ਖਾਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਾਰ (ਨਾਂ,ਇ) ਸੱਜੀ; ਸ਼ੋਰਾ ਜਾਂ ਕੋਈ ਮੈਲ ਦੀ ਕਾਟ ਕਰਨ ਵਾਲੀ ਸ਼ੈ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11667, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖਾਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਾਰ [ਨਾਂਪੁ] (ਵਿਗਿ) ਅਜਿਹੀ ਵਸਤੂ ਜੋ ਪਾਣੀ ਵਿੱਚ ਘੁਲ਼ ਕੇ ਹਾਈਡਰੋਕਸਾਈਡ ਆਇਨ ਛੱਡੇ ਅਤੇ ਲਾਲ ਲਿਟਮਸ ਨੂੰ ਨੀਲਾ ਕਰੇ ਜਿਵੇਂ ਕਾਸਟਿਕ ਸੋਡਾ [ਨਾਂਇ] ਦੁਸ਼ਮਣੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11659, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖਾਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਾਰ. ਸੰ. ਰ. ਸੰਗ੍ਯਾ—ਖਾਰਾਰਸ. “ਆਨਰਸ ਸਭਿ ਖਾਰ.” (ਸਾਰ ਮ: ੫) ੨ ਸੁਆਹ. ਭਸਮ. “ਪਾਪ ਹੋਵਤ ਖਾਰ.” (ਸਾਰ ਮ: ੫) ੩ ਨਮਕ. ਲੂਣ । ੪ ਸੁਹਾਗਾ , ਸੱਜੀ, ਕਲਮੀਸ਼ੋਰਾ, ਜੌਂਖਾਰ, ਨਸਾਦਰ ਆਦਿ ਖਾਰੇ ਪਦਾਰਥ। ੫ ਵਿ—ਖਾਰਾ. “ਖਾਰ ਸਮੁੰਦ੍ਰ ਢੰਢੋਲੀਐ ਇਕੁ ਮਣੀਆ ਪਾਵੈ.” (ਮਾਰੂ ਅ: ਮ: ੧) ੬ ਫ਼ਾ ਸੰਗ੍ਯਾ—ਕੰਡਾ। ੭ ਦ੍ਵੇ. ਵੈਰਭਾਵ। ੮ ਫ਼ਾ ਖ਼੍ਵਾਰ. ਅਪਮਾਨ ਸਹਿਤ. “ਖਪਿ ਹੋਏ ਖਾਰ.” (ਵਾਰ ਆਸਾ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11540, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖਾਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਖਾਰ (ਗੁ.। ਸੰਸਕ੍ਰਿਤ ਕਸ਼ਾੑਰ) ੧. ਖਾਰੇ , ਖੱਟੇ ਦੇ ਉਲਟ, ਕੌੜਾ ਬੀ ਅਰਥ ਕਰ ਲੈਂਦੇ ਹਨ, ਪਰ ਖਾਰਾ ਸ਼ੁਆਦ ਵੱਖਰਾ ਹੈ, ਜੋ ਸੱਜੀ ਸੁਆਹ ਆਦਿਕਾਂ ਦਾ ਹੁੰਦਾ ਹੈ। ਯਥਾ-‘ਆਨ ਰਸ ਸਭਿ ਖਾਰ’। ਤਥਾ-‘ਖਾਰ ਸਮੁੰਦ੍ਰ ਢੰਢੋਲੀਐ’।
੨. (ਫ਼ਾਰਸੀ ਖ਼੍ਵਾਰ) ਦੁਖੀ। ਯਥਾ-‘ਖਪਿ ਹੋਏ ਖਾਰੁ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਖਾਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਖਾਰ : ਅਜੋਕੇ ਰਸਾਇਣ-ਵਿਗਿਆਨ ਵਿਚ ਖਾਰ ਸ਼ਬਦ ਦੀ ਵਰਤੋਂ ਵਿਸ਼ੇਸ਼ ਕਰ ਕੇ ਲਿਥੀਅਮ, ਸੋਡੀਅਮ, ਪੋਟਾਸ਼ੀਅਮ, ਸੀਜ਼ੀਅਮ ਅਤੇ ਰੂਬਿਡੀਅਮ ਆਦਿ ਖਾਰੀਆਂ ਧਾਤਾਂ ਦੇ ਬਹੁਤ ਹੀ ਘੁਲਣਸ਼ੀਲ ਹਾਈਡ੍ਰਾੱਕਸਾਈਡਾਂ ਲਈ ਕੀਤੀ ਜਾਂਦੀ ਹੈ। ਤੇਜ਼ਾਬ ਜਾਂ ਉਦਾਸੀਨ ਪਦਾਰਥਾਂ ਦਾ ਖਾਰ ਨਾਲੋਂ ਫ਼ਰਕ ਇਨ੍ਹਾਂ ਦੀ ਲਿਟਮਸ, ਫ਼ੀਨਾੱਲਫ਼ਥੇਲਿਨ ਅਤੇ ਦੂਸਰੇ ਇੰਡੀਕੇਟਰਾਂ ਉੱਤੇ ਕਿਰਿਆ ਦੁਆਰਾ ਦਰਸਾਇਆ ਜਾਂਦਾ ਹੈ।
ਕਈ ਵਾਰੀ ਇਸ ਸ਼ਬਦ ਦੀ ਵਰਤੋਂ ਖਾਰੀ-ਮਿੱਟੀ ਧਾਤਾਂ ਜਿਵੇਂ ਕੈਲਸ਼ੀਅਮ, ਸਟ੍ਰਾਂਸ਼ੀਅਮ ਅਤੇ ਬੇਰੀਅਮ ਦੇ ਘੱਟ ਘੁਲਣਸ਼ੀਲ ਹਾਈਡ੍ਰਾੱਕਸਾਈਡਾਂ ਲਈ ਤੇ ਅਮੋਨੀਅਮ ਹਾਈਡ੍ਰਾੱਕਸਾਈਡ ਅਤੇ ਥੇਲਸ ਹਾਈਡ੍ਰਾੱਕਸਾਈਡ ਲਈ ਵੀ ਕੀਤੀ ਜਾਂਦੀ ਹੈ। ਉਦਯੋਗਿਕ ਤੌਰ ਤੇ ਖਾਰ ਸ਼ਬਦ ਵਿਚ ਅਜਿਹੇ ਯੋਗਿਕ ਵੀ ਸ਼ਾਮਲ ਹਨ ਜਿਹੜੇ ਘੁਲਣਸ਼ੀਲ ਹੁੰਦੇ ਹਨ ਅਤੇ ਇਹ ਬੜੀ ਤੇਜ਼ੀ ਨਾਲ ਖਾਰਾਂ ਵਾਂਗ ਕਿਰਿਆ ਕਰਦੇ ਹਨ।
ਮੁੱਢ ਵਿਚ ਇਸ ਸ਼ਬਦ ਦੀ ਵਰਤੋਂ ਉਨ੍ਹਾਂ ਪੌਦਿਆਂ ਦੀ ਸੁਆਹ ਲਈ ਕੀਤੀ ਜਾਂਦੀ ਸੀ ਜਿਨ੍ਹਾਂ ਨੂੰ ਖੋਰ ਕੇ ਸੋਡੀਅਮ ਅਤੇ ਪੋਟਾਸ਼ੀਅਮ ਦੇ ਕਾਰਬੋਨੇਟ ਪ੍ਰਾਪਤ ਕੀਤੇ ਜਾਂਦੇ ਹਨ। ਪਲਿਨੀ ਦੇ ਸਮੇਂ ਵਿਚ ਇਨ੍ਹਾਂ ਹਲਕੀਆਂ ਖਾਰਾਂ ਦੀ ਕਿਰਿਆ ਚੂਨੇ ਨਾਲ ਕਰਵਾ ਕੇ ਕਾਸਟਿਕ ਖਾਰਾਂ ਵਿਚ ਬਦਲਿਆ ਗਿਆ ਅਤੇ ਸਾਬਣ ਬਣਾਉਣ ਲਈ ਵਰਤਿਆ ਗਿਆ ਸੀ। ਸਮੁੰਦਰੀ ਪੌਦਿਆਂ ਦੀ ਸੁਆਹ ਦੁਆਰਾ ਬਣਿਆ ਸਾਬਣ ਕਠੋਰ ਅਤੇ ਭੂਮੀ ਵਾਲੇ ਪੌਦਿਆਂ ਵਾਲਾ ਸਾਬਣ ਨਰਮ ਹੁੰਦਾ ਸੀ। ਇਸ ਫਿਕਸਡ ਖਾਰ ਦੇ ਦੋ ਅੰਸ਼ਾਂ ਵਿਚ ਫ਼ਰਕ ਦਾ ਪਤਾ ਫ਼ਰਾਂਸ ਦੇ ਰਸਾਇਣ-ਵਿਗਿਆਨੀ ਹੈਨਰੀ ਲੂਈ ਨੇ ਲਾਇਆ। ਇਸ ਨੇ 1736 ਵਿਚ ਸਿੱਧ ਕਰ ਦਿੱਤਾ ਕਿ ਸਮੁੰਦਰੀ ਪੌਦਿਆਂ ਦੀ ਸੁਆਹ ਵਿਚ ਉਹੀ ਖਾਰ ਹੁੰਦੀ ਹੈ ਜਿਹੜੀ ਕਿ ਖਣਿਜੀ ਖਾਰ ਜਾਂ ਸੋਡੀਅਮ ਲੂਣਾਂ ਦੇ ਕੁਦਰਤੀ ਡਿਪਾਜ਼ਿਟਾਂ ਵਿਚ ਮਿਲਦੀ ਹੈ ਅਤੇ ਇਹ ਪਦਾਰਥ ਧਰਤੀ ਦੇ ਪੌਦਿਆਂ ਵਾਲੀਆਂ ਸੁਆਹਾਂ (ਪੋਟਾਸ਼ਾਂ) ਤੋਂ ਪ੍ਰਾਪਤ ਕੀਤੀ ਬਨਸਪਤੀ ਖਾਰ ਨਾਲੋਂ ਵੱਖਰਾ ਹੁੰਦਾ ਹੈ। ਇਸ ਤੋਂ ਮਗਰੋਂ ਮਾਰਟਿਨ ਹਾਈਨਰਿਕ ਕਲਾਪਰੋਟ ਨੇ ਕੁਝ ਵਿਸ਼ੇਸ਼ ਖਣਿਜਾਂ ਵਿਚ ਬਨਸਪਤੀ-ਖਾਰ ਦੀ ਹੋਂਦ ਦਾ ਪਤਾ ਲਾਇਆ ਅਤੇ ਪੋਟਾਸ਼ ਨਾਂ ਰੱਖਣ ਦੀ ਤਜਵੀਜ਼ ਕੀਤੀ। ਪੋਟਾਸ਼ੀਅਮ ਲਈ ‘K’ ਚਿੰਨ੍ਹ ਆਧੁਨਿਕੀਕ੍ਰਿਤ ਲਾਤੀਨੀ ਸ਼ਬਦ ‘Kalium’ ਤੋਂ ਲਿਆ ਗਿਆ ਹੈ।
ਖਾਰ ਨਿਰਮਾਣ – ਖਾਰ ਨਿਰਮਾਣ ਰਸਾਇਣਕ ਉਦਯੋਗ ਦਾ ਇਕ ਮੁੱਖ ਅੰਸ਼ ਹੈ। ਇਸ ਵਿਚ ਆਮ ਕਰਕੇ ਕੱਪੜੇ ਧੋਣ ਦਾ ਸੋਡਾ ਅਤੇ ਕਾਸਟਿਕ ਸੋਡਾ ਤਿਆਰ ਕਰਨਾ ਸ਼ਾਮਲ ਹਨ। ਅੱਜਕਲ੍ਹ ਲਗਭਗ ਹਰ ਵਰਤੋਂ ਵਾਲੀ ਚੀਜ਼ ਦੇ ਉਤਪਾਦਨ ਲਈ ਕਿਸੇ ਨਾਂ ਕਿਸੇ ਸਟੇਜ ਤੇ ਖਾਰ ਦੀ ਲੋੜ ਪੈਂਦੀ ਹੈ। ਸ਼ੀਸ਼ਾ, ਸਾਬਣ, ਭਿੰਨ ਭਿੰਨ ਤਰ੍ਹਾਂ ਦੇ ਰਸਾਇਣਕ ਪਦਾਰਥ, ਵਿਸਕੋਸ, ਰੇਆੱਨ ਤੇ ਸੈਲੋਫ਼ੇਨ, ਕਾਗਜ਼ ਤੇ ਪਲਪ, ਸਫ਼ਾਈ ਕਾਰਕ ਤੇ ਮੈਲ-ਨਿਵਾਰਕ, ਕੱਪੜਾ, ਪਾਣੀ ਦੀ ਕਠੋਰਤਾ ਦੂਰ ਕਰਨ ਵਾਲੇ ਰਸਾਇਣ, ਕੁਝ ਵਿਸ਼ੇਸ਼ ਧਾਤਾਂ (ਖ਼ਾਸ ਕਰਕੇ ਐਲੂਮਿਨੀਅਮ), ਸੋਡੀਅਮ, ਬਾਈਕਾਰਬੋਨੇਟ ਅਤੇ ਗੈਸੋਲੀਨ ਤੇ ਦੂਸਰੇ ਪੈਟਰੋਲੀਅਮਯੁਕਤ ਪਦਾਰਥ ਤਿਆਰ ਕਰਨ ਲਈ ਖਾਰਾਂ ਦੀ ਜ਼ਰੂਰਤ ਪੈਂਦੀ ਹੈ।
ਸ਼ੁਰੂ ਵਿਚ ਖਾਰ ਨੂੰ ਕੁਝ ਵਿਸ਼ੇਸ਼ ਕਿਸਮ ਦੀਆਂ ਰੇਤਲੀਆਂ ਮਿੱਟੀਆਂ ਵਿਚੋਂ ਕੱਢਿਆ ਜਾਂਦਾ ਸੀ। ਅਠਾਰ੍ਹਵੀਂ ਸਦੀ ਦੇ ਅੰਤ ਦੇ ਲਾਗੇ-ਚਾਗੇ ਲੱਕੜੀ ਜਾਂ ਸਮੁੰਦਰੀ ਬੂਟੀਆਂ ਦੀ ਸੁਆਹ ਤੋਂ ਖਾਰ ਪ੍ਰਾਪਤ ਹੋਣ ਲੱਗੀ। ਖਾਰ ਦੀ ਅਧਿਕਤਮ ਵਰਤੋਂ ਕੱਪੜੇ ਧੋਣ ਦੇ ਸੋਡੇ ਦੇ ਰੂਪ ਵਿਚ ਕੀਤੀ ਜਾਂਦੀ ਹੈ। ਇਸ ਦੇ ਨਿਰਮਾਣ ਦੀ ਉਪਯੋਗੀ ਅਤੇ ਮਹੱਤਵਪੂਰਨ ਵਿਧੀ ਨੂੰ ਅਮੋਨੀਆ-ਸੋਡਾ ਵਿਧੀ ਕਿਹਾ ਜਾਂਦਾ ਹੈ।
ਸਾਲਵੇ ਵਿਧੀ ਵਿਚ ਖਣਿਜ ਲੂਣ ਦੇ ਧਰਤੀ ਹੇਠਲੇ ਡਿਪਾਜ਼ਿਟਾਂ ਵਿਚੋਂ ਸੰਤ੍ਰਿਪਤ ਬਰਾਈਨ ਦੇ ਰੂਪ ਵਿਚ ਸਾਧਾਰਨ ਲੂਣ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਰਸਾਇਣਕ ਕਿਰਿਆਵਾਂ ਦੁਆਰਾ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਅਸ਼ੁੱਧੀਆਂ ਦੂਰ ਕੀਤੀਆਂ ਜਾਂਦੀਆਂ ਹਨ। ਇਸ ਤੋਂ ਮਗਰੋਂ ਬਬਲ-ਕੈਪ ਕਿਸਮ ਦੇ ਟਾਵਰਾਂ ਵਿਚ ਅਮੋਨੀਆ ਗੈਸ ਨੂੰ ਮੁੜ ਪਰਤਾ ਕੇ ਇਸ ਨੂੰ ਸੰਤ੍ਰਿਪਤ ਕੀਤਾ ਜਾਂਦਾ ਹੈ। ਅਮੋਨੀਆ ਰਲੇ ਬਰਾਈਨ ਨੂੰ ਇਕ ਵੱਖਰੀ ਕਿਸਮ ਦੇ ਟਾਵਰ ਵਿਚ ਤਿੰਨ ਜਾਂ ਚਾਰ ਵਾਯੂਮੰਡਲ ਦਬਾਉ ਉੱਤੇ ਕਾਰਬਨ ਡਾਈਆਕਸਾਈਡ ਲੰਘਾ ਕੇ ਕਾਰਬੋਨੇਟਿਤ ਕੀਤਾ ਜਾਂਦਾ ਹੈ। ਇਨ੍ਹਾਂ ਦੋ ਗੈਸ ਸੋਖਣ ਵਿਧੀਆਂ ਵਿਚ ਕਾਫ਼ੀ ਤਾਪ ਨਿਕਲਦਾ ਹੈ, ਇਸ ਲਈ ਠੰਢਾ ਕਰਨ ਲਈ ਪਾਣੀ ਦਾ ਪ੍ਰਬੰਧ ਅਤੇ ਤਾਪ ਸਥਾਨ- ਅੰਤਰ ਦੀ ਜ਼ਰੂਰਤ ਪੈਂਦੀ ਹੈ।
ਜਦੋਂ ਟਾਵਰ ਵਿਚ ਗੈਸ ਦੇ ਉੱਪਰ ਵੱਲ ਨੂੰ ਪ੍ਰਵਾਹ ਵਿਚੋਂ ਬਰਾਈਨ ਥੱਲੇ ਵੱਲ ਨੂੰ ਜਾਂਦਾ ਹੈ ਤਾਂ ਅਮੋਨੀਆ ਦਾ ਸੋਖਣ ਤੇਜ਼ ਹੋ ਜਾਂਦਾ ਹੈ। ਇਸ ਦੇ ਮੁਕਾਬਲੇ ਕਾਰਬਨੀਕਰਨ ਲਈ ਤਰਲ ਭਰੇ ਟਾਵਰ ਵਿਚੋਂ ਗੈਸ ਨੂੰ ਉੱਪਰ ਭੇਜਣ ਲਈ ਚਾਲਣ ਬਲ ਦੇ ਤੌਰ ਤੇ ਦਬਾਉ ਦੀ ਲੋੜ ਪੈਂਦੀ ਹੈ, ਜਿਸ ਨਾਲ ਸਸਪੈੱਨਸ਼ਨ ਵਿਚ ਸੋਡੀਅਮ ਕਾਰਬੋਨੇਟ ਦੇ ਰਵੇ ਫ਼ਿਲਟਰ ਹੋਣ ਯੋਗ ਆਕਾਰ ਦੇ ਬਣ ਜਾਂਦੇ ਹਨ। ਅਜਿਹੇ ਕਾਰਬਨੀਕਰਨ ਦੇ ਸਾਜ਼-ਸਾਮਾਨ ਨੂੰ ਅਕਸਰ ‘ਸਾਲਵੇ ਟਾਵਰ’ ਕਿਹਾ ਜਾਂਦਾ ਹੈ।
