ਗਾਥਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗਾਥਾ : ਗਾਥਾ ਦਾ ਸਧਾਰਨ ਅਰਥ ਗਾਨ ਜਾਂ ਗੀਤ ਹੈ । ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਗਾਥਾ ਕਿਸੇ ਕਥਾ , ਪ੍ਰਕਰਨ ਜਾਂ ਕਹਾਣੀ ਨੂੰ ਕਿਹਾ ਜਾਂਦਾ ਹੈ ਭਾਵ ਉਹ ਇਤਿਹਾਸਿਕ ਰਚਨਾ ਜਿਸ ਵਿੱਚ ਕਿਸੇ ਵੀ ਵੰਸ਼ ਅਤੇ ਦਾਨ ਆਦਿਕ ਦਾ ਵਰਣਨ ਹੋਵੇ । ‘ ਗਾਥਾ’ ਦਾ ਅਰਥ ਸਤੁਤਿ ਜਾਂ ਉਸਤਤਿ ਵੀ ਹੈ ‘ ਗਾਥਾ ਗਾਵੰਤਿ ਨਾਨਕ` । ਗਾਥਾ ਇੱਕ ਛੰਦ ਦਾ ਨਾਂ ਵੀ ਹੈ ਜਿਸ ਨੂੰ ਆਰਯਾ ਅਤੇ ਗਾਹਾ ਵੀ ਕਹਿੰਦੇ ਹਨ । ਇੱਕ ਪ੍ਰਾਚੀਨ ਭਾਸ਼ਾ ਨੂੰ ਵੀ ਗਾਥਾ ਕਿਹਾ ਜਾਂਦਾ ਰਿਹਾ ਹੈ ਜਿਸ ਵਿੱਚ ਸੰਸਕ੍ਰਿਤ , ਪਾਲੀ ਅਤੇ ਹੋਰ ਬੋਲੀਆਂ ਦੇ ਸ਼ਬਦ ਵੀ ਵੇਖਣ ਨੂੰ ਮਿਲਦੇ ਹਨ । ਬੋਧ ਧਰਮ ਦੇ ਗ੍ਰੰਥ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਸਹਸਕ੍ਰਿਤੀ ਸ਼ਲੋਕ ਅਤੇ ਗਾਥਾ ਇਸੇ ਭਾਸ਼ਾ ਵਿੱਚ ਹਨ ।

        ਪ੍ਰਸਿੱਧ ਵਿਦਵਾਨ ਜੀ. ਐਨ. ਕਿਟਰੇਜ਼ ਦੇ ਅਨੁਸਾਰ ਗਾਥਾ ਉਹ ਲੋਕ-ਗੀਤ ਹੈ ਜਿਸ ਵਿੱਚ ਕਿਸੇ ਕਥਾ ਦਾ ਵਰਣਨ ਹੋਵੇ ਅਰਥਾਤ ਇਹ ਉਹ ਕਥਾ ਹੁੰਦੀ ਹੈ ਜਿਹੜੀ ਗੀਤਾਂ ਵਿੱਚ ਕਹੀ ਜਾਂਦੀ ਹੈ । ਭੋਜਪੁਰੀ ਭਾਸ਼ਾ ਵਿੱਚ ਗਾਥਾ ਦਾ ਅਰਥ ਕਥਾ ਹੈ । ਅੰਗਰੇਜ਼ੀ ਬੈਲੇਡ ਵਾਸਤੇ ਲੋਕ-ਸਾਹਿਤ ਵਿੱਚ ਹੁਣ ਗਾਥਾ ਸ਼ਬਦ ਦਾ ਪ੍ਰਯੋਗ ਹੋਣ ਲੱਗਿਆ ਹੈ । ਸਭ ਤੋਂ ਪਹਿਲਾਂ ਗਾਥਾ ਸ਼ਬਦ ਦਾ ਪ੍ਰਯੋਗ ਰਿਗਵੇਦ ਵਿੱਚ ਹੋਇਆ ਹੈ । ( ਰਿਗਵੇਦ : 8 : 32 : 1 ) ਮੌਲਿਕ ਅਰਥਾਂ ਵਿੱਚ ਇਸ ਦੇ ਸਮਾਨਅਰਥਕ ਗਾਨ , ਗੀਤ , ਗੀਤਿਕਾ ਆਦਿ ਅਤੇ ਨਵੀਨ ਅਰਥਾਂ ਵਿੱਚ ਕਥਾ , ਕਹਾਣੀ , ਬਿਰਤਾਂਤ ਆਦਿ ਹਨ । ਵੈਦਿਕ ਕਾਲੀਨ ਗਾਥਾ ਛੰਦ ਦਾ ਪ੍ਰਾਕ੍ਰਿਤਕ ਸਾਹਿਤ ਵਿੱਚ ਮਹੱਤਵਪੂਰਨ ਸਥਾਨ ਪ੍ਰਾਪਤ ਕਰਨਾ ਹੈਰਾਨੀਜਨਕ ਨਹੀਂ । ਅੱਗੇ ਚੱਲ ਕੇ ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਵਿੱਚ ਗਾਥਾ ਸ਼ਬਦ ਦਾ ਰੂਪ ਗਾਹਾ ਹੋ ਜਾਂਦਾ ਹੈ । ਪ੍ਰਾਕ੍ਰਿਤ ਵਿੱਚ ਇਹ ਛੰਦ ਕਿੰਨਾ ਪ੍ਰਚਲਿਤ ਸੀ ਇਸ ਦਾ ਪ੍ਰਮਾਣ ਗਾਥਾ ਸਪਤਸਤੀ ਹੈ । ਸੰਭਵ ਹੈ ਸਾਤਵਾਹਨ ਹਾਲ ਨੇ ਲੋਕ ਪ੍ਰਚਲਿਤ ਗਾਥਾਵਾਂ ਵਿੱਚੋਂ ਸਰਬ-ਸ੍ਰੇਸ਼ਠ ਸੱਤ ਸੌ ਗਾਥਾਵਾਂ ਚੁਣ ਕੇ ਗਾਥਾ ਸਪਤਸਤੀ ਦਾ ਸੰਕਲਨ ਕੀਤਾ ਹੈ । ਗਾਥਾ-ਕਾਵਿ ਦਾ ਪ੍ਰਭਾਵ ਸੰਸਕ੍ਰਿਤ , ਅਪਭ੍ਰੰਸ਼ ਅਤੇ ਹਿੰਦੀ ਦੇ ਮੁਕਤ ਕਾਵਿ ਅਤੇ ਕਾਵਿ ਉੱਤੇ ਕਿੰਨਾ ਵਧੇਰੇ ਪਿਆ ਇਹ ਸੰਸਕ੍ਰਿਤ ਦੀ ਆਰੀਆ ਸਪਤਸਤੀ ਵਿੱਚ ਹੇਮ ਚੰਦਰ ਦੁਆਰਾ ਸੰਕਲਿਤ ਅਪਭ੍ਰੰਸ਼ ਦੇ ਦੋਹਿਆਂ ਅਤੇ ਹਿੰਦੀ ਦੀ ਸਤਸਈ ਕਾਵਿ ਦੀ ਦੀਰਘ ਪਰੰਪਰਾ ਤੋਂ ਸਪਸ਼ਟ ਹੈ ।

