾਂਵ ਆਪਣੇ ਮੂਲ ਰੂਪ ਵਿੱਚ ਹੁੰਦੇ ਹਨ, ਯਾਨੀ ਕਿ ਕੋਈ ਰੂਪ ਨਹੀਂ ਵਟਾਉਂਦੇ ਅਤੇ ਨਾ ਹੀ ਉਹਨਾਂ ਤੋਂ ਬਾਅਦ ਕੋਈ ਸੰਬੰਧਕ ਆਉਂਦਾ ਹੈ। ਹੇਠਲੇ ਵਾਕਾਂ ਵਿੱਚ ‘ਰਮੇਸ਼’ ਅਤੇ ‘ਉਹ’ ਸਧਾਰਨ ਕਾਰਕ ਵਿੱਚ ਹਨ :

          7.      ਰਮੇਸ਼ ਦੌੜ ਰਿਹਾ ਹੈ।

          8.      ਉਹ ਕੰਮ ਕਰ ਰਿਹਾ ਹੈ।

     ਕਈ ਵਿਦਵਾਨ ਸਧਾਰਨ ਕਾਰਕ ਨੂੰ ਕਰਤਾ ਕਾਰਕ ਵੀ ਲਿਖਦੇ ਹਨ ਪਰ ਸਧਾਰਨ ਕਾਰਕ ਦੀ ਸਥਾਪਨਾ ਬਣਤਰ ਦੇ ਆਧਾਰ ’ਤੇ ਹੈ ਕਿਉਂਕਿ ਜ਼ਰੂਰੀ ਨਹੀਂ ਕਿ ਸਧਾਰਨ ਕਾਰਕ ਵਿਚਲਾ ਨਾਂਵ ਜਾਂ ਪੜਨਾਂਵ ਕਰਤਾ ਹੀ ਹੋਵੇ। ਮਿਸਾਲ ਲਈ ਹੇਠਲੇ ਵਾਕਾਂ ਵਿੱਚ ਪੜਨਾਂਵ ‘ਉਹ’ ਸਧਾਰਨ ਕਾਰਕ ਵਿੱਚ ਹੈ, ਪਰ ਪਹਿਲੇ ਵਾਕ ਵਿੱਚ ਕਰਤਾ ਹੈ ਪਰ ਦੂਜੇ ਵਿੱਚ ਕਰਤਾ ਨਹੀਂ ਹੈ :

          9.      ਰਮੇਸ਼ ਕੰਮ ਕਰ ਰਿਹਾ ਹੈ।

          10.     ਰਮੇਸ਼ ਪੂਰਾ ਹੋ ਗਿਆ ਹੈ।

     ਸੋ ਜਦੋਂ ਕਿਸੇ ਵਾਕ ਦਾ ਵਿਸ਼ਾ ਕਿਸੇ ਕਾਰਕੀ ਚਿੰਨ੍ਹ ਤੋਂ ਬਿਨਾਂ ਯਾਨੀ ਕਿ ਆਪਣੇ ਮੂਲ ਰੂਪ ਵਿੱਚ ਹੁੰਦਾ ਹੈ ਤਾਂ ਉਸ ਨੂੰ ਸਧਾਰਨ ਕਾਰਕ ਵਿੱਚ ਕਿਹਾ ਜਾਂਦਾ ਹੈ।

     ਕਰਤਾ ਕਾਰਕ : ਕਰਤਾ ਕਾਰਕ ਦੀ ਸਥਾਪਨਾ ਕਾਰਜ ਜਾਂ ਅਰਥ ਦੇ ਆਧਾਰ ’ਤੇ ਕੀਤੀ ਜਾਂਦੀ ਹੈ। ਜੋ ਨਾਂਵ ਜਾਂ ਪੜਨਾਂਵ ਕਿਰਿਆ ਕਰਨ ਵਾਲੇ ਦਾ ਅਰਥ ਦੇਵੇ, ਉਸ ਨੂੰ ਕਰਤਾ ਕਾਰਕ ਵਿੱਚ ਕਿਹਾ ਜਾਂਦਾ ਹੈ। ਹੇਠਲੇ ਵਾਕਾਂ ਵਿੱਚ ‘ਰਮੇਸ਼’ ਅਤੇ ‘ਰਮੇਸ਼ ਨੇ’ ਕਰਤਾ ਕਾਰਕ ਨੂੰ ਰੂਪਮਾਨ ਕਰਦੇ ਹਨ :

          11.      ਰਮੇਸ਼ ਕਿਤਾਬ ਪੜ੍ਹਦਾ ਹੈ।

          12.     ਰਮੇਸ਼ ਨੇ ਕਿਤਾਬ ਪੜ੍ਹੀ।

     ਕਰਮ ਕਾਰਕ : ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ ਇਹ ਕਰਤਾ ਰਾਹੀਂ ਕੀਤੀ ਜਾਣ ਵਾਲੀ ਕਿਰਿਆ ਨੂੰ ਭੋਗਣ ਦਾ ਅਰਥ ਦਿੰਦਾ ਹੈ। ਹੇਠਲੇ ਵਾਕ ਵਿੱਚ ‘ਕਿਤਾਬ’ ਸ਼ਬਦ ਕਰਮ ਕਾਰਕ ਦਾ ਪ੍ਰਗਟਾਵਾ ਕਰਦਾ ਹੈ :

          13.     ਰਮੇਸ਼ ਨੇ ਕਿਤਾਬ ਪੜ੍ਹੀ।

     ਕਰਮ ਕਾਰਕ ਦਾ ਪ੍ਰਗਟਾਵਾ ‘ਨੂੰ’ ਰਾਹੀਂ ਵੀ ਹੁੰਦਾ ਹੈ।

          14.     ਰਮੇਸ਼ ਨੇ ਸਤਿੰਦਰ ਨੂੰ ਬੁਲਾਇਆ।

     ਪੜਨਾਂਵਾਂ ਵਿੱਚ ਕਰਮ ਕਾਰਕ ਹਮੇਸ਼ਾਂ ‘ਨੂੰ’ ਰਾਹੀਂ ਪ੍ਰਗਟ ਕਰਦਾ ਹੈ, ਜਿਵੇਂ ਵਾਕ 15 ਵਿੱਚ ‘ਤੈਨੂੰ’ ਵਿੱਚ ਹੈ :

          15.     ਰਮੇਸ਼ ਨੇ ਤੈਨੂੰ ਬੁਲਾਇਆ।

     ਕਰਨ ਕਾਰਕ : ਕਰਨ ਕਾਰਕ ਕਿਸੇ ਕਿਰਿਆ ਵਿੱਚ ਸਹਾਇਕ ਹੋਣ ਦਾ ਅਰਥ ਦਿੰਦਾ ਹੈ। ਹੇਠਲੇ ਵਾਕ ਵਿੱਚ ਸ਼ਬਦ ‘ਕੰਨੀਂ’ ਕਰਨ ਕਾਰਕ ਵਿੱਚ ਹੈ :

          16.     ਮੈਂ ਇਹ ਆਪਣੇ ਕੰਨੀਂ ਸੁਣਿਆ ਹੈ।

     ਕਰਨ ਕਾਰਕ ਦਾ ਪ੍ਰਗਟਾਵਾ ਸੰਬੰਧਕ ‘ਨਾਲ’ ਰਾਹੀਂ ਵੀ ਹੁੰਦਾ ਹੈ :