ਸੋਡੀਅਮ ਬਾਈਕਾਰਬੋਨੇਟ ਦੇ ਰਵਿਆਂ ਦੀ ਸਲੱਰੀ ਨੂੰ ਘੁੰਮਕ ਨਿਰਵਾਯੂ ਫ਼ਿਲਟਰਾਂ ਦੁਆਰਾ ਲਗਾਤਾਰ ਫ਼ਿਲਟਰ ਕੀਤਾ ਜਾਂਦਾ ਹੈ। ਇਸ ਤੋਂ ਮਗਰੋਂ ਫ਼ਿਲਟਰ ਕੇਕ ਨੂੰ ਵਾਯੂਮੰਡਲ ਦਬਾਉ ਉੱਤੇ ਗਰਮ ਕੀਤਾ ਜਾਂਦਾ ਹੈ ਤਾਂ ਕਿ ਬਾਈਕਾਰਬੋਨੇਟ ਮਾੱਨੋਕਾਰਬੋਨੇਟ ਵਿਚ ਅਪਘਟਿਤ ਹੋ ਸਕੇ ਅਤੇ ਨਾਲ ਨਾਲ ਪਾਣੀ ਅਤੇ ਅਮੋਨੀਆ ਬਾਹਰ ਨਿਕਲ ਸਕੇ। ਅਮੋਨੀਆ ਅਤੇ ਕਾਰਬਨ ਡਾਈਆਕਸਾਈਡ ਨੂੰ ਵਧੇਰੇ ਮਾਤਰਾ ਵਿਚ ਪੁਨਰ-ਪ੍ਰਾਪਤ ਅਤੇ ਅਣਸੋਧੇ ਬਾਈਕਾਬੋਨੇਟ ਦੇ ਹੌਲੀ ਹੌਲੀ ਕੇਕਿੰਗ ਅਤੇ ਸਕੇਲਿੰਗ ਬਣਾਉਣ ਦਾ ਰੁਖ਼ ਇਸ ਵਿਧੀ ਵਿਚ ਭਸਮੀਕਰਨ ਲਈ ਸਭ ਤੋਂ ਔਖਾ ਸਟੈੱਪ ਹੈ। ਅਸਲ ਵਿਚ ਇਹ ਢੰਗ ਸਥਿਰ ਕੜਾਹੀਆਂ ਨੂੰ ਅੱਗ ਉੱਤੇ ਸਿੱਧਾ ਰੱਖ ਕੇ ਹਿਲਾਉਣ ਨਾਲ ਚਲਾਇਆ ਜਾਂਦਾ ਸੀ। ਇਸ ਤੋਂ ਮਗਰੋਂ ਘੁੰਮਕ ਭੱਠੀਆਂ ਨੂੰ ਬਾਹਰੋਂ ਗਰਮ ਕਰਨ ਦਾ ਢੰਗ ਬਦਲਦਾ ਰਿਹਾ।
ਭਸਮੀਕਰਨ ਦੌਰਾਨ ਉਤਪੰਨ ਹੋਈਆਂ ਗੈਸਾਂ ਨੂੰ ਮੁੜ ਅਮੋਨੀਆ ਅਤੇ ਕਾਰਬਨ ਡਾਈਆਕਸਾਈਡ ਸੋਖਣ ਸਟੈੱਪਾਂ ਵੱਲ ਭੇਜਿਆ ਜਾਂਦਾ ਹੈ ਅਤੇ ਇਸ ਵਿਧੀ ਲਈ ਲੋੜੀਂਦੀ ਹੋਰ ਕਾਰਬਨ ਡਾਈਆਕਸਾਈਡ ਅਜਿਹੀਆਂ ਕੋਲਾ ਬਾਲਣ ਵਾਲੀਆਂ ਭੱਠੀਆਂ ਵਿਚ ਚੂਨੇ ਦਾ ਪੱਥਰ ਜਲਾ ਕੇ ਉਤਪੰਨ ਕੀਤੀ ਜਾਂਦੀ ਹੈ। ਭੱਠੀ ਦੀ ਗੈਸ ਨੂੰ ਕਾਰਬੋਨੇਟਰਾਂ ਲਈ ਦਬਾਇਆ ਜਾਂਦਾ ਹੈ। ਬਾਈਕਾਰਬੋਨੇਟ ਦੇ ਫ਼ਿਲਟਰੀਕਰਨ ਵਜੋਂ ਪ੍ਰਾਪਤ ਹੋਏ ਮਦਰ ਲਿਕਰ ਨੂੰ ਜਦੋਂ ਗਰਮ ਕੀਤਾ ਜਾਂਦਾ ਹੈ ਤਾਂ ਪਹਿਲਾਂ ਪ੍ਰਾਪਤ ਹੋਇਆ ਚੂਨਾ ਅਮੋਨੀਅਮ ਕਲੋਰਾਈਡ ਦੇ ਅਪਘਟਨ ਲਈ ਵਰਤਿਆ ਜਾਂਦਾ ਹੈ। ਇਸ ਕਸ਼ੀਦਣ ਨਾਲ ਅਮੋਨੀਆ ਸੋਖਣ ਸਟੈੱਪ ਵੱਲ ਵਾਪਸ ਚਲੀ ਜਾਂਦੀ ਹੈ। ਇਸ ਤਰ੍ਹਾਂ ਉਤਪੰਨ ਹੋਏ ਕੈਲਸ਼ੀਅਮ ਕਲੋਰਾਈਡ ਘੋਲ ਜਾਂ ‘ਡਿਸਟਿਲਰ ਵੇਸਟ’ ਨੂੰ ਸੁੱਟ ਦਿੱਤਾ ਜਾਂਦਾ ਹੈ।
