ਗੀਤ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੀਤ : ਗੀਤ ਮਨੁੱਖ ਦੇ ਗਾਉਂਦੇ ਆਪੇ ਦਾ ਸੁਰ , ਤਾਲ ਤੇ ਲੈਅ ਵਿੱਚ ਬੱਝਿਆ ਇੱਕ ਕਲਾਮਈ ਪ੍ਰਗਟਾਵਾ ਹੈ । ਕਲਾਕਾਰ ਮਨ ਵਿੱਚ ਪੈਦਾ ਹੋਣ ਵਾਲੇ ਭਾਵਾਂ ਨੂੰ ਕਲਾ ਰਾਹੀਂ ਪ੍ਰਤੱਖ ਕਰਦਾ ਹੈ । ਭਾਵਾਂ ਦਾ ਇਹ ਰੂਪ ਸੁਹਜਮਈ ਅਤੇ ਗ੍ਰਹਿਣਯੋਗ ਹੁੰਦਾ ਹੈ । ਇਹ ਅਸਲੀਅਤ ਵਿਚਲੇ ਸੂਖਮ ਅਤੇ ਰਮਜ਼ਮਈ ਤਰਕ ਦਾ ਸੁਹਜਾਤਮਿਕ ਅਨੁਭਵ ਹੁੰਦਾ ਹੈ । ਗੀਤ ਮਨੁੱਖ ਦੀ ਸੁਹਜਾਤਮਿਕ ਚੇਤਨਾ ਦਾ ਸਭ ਤੋਂ ਵੱਧ ਸਹਿਜ ਭਰਪੂਰ ਅਤੇ ਕੁਦਰਤੀ ਪ੍ਰਗਟਾਵਾ ਹੈ । ਇਹ ਲੈਆਤਮਿਕ ਲਹਿਜੇ ਵਿੱਚ ਤੀਖਣ ਜਜ਼ਬਿਆਂ ਦਾ ਸੁਰਬੱਧ ਕਾਵਿ-ਰੂਪ ਹੈ , ਜਿਸ ਵਿੱਚ ਅੰਦਰਲੀ ਲੈਅ ਦੇ ਨਾਲ-ਨਾਲ ਬਾਹਰਲੇ ਤੋਲ , ਵਜ਼ਨ ਅਤੇ ਤੁਕਾਂਤ ਦਾ ਪੂਰਾ-ਪੂਰਾ ਧਿਆਨ ਰੱਖਿਆ ਜਾਂਦਾ ਹੈ । ਪੰਜਾਬੀ ਮਾਨਸਿਕਤਾ , ਪੰਜਾਬੀ ਸੁਹਜ ਸੰਵੇਦਨਾ ਤੇ ਪੰਜਾਬੀ ਜੀਵਨ ਦੀ ਲੈਆਤਮਿਕਤਾ ਆਪਣੇ ਸਹਿਜ ਰੂਪ ਵਿੱਚ ਪ੍ਰਗਟ ਹੋ ਕੇ ਗੀਤ ਵਿੱਚ ਹੀ ਗਾਈ ਜਾ ਸਕਦੀ ਹੈ ।

        ਪੁਰਾਤਨ ਭਾਰਤੀ ਸਿਆਣੇ ਗੀਤਾਂ ਵਰਗੀ ਸ਼ਬਦ ਰਚਨਾ ਨੂੰ ‘ ਧਰੁਵਾ’ ਕਹਿੰਦੇ ਸਨ । ‘ ਧਰੁਵ’ ਪ੍ਰਬੰਧ- ਕਾਵਿ ਦਾ ਉਹ ਹਿੱਸਾ ਹੁੰਦਾ ਸੀ , ਜਿਸ ਨੂੰ ਬਾਰ-ਬਾਰ ਦੁਹਰਾਇਆ ਜਾਂਦਾ ਸੀ । ‘ ਧਰੁਵ’ ਸ਼ਬਦ ਦਾ ਅਰਥ ਹੈ ‘ ਨਿਸ਼ਚਿਤ ਸੁਰ’ । ਸਥਾਈ ਦਾ ਇਹ ਅੰਗ ਬਾਰ-ਬਾਰ ਦੁਹਰਾਇਆ ਜਾਂਦਾ ਸੀ । ਦੂਸਰੇ ਹਿੱਸੇ ਨੂੰ ‘ ਅੰਤਰਾ’ ਆਖਦੇ ਸਨ , ਤੀਸਰੇ ਨੂੰ ‘ ਸੰਚਾਰੀ’ ਅਤੇ ਚੌਥੇ ਨੂੰ ‘ ਆਭੋਗ’ ।

        ਪੱਛਮੀ-ਕਾਵਿ ਵਿੱਚ ਲਿਰਕ ਤੇ ਸਾਂਗ ਦੇ ਕਾਵਿ-ਰੂਪ ਸੰਗੀਤਮਈ ਹਨ । ਲਿਰਕ ਪੁਰਾਤਨ ਸਾਜ਼ ਲਿਰੇ `ਤੇ ਗਾਏ ਜਾਣ ਵਾਲੀ ਕਵਿਤਾ ਹੈ , ਜੋ ਰਚਨਾਕਾਰ ਦੀਆਂ ਨਿਜੀ ਭਾਵਨਾਵਾਂ ਨੂੰ ਪ੍ਰਗਟ ਕਰਦੀ ਹੈ । ਗੀਤ ਇੱਕ ਸੰਗੀਤਿਕ ਅਵਾਜ਼ ਹੈ , ਜਿਸ ਨੂੰ ਸਾਜ਼ਾਂ ਨਾਲ ਜਾਂ ਬਿਨਾਂ ਸਾਜ਼ਾਂ ਦੇ ਪੇਸ਼ ਕੀਤਾ ਜਾ ਸਕਦਾ ਹੈ । ਸੰਗੀਤ ਗੀਤ ਦੀ ਅੰਤਰ ਆਤਮਾ ਵਿੱਚ ਮੌਜੂਦ ਹੁੰਦਾ ਹੈ । ਅਜਿਹੇ ਗੀਤ ਜਿਨ੍ਹਾਂ ਦਾ ਸਿਰਜਕ ਜਾਣਿਆ-ਪਛਾਣਿਆ ਤੇ ਪ੍ਰਤੱਖ ਹੋਵੇ , ਉਹਨਾਂ ਨੂੰ ਪੱਛਮੀ-ਕਾਵਿ ਧਾਰਾ ਵਿੱਚ ਸਾਂਗ ਜਾਂ ਗੀਤ ਮੰਨਿਆ ਗਿਆ ਹੈ ।

        ਫ਼ਾਰਸੀ ਵਿੱਚ ਗ਼ਜ਼ਲ , ਰੁਬਾਈ ਤੇ ਸ਼ਿਅਰ ਪ੍ਰਗੀਤਕ ਕਾਵਿ-ਰੂਪ ਹਨ । ਇਹਨਾਂ ਵਿੱਚ ਪੇਸ਼ ਮਨੁੱਖੀ ਅਨੁਭਵ ਦੀ ਗੀਤਕਿਤਾ , ਲੈਅ , ਸੁਹਜ ਸੰਵੇਦਨਾ ਪੈਦਾ ਕਰਨ ਦੀ ਸ਼ਕਤੀ , ਖ਼ਿਆਲ ਏਕਤਾ ਤੇ ਤੁਕਾਂਤ-ਵਿਉਂਤ ਗੀਤ ਨੂੰ ਪਰਿਭਾਸ਼ਿਤ ਕਰਨ ਵਿੱਚ ਮੱਦਦਗਾਰ ਹੈ ।

