ਕ੍ਰਿਸ਼ਨ ਚੰਦਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕ੍ਰਿਸ਼ਨ ਚੰਦਰ ( 1914– 1977 ) : ਉਰਦੂ ਦੇ ਅਫ਼ਸਾਨਾ ਨਿਗਾਰਾਂ ਵਿੱਚ ਕ੍ਰਿਸ਼ਨ ਚੰਦਰ ਇੱਕ ਚਮਕਦਾ ਨਾਂ ਹੈ । ਪੁਖਤਾ ਹਸਤਾਖ਼ਰ , ਜਿਸਨੇ ਆਪਣੇ ਨਾਵਲਾਂ ਤੇ ਕਹਾਣੀਆਂ ਸਦਕਾ ਉਰਦੂ ਅਫ਼ਸਾਨਾ-ਨਿਗਾਰੀ ਦੇ ਖੇਤਰ ਵਿੱਚ ਆਪਣਾ ਨਾਂ ਬਣਾਇਆ , ਉਹ ਆਪਣੇ ਸਮੇਂ ਦਾ ਜਬਰਦਸਤ ਲਿਖਾਰੀ ਸੀਪੰਜਾਬੀ ਹੋਣ ਦੇ ਨਾਤੇ ਉਸ ਦੇ ਪਾਤਰਾਂ ਵਿੱਚ ਦਮ ਖ਼ਮ ਦੇਖਣ ਨੂੰ ਮਿਲਦਾ ਹੈ । ਉਸ ਨੇ ਉਰਦੂ ਅਦਬ ਦੀ ਬਹੁਤ ਸੇਵਾ ਕੀਤੀ । ਏਨਾ ਲਿਖਿਆ ਤੇ ਅਜਿਹਾ ਲਿਖਿਆ ਕਿ ਪਾਠਕ ਤ੍ਰਿਪਤ ਹੁੰਦੇ ਰਹੇ । ਮਾਰਕਿਟ ਵਿੱਚ ਨਾਵਲ ਪੜ੍ਹਨ ਵਾਲਿਆਂ ਵਿੱਚ ਕ੍ਰਿਸ਼ਨ ਚੰਦਰ ਦੇ ਨਾਵਲਾਂ ਦੀ ਮੰਗ ਬਾਰ-ਬਾਰ ਬਣੀ ਰਹਿੰਦੀ ਸੀ । ਉਹ ਹਿੰਦੀ ਤੇ ਉਰਦੂ , ਦੋਵੇਂ ਭਾਸ਼ਾਵਾਂ ਦੇ ਪਾਠਕਾਂ ਵਿੱਚ ਹਰਮਨਪਿਆਰਾ ਸੀ । ਕਹਾਣੀ ਕਹਿਣ ਦੀ ਕਲਾ , ਕਿੱਸਾਗੋਈ ਰਾਹੀਂ ਹੀ ਨਹੀਂ , ਸ਼ਿਲਪ , ਸ਼ੈਲੀ ਤੇ ਭਾਸ਼ਾ ਦੇ ਮੁਹਾਵਰੇ ਰਾਹੀਂ ਵੀ ਉਸ ਨੇ ਪਾਠਕਾਂ ਨੂੰ ਕੀਲਿਆ । ਇਸਮਤ ਚੁਗ਼ਤਾਈ , ਸਆਦਤ ਹਸਨ ਮੰਟੋ , ਰਾਜਿੰਦਰ ਸਿੰਘ ਬੇਦੀ ਦੇ ਮੁਕਾਬਲੇ `ਚ ਕ੍ਰਿਸ਼ਨ ਚੰਦਰ ਦਾ ਸਾਹਿਤ ਵੀ ਹਰਮਨਪਿਆਰਾ ਸੀ । ਇਸ ਚੌਕੜੀ ਨੂੰ ਸਿਨੇਮਾ ਤੇ ਸਾਹਿਤ ਵਿੱਚ ਇੱਕੋ ਜਿਹੀ ਮਾਨਤਾ ਪ੍ਰਾਪਤ ਸੀ ।

        ਕ੍ਰਿਸ਼ਨ ਚੰਦਰ ਪ੍ਰਤਿਬੱਧ ਲੇਖਕ ਸੀ । ਉਸ ਦੀ ਸਾਹਿਤ ਤੇ ਸਮਾਜ ਪ੍ਰਤਿ ਵਚਨਬੱਧਤਾ ਤੇ ਇੱਕ ਉਦੇਸ਼ ਸੀ । ਅਗਾਂਹਵਧੂ ਲਹਿਰ ( ਪ੍ਰਗਤੀਸ਼ੀਲ ) ਵਿੱਚ ਉਹ ਵਿਸ਼ਵਾਸ ਰੱਖਦਾ ਅਤੇ ਸਮਾਜ ਤੇ ਕੋਝੇ ਪੱਖ ਨੂੰ ਲਿਖਤਾਂ `ਚ ਦਰਸਾ ਕੇ ਸੁਧਾਰਨ ਦੀ ਮਨੌਤ ਰੱਖਦਾ ਸੀ । ਉਹ ਮੇਜ਼ ਕੁਰਸੀ ਤੇ ਬੈਠ ਕੇ ਧੁੱਪ `ਚ ਕੰਮ ਕਰਨ ਵਾਲਿਆਂ ਬਾਰੇ ਲਿਖਦਾ ਸੀ । ਉਸ ਦੀਆਂ ਲਿਖਤਾਂ ਮੱਧਵਰਗੀ ਸਮਾਜ ਦਾ ਸ਼ੀਸ਼ਾ ਹਨ । ਕ੍ਰਿਸ਼ਨ ਚੰਦਰ ਦੀ ਸ਼ੁਹਰਤ ਏਨੀ ਸੀ ਕਿ ਉਹ ਕਦੇ ਰੁਕ ਕੇ ਆਪਣਾ ਜਾਇਜ਼ਾ ਵੀ ਨਹੀਂ ਲੈ ਸਕਿਆ । ਉਸ ਦੀ ਮਾਲੀ ਹਾਲਤ ਨੇ ਵੀ ਉਹਨਾਂ ਨੂੰ ਬਹੁਤਾ ਲਿਖਣ ਲਈ ਮਜਬੂਰ ਕੀਤਾ ਸੀ । ਉਹ ਆਪਣਾ , ਦੋਵੇਂ ਪਤਨੀਆਂ ਅਤੇ ਉਹਨਾਂ ਦੇ ਬੱਚਿਆਂ ਦਾ ਖ਼ਰਚਾ ਕਲਮ ਦੀ ਕਿਰਤ ਨਾਲ ਕੱਢਦਾ ਸੀ । ਸਾਹਿਤਿਕ ਮਹਿਫ਼ਲਾਂ ਵਿੱਚ ਉਸ ਨੂੰ ਹਰ ਥਾਂ ਏਸ਼ੀਆ ਦਾ ਅਜ਼ੀਮ ਅਫ਼ਸਾਨਾਨਿਗਾਰ ਕਹਿ ਕੇ ਯਾਦ ਕੀਤਾ ਜਾਂਦਾ ਸੀ ।

        ਕ੍ਰਿਸ਼ਨ ਚੰਦਰ ਆਪਣੇ ਯੁੱਗ `ਚ ਇੱਕ ਲੈਜੰਡ ਬਣ ਕੇ ਜਿਊਂਦਾ ਰਿਹਾ । ਅਨੇਕ ਚਰਚਿਆਂ , ਵਿਵਾਦਾਂ ਵਿੱਚ ਉਹ ਘਿਰਿਆ ਰਹਿੰਦਾ ਸੀ । ਕ੍ਰਿਸ਼ਨ ਚੰਦਰ ਦੇ ਛੋਟੇ ਭਰਾ ਮਹਿੰਦਰ ਨਾਥ ਤੇ ਉਹਨਾਂ ਦੇ ਦੋਸਤ ਬਲਰਾਜ ਮੈਨਰਾ ਵੀ ਓਦੋਂ ਲਿਖਦੇ ਸਨ । ਮਹਿੰਦਰ ਨਾਥ ਤਾਂ ਸ਼ੁਰੂ `ਚ ਇੱਕ ਦੋ ਫ਼ਿਲਮਾਂ ਦਾ ਹੀਰੋ ਵੀ ਰਹਿ ਚੁੱਕਿਆ ਸੀ । ਕ੍ਰਿਸ਼ਨ ਚੰਦਰ ਨੇ ਬੰਬਈ `ਚ ਫ਼ਿਲਮ ਇੰਡਸਟਰੀ ਵਿੱਚ ਵੀ ਪ੍ਰਵੇਸ਼ ਕੀਤਾ । ਉਹ ਅਦਬ ਦੇ ਆਸਰੇ ਹੀ ਅੱਗੇ ਆਇਆ । ‘ ਦੋ ਫਰਲਾਂਗ ਲੰਮੀ ਸੜਕ` ਅਤੇ ‘ ਅੱਧੇ ਘੰਟੇ ਦਾ ਖੁਦਾ’ ਉਸ ਦੀਆਂ ਬਹੁ ਚਰਚਿਤ ਕਹਾਣੀਆਂ ਵਿੱਚ ਗਿਣੀਆਂ ਜਾਂਦੀਆਂ ਹਨ । ਗੁਲਸ਼ਨ ਨੰਦਾ ਦੇ ਨਾਵਲਾਂ ਵਾਂਗ ਏਕ ਗਧੇ ਕੀ ਆਤਮ ਕਥਾ , ਕਸ਼ਮੀਰ ਕੀ ਕਸਮ ਬਹੁਤ ਲੋਕ-ਪ੍ਰਿਆ ਹਨ ।

