ਕਾਰਜਕਾਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਰਜਕਾਰੀ [ਵਿਸ਼ੇ] ਕਾਰਜ ਪਾਲਿਕਾ, ਪ੍ਰਬੰਧਕ, ਇੰਤਜ਼ਾਮੀਆ, ਕਾਰਜ-ਸਾਧਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2679, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਰਜਕਾਰੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Officiating_ਕਾਰਜਕਾਰੀ: ਕਿਸੇ ਅਹੁਦੇ ਤੇ ਕੰਮ ਕਰਨਾ, ਲੇਕਿਨ ਕਈ ਵਾਰ ਇਸ ਸ਼ਬਦ ਦੀ ਵਰਤੋਂ ਕਿਸੇ ਹੋਰ ਵਿਅਕਤੀ ਦੇ ਨਮਿਤ ਕਾਰਜ ਕਰਨ ਦੇ ਸਬੰਧ ਵਿਚ ਕੀਤੀ ਜਾਂਦੀ ਹੈ। (ਸ਼ਿਵਦਿਆਲ ਬਨਾਮ ਉੱਤਰ ਪ੍ਰਦੇਸ ਰਾਜ-ਏ ਆਈ ਆਰ 1953 ਇਲਾਹ. 664)।

       ਸਰਵ ਉੱਚ ਅਦਾਲਤ ਨੇ ਇਸ ਸ਼ਬਦ ਦੇ ਅਰਥ ਸਪਸ਼ਟ ਕਰਦਿਆਂ ਅਰੁਨ ਕੁਮਾਰ ਚੈਟਰਜੀ ਬਨਾਮ ਦੱਖਣ ਪੂਰਬੀ ਰੇਲਵੇ (ਏ ਆਈ ਆਰ 1985 ਐਸ ਸੀ 482) ਵਿਚ ਕਿਹਾ ਹੈ ਕਿ ਇਸ ਸ਼ਬਦ ਦੀ ਵਰਤੋਂ ਸਾਧਾਰਨ ਤੌਰ ਤੇ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਸਰਕਾਰੀ ਨੌਕਰ ਨੂੰ ਇਕ ਆਸਾਮੀ  ਸਥਾਈ ਜਾਂ ਸਬਸਵੈਂਟਿਵ ਤੌਰ ਤੇ ਧਾਰਨ ਕੀਤੇ ਹੋਣ ਤੇ, ਕਿਸੇ ਉਚੇਰੇ ਰੈਂਕ ਦੀ ਆਸਾਮੀ ਤੇ ਨਿਯੁਕਤ ਕੀਤਾ ਜਾਂਦਾ ਹੈ, ਪਰ ਸਥਾਈ ਜਾਂ ਸਬਸਟੈਂਟਿਵ ਤੌਰ ਤੇ ਨਹੀਂ; ਉਦੋਂ ਉਸ ਦਾ ਆਪਣੀ ਸਬਸਟੈਂਟਿਵ ਆਸਾਮੀ ਤੇ ਲੀਅਨ ਕਾਇਮ ਰੱਖਿਆ ਜਾਂਦਾ ਹੈ ਅਤੇ ਉਹ ਉਚੇਰੇ ਰੈਂਕ ਦੀ ਆਸਾਮੀ ਤੇ ਪੱਕਾ ਕੀਤੇ ਜਾਣ ਤੱਕ ਕਾਰਜਕਾਰੀ ਰੂਪ ਵਿਚ ਕੰਮ ਕਰਦਾ ਹੈ। ਇਸ ਤਰ੍ਹਾਂ ਦੀ ਕਾਰਜਕਾਰੀ ਨਿਯੁਕਤੀ ਉਦੋਂ ਕੀਤੀ ਜਾਂਦੀ ਹੈ ਜਦੋਂ ਉਚੇਰੇ ਰੈਂਕ ਦੀ ਆਸਾਮੀ, ਉਸ ਆਸਾਮੀ ਤੇ ਕੰਮ ਕਰ ਰਹੇ ਵਿਅਕਤੀ ਦੀ ਮਿਰਤੂ ਜਾਂ ਰਿਟਾਇਰ ਹੋਣ ਤੇ ਜਾਂ ਹੋਰਵੇਂ ਕੱਚੇ ਰੂਪ ਵਿਚ ਖ਼ਾਲੀ ਹੁੰਦੀ ਹੈ। ਇਸ ਦੇ ਮੁਕਾਬਲੇ ਵਿਚ ‘ਕੱਚੇ’ ਸ਼ਬਦ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਇਹ ਵਿਖਾਉਣਾ ਹੋਵੇ ਕਿ ਕਿਸੇ ਵਿਅਕਤੀ ਨੂੰ ਸਿਵਲ ਸੇਵਾ ਵਿਚ ਪਹਿਲੀ ਵਾਰੀ ਨਿਯੁਕਤ ਕੀਤਾ ਗਿਆ ਹੈ ਅਤੇ ਨਿਯੁਕਤੀ ਪੱਕੀ ਨਹੀਂ ਸਗੋਂ ਕੱਚੀ ਹੈ ਅਰਥਾਤ ਤਤਸਮੇਂ ਲਈ ਹੈ ਅਤੇ ਉਸ ਆਸਾਮੀ ਤੇ ਉਸਦਾ ਅਧਿਕਾਰ ਨਹੀਂ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਕਾਰਜਕਾਰੀ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਕਾਰਜਕਾਰੀ : ਕਾਰਜਕਾਰੀ ਸ਼ਬਦ ਦਾ ਅਰਥ ਸਰਕਾਰ ਦੇ ਉਸ ਭਾਗ ਤੋਂ ਹੈ, ਜੋ ਰਾਜ ਦੀ ਇੱਛਾ ਨੂੰ ਲਾਗੂ ਕਰਦਾ ਹੈ। ਉਸ ਇੱਛਾ ਨੂੰ, ਜੋ ਵਿਧਾਨ-ਮੰਡਲ ਦੁਆਰਾ ਕਨੂੰਨਾਂ ਦੇ ਰੂਪ ਵਿੱਚ ਸਾਮ੍ਹਣੇ ਆਉਂਦੀ ਹੈ। ਵਿਆਪਕ ਰੂਪ ਵਿੱਚ ਸਰਕਾਰ ਦੀ ਕਾਰਜਕਾਰੀ ਸ਼ਾਖ਼ਾ ਅਧੀਨ ਵਿਧਾਨ-ਮੰਡਲ ਅਤੇ ਅਦਾਲਤੀ ਕਾਰਜਾਂ ਵਿੱਚ ਲੱਗੇ ਹੋਏ ਅਧਿਕਾਰੀਆਂ ਨੂੰ ਛੱਡ ਕੇ ਰਾਜ ਦੇ ਬਾਕੀ ਸਾਰੇ ਅਧਿਕਾਰੀ ਆ ਜਾਂਦੇ ਹਨ। ਇਸ ਦਾ ਅਰਥ ਹੈ ਕਿ ਕਾਰਜਕਾਰੀ ਅਧੀਨ ਰਾਜ ਦੇ ਸਾਰੇ ਪ੍ਰਸ਼ਾਸਕੀ ਅਧਿਕਾਰੀ ਭਾਵ ਰਾਸ਼ਟਰਪਤੀ ਤੋਂ ਲੈ ਕੇ ਚਪੜਾਸੀ ਤੱਕ ਸ਼ਾਮਲ ਹੁੰਦੇ ਹਨ।