        ਸੰਗੀਤ ਵਿੱਚ ਗੀਤ ਦੀ ਨਵੇਕਲੀ ਤੇ ਸੁਤੰਤਰ ਹੋਂਦ ਨੂੰ ਮੰਨਿਆ ਗਿਆ ਹੈ । ਮਨੁੱਖੀ ਮਨ ਨੂੰ ਅਨੰਦ ਦੇਣ ਵਾਲੇ ਸੁਰ ਸਮੂਹ ਨੂੰ ਸੰਗੀਤ ਸ਼ਾਸਤਰ ਵਿੱਚ ਗੀਤ ਕਿਹਾ ਗਿਆ ਹੈ । ਗੀਤ ਤਾਲ ਵਿੱਚ ਪੰਨ੍ਹਿਆਂ ਦਾ ਸੁਰ-ਸਮੂਹ ਹੈ , ਜਿਸ ਦੇ ਸਥਾਈ , ਅੰਤਰਾ , ਸੰਚਾਰੀ ਤੇ ਆਭੋਗ ਅੰਗ ਹਨ , ਗੀਤ ਵਿੱਚ ਸੁਹਜ-ਸੰਵੇਦਨਾ ਸੁਹਜਾਤਮਿਕ ਅਨੰਦ ਦੇਣ ਦਾ ਕਾਰਨ ਬਣਦੀ ਹੈ । ਗੀਤ ਮਨੁੱਖ ਦੀ ਸੁੰਦਰਤਾ ਦੀ ਭੁੱਖ ਨੂੰ ਤ੍ਰਿਪਤ ਕਰਨ ਦੀ ਸ਼ਕਤੀ ਰੱਖਦਾ ਹੈ । ਗੀਤ ਵਿੱਚ ਪੇਸ਼ ਤੇਜ਼ ਭਾਵਾਂ ਦੀ ਮਸੂਮਤਾ , ਸੁਹਜਮਈ ਭਾਸ਼ਾ , ਰਚਨਾਤਮਿਕ ਕਲਪਨਾ , ਵਿਚਾਰ ਅਤੇ ਸੁਰ , ਤਾਲ ਤੇ ਲੈਅ ਵਿੱਚ ਪ੍ਰਗਟ ਹੋ ਰਹੀ ਸੱਭਿਆਚਾਰਿਕ ਚੇਤਨਾ ਕਾਵਿ-ਜਗਤ ਵਿੱਚ ਇਸਦੀ ਸੁਤੰਤਰ ਤੇ ਵਿਲੱਖਣ ਹੋਂਦ ਨਿਸ਼ਚਿਤ ਕਰਦੀ ਹੈ । ਸੰਗੀਤ ਤੇ ਗਾਉਣ ਯੋਗਤਾ ਗੀਤ ਦਾ ਅੰਦਰਲਾ ਤੱਤ ਹੈ । ਗੀਤਕਾਰ ਗੀਤ ਲਿਖਣ ਵੇਲੇ ਹੀ ਗੀਤ ਦੇ ਅੰਦਰ ਇੱਕ ਸੰਗੀਤ ਸਿਰਜਦਾ ਹੈ । ਇਹੋ ਸੰਗੀਤ ਗੀਤ ਨੂੰ ਗਾਉਣ ਯੋਗ ਬਣਾਉਂਦਾ ਹੈ । ਗੀਤ ਦੀ ਅੰਦਰਲੀ ਲੈਅ ਨੂੰ ਸਮਝ ਕੇ ਹੀ ਸੰਗੀਤਕਾਰ ਬਾਹਰਲੇ ਸੰਗੀਤ ਨੂੰ ਤਿਆਰ ਕਰਦਾ ਹੈ । ਗੀਤ ਦੇ ਅੰਦਰਲੇ ਤੇ ਬਾਹਰਲੇ ਸੰਗੀਤ ਦੀ ਸੁਰਬੱਧਤਾ ਹੀ ਗੀਤ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ । ਗੀਤ ਵਿਚਲੇ ਅਰਥ ਅਤੇ ਸੰਗੀਤ ਨੂੰ ਸਮਝਦਾ ਹੋਇਆ ਗਾਇਕ ਆਪਣੀ ਅਵਾਜ਼ ਵਿੱਚ ਗੀਤ ਗਾਉਂਦਾ ਹੈ । ਉਸ ਦੀਆਂ ਭਾਵਪੂਰਤ ਸਰੀਰਕ ਅਦਾਵਾਂ ਅਤੇ ਚਿਹਰੇ ਦੇ ਪ੍ਰਭਾਵ ਗੀਤ ਦੇ ਫ਼ੈਲਾਅ ਨੂੰ ਗਹਿਰਾਈ ਅਤੇ ਵਿਸ਼ਾਲਤਾ ਦਿੰਦੇ ਹਨ ।

        ਗੀਤ ਛੋਟੇ ਆਕਾਰ ਦੀ ਰਚਨਾ ਹੈ । ਇਸ ਦੀ ਬਣਤਰ ਗੁੰਝਲਦਾਰ ਤੇ ਲੰਮੀ ਨਹੀਂ ਹੋ ਸਕਦੀ , ਸਗੋਂ ਅਤਿਅੰਤ ਸੰਖੇਪ , ਇਕਹਿਰੀ ਤੇ ਸਰਲ ਹੁੰਦੀ ਹੈ । ਪ੍ਰੇਰਕ ਭਾਵਨਾ ਗੀਤ ਦੀ ਰਚਨਾ ਦਾ ਅੰਦਰਲਾ ਲੱਛਣ ਹੈ , ਜਿਸ ਦੇ ਆਧਾਰ `ਤੇ ਗੀਤ ਦੀ ਸਾਰੀ ਰਚਨਾ ਉੱਸਰਦੀ ਹੈ । ਗੀਤ ਦਾ ਇਕਾਗਰ ਸਾਰ ਗੀਤ ਦਾ ਅੰਦਰਲਾ ਸੰਦੇਸ਼ ਹੁੰਦਾ ਹੈ । ਗੀਤ ਦਾ ਅੰਦਰਲਾ ਸੰਦੇਸ਼ ਕਲਪਨਾ-ਸ਼ਕਤੀ ਨਾਲ ਹੋਰ ਸ਼ਕਤੀਸ਼ਾਲੀ ਤੇ ਉਤੇਜਿਤ ਹੋ ਜਾਂਦਾ ਹੈ । ਪੰਜਾਬੀ ਗੀਤ ਦੀ ਬਾਹਰੀ ਬਣਤਰ ਵਿੱਚ ਸਥਾਈ , ਅੰਤਰਾ , ਅਸਥਾਈ ਤੇ ਮੁੜ ਸਥਾਈ ਦਾ ਦੁਹਰਾਅ ਹੈ । ਸਥਾਈ ਵਿੱਚ ਗੀਤ ਦੀ ਪ੍ਰੇਰਕ ਭਾਵਨਾ ਤੇ ਮੁੱਖ ਵਿਚਾਰ ਪ੍ਰਗਟ ਹੁੰਦਾ ਹੈ । ਅੰਤਰੇ ਵਿੱਚ ਇਸੇ ਭਾਵਨਾ ਤੇ ਵਿਚਾਰ ਦੀ ਗਹਿਰਾਈ ਤੇ ਸੰਘਣਤਾ ਪ੍ਰਗਟ ਹੁੰਦੀ ਹੈ । ਅਸਥਾਈ ਮੁੜ ਸਥਾਈ ਨਾਲ ਜੁੜ ਕੇ ਪ੍ਰੇਰਕ ਭਾਵਨਾ ਤੇ ਮੁੱਖ ਵਿਚਾਰ ਨੂੰ ਹੋਰ ਤੀਖਣ ਕਰ ਦਿੰਦੀ ਹੈ । ਪੰਜਾਬੀ ਗੀਤ ਦੀ ਤੁਕਾਂਤ-ਪ੍ਰਣਾਲੀ ਇਸ ਦੀ ਬਾਹਰਲੀ ਬਣਤਰ ਨੂੰ ਪੂਰਨਤਾ ਬਖ਼ਸ਼ਦੀ ਹੈ । ਛੰਦ ਵੀ ਪੰਜਾਬੀ ਗੀਤ ਦੀ ਬਾਹਰਲੀ ਬਣਤਰ ਦੀ ਵਿਸ਼ੇਸ਼ਤਾ ਹੈ । ਗੀਤਾਂ ਵਿੱਚ ਸ਼ਬਦਾਂ ਨੂੰ ਛੰਦ ਵਿੱਚ ਬੰਨਣ ਨਾਲ ਇੱਕ ਤਰ੍ਹਾਂ ਦਾ ਰਿਦਮ ਤੇ ਸੰਗੀਤ ਆ ਜਾਂਦਾ ਹੈ । ਪੰਜਾਬੀ ਗੀਤ ਲਗਾਤਾਰ ਪੁਰਾਣੇ ਛੰਦਾਂ ਤੋਂ ਆਪਣੇ-ਆਪ ਨੂੰ ਮੁਕਤ ਕਰ ਰਿਹਾ ਹੈ । ਗੀਤਕਾਰ ਦੇ ਭਾਵਾਂ ਦੀ ਤੀਖਣਤਾ ਨਵੇਂ ਛੰਦਾਂ ਨੂੰ ਜਨਮ ਦਿੰਦੀ ਹੈ । ਗੀਤ ਵਿੱਚ ਸੰਬੋਧਨ ਆਪਣੇ-ਆਪ ਜਾਂ ਦੂਸਰੇ ਨੂੰ ਹੁੰਦਾ ਹੈ । ਦੂਸਰਾ ਵੀ ਉਸ ਦੇ ਆਪਣੇ-ਆਪੇ ਦਾ ਅੰਗ ਹੁੰਦਾ ਹੈ , ਉਸ ਦੀ ਕਲਪਨਾ ਵਿੱਚ ਹਾਜ਼ਰ । ਪੰਜਾਬੀ ਗੀਤ ਵਿੱਚ ਸੰਬੰਧਿਤ ਰਿਸ਼ਤੇ ਦੀ ਪਛਾਣ ਲਈ ਸੰਬੋਧਨੀ ਪ੍ਰਤੀਕ ਵਰਤੇ ਜਾਂਦੇ ਹਨ-ਮੇਰੇ ਨਾਲ , ਨੀ ਮਾਏ , ਨੀ ਧੀਏ , ਵੇ ਸੱਜਣਾ , ਮਾਹੀ ਵੇ , ਸੋਹਣਿਆਂ , ਹਾਣੀਆਂ , ਵੇ ਵੀਰਿਆ ਆਦਿ । ਇਹ ਸੰਬੋਧਨੀ ਜੁਗਤ ਪੰਜਾਬੀ    ਗੀਤ ਦੀ ਰੂਹ ਹੈ । ਪੰਜਾਬੀ ਗੀਤ ਦੀ ਲੈਆਤਮਿਕਤਾ , ਤੁਕਾਂਤ-ਪ੍ਰਣਾਲੀ , ਤਰਜ਼ , ਛੰਦ-ਵਿਉਂਤ , ਸੰਗੀਤਿਕਤਾ ਤੇ ਸਿਰਜਣਾਤਮਿਕ ਇੱਕਸੁਰਤਾ ਗੀਤ ਨੂੰ ਪਾਠਕ/ਸ੍ਰੋਤੇ ਨੂੰ ਸੁਹਜਾਤਮਿਕ ਅਨੰਦ ਦੇਣ ਦੇ ਸਮਰੱਥ ਬਣਾਉਂਦੀ ਹੈ । ਇਹੋ ਪੰਜਾਬੀ ਗੀਤ ਦੀ ਵੱਡੀ ਵਿਸ਼ੇਸ਼ਤਾ ਹੈ ਤੇ ਗੀਤ ਦੀ ਮੁੱਖ ਪਛਾਣ ।

