ਗੁਰਦਿਆਲ ਸਿੰਘ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਰਦਿਆਲ ਸਿੰਘ : ਗਿਆਨ ਪੀਠ ਅਤੇ ਪਦਮ ਸ਼੍ਰੀ ਨਾਲ ਸਨਮਾਨਿਤ ਗੁਰਦਿਆਲ ਸਿੰਘ ਪੰਜਾਬੀ ਦਾ ਸਿਰਮੌਰ ਨਾਵਲਕਾਰ ਹੈ । ਉਸ ਨੂੰ ਭਾਰਤ ਦੇ ਸਰਬ-ਉੱਚ ਸਾਹਿਤਿਕ ਸਨਮਾਨ ਗਿਆਨ ਪੀਠ ਨਾਲ ਸਨਮਾਨਿਆ ਗਿਆ ਹੈ । ਗੁਰਦਿਆਲ ਸਿੰਘ ਨੇ ਇੱਕ ਤੋਂ ਵੱਧ ਸਾਹਿਤ ਵਿਧਾਵਾਂ ਵਿੱਚ ਰਚਨਾ ਕੀਤੀ , ਜਿਨ੍ਹਾਂ ਵਿੱਚ ਨਾਵਲ , ਕਹਾਣੀ , ਨਾਟਕ , ਵਾਰਤਕ ਅਤੇ ਸ੍ਵੈਜੀਵਨੀਆਂ ਸ਼ਾਮਲ ਹਨ ਪਰ ਇੱਕ ਨਾਵਲਕਾਰ ਵਜੋਂ ਉਹ ਵਧੇਰੇ ਪ੍ਰਸਿੱਧ ਹੈ ।

        ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ 1933 ਨੂੰ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਭੈਣੀ ਫਤਹਿ ਵਿੱਚ ਪਿਤਾ ਸ. ਜਗਤ ਸਿੰਘ ਅਤੇ ਮਾਤਾ ਸਰਦਾਰਨੀ ਨਿਹਾਲ ਕੌਰ ਦੇ ਘਰ ਹੋਇਆ । ਇੱਕ ਗ਼ਰੀਬ ਪਰਿਵਾਰ ਵਿੱਚ ਪੈਦਾ ਹੋਣ ਕਾਰਨ ਉਸ ਨੂੰ ਜ਼ਿੰਦਗੀ ਵਿੱਚ ਅਨੇਕ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ । ਕਮਜ਼ੋਰ ਸਿਹਤ ਅਤੇ ਗ਼ਰੀਬੀ ਕਾਰਨ ਉਸ ਨੂੰ ਆਪਣੀ ਪੜ੍ਹਾਈ ਵਿੱਚ ਹੀ ਛੱਡਣੀ ਪਈ । ਪੜ੍ਹਾਈ ਛੱਡਣ ਤੋਂ ਬਾਅਦ ਉਸ ਨੇ ਪੂਰੇ ਅੱਠ ਸਾਲ ਸਖ਼ਤ ਮਿਹਨਤ ਕੀਤੀ । ਇਸੇ ਦੌਰਾਨ ਆਪਣੇ ਇੱਕ ਅਧਿਆਪਕ ਸ਼੍ਰੀ ਮਦਨ ਮੋਹਨ ਸ਼ਰਮਾ ਦੀ ਹੱਲਾਸ਼ੇਰੀ ਕਾਰਨ ਦੁਬਾਰਾ ਪੜ੍ਹਨਾ ਅਰੰਭ ਕੀਤਾ । ਪਹਿਲਾਂ ਦਸਵੀਂ , ਫੇਰ ਗਿਆਨੀ ਅਤੇ ਅੰਤ ਐਮ.