ਕੀੜੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੀੜੀ (ਨਾਂ,ਇ) ਕੀੜੇ ਦੀ ਮਾਦਾ; ਨਿੱਕਾ ਜੀਵ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6458, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੀੜੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੀੜੀ ਸੰਗ੍ਯਾ—ਕੀਟ. ਕੀਟੀ। ੨ ਸਿਉਂਕ. ਦੀਮਕ. “ਇਟ ਸਿਰਾਣੇ ਭੁਇ ਸਵਣ ਕੀੜਾ ਲੜਿਓ ਮਾਸ.” (ਸ. ਫਰੀਦ) ੩ ਵਿ—ਅਦਨਾ. ਤੁੱਛ. “ਕੀੜਾ ਥਾਪਿ ਦੇਇ ਪਾਤਸਾਹੀ.” (ਮ: ੧ ਵਾਰ ਮਾਝ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6304, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੀੜੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੀੜੀ (ਸੰ.। ਸੰਸਕ੍ਰਿਤ ਕੀਟ। ਪੰਜਾਬੀ ਕੀੜਾ, ਕੀੜੀ) ੧. ਇਕ ਨਿੱਕਾ ਕੀੜਾ, ਜੋ ਜ਼ਿਮੀਂ ਵਿਚ ਖੁਡਾਂ ਕੱਢਕੇ ਰਹਿਂਦਾ ਹੈ, ਜਿਸ ਨੂੰ ਹਿੰਦੀ ਵਾਲੇ ਚ੍ਯੂੰਟੀ ਕਹਿੰਦੇ ਹਨ।

੨. ਭਾਵ ਵਿਚ ਨਿੰਮ੍ਰਤਾ ਤੇ ਨਿੰਮ੍ਰੀ ਭੂਤ ਸੰਤ ਅਰਥ ਲੈਂਦੇ ਹਨ। ਯਥਾ-‘ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ’ ਜੇ ਤਿਸਨੂੰ ਮਨ ਵਿਚੋਂ ਪਰਮੇਸਰ ਨਾ ਭੁੱਲੇ ਤਾਂ ਉਸ ਕੀੜੀ ਭਾਵ ਨਿੰਮ੍ਰਤਾ ਵਾਲੇ ਸੰਤ ਦੇ ਬਰਾਬਰ ਨਹੀਂ ਹੁੰਦੇ (ਜਿਨ੍ਹਾਂ ਦਾ ਪਿਛੇ ਕਥਨ ਹੈ)।  

