ਗਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਲ. ਸੰ. गल्. ਧਾ—ਖਾਣਾ, ਨਿਗਲਣਾ, ਗਲਣਾ, ਟਪਕਣਾ, ਚੁਇਣਾ, ਨ੄਍ ਕਰਨਾ। ੨ ਸੰਗ੍ਯਾ—ਗਲਾ. ਕੰਠ । ੩ ਕਪੋਲ. ਦੇਖੋ, ਗੱਲ. “ਗਲਾ ਪਿਟਨਿ ਸਿਰ ਖੁਹੇਨਿ.” (ਸਵਾ ਮ: ੧) ੪ ਦੇਖੋ, ਗਲਾ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 47954, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗਲ :  ਇਹ ਕੈਰਾਡ੍ਰਾਇਫਾਰਮੀਜ਼ ਵਰਗ ਦੀ ਲੈਰਿਡੀ ਕੁਲ ਅਤੇ ਲੈਰਿਨੀ ਉਪ–ਕੁਲ ਦੇ ਪੰਛੀਆਂ ਦੇ ਇਕ ਗਰੁੱਪ ਦਾ ਆਮ ਨਾਂ ਹੈ। ਇਨ੍ਹਾਂ ਦੀਆਂ ਕੋਈ ੪੦ ਤੋਂ ਵੱਧ ਜਾਤੀਆਂ ਹਨ। ਇਨ੍ਹਾਂ ਸਮੁੰਦਰੀ ਪੰਛੀਆਂ ਦਾ ਸਰੀਰ ਭਾਰਾ ਅਤੇ ਪੈਰ ਚੰਮ–ਝਿੱਲੀ ਵਾਲੇ ਹੁੰਦੇ ਹਨ। ਇਹ ਪੰਛੀ ਉੱਤਰੀ ਅਰਧ ਗੋਲੇ ਵਿਚ ਬਹੁਤ ਜ਼ਿਆਦਾ ਮਿਲਦੇ ਹਨ ਇਥੇ ਸੀਤ–ਊਸ਼ਣੀ ਤੋਂ ਉੱਤਰੀ ਹਿਮ ਭਾਗਾਂ ਤੱਕ ਇਨ੍ਹਾਂ ਦੀਆਂ ਕੋਈ 30 ਜਾਤੀਆਂ ਮਿਲਦੀਆਂ ਹਨ। ਅੰਦਰੂਨੀ ਭਾਗਾਂ ਵਿਚ ਰਹਿਣ ਵਾਲੇ ਪੰਛੀ ਸਰਦੀਆਂ ਵਿਚ ਨੇੜੇ ਦੇ ਤਟਾਂ ਤੇ ਚਲੇ ਜਾਂਦੇ ਹਨ ਪਰ ਇਹ ਆਪਣੇ ਨਜ਼ਦੀਕੀ ਸਬੰਧੀਆਂ, ਸਮੁੰਦਰੀ ਟਟੀਰੀਆਂ ਦੀ ਤਰ੍ਹਾਂ ਬਹੁਤ ਜ਼ਿਆਦਾ ਪ੍ਰਵਾਸੀ ਨਹੀਂ।