ਏ. ਕਰਨ ਤੋਂ ਬਾਅਦ ਸਕੂਲ ਵਿੱਚ ਅਧਿਆਪਕ ਲੱਗ ਗਿਆ ਅਤੇ ਤਰੱਕੀ ਕਰਦੇ-ਕਰਦੇ ਪਹਿਲਾਂ ਕਾਲਜ ਅਧਿਆਪਕ ਅਤੇ ਫਿਰ ਯੂਨੀਵਰਸਿਟੀ ਦਾ ਪ੍ਰੋਫ਼ੈਸਰ ਬਣਿਆ । ਗੁਰਦਿਆਲ ਸਿੰਘ ਦਾ ਵਿਆਹ 14 ਸਾਲ ਦੀ ਉਮਰ ਵਿੱਚ ਬੀਬੀ ਬਲਵੰਤ ਕੌਰ ਨਾਲ ਹੋਇਆ ਅਤੇ ਉਹ ਇੱਕ ਪੁੱਤਰ ਅਤੇ ਦੋ ਧੀਆਂ ਦਾ ਪਿਤਾ ਬਣਿਆ । ਪਰ ਸਾਰੀ ਉਮਰ ਉਹ ਸ਼ਹਿਰੀ ਤੜਕ-ਭੜਕ ਤੋਂ ਦੂਰ ਆਪਣੇ ਨਿੱਕੇ ਜਿਹੇ ਕਸਬੇ ਜੈਤੋਂ ਵਿੱਚ ਸਾਹਿਤ ਸਿਰਜਣਾ ਵਿੱਚ ਮਗਨ ਰਿਹਾ ।

        ਗੁਰਦਿਆਲ ਸਿੰਘ ਦੀ ਪਹਿਲੀ ਰਚਨਾ ਇੱਕ ਕਹਾਣੀ ਸੀ , ਜੋ ‘ ਭਾਗਾਂ ਵਾਲੇ` ਸਿਰਲੇਖ ਹੇਠ 1957 ਵਿੱਚ ਪੰਜ ਦਰਿਆ ਪਰਚੇ ਵਿੱਚ ਛਪੀ । ਪਹਿਲੀ ਕਿਤਾਬ 1960 ਵਿੱਚ ਬਕਲਮ ਖ਼ੁਦ ਛਪੀ , ਜਿਸ ਵਿਚਲੀਆਂ ਬਹੁਤੀਆਂ ਕਹਾਣੀਆਂ ਬੱਚਿਆਂ ਲਈ ਸਨ । ਹੁਣ ਤੱਕ ਦੀ ਆਖ਼ਰੀ ਕਿਤਾਬ ਡਗਮਗ ਛਾਡਿ ਰੇ ਮਨ ਬਉਰਾ ਹੈ , ਜੋ 2004 ਵਿੱਚ ਛਪੀ ਹੈ । 1960 ਤੋਂ 2004 ਤੱਕ ਉਸ ਨੇ ਤੇਰਾਂ ਕਹਾਣੀ-ਸੰਗ੍ਰਹਿ , ਨੌਂ ਨਾਵਲ , ਤਿੰਨ ਨਾਟਕ , ਛੇ ਵਾਰਤਕ ਪੁਸਤਕਾਂ ਅਤੇ ਨੌਂ ਬਾਲ ਕਹਾਣੀ-ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ ।