        ਸਿਰਜਣਾ ਤੇ ਸਿਰਜਣਾਤਮਿਕਤਾ ਤੋਂ ਟੁੱਟੇ ਹੋਏ ਮਨੁੱਖ ਨੂੰ ਸੁਹਜਾਤਮਿਕ ਅਨੰਦ ਦੇ ਕੇ ਪੰਜਾਬੀ ਗੀਤ ਜੀਵਨ ਵਿੱਚ ਸਿਰਜਣਾਤਮਿਕ ਸਥਿਰਤਾ ਤੇ ਰਚਨਾਤਮਿਕ ਏਕਤਾ ਲਿਆਉਂਦਾ ਹੈ । ਖਾਈ-ਹੰਢਾਈ ਵਾਲੇ ਤਜਾਰਤੀ ਸੱਭਿਆਚਾਰ ਦੇ ਮੁਕਾਬਲੇ ਲੋਕ ਸੱਭਿਆਚਾਰ ਹੀ ਪੰਜਾਬੀ ਗੀਤ ਦੀ ਸਿਰਜਣ-ਭੂਮੀ ਹੈ । ਪੰਜਾਬੀ ਗੀਤ ਦੇ ਪੈਦਾ ਹੋਣ ਦੇ ਬੀਜ ਇਸੇ ਲੋਕ ਸੱਭਿਆਚਾਰ ਵਿੱਚ ਪਏ ਹਨ । ਪੰਜਾਬੀ ਗੀਤ ਦਾ ਮੁਢਲਾ ਭਰੂਣ ਰੂਪ ਪੰਜਾਬੀ ਭਾਸ਼ਾ ਦੇ ਆਦਿ ਕਾਲ ਵਿੱਚ ਵੇਖਿਆ ਜਾ ਸਕਦਾ ਹੈ । ਕਵੀ ਅੱਦੇਹਮਾਨ ਦੀ ਰਚਨਾ ਵਿੱਚ ਗੀਤ ਦੇ ਸੂਖਮ ਅਤੇ ਭਰੂਣ ਅੰਸ਼ ਮੌਜੂਦ ਹਨ । ਬਾਬਾ ਫ਼ਰੀਦ ਦੇ ਸ਼ਬਦ ਗੀਤ-ਰਚਨਾ ਦੇ ਬਹੁਤ ਨੇੜੇ ਹਨ । ਗੁਰਮਤਿ-ਕਾਵਿ ਵਿੱਚ ਲੋਕ-ਗੀਤਾਂ ਦੇ ਢਾਂਚੇ , ਸ਼ੈਲੀਆਂ ਅਤੇ ਧੁਨਾਂ ਦਾ ਪ੍ਰਯੋਗ ਮਿਲਦਾ ਹੈ । ਸੂਫ਼ੀ ਕਵੀਆਂ ਵੱਲੋਂ ਰਚੀਆਂ ਗਈਆਂ ਕਾਫ਼ੀਆਂ ਦਰਵੇਸ਼ਾਂ ਦੇ ਗੀਤ ਹੀ ਹਨ । ਆਧੁਨਿਕ ਸਮੇਂ ਵਿੱਚ ਗੀਤ ਆਪਣੀ ਵੱਖਰੀ ਤੇ ਅਜ਼ਾਦ ਹੋਂਦ ਪ੍ਰਾਪਤ ਕਰਦਾ ਹੈ । ਪੰਜਾਬੀ ਭਾਸ਼ਾ ਦਾ ਪਹਿਲਾ ਸੰਪੂਰਨ ਤੇ ਉੱਤਮ ਗੀਤ ਲਾਲ ਬਾਂਕੇ ਦਿਆਲ ਦੀ ਰਚਨਾ ਪੱਗੜੀ ਸੰਭਾਲ ਓ ਜੱਟਾ ਹੈ ਜੋ ਵੀਹਵੀਂ ਸਦੀ ਦੇ ਸ਼ੁਰੂ ਸਾਲਾਂ ਵਿੱਚ ਰਚਿਆ ਤੇ ਗਾਇਆ ਗਿਆ , ਜਿਸ ਨੇ ਪੰਜਾਬੀ ਮਾਨਸਿਕਤਾ ਨੂੰ ਢਾਲਣ , ਉਸਾਰਨ ਤੇ ਹੁਲਾਰਨ ਵਿੱਚ ਅਹਿਮ ਭੂਮਿਕਾ ਨਿਭਾਈ । ਪੰਜਾਬੀ ਦੇ ਮੁੱਖ ਗੀਤਕਾਰ ਹਨ-ਲਾਲਾ ਧਨੀ ਰਾਮ ਚਾਤ੍ਰਿਕ , ਫੀਰੋਜ਼ਦੀਨ ਸ਼ਰਫ਼ , ਬਰਕਤ ਰਾਮ ਯੁਮਨ , ਨੰਦ ਲਾਲ ਨੂਰਪੁਰੀ , ਕਰਤਾਰ ਸਿੰਘ ਬਲੱਗਣ , ਬਲਦੇਵ ਚੰਦਰ ਬੇਕਲ , ਤੇਜਾ ਸਿੰਘ ਸਾਬਰ , ਮੋਹਨ ਸਿੰਘ , ਅੰਮ੍ਰਿਤਾ ਪ੍ਰੀਤਮ , ਬਾਵਾ ਬਲਵੰਤ , ਪਿਆਰਾ ਸਿੰਘ ਸਹਿਰਾਈ , ਸੰਤੋਖ ਸਿੰਘ ਧੀਰ , ਸੁਰਜੀਤ ਸਿੰਘ ਰਾਮਪੁਰੀ , ਯਮਲਾ ਜੱਟ , ਬਿਸ਼ਨ ਸਿੰਘ ਉਪਾਸਕ , ਗੁਰਦੇਵ ਸਿੰਘ ਮਾਨ , ਹਰਿਭਜਨ ਸਿੰਘ , ਤੇਗ ਸਿੰਘ ਚੰਨ , ਦਲੀਪ ਸਿੰਘ ਮਸਤ , ਇੰਦਰਜੀਤ ਹਸਨਪੁਰੀ , ਸੰਤ ਰਾਮ ਉਦਾਸੀ , ਸ਼ਿਵ ਕੁਮਾਰ ਬਟਾਲਵੀ , ਹਰਭਜਨ ਹਲਵਾਰਵੀ , ਸੁਰਜੀਤ ਪਾਤਰ , ਚਰਨ ਸਿੰਘ ਸਫ਼ਰੀ , ਧਰਮ ਕੰਮੇਆਣਾ , ਗੁਰਦਾਸ ਮਾਨ , ਹਾਕਮ ਸੂਫ਼ੀ , ਸਮਸ਼ੇਰ ਸੰਧੂ , ਦਵਿੰਦਰ ਖੰਨੇਵਾਲਾ , ਹਰਦੇਵ ਦਿਲਗੀਰ , ਪਾਲੀ ਦੇਤਵਾਲੀਆ , ਬਾਬੂ ਸਿੰਘ ਮਾਨ , ਅਮਰਦੀਪ ਗਿੱਲ , ਦੇਬੀ ਮਖਸੂਸਪੁਰੀ , ਮੱਖਣ ਬਰਾੜ , ਬੇਦਿਲ ਬਡਰੁੱਖਾ , ਗੁਰਮੁਖ ਗਿੱਲ , ਬੱਬੂ ਮਾਨ ਆਦਿ ।

        ਗੀਤਾਂ ਦਾ ਸੰਬੰਧ ਸਿਰਜਕ ਦਾ ਆਪਣੀ ਸਿਰਜਣਾ ਨਾਲ ਇੱਕਸੁਰ ਰਹਿਣ ਨਾਲ ਹੈ । ਗੀਤ ਵਿਚਲੀ ਲੈਅ ਅਤੇ ਪ੍ਰਗੀਤਮਿਕਤਾ ਇੱਕ ਪ੍ਰਕਾਰ ਦੀ ਮਨੁੱਖ ਦੀ ਸਿਰਜਣਾਤਮਿਕਤਾ ਦਾ ਹੀ ਕਾਵਿ-ਰੂਪ ਹੈ । ਜਿਉਂ-ਜਿਉਂ ਪੰਜਾਬੀ ਵੱਸੋਂ ਦਾ ਇੱਕ ਹਿੱਸਾ ਸਿਰਜਣਾਤਮਿਕ ਕੰਮ ਕਰਨੋਂ ਹਟ ਰਿਹਾ ਹੈ , ਤਿਉਂ-ਤਿਉਂ ਉਹ ਗੀਤ ਸਿਰਜਣ ਦੀ ਸਮਰੱਥਾ ਗੁਆਉਂਦਾ ਜਾ ਰਿਹਾ ਹੈ । ਤਾਂ ਹੀ ਤਾਂ ਕਈ ‘ ਗੀਤਕਾਰਾਂ’ ਨੇ ਪੰਜਾਬੀ ਗੀਤ ਨੂੰ ‘ ਮੰਡੀ ਦਾ ਮਾਲ’ ਬਣਾ ਕੇ ਪੇਸ਼ ਕਰਦੇ ਹੋਏ ਆਪਣੀ ਮਾਨਸਿਕ ਕੰਗਾਲੀ ਦਾ ਸਬੂਤ ਦਿੱਤਾ ਹੈ । ਇਹ ਗ਼ੁਲਾਮ ਅਤੇ ਲੱਚਰ ਮਾਨਸਿਕਤਾ ਦਾ ਪ੍ਰਗਟਾਵਾ ਹੈ । ਪੰਜਾਬੀ ਸੁਭਾਅ ਅਤੇ ਪੰਜਾਬੀ ਸੁਹਜ ਚੇਤਨਾ ਦੇ ਅਨੁਕੂਲ ਰਚੇ ਗੀਤ ਹੀ ਪੰਜਾਬੀ ਮਾਨਸਿਕਤਾ ਦੀ ਮੈਲ ਧੋ ਕੇ ਇਸ ਨੂੰ ਨਿਰਮਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ ।


ਲੇਖਕ : ਕਮਲਜੀਤ ਸਿੰਘ ਟਿੱਬਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 12819, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਗੀਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੀਤ [ ਨਾਂਪੁ ] ਸੁਰ ਅਤੇ ਤਾਲ ਵਿੱਚ ਬੰਨ੍ਹੀ ਹੋਈ ਮਧੁਰ ਸ਼ਬਦ ਰਚਨਾ; ਗਾਣਾ , ਤਰਾਨਾ; ਉਸਤਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੀਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੀਤ . ਸੰ. ਸੰਗ੍ਯਾ— ਗਾਉਣ ਯੋਗ੍ਯ ਛੰਦ ਅਥਵਾ ਵਾਕ. “ ਗਿਆਨ ਵਿਹੂਣਾ ਗਾਵੈ ਗੀਤ.” ( ਮ : ੧ ਵਾਰ ਸਾਰ ) ੨ ਵਡਾਈ. ਯਸ਼ । ੩ ਉਹ , ਜਿਸ ਦਾ ਯਸ਼ ਗਾਇਆ ਜਾਵੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12117, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੀਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੀਤ ( ਸੰ. । ਸੰਸਕ੍ਰਿਤ ) ਗੌਣ , ਜੋ ਗਾਵਿਆ ਜਾਵੇ , ਉਪਮਾ ਦੇ ਪਦ । ਯਥਾ-‘ ਗਿਆਨ ਵਿਹੂਣਾ ਗਾਵੈ ਗੀਤ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11836, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗੀਤ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੀਤ /ਗੀਤ ਕਾਵਿ :   ਸੰਗੀਤ ਭਰਪੂਰ ਕਾਵਿ ਨੂੰ ‘ ਗੀਤ’ ਕਿਹਾ ਜਾਂਦਾ ਹੈ । ਇਹ ਕਾਵਿ ਦੇ ਚਹੁੰ ਭੇਦਾਂ ਵਿਚੋਂ ਇਕ ਹੈ , ਬਾਕੀ ਤਿੰਨ ਹਨ– – ਮੁਕਤਕ , ਪ੍ਰਬੰਧ ਤੇ ਦ੍ਰਿਸ਼ਯ– ਕਾਵਿ । ਗੀਤ ਵਿਚ ਕਵੀ ਦੀ ਵਿਅਕਤੀਗਤ ਤੇ ਅੰਦਰਲੀ ਭਾਵਨਾ ਉਭਰ ਕੇ ਪ੍ਰਗਟ ਹੋਈ ਹੁੰਦੀ ਹੈ । ਕਈਆਂ ਦਾ ਵਿਚਾਰ ਹੈ ਕਿ ਗੀਤ ਵਿਚ ਕੇਵਲ ਇਕ ਵਿਚਾਰ , ਭਾਵਨਾ ਜਾਂ ਸਥਿਤੀ ਦੀ ਪ੍ਰਧਾਨਤਾ ਹੁੰਦੀ ਹੈ । ਪ੍ਰਭਾਵ ਦੀ ਏਕਤਾ ਇਸ ਦਾ ਦੂਜਾ ਗੁਣ ਹੈ , ਇਸ ਲਈ ਆਮ ਤੌਰ ਤੇ ਗੀਤ ਬਹੁਤ ਲੰਮੇ ਨਹੀਂ ਹੁੰਦੇ । ਲੋ

ਕ– ਗੀਤ ( ਵੇਖੋ ) ਵੀ ਗੀਤਾਂ ਦੀ ਇਕ ਭਾਂਤ ਆਖੀ ਜਾ ਸਕਦਾ ਹੈ ।

                  ਕਲਪਨਾ– ਚਿਤ੍ਰ ਤੇ ਮਾਨਵੀਕਰਣ ਨਾਲ ਗੀਤਾਂ ਵਿਚ ਨਵੀਂ ਜਾਨ ਤੇ ਸੁੰਦਰਤਾ ਆ ਜਾਂਦੀ ਹੈ । ਭਾਵੁਕਤਾ ਤੇ ਅਪਾਰ ਕਾਲਪਨਿਕਤਾ ਨੂੰ ਗੀਤ ਦੇ ਹੋਰ ਵਿਸ਼ੇਸ਼ ਅੰਗ ਕਿਹਾ ਜਾ ਸਕਦਾ ਹੈ ।

                  ਪਹਿਲਾਂ ਗੀਤਾਂ ਵਿਚ ਠੁਮਰੀਆਂ , ਪਦ , ਦਾਦਰੇ , ਆਦਿ ਹੁੰਦੇ ਹਨ ਪਰ ਹੁਣ ਇਸ ਦੀਆਂ ਅਨੇਕ ਵੰਨਗੀਆਂ ਮਿਲਦੀਆਂ ਹਨ । ਪਤ੍ਰ– ਗੀਤ , ਵਿਅੰਗ ਗੀਤ , ਸੋਗ– ਗੀਤ , ਵਰਗ– ਭਾਵਨਾ ਗੀਤ , ਰਾਸ਼ਟਰੀ ਗੀਤ ਆਦਿ ਇਸ ਦੇ ਕਈ ਭੇਦ ਉਪਭੇਦ ਮੰਨੇ ਜਾ ਸਕਦੇ ਹਨ ।

                  ਪੁਰਾਣੇ ਗੀਤਾਂ ਨੂੰ ਇਲਾਕੇ , ਲੈਅ– ਪੱਧਤੀ , ਸੰਗੀਤ ਜਾਂ ਜਾਂਤਾਂ ਅਨੁਸਾਰ ਕਈ ਭੇਦਾਂ ਵਿਚ ਵੰਡਿਆ ਜਾਂਦਾ ਰਿਹਾ ਹੈ , ਜਿਵੇਂ ਗੂਜਰੀ , ਸੋਰਠ , ਗੋਂਡ ਆਦਿ । ਚਾਚਰ ਚੌਰਾਹੇ ਉੱਤੇ ਗਾਏ ਜਾਣ ਵਾਲੇ– ਲੋਗ ਗੀਤ ਸਨ; ਇਹ ਰਾਜਸਥਾਨੀ ਭਾਸ਼ਾ ਦਾ ਲੋਕ– ਕਾਵਿ ਰੂਪ ਹੈ । ਪਰ ਅੱਜ ਦਾ ਆਧੁਨਿਕ ਭਾਰਤੀ ਗੀਤ ਆਪਣੇ ਰੂਪ– ਵਿਧਾਨ ਵਜੋਂ ਪੱਛਮ ਦੇ ਲਿਰਿਕ ( lyric ) ਦਾ ਰਿਣੀ ਹੈ । ਅੰਗ੍ਰੇਜ਼ੀ ਦਾ ਲਿਰਿਕ ਉਹ ਗੀਤ ਹੈ ਜੋ ਲਾਇਰ ( lyre ) ਜਾਂ ਕਿਸੇ ਤਾਰਾਂ ਵਾਲੇ ਸਾਜ਼ , ਵੀਣਾ ਆਦਿ ਨਾਲ ਗਾਇਆ ਜਾ ਸਕੇ । ਸਾਡੇ ਆਧੁਨਿਕ ਭਾਰਤੀ ਗੀਤਾ ਵੀ ਇਸ ਪਰਿਭਾਸ਼ਾ ਉੱਤੇ ਪੂਰੇ ਉਤਰਦੇ ਹਨ । ਇਸ ਲਈ ਇਨ੍ਹਾਂ ਨੂੰ ਕਈਆਂ ਨੇ ਗੀਤ ਦੀ ਥਾਂ ਵੈਣਿਕ ਜਾਂ ਸਰੋਦੀ ਵੀ ਕਿਹਾ ਹੈ ।

                  ਪੱਛਮੀ ਆਲੋਚਕਾਂ ਨੇ ਗੀਤ ਦਾ ਸਭ ਤੋਂ ਪਹਿਲਾ ਲੱਛਣ ਸੰਗੀਤਾਤਮਕਤਾ ਮੰਨਿਆ ਹੈ । ਸੁਰ ਤੇ ਤਾਲ ਸੰਗੀਤਾਤਮਕਤਾ ਦੀ ਜਾਨ ਹੁੰਦੇ ਹਨ । ਦੂਜੇ ਇਸ ਵਿਚ ਤੀਬਰ ਭਾਵ ਪੂਰਣਤਾ ਹੋਣੀ ਜ਼ਰੂਰੀ ਹੈ , ਕਿਉਂਕਿ ਕਿ ਭਾਵ– ਆਵੇਸ਼ ਜਦੋਂ ਉੱਚ– ਕੋਟੀ ਦਾ ਹੁੰਦਾ ਹੈ ਤਾਂ ਇਸ ਦੀ ਅਭਿਵਿਅਕਤੀ ਲਈ ਗੀਤ ਹੀ ਵਧੇਰੇ ਯੋਗ ਹੈ ।

                  ਗੀਤ– ਅੰਤਰਮੁਖੀ ( subjective ) ਹੁੰਦਾ ਹੈ ( ਵੇਖੋ ‘ ਕਾਵਿ– ਅੰਤਰਮੁਖੀ’ ) ਤੇ ਇਸ ਦੀ ਦ੍ਰਿਸ਼ਟੀ ਜਾਂ ਭਾਵ– ਭੂਮੀ ਨਿਸ਼ਚਿਤ ਤੇ ਸੀਮਿਤ ਹੁੰਦੀ ਹੈ । ਸ਼ੁੱਧ ਭਾਵ , ਰੋਮਾਂਟਿਕ ਕਲਪਨਾ ਆਦਿ ਗੀਤਾ ਦੀਆਂ ਜ਼ਰੂਰੀ ਲੋੜਾਂ ਹਨ ਤੇ ਇਸ ਵਿਚ ਤਰਕਸ਼ੀਲਤਾ ਜਾਂ ਨਿਆਇਮੂਕਲਤਾ ਨੂੰ ਕੋਈ ਥਾਂ ਨਹੀਂ ਪ੍ਰਾਪਤ ਹੈ ।