ਬਾਲਗ ਗਲ ਪੰਛੀ ਸਲੇਟੀ ਜਾਂ ਚਿੱਟੇ ਰੰਗ ਦਾ ਹੁੰਦਾ ਹੈ ਅਤੇ ਇਸਦੇ ਸਿਰ ਉੱਤੇ ਵੱਖ ਵੱਖ ਤਰ੍ਹਾਂ ਦੇ ਨਿਸ਼ਾਨ ਹੁੰਦੇ ਹਨ। ਪ੍ਰਜਣਨ ਰੁੱਤ ਵਿਚ ਸਿਰ ਬਿਲਕੁਲ ਸਫ਼ੈਦ ਜਾਂ ਕਾਲਾ, ਸਲੇਟੀ ਜਾਂ ਭੂਰੇ ਰੰਗ ਦਾ ਹੁੰਦਾ ਹੈ, ਸਰਦੀਆਂ ਵਿਚ ਇਹ ਧਾਰੀਦਾਰ ਜਾਂ ਧੱਬੇਦਾਰ ਹੋ ਜਾਂਦਾ ਹੈ। ਚੁੰਝ ਮਜ਼ਬੂਤ ਅਤੇ ਥੋੜ੍ਹੀ ਜਿਹੀ ਮੁੜੀ ਹੋਈ ਹੁੰਦੀ ਹੈ, ਕਈ ਜਾਤੀਆਂ ਵਿਚ ਇਸ ਉੱਤੇ ਇਕ ਰੰਗਦਾਰ ਨਿਸ਼ਾਨ ਹੁੰਦਾ ਹੈ। ਚੁੰਝ ਅਤੇ ਲੱਤਾਂ ਦੇ ਰੰਗ ਅਤੇ ਖੰਭਾਂ ਦੇ ਡਿਜ਼ਾਈਨਾਂ ਤੋਂ ਜਾਤੀਆਂ ਦੀ ਪਛਾਣ ਕੀਤੀ ਜਾਂਦੀ ਹੈ।

ਇਹ ਪੰਛੀ ਸਮੁੰਦਰੀ ਕਿਨਾਰਿਆਂ ਤੋਂ ਕੀੜੇ, ਮੌਲਸਕ ਅਤੇ ਕ੍ਰਸਟੇਸ਼ੀਅਨ, ਖੇਤਾਂ ਵਿਚੋਂ ਵਰਮ ਅਤੇ ਸੁੰਡੀਆਂ, ਸਮੁੰਦਰੀ ਜਹਾਜ਼ਾਂ ਅਤੇ ਸਮੁੰਦਰੀ ਕਿਨਾਰਿਆਂ ਤੋਂ ਮੱਛੀਆਂ ਅਤੇ ਗੰਦ–ਮੰਦ ਖਾਂਦੇ ਹਨ। ਕਈ ਵੱਡੀਆਂ ਜਾਤੀਆਂ ਦੂਜੇ ਪੰਛੀਆਂ ਦੇ (ਆਪਣੀ ਕਿਸਮ ਦੇ ਵੀ) ਅੰਡਿਆਂ ਅਤੇ ਬੱਚਿਆਂ ਨੂੰ ਖਾ ਜਾਂਦੀਆਂ ਹਨ।

ਕਈ ਵਿਸ਼ਿਸ਼ਟ ਕਿਸਮਾਂ ਲਈ ਅਨੇਕ 7 ਪ੍ਰਜਾਤੀਆਂ ਬਣਾਈਆਂ ਗਈਆਂ ਹਨ ਪਰ ਬਹੁਤ ਵਿਗਿਆਨੀ ਇਨ੍ਹਾਂ ਨੂੰ ਇਕ ਵੱਡੀ ਪ੍ਰਜਾਤੀ ਲੈਰਸ ਵਿਚ ਰੱਖਦੇ ਹਨ।

ਕਾਲੇ ਸਿਰ ਵਾਲਾ ਗਲ– ਇਹ ਗੂੜ੍ਹੇ ਰੰਗ ਦੇ ਸਿਰ ਅਤੇ ਲਾਲ ਲੱਤਾਂ ਵਾਲਾ ਇਕ ਪੰਛੀ ਹੈ। ਇਹ ਯੂਰੇਸ਼ੀਆਂ ਅਤੇ ਆਈਸਲੈਂਡ ਵਿਚ ਅੰਡੇ ਦਿੰਦਾ ਹੈ ਅਤੇ ਸਰਦੀਆਂ ਵਿਚ ਇਹ ਦੱਖਣੀ ਭਾਰਤ ਦੇ ਫ਼ਿਲੇਪਾਈਨਜ਼ ਵਿਚ ਰਹਿੰਦਾ ਹੈ। ਇਸ ਦਾ ਮੁੱਖ ਆਹਾਰ ਕੀੜੇ ਹਨ।