        ਵੈਦਿਕ ਸਾਹਿਤ ਦਾ ਇਹ ਮਹੱਤਵਪੂਰਨ ਸ਼ਬਦ ਰਿਗਵੇਦ ਦੀ ਸੰਹਿਤਾ ਵਿੱਚ ਗੀਤ ਜਾਂ ਮੰਤਰ ਦੇ ਅਰਥ ਵਿੱਚ ਵਰਤਿਆ ਗਿਆ ਹੈ । ਗੈ ( ਗਾਨਾ ) ਧਾਤੂ ’ ਚੋਂ ਨਿਕਲੇ ਹੋਣ ਦੇ ਕਾਰਨ ਗੀਤ ਹੀ ਇਸ ਦਾ ਪ੍ਰਾਚੀਨਤਮ ਅਰਥ ਪ੍ਰਤੀਤ ਹੁੰਦਾ ਹੈ । ‘ ਗਾਥਾਨੀ’ ਇੱਕ ਗੀਤ ਜਿਸ ਵਿੱਚ ਕਿਸੇ ਨਾਇਕ ਦੀ ਪ੍ਰਮੁੱਖਤਾ ਹੁੰਦੀ ਹੈ , ਲਈ ਵਰਤਿਆ ਜਾਂਦਾ ਹੈ । ਏਤਰੇਯ ਬ੍ਰਾਹਮਣ ਦੀ ਦ੍ਰਿਸ਼ਟੀ ਵਿੱਚ ਮੰਤਰਾਂ ਦੇ ਵਿਵਿਧ ਰੂਪਾਂ ਵਿੱਚ ‘ ਗਾਥਾ’ ਮਾਨਵ ਨਾਲ ਸੰਬੰਧ ਰੱਖਦੀ ਹੈ ਜਦ ਕਿ ‘ ਰਿਚਾ’ ਦੇਵ ਨਾਲ ਸੰਬੰਧ ਰੱਖਦੀ ਹੈ । ਅਰਥਾਤ ‘ ਗਾਥਾ’ ਮਾਨਵੀ ਹੋਣ ਕਰ ਕੇ ਅਤੇ ਰਿਚਾ ਦੈਵੀ ਹੋਣ ਕਰ ਕੇ ਪਰਸਪਰ ਭਿੰਨ ਅਤੇ ਅਲੱਗ-ਅਲੱਗ ਮੰਤਰ ਹਨ ।

        ਆਰੀਆ ਦੇ ਸਮੇਂ ਯੱਗ ਕਰਨ ਵੇਲੇ ਗਾਥਾ ਗਾਉਣ ਦੀ ਪ੍ਰਥਾ ਪ੍ਰਚਲਿਤ ਸੀ । ਇਹਨਾਂ ਗਾਥਾਵਾਂ ਨੂੰ ਗਾਉਣ ਵਾਲੇ ਨੂੰ ‘ ਗਾਥਿਨ’ ਕਿਹਾ ਜਾਂਦਾ ਸੀ । ਜਾਤਕਾਂ ਵਿੱਚ ਸਲੋਕਬੱਧ ਰਚਨਾ ਲਈ ਵੀ ‘ ਗਾਥਾ’ ਸ਼ਬਦ ਦਾ ਪ੍ਰਯੋਗ ਹੋਇਆ ਹੈ । ਭੋਜਪੁਰੀ ਭਾਸ਼ਾ ਵਿੱਚ ਗਾਥਾ ਦਾ ਅਰਥ ਕਥਾ ਹੈ । ਅਰਥਾਤ ਗਾਥਾ ਉਹ ਛੰਦਬੱਧ ਰਚਨਾ ਹੈ ਜਿਸ ਵਿੱਚ ਕਥਾ ਦੀ ਪ੍ਰਧਾਨਤਾ ਹੋਵੇ । ਲੋਕ-ਗਾਥਾ ਅਤੇ ਲੋਕ-ਗੀਤ ਵਿੱਚ ਵੀ ਬੜਾ ਅੰਤਰ ਹੁੰਦਾ ਹੈ । ਇਹਨਾਂ ਦੋਹਾਂ ਵਿੱਚ ਸਰੂਪਗਤ ਅਤੇ ਵਿਸ਼ੇਗਤ ਭੇਦ ਵੇਖਣ ਨੂੰ ਮਿਲਦੇ ਹਨ । ਵਿਸ਼ਿਆਂ ਦੇ ਆਧਾਰ ਉਪਰ ਗਾਥਾ ਦੇ ਕਈ ਭੇਦ ਮੰਨੇ ਜਾ ਸਕਦੇ ਹਨ , ਜਿਵੇਂ ਪ੍ਰੇਮ-ਗਾਥਾ , ਵੀਰ-ਗਾਥਾ ਅਤੇ ਧਰਮ-ਗਾਥਾ ਆਦਿ ।


