ਕੋਟਲਾ ਨਿਹੰਗ ਖ਼ਾਨ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਟਲਾ ਨਿਹੰਗ ਖ਼ਾਨ: ਰੋਪੜ ਦੇ ਦੱਖਣ ਵੱਲ ਲਗ-ਪਗ ਢਾਈ ਕਿਲੋਮੀਟਰ ਦੀ ਦੂਰੀ ’ਤੇ ਇਕ ਪਿੰਡ ਹੈ ਜਿਹੜਾ ਕਿ ‘ਗੁਰਦੁਆਰਾ ਭੱਠਾ ਸਾਹਿਬ’ ਕਾਰਨ ਪ੍ਰਸਿੱਧ ਹੈ। ਪਿੰਡ ਦਾ ਨਾਂ ਇੱਥੋਂ ਦੇ ਇਕ ਸਥਾਨਿਕ ਮੁਖੀ ਨਿਹੰਗ ਖ਼ਾਨ ਕਰਕੇ ਪਿਆ ਹੈ ਜਿਹੜਾ ਕਿ ਪਰਮਾਤਮਾ ਦੇ ਭੈਅ ਵਿਚ ਰਹਿਣ ਵਾਲਾ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸੀ। ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਤੋਂ ਅਨੰਦਪੁਰ ਵਾਪਸ ਆਉਂਦੇ ਹੋਏ ਪਹਿਲੀ ਵਾਰ ਕੋਟਲਾ ਨਿਹੰਗ ਖ਼ਾਨ ਗਏ ਸਨ। ਅਜੋਕੇ ‘ਗੁਰਦੁਆਰਾ ਭੱਠਾ ਸਾਹਿਬ’ ਦੇ ਅਸਥਾਨ ‘ਤੇ ਚੂਨਾ ਭੱਠੀ ਹੋਇਆ ਕਰਦੀ ਸੀ ਜਿਹੜੀ ਨਿਹੰਗ ਖ਼ਾਨ ਦੀ ਜਾਇਦਾਦ ਸੀ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਜੀ ਮੱਘਰ ਵਦੀ ਅਮਾਵਸ , 1745 ਬਿਕਰਮੀ/12 ਨਵੰਬਰ 1688 ਈ. ਨੂੰ ਉੱਥੇ ਪਹੁੰਚੇ ਤਾਂ ਭੱਠਾ ਧੁੱਖ ਰਿਹਾ ਸੀ ਅਤੇ ਗੁਰੂ ਜੀ ਅਚੇਤ ਜਾਂ ਜਾਣ ਬੁੱਝ ਕੇ ਇਸ ਉੱਤੇ ਘੋੜੇ ਸਮੇਤ ਸਵਾਰ ਹੋ ਕੇ ਚੜ੍ਹ ਗਏ। ਜਦੋਂ ਹੀ ਉਹਨਾਂ ਦੇ ਘੋੜੇ ਦੇ ਖੁਰ ਇਸ ਭੱਠੇ ‘ਤੇ ਲੱਗੇ ਤਾਂ ਉਹ ਠੰਡਾ ਹੋ ਗਿਆ ਸੀ। ਨਿਹੰਗ ਖ਼ਾਨ ਨੇ ਗੁਰੂ ਜੀ ਦੇ ਚਰਨ ਫੜ ਲਏ ਅਤੇ ਹਮੇਸ਼ਾਂ ਲਈ ਉਹਨਾਂ ਦਾ ਸ਼ਰਧਾਲੂ ਬਣ ਗਿਆ। ਉਹ ਗੁਰੂ ਜੀ ਨੂੰ ਆਪਣੀ ਹਵੇਲੀ ਵਿਚ ਲੈ ਗਿਆ ਅਤੇ ਸ਼ਰਧਾ ਅਤੇ ਸਤਿਕਾਰ ਨਾਲ ਸਾਰੀ ਰਾਤ ਉਹਨਾਂ ਦੀ ਸੇਵਾ ਕੀਤੀ। 