 ਬੋਨਾਪਾਰਟ ਗਲ – ਇਹ ਉੱਤਰੀ ਅਮਰੀਕਾ ਦਾ ਪੰਛੀ ਹੈ। ਇਸ ਦੀ ਚੁੰਝ ਅਤੇ ਚਿਹਰੇ ਦਾ ਰੰਗ ਕਾਲਾ ਅਤੇ ਲੱਤਾਂ ਪਿਆਜ਼ੀ ਤੋਂ ਲਾਲ ਜਿਹੇ ਰੰਗ ਦੀਆਂ ਹੁੰਦੀਆਂ ਹਨ। ਇਹ ਦਰਖ਼ਤਾਂ ਵਿਚ ਆਲ੍ਹਣੇ ਬਣਾਉਣੇ ਹਨ ਅਤੇ ਕੀੜੇ ਫੜਨ ਲਈ ਛੱਪੜਾਂ ਉੱਤੇ ਉਡਦੇ ਰਹਿੰਦੇ ਹਨ। ਸਰਦੀਆਂ ਵਿਚ ਇਹ ਸਮੁੰਦਰਾਂ ਵਿਚ ਮੱਛੀਆਂ ਫੜਨ ਲਈ ਚੁੱਭੀ ਮਾਰ ਲੈਂਦੇ ਹਨ।

 ਕੈਲੀਫੋਰਨੀਆ ਗਲ – ਉੱਤਰੀ ਅਮਰੀਕਾ ਦਾ ਪੰਛੀ ਹੈ। ਇਹ ਅੰਦਰੂਨੀ ਭਾਗਾਂ ਵਿਚ ਅੰਡੇ ਦਿੰਦਾ ਹੈ। ਇਹ ਵੱਡੇ ਵੱਡੇ ਝੁੰਡਾਂ ਵਿਚ ਇਕੱਠੇ ਫਿਰਦੇ ਹਨ ਅਤੇ ਕੀੜੇ ਤੇ ਕੁਤਰਨ–ਪ੍ਰਾਣੀ ਖਾਂਦੇ ਹਨ।