ਕਾਸਟਿਕ ਸੋਡੇ ਦਾ ਬਿਜਲੱਈ ਉਤਪਾਦਨ – ਇਹ ਵਿਧੀ ਵੀ ਸੰਤ੍ਰਿਪਤ ਅਤੇ ਸ਼ੁੱਧ ਸਾਲਟ ਬਰਾਈਨ ਨਾਲ ਸ਼ੁਰੂ ਹੁੰਦੀ ਹੈ। ਦੋ ਮੁੱਖ ਕਿਮਸ ਦੇ ਅਤੇ ਕਈ ਹੋਰ ਉਪ ਕਿਸਮਾਂ ਦ ਬਿਜਲੱਈ ਸੈੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਨ੍ਹਾਂ ਵਿਚ ਵਧੇਰੇ ਕਰਕੇ ਗ੍ਰੈਫ਼ਾਈਟ ਐਨੋਡ ਅਤੇ ਸਟੀਲ ਕੈਥੋਡ ਵਰਤੇ ਜਾਂਦੇ ਹਨ। ਡਾਇਆਫ਼੍ਰਾਮ ਸੈੱਲਾਂ ਵਿਚ ਬਰਾਈਨ ਵਿਚ ਪਾਣੀ ਨਾਲ ਸੋਡੀਅਮ ਆਇਨ ਦੀ ਪਰਸਪਰ ਕਿਰਿਆ ਦੁਆਰਾ ਕੈਥੋਡ ਉੱਤੇ ਉਤਪੰਨ ਹੋਏ ਸੋਡੀਅਮ ਹਾਈਡ੍ਰਾੱਕਸਾਈਡ ਦੇ ਘੋਲ ਨਾਲੋਂ ਕਲੋਰੀਨ ਗੈਸ ਨੂੰ ਵੱਖਰਾ ਕਰਨ ਲਈ ਐਸਬੈੱਸਟਾੱਸ ਡਾਇਆਫ਼੍ਰਾਮ ਦੀ ਵਰਤੋਂ ਕੀਤੀ ਜਾਂਦੀ ਹੈ। ਸਿੱਟੇ ਵਜੋਂ ਪ੍ਰਾਪਤ ਹੋਏ ਕਾਸਟਿਕ ਘੋਲ ਵਿਚ 130 ਤੋਂ 150 ਗ੍ਰਾ. ਪ੍ਰਤੀ ਲਿਟਰ ਕਾਸਟਿਕ ਸੋਡਾ ਹੁੰਦਾ ਹੈ ਅਤੇ ਇਸ ਨੂੰ ਵੱਡੇ ਵਾਸ਼ਪਨ ਯੰਤਰਾਂ ਵਿਚ ਅਣਪ੍ਰਤਿਕ੍ਰਿਤ ਲੂਣ ਨੂੰ ਸੈੱਲ ਵੱਲ ਪਰਤਾ ਕੇ ਗਾੜ੍ਹਾ ਕੀਤਾ ਜਾਂਦਾ ਹੈ। ਮਰਕਰੀ ਕੈਥੋਡ ਸੈੱਲਾਂ ਵਿਚ ਸੋਡੀਅਮ ਅਮੈਲਗਮ ਦੀ ਪਾਣੀ ਨਾਲ ਕਿਰਿਆ ਵੱਖਰੇ ਹਿੱਸੇ ਵਿਚ ਹੁੰਦੀ ਹੈ ਜਿਸ ਨਾਲ 750 ਗ੍ਰਾ. ਪ੍ਰਤੀ ਲਿ. ਸੋਡੀਅਮ ਹਾਈਡ੍ਰਾੱਕਸਾਈਡ ਵਾਲਾ ਲੂਣ-ਮੁਕਤ ਘੋਲ ਪ੍ਰਾਪਤ ਹੁੰਦਾ ਹੈ। ਦੋਵੇਂ ਮਰਕਰੀ ਕੈਥੋਡ ਅਤੇ ਡਾਇਆਫ਼੍ਰਾਮ ਸੈੱਲਾਂ ਵਿਚ ਪ੍ਰਤੀ ਮੀਟ੍ਰਿਕ ਟਨ ਕਲੋਰੀਨ ਇਕ ਮੀਟ੍ਰਿਕ ਟਨ ਕਾਸਟਿਕ ਬਣਦਾ ਹੈ। ਕਲੋਰੀਨ ਨੂੰ ਇਕੱਠਾ ਕਰਕੇ ਸੰਭਾਲਣਾ ਮਹਿੰਗਾ ਪੈਂਦਾ ਹੈ ਅਤੇ ਵਾਯੂਮੰਡਲ ਵਿਚ ਛੱਡਣਾ ਸਿਹਤ ਲਈ ਖ਼ਤਰਨਾਕ ਹੈ, ਇਸ ਲਈ ਇਹ ਵਿਧੀ ਕਲੋਰੀਨ ਦੀ ਵਿੱਕਰੀ ਅਨੁਸਾਰ ਸੀਮਿਤ ਰੱਖੀ ਜਾਂਦੀ ਹੈ।