                  ਗੀਤ ਕਵੀ ਦੀ ਆਤਮ– ਅਭਿਵਿਅਕਤੀ ਹੈ ਪਰ ਆਤਮ– ਕਥਾ ਨਹੀਂ , ਕਿਉਂਕਿ ਇਹ ਕਵੀ ਦੇ ਹਿਰਦੇ ਦੇ ਇਕ ਵਿਸ਼ੇਸ਼ ਜਜ਼ਬੇ ਨੂੰ ਚਿਤਰਦਾ ਹੈ , ਸਾਰੇ ਹਿਰਦੇ ਨੂੰ ਨਹੀਂ , ਜੋ ਕਿ ਅਨੇਕ ਭਾਵਾਂ ਦਾ ਭੰਡਾਰ ਹੈ ।

                  ਗੀਤ– ਕਾਵਿ ਵਿਚ ਬਾਕੀ ਕਾਵਿ ਵਾਂਗ ਰਸਾਤਮਕਤਾ , ਸਰਲਤਾ , ਭਾਵ– ਆਵੇਸ਼– ਪੂਰਣਤਾ ਤੇ ਮਨੋਵੇਗਾਂ ਦਾ ਕਲਪਨਾਮਈ ਪ੍ਰਵਾਹ ਹੋਣਾ ਜ਼ਰੂਰੀ ਹੈ ।

                  ਕਈ ਗੀਤਾਂ ਵਿਚ ਨਾਟਕੀਅਤਾ ਨੂੰ ਵੀ ਲਿਆਂਦਾ ਜਾ ਸਕਦਾ ਹੈ । ਕਥੋਪਕਥਨ , ਪ੍ਰਸ਼ਨੋਤਰ ਆਦਿ ਵੀ ਕਈ ਢੰਗ ਹਨ ਜੋ ਗੀਤਾਂ ਵਿਚ ਭਲੀ ਭਾਂਤ ਨਿਭ ਸਕਦੇ ਹਨ ਪਰ ਉਪਰੋਕਤ ਨਾਟਕੀਅਤਾ ਵਿਚ ਕਵੀ ਦਾ ਨਿੱਜਤਵ ਅੱਖੋਂ ਉਹਲੇ ਨਾ ਹੋਵੇ ।

                  ਗੀਤ ਵਿਚ ਕਿਸੇ ਪਛਾਣ ਜਾਂ ਭੂਮਿਕਾ ਦੀ ਗੁੰਜਾਇਸ਼ ਨਹੀਂ ਹੈ । ਇਸ ਦਾ ਆਰੰਭ ਝਟਪਟਾ ਤੇ ਨਾਟਕੀ ਹੁੰਦਾ ਹੈ । ਗੀਤ ਵਿਚ ਜ਼ਜਬਾ ਜਿਉਂ ਹੀ ਸਿੱਖਰ ਨੂੰ ਛੂੰਹਦਾ ਹੈ , ਤਾਂ ਗੀਤ ਸਮਾਪਤ ਹੋ ਜਾਣਾ ਚਾਹੀਦਾ ਹੈ । ਇਸ ਤਰ੍ਹਾਂ ਹੀ ਇਹ ਆਪਣੇ ਪ੍ਰਭਾਵ ਨੂੰ ਸਥਾਈ ਤੇ ਪੱਕਾ ਕਰ ਸਕੇਗਾ

                  ਗੀਤ ਵਿਚ ਕੋਈ ਵਾਧੂ ਉਕਤੀ , ਕੋਈ ਉਪਦੇਸ਼ ਜਾਂ ਬ੍ਰਿਤਾਂਤ ਨਹੀਂ ਹੋਣੇ ਚਾਹੀਦੇ ਸਗੋਂ ਗੀਤ ਦੀ ਹਰ ਸਤਰ ਭਾਵ ਅਥਵਾ ਅਰਥ ਨਾਲ ਗਰਭਿਤ ਹੋਵੇ ।

                  ਗੀਤ ਦੇ ਹਰ ਬੰਦ ਦੇ ਅੰਤ ਵਿਚ ਵਾਰ ਵਾਰ ਆਉਣ ਵਾਲੀ ਪੰਕਤੀ ਨੂੰ ਟੇਕ , ਅੰਤਰਾ ਜਾਂ ਰਹਾਉਂ ਆਖਿਆ ਜਾਂਦਾ ਹੈ ।

                  ਗੀਤ ਰਚਨਾ ਦੇ ਕੋਹੀ ਲੰਮੇ ਚੌੜੇ ਅਸੂਲ ਨਹੀਂ ਥਾਪੇ ਜਾ ਸਕਦੇ ਕਿਉਂਕਿ ਇਸ ਵਿਚ ਰੋਮਾਂਚ ਤੇ ਸੁੰਤਤਰਤਾ ਦੀਆਂ ਉਡਾਰੀਆਂ ਹੁੰਦੀਆਂ ਹਨ ਪਰ ਇੰਨਾ ਆਖਿਆ ਜਾ ਸਕਦਾ ਹੈ ਕਿ ਗੀਤ ਵਿਚ ਭਾਵ ਜਾਗ੍ਰਤ ਕਰਨ ਤੇ ਇਸ ਨੂੰ ਵਿਕਾਸ ਬਖ਼ਸ਼ਣ ਦੀ ਯੋਗਤਾ ਹੋਵੇ ।

                  ਗੀਤ ਵਿਚ ਆਮ ਤੌਰ ਤੇ ਸੰਕੇਤਾਂ ਤੇ ਇਸ਼ਾਰਿਆਂ ਤੋਂ ਕੰਮ ਲਿਆ ਜਾਂਦਾ ਹੈ । ਕਈਆਂ ਨੇ ਇਸੇ ਲਈ ਇਹ ਵੀ ਕਿਹਾ ਹੈ ਕਿ ਗੀਤ ਦੀ ਇਕ ਅਤਿ ਸੰਕੁਚਿਤ ਕੈਨਵਸ ਹੁੰਦੀ ਹੈ ਤੇ ਇਸ ਵਿਚ ਬਹੁਤੇ ਵਿਸਤਾਰ ਸਮਾ ਨਹੀਂ ਸਕਦੇ ।

                  ਪੰਜਾਬੀ ਗੀਤ– ਕਾਵਿ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਲਗੇਗਾ ਕਿ ‘ ਗੀਤ ਸ਼ਬਦਾ ਕੋਈ ਨਵਾਂ ਨਹੀਂ ਹੈ ਸਗੋਂ ਸਿੱਖ ਗੁਰੂ ਸਾਹਿਬਾਨ ਦੁਆਰਾ ਰਚਿਤ ਕਾਵਿ ਵਿਚ ਵੀ ਇਹ ਸ਼ਬਦ ਕਈ ਵਾਰ ਆਇਆ ਹੈ , ਜਿਵੇਂ :

                                                        ਗਿਆਨ ਵਿਹੂਣਾ ਗਾਵੈ ਗੀਤ ।                                       – ( ਵਾਰ ਸਾਰੰਗ , ਮ.੧ )

                                                        ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਇ ।               – ( ਬਾਰਮਾਹ , ਮਾਝ ਮ.੫ )

                                                        ਗੀਤ ਨਾਦ ਹਰਖ ਚਤੁਰਾਈ ।                                                   – ( ਪ੍ਰਭਾਤੀ , ਮ. ੧ )

ਗੁਰੂ ਸਾਹਿਬਾਨ ਦੁਆਰਾ ਰਚਿਤ ਸ਼ਬਦਾਂ ( ਵੇਖੋ ‘ ਸ਼ਬਦ’ ) ਤੇ ਪਦਿਆਂ ਨੂੰ ਅਸੀਂ ਗੀਤ ਆਖ ਸਕਦੇ ਹਾਂ । ਪੰਜਾਬੀ ਲੋਕ– ਗੀਤ ( ਵੇਖੋ ‘ ਲੋਕ ਗੀਤ’ ) ਤਾਂ ਢੇਰ ਪੁਰਾਣੇ ਹਨ । ਆਧੁਨਿਕ ਕਾਨ ਵਿਚ ਅੰਮ੍ਰਿਤਾ ਪ੍ਰੀਤਮ ਤੇ ਪ੍ਰੋ. ਮੋਹਨ ਸਿੰਘ ਨੇ ਅਨੇਕ ਗੀਤ ਰਚੇ ਹਨ । ਕਵੀ ਦਰਬਾਰ ਵਿਚ ਪ੍ਰਸਿੱਧਤਾ ਪ੍ਰਾਪਤ ਕਰ ਚੁੱਕੇ ਗੀਤਕਾਰਾਂ ਵਿਚ ਅਸੀਂ ਮੁਹੰਮਦ ਰਮਜ਼ਾਨ ਹਮਦਮ , ਵਿਧਾਤਾ ਸਿੰਘ ਤੀਰ , ਫ਼ੀਰੋਜ਼ ਦੀਨ ਸ਼ਰਫ਼ , ਬਰਕਤ ਰਾਮ ਯੁਮਨ , ਕਰਤਾਰ ਸਿੰਘ ਬਲੱਗਣ , ਨੰਦ ਲਾਲ ਨੂਰਪੁਰੀ , ਦਰਸ਼ਨ ਸਿੰਘ ਆਵਾਰਾ , ਗੁਰਦਿੱਤ ਸਿੰਘ ਕੁੰਦਨ , ਗੁਰਦੇਵ ਸਿੰਘ ਮਾਨ , ਸ਼ਿਵ ਕੁਮਾਰ ਬਟਾਵਲਵੀ , ਇੰਦਰਜੀਤ ਸਿੰਘ ਤੁਲਸੀ , ਸੁਰਜੀਤ ਪਾਤਰ ਆਦਿ ਦੇ ਨਾਂ ਲੈ ਸਕਦੇ ਹਾਂ ।