          17.     ਮੈਂ ਡੰਡੇ ਨਾਲ ਸੱਪ ਮਾਰਿਆ।

     ਸੰਪਰਦਾਨ ਕਾਰਕ : ਸੰਪਰਦਾਨ ਕਿਸੇ ਕਿਰਿਆ ਦਾ ਲਾਭ ਪ੍ਰਾਪਤ ਕਰਨ ਵਾਲੇ ਦਾ ਅਰਥ ਦਿੰਦਾ ਹੈ। ਹੇਠਲੇ ਵਾਕ ਵਿੱਚ ‘ਜਗਜੀਤ ਨੂੰ’ ਸੰਪਰਦਾਨ ਕਾਰਕ ਵਿੱਚ ਹੈ:

          18.     ਸੁਖਪਾਲ ਨੇ ਜਗਜੀਤ ਨੂੰ ਕਿਤਾਬ ਦਿੱਤੀ।

     ਅਪਾਦਾਨ ਕਾਰਕ : ਅਪਾਦਾਨ ਕਾਰਕ ਕਿਸੇ ਸਥਾਨ ਤੋਂ ਪਰੇ ਜਾਣ ਦਾ ਅਰਥ ਦਿੰਦਾ ਹੈ। ਹੇਠਲੇ ਵਾਕ ਵਿੱਚ ‘ਕੋਠਿਓਂ’ ਅਪਾਦਾਨ ਕਾਰਕ ਦਾ ਰੂਪ ਹੈ :

          19.     ਬੰਦਾ ਕੋਠਿਓਂ ਡਿੱਗ ਪਿਆ।

     ਅਪਾਦਾਨ ਦਾ ਪ੍ਰਗਟਾਵਾ ‘ਤੋਂ’ ਰਾਹੀਂ ਵੀ ਹੁੰਦਾ ਹੈ:

          20.     ਬੰਦਾ ਕੋਠੇ ਤੋਂ ਡਿੱਗ ਪਿਆ।

     ਅਧਿਕਰਨ ਕਾਰਕ : ਅਧਿਕਰਨ ਹੋ ਰਹੀ ਕਿਰਿਆ ਦੇ ਸਥਾਨ ਦਾ ਅਰਥ ਦਿੰਦਾ ਹੈ। ਹੇਠਲੇ ਵਾਕ ਵਿੱਚ ‘ਘਰੇ’ ਅਧਿਕਰਨ ਕਾਰਕ ਦਾ ਰੂਪ ਹੈ :

          21.     ਸਰਵਣ ਘਰੇ ਕੰਮ ਕਰ ਰਿਹਾ ਹੈ।

     ਅਧਿਕਰਨ ਦਾ ਪ੍ਰਗਟਾਵਾ ਸੰਬੰਧਕਾਂ ਰਾਹੀਂ ਵੀ ਹੋ ਸਕਦਾ ਹੈ। ਜਿਵੇਂ ਹੇਠਲੇ ਵਾਕ ਵਿੱਚ ‘ਉੱਤੇ’ ਸੰਬੰਧਕ ਅਧਿਕਰਨ ਕਾਰਕ ਨੂੰ ਪ੍ਰਗਟ ਕਰਦਾ ਹੈ:

          22.     ਕਿਤਾਬ ਮੇਜ਼ ਉੱਤੇ ਪਈ ਹੈ।

     ਸੰਬੋਧਨ ਕਾਰਕ : ਇਹ ਕਾਰਕ ਸੱਦੇ ਦੇ ਅਰਥ ਨੂੰ ਪ੍ਰਗਟ ਕਰਦਾ ਹੈ। ਹੇਠਲੇ ਵਾਕ ਵਿੱਚ ‘ਮੁੰਡਿਓ’ ਸੰਬੋਧਨ ਕਾਰਕ ਵਿੱਚ ਹੈ :

          23.     ਮੁੰਡਿਓ! ਬੈਠ ਜਾਓ!

     ਸੰਬੰਧ ਕਾਰਕ : ਦੋ ਨਾਂਵਾਂ ਦੇ ਸੰਬੰਧ ਦੇ ਅਰਥ ਨੂੰ ਪ੍ਰਗਟ ਕਰਨ ਵਾਲੇ ਕਾਰਕ ਨੂੰ ਸੰਬੰਧ ਕਾਰਕ ਦਾ ਨਾਮ ਦਿੱਤਾ ਗਿਆ ਹੈ। ਹੇਠਲੇ ਵਾਕ ਵਿੱਚ ‘ਦਾ’ ਸੰਬੰਧ ਕਾਰਕ ਨੂੰ ਪ੍ਰਗਟ ਕਰਦਾ ਹੈ :

          24.     ਜਗਤਾਰ ਦਾ ਘਰ ਸੋਹਣਾ ਹੈ।

     ਪੜਨਾਂਵਾਂ ਵਿੱਚ ਸੰਬੰਧ ਕਾਰਕ ਵਿਭਕਤੀ ਰਾਹੀਂ ਪ੍ਰਗਟ ਹੁੰਦਾ ਹੈ। ਹੇਠਲੇ ਵਾਕ ਵਿੱਚ ‘ਤੇਰਾ’ ‘ਤੂੰ’ ਦਾ ਸੰਬੰਧ ਕਾਰਕੀ ਰੂਪ ਹੈ :

          25.     ਤੇਰਾ ਘਰ ਸੋਹਣਾ ਹੈ।

     ਸੰਬੰਧਕੀ ਕਾਰਕ : ਕਿਸੇ ਸੰਬੰਧਕ ਤੋਂ ਪਹਿਲਾਂ ਨਾਂਵ ਜਾਂ ਪੜਨਾਂਵ ਇੱਕ ਵਿਸ਼ੇਸ਼ ਰੂਪ ਵਿੱਚ ਹੁੰਦੇ ਹਨ। ਇਸ ਰੂਪ ਨੂੰ ਸੰਬੰਧਕੀ ਕਾਰਕ ਰੂਪ ਕਿਹਾ ਜਾਂਦਾ ਹੈ। ਹੇਠਲੇ ਵਾਕ ਵਿੱਚ ‘ਲੜਕੇ’ ਸੰਬੰਧਕੀ ਕਾਰਕ ਵਿੱਚ ਹੈ :