ਲੇਖਕ : ਸੁਦਰਸ਼ਨ ਗਾਸੋ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2522, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਗਾਥਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਥਾ [ ਨਾਂਇ ] ਕਹਾਣੀ , ਕਥਾ , ਵਾਰਤਾ; ਉਹ ਰਚਨਾ ਜਿਸ ਵਿੱਚ ਬਿਰਤਾਂਤ ਹੋਵੇ; ਇੱਕ ਪ੍ਰਕਾਰ ਦਾ ਛੰਦ; ਬਾਰਾਂ ਪ੍ਰਕਾਰ ਦੇ ਬੌਧ-ਸ਼ਾਸਤਰਾਂ ਵਿੱਚੋਂ ਇੱਕ; ਸੂਰਬੀਰਾਂ ਦੀ ਵਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2508, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਾਥਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਥਾ . ਸੰ. ਸੰਗ੍ਯਾ— ੎ਤੁਤਿ. ਉਸਤਤਿ. “ ਗਾਥਾ ਗਾਵੰਤਿ ਨਾਨਕ.” ( ਗਾਥਾ ) ੨ ਕਥਾ. ਪ੍ਰਕਰਣ ਕਹਾਣੀ. “ ਰਾਰ ਕਰਤ ਝੂਠੀ ਲਗਿ ਗਾਥਾ.” ( ਆਸਾ ਮ : ੫ ) ੩ ਉਹ ਇਤਿਹਾਸਿਕ ( ਐਤਿਹਾਸਿਕ ) ਰਚਨਾ , ਜਿਸ ਵਿੱਚ ਕਿਸੇ ਦੀ ਵੰਸ਼ ਅਤੇ ਦਾਨ ਆਦਿਕ ਦਾ ਵਰਣਨ ਹੋਵੇ. “ ਜਾਤਿ ਪਾਤਿ ਨ ਗੋਤ੍ਰ ਗਾਥਾ.” ( ਅਕਾਲ ) ੪ ਇੱਕ ਛੰਦ , ਜਿਸ ਦਾ ਨਾਉਂ ਆਰਯਾ ਅਤੇ ਗਾਹਾ ਭੀ ਹੈ. ਦੇਖੋ , ਗਾਹਾ । ੫ ਇੱਕ ਪ੍ਰਾਚੀਨ ਭਾ੄੠ , ਜਿਸ ਵਿੱਚ ਸੰਸਕ੍ਰਿਤ , ਪਾਲੀ ਅਤੇ ਹੋਰ ਬੋਲੀਆਂ ਦੇ ਸ਼ਬਦ ਮਿਲੇ ਦੇਖੀਦੇ ਹਨ. ‘ ਲਲਿਤ— ਵਿਸ੍ਤਰ’ ਆਦਿਕ ਬੌੱਧ ਧਰਮ ਦੇ ਗ੍ਰੰਥ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ “ ਸਹਸਕ੍ਰਿਤੀ ਸਲੋਕ” ਅਤੇ “ ਗਾਥਾ” ਇਸੇ ਭਾ੄੠ ਵਿੱਚ ਹਨ. ਕਈ ਅਗ੍ਯਾਨੀ ਸਹਸਕ੍ਰਿਤੀ ਅਤੇ ਗਾਥਾ ਦਾ ਅਰਥ ਸਮਝੇ ਬਿਨਾ ਹੀ ਆਪਣੀ ਅਲਪ ਵਿਦ੍ਯਾ ਦੇ ਕਾਰਣ ਸਹਸਕ੍ਰਿਤੀ ਸਲੋਕਾਂ ਨੂੰ ਸੰਸਕ੍ਰਿਤ ਦੇ ਵ੍ਯਾਕਰਣ ਵਿਰੁੱਧ ਆਖਿਆ ਕਰਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2270, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਾਥਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਥਾ : ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ 24 ਸਲੋਕਾਂ ਦੇ ਸਿਰਲੇਖ ਵਾਲੀ ਰਚਨਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ । ਸੰਸਕ੍ਰਿਤ ਭਾਸ਼ਾ ਦੀਆਂ ਲਿਖਤਾਂ ਵਿਚ ਗਾਥਾ ਨੂੰ ਅਵੈਦਿਕ ਧਾਰਮਿਕ ਸਲੋਕ , ਬੰਦ ਜਾਂ ਗੀਤ ਕਿਹਾ ਜਾਂਦਾ ਸੀਪ੍ਰਾਕ੍ਰਿਤ ਅਤੇ ਬੁੱਧ ਮੱਤ ਦੀਆਂ ਪਰੰਪਰਾਵਾਂ ਵਿਚ ਇਸ ਗਾਥਾ ਸ਼ਬਦ ਦਾ ਅਰਥ , ਸਲੋਕ , ਕਵਿਤਾ ਦੀ ਪੰਗਤੀ , ਗੀਤ , ਕਾਵਿ-ਬੰਦ ਜਾਂ ਅਖਾਣ ਵਜੋਂ ਲਿਆ ਜਾਂਦਾ ਸੀ । ਕੁਝ ਵਿਦਵਾਨ , ਬੋਧੀਆਂ ਦੇ ਸੰਸਕ੍ਰਿਤ ਵਿਚ ਰਚੇ ਮੂਲ ਗ੍ਰੰਥਾਂ ਦੇ ਹਵਾਲੇ ਨਾਲ ਇਸ ਵਿਚ ਵਰਤੀ ਗਈ ਭਾਸ਼ਾ ਨੂੰ ਗਾਥਾ ਆਖਦੇ ਹਨ । ਸਿੱਖ ਟੀਕਾਕਾਰਾਂ ਅਨੁਸਾਰ , ਗਾਥਾ , ਜੋ ਗੁਰੂ ਅਰਜਨ ਦੇਵ ਜੀ ਦੇ ਸਲੋਕਾਂ ਦੇ ਸੰਦਰਭ ਵਿਚ ਹੈ , ਇਸ ਤੱਥ ਦੀ ਸੂਚਕ ਹੈ ਕਿ ਇਹਨਾਂ ਸਲੋਕਾਂ ਵਿਚ ਵਰਤੀ ਗਈ ਭਾਸ਼ਾ , ਸੰਸਕ੍ਰਿਤ , ਪਾਲੀ ਅਤੇ ਪ੍ਰਾਕ੍ਰਿਤ ਭਾਸ਼ਾ ਦਾ ਮਿਸ਼ਰਣ ਹੈ । ਗਾਥਾ ਨੂੰ ਸਹਸਕ੍ਰਿਤੀ ਭਾਸ਼ਾ ਵੀ ਕਿਹਾ ਜਾਂਦਾ ਹੈ ।