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5651, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਗੀਤ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੀਤ : ਸ੍ਵਰ , ਪਦ ਅਤੇ ਤਾਲ ਵਾਲੇ ਗਾਉਣ ਨੂੰ ਗੀਤ ਕਿਹਾ ਜਾਂਦਾ ਹੈ । ਪ੍ਰਾਚੀਨ ਕਾਲ ਵਿਚ ਜਿਸ ਗਾਉਣ ਨਾਲ ਨਿਰਾਰਥਕ ਸ਼ਬਦਾਂ ਦੀ ਵਰਤੋਂ ਹੁੰਦੀ ਸੀ ਉਸ ਨੂੰ ਨਿਰਗੀਤ ਕਿਹਾ ਜਾਂਦਾ ਸੀ । ਨੌਵੀਂ ਅਤੇ ਦਸਵੀਂ ਸਦੀ ਦੇ ਲਗਭਗ ਸ੍ਵਰ ਅਤੇ ਤਾਲ ਵਿਚ ਬੰਨ੍ਹੇ ਗੀਤਾਂ ਨੂੰ ‘ ਪ੍ਰਬੰਧ’ ਕਿਹਾ ਜਾਣ ਲਗਾ । ‘ ਪ੍ਰਬੰਧ’ ਦੇ ਪਹਿਲੇ ਭਾਗ ਨੂੰ ਜਿਸ ਤੋਂ ਗੀਤ ਸ਼ੁਰੂ ਹੁੰਦਾ ਸੀ , ‘ ਉਦਗ੍ਰਾਹ’ , ਦੂਜੇ ਨੂੰ ‘ ਮੇਲਾਪਕ’ ਅਤੇ ਤੀਜੇ ਨੂੰ ‘ ਧਰੁਵ’ ਕਿਹਾ ਜਾਂਦਾ ਸੀ । ‘ ਧਰੁਵ’ ਸ਼ਬਦ ਦਾ ਅਰਥ ‘ ਸਥਿਰ’ ਹੈ । ਇਸ ਨੂੰ ਅੱਜਕਲ੍ਹ ਦੀ ਭਾਸ਼ਾ ਵਿਚ ‘ ਟੇਕ’ ਕਿਹਾ ਜਾਂਦਾ ਹੈ । ਅੰਤਮ ਭਾਗ ਨੂੰ ‘ ਆਭੋਗ’ ਕਿਹਾ ਜਾਂਦਾ ਸੀ । ਕਈ ਵਾਰੀ ‘ ਆਭੋਗ’ ਅਤੇ ‘ ਧਰੁਵ’ ਦੇ ਵਿਚਕਾਰ ਵੀ ਪਦ ਹੁੰਦਾ ਸੀ ਜਿਸ ਨੂੰ ‘ ਅੰਤਰਾ’ ਕਿਹਾ ਜਾਂਦਾ ਸੀ ।

                  ਜੈਦੇਵ ਦਾ ‘ ਗੀਤ ਗੋਵਿੰਦ’ ‘ ਪ੍ਰਬੰਧ’ ਵਿਚ ਲਿਖਿਆ ਹੋਇਆ ਹੈ । ਪ੍ਰਬੰਧ ਗੀਤ ਦਾ ਪ੍ਰਚਾਰ ਲਗਭਗ ਚਾਰ ਸੌ ਸਾਲ ਤਕ ਰਿਹਾ । ਅੱਜ ਵੀ ਕਈ ਮੰਦਰਾਂ ਵਿਚ ਪੁਰਾਣੇ ‘ ਪ੍ਰਬੰਧ’ ਸੁਣੇ ਜਾਂਦੇ ਹਨ ।

                  ‘ ਪ੍ਰਬੰਧ’ ਤੋਂ ਬਾਅਦ ‘ ਧਰੁਵਪਦ’ ਗੀਤਾ ਦਾ ਸਮਾਂ ਆਇਆ । ਇਹ ਪ੍ਰਬੰਧ ਦਾ ਹੀ ਰੂਪਾਂਤਰ ਹੈ । ‘ ਧਰੁਵਪਦ’ ਵਿਚ ਪਹਿਲੇ ਪਦ ਨੂੰ ‘ ਸਥਾਈ’ ਦੂਜੇ ਨੂੰ ‘ ਅੰਤਰਾ’ ਤੀਜੇ ਨੂੰ ‘ ਸੰਚਾਰੀ’ ਅਤੇ ਚੌਥੇ ਨੂੰ ‘ ਆਭੋਗ’ ਕਿਹਾ ਜਾਂਦਾ ਹੈ । ਇਸ ਵਿਚ ਸਥਾਈ ਦੇ ਇਕ ਭਾਗ ਨੂੰ ਵਾਰ ਵਾਰ ਦੁਹਰਾਇਆ ਜਾਂਦਾ ਹੈ । ‘ ਧਰੁਵਪਦ’ ਦੋ ਜਾਂ ਤਿੰਨ ਪਦ ਦੇ ਵੀ ਹੁੰਦੇ ਹਨ । ਗਵਾਲੀਅਰ ਦੇ ਰਾਜਾ ਮਾਨ ਸਿੰਘ ਤੋਮਰ ਦੇ ਰਾਜ ਸਮੇਂ ਧਰੁਵਪਦ ਨੇ ਬਹੁਤ ਉੱਨਤੀ ਕੀਤੀ । ਇਸ ਨੂੰ ਆਮ ਤੌਰ ਤੇ ਚੌਤਾਲ , ਆੜਾ ਚੌਤਾਲ , ਸੁਲਫ਼ਾਕ , ਤੀਵਰ ਰੂਪਕ ਆਦਿ ਤਾਲਾਂ ਵਿਚ ਗਾਇਆ ਜਾਂਦਾ ਹੈ । ਤਾਨਸੇਨ ‘ ਧਰੁਵਪਦ’ ਦਾ ਹੀ ਗਾਇਕ ਸੀ ।

                  ਚੌਦਵੀਂ ਸਦੀ ਵਿਚ ਅਮੀਰ ਖੁਸਰੋ ਨੇ ‘ ਖਿਆਲ’ ਜਾਂ ‘ ਖਿਲਾਲ ਗਾਇਕੀ’ ਦਾ ਆਰੰਭ ਕੀਤਾ । ਅਠਾਰ੍ਹਵੀਂ ਸਦੀ ਵਿਚ ਮੁਹੰਮਦਸ਼ਾਹ ਦੇ ਸਮੇਂ ਇਹ ਬਹੁਤ ਹੀ ਉੱਨਤ ਹੋਈ ਇਸਦੇ ਦਰਬਾਰ ਦੇ ਦੋ ਗਾਇਕਾਂ ਅਦਾਰੰਗ ਅਤੇ ਸਦਾਰੰਗ ਨੇ ਸੈਂਕੜੇ ਖਿਆਲਾਂ ਦੀ ਰਚਨਾ ਕੀਤੀ । ਖਿਆਲ ਵਿਚ ਦੋ ਤੁਕ ‘ ਸਥਾਈ’ ਅਤੇ ‘ ਅੰਤਰਾ’ ਹੁੰਦੇ ਹਨ । ਖਿਆਲ ਨੂੰ ਜ਼ਿਆਦਾਤਰ ਇਕਤਾਲ , ਆੜਾ ਚੌਤਾਲ , ਝੂਮਰਾ ਅਤੇ ਤਿਲਵਾੜਾ ਵਿਚ ਗਾਇਆ ਜਾਂਦਾ ਹੈ ।

                  ਠੁਮਰੀ ਵਿਚ ਜ਼ਿਆਦਾਤਰ ਸ਼ਿੰਗਾਰ ਪਦ ਹੁੰਦੇ ਹਨ । ਇਹ ਪੰਜਾਬੀ ਠੇਕਾ , ਦੀਪ ਚੰਦੀ ਆਦਿ ਤਾਲਾਂ ਵਿਚ ਗਾਈ ਜਾਂਦੀ ਹੈ । ਦਾਦਰਾ ਗੀਤ ਜ਼ਿਆਦਾਤਰ ਦਾਦਰਾ ਤਾਲ ਵਿਚ ਗਾਇਆ ਜਾਂਦਾ ਹੈ । ਕਈ ਵਾਰ ਇਸ ਨੂੰ ਕਹਿਰਵਾ ਤਾਲ ਵਿਚ ਵੀ ਗਾਇਆ ਜਾਂਦਾ ਹੈ । ਇਸ ਵਿਚ ‘ ਸਥਾਈ’ ਅਤੇ ‘ ਅੰਤਰਾ’ ਦੋ ਤੁਕਾਂ ਹੁੰਦੀਆਂ ਹਨ । ਟੱਪਾ ਜ਼ਿਆਦਾਤਰ ਪੰਜਾਬੀ ਭਾਸ਼ਾ ਵਿਚ ਮਿਲਦਾ ਹੈ । ਇਸ ਵਿਚ ਵੀ ਸਥਾਈ ਅਤੇ ਅੰਤਰਾ ਦੋ ਤੁਕਾਂ ਹੁੰਦੀਆਂ ਹਨ ।

                  ਚਤੁਰੰਗ ਗੀਤ ਵਿਚ ਚਾਰ ਅੰਗ-ਬੋਲ ਜਾਂ ਸਾਹਿਤ , ਤਰਾਨਾ , ਸਰਗਮ ਅਤੇ ਮਿਰਦੰਗ ਹੁੰਦੇ ਹਨ । ਸਾਰਥ ਸਰਗਮ ਵਿਚ ਸਡਜ , ਰਿਸਭ , ਗਾਂਧਾਰ , ਮਾਧਿਅਮ , ਪੰਚਮ , ਧੈਵਤ , ਨਿਸ਼ਾਦ ਦੇ ਸੰਕੇਤਿਕ ਅੱਖਰਾਂ ਸ , ਰੇ ਗ , ਮ , ਪ , ਧ , ਨਿ ਨੂੰ ਇਸ ਤਰ੍ਹਾਂ ਬੰਨ੍ਹਿਆ ਜਾਂਦਾ ਹੈ ਕਿ ਇਨ੍ਹਾਂ ਦਾ ਕੁਝ ਅਰਥ ਵੀ ਨਿਕਲਦਾ ਹੈ ਜਿਸ ਰਾਗ ਦਾ ਸਰਗਮ ਹੁੰਦਾ ਹੈ ਉਸੇ ਰਾਗ ਦੇ ਸ੍ਵਰ ਵਰਤੇ ਜਾਂਦੇ ਹਨ ।

