ਕੱਛ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਛ ( ਨਾਂ , ਇ ) 1 ਬਾਂਹ ਅਤੇ ਮੋਢੇ ਦੀ ਸੰਧੀ ਹੇਠਲਾ ਡੂੰਘ 2 ਤੇੜ ਪਾਉਣ ਹਿਤ ਸਿਊਂਤਾ ਘੱਟ ਲੰਮੇ ਪਹੁੰਚਿਆਂ ਵਾਲਾ ਪਹਿਰਾਵਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6208, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੱਛ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਛ 1 [ ਨਾਂਇ ] ਸਰੀਰ ਦਾ ਮੋਢੇ ਹੇਠਲਾ ਭਾਗ , ਬਗ਼ਲ 2 [ ਨਾਂਇ ] ਜ਼ਮੀਨ ਦੀ ਪੈਮਾਇਸ਼ 3 [ ਨਾਂਪੁ ] ਸਮੁੰਦਰ ਜਾਂ ਦਰਿਆ ਦੇ ਕੰਢੇ ਨੇੜਲੀ ਜ਼ਮੀਨ , ਬੇਟ 4 [ ਨਾਂਪੁ ] ਤੇੜ ਬੰਨ੍ਹਣ ਵਾਲ਼ਾ ਛੋਟਾ ਕੱਪੜਾ; ਸਿੱਖ ਰਹਿਤ ਵਾਲ਼ਾ ਕਛਹਿਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6200, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੱਛ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਛ . ਸੰ. कच्छ. ਨਦੀ ਆਦਿਕ ਦੇ ਕਿਨਾਰੇ ਦਾ ਦੇਸ਼. ਕਛਾਰ । ੨ ਬੰਬਈ ਹਾਤੇ ਦਾ ਇੱਕ ਦੇਸ਼ , ਜਿਸ ਦੀ ਰਾਜਧਾਨੀ ਭੁਜ ਹੈ ਅਤੇ ਸਿੰਧੁ ਨਦ ਦੀ ਕੋਰੀ ਧਾਰਾ ਦੇ ਕਿਨਾਰੇ ਦਾ ਪੁਰਾਣਾ ਇਲਾਕਾ , ਜਿਸਦੀ ਰਾਜਧਾਨੀ ਕੋਟੀਸ਼੍ਵਰ ਸੀ । 1  ੩ ਧੋਤੀ ਦਾ ਉਹ ਪੱਲਾ , ਜੋ ਦੋਹਾਂ ਟੰਗਾਂ ਵਿੱਚਦੀਂ ਲਿਆਕੇ ਪਿੱਛੇ ਟੰਗੀਦਾ ਹੈ. ਲਾਂਗ । ੪ ਦੇਖੋ , ਕੱਛਪ2 । ੫ ਕਛਹਿਰਾ. ਖ਼ਾਲਸੇ ਦਾ ਵਡਾ ਜਾਂਘੀਆ , ਜਿਸ ਨੂੰ ਅਮ੍ਰਿਤਧਾਰੀ ਸਿੰਘ ਪਹਿਨਦੇ ਹਨ. ਇਹ ਸਿੰਘਾਂ ਦਾ ਤੀਜਾ ਕਕਾਰ ( ਕੱਕਾ ) ਹੈ. ਦੇਖੋ , ਤ੍ਰੈ ਮੁਦ੍ਰਾ । ੬ ਬੀਜੇ ਹੋਏ ਖੇਤ ਦੀ ਮਿਣਤੀ ਕਰਨ ਦਾ ਕੰਮ. ਦੇਖੋ , ਕਾਛੂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6096, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੱਛ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕੱਛ / ਕਛਹਿਰਾ : ਸਿੰਘਾਂ ਦੇ ਪੰਜ ਕਕਾਰਾਂ ਵਿਚੋਂ ਇਕ , ਜਿਸ ਦਾ ਮੁੱਖ ਪ੍ਰਯੋਜਨ ਮਨੁੱਖ ਦਾ ਪਰਦਾ ਢਕਣਾ ਹੈ । ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਵਾਸਤੇ ਇਸ ਨੂੰ ਲਾਜ਼ਮੀ ਕਰਾਰ ਦੇਣ ਲਈ ਪੰਜ ਕਕਾਰਾਂ ਵਿਚ ਸ਼ਾਮਲ ਕੀਤਾ ਹੈ । ਇਸ ਤੋਂ ਬਿਨਾ ਰਹਿਣਾ ਖ਼ਾਲਸੇ ਲਈ ਵਰਜਿਤ ਹੈ । ਰਹਿਤਨਾਮਿਆਂ ਵਿਚ ਇਸ ਨੂੰ ਧਾਰਣ ਕਰਨ ਉਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ । ‘ ਗੁਰ ਪ੍ਰਤਾਪ ਸੂਰਜ ’ ( ਰੁੱਤ 3/ਅ. 50 ) ਵਿਚ ਲਿਖਿਆ ਹੈ— ਕੱਛ ਬਿਨ ਚਿਰ ਕਾਲ ਰਹੈ ਇਕ ਤਜਿ ਦੁਤਿਯ ਤੁਰਤ ਹੀ ਗਹੇ