        ਗਾਥਾ ਵਿਚਲੇ ਸਲੋਕਾਂ ਦਾ ਕੇਂਦਰੀ ਵਿਸ਼ਾ ਪਰਮਾਤਮਾ ਦੀ ਉਸਤਤ ਹੈ ਅਤੇ ਇਹਨਾਂ ਵਿਚ ਪਰਮਾਤਮਾ ਪ੍ਰਤੀ ਸ਼ਰਧਾ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ ਹੈ । ਇਹਨਾਂ ਸਲੋਕਾਂ ਵਿਚ “ ਹਰੀ-ਨਾਮ ਦਾ ਉਪਦੇਸ਼ ਦਿੱਤਾ ਗਿਆ ਹੈ । ਇਹ ਅਜਿਹਾ ਤੀਰ ਹੈ ਜਿਸ ਨਾਲ ਪੰਜ ਕਾਮਾਦਿਕ ਸ਼ਤਰੂ ਨਾਸ਼ ਹੁੰਦੇ ਹਨ ਅਤੇ ਅਭਿਮਾਨ ਬਾਕੀ ਨਹੀਂ ਬਚਦਾ ( 6 ) ; ਇਹ ਇਕ ਅਜਿਹਾ ਪ੍ਰਵਚਨ ਹੈ ਜਿਸ ਦੀ ਡੂੰਘਾਈ ਅਤੇ ਅਤੁੱਟਤਾ ਨੂੰ ਜੇਕਰ ਅਸਲ ਰੂਪ ਵਿਚ ਗ੍ਰਹਿਣ ਕਰ ਲਿਆ ਜਾਵੇ ਤਾਂ ਕੋਈ ਵੀ ਵਿਅਕਤੀ ਦੁਨਿਆਵੀ ਇੱਛਾਵਾਂ ‘ ਤੇ ਕਾਬੂ ਪਾ ਲੈਂਦਾ ਹੈ ਅਤੇ ਪਵਿੱਤਰ ਲੋਕਾਂ ਨਾਲ ਮਿਲ ਕੇ ਪ੍ਰਭੂ ਦੇ ਨਾਮ ਦਾ ਜਾਪ ਕਰਦਾ ਹੈ ( 10 ) ; ਅਤੇ ਇਕ ਅਜਿਹਾ ਸੋਹਿਲਾ ਜਿਸ ਨੂੰ ਪ੍ਰਾਚੀਨ ਸਮੇਂ ਤੋਂ ਪ੍ਰਭੂ ਦੀ ਅਪਾਰ ਕ੍ਰਿਪਾਲਤਾ ਪ੍ਰਾਪਤ ਸੰਤ ਜਨ ਗਾਉਂਦੇ ਰਹੇ ਹਨ , ( 18 ) ; ਇਹਨਾਂ ਸਲੋਕਾਂ ਵਿਚ ਇਸ ਤੱਥ ‘ ਤੇ ਅਫ਼ਸੋਸ ਪ੍ਰਗਟ ਕੀਤਾ ਕਿ ਅਗਿਆਨੀ ਵਿਅਕਤੀ ਕੇਵਲ ਜਿਸਮਾਨੀ ਅਨੰਦ ਤਕ ਹੀ ਮਹਿਦੂਦ ਰਹਿੰਦੇ ਹਨ ਜਦੋਂ ਕਿ ਕੇਵਲ ਉਸ ਪਰਮਾਤਮਾ ਦਾ ਨਾਮ-ਸਿਮਰਨ ਹੀ ਵਿਅਕਤੀ ਦੀ ਮੌਤ ਤੋਂ ਬਾਅਦ ਵੀ ਉਸਦੇ ਨਾਲ ਰਹਿੰਦਾ ਹੈ ( 3 ) ; ਪ੍ਰਭੂ ਨਾਲੋਂ ਵਿਛੋੜਾ ਕੇਵਲ ਬਿਮਾਰੀ ਅਤੇ ਦੁੱਖ ਨੂੰ ਹੀ ਸੱਦਾ ਦਿੰਦਾ ਹੈ ( 24 ) ; ਪਵਿੱਤਰ ਵਿਅਕਤੀਆਂ ਦੀ ਸੰਗਤ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ( 2 ) ; ( ਸੱਚਾ ) ਸੰਤ , ਜਿਸ ਦੀ ਸੰਗਤ ਕਿਸਮਤ ਵਾਲਿਆਂ ਨੂੰ ਹੀ ਪ੍ਰਾਪਤ ਹੁੰਦੀ ਹੈ , ਹੰਕਾਰ ਦੀ ਬੁਰਾਈ ਅਤੇ ਹਉਮੈ ਵਿਚ ਗਲਤਾਨ ਮਨਾਂ ਨੂੰ ਪਵਿੱਤਰ ਕਰ ਦਿੰਦਾ ਹੈ ( 16 ) ; ਮਨੁੱਖ ਨੂੰ ਪਰਮਾਤਮਾ ਪ੍ਰਤੀ ਅਰਪਿਤ ਹੋਣ ਲਈ ਵਾਸਤਾ ਪਾਇਆ ਗਿਆ ਹੈ ਕਿਉਂਕਿ ਇਸ ਤੋਂ ਬਿਨਾਂ ਕੋਈ ਚਾਰਾ ਨਹੀਂ ਜੋ ਮਨੁੱਖ ਨੂੰ ਆਵਾਗਮਨ ਦੇ ਚਕੱਰ ਤੋਂ ਮੁਕਤ ਕਰਵਾ ਸਕੇ ( 20 ) ।


ਲੇਖਕ : ਤ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2164, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗਾਥਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗਾਥਾ ( ਸੰ. । ਸੰਸਕ੍ਰਿਤ ) ੧. ਜੋ ਗਾਂਵਿਆਂ ਜਾਵੇ , ਛੰਦ , ਗੀਤ , ੨. ਕਥਾ । ਯਥਾ-‘ ਰਾਰਿ ਕਰਤ ਝੂਠੀ ਲਗਿ ਗਾਥਾ’ ।

੨. ( ਸੰਸਕ੍ਰਿਤ ) ਪ੍ਰਾਕ੍ਰਿਤ ਯਾ ਹੋਰ ਭਾਸ਼ਾ , ਜੋ ਸੰਸਕ੍ਰਿਤ ਤੋਂ ਭਿੰਨ ਹੋਵੇ * । ਇਕ ਪੁਰਾਤਨ ਭਾਸ਼ਾ ਜਿਸ ਵਿਚ ਸੰਸਕ੍ਰਿਤ ਦੇ ਨਾਲ ਪਾਲੀ ਬੋਲੀ ਦੇ ਪਦ ਮਿਲ ਕੇ ਵਰਤੇ ਜਾਂਦੇ ਸਨ , ਇਸ ਵਿਚ ਲੋਕਾਂ ਦੇ ਯਗ ਦਾਨ ਆਦਿਕਾਂ ਦੇ ਹਾਲ ਲਿਖੇ ਮਿਲਦੇ ਹਨ । ਉਹ ਭਾਸ਼ਾ ਜਿਸ ਵਿਚ ਸੰਸਕ੍ਰਿਤ ਤੋਂ ਭਿੰਨ ਦੇਸੀ ਭਾਸ਼ਾ ਦੇ ਪਦ ਸੰਸਕ੍ਰਿਤ ਨਾਲ ਮਿਲਵੇਂ ਵਰਤੇ ਜਾਣ । ਪਹਿਲੇ ਬੋਧੀ ਲੋਕ ਅਕਸਰ ਵਰਤਦੇ ਰਹੇ ਹਨ , ਫੇਰ ਵਧੇਰੇ ਖੁੱਲ੍ਹ ਨਾਲ ਦੇਸ਼ ਦੇ ਅਡ ਅਡ ਹਿੱਸਿਆਂ ਵਿਚ ਇਸ ਵਿਚ ਗੀਤ ਉਚਾਰੇ ਜਾਂਦੇ ਰਹੇ ਹਨ । * ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛੇਕਲੜੇ ਭਾਗਾਂ ਵਿਚ ਮਹਾਰਾਜ ਜੀ ਨੇ ਐਸੀ ਬਾਣੀ ਰਚਕੇ ਲਿਖੀ ਹੈ ਕਿ ਜੋ ਅਨਜਾਨਾ ਨੂੰ ਸੰਸਕ੍ਰਿਤ ਭਾਸਦੀ ਹੈ ਪਰ ਮਹਾਰਾਜ ਜੀ ਨੇ ਉਸ ਬਾਣੀ ਦੇ ਸਿਰੇ ਤੇ ‘ ਗਾਥਾ’ ਲਿਖ ਕੇ ਸੂਚਤ ਕਰ ਦਿਤਾ ਕਿ ਇਹ ਸੰਸਕ੍ਰਿਤ ਨਹੀਂ ਹੈ । ਇਸ ਵਿਚ ਸੰਸਕ੍ਰਿਤ ਤੇ ਦੇਸੀ ਬੋਲੀਆਂ ਦੇ ਪਦ ਵਰਤੇ ਗਏ ਹਨ , ਇਹ ਗਾਥਾ ਹੈ ।

੩. ਗਾਥਾ ਇਕ ਛੰਦ ਦਾ ਨਾਮ ਬੀ ਹੈ ਜਿਸ ਨੂੰ ਆਰਯ ਛੰਦ ਕਹਿਦੇ ਹਨ , ਇਹ ੬੦ ਮਾਤ੍ਰਾ ਦਾ ਹੁੰਦਾ ਹੈ ।

                    ਦੇਖੋ , ‘ ਸਹਸਕ੍ਰਿਤੀ’ , ‘ ਪਰਾਕ੍ਰਿਤ’