                  ਸ੍ਵਰ ਸਾਹਿਤ ਆਦਿ ਗੀਤ ਵਿਚ ਸ੍ਵਰ ਦੀ ਬੰਦਿਸ਼ ਹੀ ਹੁੰਦੀ ਹੈ । ਇਸ ਦਾ ਕੋਈ ਅਰਥ ਨਹੀਂ ਹੁੰਦਾ । ਕਈ ਵਾਰ ਤਬਲੇ ਦੇ ਬੋਲ ਜਾਂ ਫ਼ਾਰਸੀ ਜਾਂ ਸੰਸਕ੍ਰਿਤ ਦਾ ਕੋਈ ਪਦ ਇਸ ਵਿਚ ਸ਼ਾਮਲ ਕੀਤਾ ਜਾਂਦਾ ਹੈ । ਇਸ ਤਰ੍ਹਾਂ ਦੇ ਗੀਤਾਂ ਨੂੰ ‘ ਹਿੰਦੁਸਤਾਨੀ ਸੰਗੀਤ’ ਵਿਚ ‘ ਤਰਾਨਾ’ ਅਤੇ ‘ ਕਰਨਾਟਕ ਸੰਗੀਤ’ ਵਿਚ ‘ ਤਿਲਾਨਾ’ ਕਿਹਾ ਜਾਂਦਾ ਹੈ ।

                  ਰਾਗਮਾਲਾ– – ਇਸ ਗੀਤ ਵਿਚ ਇਕ ਹੀ ਗੀਤ ਦੇ ਅਲਗ ਅਲਗ ਪਦ ਅਲਗ ਅਲਗ ਰਾਗਾਂ ਵਿਚ ਬੰਨ੍ਹੇ ਹੁੰਦੇ ਹਨ । ਹਿੰਦੁਸਤਾਨੀ ਸੰਗੀਤ ਵਿਚ ਇਸ ਨੂੰ ਰਾਗ-ਸਾਗਰ ਕਿਹਾ ਜਾਂਦਾ ਹੈ ।

                  ਕੀਰਤਨ ਅਤੇ ਕ੍ਰਿਤੀ ਗੀਤ ਕਰਨਾਟਕ ਸੰਗੀਤ ਵਿਚ ਹੁੰਦੇ ਹਨ । ਇਸ ਦੇ ਪਹਿਲੇ ਭਾਗ ਨੂੰ ਪੱਲਵੀ , ਦੂਜੇ ਨੂੰ ਅਨੁਪੱਲਵੀ ਅਤੇ ਬਾਕੀ ਭਾਗ ਨੂੰ ਚਰਣਮ ਕਹਿੰਦੇ ਹਨ । ਬੰਗਾਲ ਦੇ ਕੀਰਤਨ ‘ ਪ੍ਰਬੰਧ’ ਅਤੇ ‘ ਧਰੁਵਪਦ’ ਤੇ ਆਧਾਰਿਤ ਹੁੰਦੇ ਹਨ । ਬੰਗਾਲ ਦੇ ਕੀਰਤਨ ਨਾਲ ਖੋਲ ਵਜਦਾ ਹੈ । ਇਹ ਇਕ ਤਰ੍ਹਾਂ ਦਾ ਨਾਟਕੀ ਗੀਤ ਹੁੰਦਾ ਹੈ ਜੋ ਸ੍ਰੀ ਕ੍ਰਿਸ਼ਨ ਅਤੇ ਰਾਧਾ ਨਾਲ ਸਬੰਧਤ ਹੁੰਦਾ ਹੈ ।

                  ਮਹਾਂਰਾਸ਼ਟਰ ਵਿਚ ਕੀਰਤਨ ਗਾਨ ਰਾਹੀਂ ਕਥਾ ਕਹੀ ਜਾਂਦੀ ਹੈ ਅਤੇ ਭਜਨ ਗਾਏ ਜਾਂਦੇ ਹਨ । ਭਗਤਾਂ ਦੇ ਪਦਾਂ ਨੂੰ ਜੋ ਤ੍ਰਿਤਾਲ , ਦਾਦਰਾ , ਕਹਿਰਵਾ ਆਦਿ ਤਾਲਾਂ ਵਿਚ ਗਾਏ ਜਾਂਦੇ ਹਨ ਭਜਨ ਕਿਹਾ ਜਾਂਦਾ ਹੈ ।

                  ਹ. ਪੁ.– – ਹਿੰ. ਵਿ. ਕੋ. 3 : 438


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5428, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਗੀਤ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੀਤ : ਸ੍ਵਰ , ਪਦ ਅਤੇ ਤਾਲ ਵਾਲੇ ਗਾਉਣ ਨੂੰ , ਗੀਤ ਕਿਹਾ ਜਾਂਦਾ ਹੈ । ਪ੍ਰਾਚੀਨ ਕਾਲ ਵਿਚ ਜਿਸ ਗਾਉਣ ਨਾਲ ਨਿਰਾਰਥਕ ਸ਼ਬਦਾਂ ਦੀ ਵਰਤੋਂ ਹੁੰਦੀ ਸੀ ਉਸ ਨੂੰ ਨਿਰਗੀਤ ਕਿਹਾ ਜਾਂਦਾ ਸੀ । ਨੌਵੀਂ ਅਤੇ ਦਸਵੀਂ ਸਦੀ ਦੇ ਲਗਭਗ ਸ੍ਵਰ ਅਤੇ ਤਾਲ ਵਿਚ ਬੰਨ੍ਹੇ ਗੀਤਾਂ ਨੂੰ ‘ ਪ੍ਰਬੰਧ’ ਕਿਹਾ ਜਾਣ ਲੱਗਾ । ‘ ਪ੍ਰਬੰਧ’ ਦੇ ਪਹਿਲੇ ਭਾਗ ਨੂੰ ਜਿਸ ਤੋਂ ਗੀਤ ਸ਼ੁਰੂ ਹੁੰਦਾ ਹੈ , ‘ ਉਦਗ੍ਰਾਹ’ ਦੂਜੇ ਨੂੰ ‘ ਮੇਲਾਪਕ’ ਅਤੇ ਤੀਜੇ ਨੂੰ ‘ ਧਰੁਵ’ ਕਿਹਾ ਜਾਂਦਾ ਸੀ । ‘ ਧਰੁਵ’ ਸ਼ਬਦ ਦਾ ਅਰਥ ‘ ਸਥਿਰ’ ਹੈ । ਇਸ ਨੂੰ ਅੱਜਕੱਲ੍ਹ ਦੀ ਭਾਸ਼ਾ ਵਿਚ ‘ ਟੇਕ’ ਕਿਹਾ ਜਾਂਦਾ ਹੈ । ਅੰਤਮ ਭਾਗ ਨੂੰ ‘ ਆਭੋਗ’ ਕਿਹਾ ਜਾਂਦਾ ਸੀ । ਕਈ ਵਾਰੀ ‘ ਆਭੋਗ’ ਅਤੇ ‘ ਧਰੁਵ’ ਦੇ ਵਿਚਕਾਰ ਵੀ ਪਦ ਹੁੰਦਾ ਸੀ ਜਿਸ ਨੂੰ ‘ ਅੰਤਰਾ’ ਕਿਹਾ ਜਾਂਦਾ ਸੀ ।

ਜੈਦੇਵ ਦਾ ‘ ਗੀਤ ਗੋਬਿੰਦ’ , ‘ ਪ੍ਰਬੰਧ’ ਵਿਚ ਲਿਖਿਆ ਹੋਇਆ ਹੈ । ਪ੍ਰਬੰਧ ਗੀਤ ਦਾ ਪ੍ਰਚਾਰ ਲਗਭਗ ਸੌ ਸਾਲ ਤਕ ਰਿਹਾ । ਅੱਜ ਵੀ ਕਈ ਮੰਤਰਾਂ ਵਿਚ ਪੁਰਾਣੇ ‘ ਪ੍ਰਬੰਧ’ ਸੁਣੇ ਜਾਂਦੇ ਹਨ ।

‘ ਪ੍ਰਬੰਧ’ ਤੋਂ ਬਾਅਦ ‘ ਧਰੁਵਪਦ’ ਗੀਤ ਦਾ ਸਮਾਂ ਆਇਆ । ਇਹ ਪ੍ਰਬੰਧ ਦਾ ਹੀ ਰੂਪਾਂਤਰ ਹੈ । ‘ ਧਰੁਵਪਦ’ ਵਿਚ ਪਹਿਲੇ ਪਦ ਨੂੰ ‘ ਸਥਾਈ’ ਦੂਜੇ ਨੂੰ ‘ ਅੰਤਰਾ’ ਤੀਜੇ ਨੂੰ ‘ ਸੰਚਾਰੀ’ ਅਤੇ ਚੋਥੇ ਨੂੰ ‘ ਆਭੋਗ’ ਕਿਹਾ ਜਾਂਦਾ ਹੇ । ਇਸ ਵਿਚ ਸਥਾਈ ਦੇ ਇਕ ਭਾਗ ਨੂੰ ਵਾਰ ਵਾਰ ਦੁਹਰਾਇਆ ਜਾਂਦਾ ਹੈ । ‘ ਧਰੁਵਪਦ’ ਦੋ ਜਾਂ ਤਿੰਨ ਪਦ ਦੇ ਵੀ ਹੁੰਦੇ ਹਨ । ਗਵਾਲੀਅਰ ਦੇ ਰਾਜਾ ਮਾਨ ਸਿੰਘ ਤੋਮਰ ਦੇ ਰਾਜ ਸਮੇਂ ਧਰੁਵਪਦ ਨੇ ਬਹੁਤ ਉੱਨਤੀ ਕੀਤੀ । ਇਸ ਨੂੰ ਆਮ ਤੌਰ ਤੇ ਚੌਤਾਲ , ਆੜਾ ਚੌਤਾਲ , ਸੁਲਫ਼ਾਕ , ਤੀਵਰ ਰੂਪਕ ਆਦਿ ਤਾਲਾਂ ਵਿਚ ਗਾਇਆ ਜਾਂਦਾ ਹੈ । ਤਾਨੇਸਨ ‘ ਧਰੁਵਪਦ’ ਦਾ ਹੀ ਗਾਇਕ ਸੀ ।  