1702/1703 ਵਿਚ ਸੂਰਜ ਗ੍ਰਹਿਣ ਦੇ ਸਮੇਂ ਕੁਰੂਕਸ਼ੇਤਰ ਤੋਂ ਵਾਪਸ ਆਉਂਦੇ ਹੋਏ ਗੁਰੂ ਜੀ ਦੁਬਾਰਾ ਕੋਟਲਾ ਨਿਹੰਗ ਖ਼ਾਨ ਗਏ। ਤੀਜੀ ਵਾਰ ਗੁਰੂ ਗੋਬਿੰਦ ਸਿੰਘ ਜੀ 6 ਦਸੰਬਰ 1705 ਨੂੰ ਅਨੰਦਪੁਰ ਨੂੰ ਛੱਡਣ ਸਮੇਂ ਸਰਸਾ ਨਦੀ ਪਾਰ ਕਰਕੇ ਸਿੱਧੇ ਕੋਟਲਾ ਨਿਹੰਗ ਖ਼ਾਨ ਵੱਲ ਆਏ ਸਨ। ਭਾਈ ਬਚਿੱਤਰ ਸਿੰਘ ਦੀ ਕਮਾਨ ਹੇਠ ਉਹਨਾਂ ਨੇ ਆਪਣੇ 100 ਸੂਰਬੀਰਾਂ ਦੀ ਇਕ ਟੁਕੜੀ ਪਿੱਛਾ ਕਰ ਰਹੀਆਂ ਫ਼ੌਜਾਂ ਨੂੰ ਰੋਕਣ ਲਈ ਭੇਜ ਦਿੱਤੀ ਸੀ। ਗੁਰੂ ਜੀ ਸੁਰੱਖਿਅਤ ਕੋਟਲੇ ਪਹੁੰਚ ਗਏ ਜਿੱਥੇ ਉਹਨਾਂ ਨਿਹੰਗ ਖ਼ਾਨ ਦੇ ਘਰ ਅਰਾਮ ਕੀਤਾ ਅਤੇ ਬਚਿੱਤਰ ਸਿੰਘ ਦਾ ਇੰਤਜ਼ਾਰ ਕਰਨ ਲੱਗੇ। ਬਚਿੱਤਰ ਸਿੰਘ ਨੇ ਗੁਰੂ ਜੀ ਦਾ ਪਿੱਛਾ ਕਰ ਰਹੀ ਫ਼ੌਜ ਨਾਲ ਟੱਕਰ ਲਈ ਪਰ ਇਸ ਯੁੱਧ ਵਿਚ ਉਸਦੇ ਬਹੁਤ ਸਾਰੇ ਸਾਥੀ ਸ਼ਹੀਦ ਹੋ ਗਏ ਅਤੇ ਉਹ ਆਪ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਮਦਨ ਸਿੰਘ ਨੇ ਉਸ ਨੂੰ ਇਸੇ ਹਾਲਤ ਵਿਚ ਨਿਹੰਗ ਖ਼ਾਨ ਦੇ ਘਰ ਲੈ ਆਂਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਨਿਹੰਗ ਖ਼ਾਨ ਨੂੰ ਬਚਿੱਤਰ ਸਿੰਘ ਦੀ ਦੇਖ-ਭਾਲ ਕਰਨ ਲਈ ਕਿਹਾ ਅਤੇ ਆਪ ਬਚੇ ਹੋਏ ਥੋੜ੍ਹੇ ਜਿਹੇ ਸਿੱਖਾਂ ਨਾਲ ਚਮਕੌਰ ਵੱਲ ਚੱਲੇ ਗਏ।
ਮੁਗ਼ਲ ਫ਼ੌਜਾਂ ਨੂੰ ਜਦੋਂ ਇਤਲਾਹ ਮਿਲੀ ਕਿ ਨਿਹੰਗ ਖ਼ਾਨ, ਸਿੱਖਾਂ ਨੂੰ ਪਨਾਹ ਦਿੰਦਾ ਹੈ ਤਾਂ ਉਹਨਾਂ ਨੇ ਇਸ ਦੇ ਘਰ ਦੀ ਤਲਾਸ਼ੀ ਲਈ। ਬਚਿੱਤਰ ਸਿੰਘ ਬੇਹੋਸ਼ੀ ਦੀ ਹਾਲਤ ਵਿਚ ਇਕ ਛੋਟੇ ਜਿਹੇ ਕਮਰੇ ਵਿਚ ਪਿਆ ਸੀ ਅਤੇ ਉਸ ਦੀ ਦੇਖ-ਭਾਲ ਨਿਹੰਗ ਖ਼ਾਨ ਦੀ ਬੇਟੀ ਕਰ ਰਹੀ ਸੀ। ਨਿਹੰਗ ਖ਼ਾਨ ਨੇ ਪਰੇਸ਼ਾਨੀ ਦਾ ਕੋਈ ਚਿੰਨ੍ਹ ਜ਼ਾਹਰ ਨਹੀਂ ਹੋਣ ਦਿੱਤਾ ਅਤੇ ਇਹ ਕਹਿ ਕੇ ਭਾਲ ਕਰ ਰਹੀ ਪਾਰਟੀ ਨੂੰ ਕਮਰੇ ਤੋਂ ਦੂਰ ਰੱਖਣ ਵਿਚ ਸਫ਼ਲ ਰਿਹਾ ਕਿ ਉਸਦੀ ਲੜਕੀ ਆਪਣੇ ਬਿਮਾਰ ਪਤੀ ਦੀ ਸੇਵਾ ਕਰ ਰਹੀ ਹੈ। ਖ਼ਤਰਾ ਟਲ ਗਿਆ ਪਰ ਬਚਿੱਤਰ ਸਿੰਘ ਨੂੰ ਬਚਾਇਆ ਨਹੀਂ ਜਾ ਸਕਿਆ। ਉਹ ਆਪਣੇ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ 8 ਦਸੰਬਰ 1705 ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜਿਆ। ਨਿਹੰਗ ਖ਼ਾਨ ਨੇ ਅਗਲੀ ਰਾਤ ਚੋਰੀ-ਛਿਪੇ ਉਸਦਾ ਸਸਕਾਰ ਕਰ ਦਿੱਤਾ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜਾਣ ਤੋਂ ਪਹਿਲਾਂ ਨਿਹੰਗ ਖ਼ਾਨ ਨੂੰ ਇਕ ਕਿਰਪਾਨ , ਇਕ ਕਟਾਰ ਅਤੇ ਇਕ ਢਾਲ ਦੀ ਬਖ਼ਸ਼ਸ਼ ਕੀਤੀ। ਇਹ ਪਵਿੱਤਰ ਨਿਸ਼ਾਨੀਆਂ ਪਰਵਾਰ ਨੇ ਸਾਂਭ ਕੇ ਰੱਖੀਆਂ ਹੋਈਆਂ ਹਨ ਪਰ ਚੂਨੇ ਭੱਠੇ ਵਾਲੇ ਸਥਾਨ ‘ਤੇ ਬੁੱਢਾ ਭੋਰਾ ਦੇ ਸੰਤ ਬਾਬਾ ਜੀਵਨ ਸਿੰਘ (1833-1938) ਦੁਆਰਾ ‘ਗੁਰਦੁਆਰਾ ਭੱਠਾ ਸਾਹਿਬ’ ਉਸਾਰੇ ਜਾਣ ਤਕ ਇੱਥੇ ਗੁਰੂ ਜੀ ਦੀ ਯਾਦ ਵਿਚ ਹੋਰ ਕੋਈ ਅਸਥਾਨ ਨਹੀਂ ਸੀ ਬਣਿਆ। ਗੁਰਦੁਆਰੇ ਦੀ ਉਸਾਰੀ 1910 ਵਿਚ ਸ਼ੁਰੂ ਕਰਕੇ 1923 ਵਿਚ ਸਮਾਪਤ ਕਰ ਦਿੱਤੀ ਸੀ। 1947 ਦੀ ਵੰਡ ਸਮੇਂ ਜਦੋਂ ਪਠਾਣ ਪਰਵਾਰ ਨੇ ਭਾਰਤ ਛੱਡਿਆ ਤਾਂ ਉਹਨਾਂ ਨੇ ਕਿਰਪਾਨ ਅਤੇ ਕਟਾਰ ਗੁਰਦੁਆਰਾ ਸਾਹਿਬ ਵਿਖੇ ਭੇਟ ਕਰ ਦਿੱਤੀ ਪਰ ਢਾਲ ‘ਤੇ ਉਸ ਪਰਵਾਰ ਨੇ ਅਧਿਕਾਰ ਕਰ ਲਿਆ ਜਿਸ ਨੇ ਉਹਨਾਂ ਦੇ ਘਰ ‘ਤੇ ਕਬਜ਼ਾ ਕੀਤਾ ਸੀ। ਕਿਰਪਾਨ, ਜਿਸ ਦੀ ਖ਼ੂਬਸੂਰਤ ਮਿਆਨ ਅਤੇ ਸੁਨਹਿਰੀ ਹੱਥਾ ਹੈ, ਉਪਰ ਫ਼ਾਰਸੀ ਅੱਖਰਾਂ ਵਿਚ ਉਕਰਿਆ ਹੋਇਆ ਹੈ: “ਸ਼ਾਹਿਨਸ਼ਾਹ ਸ਼ਾਹ ਮੀਰ ਮੁਹੰਮਦ ਮਾਮੂਰ।”