          26.     ਲੜਕੇ ਕੋਲ ਕਿਤਾਬ ਹੈ।

     ਕਾਰਕ ਸੰਬੰਧੀ ਉੱਤੇ ਦਿੱਤੀ ਵਿਆਖਿਆ ਕਾਫ਼ੀ ਸਰਲ ਰੂਪ ਵਿੱਚ ਦਿੱਤੀ ਗਈ ਹੈ। ਵਿਸ਼ੇਸ਼ ਤੌਰ ’ਤੇ ਇਹ ਗੱਲ ਧਿਆਨ ਰੱਖਣ ਵਾਲੀ ਹੈ ਕਿ ਕਾਰਕ ਦੀ ਪਰਿਭਾਸ਼ਾ ਵਿੱਚ ਨਾਂਵਾਂ ਅਤੇ ਪੜਨਾਂਵਾਂ ਦੇ ਰੂਪ ਜਾਂ ਬਣਤਰ ਦੇ ਆਧਾਰ ’ਤੇ ਪਰਿਭਾਸ਼ਾ ਅਤੇ ਉਹਨਾਂ ਰਾਹੀਂ ਕੀਤੇ ਜਾ ਰਹੇ ਕਾਰਜ ਜਾਂ ਪ੍ਰਗਟ ਕੀਤੇ ਜਾ ਰਹੇ ਅਰਥ ਦੇ ਆਧਾਰ ’ਤੇ ਪਰਿਭਾਸ਼ਾ ਨੂੰ ਬਹੁਤਾ ਨਿਖੇੜਿਆ ਨਹੀਂ ਗਿਆ। ਪਰ ਅਜੋਕੇ ਬਹੁਤੇ ਵਿਦਵਾਨ ਕਾਰਕ ਦੀ ਪਰਿਭਾਸ਼ਾ ਨਾਂਵਾਂ ਅਤੇ ਪੜਨਾਂਵਾਂ ਦੇ ਕੇਵਲ ਰੂਪ ਜਾਂ ਬਣਤਰ ਦੇ ਆਧਾਰ ’ਤੇ ਹੀ ਕਰਦੇ ਹਨ, ਉਹਨਾਂ ਵੱਲੋਂ ਕੀਤੇ ਕਾਰਜ ਦੇ ਆਧਾਰ ’ਤੇ ਨਹੀਂ। ਇਸ ਤਰ੍ਹਾਂ ਹੇਠਲੇ ਵਾਕਾਂ ਵਿੱਚ ਨਾਂਵ ‘ਸੋਟਾ’ ਦਾ ਕਾਰਕ ਇੱਕੋ ਹੀ, ਯਾਨੀ ਕਿ ਸੰਬੰਧਕੀ ਕਾਰਕ ਹੀ ਕਿਹਾ ਜਾਵੇਗਾ :

          27.     ਉਸ ਨੇ ਸੋਟੇ ਤੋਂ ਰੱਸੀ ਖੋਲ੍ਹੀ।

          28.     ਉਸ ਨੇ ਸੋਟੇ ਨਾਲ ਸੱਪ ਮਾਰਿਆ।

          29.     ਉਸ ਨੇ ਕਿਤਾਬ ਸੋਟੇ ਕੋਲ ਰੱਖ ਦਿੱਤੀ।

     ਪਰ ਅਰਥ ਦੇ ਆਧਾਰ ’ਤੇ (27) ਵਿੱਚ ‘ਸੋਟਾ’ ਅਪਾਦਾਨ ਕਾਰਕ ਵਿੱਚ, (28) ਵਿੱਚ ਕਰਨ ਕਾਰਕ ਵਿੱਚ, ਅਤੇ (29) ਵਿੱਚ ਅਧਿਕਰਨ ਕਾਰਕ ਵਿੱਚ ਹੈ। ਸੋ ਕਾਰਕ ਦੀਆਂ ਰੂਪ ਜਾਂ ਬਣਤਰ ’ਤੇ ਆਧਾਰਿਤ ਅਤੇ ਅਰਥ ’ਤੇ ਆਧਾਰਿਤ ਪਰਿਭਾਸ਼ਾਵਾਂ ਦੇ ਨਿਖੇੜੇ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਇਹ ਵੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਕਾਰਕਾਂ ਦੀਆਂ ਹੋਰ ਵੀ ਬਹੁਤ ਕਿਸਮਾਂ ਹਨ, ਜੋ ਵੱਖ-ਵੱਖ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਕਾਰਕ ਬਣਤਰ ਦੇ ਆਧਾਰ ’ਤੇ ਭਾਸ਼ਾਵਾਂ ਦੀ ਵੱਖ- ਵੱਖ ਗਰੁੱਪਾਂ ਵਿੱਚ ਵੰਡ ਵੀ ਕੀਤੀ ਜਾਂਦੀ ਹੈ।


ਲੇਖਕ : ਜੋਗਾ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 41451, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕਾਰਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਕਾਰਕ: ਕਾਰਕ ਇਕ ਵਿਆਕਰਨਕ ਸ਼ਰੇਣੀ ਹੈ। ਕਾਰਕ ਦਾ ਘੇਰਾ ਵਾਕ ਵਿਚ ਨਾਂਵ ਵਾਕੰਸ਼ ਤੋਂ ਲੈ ਕੇ ਕਿਰਿਆ ਵਾਕੰਸ਼ ਤੱਕ ਫੈਲਿਆ ਹੋਇਆ ਹੁੰਦਾ ਹੈ। ਵਾਕ ਦੀ ਬਣਤਰ ਵਿਚ ਵਿਚਰਨ ਵਾਲੇ ਨਾਂਵ ਵਾਕੰਸ਼ ਦੇ ਅੰਦਰਲੇ ਵਾਕੰਸ਼ਕ ਸਬੰਧਾਂ ਅਤੇ ਨਾਂਵ ਵਾਕੰਸ਼ ਦਾ ਕਿਰਿਆ ਵਾਕੰਸ਼ ਦੇ ਅੰਤਰ-ਸਬੰਧਾਂ ਨੂੰ ਕਾਰਕ ਕਿਹਾ ਜਾਂਦਾ ਹੈ। ਇਹ ਅੰਤਰ-ਸਬੰਧ ਹਰ ਭਾਸ਼ਾ ਵਿਚ ਨਿਵੇਕਲੇ ਹੁੰਦੇ ਹਨ ਅਤੇ ਇਨ੍ਹਾਂ ਸਬੰਧਾਂ ਨੂੰ ਪਰਗਟਾਉਣ ਲਈ ਵਿਸ਼ੇਸ਼ ਸ਼ਾਬਦਕ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਹਰ ਕਾਰਕ ਦਾ ਆਪਣਾ ਇਕ ਕਾਰਜ ਖੇਤਰ ਹੁੰਦਾ ਹੈ। ਹਰ ਕਾਰਕ ਦੇ ਕਾਰਜ ਖੇਤਰ ਵਿਚ ਵਿਚਰਦਾ ਵਾਕਾਤਮਕ ਕਾਰਜ ਦੂਜੇ ਕਾਰਕਾਂ ਦੇ ਵਾਕਾਤਮਕ ਕਾਰਜ ਨਾਲੋਂ ਵੱਖਰਾ ਹੁੰਦਾ ਹੈ। ਕਾਰਕ ਦੁਆਰਾ ਵਾਕ ਵਿਚ ਵਿਚਰਨ ਵਾਲੇ ਤੱਤਾਂ ਦੇ ਵਾਕਾਤਮਕ-ਸਬੰਧਾਂ ਦਾ ਪਤਾ ਚਲਦਾ ਹੈ। ਇਹ ਸਬੰਧ ਦੋ ਤਰ੍ਹਾਂ ਨਾਲ ਉਜਾਗਰ ਹੁੰਦੇ ਹਨ : (i) ਗੁਪਤ ਤੌਰ ’ਤੇ ਵਿਚਰਦੇ ਵਾਕਾਤਮਕ-ਸਬੰਧ ਅਤੇ (ii) ਪਰਤੱਖ ਪੱਧਰ ’ਤੇ ਵਿਚਰਦੇ ਕਾਰਕ-ਸੂਚਕ ਚਿੰਨ੍ਹਾਂ ਰਾਹੀਂ ਉਨ੍ਹਾਂ ਦਾ ਪਰਗਟਾ। ਇਸ ਖੇਤਰ ਵਿਚ ਸੰਸਕ੍ਰਿਤ ਵਿਆਕਰਨਕਾਰ ਪਾਣਿਨੀ ਤੋਂ ਲੈ ਕੇ ਚੌਮਸਕੀ, ਐਂਡਰਸਨ, ਫਿਲਮੋਰ, ਚੇਫ, ਆਦਿ ਵਿਦਵਾਨਾਂ ਨੇ ਵੱਖੋ ਵੱਖਰੇ ਦਰਿਸ਼ਟੀਕੋਣਾਂ ਨੂੰ ਅਧਾਰ ਬਣਾ ਕੇ ਕਾਰਕੀ ਪਰਬੰਧ ਬਾਰੇ ਕੰਮ ਕੀਤਾ ਹੈ। ਦਰਿਸ਼ਟੀਕੋਣਾਂ ਦੇ ਵਖਰੇਵੇਂ ਕਰਕੇ ਇਕੋ ਹੀ ਭਾਸ਼ਾ ਦੇ ਕਾਰਕਾਂ ਦੀ ਮਾਤਰਾ ਵਿਚ ਅੰਤਰ ਮਿਲਦਾ ਹੈ।