ਫਰੈਂਕਲਿਨ ਗਲ– ਇਹ ਉੱਤਰੀ ਅਤੇ ਦੱਖਣੀ ਅਮਰੀਕਾ ਦਾ ਪੰਛੀ ਹੈ। ਇਹ ਉਡਦੇ ਕੀੜਿਆਂ ਨੂੰ ਫੜਦਾ ਹੈ ਅਤੇ ਅੰਦਰੂਨੀ ਬੇਲਿਆਂ ਵਿਚ ਵੱਡੀਆਂ ਵੱਡੀਆਂ ਕਲੋਨੀਆ ਵਿਚ ਅੰਡੇ ਦਿੰਦਾ ਹੈ। ਗਲਾਊਕਸ ਗਲ ਉੱਤਰੀ ਸਮੁੰਦਰਾਂ ਵਿਚ ਹੁੰਦਾ ਹੈ। ਇਹ ਬਹੁਤਾ ਕਰਕੇ ਚਿੱਟੇ ਰੰਗਾ ਦਾ ਹੁੰਦਾ ਹੈ ਤੇ ਇਸ ਦੀਆਂ ਲੱਤਾਂ ਪਿਆਜ਼ੀ ਰੰਗ ਦੀਆਂ ਅਤੇ ਚੁੰਝ ਪੀਲੀ ਜਿਸ ਉੱਤੇ ਇਕ ਲਾਲ ਨਿਸ਼ਾਨ ਹੁੰਦਾ ਹੈ। ਕਈ ਵਾਰ ਸਰਦੀਆਂ ਵਿਚ ਇਹ ਦੂਰ ਦੱਖਣ ਵੱਲ ਹਵਾਈ ਅਤੇ ਰੂਮ–ਸਾਗਰ ਵਿਚ ਚਲੇ ਜਾਂਦੇ ਹਨ। ਕਾਲੀ ਪਿੱਠ ਵਾਲੇ ਗਲ ਦਾ ਖੰਭ–ਪਸਾਰ 1.6 ਮੀ. ਹੁੰਦਾ ਹੈ। ਇਹ ਸਭ ਤੋਂ ਵੱਡਾ ਗਲ ਪੰਛੀ ਹੈ। ਹੈਰਿੰਗ ਗਲ ਉੱਤਰੀ ਅਰਧ ਗੋਲੇ ਦਾ ਪੰਛੀ ਹੈ। ਇਸ ਦੀ ਮੈਂਟਲ ਸਲੇਟੀ ਲੱਤਾਂ ਅਤੇ ਪੈਰ ਮਾਸ–ਰੰਗੇ ਅਤੇ ਖੰਭਾਂ ਦੇ ਕਿਨਾਰੇ ਚਿੱਟੇ ਤੇ ਕਾਲੇ ਧੱਬਿਆਂ ਵਾਲੇ ਹੁੰਦੇ ਹਨ। ਇਹ ਨੇੜੇ ਦੇ ਸਮੁੰਦਰੀ ਤਟਾਂ ਦੇ ਗੰਦ–ਮੰਦ ਤੇ ਆਹਾਰ ਕਰਦੇ ਹਨ। ਛੋਟਾ ਗਲ ਯੂਰਪ ਅਤੇ ਉੱਤਰੀ ਅਮਰੀਕਾ ਦਾ ਪੰਛੀ ਹੈ। ਇਸ ਦੇ ਸਿਰ ਦਾ ਰੰਗ ਕਾਲਾ ਅਤੇ ਖੰਭ ਪਸਾਰ ਲਗਭਗ 60 ਸੈਂ.ਮੀ. ਹੁੰਦਾ ਹੈ। ਇਹ ਸਭ ਤੋਂ ਛੋਟਾ ਗਲ–ਪੰਛੀ ਹੈ। ਸ਼ਾਂਤ ਮਹਾਂਸਾਗਰੀ ਗਲ ਸਾਰੀਆਂ ਕਿਸਮਾਂ ਤੋਂ ਜ਼ਿਆਦਾ ਦੂਰ ਦੱਖਣ ਵਲ ਤਸਮਾਨੀਆਂ ਅਤੇ ਦੱਖਣੀ ਆਸਟ੍ਰੇਲੀਆ ਵਿਚ ਅੰਡੇ ਦਿੰਦਾ ਹੈ। ਗਾਲੀ ਵਾਲਾ ਗਲ ਉੱਤਰੀ ਅਮਰੀਕਾ ਦੀਆਂ ਅੰਦਰੂਨੀ ਝੀਲਾਂ ਅਤੇ ਕੱਜਲ ਵਰਗਾ ਕਾਲਾ ਗਲ ਪੱਛਮੀ ਹਿੰਦ ਮਹਾਂਸਾਗਰ ਵਿਚ ਮਿਲਦਾ ਹੈ।

 ਰੌਸ ਗਲ, ਇਹ ਆਕਰਸ਼ਕ, ਪਿਆਜ਼ੀ ਜਿਹਾ ਚਿੱਟਾ ਪੰਛੀ ਹੈ ਜਿਹੜਾ ਉੱਤਰੀ ਸਾਇਬੇਰੀਆ ਵਿਚ ਅੰਡੇ ਦਿੰਦਾ ਹੈ ਅਤੇ ਉੱਤਰੀ ਹਿਮ ਮਹਾਸਾਗਰ ਉੱਤੇ ਦੂਰ ਦੂਰ ਤੱਕ ਘੁੰਮਦਾ ਰਹਿੰਦਾ ਹੈ। ਸੈਬਿਨ–ਗਲ ਉੱਤਰੀ ਹਿਮ ਚੱਕਰ ਦਾ ਪੰਛੀ ਹੈ, ਇਸਦੀ ਪੂਛ ਦੁਸਾਂਗੀ ਹੁੰਦੀ ਹੈ ਅਤੇ ਇਹ ਟਟੀਹਰੀ ਦੀ ਤਰ੍ਹਾਂ ਭੱਜਦਾ ਅਤੇ ਭੋਜਨ ਪ੍ਰਾਪਤ ਕਰਦਾ ਹੈ। ਅਬਾਬੀਲ ਵਰਗੀ ਪੂਛ ਵਾਲਾ ਗਲ ਗਲਾਪੈਗੋ ਦੀਪਾਂ ਦਾ ਪੰਛੀ ਹੈ। ਸਿਰਫ਼ ਇਹੋ ਕਿਸਮ ਹੈ ਜਿਸਦੀ ਪੂਛ ਬਹੁਤ ਜ਼ਿਆਦਾ ਦੁਸਾਂਗੀ ਹੁੰਦੀ ਹੈ।

