ਕੇਲਾ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Bannana (ਬਅਨਅਨਅ) ਕੇਲਾ: ਇਹ ਊਸ਼ਣ ਅਤੇ ਉਪ-ਊਸ਼ਣ ਖੇਤਰਾਂ ਦਾ ਮਹੱਤਵਪੂਰਨ ਫਲ ਹੈ। ਇਸ ਨੂੰ ਇਕ ਵਾਰੀ ਬੀਜਣ ਤੋਂ ਜੜ੍ਹਾਂ ਦੁਆਰਾ ਉਗਦੇ ਪੌਦੇ ਲੰਬਾ ਅਰਸਾ ਫ਼ਸਲ ਦਿੰਦੇ ਰਹਿੰਦੇ ਹਨ। ਇਸ ਦੀ ਸਿਖ਼ਰ ਤੇ ਇਕ ਘੱੜ (bunch) ਲਗਦੀ ਹੈ, ਇਕ ਘੱੜ ਵਿਚ 10-12 ਹੱਥ (hands-spirals) ਹੁੰਦੇ ਹਨ ਅਤੇ ਇਕ ਹੱਥ ਵਿੱਚ 12 ਤੋਂ 16 ਤੱਕ ਕੇਲੇ (fingers) ਲੱਗੇ ਹੁੰਦੇ ਹਨ। ਇਹ ਹੁਣ ਅੰਤਰ-ਰਾਸ਼ਟਰੀ ਮੰਡੀਆਂ ਵਿੱਚ ਪ੍ਰਵੇਸ਼ ਕਰ ਗਿਆ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31887, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਕੇਲਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੇਲਾ [ਨਾਂਪੁ] ਇੱਕ ਫਲ਼ਦਾਰ ਪੌਦਾ, ਇਸ ਪੌਦੇ ਦਾ ਫਲ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31900, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੇਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੇਲਾ. ਵਿ—ਇਕੇਲਾ ਦਾ ਸੰਖੇਪ. ਨਿਰਲੇਪ. ਅਸੰਗ. “ਮਹਾ ਅਨੰਦ ਕਰੇ ਸਦ ਕੇਲਾ.” (ਆਸਾ ਨਾਮਦੇਵ) ੨ ਸੰਗ੍ਯਾ—ਕਦਲੀ. ਰੰਭਾ. ਅੰ. Plantain.L. Musa Sapientum. ਅ਼. ਮੋਜ਼. ਕੇਲੇ ਦਾ ਬੂਟਾ ਅਤੇ ਫਲ ਸਾਰੇ ਦੇਸਾਂ ਵਿੱਚ ਬਹੁਤ ਪ੍ਰਸਿੱਧ ਹੈ. “ਕੇਲਾ ਪਾਕਾ ਝਾਰਿ.” (ਰਾਮ ਕਬੀਰ) ਕੰਡੀਲੇ ਝਾੜ ਵਿੱਚ ਪੱਕਾ ਕੇਲਾ ਮੰਨ ਰੱਖਿਆ ਹੈ। ੩ ਦੇਖੋ, ਕੇਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31734, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੇਲਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੇਲਾ (ਸੰ.। ਦੇਖੋ , ਕੇਲ ੨.) ਇਕ ਫਲ ਦਾ ਨਾਮ ਪ੍ਰਸਿੱਧ ਹੈ। ਯਥਾ-‘ਕੇਲਾ ਪਾਕਾ ਝਾਰਿ’। ਦੇਖੋ, ‘ਨੰੀਬੁ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 31653, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੇਲਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਕੇਲਾ : ਇਹ ਦੁਨੀਆ ਦੇ ਪ੍ਰਸਿੱਧ ਫ਼ਲਾਂ ਵਿਚੋਂ ਇਕ ਹੈ। ਮੂਜ਼ੇਸੀ ਕੁੱਲ ਦੀ ਮੂਸਾ ਜਾਤੀ ਨਾਲ ਸਬੰਧਿਤ ਇਹ ਫ਼ਲ ਊਸ਼ਣ-ਖੰਡੀ ਖੇਤਰਾਂ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਉਗਾਇਆ ਅਤੇ ਖਾਧਾ ਜਾਂਦਾ ਹੈ। ਸੀਤ ਊਸ਼ਣੀ ਖੰਡਾਂ ਵਿਚ ਵੀ ਲੋਕ ਇਸ ਦੇ ਸਵਾਦ, ਪੌਸ਼ਟਿਕ ਗੁਣਾਂ ਅਤੇ ਸਾਰਾ ਸਾਲ ਉਪਲਬਧ ਹੋਣ ਕਾਰਨ ਇਸ ਨੂੰ ਬਹੁਤ ਪਸੰਦ ਕਰਦੇ ਹਨ। ਇਸ ਦਾ ਪੌਦਾ ਕਾਫ਼ੀ ਨਰਮ ਤੇ ਪੱਤਿਆਂ ਵਾਲਾ ਹੁੰਦਾ ਹੈ। ਇਸ ਦਾ ਤਣਾ ਜ਼ਮੀਨ ਹੇਠਾਂ ਹੁੰਦਾ ਹੈ ਅਤੇ ਧਰਤੀ ਉਪਰ ਲੰਬੇ ਪੱਤੇ, ਇਕ ਝੂਠਾ ਤਣਾ ਬਣਾਉਂਦੇ ਹਨ। ਇਹ 3 ਤੋਂ 4 ਮੀ. ਉੱਚਾ ਹੋ ਸਕਦਾ ਹੈ ਅਤੇ ਇਸ ਦੇ ਸਿਰੇ ਤੇ ਅੰਡਾਕਾਰ ਪੱਤਿਆਂ ਦਾ ਝੁਰਮਟ ਹੁੰਦਾ ਹੈ। ਪੱਤਿਆਂ ਦੀ ਲੰਬਾਈ 3 ਤੋਂ 4 ਮੀ. ਅਤੇ ਚੌੜਾਈ ਲਗਭਗ 0.6 ਮੀ. ਤੱਕ ਹੋ ਸਕਦੀ ਹੈ। ਤਣੇ ਦੇ ਸਿਰੇ ਤੋਂ ਅਣਗਿਣਤ ਪੀਲੇ ਰੰਗ ਦੇ ਫੁੱਲਾਂ ਵਾਲੀ ਸਪਾਈਕ ਨਿਕਲਦੀ ਹੈ ਜਿਸ ਉਪਰ 50 ਤੋਂ 150 ਹਰੇ ਫ਼ਲਾਂ ਦਾ ਗੁੱਛਾ ਬਣ ਜਾਂਦਾ ਹੈ। ਪੌਦਾ ਇਕ ਵਾਰੀ ਫ਼ਲ ਦੇਣ ਤੋਂ ਬਾਅਦ ਖ਼ਤਮ ਹੋ ਜਾਂਦਾ ਹੈ, ਇਸ ਦੀ ਥਾਂ ਸਕਰ ਤੋਂ ਪੈਦਾ ਹੋਏ ਨਵੇਂ ਪੌਦੇ ਲੈ ਲੈਂਦੇ ਹਨ।