        ਤੀਹ ਦੇ ਕਰੀਬ ਅਹਿਮ ਪੁਸਤਕਾਂ ( ਇਹਨਾਂ ਵਿੱਚ ਗੋਰਕੀ ਦੀ ਸ੍ਵੈਜੀਵਨੀ , ਮੇਰਾ ਬਚਪਨ , ਕ੍ਰਿਸ਼ਨਾ ਸੋਬਤੀ ਦਾ ਜ਼ਿੰਦਗੀਨਾਮਾ ਸ਼ਾਮਲ ਹਨ ) ਦਾ ਪੰਜਾਬੀ ਵਿੱਚ ਅਨੁਵਾਦ ਕਰਨ ਵਾਲੇ ਇਸ ਲੇਖਕ ਨੂੰ ਬਹੁਤ ਸਾਰੇ ਸਨਮਾਨ ਤੇ ਪੁਰਸਕਾਰ ਮਿਲੇ ਹਨ । ਇਹਨਾਂ ਵਿੱਚ ਗਿਆਨਪੀਠ ਤੋਂ ਇਲਾਵਾ ਰਾਸ਼ਟਰਪਤੀ ਵੱਲੋਂ ਪਦਮ ਸ਼੍ਰੀ , ਭਾਰਤੀ ਸਾਹਿਤ ਅਕਾਦਮੀ ਵੱਲੋਂ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਅਤੇ ਭਾਸ਼ਾ ਵਿਭਾਗ ਵੱਲੋਂ ਨਾਨਕ ਸਿੰਘ ਨਾਵਲਕਾਰ ਪੁਰਸਕਾਰ ਸ਼ਾਮਲ ਹਨ ।

        ਗੁਰਦਿਆਲ ਸਿੰਘ ਦਾ ਪਹਿਲਾ ਨਾਵਲ ਮੜ੍ਹੀ ਦਾ ਦੀਵਾ ( 1964 ) ਹੈ । ਸੰਸਾਰ ਪੱਧਰ ਤੇ ਪ੍ਰਸਿੱਧ ਹੋਏ ਇਸ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਆਧੁਨਿਕ ਭਾਰਤੀ ਕਲਾਸਿਕ ਵਜੋਂ ਪ੍ਰਵਾਨਿਆ । ਇਸ ਨਾਵਲ ਨੂੰ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰ ਕੇ ਛਾਪਿਆ ਗਿਆ । ਰੂਸੀ ਭਾਸ਼ਾ ਵਿੱਚ ਇਹ ਚਾਰ ਲੱਖ ਦੀ ਗਿਣਤੀ ਵਿੱਚ ਛਪਿਆ । ਇਸ ਤੇ ਇੱਕ ਫ਼ਿਲਮ ਬਣੀ , ਜਿਸ ਨੂੰ 1990 ਦਾ ਖੇਤਰੀ ਭਾਸ਼ਾ ਫ਼ਿਲਮ ਦਾ ਸਰਬੋਤਮ ਪੁਰਸਕਾਰ ਪ੍ਰਾਪਤ ਹੋਇਆ । ਪੰਜਾਬੀ ਦਾ ਇਹ ਪਹਿਲਾ ਆਂਚਲਿਕ ਨਾਵਲ ਹੈ । ਇਸ ਵਿੱਚ ਲੇਖਕ ਨੇ ਪਿੰਡ ਦੇ ਬਦਲਦੇ ਵਾਤਾਵਰਨ ਵਿੱਚ ਪੁਰਾਣੀਆਂ ਅਤੇ ਨਵੀਆਂ ਕਦਰਾਂ ਦੇ ਆਪਸੀ ਟਕਰਾਅ ਨੂੰ ਪੇਸ਼ ਕੀਤਾ ਹੈ । ਇਹ ਟਕਰਾਅ ਪਿੰਡ ਦੇ ਗ਼ਰੀਬ ਤੇ ਦਲਿਤ ਲੋਕਾਂ ਦੇ ਜੀਵਨ ਨੂੰ ਕਿਵੇਂ ਅਤੇ ਕਿਉਂ ਪ੍ਰਭਾਵਿਤ ਕਰਦਾ ਹੈ , ਇਸੇ ਨੂੰ ਸਮਝਣ ਅਤੇ ਪੇਸ਼ ਕਰਨ ਦੀ ਕੋਸ਼ਿਸ਼ ਗੁਰਦਿਆਲ ਸਿੰਘ ਦੇ ਨਾਵਲੀ ਜਗਤ ਦਾ ਮੁੱਖ ਵਿਸ਼ਾ ਹੈ ।

