ਖੋਤਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੋਤਾ (ਨਾਂ,ਪੁ) ਕਈ ਪ੍ਰਕਾਰ ਦਾ ਭਾਰ ਢੋਣ ਵਾਲਾ ਚੁਪਾਇਆ ਜਾਨਵਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12948, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੋਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੋਤਾ [ਨਾਂਪੁ] ਘੋੜੇ ਤੋਂ ਛੋਟਾ ਭਾਰ ਆਦਿ ਢੋਣ ਵਾਲ਼ਾ ਇੱਕ ਜਾਨਵਰ , ਗਧਾ [ਵਿਸ਼ੇ] ਮੂਰਖ , ਬੁੱਧੂ , ਬੇਸਮਝ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12939, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੋਤਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੋਤਾ. ਸੰਗ੍ਯਾ—ਖ਼ਰ. ਗਧਾ । ੨ ਭਾਵ—ਮੂਰਖ. ਬੇਸਮਝ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12858, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੋਤਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖੋਤਾ : ਇਹ ਈਕਵਿਡੀ ਕੁਲ ਦੀ ਈਕਵੱਸ ਪ੍ਰਜਾਤੀ ਦੀਆਂ ਖੁਰਾਂ ਵਾਲੇ ਥਣਧਾਰੀਆਂ ਦੀਆਂ ਦੋ ਜਾਤੀਆਂ ਲਈ ਇਕ ਸਾਂਝਾ ਨਾਂ ਹੈ। ਬਹੁਤੇ ਵਿਗਿਆਨੀ ਇਨ੍ਹਾਂ ਦੀਆਂ ਦੋ ਜਾਤੀਆਂ ਵੱਖ ਕਰਦੇ ਹਨ– ਇਕ ਈਕਵੱਸ ਐਸਾਈਨਸ, ਇਸ ਨੂੰ ਅਫ਼ਰੀਕੀ ਜਾਂ ਅਸਲੀ ਜੰਗਲੀ ਖੋਤਾ ਕਹਿੰਦੇ ਹਨ। ਇਹ ਪਾਲਤੂ ਖੋਤੇ ਦਾ ਪੂਰਵਜ ਹੈ ਅਤੇ ਦੂਜਾ ਈਕਵੱਸ ਹੈਮੀਓਨਸ ਜਿਸ ਨੂੰ ਏਸ਼ੀਆਈ ਜੰਗਲੀ ਖੋਤਾ ਕਿਹਾ ਜਾਂਦਾ ਹੈ। ਕਈ ਹੋਰ ਵਿਗਿਆਨੀ, ਏਸ਼ੀਆਈ ਖੋਤੇ ਦੀਆਂ ਕਈ ਨਸਲਾਂ ਨੂੰ ਵੱਖਰੀਆਂ ਜਾਤੀਆਂ ਮੰਨਦੇ ਹਨ। ਏਸ਼ੀਆਈ ਖੋਤਿਆਂ ਦੀਆਂ ਬਹੁਤੀਆਂ ਕਿਸਮਾਂ ਸਥਾਨਕ ਨਾਵਾਂ ਨਾਲ ਜਾਣੀਆਂ ਜਾਂਦੀਆਂ ਹਨ, ਜਿਵੇਂ ਮੰਗੋਲੀਆ ਦੀ ਕੂਲਾਨ, ਤਿੱਬਤ ਦੀ ਕੀਆਨ, ਉੱਤਰੀ ਈਰਾਨ ਅਤੇ ਤੁਰਕਮੇਨਿਸਤਾਨ ਦੀ ਓਨੇਗਰ ਅਤੇ ਭਾਰਤ ਅਤੇ ਪਾਕਿਸਤਾਨ ਦਾ ਗੋਰਕਾਰ।