ਕੁਦਰਤੀ ਖਾਰ ਦੀ ਸੁਧਾਈ – ਦੁਨੀਆ ਵਿਚ ਕੁਝ ਕੁ ਥਾਵਾਂ ਤੇ ਕੱਪੜੇ ਧੋਣ ਦੇ ਸੋਡੇ ਜਾਂ ‘ਕੁਦਰਤੀ ਖਾਰ’ ਦੇ ਖਣਿਜ ਰੂਪ ਵਿਚ ਡਿਪਾਜ਼ਿਟ ਮਿਲਦੇ ਹਨ। ਖਣਿਜ ਆਮ ਕਰਕੇ ਸੈੱਸਕੁਈ-ਕਾਰਬੋਨੇਟ ਜਾਂ ਟਰੋਨਾ (Na2 CO3NaHCO3.2H2O) ਦੇ ਰੂਪ ਵਿਚ ਮਿਲਦਾ ਹੈ, ਜਿਸ ਵਿਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਅਸ਼ੁੱਧੀਆਂ ਹੁੰਦੀਆਂ ਹਨ। ਵੀਹਵੀਂ ਸਦੀ ਦੇ ਅੱਧ ਵਿਚ ਕੁਦਰਤੀ ਖਾਰ ਦਾ ਉਤਪਾਦਨ ਕੁੱਲ ਖਾਰ ਦੇ ਉਤਪਾਦਨ ਦਾ ਕੇਵਲ 5% ਸੀ ਅਤੇ ਸਾਲਵੇ ਵਿਧੀ ਨਾਲੋਂ ਇਸ ਢੰਗ ਨਾਲ ਉਤਪਾਦਨ ਬੜੀ ਤੇਜ਼ੀ ਨਾਲ ਵਧਦਾ ਰਿਹਾ।
ਮਾਰਕਿਟਿੰਗ – ਅੱਜਕਲ੍ਹ ਬਣਾਇਆ ਜਾਂਦਾ ਕੱਪੜੇ ਧੋਣ ਦਾ ਸੋਡਾ ਅਤੇ ਕਾਸਟਿਕ ਸੋਡਾ ਬਹੁਤ ਹੀ ਸ਼ੁੱਧ ਹੁੰਦੇ ਹਨ ਅਤੇ ਕੱਪੜੇ ਧੋਣ ਦੇ ਸੋਡੇ ਦੀ ਢੋਅ-ਢੁਆਈ ਲਾਦੂ ਕਿਸ਼ਤੀਆਂ ਅਤੇ ਬਾਕਸ-ਕਾਰਾਂ ਰਾਹੀਂ ਕੀਤੀ ਜਾਂਦੀ ਹੈ। ਕਾਸਟਿਕ ਸੋਡਾ ਵਧੇਰੇ ਕਰਕੇ 50% ਜਾਂ 70% ਘੋਲ ਦੇ ਰੂਪ ਵਿਚ ਟੈਂਕ-ਕਾਰਾਂ ਰਾਹੀਂ ਲਿਜਾਇਆ ਜਾਂਦਾ ਹੈ ਜਦੋਂ ਕਿ ਜਲਹੀਨ ਕਾਸਟਿਕ ਸੋਡੇ ਨੂੰ ਸਟੀਲ ਦੇ ਢੋਲਾਂ ਵਿਚ ਠੋਸ ਜਾਂ ਪੇਪੜੀਆਂ ਦੇ ਰੂਪ ਵਿਚ ਲਿਜਾਇਆ ਜਾਂਦਾ ਹੈ। ਕੱਪੜੇ ਧੋਣ ਦੇ ਸੋਡੇ ਨੂੰ ਹਲਕੇ ਅਤੇ ਬਾਰੀਕ ਚੂਰੇ ਦੇ ਰੂਪ ਵਿਚ ਜਾਂ ਠੋਸ ਰੂਪ ਵਿਚ ਸ਼ੀਸ਼ਾ ਬਣਾਉਣ ਵਾਲਿਆਂ ਲਈ ਯੰਤ੍ਰਿਕ ਜਾਂ ਹੋਰ ਢੰਗਾਂ ਦੁਆਰਾ ਪੁਨਰ-ਕ੍ਰਿਸਟਲੀਕਰਨ ਦੁਆਰਾ ਤਿਆਰ ਕੀਤਾ ਜਾਂਦਾ ਹੈ। ਕੱਪੜੇ ਧੋਣ ਦੇ ਸੋਡੇ ਦੀ ਕੁਝ ਮਾਤਰਾ ਦੂਸਰੇ ਕਾਰਬੋਨੇਟਾਂ ਹਾਈਡ੍ਰੇਟਾਂ ਜਿਵੇਂ ਕਿ ਸੋਡੀਅਮ ਬਾਈਕਾਰਬੋਨੇਟ (ਮਿੱਠਾ ਸੋਡਾ), ਬੇਕਿੰਗ ਅਤੇ ਦਵਾਈਆਂ ਬਣਾਉਣ ਦੇ ਉਦਯੋਗਾਂ ਲਈ ਅਤੇ ਸੋਡੀਅਮ ਸੈੱਸਕੁਈ-ਕਾਰਬੋਨੇਟ ਕੱਪੜੇ ਧੋਣ ਵਾਲੇ ਯੋਗਿਕਾਂ ਅਤੇ ਮਾੱਨੋਹਾਈਡ੍ਰੇਟ ਬਣਾਉਣ ਲਈ ਵਰਤਿਆ ਜਾਂਦਾ ਹੈ। ਡੈਕਾਹਾਈਡ੍ਰੇਟ ਜਾਂ ਰਵੇਦਾਰ ਸੋਡਾ (Na2CO3. 10H2O) ਬੜੀ ਤੇਜ਼ੀ ਨਾਲ ਖ਼ਤਮ ਹੁੰਦਾ ਜਾ ਰਿਹਾ ਹੈ।
ਹ. ਪੁ.– ਐਨ. ਬ੍ਰਿ. 1 : 636