ਦੇਖੋ, ‘ਗਿਰਹਾ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6220, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੀੜੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕੀੜੀ : ਕੀੜੀਆਂ ਹਾਈਮੈਨਾੱਟਪਰਾ ਵਰਗ ਅਤੇ ਫਾੱਰਮਿਸਿਡੀ ਕੁਲ ਦੇ ਸਮਾਜਕ ਕੀੜੇ ਹਨ।  ਇਨ੍ਹਾਂ ਦੀਆਂ ਲਗਭਗ 8,000 ਜਾਤੀਆਂ ਮਿਲਦੀਆਂ ਹਨ। ਇਹ ਲਗਭਗ ਸਾਰੀ ਦੁਨੀਆਂ ਵਿਚ ਹੀ ਮਿਲਦੀਆਂ ਹਨ ਪਰ ਬਹੁਤਾ ਕਰਕੇ ਗਰਮ ਜਲਵਾਯੂ ਵਿਚ ਹੁੰਦੀਆਂ ਹਨ। ਇਨ੍ਹਾਂ ਦਾ ਆਕਾਰ 0.05-25 ਸੈਂ. ਮੀ. ਤਕ ਹੁੰਦਾ ਹੈ ਅਤੇ ਰੰਗ ਆਮ ਤੌਰ ਤੇ ਪੀਲਾ, ਭੂਰਾ, ਲਾਲ ਜਾਂ ਕਾਲਾ ਹੁੰਦਾ ਹੈ। ਕਈ ਪ੍ਰਜਾਤੀਆਂ ਦਾ ਰੰਗ ਧਾਤਾਂ ਵਾਂਗ ਚਮਕਦਾ ਹੈ । ਹਰ ਕੀੜੀ ਦਾ ਇਕ ਵੱਡਾ ਸਿਰ ਅਤੇ ਇਕ ਪਤਲਾ ਜਿਹਾ ਅੰਡਾਕਾਰ ਪੇਟ ਹੁੰਦਾ ਹੈ, ਜਿਹੜਾ ਇਕ ਪਤਲੀ ਕਮਰ ਰਾਹੀਂ ਥੋਰੈਕਸ (ਛਾਤੀ) ਨਾਲ ਜੁੜਿਆ ਹੁੰਦਾ ਹੈ। ਮੂੰਹ ਵਿਚ ਜਬਾੜ੍ਹਿਆਂ ਦੇ ਦੋ ਸੈੱਟ (ਜੋੜੇ) ਹੁੰਦੇ ਹਨ। ਇਨ੍ਹਾਂ ਵਿਚੋਂ ਬਾਹਰਲਾ ਜੋੜਾ ਭੋਜਨ ਆਦਿ ਨੂੰ ਚੱਕਣ ਅਤੇ ਜ਼ਮੀਨ ਖੁਰੇਦਣ ਲਈ ਅਤੇ ਅੰਦਰਲਾ ਜੋੜਾ ਭੋਜਨ ਚਿੱਥਣ ਅਤੇ ਜ਼ਮੀਨ ਖੁਰੇਦਣ ਲਈ ਅਤੇ ਅੰਦਰਲਾ ਜੋੜਾ ਭੋਜਨ ਚਿੱਥਣ ਲਈ ਵਰਤਿਆ ਜਾਂਦਾ ਹੈ। ਕਈ ਜਾਤੀਆਂ ਵਿਚ ਪੇਟ ਦੇ ਸਿਰੇ ਤੇ ਇਕ ਤਾਕਤਵਾਰ ਡੰਗ ਹੁੰਦਾ ਹੈ।