ਖੋਤਾ ਛੋਟਾ ਤੇ ਤਾਕਤਵਰ ਜਾਨਵਰ ਹੈ ਜਿਸ ਦੀ ਮੋਢਿਆ ਤਕ ਦੀ ਉਚਾਈ 90-150 ਸੈਂ. ਮੀ. ਦੇ ਲਗਭਗ ਹੁੰਦੀ ਹੈ। ਇਸ ਦਾ ਰੰਗ ਉਪਰੋਂ ਸਲੇਟੀ ਜਾਂ ਧੁਪਿਆਲਾ (ਕਈ ਨਸਲਾਂ ਵਿਚ ਬਾਦਾਮੀ ਜਿਹਾ) ਅਤੇ ਹੇਠਲੇ ਪਾਸਿਉਂ ਚਿੱਟਾ ਜਾਂ ਪਿਲੱਤਣ ਤੇ ਹੁੰਦਾ ਹੈ। ਈਕਵੱਸ ਹੈਮੀਓਨਸ ਦੀਆਂ ਕਈ ਨਸਲਾਂ ਵਿਚ ਧੌਣ ਦੇ ਵਾਲ ਛੋਟੇ, ਕਰੜੇ, ਭੂਰੇ ਜਾਂ ਕਾਲੇ ਰੰਗ ਦੇ ਹੁੰਦੇ ਹਨ ਅਤੇ ਇਸ ਰੰਗ ਦੀ ਧਾਰੀ ਸਾਰੀ ਪਿੱਠ ਦੇ ਅੱਧ ਵਿਚੋਂ ਲੰਘਦੀ ਹੋਈ ਪੂਛ ਦੇ ਸਿਰੇ ਤੱਕ ਜਾਂਦੀ ਹੈ। ਕਈ ਨਸਲਾਂ ਦੇ ਖੋਤਿਆਂ ਦੇ ਮੋਢਿਆਂ ਉੱਤੇ ਗੂਹੜੇ ਰੰਗ ਦੀਆਂ ਕੱਟਦੀਆਂ ਧਾਰੀਆਂ, ਕਈਆਂ ਦੇ ਗਿੱਟਿਆਂ ਉੱਤੇ ਗੂਹੜੀਆਂ

ਧਾਰੀਆਂ ਅਤੇ ਕਈਆਂ ਦੇ ਕੰਨਾਂ ਦੇ ਸਿਰੇ ਗੂਹੜੇ ਰੰਗ ਦੇ ਹੁੰਦੇ ਹਨ। ਅਫ਼ਰੀਕੀ ਖੋਤਾ ਵੀ ਏਸ਼ੀਆਈ ਜਾਤੀ ਵਰਗਾ ਹੀ ਹੁੰਦਾ ਹੈ। ਸਿਰਫ਼ ਉਸ ਦੇ ਸਰੀਰ ਦਾ ਰੰਗ ਜ਼ਿਆਦਾ ਗੂਹੜਾ ਹੁੰਦਾ ਹੈ ਅਤੇ ਇਸ ਦੀ ਕਾਲੀ ਬੂਥੀ ਦੇ ਦੁਆਲੇ ਇਕ ਚਿੱਟੀ ਧਾਰੀ ਹੁੰਦੀ ਹੈ।

ਜੰਗਲੀ ਖੋਤੇ ਮਾਰੂਥਲਾਂ ਵਿਚ ਰਹਿੰਦੇ ਹਨ। ਕਈ ਉਨ੍ਹਾਂ ਥਾਵਾਂ ਤੇ ਰਹਿੰਦੇ ਹਨ ਜਿਥੇ ਦੂਜੇ ਵੱਡੇ ਜਾਨਵਰਾਂ ਲਈ ਬਨਸਪਤੀ ਅਤੇ ਤਾਜ਼ਾ ਪਾਣੀ ਬਹੁਤ ਘੱਟ ਮਿਲਦਾ ਹੋਵੇ। ਇਹ 12ਜਾਂ ਇਸ ਤੋਂ ਵੱਧ ਗਿਣਤੀ ਵਾਲੇ ਗਰੁੱਪਾਂ ਵਿਚ ਰਹਿੰਦੇ ਹਨ। ਹਰ ਗਰੁੱਪ ਵਿਚ ਆਮ ਤੌਰ ਤੇ ਇਕ ਨਰ, ਕਈ ਮਾਦਾ ਅਤੇ ਬੱਚੇ ਹੁੰਦੇ ਹਨ।