ਚੌਦਵੀਂ ਸਦੀ ਵਿਚ ਅਮੀਰ ਖੁਸਰੋ ਨੇ ‘ ਖਯਾਲ’ ਜਾਂ ‘ ਖਿਆਲ ਗਾਇਕੀ’ ਦਾ ਆਰੰਭ ਕੀਤਾ । ਅਠਾਰ੍ਹਵੀਂ ਸਦੀ ਵਿਚ ਮੁਹੰਮਦ ਸ਼ਾਹ ਦੇ ਸਮੇਂ ਇਹ ਬਹੁਤ ਹੀ ਉੱਨਤ ਹੋਈ । ਉਸ ਦੇ ਦਰਬਾਰ ਦੇ ਦੋ ਗਾਇਕਾਂ ਅਦਾਰੰਗ ਅਤੇ ਸਦਾਰੰਗ ਨੇ ਸੈਂਕੜੇ ਖਿਆਲਾਂ ਦੀ ਰਚਨਾ ਕੀਤੀ । ਖਿਆਲ ਵਿਚ ਦੋ ਤੁਕ ‘ ਸਥਾਈ’ ਅਤੇ ‘ ਅੰਤਰਾ’ ਹੁੰਦੇ ਹਨ । ਖਿਆਲ ਨੂੰ ਜ਼ਿਆਦਾਤਰ ਇਕਤਾਲ , ਆੜਾ ਚੌਤਾਲ , ਝੂਮਰਾ ਅਤੇ ਤਿਲਵਾੜਾ ਵਿਚ ਗਾਇਆ ਜਾਂਦਾ ਹੈ ।

ਠੁਮਰੀ ਵਿਚ ਜ਼ਿਆਦਾਤਰ ਸ਼ਿੰਗਾਰ ਪਦ ਹੁੰਦੇ ਹਨ । ਇਹ ਪੰਜਾਬੀ ਠੇਕਾ , ਦੀਪ ਚੰਦੀ ਆਦਿ ਤਾਲਾਂ ਵਿਚ ਗਾਈ ਜਾਂਦੀ ਹੈ । ਦਾਦਰਾ ਗੀਤ ਜ਼ਿਆਦਾਤਰ ਦਾਦਰਾ ਤਾਲ ਵਿਚ ਗਾਇਆ ਜਾਂਦਾ ਹੈ । ਕਈ ਵਾਰ ਇਸ ਨੂੰ ਕਹਿਰਵਾ ਤਾਲ ਵਿਚ ਵੀ ਗਾਇਆ ਜਾਂਦਾ ਹੈ । ਇਸ ਵਿਚ ‘ ਸਥਾਈ’ ਅਤੇ ‘ ਅੰਤਰਾ’ ਦੋ ਤੁਕਾਂ ਹੁੰਦੀਆਂ ਹਨ । ਟੱਪਾ ਜ਼ਿਆਦਾਤਰ ਪੰਜਾਬੀ ਭਾਸ਼ਾ ਵਿਚ ਮਿਲਦਾ ਹੈ । ਇਸ ਵਿਚ ਵੀ ਸਥਾਈ ਅਤੇ ਅੰਤਰਾ ਦੋ ਤੁਕਾਂ ਹੁੰਦੀਆਂ ਹਨ ।

ਚਤੁਰੰਗ ਗੀਤ ਵਿਚ ਚਾਰ ਅੰਗ-ਬੋਲ ਜਾਂ ਸਾਹਿਤ , ਤਰਾਨਾ , ਸਰਗਮ ਅਤੇ ਮਿਰਦੰਗ ਹੁੰਦੇ ਹਨ । ਸਾਰਥ ਸਰਗਮ ਵਿਚ ਸ਼ੜਜ , ਰਿਸ਼ਭ , ਗਾਂਧਾਰ , ਮਾਧਿਅਮ , ਪੰਚਮ , ਧੈਵਤ , ਨਿਸ਼ਾਦ ਦੇ ਸੰਕੇਤਕ ਅੱਖਰਾਂ ਸ , ਰੇ , ਗ , ਮ , ਪ , ਧ , ਨੀ , ਨੂੰ ਇਸ ਤਰ੍ਹਾਂ ਬੰਨ੍ਹਿਆ ਜਾਂਦਾ ਹੈ ਕਿ ਇਨ੍ਹਾਂ ਦਾ ਕੁਝ ਅਰਥ ਵੀ ਨਿਕਲਦਾ ਹੈ । ਜਿਸ ਰਾਗ ਦਾ ਸਰਗਮ ਹੁੰਦਾ ਹੈ ਉਸੇ ਰਾਗ ਦੇ ਸ੍ਵਰ ਵਰਤੇ ਜਾਂਦੇ ਹਨ ।

ਸ੍ਵਰ ਸਾਹਿਤ ਆਦਿ ਗੀਤ ਵਿਚ ਸ੍ਵਰ ਦੀ ਬੰਦਿਸ਼ ਹੀ ਹੁੰਦੀ ਹੈ । ਇਸ ਦਾ ਕੋਈ ਅਰਥ ਨਹੀਂ ਹੁੰਦਾ । ਕਈ ਵਾਰ ਤਬਲੇ ਦੇ ਬੋਲ ਜਾਂ ਫ਼ਾਰਸੀ ਜਾਂ ਸੰਸਕ੍ਰਿਤ ਦਾ ਕੋਈ ਪਦ ਇਸ ਵਿਚ ਸ਼ਾਮਲ ਕੀਤਾ ਜਾਂਦਾ ਹੈ । ਇਸ ਤਰ੍ਹਾਂ ਦੇ ਗੀਤਾਂ ਨੁੂੰ ‘ ਹਿੰਦੁਸਤਾਨੀ ਸੰਗੀਤ’ ਵਿਚ ‘ ਤਰਾਨਾ’ ਅਤੇ ‘ ਕਰਨਾਟਕ ਸੰਗੀਤ’ ਵਿਚ ‘ ਤਿਲਾਨਾ’ ਕਿਹਾ ਜਾਂਦਾ ਹੈ ।

ਰਾਗਮਾਲਾ-ਗੀਤ ਵਿਚ ਇਕ ਗੀਤ ਦੇ ਅਲਗ ਅਲਗ ਪਦ ਅਲਗ ਅਲਗ ਰਾਗਾਂ ਬੰਨ੍ਹੇ ਹੁੰਦੇ ਹਨ । ਹਿੰਦੁਸਤਾਨੀ ਸੰਗੀਤ ਵਿਚ ਇਸ ਨੂੰ ਰਾਗ-ਸਾਗਰ ਕਿਹਾ ਜਾਂਦਾ ਹੈ ।

ਕੀਰਤਨ ਅਤੇ ਕ੍ਰਿਤੀ ਗੀਤ ਕਰਨਾਟਕ ਸੰਗੀਤ ਵਿਚ ਹੁੰਦੇ ਹਨ । ਇਸ ਦੇ ਪਹਿਲੇ ਭਾਗ ਨੂੰ ਪੱਲਵੀ , ਦੂਜੇ ਨੂੰ ਅਨੁਪੱਲਵੀ ਅਤੇ ਬਾਕੀ ਭਾਗ ਨੁੂੰ ਚਰਣਮ ਕਹਿੰਦੇ ਹਨ । ਬੰਗਾਲ ਦੇ ਕੀਰਤਨ ‘ ਪ੍ਰਬੰਧ’ ਅਤੇ ‘ ਧਰੁਵਪਦ’ ਤੇ ਆਧਾਰਿਤ ਹੁੰਦੇ ਹਨ । ਬੰਗਾਲ ਦੇ ਕੀਰਤਨ ਨਾਲ ਖੋਲ ਵਜਦਾ ਹੈ । ਇਹ ਇਕ ਤਰ੍ਹਾਂ ਦਾ ਨਾਟਕੀ ਗੀਤ ਹੁੰਦਾ ਹੈ ਜੋ ਸ੍ਰੀ ਕ੍ਰਿਸ਼ਨ ਅਤੇ ਰਾਧਾ ਨਾਲ ਸਬੰਧਤ ਹੁੰਦਾ ਹੈ ।

ਮਹਾਰਾਸ਼ਟਰ ਵਿਚ ਕੀਰਤਨ ਗਾਨ ਰਾਹੀ ਕਥਾ ਕਹੀ ਜਾਂਦੀ ਹੈ ਅਤੇ ਭਜਨ ਗਾਏ ਜਾਂਦੇ ਹਨ । ਭਗਤਾਂ ਦੇ ਪਦਾਂ ਨੂੰ ਜੋ ਤ੍ਰਿਤਾਲ , ਦਾਦਰਾ , ਕਹਿਰਵਾ ਆਦਿ ਤਾਲਾਂ ਵਿਚ ਗਾਏ ਜਾਂਦੇ ਹਨ , ਭਜਨ ਕਿਹਾ ਜਾਂਦਾ ਹੈ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 341, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-02-01-51, ਹਵਾਲੇ/ਟਿੱਪਣੀਆਂ: ਹ. ਪੁ. -ਹਿੰ. ਵਿ. ਕੋ. 3 : 438

ਵਿਚਾਰ / ਸੁਝਾਅ

Very good


Krishan Singh, ( 2018/08/31 09:3743)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.