ਕਾਰਜਕਾਰੀ ਦੇ ਦੋ ਭਾਗ ਹੁੰਦੇ ਹਨ 1. ਰਾਜਨੀਤਿਕ ਕਾਰਜਕਾਰੀ, ਜਿਸ ਵਿੱਚ ਰਾਜ ਦਾ ਪ੍ਰੈਜ਼ੀਡੈਂਟ ਅਤੇ ਮੰਤਰੀ ਹੁੰਦੇ ਹਨ ਅਤੇ 2. ਸਥਾਈ ਕਾਰਜਕਾਰੀ, ਜਿਸ ਵਿੱਚ ਰਾਜ ਕਰਮਚਾਰੀ ਹੁੰਦੇ। ਰਾਜਨੀਤਿਕ ਕਾਰਜਕਾਰੀ ਨੀਤੀ ਨਿਰਧਾਰਿਤ ਕਰਦਾ ਹੈ ਅਤੇ ਸਥਾਈ ਕਾਰਜਕਾਰੀ ਉਸ ਨੀਤੀ ਨੂੰ ਅਮਲੀ ਰੂਪ ਦਿੰਦਾ ਹੈ। ਕਾਰਜਕਾਰੀ ਸ਼ਬਦ ਦਾ ਨਿਸਬਤਨ ਸੰਕੋਚਵੇਂ ਅਰਥਾਂ ਵਿੱਚ ਵੀ ਪ੍ਰਯੋਗ ਹੁੰਦਾ ਹੈ ਅਤੇ ਉਸ ਵਿੱਚ ਰਾਜ ਦੇ ਪ੍ਰੈਜ਼ੀਡੈਂਟ ਅਤੇ ਉਸ ਦੇ ਮੰਤਰੀਆਂ ਨੂੰ ਹੀ ਸ਼ਾਮਲ ਕੀਤਾ ਜਾਂਦਾ । ਉਦਾਹਰਨ ਵਜੋਂ ਗ੍ਰੇਟ ਬ੍ਰਿਟੇਨ ਵਿੱਚ ਕਾਰਜਕਾਰੀ ਅਧੀਨ ਬਾਦਸ਼ਾਹ ਅਤੇ ਮੰਤਰੀ-ਮੰਡਲ ਸ਼ਾਮਲ ਹਨ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਰਾਸ਼ਟਰਪਤੀ ਅਤੇ ਉਸ ਦੇ ਮੰਤਰੀ।