                      ਮਨੁੱਖ ਦਾ ਪਰਦਾ ਢਕਣ ਲਈ ਜਾਂਘੀਏ ਜਾਂ ਇਸ ਪ੍ਰਕਾਰ ਦੇ ਬਸਤ੍ਰ ਦੇ ਪਹਿਨਣ ਦਾ ਰਿਵਾਜ ਭਾਵੇਂ ਹਰ ਕਾਲ ਵਿਚ ਹਰ ਦੇਸ਼ ਵਿਚ ਰਿਹਾ ਹੈ ਅਤੇ ਦੇਸ਼-ਭੇਦ ਕਰਕੇ ਇਸ ਦੇ ਰੂਪ ਅਤੇ ਆਕਾਰ ਵਿਚ ਵੀ ਅੰਤਰ ਰਹਿੰਦੇ ਰਹੇ ਹਨ , ਪਰ ਸਿੰਘ ਦਾ ਕਛਹਿਰਾ ਮੁਹਰੀ ਅਤੇ ਨੇਫੇ ਵਾਲਾ ਸਾਧਾਰਣ ਘੇਰੇਦਾਰ ਬਸਤ੍ਰ ਹੈ ਜੋ ਸ਼ਰੀਰ ਨੂੰ ਚੁਸਤ ਰਖਦਾ ਹੈ ਅਤੇ ਕਿਸੇ ਪ੍ਰਕਾਰ ਦੀ ਸ਼ਰੀਰਿਕ ਹਰਕਤ ਵਿਚ ਵਿਘਨ ਨਹੀਂ ਬਣਦਾ । ਇਸ ਦੀ ਮੁਹਰੀ ਗੋਡੇ ਤੋਂ ਉੱਚੀ ਹੋਣੀ ਦਸੀ ਗਈ ਹੈ । ਗੋਡੇ ਢਕਣ ਵਾਲੀ ਕੱਛ ਪਹਿਨਣ ਦੀ ਪ੍ਰਵਾਨਗੀ ਨਹੀਂ , ਇਸ ਪ੍ਰਕਾਰ ਦੀ ਕੱਛ ਪਹਿਨਣ ਦਾ ਰਿਵਾਜ ਨਾਂਦੇੜ ਵਿਚ ਵਸਣ ਵਾਲੇ ਦੱਖਣੀ ਸਿੰਘਾਂ ਵਿਚ ਹੈ । ਇਸ ਤੋਂ ਇਲਾਵਾ ਬੁੱਢਾ ਦਲ ਵਿਚ ਵੀ ਘੋੜ-ਸਵਾਰੀ ਵੇਲੇ ਆਮ ਕਛਹਿਰੇ ਉਪਰ ਗੋਡਿਆਂ ਦੀ ਰਖਿਆ ਲਈ ਗੋਡੇ ਵਾਲੀ ਕੱਛ ਪਹਿਨਣ ਦਾ ਵਿਧਾਨ ਹੈ । ਪਰ ਇਹ ਖ਼ਾਲਸੇ ਦੀ ਕੱਛ ਦਾ ਦਸਤੂਰੀ ਰੂਪ ਨਹੀਂ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਕੱਛ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕੱਛ : ਇਹ ਭਾਰਤ ਦੇ ਪੱਛਮ-ਕੇਂਦਰੀ ਭਾਗ ਵਿਚ ਗੁਜਰਾਤ ਰਾਜ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ । ਇਸ ਦੇ ਉੱਤਰ ਵਿਚ ਪਾਕਿਸਤਾਨ ਅਤੇ ਦੱਖਣ ਵਿਚ ਖਾੜੀ ਕੱਛ ਹੈ । ਜ਼ਿਲ੍ਹੇ ਦਾ ਕੁੱਲ ਰਕਬਾ 45 , 612 ਵ. ਕਿ. ਮੀ. ਅਤੇ ਵਸੋਂ 1 , 050 , 161 ( 1981 ) ਹੈ ।