        ਕਿਸੇ ਭਾਸ਼ਾ ਦੇ ਕਾਰਕੀ ਸਬੰਧਾਂ ਨੂੰ ਤਿੰਨ ਢੰਗਾਂ ਨਾਲ ਸਥਾਪਤ ਕੀਤਾ ਜਾਂਦਾ ਹੈ, ਜਿਵੇਂ : (i) ਸ਼ਬਦਾਂ ਦੇ ਵਿਚਰਨ ਦੀ ਤਰਤੀਬ ਰਾਹੀਂ, (ii) ਸਬੰਧਕਾਂ ਦੇ ਰੂਪ ਅਤੇ ਵਰਤੋਂ ਰਾਹੀਂ ਅਤੇ (iii) ਸ਼ਬਦਾਂ ਦੀ ਬਣਤਰ ਦੇ ਅੰਤ ’ਤੇ ਵਿਚਰਨ ਵਾਲੀਆਂ ਵਿਭਕਤੀਆਂ ਰਾਹੀਂ। ਭਾਵੇਂ ਪੰਜਾਬੀ ਸਥਾਨਮੁਕਤ (Nonconfigurational) ਭਾਸ਼ਾ ਹੈ। ਪਰੰਤੂ ਫਿਰ ਵੀ ਪੰਜਾਬੀ ਦੇ ਕਾਰਕ ਸਬੰਧ ’ਤੇ ਇਸ ਦਾ ਅਸਰ ਨਹੀਂ ਪੈਂਦਾ। ਵਾਕਾਂ ਵਿਚ ਵਿਚਰਨ ਵਾਲੇ ਸ਼ਬਦ ਜਦੋਂ ਸਥਾਨ ਪਰਿਵਰਤਨ ਕਰਦੇ ਹਨ ਤਾਂ ਉਹ ਆਪਣੇ ਸਬੰਧਕਾਂ ਅਤੇ ਵਿਭਕਤੀਆਂ ਸਮੇਤ ਇਕੱਠੇ ਹੀ ਕਰਦੇ ਹਨ, ਜਿਵੇਂ : ਮੁੰਡੇ ਨੇ ਮੈਥੋਂ ਰੋਟੀ ਖਾਧੀ, ਰੋਟੀ ਖਾਧੀ ਮੁੰਡੇ ਨੇ ਮੈਥੋਂ। ਪੰਜਾਬੀ ਵਿਚ ਸਬੰਧਕਾਂ ਅਤੇ ਵਿਭਕਤੀਆਂ ਦੇ ਅਧਾਰ ’ਤੇ ਵਾਕਾਤਮਕ ਸਬੰਧਾਂ ਨੂੰ ਸਥਾਪਤ ਕੀਤਾ ਜਾਂਦਾ ਹੈ। ਇਸ ਅਧਾਰ ’ਤੇ ਪੰਜਾਬੀ ਵਿਚ ‘ਸਧਾਰਨ, ਕਰਨ, ਅਪਾਦਾਨ, ਅਧਿਕਰਨ, ਸੰਪਰਦਾਨ, ਸੰਬੋਧਨ ਆਦਿ ਕਾਰਕ ਸਵੀਕਾਰੇ ਜਾਂਦੇ ਹਨ। ਸਧਾਰਨ ਕਾਰਕ ਵਿਚ ਨਾਂਵ ਵਾਕੰਸ਼ਾਂ ਦੀ ਬਣਤਰ ਵਿਚ ਵਿਚਰਨ ਵਾਲੇ ਕੇਂਦਰੀ ਸ਼ਬਦ ਮੂਲ ਰੂਪ ਵਿਚ ਵਿਚਰਦੇ ਹਨ ਅਤੇ ਇਨ੍ਹਾਂ ਦਾ ਕਿਰਿਆ ਵਾਕੰਸ਼ ਨਾਲ ਵਿਆਕਰਨਕ ਮੇਲ ਹੁੰਦਾ ਹੈ, ਜਿਵੇਂ : ਬੱਚਾ ਰੋਂਦਾ ਹੈ, ਬੱਚਾ ਚਾਹ ਪੀਂਦਾ ਹੈ, ਮੁੰਡੇ ਗੀਤ ਗਾਉਂਦੇ ਹਨ। ਸਬੰਧਕੀ ਸਥਿਤੀ ਵਿਚ ਕਾਰਕ ਨੂੰ ਨਿਰਧਾਰਤ ਕਰਨ ਲਈ ਸਬੰਧਕਾਂ (ਨੇ, ਨੂੰ) ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਬੰਧਕ ਵਾਕੰਸ਼-ਸੂਚਕ ਚਿੰਨ੍ਹ ਹਨ। ਇਨ੍ਹਾਂ ਦੇ ਵਿਚਰਨ ਨਾਲ ਵਾਕੰਸ਼ ਦੀ ਬਣਤਰ ਵਿਚ ਇਨ੍ਹਾਂ ਤੋਂ ਅੱਗੇ ਹੋਰ ਵਾਧਾ ਨਹੀਂ ਕੀਤਾ ਜਾ ਸਕਦਾ। ਸਬੰਧਕਾਂ ਤੋਂ ਪਹਿਲਾਂ ਵਿਚਰਨ ਵਾਲੇ ਨਾਂਵ ਆਪਣੀ ਰੂਪਾਵਲੀ ਦੇ ਸਬੰਧਕੀ ਰੂਪਾਂ ਵਿਚ ਵਿਚਰਦੇ ਹਨ, ਜਿਵੇਂ : ਮੁੰਡੇ ਨੇ ਰੋਟੀ ਖਾਧੀ, ਮਾਂ ਨੇ ਬੱਚੇ ਨੂੰ ਪਿੰਡ ਜਾਣ ਤੋਂ ਰੋਕਿਆ। ਕਰਨ ਕਾਰਕ ਰਾਹੀਂ ਵਾਕ ਵਿਚ ਹੋਣ ਵਾਲੇ ਕਾਰਜ ਦੇ ਢੰਗ ਜਾਂ ਸਾਧਨ ਨੂੰ ਪਰਗਟ ਕੀਤਾ ਗਿਆ ਹੁੰਦਾ ਹੈ। ਨਾਵਾਂ ਦਾ ਰੂਪ (-ਈਂ) ਅੰਤਕ ਹੁੰਦਾ ਹੈ ਅਤੇ ‘ਰਾਹੀਂ, ਨਾਲ, ਦੁਆਰਾ’ ਸਬੰਧਕ ਭਾਵ ਰੂਪ ਵਿਚ ਜਾਂ ਪਰਤੱਖ ਰੂਪ ਵਿਚ ਵਿਚਰਦੇ ਹਨ, ਜਿਵੇਂ : ‘ਆਪਣੇ ਹੱਥੀਂ ਕੰਮ ਕਰਨਾ’, ‘ਜੋਰੀਂ ਮੰਗੇ ਦਾਨ ਵੇ ਲਾਲੋ’। ਅਪਾਦਾਨ ਕਾਰਕ ਦੇ ਵਾਕਾਤਮਕ ਸਬੰਧਾਂ ਦਾ ਕਾਰਜ ਕਿਸੇ ਸਥਾਨ, ਵਿਚਾਰ, ਜਾਂ ਵਿਚਾਰ ਤੋਂ ਵੱਖ ਹੋਣ ਦੀ ਸਥਿਤੀ ਨੂੰ ਪਰਗਟ ਕਰਨਾ ਹੈ। ਰੂਪ ਪੱਖ ਤੋਂ ਨਾਵਾਂ, ਪੜਨਾਵਾਂ ਜਾਂ ਵਿਸ਼ੇਸ਼ਣਾਂ ਨਾਲ (-ਓਂ), (-ਇਓਂ), (-ਥੋਂ) ਦੀ ਵਰਤੋਂ ਹੁੰਦੀ ਹੈ ਜਾਂ ਅਪਾਦਾਨ-ਸੂਚਕ ਸਬੰਧਕ (ਤੋਂ) ਦੀ ਵਰਤੋਂ ਹੁੰਦੀ ਹੈ ਜਿਵੇਂ : ਘਰੋਂਘਰ+ਤੋਂ, ਕਾਲਿਓਂਕਾਲੇ+ਤੋਂ ਆਦਿ। ਅਧਿਕਰਨ ਕਾਰਕ ਰਾਹੀਂ ਨਾਂਵ ਦੇ ਕਾਰਜ ਦੇ ਦਰਿਸ਼ ਭਾਵ ਸਥਾਨ ਜਾਂ ਸਥਿਤੀ ਦਾ ਪਰਗਟਾਵਾ ਹੁੰਦਾ ਹੈ। ਇਸ ਦੀ ਸੂਚਨਾ (-ਏ, -ਈਂ) ਅੰਤਕ ਨਾਵਾਂ ਤੋਂ ਮਿਲਦੀ ਹੈ ਜੋ ‘ਵਿਚ’ ਸਬੰਧਕ ਦੇ ਸੂਚਕ ਹੁੰਦੇ ਹਨ, ਜਿਵੇਂ : ਉਹ ਪੈਰੀਂ ਡਿੱਗ ਪਿਆ, ਉਹ ਪੈਰਾਂ ਵਿਚ..., ਖੇਤੀਂਖੇਤ+ਈਂਖੇਤਾਂ ਵਿਚ ਆਦਿ। ਸੰਪਰਦਾਨ ਕਾਰਕ ਰਾਹੀਂ ਕਿਸੇ ਸਥਾਨ, ਵਸਤੂ ਜਾਂ ਕਾਰਜ ਆਦਿ ਨਾਲ ਮਿਲਣ ਜਾਂ ਜੁੜਨ ਦਾ ਭਾਵ ਪੈਦਾ ਹੁੰਦਾ ਹੈ। ਨਾਂਵ ਸ਼ਬਦਾਂ ਨਾਲ ‘-ਏ, -ਈ’ ਅੰਤਕ ਲੱਗਦੇ ਹਨ ਜੋ ‘ਨੂੰ, ਲਈ, ਵਾਸਤੇ’ ਦੇ ਸੂਚਕ ਹੁੰਦੇ ਹਨ, ਜਿਵੇਂ : ਸੌਹਰੀਂਸਹੁਰਿਆਂ ਨੂੰ, ਉਹ ਪਟਿਆਲੇ ਗਿਆ ਹੈਉਹ ਪਟਿਆਲੇ ਨੂੰ ਗਿਆ ਹੈ ਆਦਿ। ਸੰਬੋਧਨ ਕਾਰਕ, ਪੰਜਾਬੀ ਵਿਚ ਸੰਬੋਧਨ ਦੀ ਸੂਚਨਾ ਦੇਣ ਵਾਲੇ ਨਾਂਵ, ਵਾਕ ਤੋਂ ਪਹਿਲਾਂ ਵਿਚਰਦੇ ਹਨ। ਸੰਬੋਧਨ ਦੀ ਸੂਚਨਾ ਨਾਂਵਾਂ ਵਿਸ਼ੇਸ਼ਣਾਂ ਆਦਿ ਤੋਂ ਮਿਲ ਸਕਦੀ ਹੈ ਅਤੇ ਇਹ ਸ਼ਬਦ (-ਇਆ, -ਇਉਂ, -ਓ ਅਤੇ -ਆ) ਅੰਕਤਾਂ ਨਾਲ ਬੰਦ ਹੁੰਦੇ ਹਨ, ਜਿਵੇਂ : ‘ਮੁੰਡਿਆ, ਤੂੰ ਕਿੱਥੇ ਸੀ; ਦੋਸਤੋ, ਮੇਰੇ ਨਾਲ ਚੱਲੋ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 41404, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਕਾਰਕ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Factor (ਫ਼ੈਕਟਅ*) ਕਾਰਕ: (i) ਇਹ ਇਕ ਕਾਰਨ (cause) ਹੈ ਜੋ ਪ੍ਰਭਾਵ (effect) ਪੈਦਾ ਕਰਦਾ ਹੈ, ਜਿਵੇਂ ਇਕ ਵਿਚੱਲ (variable) ਹੋਰਾਂ ਵਿਚੱਲਾਂ ਵਿੱਚ ਅਸਮਾਨਤਾਵਾਂ (variation) ਪੈਦਾ ਕਰਦਾ ਹੈ। (ii) ਵਿਚੱਲਾਂ ਦਾ ਇਕ ਝੁੰਡ ਜਾਂ ਪਰਵਾਰ ਜਿਸ ਨੂੰ ਗੁਣਨਖੰਡ ਵਿਸ਼ਲੇਸ਼ਣ (factor analysis) ਵਿੱਚ ਪ੍ਰਯੋਗ ਕੀਤਾ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41388, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਕਾਰਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਰਕ 1 [ਨਾਂਪੁ] ਕਾਕ , ਡਾਟ 2 [ਨਾਂਪੁ] ਏਜੰਟ, ਕਾਰਿੰਦਾ 3 [ਨਾਂਪੁ] (ਭਾਵਿ) ਵਿਆਕਰਨ ਵਿੱਚ ਨਾਂਵ/ਪੜਨਾਂਵ ਦੀ ਉਹ ਅਵਸਥਾ ਜਿਸ ਰਾਹੀਂ ਇਸ ਦਾ ਕਿਰਿਆ ਨਾਲ਼ ਸੰਬੰਧ ਪ੍ਰਗਟ ਹੁੰਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41354, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਰਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਰਕ. ਸੰ. ਵਿ—ਕਰਨ ਵਾਲਾ. ਕਰਤਾ. ਇਸ ਸ਼ਬਦ ਦਾ ਵਿਸ਼ੇ੄ ਕਰਕੇ ਪ੍ਰਯੋਗ ਦੂਜੇ ਸ਼ਬਦਾਂ ਨਾਲ ਮਿਲਕੇ ਹੋਇਆ ਕਰਦਾ ਹੈ, ਜੈਸੇ—ਸੁਖਕਾਰਕ, ਦੁਖਕਾਰਕ ਆਦਿ। ੨ ਸੰਗ੍ਯਾ—ਵ੍ਯਾਕਰਣ ਅਨੁਸਾਰ ਸੰਗ੍ਯਾ ਅਥਵਾ ਸਰਵਨਾਮ ਸ਼ਬਦ ਦੀ ਉਹ ਅਵਸਥਾ, ਜਿਸ ਨਾਲ ਉਸ ਦੀ ਕ੍ਰਿਯਾ ਨਾਲ ਸੰਬੰਧ ਪ੍ਰਗਟ ਹੋਵੇ. Case. ਕਾਰਕ ਛੀ ਹਨ—