ਕਾਰਜਕਾਰੀ ਦੀਆਂ ਕਈ ਕਿਸਮਾਂ ਰਹੀਆਂ ਹਨ। ਇਸ ਸਮੇਂ ਸੰਸਾਰ ਵਿੱਚ ਕਈ ਪ੍ਰਕਾਰ ਦੇ ਕਾਰਜਕਾਰੀ ਹਨ, ਭਾਰਤ ਅਤੇ ਬ੍ਰਿਟੇਨ ਵਿੱਚ ਵਾਸਤਵਿਕ ਕਾਰਜਕਾਰੀ ਸ਼ਕਤੀ ਮੰਤਰੀ-ਮੰਡਲ ਵਿੱਚ ਨਿਹਿਤ ਹੈ ਅਤੇ ਇਹ ਮੰਤਰੀ-ਮੰਡਲ ਸੰਸਦ ਦੇ ਮੈਂਬਰਾਂ ਵਿੱਚੋਂ ਚੁਣਿਆ ਜਾਂਦਾ ਹੈ। ਸੰਯੁਕਤ ਰਾਜ ਅਮਰੀਕਾ ਵਿੱਚ ਇਹ ਸ਼ਕਤੀ ਰਾਸ਼ਟਰਪਤੀ ਦੇ ਹੱਥਾਂ ਵਿੱਚ ਹੈ ਅਤੇ ਰਾਸ਼ਟਰਪਤੀ ਦੀ ਚੋਣ ਮੰਡਲ ਕਰਦਾ ਹੈ। ਸਵਿਟਜ਼ਰਲੈਂਡ ਵਿੱਚ ਇਹ ਸ਼ਕਤੀ ਇੱਕ ਸੰਘੀ ਪਰਿਸ਼ਦ ਨੂੰ ਸੌਂਪੀ ਗਈ ਹੈ। ਇਸ ਪਰਿਸ਼ਦ ਦੇ ਸੱਤ ਮੈਂਬਰ ਹੁੰਦੇ ਹਨ ਜਿਨ੍ਹਾਂ ਨੂੰ ਵਿਧਾਨ-ਮੰਡਲ ਚੁਣਦਾ ਹੈ।

ਕਾਰਜਕਾਰੀ ਦੀਆਂ ਤਿੰਨ ਮੁੱਖ ਕਿਸਮਾਂ ਹਨ:

1. ਨਾਂ-ਮਾਤਰ ਕਾਰਜਕਾਰੀ (nominal executive) ਅਤੇ ਵਾਸਤਵਿਕ ਕਾਰਜਕਾਰੀ (real executive)

2. ਏਕਾਤਮਿਕ ਕਾਰਜਕਾਰੀ (single executive) ਅਤੇ ਅਨੇਕਾਤਮਿਕ ਕਾਰਜਕਾਰੀ ਅਤੇ (plural executive)

3. ਸੰਸਦਾਤਮਿਕ ਕਾਰਜਕਾਰੀ (parliamentary executive) ਅਤੇ ਪ੍ਰਧਾਨਾਤਮਿਕ ਕਾਰਜਕਾਰੀ (presidential executive)।

