ਗੁਜਰੀ ਮਾਤਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਜਰੀ ਮਾਤਾ1. ਕਰਤਾਰਪੁਰ ਨਿਵਾਸੀ ਲਾਲਚੰਦ ਸੁਭਿਖੀਏ ਖਤ੍ਰੀ ਦੀ, ਮਾਤਾ ਬਿਸਨਕੌਰ ਦੇ ਉਦਰ ਤੋਂ ਉਪਜੀ ਬੇਟੀ, ਜਿਸ ਦਾ ਵਿਆਹ ੧੫ ਅੱਸੂ ਸੰਮਤ ੧੬੮੬ ਨੂੰ ਕਰਤਾਰਪੁਰ ਵਿੱਚ ਗੁਰੂ ਤੇਗ ਬਹਾਦੁਰ ਜੀ ਨਾਲ ਹੋਇਆ, ਅਤੇ ਜਿਸ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਹੋਣ ਦਾ ਮਾਨ ਪ੍ਰਾਪਤ ਕੀਤਾ.

 

ਜਿਸ ਵੇਲੇ ਛੋਟੇ ਸਾਹਿਬਜ਼ਾਦੇ ਤੁਰਕਾਂ ਦੇ ਫੜੇ ਹੋਏ ਸਰਹਿੰਦ ਪਹੁਚੇ ਹਨ, ਤਦ ਮਾਤਾ ਜੀ ਨਾਲ ਸਨ. ਪੋਤਿਆਂ ਦਾ ਸ਼ਹੀਦ ਹੋਣਾ ਸੁਣਕੇ ੧੩ ਪੋਹ ਸੰਮਤ ੧੭੬੧ ਨੂੰ ਆਪ ਦੇਹ ਤ੍ਯਾਗਕੇ ਗੁਰਪੁਰਿ ਪਧਾਰੇ. ਜਿਸ ਬੁਰਜ ਵਿੱਚ ਮਾਤਾ ਜੀ, ਬਾਬਾ ਜ਼ੋਰਾਵਰ ਸਿੰਘ ਅਤੇ ਫ਼ਤੇ ਸਿੰਘ ਜੀ ਨਜਰਬੰਦ ਰਹੇ ਸਨ, ਉਸ ਦਾ ਨਾਉਂ ਹੁਣ “ਮਾਤਾ ਗੁਜਰੀ ਦਾ ਬੁਰਜ” ਹੈ. ਆਪ ਦੀ ਸਮਾਧਿ ਗੁਰਦ੍ਵਾਰਾ ਜੋਤਿਸਰੂਪ ਪਾਸ ਹੈ. ਦੇਖੋ, ਸਰਹਿੰਦ ਅਤੇ ਫਤੇਗੜ੍ਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 547, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਜਰੀ ਮਾਤਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੁਜਰੀ, ਮਾਤਾ : ਇਹ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਸਨ। ਇਨ੍ਹਾਂ ਦਾ ਜਨਮ ਕਰਤਾਰਪੁਰ ਦੇ ਨਿਵਾਸੀ ਲਾਲਚੰਦ ਸੁਭਿਖੀਏ ਖੱਤਰੀ ਦੇ ਘਰ ਮਾਤਾ ਬਿਸ਼ਨ ਕੌਰ ਦੀ ਕੁੱਖੋਂ ਹੋਇਆ। 15 ਅੱਸੂ, ਸੰਮਤ 1686 ਨੂੰ ਇਨ੍ਹਾਂ ਦਾ ਵਿਆਹ ਗੁਰੂ ਤੇਗ ਬਹਾਦਰ ਜੀ ਨਾਲ ਕਰਤਾਰਪੁਰ ਵਿਖੇ ਹੋਇਆ। ਇਨ੍ਹਾਂ ਦੀ ਕੁੱਖੋਂ 23 ਪੋਹ ਸੁਦੀ ਸੱਤੇਂ ਸੰਮਤ 1723 ਨੂੰ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ।