          ਕੀੜੀ ਦੇ ਜੀਵਨ-ਚੱਕਰ ਦੀਆਂ ਚਾਰ ਹਾਲਤਾਂ ਹੁੰਦੀਆਂ ਹਨ––

          ਅੰਡਾ, ਲਾਰਵਾ, ਪਿਊਪਾ ਅਤੇ ਪ੍ਰੌੜ੍ਹ। ਇਹ ਹਾਲਤਾਂ 8-10 ਹਫ਼ਤੇ ਵਿਚ ਪੂਰੀਆਂ ਹੁੰਦੀਆਂ ਹਨ।

          ਬਹੁਤੀਆ ਕੀੜੀਆਂ ਭੌਣਾਂ ਵਿਚ ਰਹਿੰਦੀਆ ਹਨ। ਇਹ ਭੌਣ ਜ਼ਮੀਨ ਵਿਚ ਕਿਸੇ ਚਟਾਨ ਦੇ ਹੇਠ੍ਹਾਂ ਜਾਂ ਜ਼ਮੀਨ ਦੇ ਉਪਰ ਹੁੰਦੇ ਹਨ। ਜ਼ਮੀਨ ਦੇ ਉਪਰ ਵਾਲੇ ਇਨ੍ਹਾਂ ਦੇ ਭੌਣ ਟਹਿਣੀਆਂ, ਰੇਤ ਜਾਂ ਬਜਰੀ ਦੇ ਬਣੇ ਹੁੰਦੇ ਹਨ। ਉੱਤਰੀ ਅਮਰੀਕਾ ਦੀ ਤਰਖਾਣ-ਕੀੜੀ (ਕੈਂਪਨੋਡਸ) ਪੁਰਾਣੀਆਂ ਲੱਕੜੀਆਂ ਵਿਚ ਰਹਿੰਦੀ ਹੈ। ਕਈ ਜਾਤੀਆਂ ਦਰੱਖਤਾਂ ਵਿਚ ਜਾਂ ਜੰਗਲੀ ਬੂਟਿਆਂ ਦੇ ਖੌਖਲੇ ਤਣਿਆਂ ਵਿਚ ਰਹਿੰਦੀਆਂ ਹਨ। ਅਫ਼ਰੀਕਾ ਦੇ ਊਸ਼ਣ ਖੰਡਾਂ ਦੀ ਦਰਜੀ ਜਾਂ ਜੁਲਾਹਾ ਕੀੜੀਆਂ (ਟੈਟ੍ਰਾੱਮੋਰੀਅਮ) ਆਪਣੇ ਭੌਣ ਪੱਤਿਆਂ ਜਾਂ ਕਿਸੇ ਇਹੋ ਜਿਹੇ ਹੀ ਮਾਦੇ ਦੇ ਬਣਾਉਂਦੀਆਂ ਹਨ। ਇਹ ਮਾਦਾ ਲਾਰਵਿਆਂ ਦੀ ਰਿਸਾਈ ਸਿਲਕ ਰਾਹੀਂ ਜੁੜਿਆ ਹੁੰਦਾ ਹੈ। ਦੱਖਣੀ ਅਮਰੀਕਾ ਦੀ ਇਕ ਹੋਰ ਪ੍ਰਜਾਤੀ ਦੀ ਕੀੜੀ ਜਾਨਵਰਾਂ ਦੇ ਮਲ ਨੂੰ ਇਕੱਠਾ ਕਰਕੇ ਆਪਣਾ ਭੌਣ ਬਣਾਉਂਦੀ ਹੈ। ਊਸ਼ਣ-ਖੰਡੀ ਅਮਰੀਕਾ ਦੀਆਂ ਸੈਨਿਕ ਕੀੜੀਆਂ ਆਪਣੇ ਸਥਾਈ ਭੌਣ ਨਹੀਂ ਬਣਾਉਂਦੀਆਂ। ਇਹ ਕਤਾਰਾਂ ਵਿਚ ਤੁਰਦੀਆਂ ਰਹਿੰਦੀਆਂ ਹਨ ਅਤੇ ਰਸਤੇ ਵਿਚਲੇ ਕੀੜੇ-ਮਕੌੜੇ ਜਾਂ ਹੋਰ ਰੀੜ੍ਹ-ਰਹਿਤ ਪ੍ਰਾਣੀ ਖਾਂਦੀਆਂ ਰਹਿੰਦੀਆਂ ਹਨ। ਜਦੋਂ ਕਾਲੋਨੀ ਤੁਰਦੀ ਹੈ ਤਾਂ ਵਧਦੇ ਲਾਰਵਿਆਂ ਨੂੰ ਕੀੜੀਆਂ ਚੁੱਕੀ ਰੱਖਦੀਆਂ ਹਨ। ਅਫ਼ਰੀਕਾ ਦੀ ਡਰਾਈਵਰ ਕੀੜੀ ਦੀਆਂ ਆਦਤਾਂ ਵੀ ਇਹੋ ਜਿਹੀਆਂ ਹਨ।