 ਹ. ਪੁ.– ਐਨ. ਬ੍ਰਿ.ਮਾ. 4 : 796


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 35635, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-11-19, ਹਵਾਲੇ/ਟਿੱਪਣੀਆਂ: no

ਗਲ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਲ, ਪੁਲਿੰਗ : ਗੱਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 5783, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-12-06-42, ਹਵਾਲੇ/ਟਿੱਪਣੀਆਂ:

ਗਲ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਲ, (ਪ੍ਰਾਕ੍ਰਿਤ : गल; ਸੰਸਕ੍ਰਿਤ : गल; ਟਾਕਰੀ \ ਫ਼ਾਰਸੀ : ਗੁਲੂ, ) \ ਪੁਲਿੰਗ : ੧. ਗਲਾ, ਕੰਠ; ੨. ਘੜੇ, ਕੁੱਜੇ ਆਦਿ ਦਾ ਮੂੰਹ

–ਗਲ ਸਾਫਾ ਪਾਉਣਾ, ਮੁਹਾਵਰਾ :ਫੜ ਲੈਣਾ, ਜ਼ਿੰਮੇਵਾਰ ਠਹਿਰਾਉਣਾ

–ਗਲ ਕਟਾ, ਪੁਲਿੰਗ : ੧. ਉਹ ਆਦਮੀ ਜਿਸ ਦਾ ਗਲ ਕਿਸੇ ਨੇ ਕੱਟ ਖਾਇਆ ਹੋਵੇ; ੨. ਬੁੱਝੜ, ਕਸਾਈ; ਵਿਸ਼ੇਸ਼ਣ :
ਗਲਾ ਕੱਟਣ ਵਾਲਾ

–ਗਲ ਗਲ ਪਾਣੀ ਚੜ੍ਹ ਆਉਣਾ,  ਮੁਹਾਵਰਾ : ਬਹੁਤ ਫ਼ਿਕਰ ਹੋਣਾ, ਬਹੁਤ ਚਿੰਤਾਤੁਰ ਹੋਣਾ

–ਗਲ ਗਲਾਵਾਂ ਪਾਉਣਾ,  ਮੁਹਾਵਰਾ : ਫਸਾਉਣਾ, ਜ਼ੁਮੇਵਾਰੀ ਗਲ ਪਾਉਣਾ

–ਗਲ ਗਲਾਵਾ ਪੈਣਾ, ਮੁਹਾਵਰਾ : ਫਸਣਾ, ਜ਼ਿੰਮੇਵਾਰੀ ਪੈਣੀ, ਵਾਧੂ ਦਾ ਝਮੇਲਾ ਗਲ ਪੈਣਾ

–ਗਲ ਘੁੱਟਣਾ, ਮੁਹਾਵਰਾ : ਸੰਘੀ ਘੁੱਟ ਕੇ ਜਾਨ ਤੋਂ ਮਾਰਨਾ

–ਗਲ ਘੋਟੂ, ਵਿਸ਼ੇਸ਼ਣ : ਸੰਘ ਨੂੰ ਫੜਨ ਵਾਲਾ; ਪੁਲਿੰਗ : ਪਸ਼ੂਆਂ ਦਾ ਇੱਕ ਰੋਗ ਜਿਸ ਨਾਲ ਗਲਾ ਨੱਪਿਆ ਜਾਂਦਾ ਹੈ

