ਖਾਰੀ ਬੀੜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਾਰੀ ਬੀੜ. ਮਾਂਗਟ (ਜਿਲਾ ਗੁਜਰਾਤ) ਨਿਵਾਸੀ ਭਾਈ ਬੰਨੋ ਨੂੰ ਸੰਮਤ ੧੬੬੧ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਆਗ੍ਯਾ ਹੋਈ ਕਿ ਲਹੌਰ ਜਾਕੇ ਗ੍ਰੰਥਸਾਹਿਬ ਜੀ ਦੀ ਜਿਲਦ ਬਧਵਾ ਲਿਆਓ. ਭਾਈ ਜੀ ਨੇ ਰਸਤੇ ਆਉਂਦੇ ਜਾਂਦੇ ਬਹੁਤ ਦਿਨ ਲਾਕੇ ਇੱਕ ਉਤਾਰਾ ਕਰ ਲਿਆ, ਅਤੇ ਕੁਝ ਬਾਣੀ ਵਾਧੂ ਸ਼ਾਮਿਲ ਕਰ ਦਿੱਤੀ. ਜਦ ਇਹ ਪੰਜਵੇਂ ਸਤਿਗੁਰੂ ਦੇ ਪੇਸ਼ ਹੋਈ, ਤਦ ਸ਼੍ਰੀ ਗੁਰੂ ਜੀ ਨੇ ਇਸ ਦਾ ਨਾਉਂ ਵਾਧੂ ਬਾਣੀ ਮਿਲਾਉਣ ਕਾਰਣ “ਖਾਰੀ ਬੀੜ” ਰੱਖਿਆ. ਇਹ ਬੀੜ ਮਾਂਗਟ ਵਿੱਚ ਭਾਈ ਬੰਨੋ ਜੀ ਦੀ ਸੰਤਾਨ ਪਾਸ ਹੈ. ਲਹਿਦੇ ਵੱਲ ਜਾਦਾ ਉਤਾਰੇ ਇਸੇ ਬੀੜ ਦੇ ਹਨ. ਦੇਖੋ, ਗ੍ਰੰਥ ਸਾਹਿਬ, ਬੰਨੋ ਭਾਈ ਅਤੇ ਮਾਂਗਟ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2548, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖਾਰੀ ਬੀੜ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਖਾਰੀ ਬੀੜ: ਇਸ ਦਾ ਸੰਬੰਧ ਭਾਈ ਬੰਨੋ ਵਾਲੀ ਬੀੜ ਨਾਲ ਹੈ। ਸਿੱਖ ਇਤਿਹਾਸ ਅਨੁਸਾਰ ਗੁਰੂ ਅਰਜਨ ਦੇਵ ਜੀ ਤੋਂ ਆਗਿਆ ਪ੍ਰਾਪਤ ਕਰਕੇ ਜਦੋਂ ਭਾਈ ਬੰਨੋ ਮੂਲ ਬੀੜ ਦੀ ਜਿਲਦਬੰਦੀ ਲਈ ਲਾਹੌਰ ਗਿਆ, ਤਾਂ ਸਫ਼ਰ ਦੌਰਾਨ ਬਹੁਤ ਸਾਰੇ ਲਿਖਾਰੀ ਲਗਾ ਕੇ ਇਕ ਹੋਰ ਬੀੜ ਤਿਆਰ ਕਰਵਾ ਲਈ। ਇਸ ਵਿਚ ਮੂਲ ਬੀੜ ਨਾਲੋਂ ਕੁਝ ਵਾਧੂ ਬਾਣੀ ਵੀ ਲਿਖ ਲਈ ਗਈ। ਅਧਿਕਾਂਸ਼ ਉਤਾਰੇ ਇਸੇ ਬੀੜ ਤੋਂ ਹੋਏ ਸਨ ਕਿਉਂਕਿ ਇਹ ਬੀੜ ਉਤਾਰਾ ਕਰਨ ਲਈ ਸੌਖਿਆਂ ਉਪਲਬਧ ਹੋ ਜਾਂਦੀ ਸੀ ।
‘ਖਾਰੀ ਬੀੜ’ ਇਸ ਨੂੰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਭਾਈ ਬੰਨੋ ‘ਖਾਰਾ ’ ਪਿੰਡ (ਵਰਤਮਾਨ ਨਾਂ ਮਾਂਗਟ ਪਿੰਡ) ਦਾ ਵਸਨੀਕ ਸੀ ਅਤੇ ਇਹ ਬੀੜ ਉਸ ਪਾਸ ਖਾਰਾ ਪਿੰਡ ਵਿਚ ਹੀ ਸੰਭਾਲੀ ਹੋਈ ਹੋਣ ਕਾਰਣ ਇਸ ਦਾ ਨਾਂ ‘ਖਾਰੀ ਬੀੜ’ ਪ੍ਰਚਲਿਤ ਹੋ ਗਿਆ। ਭਾਈ ਕਾਨ੍ਹ ਸਿੰਘ ਦਾ ਮਤ ਹੈ ਕਿ ਜਦੋਂ ਭਾਈ ਬੰਨੋ ਨੇ ਇਹ ਬੀੜ ਗੁਰੂ ਅਰਜਨ ਦੇਵ ਜੀ ਦੇ ਪੇਸ਼ ਕੀਤੀ, ਤਦ ਸ੍ਰੀ ਗੁਰੂ ਜੀ ਨੇ ਇਸ ਦਾ ਨਾਉਂ ਵਾਧੂ ਬਾਣੀ ਮਿਲਾਉਣ ਕਾਰਣ ‘ਖਾਰੀ ਬੀੜ’ ਰਖਿਆ। ਇਹ ਧਾਰਣਾ ਉਪਰੋਕਤ ਤੱਥ ਦੇ ਆਧਾਰ’ਤੇ ਮੰਨਣਯੋਗ ਨਹੀਂ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2502, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਖਾਰੀ ਬੀੜ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਖਾਰੀ ਬੀੜ : ਮਾਂਗਟ ਨਿਵਾਸੀ ਭਾਈ ਬੰਨੋ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 1604 (ਸੰਮਤ 1661) ਵਿਚ ਆਦਿ ਬੀੜ ਦੀ ਜਿਲਦਬੰਦੀ ਲਈ ਲਾਹੌਰ ਭੇਜਿਆ। ਭਾਈ ਬੰਨੋ ਨੇ ਆਉਂਦੇ ਜਾਂਦੇ ਰਸਤੇ ਵਿਚ ਬਹੁਤ ਦਿਨ ਲਾ ਕੇ ਬੀੜ ਦਾ ਇਕ ਉਤਾਰਾ ਕਰ ਲਿਆ ਅਤੇ ਇਸ ਵਿਚ ਕੁਝ ਬਾਣੀ ਵਾਧੂ ਸ਼ਾਮਲ ਕਰ ਦਿੱਤੀ। ਜਦ ਇਹ ਪੰਜਵੇਂ ਗੁਰੂ ਜੀ ਨੂੰ ਪੇਸ਼ ਕੀਤੀ ਗਈ ਤਾਂ ਸਤਿਗੁਰੂ ਨੇ ਇਸ ਦਾ ਨਾਂ ਵਾਧੂ ਬਾਣੀ ਮਿਲਾਉਣ ਕਾਰਨ ‘ਖਾਰੀ ਬੀੜ’ ਰੱਖਿਆ। ਇਸ ਨੂੰ ਭਾਈ ਬੰਨੋ ਵਾਲੀ ਬੀੜ ਵੀ ਕਹਿੰਦੇ ਹਨ।
ਇਸ ਬੀੜ ਵਿਚ ਵਾਧੂ ਬਾਣੀ ਇਸ ਪ੍ਰਕਾਰ ਹੈ- (ੳ) ਸੋਰਠਿ ਰਾਗ ਵਿਚ-‘ਅਉਧੂ ਸੋ ਜੋਗੀ ਗੁਰੂ ਮੇਰਾ। ਇਸ ਪਦ ਕਾ ਜੋ ਕਰੇ ਨਿਬੇਰਾ।’ (ਅ) ਰਾਗ ਰਾਮਕਲੀ ਮਹਲਾ ੫ ਵਿਚ- ‘ਰੁਣਝੁੰਨੜਾ’ ਸ਼ਬਦ ਦੀਆਂ ਦੋ ਤੁਕਾਂ ਦੀ ਥਾਂ, ਪੂਰੇ ਚਾਰ ਪਦ ਹਨ, (ੲ) ਮਾਰੂ ਰਾਗ ਵਿਚ ਮੀਰਾਂ ਬਾਈ ਦਾ ਸ਼ਬਦ ਹੈ, (ਸ) ਰਾਮ ਸਾਰੰਗ ਵਿਚ ਸੂਰਦਾਸ ਦਾ ‘ਛਾਡਿ ਮਨ, ਹਰਿਬਿਮੁਖਨ ਕੋ ਸੰਗ’ ਪੂਰਾ ਸ਼ਬਦ ਹੈ, (ਹ) ‘ਜਿਤੁ ਦਰਿ ਲਖ ਮੁਹੰਮਦਾ’, ‘ਏਸੁ ਕਲੀਓ ਪੰਜ ਭੀਤੀਓ’ ਅਤੇ ‘ਦਿਸਟਿ ਨ ਰਹੀਆ ਨਾਨਕਾ’- ਸਲੋਕ ਮਹਲਾ ੧ ਸਿਰਲੇਖ ਹੇਠ ਤਿੰਨ ਸਲੋਕ ਹਨ, (ਕ) ‘ਬਾਇਆਤਸ ਆਬ’ ਮਹਲਾ ੧ ਦਾ 16 ਪਦਾਂ ਦਾ ਸ਼ਬਦ ਹੈ, (ਖ) ‘ਆਸਨ ਸਾਧ ਨਿਰਾਲਮ ਰਹੈ’ ਤੋਂ ਆਰੰਭ ਹੋ ਕੇ ‘ਨਾਨਕ ਕਹੈ ਬੈਰਾਗੀ ਸੋਈ’ 25 ਪਦਾਂ ਦੀ ਰਤਨ ਮਾਲਾ ਨਾਮਕ ਬਾਣੀ ਹੈ, (ਗ) ‘ਹਕੀਕਤ ਰਾਹ ਮੁਕਾਮ ਸਿਵਨਾਭਿ ਰਾਜੈਕੀ’ ਵਾਰਤਕ ਪਾਠ ਹੈ ਅਤੇ (ਘ) ਅੰਤ ਵਿਚ ਸਿਆਹੀ ਦੀ ਬਿਧੀ ਲਿਖੀ ਹੈ।