          ਕੀੜੀਆਂ ਸਮਾਜਕ ਪ੍ਰਾਣੀ ਹਨ ਅਤੇ ਕਾੱਲੋਨੀਆਂ ਬਣਾ ਕੇ ਰਹਿੰਦੀਆਂ ਹਨ। ਵੱਖੋ ਵੱਖਰੀਆਂ ਜਾਤੀਆਂ ਦੀਆਂ ਕਾਲੋਨੀਆਂ, ਆਦਤਾਂ ਅਤੇ ਭੋਜਨ ਵੱਖੋ ਵੱਖਰਾ ਹੁੰਦਾ ਹੈ। ਹਰ ਇਕ ਕਾਲੋਨੀ ਵਿਚ ਇਕ ਰਾਣੀ, ਕੁਝ ਨਰ ਅਤੇ ਕੁਝ ਬਿਨਾਂ ਪਰਾਂ ਵਾਲੇ ਕਾਮੇ ਹੁੰਦੀਆਂ ਹਨ। ਸਾਲ ਦੇ ਕਿਸੇ ਖ਼ਾਸ ਸਮੇਂ ਵਿਚ ਨਰ ਅਤੇ ਰਾਣੀ ਕੀੜੀਆਂ ਨੁੰ ਪਰ ਲਗ ਜਾਂਦੇ ਹਨ। ਇਹ ਹਵਾ ਵਿਚ ਉੱਡ ਜਾਂਦੀਆਂ ਹਨ ਅਤੇ ਉਥੇ ਪਰਾਂ ਵਾਲੇ ਨਰ ਅਤੇ ਮਾਦਾ ਵਿਚਕਾਰ ਮੈਥੁਨ ਹੁੰਦਾ ਹੈ। ਇਸ ਪਿਛੋਂ ਮਾਦਾ ਆਪਦੇ ਪਰ ਝਾੜ ਦਿੰਦੀ ਹੈ ਅਤੇ ਇਕ ਨਵਾਂ ਭੌਣ ਬਣਾਉਂਦੀ ਹੈ। ਨਰ ਮੈਥੁਨ ਪਿਛੋਂ ਮਰ ਜਾਂਦੇ ਹਨ। ਰਾਣੀ ਕੀੜੀ ਸਾਰੀ ਉਮਰ ਸਿਰਫ਼ ਅੰਡੇ ਦਿੰਦੀ ਹੈ। ਕਾਮਾ ਕੀੜੀਆਂ ਮਾਦਾ ਹੁੰਦੀਆਂ ਹਨ। ਇਹ ਰਾਣੀ ਲਈ ਭੋਜਨ ਦਾ ਪ੍ਰਬੰਧ ਕਰਦੀਆਂ ਹਨ ਅਤੇ ਭੌਣ ਬਣਾਉਣ ਦੇ ਕੰਮ ਕਰਦੀਆਂ ਹਨ। ਇਨ੍ਹਾਂ ਵਿਚੋਂ ਵੱਡੀਆਂ ਕੀੜੀਆਂ ਨੂੰ ਸਿਪਾਹੀ ਕਹਿੰਦੇ ਹਨ ਅਤੇ ਇਹ ਕਾੱਲੋਨੀ ਦੀ ਰਖਿਆ ਕਰਦੀਆਂ ਹਨ।