ਕੇਲੇ ਦੀਆਂ 100 ਤੋਂ ਵੀ ਵੱਧ ਕਾਸ਼ਤਯੋਗ ਕਿਸਮਾਂ ਹਨ। ਉਨ੍ਹੀਵੀਂ ਸਦੀ ਦੇ ਸ਼ੁਰੂ ਵਿਚ ਇਹ ਸੰਯੁਕਤ ਰਾਜ ਅਮਰੀਕਾ ਦੀਆਂ ਮੰਡੀਆਂ ਵਿਚ ਆਉਣਾ ਸ਼ੁਰੂ ਹੋਇਆ।
ਕਾਸ਼ਤ – ਚੰਗੇ ਨਿਕਾਸ ਵਾਲੀ ਭੌਂ ਅਤੇ ਨਮੀ ਵਾਲੇ ਊਸ਼ਣ ਖੰਡੀ ਖੇਤਰਾਂ ਵਿਚ ਕੇਲੇ ਦੀ ਕਾਸ਼ਤ ਬਹੁਤ ਜ਼ਿਆਦਾ ਹੁੰਦੀ ਹੈ। ਅਰਧ-ਖੁਸ਼ਕ ਇਲਾਕਿਆਂ ਵਿਚ ਚੰਗੀ ਸਿੰਜਾਈ ਕਰਕੇ ਵੀ ਕੇਲਾ ਉਗਾਇਆ ਜਾਂਦਾ ਹੈ। ਕੇਲੇ ਦੀ ਕਾਸ਼ਤ ਇਸ ਦੇ ਸਕਰ ਤੋਂ ਕੀਤੀ ਜਾਂਦੀ ਹੈ। ਇਸ ਦੀ ਪਹਿਲੀ ਫ਼ਸਲ 10 ਤੋਂ 15 ਮਹੀਨਿਆਂ ਵਿਚ ਤਿਆਰ ਹੋ ਜਾਂਦੀ ਹੈ। ਫ਼ਲਲ ਦੀ ਪੈਦਾਵਾਰ ਵਧਾਉਣ ਲਈ ਨਾਈਟ੍ਰੋਜਨ ਖਾਦਾਂ ਦੀ ਵਰਤੋਂ ਅਤੇ ਵਾਧੂ ਝਾੜ ਦੀ ਕਟਾਈ ਲਾਭਦਾਇਕ ਹੁੰਦੀ ਹੈ।
ਭਾਰਤ ਵਿਚ ਇਸ ਦੀ ਕਾਸ਼ਤ ਤਾਮਿਲਨਾਡੂ , ਆਸਾਮ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਕੇਰਲਾ, ਮਹਾਰਾਸ਼ਟਰ, ਗੁਜਰਾਤ ਅਤੇ ਬਿਹਾਰ ਵਿਚ ਕੀਤੀ ਜਾਂਦੀ ਹੈ। ਪੱਛਮੀ ਬੰਗਾਲ ਵਿਚ ਇਸ ਦੀਆਂ ਕਿਸਮਾਂ ਪੂਵਨ, ਮੋਰਟਾਮਾਨ, ਚੰਪਾ ਅਤੇ ਅੰਮ੍ਰਿਤ ਸਾਗਰ, ਦੱਖਣੀ ਭਾਰਤ ਵਿਚ ਰਸਤਾਲੀ, ਹਰੀ ਛਾਲ, ਸਿਰੂਮਾਲਾਈ, ਕਦਾਈ ਅਤੇ ਪਚਾ ਨਦਾਨ ਉਗਾਈਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਗਰਾਮ ਮਾਈ ਦਾਨ ਇਕ ਨਵੀਂ ਕਿਸਮ ਹੈ।
ਊਸ਼ਣ ਖੰਡੀ ਖੇਤਰਾਂ ਵਿਚ ਮਿਲਣ ਵਾਲੀ ਪਲਾਟੇਨ ਕਿਸਮ ਵਿਚ ਨਸ਼ਾਸਤੇ ਦੀ ਮਾਤਰਾ ਖੰਡ ਨਾਲੋਂ ਜ਼ਿਆਦਾ ਹੁੰਦੀ ਹੈ ਅਤੇ ਇਸ ਨੂੰ ਸਬਜ਼ੀ ਬਣਾਉਣ ਲਈ ਵਰਤਿਆ ਜਾਂਦਾ ਹੈ।
ਤੁੜਾਈ – ਦੱਖਣੀ ਅਤੇ ਪੱਛਮੀ ਭਾਰਤ ਅਤੇ ਆਂਧਰਾ ਪ੍ਰਦੇਯਸ਼ ਵਿਚ ਫਸਲ ਸੱਤ ਮਹੀਨਿਆਂ ਵਿਚ ਤਿਆਰ ਹੋ ਜਾਂਦੀ ਹੈ ਅਤੇ ਫ਼ਲ ਤਿੰਨ ਮਹੀਨਿਆਂ ਵਿਚ ਪੱਕ ਜਾਂਦਾ ਹੈ। ਪੂਵਨ ਕਿਸਮ ਦੀ ਪਹਿਲੀ ਫ਼ਸਲ 12 ਤੋਂ 14 ਮਹੀਨਿਆਂ ਵਿਚ ਅਤੇ ਦੂਜੀ ਫ਼ਸਲ 21 ਤੋਂ 24 ਮਹੀਨਿਆਂ ਵਿਚ ਤਿਆਰ ਹੁੰਦੀ ਹੈ। ਦੇਸ਼ ਦੇ ਹੋਰਨਾਂ ਹਿੱਸਿਆ ਵਿਚ ਫ਼ਸਲ ਬੀਜੇ ਜਾਣ ਤੋਂ ਇਕ ਸਾਲ ਉਪਰੰਤ ਤਿਆਰ ਹੋ ਜਾਂਦੀ ਹੈ।