----------

* ਵਿਲਸਨ ਕੋਸ਼ੇ ।

----------

* ਪਾਰਸੀਆਂ ਦੇ ਧਰਮ ਗ੍ਰੰਥਾਂ ਦਾ ਇਕ ਭੇਦ ਬੀ -ਗਾਥਾ- ਕਹੀਦਾ ਹੈ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2164, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗਾਥਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗਾਥਾ : ਗਾਥਾ’ ਲੋਕ– ਸਾਹਿੱਤ ਵਿਚ ਆਉਣ ਵਾਲਾ ਮਹੱਤਪੂਰਨ ਸ਼ਬਦ ਹੈ । ਅੰਗ੍ਰੇਜ਼ੀ ਵਿਚ ਜਿਸ ਨੂੰ ਬੈਲਡ ਕਹਿੰਦੇ ਹਨ ਉਸੇ ਨੂੰ ਪੰਜਾਬੀ ਵਿਚ ਗਾਥਾ ਕਿਹਾ ਜਾਂਦਾ ਹੈ । ਗਾਥਾ ਉਹ ਲੋਕ– ਕਥਾ ਹੁੰਦੀ ਹੈ ਜਿਸ ਵਿਚ ਕਿਸੇ ਪ੍ਰਸਿੱਧ ਘਟਨਾ ਜਾਂ ਪਾਤਰ ਦਾ ਵਰਣਨ ਹੋਵੇ , ਅਰਥਾਤ ਗਾਥਾ ਗੀਤਾਂ ਵਿਚ ਗਾਈ ਜਾਣ ਵਾਲੀ ਇਕ ਕਹਾਣੀ ਹੈ । ਰਿਗਵੇਦ ਕਾਲ ਵਿਚ ਵੀ ਯੱਗ ਹੋਣ ਵੇਲੇ ਗਾਥਾ ਦੇ ਗਾਏ ਜਾਣ ਦਾ ਰਿਵਾਜ ਸੀ

                  ਗਾਥਾ ਵਿਚ ਕਿਸੇ ਇਤਿਹਾਸਕ ਕਥਾ , ਕਿਸੇ ਪ੍ਰੀਤ ਕਹਾਣੀ ਜਾਂ ਮਿਥਿਹਾਸਕ ਵਾਰਤਾ ਜਾਂ ਬੀਰਤਾ ਭਰੇ ਬ੍ਰਿਤਾਂਤ ਨੂੰ ਦੱਸਿਆ ਹੁੰਦੇ ਹੈ । ਗਾਥਾ ਨੂੰ ਅਸੀਂ ਲੋਕ– ਕਥਾ ਵੀ ਆਖ ਸਕਦੇ ਹਾਂ । ਭਾਰਤੀ ਭਾਸ਼ਾਵਾਂ ਦੇ ਇਤਿਹਾਸ ਵਿਚ ਉਸ ਪ੍ਰਾਚੀਨ ਬੋਲੀ ਨੂੰ ਵੀ ਗਾਥਾ ਕਿਹਾ ਜਾਂਦਾ ਹੈ ਜੋ ਸੰਸਕ੍ਰਿਤ ਤੇ ਪ੍ਰਾਕ੍ਰਿਤ ਦੇ ਰਲਗਡ ਰੂਪ ਦੁਆਰਾ ਹੋਂਦ ਵਿਚ ਆਈ ਸੀ ।

                  ਲੋਕ– ਗਾਥਾ ਦੇ ਚਾਰ ਰੂਪ ਪ੍ਰਤੱਖ ਤੌਰ ਤੇ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ –

                  ( 1 ) ਪ੍ਰੀਤ– ਗਾਥਾ , ( 2 ) ਬੀਰ– ਗਾਥਾ , ( 3 ) ਇਤਿਹਾਸਕ ਗਾਥਾ , ( 4 ) ਮਿਥਿਹਾਸਕ ਗਾਥਾ ।

                  ਪ੍ਰੀਤ– ਗਾਥਾ ਵਿਚ ਕਿਸੇ ਪ੍ਰੀਤ– ਜੋੜੇ ਦੀ ਪ੍ਰੇਮ ਕਥਾ ਦਾ ਚਿਤ੍ਰਣ ਹੁੰਦਾ ਹੈ । ਪੰਜਾਬੀ ਵਿਚ ਸੱਸੀ– ਪੁੰਨੂੰ ਦੀ ਇਹ ਗਾਥਾ ਪ੍ਰਸਿੱਧ ਹੈ :

                                    ਸੱਸੀ ਤੇ ਪੁੰਨੂੰ ਦੋ ਜਾਣੇ , ਕੋਈ ਮੁਖ ਪਰ ਜ਼ਰਦ ਦੁਮਾਲ ਵੇ

                                    ਹਾਇ ਵੇ! ਪੁੰਨੂੰ ਜ਼ਲਾਮਾ!

ਇਹ ਗੀਤ ਸੱਸੀ– ਪੁੰਨੂੰ ਦੀ ਸਾਰੀ ਪਿਆਰਲੀਲ੍ਹਾ ਦਾ ਬ੍ਰਿਤਾਂਤ ਹੈ ।

                  ਪੰਜਾਬੀ ਲੋਕ– ਗੀਤਾਂ ਵਿਚ ਬੀਰ– ਪੁਰਸ਼ਾਂ ਦੇ ਇਤਿਹਾਸ ਵੱਲ ਕਿੰਨੇ ਹੀ ਸੰਕੇਤ ਮਿਲਦੇ ਹਨ । ਗੁਰੂ ਗੋਬਿੰਦ ਸਿੰਘ , ਮਹਾਰਾਜਾ ਰਣਜੀਤ ਸਿੰਘ , ਭਗਤ ਸਿੰਘ ਸ਼ਹੀਦ ਆਦਿ ਦੀ ਬੀਰਤਾ ਬਾਰੇ ਕਈ ਟੱਪੇ ਤਾਂ ਮਿਲਦੇ ਹਨ ਪਰ ਸੰਪੂਰਣ ਕਹਾਣੀ ਨਹੀਂ ਮਿਲਦੀ ।

                  ਮਿਥਿਹਾਸਕ ਗਾਥਾ ਵਿਚ ਕਿਸੇ ਮਿਥਿਹਾਸਕ ਕਥਾ ਨੂੰ ਗੀਤਬੱਧ ਕੀਤਾ ਹੁੰਦਾ ਹੈ । ‘ ਗੁੱਗਾ ਪੀਰ’ ਅਜਿਹੀ ਹੀ ਇਕ ਗਾਥਾ ਪੰਜਾਬੀ ਲੋਕ– ਸਾਹਿੱਤ ਦਾ ਸ਼ਿੰਗਾਰ ਹੈ । ਇਸ ਵਿਚੋਂ ਕੁਝ ਸਤਰਾਂ ਇਸ ਤਰ੍ਹਾਂ ਹਨ :