ਗੁਰਦੁਆਰੇ ਦੀ ਤਿੰਨ ਏਕੜ ਜ਼ਮੀਨ ਉੱਪਰ ਚਾਰ- ਦੀਵਾਰੀ ਦੇ ਅੰਦਰ ਉਸਾਰੀਆਂ ਇਮਾਰਤਾਂ ਵਿਚ ਬਹੁਤ ਸਾਰੇ ਹਾਲ ਅਤੇ ਕਮਰੇ ਸ਼ਾਮਲ ਹਨ। ਕੇਂਦਰੀ ਇਮਾਰਤ ਤਿੰਨ-ਮੰਜ਼ਲਾ ਗੁੰਬਦਦਾਰ ਪਵਿੱਤਰ ਅਸਥਾਨ ਹੈ ਜਿਹੜਾ ਉਸ ਅਸਥਾਨ ਦੀ ਯਾਦ ਦਿਵਾਉਂਦਾ ਹੈ ਜਿੱਥੇ ਗੁਰੂ ਜੀ ਦਾ ਘੋੜਾ ਭੱਠੇ ਉੱਤੇ ਖੜ੍ਹਾ ਸੀ। ਆਮ ਤੌਰ ਤੇ ਇਸ ਨੂੰ ਬੰਦ ਰੱਖਿਆ ਜਾਂਦਾ ਹੈ। ਦੋ ਹਾਲਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਗੁਰੂ ਨਾਨਕ ਨਿਵਾਸ ਅਤੇ ਦਸ਼ਮੇਸ਼ ਨਿਵਾਸ ਨਾਮਕ ਦੋ ਬਲਾਕਾਂ ਵਿਚ ਕਮਰਿਆਂ ਦੀ ਉਸਾਰੀ ਕੀਤੀ ਗਈ ਹੈ ਜਿੱਥੇ ਯਾਤਰੂਆਂ ਦੇ ਨਿਵਾਸ ਦਾ ਪ੍ਰਬੰਧ ਹੈ। ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਥਾਨਿਕ ਕਮੇਟੀ ਰਾਹੀਂ ਕੀਤਾ ਜਾਂਦਾ ਹੈ। ਸਵੇਰ ਅਤੇ ਸ਼ਾਮ ਦੇ ਨਿਤਨੇਮ ਤੋਂ ਇਲਾਵਾ ਹਰ ਐਤਵਾਰ ਅਤੇ ਸੰਗਰਾਂਦ ਦੀ ਸਵੇਰ ਨੂੰ ਵਿਸ਼ੇਸ਼ ਦੀਵਾਨ ਸਜਦੇ ਹਨ। 16-18 ਦਸੰਬਰ ਤਕ ਇਕ ਸਲਾਨਾ ਮੇਲਾ ਲੱਗਦਾ ਹੈ। ਗੁਰੂ ਕਾ ਲੰਗਰ ਹਰ ਸਮੇਂ ਖੁੱਲ੍ਹਾ ਰਹਿੰਦਾ ਹੈ। ਪਿੰਡ ਦੇ ਅੰਦਰ ਨਿਹੰਗਾਂ ਨੇ ਭਾਈ ਬਚਿੱਤਰ ਸਿੰਘ ਦੀ ਯਾਦ ਵਿਚ ਇਕ ਛੋਟਾ ਜਿਹਾ ਗੁਰਦੁਆਰਾ ਬਣਾਇਆ ਹੋਇਆ ਹੈ।
ਲੇਖਕ : ਮ.ਗ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1663, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First