ਇਸ ਬੀੜ ਦੇ 467 ਪਤਰੇ ਹਨ। ਸ਼੍ਰੀ ਗੁਰੂ ਤੇਗ ਬਹਾਦਰ ਦੇ ਸਲੋਕ ਪਿਛੋਂ ਲਿਖੇ ਗਏ ਹਨ। ਸਿਖ ਰਾਜ ਵੇਲੇ ਇਸ ਦੇ ਪ੍ਰਕਾਸ਼ ਲਈ ਇਕ ਸੁੰਦਰ ਇਮਾਰਤ ਤਾਲ ਦੇ ਨੇੜੇ ਬਣਾਈ ਗਈ ਸੀ ਤੇ ਇਸ ਨਾਲ ਕਾਫ਼ੀ ਜਾਗੀਰ ਲਾਈ ਗਈ ਸੀ ਪਰ ਪੁਜਾਰੀਆਂ ਨੇ ਜਾਗੀਰ ਆਪਣੇ ਨਾਮ ਕਰਵਾ ਲਈ। ਭਾਈ ਬੰਨੋ ਦੀ ਉਲਾਦ ਵਾਰੀ ਵਾਰੀ ਇਹ ਗ੍ਰੰਥ ਆਪਣੇ ਘਰਾਂ ਵਿਚ ਰੱਖਦੇ ਸਨ। ਮਸਿਆ ਤੇ ਸੰਗਰਾਂਦ ਨੂੰ ਇਸ ਦਾ ਪ੍ਰਕਾਸ਼ ਕਰਕੇ ਤੇ ਪੂਜਾ ਵਾਰੀ ਵਾਰੀ ਲੈਂਦੇ ਸਨ।
ਹ. ਪੁ.– ਮ. ਕੋ. : 374
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1812, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no
ਖਾਰੀ ਬੀੜ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਖਾਰੀ ਬੀੜ : ਮਾਂਗਟ (ਜ਼ਿਲ੍ਹਾ ਗੁਜਰਾਤ, ਪਾਕਿਸਤਾਨ) ਨਿਵਾਸੀ ਭਾਈ ਬੰਨੋ ਜੀ ਵੱਲੋਂ ਤਿਆਰ ਕੀਤੀ ਗਈ ਬੀੜ ਹੈ ਜਿਸ ਵਿਚ ਵਾਧੂ ਬਾਣੀ ਸ਼ਾਮਲ ਹੈ। ਸੰਨ 1604 (ਸੰਮਤ 1661) ਵਿਚ ਸ੍ਰੀ ਆਦਿ ਗ੍ਰੰਥ ਦੇ ਸੰਪਾਦਨ ਦਾ ਕੰਮ ਸੰਪੂਰਨ ਕਰ ਕੇ ਇਸ ਦੀ ਜਿਲਦ ਬੰਨ੍ਹਵਾਉਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਬੰਨੋ ਜੀ ਨੂੰ ਲਾਹੌਰ ਭੇਜਿਆ। ਰਸਤੇ ਵਿਚ ਭਾਈ ਸਾਹਿਬ ਨੇ ਇਸ ਬੀੜ ਦਾ ਉਤਾਰਾ ਤਿਆਰ ਕਰ ਲਿਆ ਅਤੇ ਇਸ ਵਿਚ ਕੁਝ ਵਾਧੂ ਬਾਣੀ ਵੀ ਰਲਾ ਦਿੱਤੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਬੀੜ ਦੇਖੀ ਅਤੇ ਵਾਧੂ ਬਾਣੀ ਹੋਣ ਕਾਰਨ ਇਸ ਨੂੰ ‘ ਖਾਰੀ ਬੀੜ ’ ਕਿਹਾ। ਇਸ ਨੂੰ ‘ਭਾਈ ਬੰਨੋ ਵਾਲੀ ਬੀੜ’ ਵੀ ਕਿਹਾ ਜਾਂਦਾ ਹੈ। ਇਹ ਬੀੜ ਹੁਣ ਵੀ ਭਾਈ ਬੰਨੋ ਜੀ ਦੀ ਸੰਤਾਨ ਕੋਲ ਮੌਜੂਦ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1437, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-06-10-46-59, ਹਵਾਲੇ/ਟਿੱਪਣੀਆਂ: ਹ. ਪੁ. – ਮ. ਕੋ. ; ਤ. ਗੁ. ਖਾ. ; ਗੁ. ਪ੍ਰ. ਸੂ. ਗ੍ਰੰ.
ਵਿਚਾਰ / ਸੁਝਾਅ
Please Login First