ਕੁਚਜੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਚਜੀ ਸੰ. कुचर्यी. ਵਿ—ਕੁਚਯਾ੗ਵਤੀ. ਬੁਰੇ ਆਚਾਰ ਵਾਲੀ. ਸੂਹੀ ਰਾਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਨੇ “ਕੁਚਜੀ” ਸਿਰਲੇਖ ਹੇਠ—“ਮੰਞੁ ਕੁਚਜੀ ਅੰਮਾਵਣ ਡੋਸੜੇ.” ਸ਼ਬਦ ਲਿਖਕੇ ਕੁਚੱਜੀ ਨੂੰ ਸੁਚੱਜ ਸਿਖਾਇਆ ਹੈ.

 

ਗੋਧਨ ਕੇ ਗ੍ਰਹ ਪਾਣੀ ਫੈਂਕਤ

ਕਬੀ ਉਠਾਇ ਨ ਗੋਬਰ ਫੋਸ ,

ਲੌਨ ਫੁਰਾਵਤ ਥਰੀਯਾ ਮੈ ਧਰ

ਸੂਹਣ ਸੇਕਤ ਨਹ ਅਫਸੋਸ,

ਨੀਚੇ ਬੈਠ ਲਘੀ ਕਰ ਊਚੇ

“ਦਾਸ” ਖੜੀ ਫਿਰ ਲੜੇ ਪੜੋਸ,

ਨ੍ਹਾਵਣ ਬੈਠੀ ਛੇੜ ਦੰਦੈਯੇ

ਆਪ ਕੁਚੱਜੀ ਬੇੜ੍ਹੇ ਦੋਸ.

(ਬਾਵਾ ਰਾਮਦਾਸ ਜੀ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4462, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁਚਜੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਚਜੀ: ਕੋਝੀ, ਬੇਢੰਗੇ ਆਚਰਨ ਵਾਲੀ ਇਸਤਰੀ ਨੂੰ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸੂਹੀ ਰਾਗ ਵਿਚ ਦਰਜ ਗੁਰੂ ਨਾਨਕ ਜੀ ਦੀ ਇਕ ਰਚਨਾ ਦਾ ਵੀ ਇਹ ਸਿਰਲੇਖ ਹੈ। ਕੁਚਜੀ ਸ਼ਬਦ ਦੇ ਵਿਪਰੀਤ ਅਰਥ ਦੇਣ ਵਾਲਾ ਸ਼ਬਦ ਹੈ ਸੁਚਜੀ: ਚੰਗੇ ਆਚਾਰ ਅਤੇ ਗੁਣਾਂ ਵਾਲੀ ਇਸਤਰੀ। ਸੁਚਜੀ ਸਿਰਲੇਖ ਅਧੀਨ ਗੁਰੂ ਸਾਹਿਬ ਦੀ ਇਕ ਰਚਨਾ ਵੀ ਹੈ। ਗੁਰੂ ਜੀ ਨੇ ਆਪਣੀ ਰਚਨਾ ਕੁਚਜੀ ਦੇ ਪਦ ਕਾਮਰੂਪ ਦੀ ਜਾਦੂਗਰਨੀ ਨੂਰਸ਼ਾਹ ਨੂੰ ਸੰਬੋਧਨ ਕੀਤੇ ਮੰਨੇ ਜਾਂਦੇ ਹਨ।ਨੂਰਸ਼ਾਹ ਆਪਣੀਆਂ ਜਾਦੂਗਰੀ ਸ਼ਕਤੀਆਂ ਨਾਲ ਪੁਰਸ਼ਾਂ ਨੂੰ ਵਰਗਲਾ ਲੈਂਦੀ ਸੀ। ਪਰ ਇਸ ਰਚਨਾ ਦਾ ਵਿਸ਼ਾ ਇਸ ਗੱਲ ਨੂੰ ਝੁਠਲਾਉਂਦਾ ਹੈ। ਇਸ ਰਚਨਾ ਦਾ ਕਾਰਨ ਭਾਵੇਂ ਕੋਈ ਵੀ ਹੋਵੇ ਪਰ ਪਛਤਾਵਾ ਕਰਨ ਵਾਲੇ ਵਿਅਕਤੀ ਦੀਆਂ ਭਾਵਨਾਵਾਂ ਪ੍ਰਗਟਾਉਂਦੀ ਇਹ ਇਕ ਖ਼ੂਬਸੂਰਤ ਕਾਵਿ ਰਚਨਾ ਹੈ ਜਿਸ ਲਈ ਇਸ ਵਿਚ ਕੁਚਜੀ ਪਦ ਵਰਤਿਆ ਗਿਆ ਹੈ - ਇੱਥੇ ‘ਕੁ’ ਇਕ ਅਗੇਤਰ ਹੈ ਜਿਸ ਨੂੰ ਲਗਾ ਕੇ ਵਿਰੋਧ ਜਾਂ ਬੁਰਾਈ ਨੂੰ ਪ੍ਰਗਟਾਇਆ ਗਿਆ ਹੈ: ‘ਚੱਜ ’ ਦਾ ਅਰਥ ਹੈ ਵਰਤੋਂ-ਵਿਹਾਰ: ‘ਬਿਹਾਰੀ’ ਨੂੰ ਪਿਛੇਤਰ ਲਗਾ ਕੇ ਇਕ ਵਚਨ ਇਸਤਰੀ ਦਾ ਰੂਪ ਦਿੱਤਾ ਗਿਆ ਹੈ। ‘ਉੱਤਮ ਪੁਰਖ ’ ਵਿਚ ਬੋਲਦੀ ਹੋਈ ਕੁਚਜੀ ਪਰਮਾਤਮਾ ਤੋਂ ਦੂਰ ਰਹਿਣ ਵਾਲੀ ਇਸਤਰੀ ਹੋਣ ਉੱਪਰ ਪਛਤਾਵਾ ਕਰਦੀ ਹੈ। ਸਿੱਖ ਧਰਮ ਗ੍ਰੰਥ ਵਿਚ ਸ਼ਰਧਾਲੂ ਨੂੰ ਅਕਸਰ ਦੁਲਹਨ ਦੇ ਰੂਪ ਵਿਚ ਅਤੇ ਪਰਮਾਤਮਾ ਨੂੰ ਉਸ ਦੇ ਪਤੀ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਕੁਚਜੀ ਦੇ ਰੂਪ ਵਿਚ ਪਛਤਾਵਾ ਕਰਦੀ ਸ਼ਰਧਾਲੂ ਆਪਣੇ ਆਪ ਨੂੰ ਪਰਮਾਤਮਾ-ਪਤੀ ਦੇ ਯੋਗ ਨਾ ਹੋਣ ਕਰਕੇ ਅਫ਼ਸੋਸ ਪ੍ਰਗਟ ਕਰਦੀ ਹੈ। ਉਹ ਮਹਿਸੂਸ ਕਰਦੀ ਹੈ ਕਿ ਉਹ ਔਗਣਾਂ ਨਾਲ ਭਰੀ ਹੋਈ ਹੈ ਅਤੇ ਕਿਸੇ ਵੀ ਗੁਣ ਰਾਹੀਂ ਮੁਕਤ ਨਹੀਂ ਹੋ ਸਕਦੀ। ਉਹ ਸਾਰਾ ਸਮਾਂ ਦੁਨਿਆਵੀ ਪਦਾਰਥਾਂ ਵੱਲ ਖਿੱਚੀ ਰਹਿੰਦੀ ਹੈ ਅਤੇ ਦਾਤੇ (ਪਰਮਾਤਮਾ) ਤੋਂ ਪੂਰਨ ਤੌਰ ‘ਤੇ ਅਚੇਤ ਰਹਿੰਦੀ ਹੈ। ਇਸ ਤੋਂ ਬੁਰੀ ਗੱਲ ਇਹ ਹੈ ਕਿ ਉਹ ਆਪਣੇ ਔਗਣਾਂ ਵੱਲ ਧਿਆਨ ਨਹੀਂ ਦਿੰਦੀ। ਹੁਣ ਆਪਣੇ ਔਗੁਣਾਂ ਅਤੇ ਅਸਫ਼ਲਤਾਵਾਂ ਦਾ ਵਰਨਨ ਕਰਦੀ ਹੋਈ ਉਹ ਉਮੀਦ ਪ੍ਰਗਟਾਉਂਦੀ ਹੈ ਕਿ ਉਹ ਜੋ ਕੁਝ ਵੀ ਹੈ ਉਸਦੇ ਬਾਵਜੂਦ ਵੀ ਪਰਮਾਤਮਾ ਉਸ ਤੇ ਦਇਆ ਕਰਕੇ ਉਸਨੂੰ ਆਪਣੇ ਨਾਲ ਮਿਲਾ ਲਵੇਗਾ।

      ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੂਹੀ ਰਾਗ ਅਧੀਨ ਦਰਜ ਤਿੰਨ ਰਚਨਾਵਾਂ ਵਿਚੋਂ ਕੁਚਜੀ ਪਹਿਲੇ ਨੰਬਰ ‘ਤੇ ਹੈ। ਦੂਜੀਆਂ ਦੋਵਾਂ ਰਚਨਾਵਾਂ ਵਿਚ ਗੁਰੂ ਨਾਨਕ ਦੇਵ ਜੀ ਦੀ ਸੁਚਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਗੁਣਵੰਤੀ ਸ਼ਾਮਲ ਹਨ। ਆਪਣੀ ਗੀਤਾਤਮਿਕਤਾ, ਸੰਗੀਤ, ਅਤੇ ਸ਼ਰਧਾਮਈ ਆਵੇਗ ਕਾਰਨ ਤਿੰਨੇ ਰਚਨਾਵਾਂ ਵਰਨਨਯੋਗ ਹਨ।


ਲੇਖਕ : ਤ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4407, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੁਚਜੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੁਚਜੀ (ਗੁ.। ਸੰਸਕ੍ਰਿਤ ਚਰੑਯ੍ਯ=ਸਾਰੀਆਂ ਰਹੁਰੀਤਾਂ ਦਾ ਦਰੁਸਤ ਤ੍ਰੀਕੇ ਤੇ ਨਿਬਾਹੁਣਾ। ਪ੍ਰਾਕ੍ਰਿਤ ਚਯਅ। ਪੰਜਾਬੀ ਚਜ। ਕੁ- ਉਪਸਰਗ ਹੈ) ਸ਼ੁਭ ਗੁਣਾਂ ਤੋਂ ਹੀਣੀ। ਜਿਸ ਨੂੰ ਗੁਣਾਂ ਦਾ ਵੱਲ ਨਾ ਹੋਵੇ। ਯਥਾ-‘ਮੰਞੁ ਕੁਚਜੀ ਅੰਮਾਵਣਿ ਡੋਸੜੇ’ ਮੈਂ ਸ਼ੁਭ ਗੁਣਾਂ ਤੋਂ ਹੀਣੀ ਤੇ ਬੇਗਿਣਤ ਦੋਸ਼ ਹਨ (ਮੇਰੇ ਵਿਚ)।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4407, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.