–ਗਲ ਘੋਟੂ ਆਉਣਾ, ਮੁਹਾਵਰਾ : ਗਲ ਵਿੱਚ ਪਈ ਰੱਸੀ ਕਾਰਨ ਗਲ ਦਾ ਘੁਟਿਆ ਜਾਣਾ

–ਗਲ ਘੋਟੂ ਬੇਰ, ਮੁਹਾਵਰਾ : ਕਾਠਾ ਬੇਰ ਜਿਸ ਦੇ ਖਾਣ ਨਾਲ ਸੰਘ ਫੜਿਆ ਜਾਂਦਾ ਹੈ

–ਗਲ ਚਮੇੜਨਾ, ਮੁਹਾਵਰਾ : ਕੋਈ ਚੀਜ਼ ਮੱਲੋ ਮੱਲੀ ਕਿਸੇ ਦੇ ਜ਼ਿਮੇ ਲਾ ਦੇਣੀ

–ਗਲ ਛੁਡਾਉਣਾ,  ਮੁਹਾਵਰਾ : ਖਹਿੜਾ ਛੁਡਾਉਣਾ, ਪਿੱਛਾ ਛੁਡਾਉਣਾ

–ਗਲ ਜੋਟ, ਪੁਲਿੰਗ : ੧. ਉਹ ਲੱਕੜੀ ਜਾਂ ਰੱਸੀ ਜੋ ਦੋ ਬੈਲਾਂ ਨੂੰ ਆਪਸ ਵਿੱਚ ਜੁੱਤੇ ਰਹਿਣ ਲਈ ਪਾਉਂਦੇ ਹਨ; ੨. ਗੱਲ ਜੋੜਾ, ਗਲ ਦਾ ਹਾਰ (ਲਾਗੂ ਕਿਰਿਆ : ਹੋਣਾ, ਕਰਨਾ)

–ਗਲ ਜੋੜ, ਪੁਲਿੰਗ : ਗਲਜੋਟ

–ਗਲਤਣੀ,  ਇਸਤਰੀ ਲਿੰਗ : ਬੋਲਾਂ ਦੇ ਗਲ ਦੀ ਰੱਸੀ ਜੋ ਜੂਏ ਨਾਲ ਬੰਨ੍ਹੀ ਜਾਂਦੀ ਹੈ

–ਗਲ ਦਾ ਹਾਰ, ਪੁਲਿੰਗ : ਅਣਭਾਉਂਦਾ ਸਾਥੀ, ਜੋ ਮਗਰੋਂ ਨਾ ਲੱਬੇ, ਖਹਿੜਾ ਨਾ ਛੱਡਣ ਵਾਲਾ ਬੰਦਾ

–ਗਲ ਨਾਲ ਮਿਲਣਾ, ਮੁਹਾਵਰਾ : ਜੱਫੀ ਪਾਉਣੀ

–ਗਲ ਨਾਲ ਲੱਗਣਾ, ਮੁਹਾਵਰਾ : ਜੱਫੀ ਪਾਉਣੀ
–ਗਲ ਨਾਲ ਲਾਉਣਾ, ਮੁਹਾਵਰਾ : ੧. ਜੱਫੀ ਪਾਉਣਾ; ੨. ਮੱਦਦ ਕਰਨੀ, ਆਸਰਾ ਦੇਣਾ; ੩. ਪਿਆਰਨਾ

–ਗਲ ਨਾਲ ਲਾ ਲੈਣਾ, ਕਿਰਿਆ ਸਮਾਸੀ : ਆਸਰਾ ਦੇਣਾ

–ਗਲ ਪੱਲਾ ਪਾਉਣਾ, ਮੁਹਾਵਰਾ : ਨਿਵਣਾ, ਨਿਮਰਤਾ ਧਾਰਨ ਕਰਨਾ ਨੀਵਾਂ ਹੋਣਾ

–ਗਲ ਪੱਲਾ ਮੂੰਹ ਘਾਹ ਲੈਣਾ, ਮੁਹਾਵਰਾ : ਅਤੀ ਅਧੀਨ ਹੋਣਾ, ਦਾਸ ਬਣਨਾ, ਅਧੀਨਤਾ ਪਰਵਾਨ ਕਰਨੀ

–ਗਲ ਪੱਲੂੜਾ ਤੇ ਮੂੰਹ ਘਾਸ ਲੈਕੇ ਗੁਨਾਹ ਬਖਸ਼ਾਉਣਾ, ਮੁਹਾਵਰਾ : ਅਤੀ ਨਿਮਰਤਾ ਸਹਿਤ ਮੁਆਫ਼ੀ ਮੰਗਣਾ