        ਕ੍ਰਿਸ਼ਨ ਚੰਦਰ ਕਮਿਊਨਿਸਟ ਸੀ । ਜ਼ਿੰਦਗੀ ਵਿੱਚ ਜਿਵੇਂ ਸੀ ਮਰਨ ਤੱਕ ਵੀ ਉਸੇ ਤਰ੍ਹਾਂ ਦਾ ਰਿਹਾ । ਉਸ ਦੀ ਪਹਿਲੀ ਪਤਨੀ ਦੇ ਪੁੱਤਰ ਨੇ ਸਲਮਾ ਸਦੀਕੀ ( ਦੂਜੀ ਪਤਨੀ ) ਦੀ ਜ਼ਿੱਦ ਤੇ ਬਿਆਨ ਦਿੱਤੇ ਬਗ਼ੈਰ ਕ੍ਰਿਸ਼ਨ ਚੰਦਰ ਦੀ ਦੇਹ ਨੂੰ ਅੱਗ ਦੇ ਹਵਾਲੇ ਕਰ ਦਿੱਤਾ । ਕ੍ਰਿਸ਼ਨ ਚੰਦਰ ਦੇ ਦੋ ਘਰ ਸਨ । ਇੱਕ ਘਰ ਵਿੱਚ ਉਹ ਮੁਸਲਮਾਨ ਸੀ , ਦੂਸਰੇ ਵਿੱਚ ਹਿੰਦੂ । ਪਹਿਲੀ ਪਤਨੀ ਦੇ ਹੁੰਦਿਆਂ ਉਸ ਨੇ ਦੂਸਰੇ ਵਿਆਹ ਲਈ ਆਪਣੇ-ਆਪ ਨੂੰ ਮੁਸਲਮਾਨ ਬਣਾਇਆ ਸੀ ।

        ਉਰਦੂ ਦੀ ਨਾਵਲਕਾਰੀ ਵਿੱਚ ਤਿੰਨ ਦਰਜਨ ਤੋਂ ਵੱਧ ਨਾਵਲ ਅੱਜ ਵੀ ਪੁਰਾਣੀਆਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਹਨ । ਉਰਦੂ ਨਾ ਪੜ੍ਹ , ਸਮਝ ਸਕਣ ਵਾਲਿਆਂ ਨੇ ਉਸ ਨੂੰ ਹਿੰਦੀ ਤੇ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਰੂਪ `ਚ ਪੜ੍ਹਿਆ । ਸਮੇਂ ਨੇ ਕ੍ਰਿਸ਼ਨ ਚੰਦਰ ਨੂੰ ਨਿਖਾਰਿਆ ਸੀ ਤੇ ਕ੍ਰਿਸ਼ਨ ਚੰਦਰ ਦੇ ਲੇਖਕ ਨੇ ਉਸ ਦੀਆਂ ਕਹਾਣੀਆਂ ਨੂੰ ਸ਼ਿੰਗਾਰਿਆ । ਏਕ ਗਧੇ ਕੀ ਵਾਪਸੀ , ਬਾਵਨ ਪਤੇ ਜਿਹੇ ਨਾਵਲਾਂ ਨੇ ਉਸ ਨੂੰ ਵਧੇਰੇ ਹਰਮਨਪਿਆਰਾ ਨਾਵਲਕਾਰ ਬਣਾਇਆ ।


ਲੇਖਕ : ਫੂਲਚੰਦ ਮਾਨਵ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1289, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.