ਨਾਂ-ਮਾਤਰ ਕਾਰਜਕਾਰੀ ਉੱਥੇ ਹੁੰਦੀ ਹੈ ਜਿੱਥੇ ਰਾਜ ਦੇ ਕਾਰਜਕਾਰੀ ਪ੍ਰਧਾਨ ਦੇ ਕੋਲ ਨਾਂ-ਮਾਤਰ ਸ਼ਕਤੀਆਂ ਹੋਣ। ਇੰਗਲੈਂਡ ਵਿੱਚ ਸਮਰਾਟ ਨਾਂ-ਮਾਤਰ ਪ੍ਰਧਾਨ ਹੈ, ਕਿਉਂਕਿ ਉਸ ਦੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਮੰਤਰੀ-ਮੰਡਲ ਕਰਦਾ ਹੈ। ਜਿੱਥੇ ਰਾਜ ਦਾ ਕਾਰਜਕਾਰੀ ਪ੍ਰਧਾਨ ਵਾਸਤਵਿਕ ਸ਼ਕਤੀਆਂ ਦੀ ਵਰਤੋਂ ਕਰਦਾ ਹੈ, ਉੱਥੇ ਵਾਸਤਵਿਕ ਕਾਰਜਕਾਰੀ ਹੁੰਦਾ ਹੈ। ਸੰਯੁਕਤ ਰਾਜ ਅਮਰੀਕਾ ਵਿੱਚ ਰਾਸ਼ਟਰਪਤੀ ਵਾਸਤਵਿਕ ਕਾਰਜਕਾਰੀ ਹੈ ਕਿਉਂਕਿ ਉਹ ਆਪਣੀਆਂ ਸ਼ਕਤੀਆਂ ਦੀ ਵਰਤੋਂ ਆਪ ਕਰਦਾ ਹੈ। ਜਿੱਥੇ ਸਰਕਾਰੀ ਸ਼ਕਤੀ ਦਾ ਅੰਤਿਮ ਕੰਟ੍ਰੋਲ ਇੱਕ ਵਿਅਕਤੀ ਦੇ ਹੱਥਾਂ ਵਿੱਚ ਹੋਵੇ, ਉੱਥੇ ਏਕਾਤਮਿਕ ਕਾਰਜਕਾਰੀ ਹੁੰਦਾ ਹੈ ਅਤੇ ਜਿੱਥੇ ਇਹ ਕੰਟ੍ਰੋਲ ਇੱਕ ਪਰਿਸ਼ਦ ਦੇ ਹੱਥਾਂ ਵਿੱਚ ਹੋਵੇ, ਉੱਥੇ ਅਨੇਕਾਤਮਿਕ ਕਾਰਜਕਾਰੀ ਹੁੰਦਾ ਹੈ, ਅਮਰੀਕਾ ਦਾ ਰਾਸ਼ਟਰਪਤੀ ਏਕਾਤਮਿਕ ਕਾਰਜਕਾਰੀ ਅਤੇ ਸਵਿਟਜ਼ਰਲੈਂਡ ਦੀ ਸੰਘੀ ਪਰਿਸ਼ਦ ਅਨੇਕਾਤਮਿਕ ਕਾਰਜਕਾਰੀ ਦੀਆਂ ਉਦਾਹਰਨਾਂ ਹਨ।

ਆਧੁਨਿਕ ਕਾਲ ਵਿੱਚ ਕਾਰਜਕਾਰੀ ਦਾ ਸਭ ਤੋਂ ਮਹੱਤਵਪੂਰਨ ਵਰਗੀਕਰਨ ਸੰਸਦਾਤਮਿਕ ਕਾਰਜਕਾਰੀ ਅਤੇ ਪ੍ਰਧਾਨਾਤਮਿਕ ਕਾਰਜਕਾਰੀ ਹੈ। ਸੰਸਦਾਤਮਿਕ ਕਾਰਜਕਾਰੀ ਵਿਧਾਨ-ਮੰਡਲ ਵਿੱਚੋਂ ਚੁਣਿਆ ਗਿਆ ਹੈ ਅਤੇ ਜਦੋਂ ਤੱਕ ਉਸ ਵਿੱਚ ਵਿਧਾਨ-ਮੰਡਲ ਦਾ ਵਿਸ਼ਵਾਸ ਬਣਿਆ ਰਹਿੰਦਾ ਹੈ, ਓਦੋਂ ਤੱਕ ਉਹ ਆਪਣੇ ਪਦ ਤੇ ਟਿਕਿਆ ਰਹਿੰਦਾ ਹੈ। ਇਸ ਦੇ ਉਲਟ ਪ੍ਰਧਾਨਾਤਮਿਕ ਕਾਰਜਕਾਰੀ ਦੀ ਚੋਣ ਦਾ ਵਿਧਾਨ-ਮੰਡਲ ਨਾਲ ਕੋਈ ਸੰਬੰਧ ਨਹੀਂ ਹੁੰਦਾ, ਉਹ ਆਮ ਕਰਕੇ ਨਿਸ਼ਚਿਤ ਕਾਰਜ ਕਾਲ ਤੱਕ ਆਪਣੇ ਪਦ ਤੇ ਬਣਿਆ ਰਹਿੰਦਾ ਹੈ ਅਤੇ ਉਸ ਨੂੰ ਵਿਧਾਨ-ਮੰਡਲ ਨਹੀਂ ਹਟਾ ਸਕਦਾ। ਇੰਗਲੈਂਡ ਵਿੱਚ ਸੰਸਦਾਤਮਿਕ ਕਾਰਜਕਾਰੀ ਅਤੇ ਅਮਰੀਕਾ ਵਿੱਚ ਪ੍ਰਧਾਨਾਤਮਿਕ ਕਾਰਜਕਾਰੀ ਦੀ ਵਿਵਸਥਾ ਹੈ। ਭਾਰਤੀ ਸੰਵਿਧਾਨ ਵਿੱਚ ਸੰਸਦਾਤਮਿਕ ਅਤੇ ਪ੍ਰਧਾਨਾਤਮਿਕ ਪ੍ਰਨਾਲੀਆਂ ਦਾ ਇੱਕ ਨਵਾਂ ਮਿਸ਼ਰਨ ਅਪਣਾਇਆ ਗਿਆ ਹੈ। ਇੱਕ ਪਾਸੇ ਤਾਂ ਇੱਕ ਚੁਣੇ ਰਾਸ਼ਟਰਪਤੀ ਦੀ ਵਿਵਸਥਾ ਹੈ, ਜਿਸ ਵਿੱਚ ਸੰਵਿਧਾਨ ਅਨੁਸਾਰ ਸਾਰੀਆਂ ਕਾਰਜਕਾਰੀ ਸ਼ਕਤੀਆਂ ਦਾ ਨਿਵਾਸ ਹੈ। ਦੂਜੇ ਪਾਸੇ ਸੰਸਦ ਹੈ ਅਤੇ ਸੰਸਦ ਦੇ ਪ੍ਰਤਿ ਉੱਤਰਦਾਈ ਮੰਤਰੀ-ਮੰਡਲ ਹੈ, ਜੋ ਵਾਸਤਵਿਕ ਕਾਰਜਕਾਰੀ ਹੈ ਪਰੰਤੂ ਭਾਰਤ ਦਾ ਰਾਸ਼ਟਰਪਤੀ ਨਾਂ-ਮਾਤਰ ਦਾ ਹੀ ਕਾਰਜਕਾਰੀ ਹੈ ਜਾਂ ਕੁਝ ਸਥਿਤੀਆਂ ਵਿੱਚ ਉਹ ਵਾਸਤਵਿਕ ਕਾਰਜਕਾਰੀ ਵੀ ਹੋ ਸਕਦਾ ਹੈ, ਇਹ ਵੀ ਇੱਕ ਵਿਵਾਦਪੂਰਨ ਵਿਸ਼ਾ ਹੈ।