ਫ਼ਲਾਂ ਦਾ ਗੁੱਛਾ ਪੱਕਣ ਤੋਂ ਪਹਿਲਾਂ ਹੀ ਤੋੜ ਲਿਆ ਜਾਂਦਾ ਹੈ। ਫ਼ਲ ਪੂਰੇ ਆਕਾਰ ਦਾ ਹੋ ਕੇ ਫ਼ੁਲ ਜਾਂਦਾ ਹੈ ਅਤੇ ਇਸ ਦੇ ਰੰਗ ਵਿਚ ਵੀ ਖ਼ਾਸ ਫ਼ਰਕ ਨਜ਼ਰ ਆਉਣ ਲਗ ਜਾਂਦਾ ਹੈ। ਫ਼ਲ ਦਾ ਗੁੱਛਾ, ਪਹਿਲੇ ਮੁੱਠੇ ਤੋਂ 15 ਸੈਂ. ਮੀ. ਤਣਾ ਰੱਖ ਕੇ ਕੱਟਿਆ ਜਾਂਦਾ ਹੈ।
ਪਕਾਉਣਾ ਅਤੇ ਮੰਡੀਕਰਨ – ਕੇਲੇ ਦੀ ਫ਼ਸਲ ਪਕਾਉਣ ਲਈ ਕਈ ਕਿਸਮ ਦੇ ਤਰੀਕੇ ਅਪਣਾਏ ਜਾਂਦੇ ਹਨ ਜਿਵੇਂ ਧੁੱਪ ਵਿਚ ਸੁਕਾ ਕੇ, ਗੁੱਛਿਆਂ ਨੂੰ ਅੱਗ ਤੇ ਤਪਾ ਕੇ, ਫ਼ਲਾਂ ਨੂੰ ਹਰੇ ਪੱਤਿਆਂ ਵਿਚ ਲਪੇਟ ਕੇ ਅਤੇ ਬੰਦ ਗੁਦਾਮਾਂ ਵਿਚ ਕਈ ਤਰ੍ਹਾਂ ਦੇ ਧੂੰਏ ਦੇ ਕਿ ਆਦਿ। ਇਕ ਆਮ ਪ੍ਰਚੱਲਤ ਢੰਗ ਇਹ ਹੈ ਕਿ ਫ਼ਲਾਂ ਨੂੰ ਕਮਰੇ ਵਿਚ ਢੇਰੀ ਕਰਕੇ ਪੱਤਿਆਂ ਨਾਂਲ ਢੱਕ ਦਿੱਤਾ ਜਾਂਦਾ ਹੈ ਅਤੇ ਕਮਰੇ ਦੇ ਇਕ ਕੋਨੇ ਵਿਚ ਅੱਗ ਬਾਲ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਕੇਲੇ 30 ਤੋਂ 48 ਘੰਟਿਆ ਦੇ ਅੰਦਰ ਅੰਦਰ ਪੱਕ ਜਾਂਦੇ ਹਨ। ਠੰਢੇ ਸਟੋਰਾਂ ਵਿਚ 15 ਤੋਂ 20 ਸੈਂ. ਤਾਪਮਾਨ ਤੇ ਵੀ ਕੇਲੇ ਪਕਾਏ ਜਾ ਸਕਦੇ ਹਨ। ਪਕਾਉਣ ਸਮੇਂ ਜੇਕਰ ਕੱਟੀ ਹੋਈ ਡੰਡੀ ਤੇ ਵੈਸਲੀਨ, ਲੁੱਕ ਜਾਂ ਮਿੱਟੀ ਦਾ ਤੇਲ ਆਦਿ ਕਰ ਦਿੱਤਾ ਜਾਵੇ ਤਾਂ ਗੁੱਝੇ ਖ਼ਰਾਬ ਨਹੀਂ ਹੁੰਦੇ। ਢੋਆ-ਢੁਆਈ ਸਮੇਂ ਗੁੱਛੇ ਲੇਪੇਟੇ ਹੋਣ ਤਾਂ ਫ਼ਲ ਨੂੰ ਨੁਕਸਾਨ ਨਹੀਂ ਹੁੰਦਾ।
ਕੀੜੇ ਮਕੌੜੇ ਅਤੇ ਬੀਮਾਰੀਆਂ