ਅਫ਼ਰੀਕਾ ਵਿਚ ਜੰਗਲੀ ਖੋਤਿਆਂ ਦੇ ਕਈ ਗਰੁੱਪ ਮਿਲਦੇ ਹਨ। ਏਸ਼ੀਆਈ ਖੋਤਿਆਂ ਵਿਚੋਂ ਸਿਰਫ਼ ਕੀਆਨ ਕਿਸਮ ਹੀ ਜੰਗਲੀ ਹਾਲਤ ਵਿਚ ਬਹੁਤੀ ਮਿਲਦੀ ਹੈ।

ਹ. ਪੁ. – ਐਨ. ਬ੍ਰਿ. ਮਾ. 1 : 590


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10339, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no

ਖੋਤਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੋਤਾ, (ਜ਼ੰਦ, ਕੋਤੀਨਾ=ਖੱਚਰ (ਡਾਰਡਿਕ) ਰਮਬੇਲੀ, ਖੋਤਾ; ਕਿਸ਼ਤਵਾਰੀ, ਖੋਤਾ) \ ਪੁਲਿੰਗ : ੧. ਇੱਕ ਜਾਨਵਰ ਜੋ ਘੋੜੇ ਤੋਂ ਛੋਟਾ ਹੁੰਦਾ ਹੈ ਅਤੇ ਭਾਰ ਢੋਣ ਤੇ ਸਵਾਰੀ ਦੇ ਕੰਮ ਆਉਂਦਾ ਹੈ। ਇਹ ਆਮ ਕਰਕੇ ਘੁਮਿਆਰਾਂ ਕੋਲ ਹੁੰਦਾ ਹੈ, ਗਧਾ, ਗੱਦੋਂ; ੨. ਮੂਰਖ, ਮੂੜ੍ਹ ਆਦਮੀ, ਸਮਝ ਕੇ ਕੰਮ ਨਾ ਕਰਨ ਵਾਲਾ ਮਨੁੱਖ, ਬੇਸਮਝ; ੩. ਇੱਕ ਲਾਲ ਤੇ ਚਿੱਟਾ ਕੀੜਾ (ਮਈਆ ਸਿੰਘ)

–ਖੋਤਾ ਖਰਕਾ, (ਪੋਠੋਹਾਰੀ) / ਪੁਲਿੰਗ : ਖੋਤਿਆਂ ਦਾ ਸਮੂਹ : ‘ਜਿਥੇ ਪੁੱਤਰ ਨੂਰ ਜਮਾਲ, ਖੋਤਾ ਖਰਕਾ ਸਭ ਹਲਾਲ’

–ਖੋਤਾ ਘੋੜਾ ਇੱਕੋ ਮੁੱਲ ਹੋਣਾ, ਮੁਹਾਵਰਾ : ਚੰਗੀ ਮੰਦੀ ਚੀਜ਼ ਦਾ ਫ਼ਰਕ ਨਾ ਹੋਣਾ, ਟਕੇ ਸੇਰ ਭਾਜੀ ਟਕੇ ਸੇਰ ਖਾਜਾ ਵਾਲੀ ਗੱਲ ਹੋਣਾ