                                    ਦੂਜਾ ਜੁ ਨਾਗ ਇਉਂ ਉੱਠ ਕੇ ਬੋਲੋ ,

                                    ਹੂੰ– ਊਂ– ਊਂ ਜਿੰਨੂੰ ਮੈਂ ਲੜ ਜਾਂ ,

                                    ਟੀਕੂ ਨਾਗਾ ।

                                    ਉਹਨੂੰ ਰਹਿਣ ਨਾ ਦੇਵਾਂ ਪਹਿਰ

                  ਗਾਥਾ ਦੇ ਕੁਝ ਕੁ ਲੱਛਣ ਇਕ ਪ੍ਰਕਾਰ ਹਨ :

                  ( 1 ) ਇਸ ਦੇ ਰਚਣਹਾਰ ਦਾ ਪਤਾ ਨਹੀਂ ਹੁੰਦਾ ।

                  ( 2 ) ਇਕੋ ਲੋਕ– ਗਾਥਾ , ਇਲਾਕੇ ਅਨੁਸਾਰ , ਭਾਸ਼ਾ– ਭਿੰਨਤਾ ਵਾਲੀ ਹੁੰਦੀ ਹੈ ।

                  ( 3 ) ਸੰਗੀਤ ਇਸ ਦੀ ਜਿੰਦ ਜਾਨ ਹੁੰਦਾ ਹੈ ।

                  ( 4 ) ਇਨ੍ਹਾਂ ਵਿਚ ਖੁਸ਼ਕ ਤਰਕਸ਼ੀਲਤਾ ਤੇ ਉਪਦੇਸ਼ ਆਦਿ ਨਹੀਂ ਹੁੰਦੇ ।

                  ( 5 ) ਕਹਾਣੀ ਦਾ ਪ੍ਰਵਾਹ ਨਿਰਮਲ ਨੀਰ ਵਾਂਗ ਰਵਾਂ– ਰਵੀ ਹੁੰਦਾ ਹੈ ।

                  ( 6 ) ਲੋਕ– ਕਥਾ ਵਿਚ ਵਾਧੂ ਅਲੰਕਾਰਾਂ ਦਾ ਭਾਰ ਨਹੀਂ ਹੁੰਦਾ । ਇਹ ਲੋਕ– ਹਿਰਦੇ ਵਾਂਗ ਪਵਿੱਤਰ ਤੇ ਸਰਲ ਹੁੰਦੀ ਹੈ ।

                  ਗਾਥਾ ਦੀ ਉਪਜ ਦਾ ਕਾਰਣ ਜਨਤਾ ਦੀ ਕਹਾਣੀ ਸੁਣਨ ਜਾਂ ਗਾਉਣ ਦੀ ਰੁਚੀ ਹੈ । ਗਾਥਾ ਦੇ ਹੋਰ ਅਰਥ ਗੀਤ , ਛੰਦ , ਸਰੋਤ ਆਦਿ ਵੀ ਹਨ ਪਰ ਪੰਜਾਬੀ ਸਾਹਿੱਤ ਦੇ ਪ੍ਰਸੰਗ ਵਿਚ ਗਾਥਾ ਤੋਂ ਮੁਰਾਦ ਲੋਕ– ਕਥਾ ਹੀ ਹੈ ।          


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 996, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਗਾਥਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗਾਥਾ : ਵੈਦਿਕ ਸਾਹਿਤ ਦੇ ਇਸ ਮਹੱਤਵਪੂਰਨ ਸ਼ਬਦ ਨੂੰ ਰਿਗਵੇਦ ਦੀ ਸੰਘਤਾ ਵਿਚ ਸਿਰਫ਼ ਗੀਤ ਜਾਂ ਮੰਤਰ ਦੇ ਅਰਥ ਵਿਚ ਵਰਤਿਆ ਗਿਆ ਹੈ । ਗੈ ( ਗਾਣਾ ) ਧਾਤੂ ਤੋਂ ਉਤਪੰਨ ਹੋਣ ਕਾਰਨ ‘ ਗੀਤ’ ਹੀ ਇਸ ਦਾ ਪ੍ਰਾਚੀਨਤਮ ਅਰਥ ਪ੍ਰਤੀਤ ਹੁੰਦਾ ਹੈ । ‘ ਗਾਥਾਨੀ’ ਸ਼ਬਦ ਕਿਸੇ ਗੀਤ ਦਾ ਅਭਿਨਯ ਕਰਨ ਵਾਲੇ ਵਿਅਕਤੀ ਲਈ ਵਰਤਿਆ ਜਾਂਦਾ ਹੈ । ‘ ਰਿਜੂਗਾਥ’ ਸ਼ਬਦ ਮੰਤਰਾਂ ਨੂੰ ਸ਼ੁੱਧ ਰੂਪ ਵਿਚ ਗਾਉਣ ਵਾਲੇ ਲਈ ਅਤੇ ‘ ਗਾਥਿਨ’ ਸ਼ਬਦ ਗਾਇਕ ਲਈ ਵਰਤਿਆ ਜਾਂਦਾ ਹੈ ।

                  ਬ੍ਰਾਹਮਣ ਸਾਹਿਤ ਦੇ ਅਧਿਐਨ ਤੋਂ ਇਸ ਦੀਆਂ ਵਿਸ਼ੇਸ਼ਤਾਵਾਂ ਅਤੇ ਸਰੂਪ ਬਾਰੇ ਪਤਾ ਚਲਦਾ ਹੈ । ਐਤਰੇਯ ਬ੍ਰਾਹਮਣ ਅਨੁਸਾਰ ਮੰਤਰਾਂ ਦੀਆਂ ਅਲੱਗ-ਅਲੱਗ ਸ਼੍ਰੇਣੀਆਂ ਵਿਚ ‘ ਗਾਥਾ’ ਦਾ ਸਬੰਧ ਮਨੁੱਖ ਨਾਲ ਹੈ ਜਦ ਕਿ ‘ ਰਿਚ’ ਦਾ ਸਬੰਧ ਦੈਵੀ ਸ਼ਕਤੀਆਂ ਨਾਲ ਹੈ । ਵਰਣਿਤ ਵਿਸ਼ਿਆਂ ਅਨੁਸਾਰ ਚਾਹੇ ਗਾਥਾਵਾਂ ਧਰਮ ਨਾਲ ਸਬੰਧਤ ਵਿਸ਼ਿਆਂ ਨੂੰ ਪਰਗਟ ਕਰਨ ਕਾਰਨ ਧਾਰਮਕ ਹੀ ਹਨ ਪਰ ਵੇਦਾਂ ਦੇ ਸੰਸਕਾਰ-ਸਾਹਿਤ ਵਿਚ ਇਨ੍ਹਾਂ ਨੂੰ ਰਿਚ , ਯਜੁਸ਼ ਅਤੇ ਸਾਮਨ ਦੀ ਤੁਲਨਾ ਵਿਚ ਅਵੈਦਿਕ ਕਿਹਾ ਗਿਆ ਹੈ ਅਤੇ ਇਸ ਯੁੱਗ ਵਿਚ ਇਨ੍ਹਾਂ ਨੂੰ ਮੰਤਰ ਨਹੀਂ ਮੰਨਿਆ ਜਾਂਦਾ । ਗ੍ਰਿਹਸੂਤਰਾਂ ਵਿਚ ਕਿੰਨੀਆਂ ਹੀ ਗਾਥਾਵਾਂ ਦਿੱਤੀਆਂ ਗਈਆਂ ਹਨ , ਜਿਨ੍ਹਾਂ ਨੂੰ ਵਿਆਹ ਦੇ ਸ਼ੁਭ ਸਮੇਂ ਵੀਣਾ ਤੇ ਗਾਇਆ ਜਾਂਦਾ ਹੈ । ਐਤਰੇਯ ਬ੍ਰਾਹਮਣ ਅਤੇ ਸ਼ਤਪਥ ਬ੍ਰਾਹਮਣ ਵਿਚ ਦਾਨ ਵਾਲੇ ਕਈ ਪ੍ਰਸਿਧ ਰਾਜਿਆਂ ਦੀ ਪ੍ਰਸ਼ੰਸਾ ਵਿਚ ਕਈ ਗਾਥਾਵਾਂ ਉਪਲਬਧ ਹਨ ।