                  ਇਹ ਇਕ ਪ੍ਰਾਇਦੀਪ ਦੀ ਸ਼ਕਲ ਵਿਚ ਹੈ । ਇਸ ਦੀ ਸਭ ਤੋਂ ਉੱਚੀ ਥਾਂ ਪੱਛਮੀ ਟਾਪੂ ਦੇ ਉੱਤਰੀ ਭਾਗ ਵਿਚ ਹੈ । ਰਣ ਕੱਛ ਵਿਚ ਕਿਤੇ ਕਿਤੇ ਪਹਾੜੀ ਟਿੱਲੇ ਹਨ । ਇਥੋਂ ਦਾ ਪੌਣ-ਪਾਣੀ ਗਰਮ ਅਤੇ ਖੁਸ਼ਕ ਹੈ । ਦੱਖਣੀ ਪੂਰਬੀ ਭਾਗਾਂ ਵਿਚ ਵਰਖਾ 40 ਤੋਂ 60 ਸੈਂ. ਮੀ. ਤੱਕ ਹੋ ਜਾਂਦੀ ਹੈ । ਬਾਕੀ ਦੇ ਭਾਗਾਂ ਵਿਚ ਭੋਂ ਕਾਲੀ ਹੈ , ਪਰ ਉੱਤਰ ਅਤੇ ਪੱਛਮ ਵਲ ਅਤੇ ਰੇਤਲੀ ਹੁੰਦੀ ਜਾਂਦੀ ਹੈ । ਕੰਡੇਦਾਰ ਝਾੜੀਆਂ ਆਮ ਹਨ । ਸਿਰਫ 20% ਭੌਂ ਵਿਚ ਖੇਤੀ ਹੋ ਸਕਦੀ ਹੈ । ਬਾਜਰਾ ਇਥੋਂ ਦੀ ਮੁੱਖ ਫਸਲ ਹੈ । ਤਿਲਹਨ , ਜਵਾਰ , ਕਪਾਹ , ਮੂੰਗਫਲੀ , ਕਣਕ ਅਤੇ ਕੁਝ ਦਾਲਾਂ ਦੀ ਕਾਸ਼ਤ ਵੀ ਕੀਤਾ ਜਾਂਦੀ ਹੈ । ਇਹ ਸਾਰੀਆਂ ਫਸਲਾਂ ਦੱਖਣੀ ਅਤੇ ਪੱਛਮੀ ਭਾਗਾਂ ਵਿਚ ਹੀ ਪੈਦਾ ਕੀਤੀਆਂ ਜਾਂਦੀਆਂ ਹਨ ।

                  ਵਸੋਂ ਪੁੱਜ ਕੇ ਛਿੱਦੀ ਹੈ । ਦੱਖਣੀ ਤੱਟਵਰਤੀ ਭਾਗਾਂ ਵਿਚ ਵਸੋਂ ਦੀ ਘਣਤਾ 50 ਤੋਂ 100 ਮਨੁੱਖ ਪ੍ਰਤੀ ਵ. ਕਿ. ਮੀ. ਹੈ । ਪਰ ਅੰਦਰਲੇ ਭਾਗਾਂ ਵਿਚ 50 ਤੋਂ ਘੱਟ ਹੈ । ਰਣ-ਕੱਛ ਗੈਰ-ਆਬਾਦ ਦਲਦਲੀ ਖੇਤਰ ਹੈ ।

                  ਕੱਛ ਵਿਚ ਭੂਰੇ ਕੋਲੇ , ਚੂਨੇ ਦੇ ਪੱਥਰ ਅਤੇ ਜਿਪਸਮ ਤੇ ਸੰਗਮਰਮਰ ਦੇ ਬਹੁਤ ਵੱਡੇ ਭੰਡਾਰ ਹਨ । ਪਦਨਾ , ਕਾਂਡਲਾ , ਮੁੰਦਰਾ ਅਤੇ ਜੋਖਾ ਵਿਚ ਲੂਣ ਤਿਆਰ ਕੀਤਾ ਜਾਂਦਾ ਹੈ । ਇੱਟਾਂ ਅਤੇ ਟਾਈਲਾਂ ਦੇ ਭੱਠੇ ਆਦੀਪੁਰ ਅਤੇ ਨਵੇਂ ਕਾਂਡਲਾ ਵਿਚ ਹਨ । ਮੋਟਰ ਗੱਡੀਆਂ ਜੋੜਨ ਦਾ ਕਾਰਖਾਨਾ ਭੁਜ ਵਿਚ ਹੈ । ਭੁਜ ਜ਼ਿਲ੍ਹੇ ਦਾ ਸਦਰ-ਮੁਕਾਮ ਹੈ । ਗਾਂਧੀਧਾਮ ਵਿਚ ਪੈਟਰੋ-ਕੈਮੀਕਲ ਦੇ ਕਾਰਖਾਨੇ ਹਨ । ਕਾਂਡਲਾ ਉੱਤਰ-ਪੱਛਮੀ ਤੱਟ ਦੀ ਮੁੱਖ ਬੰਦਰਗਾਹ ਹੈ । ਮੀਟਰ ਗੇਜ ਰੇਲਵੇ ਲਾਈਨ ਭੁਜ ਤੋਂ ਅਹਿਮਦਾਬਾਦ ਜਾਂਦੀ ਹੈ ।