–ਖੋਤੀ ਬੇੜੀ ਚਾੜ੍ਹਨਾ, ਮੁਹਾਵਰਾ: ਮੁਸ਼ਕਲ ਕੰਮ ਨਜਿੱਠਣਾ

–ਖੋਤਾ ਮੋਇਆ ਖਾਰੀਆਂ ਮੁਕਾਣ ਨਰੰਗਾਵਾਦ, ਅਖੌਤ : ਜਦੋਂ ਕਿਸੇ ਦੀ ਮੁਸੀਬਤ ਕਿਸੇ ਹੋਰ ਦੇ ਗਲ ਪੈ ਜਾਏ ਉਦੋਂ ਕਹਿੰਦੇ ਹਨ

–ਖੋਤੇ ਖੁਰਕਣੀ, ਇਸਤਰੀ ਲਿੰਗ : ਇੱਕ ਦੂਜੇ ਦੀ ਮੱਦਦ

–ਖੋਤੇ ਚੜ੍ਹਨਾ, ਮੁਹਾਵਰਾ : ਬਦਨਾਮ ਹੋਣਾ, ਹੁੱਗ ਜਾਣਾ (ਛਲਾਵਾ)

–ਖੋਤੇ ਚੜ੍ਹਾਉਣਾ, ਮੁਹਾਵਰਾ : ਨਸ਼ਰ ਕਰਨਾ, ਬਦਨਾਮ ਕਰਨਾ, ਲੋਕਾਂ ਦੀ ਨਜ਼ਰ ਵਿੱਚ ਕਸੂਰਵਾਰ ਸਾਬਤ ਕਰਨਾ

–ਖੋਤੇ ਚੜ੍ਹਿਆ ਭਾਉ, ਪੁਲਿੰਗ : ਆਮ ਭਾਉ, ਬਾਜ਼ਾਰੂ ਭਾਉ

–ਖੋਤੇ ਚੜ੍ਹੀ ਗੱਲ, (ਪੋਠੋਹਾਰੀ) / ਇਸਤਰੀ ਲਿੰਗ : ਪਰਸਿੱਧ ਗੱਲ, ਲੋਕਾਂ ਵਿਚ ਆਮ ਧੁੰਮੀ ਹੋਈ ਗੱਲ

–ਖੋਤੇ ਚੜ੍ਹੀ ਤੇ, ਲੱਤਾਂ ਲਮਕਦੀਆਂ , ਅਖੌਤ : ਮੂੰਹ ਤੋਂ ਲਾਹੀ ਲੋਈ ਤੇ ਕੀ ਕਰੇਗਾ ਕੋਈ, ਜਦ ਕੋਈ ਬਦਨਾਮ ਹੋਵੇ ਤੇ ਬਦਨਾਮੀ ਦੀ ਪਰਵਾਹ ਨਾ ਕਰੇ ਤਾਂ ਕਹਿੰਦੇ ਹਨ

–ਖੋਤੇ ਚੜ੍ਹੀ ਪਰ ਕੁੜਮਾਂ ਦੇ ਮਹੱਲੇ ਨਾ ਗਈ, ਅਖੌਤ : ਜਦੋਂ ਕੋਈ ਢੀਠ ਆਦਮੀ ਹੋਈ ਬਦਨਾਮੀ ਦੀ ਪਰਵਾਹ ਨਾ ਕਰੇ ਤਾਂ ਕਹਿੰਦੇ ਹਨ