ਕਰਤਾ, ਕਰਮ , ਕਰਣ, ਸੰਪ੍ਰਦਾਨ, ਅਪਾਦਾਨ ਅਤੇ ਅਧਿਕਰਣ. ਇਨ੍ਹਾਂ ਵਿੱਚ ੄੄਎੢ ਵਿਭਕਤੀ ਬਿਨਾ ਹੋਰ ਸਭੋ ਵਿਭਕਤੀਆਂ ਯਥਾਕ੍ਰਮ ਲਗਦੀਆਂ ਹਨ.2

ਉਦਾਹਰਣ—

(ੳ) ਕਰਤਾ—ਗੁਰਮੁਖ ਸਿੰਘ ਪਾਠ ਕਰਦਾ ਹੈ. ਗੁਰੂ ਦੇ ਸਿੱਖ ਨੇ ਅਰਦਾਸ ਕੀਤੀ.

(ਅ) ਕਰਮ—ਸਿੱਖ ਨੂੰ ਪ੍ਰਸਾਦ ਛਕਾਇਆ.

(ੲ) ਕਰਣ—ਕਲਮ ਨਾਲ ਲਿਖੋ.

(ਸ) ਸੰਪ੍ਰਦਾਨ—ਮੇਰੇ ਲਈ ਘੋੜਾ ਲਿਆਓ.

(ਹ) ਅਪਾਦਾਨ—ਗ੍ਰੰਥੀ ਤੋਂ ਪੋਥੀ ਲੈ ਆਓ.

(ਕ) ਸੰਬੰਧ—ਬਾਬੇ ਕਾਲੂ ਦਾ ਪੁਤ੍ਰ ਜਗਤ ਦੇ ਉਧਾਰ ਹਿਤ ਆਇਆ.

(ਖ) ਅਧਿਕਰਣ—ਗੁਰਦ੍ਵਾਰੇ ਵਿੱਚ ਕੀਰਤਨ ਹੁੰਦਾ ਹੈ.

੩ ਦੇਖੋ, ਡਾਟ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 40981, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਰਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਰਕ : ਕਾਰਕ ਕੁਢੱਬੇ, ਪਤਲੇ ਅਤੇ ਮੋਮ-ਵਰਗੇ ਪਦਾਰਥ ਦੀ ਤਹਿ ਚੜ੍ਹੇ ਅਜਿਹੇ ਸੈੱਲਾਂ ਦਾ ਬਣਿਆ ਹੁੰਦਾ ਹੈ ਜਿਨ੍ਹਾਂ ਦੀਆਂ ਕਈ ਪਰਕਾਰ ਦੇ ਰੁੱਖਾਂ ਦੀਆਂ ਛਿੱਲੜਾਂ ਬਣੀਆਂ ਹੁੰਦੀਆਂ ਹਨ। ਭਾਵੇਂ ਹੈਕਬਰੀ ਦੇ ਤਣੇ ਉਤਲੇ ਬਾਹਰ ਨੂੰ ਵਧੇ ਅਤੇ ਉੱਭਰੇ ਹੋਏ ਹਿੱਸੇ ਜਾਂ ਭੋਜ ਪੱਤਰਾਂ ਦੇ ਛਿੱਲੜਾਂ ਨੂੰ ਵੀ ਇਸ ਪਰਿਭਾਸ਼ਾ ਅਨੁਸਾਰ ਕਾਰਕ ਕਿਹਾ ਜਾ ਸਕਦਾ ਹੈ। ਓਕ ਦੀ ਛਿੱਲ ਹੀ ਵਪਾਰਕ ਤੌਰ ਤੇ ਕਾਰਕ ਅਖਵਾਉਂਦੀ ਹੈ। ਥੋੜ੍ਹਾ ਜਿਹਾ ਵਪਾਰਕ ਕਾਰਕ ਬਰਾਜ਼ੀਲ ਵਿਚ “ਪਾਅ ਸਾਂਟੋ” ਕਿਲਮਿਏਰਾ ਕੋਰੀਏਸੀਆ (Keilmeyera Coriacea) ਅਤੇ ਜਾਪਨ ਵਿਚ ਉੱਥੋਂ ਦੇ ਓਕ “ਕਵੈਰਕੱਸ ਵੋਰੀਏਬਲੀਜ਼” (Quercus variabilis) ਤੋਂ ਪੈਦਾ ਕੀਤਾ ਜਾਂਦਾ ਹੈ। ਕਾਰਕ ਓਕ ਪੁਰਤਗਾਲ, ਸਪੇਨ, ਦੱਖਣੀ ਫ਼ਰਾਂਸ ਦੇ ਕੁਝ ਹਿੱਸੇ, ਇਟਲੀ ਅਤੇ ਉੱਤਰੀ ਅਫ਼ਰੀਕਾ ਵਿਚ ਬਹੁਤ ਵੱਡੀ ਮਾਤਰਾ ਵਿਚ ਕੁਦਰਤੀ ਤੌਰ ਤੇ ਮਿਲਦਾ ਹੈ। ਇਹ ਸੰਯੁਕਤ ਰਾਜ ਅਮਰੀਕਾ ਵਿਚ ਕੈਲਿਫੋਰਨੀਆ ਦੀ ਇਕ ਮਹੱਤਵਪੂਰਨ ਫ਼ਸਲ ਹੈ। ਸੰਸਾਰ ਦੀ ਕਾਰਕ ਦੀ ਕੁਝ ਸਾਲਾਨਾ ਪੈਦਾਵਾਰ ਦਾ 50 ਪ੍ਰਤਿਸ਼ਤ ਤੋਂ 60 ਪ੍ਰਤਿਸ਼ਤ ਤਕ ਸੰਯੁਕਤ ਰਾਜ ਵਿਚ ਭੇਜਿਆ ਜਾਂਦਾ ਹੈ।