                  ‘ ਗਾਥਾ’ ਦੀ ਭਾਸ਼ਾ ਵੈਦਿਕ ਮੰਤਰਾਂ ਦੀ ਭਾਸ਼ਾ ਤੋਂ ਅਲੱਗ ਹੈ । ਇਸ ਵਿਚ ਵੇਦਾਂ ਵਾਲੇ ਮੁਸ਼ਕਿਲ ਵਿਆਕਰਣ ਰੂਪ ਨਹੀਂ ਹਨ ਅਤੇ ਪਦਾਂ ਨੂੰ ਆਸਾਨ ਕਰਕੇ ਸਪੱਸ਼ਟ ਰੂਪ ਵਿਚ ਪੇਸ਼ ਕੀਤਾ ਗਿਆ ਹੈ ।

                  ਜੈਨ ਅਤੇ ਬੁੱਧ ਧਰਮ ਵਿਚ ਵੀ ਮਹਾਂਵੀਰ ਅਤੇ ਗੌਤਮ ਬੁੱਧ ਦੇ ਉਪਦੇਸ਼ਾਂ ਦੇ ਨਿਚੋੜ ਦੱਸਣ ਵਾਲੇ ਪਦ ‘ ਗਾਥਾ’ ਨਾਂ ਨਾਲ ਪ੍ਰਸਿੱਧ ਹਨ । ਜੈਨ ਗਾਥਾਵਾਂ ਅਰਧ ਮਾਗਧੀ ਵਿਚ ਅਤੇ ਬੁੱਧ ਗਾਥਾਵਾਂ ਪਾਲੀ ਭਾਸ਼ਾ ਵਿਚ ਹਨ । ਗੌਤਮ ਬੁੱਧ ਦੀਆਂ ਉਪਦੇਸ਼ਮਈ ਗਾਥਾਵਾਂ ਨੂੰ ‘ ਧਮਪਦ’ ਵਿਚ ਸੰਗ੍ਰਹਿ ਕੀਤਾ ਗਿਆ ਹੈ ਅਤੇ ਜਾਤਕਾਂ ਦੀ ਕਥਾ ਦਾ ਸਾਰ ਪੇਸ਼ ਕਰਨ ਵਾਲੀਆਂ ਗਾਥਾਵਾਂ ਤਕਰੀਬਨ ਹਰ ਜਾਤਕ ਦੇ ਅਖੀਰ ਵਿਚ ਉਪਲਬਧ ਹਨ । ਸੰਸਕ੍ਰਿਤ ਦੀ ‘ ਆਰੀਆ’ ਦੀ ਤਰ੍ਹਾਂ ਪਾਲੀ ਅਤੇ ਪ੍ਰਾਕ੍ਰਿਤ ਵਿਚ ‘ ਗਾਥਾ’ ਇਕ ਵਿਸ਼ੇਸ਼ ਛੰਦ ਦਾ ਸੂਚਕ ਹੈ ।

                  ਗਾਥਾ ( ਅਵੇਸਤਾ ) – – ਅਵੇਸਤਾ ਦੀ ਗਾਥਾ ਅਤੇ ਵੈਦਿਕ ਗਾਥਾ ਦਾ ਇਕੋ ਹੀ ਭਾਵ ਹੈ ਅਰਥਾਤ ਗਾਇਆ ਜਾਣ ਵਾਲਾ ਮੰਤਰ ਜਾਂ ਗੀਤ । ਇਨ੍ਹਾਂ ਦੀ ਸੰਖਿਆ ਪੰਜ ਹੈ ਅਤੇ ਇਨ੍ਹਾਂ ਵਿਚ 17 ਮੰਤਰ ਸ਼ਾਮਲ ਹਨ । ਇਨ੍ਹਾਂ ਦਾ ਪੰਜਾਂ ਛੰਦਾਂ ਅਨੁਸਾਰ ਵਰਗੀਕਰਨ ਕੀਤਾ ਗਿਆ ਹੈ ਅਤੇ ਇਹ ਆਪਣੇ ਆਦਿ ਅੱਖਰਾਂ ਅਨੁਸਾਰ ਅਲੱਗ ਅਲੱਗ ਨਾਵਾਂ ਨਾਲ ਪ੍ਰਸਿੱਧ ਹਨ । ‘ ਗਾਥਾ’ ਅਵੇਸਤਾ ਦਾ ਸਭ ਤੋਂ ਪ੍ਰਾਚੀਨ ਅੰਸ਼ ਹੈ । ਗਾਥਾ ਦੀ ਭਾਸ਼ਾ ਅਵੇਸਤਾ ਦੇ ਬਾਕੀ ਭਾਗਾਂ ਦੀ ਭਾਸ਼ਾ ਨਾਲੋਂ ਵਾਕ ਬਣਤਰ , ਸ਼ੈਲੀ ਅਤੇ ਛੰਦ ਪੱਖੋਂ ਅਲੱਗ ਹੈ । ਵਿਦਵਾਨਾਂ ਨੇ ਅਵੇਸਤਾ ਦੀ ਭਾਸ਼ਾ ਨੂੰ ਦੋ ਭਾਗਾਂ ਵਿਚ ਵੰਡਿਆ ਹੈ : – –