          ਕੀੜੀਆਂ ਭੂਮੀ ਨੂੰ ਹਵਾਦਾਰ ਬਣਾਉਣ ਅਤੇ ਕਾਰਬਨੀ ਪਦਾਰਥਾਂ ਨੁੰ ਮੁੜ ਮਿੱਟੀ ਵਿਚ ਬਦਲਨ ਵਿਚ ਮਦਦ ਕਰਦੀਆਂ ਹਨ। ਐਟਾ ਕੀੜੀਆਂ ਛੋਟੇ ਛੋਟੇ ਪੱਤੇ ਕੱਟ ਕੇ ਜ਼ਮੀਨ ਦੇ ਅੰਦਰ ਲੈ ਜਾਂਦੀਆਂ ਹਨ, ਜਿਨ੍ਹਾਂ ਨਾਲ ਫ਼ਫ਼ੂੰਦੀ ਦਾ ਪਾਲਨ-ਪੋਸ਼ਣ ਹੁੰਦਾ ਹੈ ਅਤੇ ਇਸ ਬਦਲੇ ਫ਼ਫੂੰਦੀ ਕੀੜੀਆਂ ਦੀ ਖ਼ੁਰਾਕ ਬਣਦੀ ਹੈ। ਸੈਨਿਕ ਕੀੜੀਆਂ ਅਤੇ ਅਗਨੀ ਕੀੜੀਆਂ ਸ਼ਿਕਾਰਖੋਰ ਹੁੰਦੀਆਂ ਹਨ। ਇਹ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੀਆਂ ਹਨ। ਅਗਨੀ ਕੀੜੀ ਜਾਂ ਸੋਲਨਾੱਪਸਿਸ ਸੀਵੀਸੀਮਾ (Solenopsis saevissima) ਅਮਰੀਕਾ ਵਿਚ ਮਿਲਣ ਵਾਲੀ ਕੀੜੀ ਹੈ ਜਿਹੜੀ ਪੌਦਿਆਂ ਅਤੇ ਜਾਨਵਰਾਂ ਦੋਹਾਂ ਦਾ ਨੁਕਸਾਨ ਕਰਦੀ ਹੈ। ਇਸ ਦਾ ਡੰਗ ਕਈ ਵਾਰ ਬੱਚਿਆਂ ਲਈ ਘਾਤਕ ਹੁੰਦਾ ਹੈ। ਅਰਜਨਟਾਈਨ ਕੀੜੀ (Iridomyrmex humilis) ਬਹੁਤ ਹੀ ਛੋਟੇ ਆਕਾਰ ਦੀ ਕੀੜੀ ਹੈ ਜਿਹੜੀ ਫ਼ਸਲਾਂ ਦਾ ਨੁਕਸਾਨ ਕਰਦੀ ਹੈ ਕਿਉਂਕਿ ਇਹ ਐਫਿਡ (ਤੇਲਾ), ਮੀਲੀ ਬੱਗ ਅਤੇ ਹੋਰ ਕਈ ਕਿਸਮ ਦੇ ਕੀੜਿਆਂ ਨੂੰ ਫ਼ਸਲਾਂ ਤਕ ਲੈ ਜਾਂਦੀ ਹੈ ਅਤੇ ਆਪ ਇਨ੍ਹਾਂ ਵਿਚੋਂ ਨਿਕਲਨ ਵਾਲਾ ਸ਼ਹਿਦ ਖਾਂਦੀ ਹੈ। ਤਰਖਾਣ ਕੀੜੀਆਂ ਆਮ ਤੌਰ ਤੇ ਮਰੇ ਹੋਏ ਕੀੜੇ ਖਾਂਦੀਆਂ ਹਨ, ਪਰ ਕਈ ਵਾਰੀ ਮਠਿਆਈ ਅਤੇ ਭੋਜਨ ਵੀ ਖਾ ਲੈਂਦੀਆਂ ਹਨ। ਇਹ ਬੜਾ ਦੁਖਦਾਈ ਡੰਗ ਵੀ ਮਾਰਦੀਆਂ ਹਨ। ਪਾੱਲਿਅਰਗਸ ਲੂਸੀਡਸ (Polyergus lucidus) ਇਕ ਅਜਿਹੀ ਕੀੜੀ ਹੈ ਜਿਹੜੀ ਸਿਰਫ ਸਿਪਾਹੀ ਹੀ ਪੈਦਾ ਕਰਦੀ ਹੈ, ਕਾਮੇ ਪੈਦਾ ਨਹੀਂ ਕਰਦੀ। ਕਾੱਲੋਨੀ ਦਾ ਕੰਮ ਚਲਾਉਣ ਲਈ ਇਹ ਦੂਜੀਆਂ ਕੀੜੀਆਂ ਦੇ ਪਿਊਪੋ ਚੁੱਕ ਕੇ ਪਾਲਦੀ ਹੈ ਅਤੇ ਉਨ੍ਹਾਂ ਨੂੰ ਗੁਲਮਾਂ ਵਾਂਗ ਰੱਖਦੀ ਹੈ।

          ਹ. ਪੁ. ––ਮੈਕ. ਐਨ. ਸ. ਟ. 1 : 436; ਐਨ. ਬ੍ਰਿ. ਮਾ. 1 : 404


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5023, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-30, ਹਵਾਲੇ/ਟਿੱਪਣੀਆਂ: no

ਕੀੜੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੀੜੀ, (ਸੰਸਕ੍ਰਿਤ : कीट=ਕੀੜਾ) \ ਇਸਤਰੀ ਲਿੰਗ : ‘ਕੀੜਾ’ ਦਾ ਇਸਤਰੀ ਲਿੰਗ :  ਛੋਟਾ ਕੀੜਾ, ਚਿਊਂਟੀ