–ਗਲ ਪਾਉਣਾ, ਮੁਹਾਵਰਾ :ਝਗੜਾ ਸਹੇੜਨਾ, ਮੁਸੀਬਤ ਸਹੇੜਨਾ

–ਗਲ ਪਿਆ ਢੋਲ ਵਜਾਉਣਾ, ਮੁਹਾਵਰਾ :੧. ਮੱਲੋ ਮੱਲੀ ਦਾ ਕੰਮ ਕਰਨਾ, (ਭਾਈ ਬਿਸ਼ਨਦਾਸ ਪੁਰੀ) ਫਸੀ ਨਿਬੇੜਨਾ; ੨. ਅਣਮੇਲ ਜਾਂ ਅਨਿੱਛਤ ਰਿਸ਼ਤਾ ਨਿਭਾਉਣਾ

–ਗਲ ਪੈਣਾ (ਪੈ ਜਾਣਾ), ਮੁਹਾਵਰਾ : ੧. ਲੜ ਪੈਣਾ, ਝਗੜਨਾ, ਹੱਥੋਂ ਪਾਈ ਕਰਨਾ; ੨. ਇੱਛਾ ਦੇ ਉਲਟ ਮਜਬੂਰ ਕਰਨਾ

–ਗਲ ਫਰਾਹਾ, ਪੁਲਿੰਗ : ੧. ਗਲ ਪਿਆ ਫੰਧਾ, ਫਾਹਾ; ੨. ਵਾਧੂ ਦਾ ਗਲ ਪਿਆ ਕੰਮ

–ਗਲ ਫਰੋਸ਼, ਵਿਸ਼ੇਸ਼ਣ : ਮੁਖੀਆ, ਸੂਹੀਆ

–ਗਲ ਫੜਨਾ, ਮੁਹਾਵਰਾ : ਸੰਘ ਬਿਠਾ ਦੇਣਾ

–ਗਲਫੜਾ, ਪੁਲਿੰਗ :ਮੱਛੀ ਦਾ ਉਹ ਖਾਸ ਅੰਗ ਜਿਸ ਰਾਹੀਂ ਉਹ ਸਾਹ ਲੈਂਦੀ ਹੈ, ਪਰਿੰਦਿਆਂ ਦਾ ਉਹ ਮਾਸ ਜੋ ਚੁੰਝ ਹੇਠ ਲਟਕਦਾ ਰਹਿੰਦਾ ਹੈ

–ਗਲ ਫੜਿਆ ਜਾਣਾ, ਮੁਹਾਵਰਾ :ਸੰਘ ਬੈਠ ਜਾਣਾ

–ਗਲ ਫਾਹਾ, ਪੁਲਿੰਗ  : ੧. ਗਲ ਪਿਆ ਫੰਧਾ, ਫਾਹਾ; ੨. ਵਾਧੂ ਦਾ ਗਲ ਪਿਆ ਕੰਮ

–ਗਲਫਾਹੀ ਪਾਉਣਾ (ਪਾ ਲੈਣਾ), ਮੁਹਾਵਰਾ :  ਆਪ ਮੁਸੀਬਤ ਵਿੱਚ ਫਸ ਜਾਣਾ, ਮੁਸੀਬਤ ਸਹੇੜ ਲੈਣਾ : ‘ਨਜ਼ਮ ਬਰਾਬਰ ਢੁੱਕੇ ਨਾਹੀ, ਪਾ ਲੈਂਦੇ ਗਲ ਫਾਹੀ’  (ਸੈਫ਼ੁਲਮਲੂਕ)

–ਗਲ ਬਹਿਣਾ(ਬੈਠ ਜਾਣਾ), ਮੁਹਾਵਰਾ : ਆਵਾਜ਼ ਭਾਰਾ ਹੋਣਾ, ਬਹੁਤ ਬੋਲਣ ਜਾਂ ਰੋਣ ਕਾਰਨ ਗਲੇ ਦਾ ਰੁਕ ਜਾਣਾ