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8051, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no
ਖਾਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖਾਰ, (ਖਰਨਾ<ਸੰਸਕ੍ਰਿਤ : क्षरण√क्षर=ਵਹਿਣਾ, ਖਰਨਾ) \ ਇਸਤਰੀ ਲਿੰਗ : ਪਾਣੀ ਦੇ ਵਹਿਣ ਜਾਂ ਰੋੜ੍ਹ ਨਾਲ ਮਿੱਟੀ ਖੁਰ ਕੇ ਬਣੀ ਹੋਈ ਨਾਲੀ ਜੇਹੀ, ਪਾਣੀ ਨਾਲ ਖਰ ਕੇ ਬਣਿਆ ਟੋਆ, ਗੜ੍ਹਾ, ਖਾਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-11-12-03-36, ਹਵਾਲੇ/ਟਿੱਪਣੀਆਂ:
ਖਾਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖਾਰ, (ਸੰਸਕ੍ਰਿਤ : क्षार) \ ਇਸਤਰੀ ਲਿੰਗ : ੧. ਸੱਜੀ, ਸ਼ੋਰਾ, ਕੋਈ ਕਾਟ ਕਰਨ ਵਾਲੀ ਸ਼ੈ; ੨. ਪੌਦਿਆਂ ਦੀ ਰਾਖ ਤੋਂ ਤਿਆਰ ਕੀਤਾ ਘੁਲਣ ਸ਼ੀਲ ਪਦਾਰਥ ਜਿਸ ਵਿੱਚ ਸੋਡੀਅਮ ਜਾਂ ਪੁਟਾਸ਼ੀਅਮ ਕਾਰਬੋਨੇਟ ਸ਼ਾਮਲ ਹੁੰਦੇ ਹਨ, ਲੂਣ, ਸੁਹਾਗਾ, ਸੱਜੀ, ਕਲਮੀ ਸ਼ੋਰਾ, ਜੌਂਖ਼ਾਰ, ਨਸ਼ਾਦਰ ਆਦਿ ਖਾਰੇ ਪਦਾਰਥ; ੩. ਇੱਕ ਬੂਟੀ ਜਿਸ ਦੀ ਸੱਜੀ ਬਣਦੀ ਹੈ, ਲਾਣਾ, ਲਾਣੀ
–ਖਾਰ ਲੱਗਣਾ, ਮੁਹਾਵਰਾ : ਕੱਲਰ ਪੈਣਾ, ਜ਼ਮੀਨ ਵਿੱਚ ਸ਼ੋਰਾ ਪੈਦਾ ਹੋਣਾ
–ਖਾਰ ਲਾਣਾ, ਪੁਲਿੰਗ : ਇੱਕ ਬੂਟੀ ਜਿਸ ਤੋਂ ਸੱਜੀ ਬਣਦੀ ਹੈ
–ਸੱਜੀ ਖਾਰ, ਪੁਲਿੰਗ : ਸੱਜੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-11-12-04-43, ਹਵਾਲੇ/ਟਿੱਪਣੀਆਂ:
ਖਾਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖਾਰ, ਵਿਸ਼ੇਸ਼ਣ : ਖੁਆਰ : ‘ਖਪਿ ਹੋਇ ਖਾਰ’ (ਵਾਰ ਆਸਾ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-11-12-05-17, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First