–ਕੀੜੀ ਕਾੜਾ, ਪੁਲਿੰਗ : ਬੱਚਿਆਂ ਦੀ ਇੱਕ ਖੇਡ

–ਕੀੜੀ ਦੀ ਚਾਲ, ਕੀੜੀ ਦੀ ਤੋਰ, ਇਸਤਰੀ ਲਿੰਗ :  ਬਹੁਤ ਸੁਸਤ ਚਾਲ, ਬਹੁਤ ਹਲਕੀ ਰਫ਼ਤਾਰ; ਕਿਰਿਆ ਵਿਸ਼ੇਸ਼ਣ: ਬਹੁਤ ਹੌਲੀ ਹੌਲੀ

–ਕੀੜੀ (ਕੀੜੇ) ਦੀ ਮੌਤ ਆਉਂਦੀ ਹੈ ਤਾਂ ਉਹਨੂੰ ਖੰਭ ਲੱਗ ਜਾਂਦੇ ਹਨ, ਅਖੌਤ :  ਗਰੂਰ ਕਰਨ ਵਾਲਾ ਛੇਤੀ ਮਰਦਾ ਹੈ, ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ (ਪਿੰਡ) ਵਲ ਨੂੰ ਭੱਜਦਾ ਹੈ

–ਕੀੜੀ ਦੇ ਖੰਭ ਨਿਕਲ ਆਉਣਾ, ਮੁਹਾਵਰਾ :ਕਿਸੇ ਛੋਟੇ ਬੰਦੇ ਦਾ ਵੱਡੀਆਂ ਗੱਲਾਂ ਕਰਨਾ

–ਕੀੜ੍ਹੀ ਨੂੰ ਮੂਤਰ ਦਾ ਹੀ ਹੜ੍ਹ ਬੜਾ, ਅਖੌਤ : ਸੇਹ ਨੂੰ ਤਕਲੇ ਦਾ ਘਾਉ ਹੀ ਬਹੁਤ ਹੈ, ਕੀੜੀ ਨੂੰ ਠੂਠਾ ਦਰਿਆ, ਮਾਮੂਲੀ ਆਦਮੀ ਨੂੰ ਥੋੜਾ ਜੇਹਾ ਨੁਕਸਾਨ ਹੀ ਅਸਹਿ ਹੈ

–ਕੀੜੀ ਮਾਰ, ਪੁਲਿੰਗ : ਕਿਰਮ ਨਾਸ਼ਕ ਇੱਕ ਬੂਟੀ ਜੋ ਪਿੰਡੇ ਨੂੰ ਚਿੰਬੜਨ ਵਾਲੇ ਕੀੜੇ ਮਾਰ ਦਿੰਦੀ ਹੈ

–ਕੱਕੀ ਕੀੜੀ, ਇਸਤਰੀ ਲਿੰਗ : ਭੂਰੀ ਕੀੜੀ

–ਕਾਲੀ ਕੀੜੀ, ਇਸਤਰੀ ਲਿੰਗ : ਇੱਕ ਤਰ੍ਹਾਂ ਦੀ ਕੀੜੀ ਜਿਸ ਦਾ ਰੰਗ ਕਾਲਾ ਹੁੰਦਾ ਹੈ ਤੇ ਜੋ ਭੂਰੀ ਕੀੜੀ ਨਾਲੋਂ ਵੱਡੀ ਪਰ ਉਹ ਜ਼ਹਿਰੀਲੀ ਨਹੀਂ ਹੁੰਦੀ ਹੈ

–ਭੂਰੀ ਕੀੜੀ, ਇਸਤਰੀ ਲਿੰਗ : ਇੱਕ ਤਰ੍ਹਾਂ ਦੀ ਕੀੜੀ ਜਿਸ ਦਾ ਰੰਗ ਭੂਰਾ ਹੁੰਦਾ ਹੈ ਇਹ ਕਾਲੀ ਕੀੜੀ ਨਾਲੋਂ ਛੋਟੀ ਪਰ ਵਧੇਰੇ ਜ਼ਹਿਰੀਲੀ ਹੁੰਦੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-20-04-32-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.