–ਗਲ ਮਲਣਾ, ਮੁਹਾਵਰਾ : ਗਲੇ ਪੈ ਜਾਣ ਤੇ ਗਲ ਦੀ ਮਾਲਸ਼ ਕਰਨਾ

–ਗਲ ਮੜ੍ਹਨਾ, ਮੁਹਾਵਰਾ : ਜੋਰੀਂ ਕਿਸੇ ਦੀ ਜ਼ਿੰਮੇਵਾਰੀ ਵਿੱਚ ਸੋਂਪ ਦੇਣਾ, ਨਾ ਚਾਹੁੰਦੇ ਹੋਏ ਕੋਈ ਚੀਜ਼ ਕਿਸੇ ਨੂੰ ਦੇ ਦੇਣਾ ਠੋਂਸਣਾ

–ਗਲ ਮਿਲਣਾ, ਮੁਹਾਵਰਾ : ਜੱਫੀ ਪਾਉਣਾ

–ਗਲਮੇਂ ਲਾਉਣਾ, ਮੁਹਾਵਰਾ : ਜੱਫੀ ਪਾਉਣਾ, ਗਲ ਨਾਲ ਲਾਉਣਾ : ‘ਠੰਢ ਪਵੇ ਜੇ ਗਲਮੇਂ ਲਾਵਾਂ ਤਨ ਮਨ ਘੋਲ ਘੁਮਾਵਾਂ’ (ਨੂਰਉਲਕਮਰ ਫ਼ਜ਼ਲ ਫ਼ਕੀਰ)

–ਗਲ ਲੱਗਣਾ, ਮੁਹਾਵਰਾ :੧. ਜੱਫੀ ਪਾਉਣਾ; ੨. ਜਨਾਨੀਆਂ ਦਾ ਸਿਆਪੇ ਵੇਲੇ ਪੱਲਾ ਪਾ ਕੇ ਤੇ ਦੋ ਦੋ ਇਕੱਠੀਆਂ ਬੈਠ ਕੇ ਰੋਣਾ

–ਗਲ ਲਾਉਣਾ, ਮੁਹਾਵਰਾ : ਸ਼ਰਨ ਦੇਣਾ, ਆਸਰਾ ਦੇਣਾ, ਅਪਣਾ ਲੈਣਾ

–ਗਲ ਵੰਗੜੀ ਮਾਰਨਾ, ਕਿਰਿਆ ਸਕਰਮਕ : ਜੱਫੀ ਪਾਉਣਾ, ਗਲਵੱਕੜੀ ਪਾਉਣਾ; ‘ਜੈਣੀ ਸਬ ਕੇ ਬਖਸ਼ੀ ਤਾਈਂ ਘੁਟ ਗਲ ਵੰਗੜੀ ਮਾਰੀ’ (ਸਾਹਿਤ ਲੋਕ- ਗੀਤ ੧੭)

–ਗਲ ਵੱਢਣਾ, ਕਿਰਿਆ ਸਮਾਸੀ :੧. ਜਾਨੋਂ ਮਾਰ ਦੇਣਾ, ਕਤਲ ਕਰਨਾ ; ੩. ਜ਼ੁਲਮ ਕਰਨਾ

–ਗਲ ਵਢਾਉਣਾ, ਮੁਹਾਵਰਾ : ੧. ਠੱਗਿਆ ਜਾਣਾ; ੨. ਧੋਖਾ ਖਾਣਾ

–ਗਲੇ ਪੈਣੇ, ਮੁਹਾਵਰਾ : ਸੰਘ ਪੱਕ ਜਾਣਾ

–ਗਲੋਂ ਗਲਾਮਾ ਲਾਹੁਣਾ, ਮੁਹਾਵਰਾ : ਕੰਮ ਨੂੰ ਬੇਦਿਲੀ ਨਾਲ ਕਰਨਾ

–ਗਲੋਂ ਲਾਹੁਣਾ,  ਮੁਹਾਵਰਾ : ੧. ਆਪਣੀ ਖਲਾਸੀ ਕਰਾਉਣਾ, ਪਿੱਛਾ ਛੁਡਾਉਣਾ, ੨. ਮਗਰੋਂ ਲਾਹੁਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 30, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-12-06-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.