                  1. ਗਾਥਾ ਅਵੇਸਤਨ ਅਤੇ 2. ਅਰਵਾਚੀਨ ਅਵੇਸਤਨ ।

                  ਗਾਥਾ ਅਵੇਸਤਨ ਵਿਚ ਪ੍ਰਾਚੀਨਤਮ ਭਾਸ਼ਾ ਦਾ ਪਰਿਚੈ ਇਨ੍ਹਾਂ ਗਾਥਾਵਾਂ ਦੇ ਚਿੰਤਨ ਨਾਲ ਮਿਲਦਾ ਹੈ ਜੋ ਆਪਣੀ ਵਿਆਕਰਣਕ ਰੂਪ-ਸੰਪਤੀ ਨੂੰ ਸੰਭਾਲੀ ਬੈਠੀਆਂ ਹਨ ਅਤੇ ਇਸ ਤਰ੍ਹਾਂ ਇਹ ਵੈਦਿਕ ਸੰਸਕ੍ਰਿਤ ਨਾਲ ਮਿਲਦੀਆਂ ਜੁਲਦੀਆਂ ਹਨ । ਅਰਵਾਚੀਨ ਅਵੇਸਤਨ ਮੱਧ ਕਾਲ ਵਿਚ ਵਿਕਸਿਤ ਹੋਣ ਵਾਲੀ ਭਾਸ਼ਾ ਹੈ ਜਿਸਨੂੰ ਆਮ ਤੌਰ ਤੇ ਸੰਸਕ੍ਰਿਤ ਭਾਸ਼ਾ ਦੇ ਸਮਾਨ ਨਹੀਂ ਕਿਹਾ ਜਾ ਸਕਦਾ । ਗਾਥਾ ਦੀ ਸ਼ੈਲੀ ਰੌਚਕ ਹੈ । ਇਨ੍ਹਾਂ ਗਾਥਾਵਾਂ ਵਿਚ ਜ਼ਰਤੁਸ਼ਤਰ ਨੇ ਅਨੇਕਾਂ ਦੇਵੀ ਦੇਵਤਿਆਂ ਦੀ ਨਿੰਦਾ ਕੀਤੀ ਹੈ ਅਤੇ ਪਾਰਸੀ ਲੋਕਾਂ ਨੂੰ ਸਰਬ-ਸ਼ਕਤੀਮਾਨ ਪਰਮਾਤਮਾ ( ਜਿਸ ਨੂੰ ਉਹ ‘ ਅਹੁਰਮਜ਼ਦ’ ਕਹਿੰਦਾ ਹੈ ) ਦੇ ਆਦੇਸ਼ਾਂ ਉਪਰ ਚੱਲਣ ਲਈ ਕਿਹਾ ਹੈ । ਜ਼ਰਤੁਸ਼ਤਰ ਪੱਕਾ ਇਕ-ਈਸ਼ਵਰਵਾਦੀ ਸੀ ਅਤੇ ਗਾਥਾ ਵਿਚ ਸਪੱਸ਼ਟ ਰੂਪ ਵਿਚ ਕਿਹਾ ਹੈ ਕਿ ਭਗਵਾਨ ਤੋਂ ਇਲਾਵਾ ਮੇਰਾ ਹੋਰ ਕੋਈ ਰਖਵਾਲਾ ਨਹੀਂ ਹੈ । ਜ਼ਰਤੁਸ਼ਤਰ ਨੇ ਈਰਾਨੀਆਂ ਨੂੰ ‘ ਅਹੁਰਮਜ਼ਦ’ ਦੇ ਛੇ ਸਦੁਗਣਾਂ ਉੱਪਰ ਚੱਲਣ ਲਈ ਉਪਦੇਸ਼ ਦਿੱਤਾ ਅਤੇ ‘ ਅੱਗ’ ਨੂੰ ਭਗਵਾਨ ਦਾ ਭੌਤਕ ਰੂਪ ਮੰਨ ਕੇ ਉਸ ਦੀ ਰੱਖਿਆ ਕਰਨ ਲਈ ਕਿਹਾ ।

                  ਇਨ੍ਹਾਂ ਗਾਥਾਵਾਂ ਵਿਚ ਚਿਤਰਿਆ ਗਿਆ ਆਦਰਸ਼ ਅਦਵੈਤਵਾਦ ਤੋਂ ਅਲੱਗ ਕਿਸਮ ਦਾ ਨਹੀਂ ਹੈ । ਭਾਰਤ ਵਿਚ ਅਦਵੈਤਵਾਦ ਦੇ ਅੰਦੋਲਨ ਤੋਂ ਪਹਿਲਾਂ ਹੀ ਜ਼ਰਤੁਸ਼ਤਰ ਉਸ ਲੀਹ ਤੇ ਚੱਲ ਪਿਆ ਸੀ ।

                  ਹ. ਪੁ.– – ਹਿੰ. ਵਿ. ਕੋ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 983, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਗਾਥਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗਾਥਾ : ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਣ ਕੀਤੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਲੋਕ ਸਹਿਸਕ੍ਰਿਤੀ ਤੋਂ ਪਿੱਛੋਂ ‘ ਗਾਥਾ ਮਹਲਾ ੫’ ਦੇ ਸਿਰਲੇਖ ਹੇਠ ਦਰਜ ਹੈ । ਗਾਥਾ ਦਾ ਸ਼ਾਬਦਿਕ ਅਰਥ ‘ ਉਸਤਤਿ’ ਹੈ । ਗਾਥਾ ਇਕ ਪ੍ਰਾਚੀਨ ਭਾਸ਼ਾ ਵੀ ਸੀ ਜਿਸ ਵਿਚ ਪਾਲੀ ਅਤੇ ਹੋਰ ਬੋਲੀਆਂ ਦੇ ਸ਼ਬਦ ਲਿਖੇ ਮਿਲਦੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ ਸਹਿਸਕ੍ਰਿਤੀ ਸਲੋਕ ਅਤੇ ਗਾਥਾ’ ਇਸੇ ਭਾਸ਼ਾ ਵਿਚ ਰਚੇ ਗਏ ਹਨ ।  

ਇਸ ਬਾਣੀ ਵਿਚ ਜੀਵ ਨੂੰ ਪਰਮਾਤਮਾ ਦੀ ਸਿਫ਼ਤ ਸਲਾਹ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ ਜੋ ਇਸ ਨਾਸ਼ਵਾਨ ਅਤੇ ਭਟਕਣਾ ਵਾਲੇ ਸੰਸਾਰ ਵਿਚ ਮਨੁੱਖ ਨੂੰ ਪੱਕਾ ਆਸਰਾ ਤੇ ਸੁੱਖ ਦਾ ਅਸਥਾਨ ਬਖਸ਼ਣ ਯੋਗ ਹੈ । ਪਰਮਾਤਮਾ ਦੀ ਸਿਫ਼ਤ ਸਲਾਹ ਕਰਨ ਨਾਲ ਮਨੁੱਖ ਦੇ ਵਿਕਾਰ ਦੂਰ ਹੁੰਦੇ ਹਨ ਅਤੇ ਉਸ ਦਾ ਆਤਮਕ ਮਾਰਗ ਸੁਹੇਲਾ ਹੋ ਜਾਂਦਾ ਹੈ ਪਰ ਇਹ ਸਿਫ਼ਤ ਸਲਾਹ ਉਸੇ ਸ਼ਰਧਾਲੂ ਦੇ ਮਨ ਵਿਚ ਵਸਦੀ ਹੈ ਜੋ ਗੁਰੂ ਦੇ ਬਚਨ ਮੰਨ ਕੇ ਤੁਰਦਾ ਹੈ ਅਤੇ ਸਾਧ ਸੰਗਤ ਵਿਚ ਵਿਚਰਦਾ ਹੈ ।

                      ‘ ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ ‖

                      ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮਹ ‖


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 172, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-08-02-17-24, ਹਵਾਲੇ/ਟਿੱਪਣੀਆਂ: ਹ. ਪੁ. -ਸ੍ਰੀ ਗੁਰੂ ਗ੍ਰੰਥ ਸਾਹਿਬ-ਪ੍ਰੋ. ਸਾਹਿਬ ਸਿੰਘ; ਮ. ਕੋ. ਮ

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.