        ਸਾਹਿਤ ਅਕਾਦਮੀ ਦੁਆਰਾ ਸਨਮਾਨਿਤ ਨਾਵਲ ਅੱਧ ਚਾਨਣੀ ਰਾਤ ( 1972 ) ਵਿੱਚ ਇਸ ਟਕਰਾਅ ਦਾ ਤੀਬਰ ਰੂਪ ਵੇਖਿਆ ਜਾ ਸਕਦਾ ਹੈ । ਇਹ ਨਾਵਲ ਪਿੰਡ ਦੀ ਨਿਮਨ ਕਿਰਸਾਣੀ ਦੇ ਦੁਖਾਂਤ ਨੂੰ ਚਿਤਰਦਾ ਹੈ । ਇਸ ਨਾਵਲ ਵਿੱਚ ਚੰਗੇ ਲੋਕ ਹਾਰਦੇ ਹਨ ਅਤੇ ਮਾੜੇ ਜਿੱਤਦੇ ਹਨ । ਚੰਗੇ ਉਹ ਹਨ ਜਿਹੜੇ ਪਰੰਪਰਿਕ ਕਦਰਾਂ-ਕੀਮਤਾਂ ਨਾਲ ਜੁੜੇ ਹੋਏ ਹਨ ਅਤੇ ਮਾੜੇ ਉਹ ਜਿਹੜੇ ਇਹਨਾਂ ਕਦਰਾਂ-ਕੀਮਤਾਂ ਨੂੰ ਛੱਡ ਸਵਾਰਥੀ ਬਣ ਚੁੱਕੇ ਹਨ । ਆਸ ਦੀ ਕੋਈ-ਕੋਈ ਤੰਦ ਨਜ਼ਰ ਤਾਂ ਪੈਂਦੀ ਹੈ , ਪਰ ਕਿਸੇ ਸੁਚੱਜੇ ਜੀਵਨ ਸਿਧਾਂਤ ਦੀ ਅਣਹੋਂਦ ਵਿੱਚ ਉਸ ਦੇ ਵੀ ਮਿਟ ਜਾਣ ਦਾ ਡਰ ਹੈ । ਅਣਹੋਏ , ਕੁਵੇਲਾ , ਅੰਨ੍ਹੇ ਘੋੜੇ ਦਾ ਦਾਨ , ਆਥਣ-ਉੱਗਣ ਆਦਿ ਨਾਵਲਾਂ ਵਿੱਚ ਇਸੇ ਟਕਰਾਅ ਨੂੰ ਬਦਲਵੀਆਂ ਕਥਾਵਾਂ ਰਾਹੀਂ ਪੇਸ਼ ਕੀਤਾ ਗਿਆ ਹੈ ।

        ਅਸਲ ਵਿੱਚ ਨਾਵਲਕਾਰ ਇੱਕ ਅਜਿਹੇ ਜੀਵਨ-ਢੰਗ ਦੀ ਤਲਾਸ਼ ਵਿੱਚ ਹੈ , ਜਿਸ ਵਿੱਚ ਪਰੰਪਰਾ ਅਤੇ ਆਧੁਨਿਕਤਾ ਦੋਵਾਂ ਦਾ ਸੁਮੇਲ ਹੋਵੇ । ਆਪਣੇ ਬਹੁ- ਚਰਚਿਤ ਨਾਵਲ ਪਰਸਾ ਰਾਹੀਂ ਉਹ ਅਜਿਹੀ ਹੀ ਜੀਵਨ ਵਿਧੀ ਦੀ ਸਥਾਪਨਾ ਕਰਦਾ ਹੈ । ਨਾਵਲ ਦਾ ਮੁੱਖ ਪਾਤਰ ਪਰਸਾ ਪਰੰਪਰਾ ਅਤੇ ਆਧੁਨਿਕਤਾ ਦੋਵਾਂ ਵਿੱਚੋਂ ਉੱਤਮ ਮੁੱਲਾਂ ਦੀ ਰੱਖਿਆ ਅਤੇ ਵੇਲਾ ਵਿਹਾ ਚੁੱਕੇ ਮੁੱਲਾਂ ਦੀ ਵਿਰੋਧਤਾ ਕਰਦਾ ਹੈ । ਉਹ ਨਾ ਤਾਂ ਪਰੰਪਰਾ ਪ੍ਰਤਿ ਭਾਵੁਕ ਹੈ ਅਤੇ ਨਾ ਆਧੁਨਿਕਤਾ ਪ੍ਰਤਿ ਉਲਾਰ । ਉਸ ਲਈ ਵਿਅਕਤੀ ਨਹੀਂ ਸਗੋਂ ਕਦਰਾਂ-ਕੀਮਤਾਂ ਮਹੱਤਵਪੂਰਨ ਹਨ ।

        ਗੁਰਦਿਆਲ ਸਿੰਘ ਨਾਵਲਕਾਰ ਦੇ ਨਾਲ-ਨਾਲ ਇੱਕ ਮਹੱਤਵਪੂਰਨ ਕਹਾਣੀਕਾਰ ਵੀ ਹੈ । ਬਦਲਦੇ ਸੱਭਿਆਚਾਰ ਵਿੱਚ ਮਨੁੱਖੀ ਰਿਸ਼ਤੇ ਕਿਸ ਤਰ੍ਹਾਂ ਰੰਗ ਵਟਾਉਂਦੇ ਹਨ , ਇਸ ਵਿਸ਼ੇ ਨੂੰ ਗੁਰਦਿਆਲ ਸਿੰਘ ਨੇ ਆਪਣੀਆਂ ਕਹਾਣੀਆਂ ਦਾ ਆਧਾਰ ਬਣਾਇਆ ਹੈ । ਸੱਗੀ ਫੁੱਲ ( 1962 ) , ਓਪਰਾ ਮਨੁੱਖ ( 1965 ) , ਕੁੱਤਾ ਤੇ ਆਦਮੀ ( 1972 ) , ਚੋਣਵੀਆਂ ਕਹਾਣੀਆਂ ( 1988 ) , ਕਰੀਰ ਦੀ ਢਿੰਗਰੀ ( 1991 ) ਉਸ ਦੇ ਪ੍ਰਮੁੱਖ ਕਹਾਣੀ-ਸੰਗ੍ਰਹਿ ਹਨ ।

        ਗੁਰਦਿਆਲ ਸਿੰਘ ਦੀ ਸ਼ਖ਼ਸੀਅਤ ਦਾ ਇੱਕ ਹੋਰ ਅਹਿਮ ਪਹਿਲੂ ਉਸ ਦੁਆਰਾ ਲਿਖੇ ਲੇਖਾਂ ਨਾਲ ਸੰਬੰਧਿਤ ਹੈ । ਇਹਨਾਂ ਲੇਖਾਂ ਰਾਹੀਂ ਉਸ ਨੇ ਸਮਾਜ ਵਿੱਚ ਆ ਰਹੀਆਂ ਗੰਭੀਰ ਤਬਦੀਲੀਆਂ ਤੇ ਹੀ ਕਿੰਤੂ ਨਹੀਂ ਕੀਤਾ ਸਗੋਂ ਨਵੇਂ ਬਦਲ ਵੀ ਸੁਝਾਏ ਹਨ । ਸਤਯੁਗ ਦੇ ਆਉਣ ਤੱਕ ( 2002 ) ਅਤੇ ਡਗਮਗ ਛਾਡਿ ਰੇ ਮਨ ਬਉਰਾ ( 2004 ) ਅਜਿਹੇ ਹੀ ਲੇਖਾਂ ਦੇ ਸੰਗ੍ਰਹਿ ਹਨ ।