          ਕਾਰਕ ਓਕ ਦੇ ਛਿੱਲੜ ਦੇ ਅੰਦਰਵਾਰ ਇਕਸਾਰ ਅਤੇ ਲਗਾਤਾਰ ਤੰਤੂ ਪੁਨਰ-ਉਤਪਤੀ ਹੁੰਦੀ ਰਹਿੰਦੀ ਹੈ। ਜਦੋਂ ਉਪਰਲਾ ਛਿੱਲੜ ਉਤਾਰ ਲਿਆ ਜਾਂਦਾ ਹੈ ਤਾਂ ਇਹ ਤੰਤੂ ਆਪਣੇ ਆਪ ਕਾਰਕ ਦੇ ਸੈੱਲਾਂ ਦੇ ਰੂਪ ਵਿਚ ਵਿਕਸਿਤ ਹੋ ਜਾਂਦੇ ਹਨ। ਇਕ ਪੂਰੇ ਵਧੇ-ਫੁੱਲੇ ਰੁੱਖ ਵਿਚ ਤਿੰਨ ਤੋਂ ਦਸ ਸਾਲ ਦੇ ਅੰਦਰ ਅੰਦਰ ਲਗਭਗ 2 ਤੋਂ 7 ਸੈਂ.ਮੀ. ਮੋਟਾ ਛਿੱਲੜ ਤਿਆਰ ਹੋ ਜਾਂਦਾ ਹੈ। ਇਸ ਤਰ੍ਹਾਂ ਉਤਾਰੇ ਹੋਏ ਇਨ੍ਹਾਂ ਛਿੱਲੜਾਂ ਨੂੰ ਵਪਾਰਕ ਕਾਰਕ-ਸਲੈਬਾਂ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਉਤਾਰੀ ਹੋਈ ਛਿੱਲੜ ਸਲੈਬ ਖ਼ੁਰਦਰੀ ਅਤੇ ਬੇਕਾਇਦਾ ਹੁੰਦੀ ਹੈ, ਜਿਸ ਨੂੰ ਕੇਵਲ ਪੀਸਿਆ ਹੀ ਜਾਂਦਾ ਹੈ। ਇਥੋਂ ਤੱਕ ਕਿ ਦੂਜੀ ਛਿੱਲੜ ਸਲੈਬ ਬੋਤਲਾਂ ਦੇ ਢੱਕਣ ਆਦਿ ਬਣਾਉਣ ਲਈ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੀ, ਜਦੋਂ ਕਿ ਤੀਜੀ ਅਤੇ ਮਗਰਲੀਆਂ ਸਾਰੀਆਂ ਛਿੱਲੜ-ਸਲੈਬਾਂ ਇਸ ਕੰਮ ਲਈ ਬਿਲਕੁਲ ਠੀਕ ਹੁੰਦੀਆਂ ਹਨ।

          ਕਾਰਕ ਦੇ ਤਣੇ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਸ ਦੇ ਸੈੱਲ ਜਿਨ੍ਹਾਂ ਵਿਚ 35 ਪ੍ਰਤਿਸ਼ਤ ਫ਼ੈਟੀ ਐਸਿਡ ਹੁੰਦੇ ਹਨ, ਇਨ੍ਹਾਂ ਵਿਚੋਂ ਪਾਣੀ ਨਹੀਂ ਲੰਘ ਸਕਦਾ ਅਤੇ ਇਹ ਲਿਫ਼ਵੇਂ ਹੁੰਦੇ ਹਨ। ਇਸੇ ਕਰਕੇ ਇਹ ਸੈੱਲ ਤਰਲ ਪਦਾਰਥਾਂ ਨੂੰ ਵਗਣ ਤੋਂ ਰੋਕਣ ਦੀ ਸਮਰੱਥਾ ਰਖਦੇ ਹਨ। ਅਣਅਨੁਕੂਲ ਜਲਵਾਯੂ ਦਾ ਇਸ ਉਤੇ ਬਹੁਤ ਪ੍ਰਭਾਵ ਪੈਂਦਾ ਹੈ। ਇਸੇ ਕਰਕੇ ਓਕ ਦੇ ਤਣੇ ਨੂੰ ਗਰਮੀਆਂ ਵਿਚ ਗਰਮੀ ਅਤੇ ਖ਼ੁਸ਼ਕ ਹਵਾਵਾਂ ਤੋਂ ਬਚਾਉਣ ਦੀ ਲੋੜ ਹੁੰਦੀ ਹੈ।

          ਜਦੋਂ ਕਾਰਕ ਨੂੰ ਕੱਟਿਆ ਜਾਂਦਾ ਹੈ ਤਾਂ ਕੱਟ ਵਾਲੀ ਥਾਂ ਹਜ਼ਾਰਾਂ ਛੋਟੇ ਛੋਟੇ ਅਰਧ-ਗੋਲਿਆਂ ਨਾਲ ਭਰੀ ਦਿਖਾਈ ਦਿੰਦੀ ਹੈ, ਜਿਵੇਂ ਕਿ ਇਕ ਰਬੜ ਦੀ ਡਿਸਕ ਦੇ ਸ਼ੀਸ਼ੇ ਜਾਂ ਕਿਸੇ ਹੋਰ ਨਰਮ ਸਤ੍ਹਾ ਨੂੰ ਜਕੜਿਆ ਹੁੰਦਾ ਹੈ। ਸਿੱਲ੍ਹੇ ਜਾਂ ਖ਼ੁਸ਼ਕ, ਸਾਫ਼ ਜਾਂ ਚਿਕਨੇ ਇਹ ਛੋਟੇ ਛੋਟੇ ਚੂਸਣ (ਸਕਸ਼ਨ) ਕੱਪ ਥੋੜ੍ਹੇ ਜਿਹੇ ਦਬਾਉ ਹੇਠ ਆਸਾਨੀ ਨਾਲ ਵੱਖਰੇ ਕੀਤੇ ਜਾ ਸਕਦੇ ਹਨ। ਵਧੇਰੇ ਰਗੜ ਸਹਿਣ-ਸ਼ਕਤੀ ਅਤੇ ਪੂਰਨ ਪ੍ਰਤਿਰੋਧਤਾ ਕਾਰਨ ਇਸ ਦੀ ਵਰਤੋਂ ਮੁੱਖ ਤੌਰ ਤੇ ਮੁੱਠਿਆਂ, ਆਵਾਜ਼-ਰਹਿਤ ਫ਼ਰਸ਼, ਬਾਬਿਨ ਅਤੇ ਰੋਲਰਾਂ ਲਈ ਕੀਤੀ ਜਾਂਦੀ ਹੈ। ਇਸ ਦੇ ਸੈੱਲਾਂ ਵਿਚ ਹਵਾ ਹੋਣ ਕਰਕੇ ਇਹ ਇਕ ਹਲਕਾ ਪਦਾਰਥ ਹੈ।