ਕੇਲੇ ਦੇ ਤਣੇ ਦਾ ਕੀੜਾ – ਇਸ ਕੀੜੇ ਦੇ ਛੋਟੇ ਬੱਚੇ ਸੇਮ ਵਾਲੀ ਧਰਤੀ ਵਿਚ ਬਹੁਤ ਜ਼ਿਆਦਾ ਹੁੰਦੇ ਹਨ ਅਤੇ ਇਸ ਵਿਚ ਸਕਰ ਰਾਹੀਂ ਦਾਖ਼ਲ ਹੁੰਦੇ ਹਨ। ਇਨ੍ਹਾਂ ਦੀ ਰੋਕਥਾਮ ਲਈ ਸਭ ਤੋਂ ਚੰਗਾ ਤਰੀਕਾ ਇਹੋ ਹੋ ਸਕਦਾ ਹੈ ਕਿ ਬੀਮਾਰ ਪੌਦਿਆਂ ਨੂੰ ਦਬਾ ਦਿੱਤਾ ਜਾਵੇ ਅਤੇ ਦੁਬਾਰਾ ਫ਼ਸਲ ਲਾਉਣ ਤੋਂ ਪਹਿਲਾਂ ਜ਼ਮੀਨ ਨੂੰ ਦੋ ਸਾਲ ਤੱਕ ਕੇਵਲ ਬਰਸਾਤ ਦੇ ਪਾਣੀ ਨਾਲ ਸਿੰਜਣਾ ਚਾਹੀਦਾ ਹੈ। ਕੇਲੇ ਨੂੰ ਲੱਗਣ ਵਾਲੀਆ ਕੁਝ ਮਹੱਤਵਪੂਰਨ ਅਤੇ ਖ਼ਤਰਨਾਕ ਬੀਮਾਰੀਆਂ ਹੇਠ ਲਿਖੇ ਅਨੁਸਾਰ ਹਨ :–
ਪਨਾਮਾ ਬੀਮਾਰੀ – ਇਹ ਬੀਮਾਰੀ ਇਕ ਜ਼ਮੀਨ-ਦੋਜ਼ ਉੱਲੀ ਫੁਜ਼ੇਰੀਅਮ ਆਕਸੀਸਪੋਰੀਅਮ ਰਾਹੀਂ ਲਗਦੀ ਹੈ। ਤਾਮਿਲਨਾਡੂ ਵਿਚ ਇਹ ਬੀਮਾਰੀ ਆਮ ਹੈ ਅਤੇ ਰਸਤਾਲੀ ਅਤੇ ਸਿਰੂਮਲਾਈ ਕਿਸਮਾਂ ਉੱਤੇ ਇਸ ਬੀਮਾਰੀ ਦਾ ਜ਼ਿਆਦਾ ਪ੍ਰਭਾਵ ਹੁੰਦਾ ਹੈ। ਇਸ ਨਾਲ ਪੱਤੇ ਪੀਲੇ ਪੈ ਕੇ ਝੜ ਜਾਂਦੇ ਹਨ।
ਇਸ ਬੀਮਾਰੀ ਦੀ ਰੋਕ ਲਈ ਬੀਮਾਰੀ ਵਾਲੇ ਪੌਦਿਆਂ ਨੂੰ ਸਕਰ ਅਤੇ ਜੜ੍ਹਾ ਸਮੇਤ ਪੁਟ ਕੇ ਸਾੜ ਦੇਣਾ ਚਾਹੀਦਾ ਹੈ। ਰੋਗੀ ਪੌਦੇ ਕੱਢ ਕੇ ਪੁਟੀ ਹੋਈ ਥਾਂ ਤੇ 1 ਹਿੱਸਾ ਚੂਨਾ ਅਤੇ 3 ਹਿੱਸੇ ਮਿੱਟੀ ਮਿਲਾ ਕੇ ਜ਼ਮੀਨ ਦੇ ਤਰ ਹੋ ਜਾਣ ਤੱਕ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ। ਜ਼ਿਆਦਾ ਲਾਗ ਵਾਲੀਆਂ ਜ਼ਮੀਨਾਂ ਵਿਚ ਕਾਫ਼ੀ ਚਿਰ ਤੱਕ ਕੇਲੇ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ ਅਤੇ ਨਵੇਂ ਸਕਰ ਸਾਫ਼ ਸੁਥਰੇ ਅਤੇ ਬੀਮਾਰੀ ਰਹਿਤ ਲਾਉਣੇ ਚਾਹੀਦੇ ਹਨ।
ਕੇਲੇ ਦਾ ਗੁੱਛਾ ਰੋਗ – ਇਹ ਇਕ ਵਾਇਰਸ ਰੋਗ ਹੈ। ਇਸ ਵਿਚ ਪੱਤੇ ਛੋਟੇ, ਵੱਟਾਂ ਵਾਲੇ, ਮੁੜੇ ਹੋਏ ਅਤੇ ਗੁੱਛਿਆਂ ਵਿਚ ਇਕੱਠੇ ਹੋ ਜਾਂਦੇ ਹਨ। ਬੀਮਾਰ ਪੌਦਿਆਂ ਨੂੰ ਸਾੜ ਦੇਣਾ ਚਾਹੀਦਾ ਹੈ।