                  ਕੱਛ ਦੇ ਖੇਤਰ ਦੇ ਪ੍ਰਾਰੰਭਕ ਇਤਿਹਾਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ । 13ਵੀਂ ਸਦੀ ਵਿਚ ਸਿੰਧ ਦੇ ਸਾਮਾ ਰਾਜਪੂਤਾਂ ਨੇ ਇਥੋਂ ਦੇ ਚਾਵੇਦਾ ਰਾਜਪੂਤਾਂ ਕੋਲ ਆ ਕੇ ਸ਼ਰਣ ਲਈ । 1320 ਦੇ ਕਰੀਬ ਇਨ੍ਹਾਂ ਰਾਜਪੂਤਾਂ ਨੇ ਇਸ ਖੇਤਰ ਦੇ ਮੂਲ ਵਾਸੀਆਂ ਨੂੰ ਭਜਾ ਦਿਤਾ । ਸੰਨ 1540 ਤੋਂ 1760 ਤੱਕ ਇਥੇ ਰਾਜਪੂਤਾਂ ਦਾ ਸਾਂਝਾ ਰਾਜ ਕਾਇਮ ਰਿਹਾ । ਸਿੰਧ ਵਲੋਂ ਥੋੜ੍ਹੀ ਥੋੜ੍ਹੀ ਦੇਰ ਪਿਛੋਂ ਕੱਛ ਦੇ ਇਲਾਕੇ ਤੇ ਮੁਸਲਮਾਨ ਹਮਲੇ ਹੁੰਦੇ ਰਹੇ । ਅੰਤ ਨੂੰ ਇਥੇ ਮੁਸਲਮਾਨ ਰਾਜ ਕਾਇਮ ਹੋ ਗਿਆ । 1813 ਵਿਚ ਇਕ ਰਾਜਪੂਤ ਰਾਜੇ ਨੇ ਇਥੇ ਫਿਰ ਕਬਜ਼ਾ ਕੀਤਾ । 1815 ਵਿਚ ਇਹ ਖੇਤਰ ਅੰਗਰੇਜ਼ੀ ਰਾਜ ਅਧੀਨ ਆ ਗਿਆ । ਭਾਰਤ ਦੇ ਆਜ਼ਾਦ ਹੋਣ ਉਪਰੰਤ ਇਹ ਕੇਂਦਰੀ ਸਰਕਾਰ ਅਧੀਨ ਆਇਆ । 1956 ਤੋਂ 1960 ਤੱਕ ਬੰਬਈ ਰਾਜ ਵਿਚ ਜ਼ਿਲ੍ਹੇ ਦੇ ਤੌਰ ਤੇ ਸ਼ਾਮਲ ਰਿਹਾ । ਇਸ ਪਿਛੋਂ ਕੱਛ ਦਾ ਸਾਰਾ ਖੇਤਰ ਗੁਜਰਾਤ ਰਾਜ ਦਾ ਜ਼ਿਲ੍ਹਾ ਬਣਿਆ । ਇਸ ਦੀ ਪਾਕਿਸਤਾਨ ਨਾਲ ਲਗਦੀ ਹੱਦ ਦਾ ਝਗੜਾ ਚੱਲ ਰਿਹਾ ਹੈ ।

                  ਹ. ਪੁ.– – ਇੰਪ. ਗ. ਇੰਡ. 11 : 74; ਇੰਡ. ਰਿ. ਜਗ.; ਐਨ. ਬ੍ਰਿ. ਮਾ. 7 : 48


ਲੇਖਕ : ਵੀਰ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.