          ਜਦ ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਤੁਰਕਾਂ ਦੀ ਕੈਦ ਵਿਚ ਸਰਹੰਦ ਪਹੁੰਚੇ ਤਾਂ ਉਸ ਵੇਲੇ ਮਾਤਾ ਜੀ ਵੀ ਉਨ੍ਹਾਂ ਨਾਲ ਸਨ। ਆਪਣੇ ਪੋਤਰਿਆਂ ਦੀ ਸ਼ਹੀਦੀ ਬਾਰੇ ਸੁਣ ਕੇ ਇਨ੍ਹਾਂ ਨੇ 13 ਪੋਹ ਸੰਮਤ 1761 ਨੂੰ ਆਪਣਾ ਸਰੀਰ ਤਿਆਗ ਦਿਤਾ।

          ਜਿਸ ਬੁਰਜ ਵਿਚ ਮਾਤਾ ਜੀ ਆਪਣੇ ਪੋਤਰਿਆਂ ਨਾਲ ਕੈਦ ਸਨ ਉਸ ਬੁਰਜ ਨੂੰ ਹੁਣ ‘ਮਾਤਾ ਗੁਜਰੀ ਦਾ ਬੁਰਜ’ ਕਿਹਾ ਜਾਂਦਾ ਹੈ। ਇਨ੍ਹਾਂ ਦੀ ਸਮਾਧ ਗੁਰੂਦੁਆਰਾ ਜੋਤੀ-ਸਰੂਪ ਕੋਲ ਹੈ।

          ਹ. ਪੁ.––ਮ. ਕੋ. 411; ਸੰ. ਕੋ. 179


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 548, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਗੁਜਰੀ ਮਾਤਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੁਜਰੀ, ਮਾਤਾ : ਇਹ ਸ੍ਰੀ ਤੇਗ ਬਹਾਦਰ ਜੀ ਦੀ ਪਤਨੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਸਨ। ਇਨ੍ਹਾਂ ਦੇ ਪਿਤਾ ਦਾ ਨਾਂ ਸ੍ਰੀ ਲਾਲ ਚੰਦ (ਸੁਭਿਖੀਏ ਖੱਤਰੀ)

ਅਤੇ ਮਾਤਾ ਦਾ ਨਾਂ ਮਾਤਾ ਬਿਸ਼ਨ ਕੌਰ ਸੀ । ਮਾਤਾ ਗੁਜਰੀ ਜੀ ਦੇ ਮਾਤਾ ਪਿਤਾ ਕਰਤਾਰਪੁਰ ਦੇ ਵਸਨੀਕ ਸਨ। ਇਨ੍ਹਾਂ ਦਾ ਵਿਆਹ 15 ਅੱਸੂ, ਸੰਮਤ 1686 ਨੂੰ ਕਰਤਾਰਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਹੋਇਆ।

ਜਦ ਗੰਗੂ ਦੀ ਗ਼ਦਾਰੀ ਕਾਰਨ ਤੁਰਕਾਂ ਨੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਸਰਹਿੰਦ ਵਿਖੇ ਲਿਆਂਦਾ ਤਾਂ ਉਸ ਸਮੇਂ ਮਾਤਾ ਜੀ ਵੀ ਉਨ੍ਹਾਂ ਦੇ ਨਾਲ ਸਨ। ਜਦ ਇਨ੍ਹਾਂ ਨੇ ਮਾਸੂਮ ਪੋਤਰਿਆਂ ਦੇ ਸ਼ਹੀਦ ਹੋਣ ਦੀ ਖ਼ਬਰ ਸੁਣੀ ਤਾਂ (13 ਪੋਹ, ਸੰਮਤ 1761) (1704 ਈ.) ਆਪ ਨੇ ਵੀ ਦਸਮ ਦੁਆਰ ਰਾਹੀਂ ਆਪਣੇ ਸੁਆਸ ਤਿਆਗ ਦਿੱਤੇ। ਜਿਸ ਠੰਡੇ ਬੁਰਜ ਵਿਚ ਮਾਤਾ ਜੀ ਸਾਹਿਬਜ਼ਾਦਿਆਂ ਸਮੇਤ ਕੈਦ ਰਹੇ ਸਨ ਹੁਣ ਉਸ ਨਾਂ ‘ਮਾਤਾ ਗੁਜਰੀ ਜੀ ਦਾ ਬੁਰਜ’ ਹੈ। ਆਪ ਦੀ ਸਮਾਧ ਗੁਰਦੁਆਰਾ ਜੋਤੀ ਸਰੂਪ ਪਾਸ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 506, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-03-01-00, ਹਵਾਲੇ/ਟਿੱਪਣੀਆਂ: ਹ. ਪੁ. - ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.