ਮੇਨ ਸਟਾਕ ਰਾਟ – ਇਕ ਕਿਸਮ ਦੀ ਉੱਲੀ (Gloeosporium) ਤੋਂ ਲੱਗਦੀ ਹੈ। ਇਹ ਤਣੇ ਅਤੇ ਫ਼ਲ ਦੋਹਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਦੀ ਅਸਰਦਾਇਕ ਰੋਕਥਾਮ ਲਈ ਪੌਦੇ ਉੱਤੇ ਬਰਗੰਡੀ ਮਿਸ਼ਰਨ ਪੰਦ੍ਹਰਵਾੜੇ ਵਿਚ ਇਕ ਵਾਰੀ ਧੂੜ ਦੇਣਾ ਚਾਹੀਦਾ ਹੈ।
ਹ. ਪੁ.– ਐਨ. ਬ੍ਰਿ. 3 : 72; ਹੈ. ਐ: 343; ਫਰੂਟ ਕਲਚਰ ਇਨ ਇੰਡੀਆ : 115
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 25585, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no
ਕੇਲਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੇਲਾ, (ਪ੍ਰਾਕ੍ਰਿਤ : कयली, कअली; ) ਸੰਸਕ੍ਰਿਤ : कदली) \ ਪੁਲਿੰਗ : ੧. ਇੱਕ ਮਸ਼ਹੂਰ ਪੌਦਾ ਜਿਸ ਦਾ ਤਨਾ ਨਰਮ ਹੁੰਦਾ ਹੈ ਤੇ ਇੱਕ ਇੱਕ ਪੱਤਾ ਸਿਰ ਤੋਂ ਫੁਟਦਾ ਹੈ ਜੋ ਡੇਢ ਗਜ਼ ਤਕ ਲੰਮਾ ਹੁੰਦਾ ਹੈ, ਅਖ਼ੀਰ ਨੂੰ ਫੁੱਲਾਂ ਦਾ ਗੁੱਛਾ ਨਿਕਲਦਾ ਹੈ ਤੇ ਫੇਰ ਲੰਮਾ ਤੇ ਗੋਲ ਫਲ ਬਣਦਾ ਹੈ; ੨. ਇਸ ਦਾ ਫਲ
–ਕੇਲੀ, ਇਸਤਰੀ ਲਿੰਗ : ਛੋਟਾ ਕੇਲਾ
–ਕੇਲੇ ਦਾ ਲੂੰਗਰ, ਲਘੁਤਾਵਾਚਕ : ਕੇਲਿਆਂ ਦਾ ਵੱਡਾ ਲੰਮਾ ਗੁੱਛਾ
–ਕੇਲੇ ਦੀ ਛੱਲੀ, ਕੇਲੇ ਦੀ ਫਲੀ, ਇਸਤਰੀ ਲਿੰਗ : ਕੇਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3678, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-29-02-44-15, ਹਵਾਲੇ/ਟਿੱਪਣੀਆਂ:
ਕੇਲਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੇਲਾ, ਵਿਸ਼ੇਸ਼ਣ : ਇਕੱਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4394, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-29-02-44-31, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First