          ਪਹਿਲੀ ਸਦੀ ਦੇ ਨੇੜੇ ਤੇੜੇ ਰੋਮ ਵਾਸੀ ਆਮ ਤੌਰ ਤੇ ਕਾਰਕ ਦੀ ਵਰਤੋਂ ਵਸਤਾਂ ਨੂੰ ਤਰਦਿਆਂ ਰਖਣ ਵਾਸਤੇ (ਫਲੋਟ) ਕਰਦੇ ਸਨ। ਕਾਰਕ ਨੂੰ ਸੰਭਾਲ ਕੇ ਰਖਣ ਦੀ ਮਹੱਤਤਾ ਦਾ ਕਾਫ਼ੀ ਦੇਰ ਮਗਰੋਂ ਅਹਿਸਾਸ ਹੋਇਆ, ਕਿਉਂਕਿ ਕਾਰਕ ਦੇ ਸੈੱਲ ਗ਼ੁਬਾਰੇ ਵਾਂਗ ਹੁੰਦੇ ਹਨ, ਜਿਹੜੇ ਦਬਾਏ ਜਾ ਸਕਦੇ ਹਨ ਅਤੇ ਦਬਾਉ ਹਟਾਉਣ ਉਪਰੰਤ ਪਹਿਲੀ ਅਵਸਥਾ ਵਿਚ ਵਾਪਸ ਆ ਜਾਂਦੇ ਹਨ। ਇਸ ਦੀ ਵਧੇਰੇ ਵਰਤੋਂ ਭਾਰੀਆਂ ਮਸ਼ੀਨਾਂ ਨੂੰ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਾਉਣ ਲਈ ਗੱਦੇਦਾਰ, ਪੈਕਿੰਗ ਆਦਿ ਵਿਚ ਕੀਤੀ ਜਾਂਦੀ ਹੈ।

          ਕਾਰਕ ਰਸਾਇਣਿਕ ਤੌਰ ਤੇ ਉਦਾਸੀਨ ਹੈ। ਹਲਕੇ ਤੇਜ਼ਾਬਾਂ, ਖਾਰਾਂ ਅਤੇ ਹੋਰ ਕਾਰਬਨੀ ਘੋਲਕਾਂ ਦਾ ਇਸ ਉੱਤਰ ਕੋਈ ਅਸਰ ਨਹੀਂ ਹੁੰਦਾ। ਇਸੇ ਕਰਕੇ ਇਸ ਦੀ ਵਰਤੋਂ ਡਾਟਾਂ, ਸਪਾਟਰਾਂ ਆਦਿ ਲਈ ਕੀਤੀ ਜਾਂਦੀ ਹੈ। ਇਹ ਨਾ ਤਾਂ ਅੱਗ ਬਲਨ ਵਿਚ ਸਹਾਇਤਾ ਕਰਦਾ ਹੈ ਅਤੇ ਨਾ ਹੀ ਬਹੁਤਾ ਚਿਰ ਰਖਣ ਨਾਲ ਇਸ ਤੇ ਕੋਈ ਅਸਰ ਪੈਂਦਾ ਹੈ। ਇਹ ਸੁਆਦ-ਰਹਿਤ, ਗੰਧ-ਰਹਿਤ, ਸੁਆਦਲੀ ਛੋਹ ਵਾਲਾ ਤੇ ਰੰਗਦਾਰ ਹੁੰਦਾ ਹੈ।

          ਕਾਰਕ ਵਿਚ ਹਵਾ ਦੇ ਬੁਲਬੁਲੇ ਹੋਣ ਕਰ ਕੇ ਇਸ ਦਾ ਸਭ ਤੋਂ ਮਹੱਤਵਪੂਰਨ ਉਪਯੋਗ ਇਕ ਰੋਧਕ ਅਤੇ ਧੁਨੀ-ਰੋਧੀ ਪਦਾਰਥ ਵਜੋਂ ਵਰਤੋਂ ਕਰਨਾ ਹੈ, ਜਿਵੇਂ ਕਿ ਰੈਫ਼ਰੀਜਰੇਟਰਾਂ ਦੇ ਚੈਂਬਰਾਂ ਆਦਿ ਵਿਚ। ਰੰਗ ਅਤੇ ਬਣਤਰ ਕਰਕੇ, ਇਸ ਦਾ ਉਪਯੋਗ ਸਜਾਵਟੀ, ਸਾਧਨਾਂ ਲਈ ਵੀ ਕੀਤਾ ਜਾਂਦਾ ਹੈ। ਇਸ ਤੋਂ ਬਿਨਾਂ ਗੈਸਕਟਾਂ, ਫਲੋਟ, ਹੱਥੇ, ਢੱਕਣ ਦੀ ਪੈਕਿੰਗ, ਬਫ਼ਰਜ਼ ਅਤੇ ਪੈਡ ਆਦਿ ਤਿਆਰ ਕਰਨ ਲਈ ਕਾਰਕ ਦਾ ਉਪਯੋਗ ਆਮ ਕੀਤਾ ਜਾਂਦਾ ਹੈ।

          ਹ. ਪੁ.––ਐਨ. ਬ੍ਰਿ. 6 : 501


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 30453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਕਾਰਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਰਕ, (ਅੰਗਰੇਜ਼ੀ : Cork; ਸਪੈਨਿਸ਼, Corcho; ਲਾਤੀਨੀ : Cortex=ਛਿਲਕਾ) \ ਪੁਲਿੰਗ : ੧. ਕਾਕ, ਡਾਂਟ, ਕਾਗ, ੨. ਸ਼ਾਹ ਬਲੂਤ ਦੇ ਦਰੱਖ਼ਤ ਦਾ ਨਰਮ ਛਿਲਕਾ ਜਿਸ ਦੇ ਡਾਟ ਆਦਿ ਬਣਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4285, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-16-04-42-26, ਹਵਾਲੇ/ਟਿੱਪਣੀਆਂ:

ਕਾਰਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਰਕ, (ਸੰਸਕ੍ਰਿਤ) \ ਵਿਸ਼ੇਸ਼ਣ : ਕਰਨ ਵਾਲਾ, ਬਣਾਉਣ ਵਾਲਾ; ਪੁਲਿੰਗ : ੧. ਏਜੰਟ ਕਰਿੰਦਾ, ੨. ਵਿਆਕਰਣ ਵਿੱਚ ਨਾਂਵ, ਪੜਨਾਂਵ ਦੀ ਉਹ ਅਵਸਥਾ ਜਿਸ ਰਾਹੀਂ ਇਸ ਦਾ ਕਿਰਿਆ ਨਾਲ ਕਿਸੇ ਨਾਲ ਕਿਸੇ ਵਾਕ ਵਿੱਚ ਸਬੰਧ ਪਰਗਟ ਹੁੰਦਾ ਹੈ। ਇਹ ਅੱਠ ਹੁੰਦੇ ਹਨ ਕਰਤਾ ਕਰਮ ਕਰਣ ਸੰਪਰਦਾਨ ਅਪਾਦਾਨ ਸਬੰਧਕੀ ਅਧੀਕਰਣ ਤੇ ਸੰਬੋਧਣ ਕਾਰਕ; ੩. ਪਛੇਤਰ ਸ਼ਬਦਾਂ ਦੇ ਪਿਛੋਂ ਲੱਗ ਕੇ ਇਹ ਕਰਨ ਵਾਲਾ ਦੇ ਅਰਥ ਦਿੰਦਾ ਹੈ ਜਿਵੇਂ–ਹਾਨੀਕਾਰਕ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4045, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-16-04-42-45, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.