–ਖੋਤੇ ਦਾ ਖੁਰ, ਪੁਲਿੰਗ : ਇੱਕ ਗਾਲ੍ਹ

–ਖੋਤੇ ਦੀ ਮੌਜ ਟੀਟਣੇ, ਅਖੌਤ : ਹੋਛੇ ਆਦਮੀ ਦੀ ਖੁਸ਼ੀ ਦਾ ਪਰਗਟਾਵਾ ਵੀ ਹੋਛਾ ਹੀ ਹੁੰਦਾ ਹੈ

–ਖੋਤੇ ਦੇ ਗਲ ਲਾਲ, ਅਖੌਤ : ਕਿਸੇ ਮੂਰਖ ਨੂੰ ਜੇ ਕੋਈ ਚੰਗੀ ਵਸਤੂ ਮਿਲ ਜਾਵੇ ਤਾਂ ਆਖਦੇ ਹਨ

–ਖੋਤੇ ਨੂੰ ਹਿੰਙ, ਅਖੌਤ: ਸੂਰਾਂ ਨੂੰ ਪੋਨੇ ਇਹ ਮੂੰਹ ਤੇ ਮਸਰਾਂ ਦੀ ਦਾਲ

–ਖੋਤੇ ਨੂੰ ਦਿੱਤਾ ਲੂਣ ਉਹ ਕਹਿੰਦਾ ਮੇਰੀ ਅੱਖ ਭੰਨ ਦਿੱਤੀ, ਅਖੌਤ : ਜਦ ਕਿਸੇ ਦਾ ਫ਼ਾਇਦਾ ਸੋਚੀਏ ਤੇ ਉਹ ਆਖੇ ਮੇਰਾ ਨੁਕਸਾਨ ਕਰਦੇ ਹਨ ਤਾਂ ਕਹਿੰਦੇ ਹਨ, ਨਾਸ਼ੁਕਰੇ ਨਾਲ ਭਲਾਈ ਕਰਣ ਤੇ ਕਹਿੰਦੇ ਹਨ

–ਖੋਤੇ ਨੂੰ ਵੀਹ ਕੋਹ, ਘੁਮਿਆਰ ਨੂੰ ਤੀਹ ਕੋਹ, ਅਖੌਤ : ਮੂਰਖ ਤੇ ਘਟੀਅਲ ਆਦਮੀ ਤੋਂ ਕੰਮ ਲੈਣ ਵਾਲੇ ਬੰਦੇ ਨੂੰ ਆਪ ਕਰਨ ਨਾਲੋਂ ਡਿਉਢੀ ਜ਼ਹਿਮਤ ਉਠਾਉਣੀ ਪੈਂਦੀ ਹੈ

–ਖੋਤੇ ਲੱਦ, ਪੁਲਿੰਗ : ਖੋਤੇ ਵਾਹੁਣ ਵਾਲਾ

ਹਨੇਰੇ ਵਿੱਚ ਖੋਤਾ ਪੀੜਨਾ, ਮੁਹਾਵਰਾ : ਲਾਪਰਵਾਹੀ ਜਾਂ ਕਾਹਲੀ ਵਿੱਚ ਕੰਮ ਕਰਨਾ (ਖ਼ਾਸ ਕਰ ਕੇ ਪੱਗ ਬੰਨ੍ਹਣਾ)

–ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ,  ਅਖੌਤ : ਜਦੋਂ ਕੋਈ ਨਾਰਾਜ਼ ਤਾਂ ਕਿਸੇ ਹੋਰ ਨਾਲ ਹੋਇਆ ਹੋਵੇ ਪਰ ਰੰਜ ਦੂਜੇ ਤੇ ਕੱਢੇ ਤਾਂ ਕਹਿੰਦੇ ਹਨ

–ਨਾਲੇ ਖੋਤਾ ਜੌਂ ਚਰ ਗਿਆ ਨਾਲੇ ਬੂਥ ਚੁੱਕ ਗਿਆ, ਅਖੌਤ : ਜਦੋਂ ਕੋਈ ਫ਼ਾਇਦਾ ਉਠਾ ਕੇ ਵੀ ਨਾਰਾਜ਼ ਹੀ ਰਹੇ ਤਾਂ ਕਹਿੰਦੇ ਹਨ

–ਵਕਤ ਤੇ ਖੋਤੇ ਨੂੰ ਵੀ ਪਿਉ ਬਣਾਉਣਾ ਪੈਂਦਾ ਹੈ, ਅਖੌਤ : ਗਰਜ਼ ਪਿੱਛੇ ਮਾੜੇ ਬੰਦੇ ਦੀ ਵੀ ਖੁਸ਼ਾਮਦ ਕਰਨੀ ਪੈਂਦੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 18, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-10-04-31-29, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.