ਕਾਰਜਕਾਰੀ ਨੂੰ ਅਥਾਹ ਸ਼ਕਤੀਆਂ ਪ੍ਰਾਪਤ ਹਨ। ਪਰ ਕਾਰਜਕਾਰੀ ਦੇ ਸਾਰੇ ਕਾਰਜ ਸਾਰੇ ਦੇਸਾਂ ਅਤੇ ਸਾਰੇ ਯੁੱਗਾਂ ਵਿੱਚ ਇੱਕੋ ਜਿਹੇ ਨਹੀਂ ਰਹੇ। ਇਹ ਕਾਰਜ ਕਾਰਜਕਾਰੀ ਦੇ ਸਰੂਪ ਉੱਤੇ ਨਿਰਭਰ ਕਰਦੇ ਹਨ। ਕਾਰਜਕਾਰੀ ਨੂੰ ਕਨੂੰਨੀ, ਵਿੱਤੀ, ਪ੍ਰਸ਼ਾਸਕੀ ਅਤੇ ਅਦਾਲਤੀ ਕਾਰਜ ਪ੍ਰਾਪਤ ਹੁੰਦੇ ਹਨ। ਕਾਰਜਕਾਰੀ ਵਿਧਾਨਪਾਲਿਕਾ ਨੂੰ ਬੁਲਾਉਂਦੀ ਹੈ, ਸਥਗਿਤ ਤੇ ਭੰਗ ਕਰਦੀ ਹੈ। ਜਿਵੇਂ ਬ੍ਰਿਟੇਨ ਦੀ ਮਹਾਰਾਣੀ ਅਤੇ ਭਾਰਤ ਦਾ ਰਾਸ਼ਟਰਪਤੀ, ਪ੍ਰਧਾਨ ਮੰਤਰੀ ਦੀ ਸਲਾਹ ਨਾਲ ਹੇਠਲੇ ਸਦਨ (ਕਾਮਨ ਸਦਨ ਤੇ ਲੋਕ ਸਭਾ) ਨੂੰ ਭੰਗ ਕਰ ਸਕਦਾ ਹੈ। ਬ੍ਰਿਟੇਨ ਤੇ ਭਾਰਤ ਵਿੱਚ ਮੰਤਰੀ-ਮੰਡਲ ਹੀ ਵਾਸਤਵਿਕ ਕਾਰਜਕਾਰੀ ਹੈ ਅਤੇ ਉਹ ਸੰਸਦ ਦੀ ਅਗਵਾਈ ਅਤੇ ਪੱਥ ਪ੍ਰਦਰਸ਼ਨ ਕਰਦਾ ਹੈ। ਕਾਰਜਕਾਰੀ ਨੂੰ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ। ਇਹਨਾਂ ਆਰਡੀਨੈਂਸਾਂ ਵਿੱਚ ਉਹੀ ਸ਼ਕਤੀ ਹੁੰਦੀ ਹੈ ਜੋ ਕਿ ਕਨੂੰਨਾਂ ਵਿੱਚ ਹੁੰਦੀ ਹੈ। ਕਾਰਜਕਾਰੀ ਦਾ ਸਭ ਤੋਂ ਮਹੱਤਵਪੂਰਨ ਅਧਿਕਾਰ ਵੀਟੋ ਹੈ। ਇਸ ਦਾ ਮਤਲਬ ਹੈ ਕਿ ਕਾਰਜਕਾਰੀ ਕਨੂੰਨਾਂ ਨੂੰ ਅਸ੍ਵੀਕਾਰ ਕਰ ਸਕਦਾ ਹੈ। ਕਾਰਜਕਾਰੀ ਨੂੰ ਇਹ ਸ਼ਕਤੀ ਸੰਸਾਰ ਦੇ ਲਗਪਗ ਸਾਰੇ ਦੇਸਾਂ ਵਿੱਚ ਮਿਲੀ ਹੋਈ ਹੈ।

ਕਾਰਜਕਾਰੀ ਦਾ ਦੇਸ ਦੀਆਂ ਸੈਨਾਵਾਂ ਉੱਤੇ ਵੀ ਕੰਟ੍ਰੋਲ ਹੁੰਦਾ ਹੈ। ਉਸ ਨੂੰ ਸੰਕਟਕਾਲੀਨ ਸ਼ਕਤੀਆਂ ਵੀ ਪ੍ਰਾਪਤ ਹੁੰਦੀਆਂ ਹਨ। ਕਾਰਜਕਾਰੀ ਨੂੰ ਸੰਧੀਆਂ ਕਰਨ, ਪ੍ਰਸ਼ਾਸਕੀ ਨਿਯੁਕਤੀਆਂ ਕਰਨ ਦਾ ਵੀ ਅਧਿਕਾਰ ਹੁੰਦਾ ਹੈ।

ਆਧੁਨਿਕ ਲੋਕਤੰਤਰੀ ਸ਼ਾਸਨਾਂ ਵਿੱਚ ਭਾਵੇਂ ਉਹ ਸੰਸਦਾਤਮਿਕ ਹੋਣ ਜਾਂ ਪ੍ਰਧਾਨਾਤਮਿਕ, ਕਾਰਜਕਾਰੀ ਦੀਆਂ ਸ਼ਕਤੀਆਂ ਅਤੇ ਜ਼ੁੰਮੇਵਾਰੀਆਂ ਵਿੱਚ ਵਾਧਾ ਹੋਇਆ ਹੈ।      


ਲੇਖਕ : ਇੰਦਰਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 1805, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-26-11-00-11, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.