        ਅੱਜ ਦੇ ਸਮੇਂ ਵਿੱਚ ਬਹੁਤ ਥੋੜ੍ਹੇ ਲੇਖਕ ਅਜਿਹੇ ਹਨ , ਜਿਨ੍ਹਾਂ ਦੀ ਲਿਖਤ ਨੇ ਵੱਡਿਆਂ ਅਤੇ ਬੱਚਿਆਂ ਦੋਵਾਂ ਨੂੰ ਇੱਕੋ ਜਿੰਨਾ ਪ੍ਰਭਾਵਿਤ ਕੀਤਾ ਹੋਵੇ । ਇਸ ਪ੍ਰਸੰਗ ਵਿੱਚ ਗੁਰਦਿਆਲ ਸਿੰਘ ਦੀ ਲਿਖਤ ਏਨੀ ਸਹਿਜ ਤੇ ਸਮਰੱਥ ਹੈ ਕਿ ਇਸ ਨੂੰ ਹਰ ਉਮਰ ਦਾ ਪਾਠਕ ਰੀਝ ਨਾਲ ਪੜ੍ਹਦਾ ਤੇ ਮਾਣਦਾ ਹੈ । ਬੱਚਿਆਂ ਲਈ ਰਚਿਤ ਪੁਸਤਕਾਂ ਵਿੱਚ ਉਹਨਾਂ ਵਿਭਿੰਨ ਪ੍ਰਕਾਰ ਦੀ ਜਾਣਕਾਰੀ ਨੂੰ ਰੋਚਕ ਢੰਗ ਨਾਲ ਪੇਸ਼ ਕੀਤਾ ਹੈ । ਉਦਾਹਰਨ ਵਜੋਂ ਪੁਸਤਕ ਮਹਾਂਭਾਰਤ ( 1990 ) ਰਾਹੀਂ ਉਹ ਬਾਲ-ਮਨ ਨੂੰ ਪੁਰਾਤਨ ਭਾਰਤੀ ਕਥਾ ਨਾਲ ਜੋੜ ਕੇ ਧਰਮ ਅਤੇ ਅਧਰਮ ਦੀ ਸੋਝੀ ਦਿੰਦਾ ਹੈ । ਇਸੇ ਤਰ੍ਹਾਂ ਧਰਤ ਸੁਹਾਵੀ ( 1989 ) ਪੁਸਤਕ ਰਾਹੀਂ ਸੰਸਾਰ ਦੀ ਉਤਪਤੀ ਅਤੇ ਇਸਦੇ ਵਿਕਾਸ ਸੰਬੰਧੀ ਜਾਣਕਾਰੀ ਦਿੱਤੀ ਹੈ । ਟੁੱਕ ਖੋਹ ਲਏ ਕਾਵਾਂ ( 1964 ) , ਲਿਖਤੁਮ ਬਾਬਾ ਖ਼ੇਮਾ ( 1971 ) , ਗੱਪੀਆਂ ਦਾ ਪਿਓ ( 1989 ) ਬੱਚਿਆਂ ਲਈ ਲਿਖੀਆਂ ਕੁਝ ਹੋਰ ਪੁਸਤਕਾਂ ਹਨ ।

        ਨਿਆਣ ਮੱਤੀਆਂ ( 1999 ) ਅਤੇ ਦੂਜੀ ਦੇਹੀ ( 2000 ) ਗੁਰਦਿਆਲ ਸਿੰਘ ਦੁਆਰਾ ਰਚਿਤ ਸ੍ਵੈਜੀਵਨੀ ਦੇ ਦੋ ਭਾਗ ਹਨ । ਪਹਿਲੇ ਭਾਗ ਵਿੱਚ ਉਹ ਆਪਣੇ ਜੀਵਨ ਦੇ ਪਹਿਲੇ ਸੋਲਾਂ ਸਾਲਾਂ ਦੇ ਅਤੇ ਦੂਜੇ ਭਾਗ ਵਿੱਚ ਇਸ ਤੋਂ ਬਾਅਦ ਦੇ ਜੀਵਨ ਦਾ ਜ਼ਿਕਰ ਕਰਦਾ ਹੈ । ਸ੍ਵੈਜੀਵਨੀ ਦੇ ਇਹਨਾਂ ਦੋਵਾਂ ਭਾਗਾਂ ਵਿੱਚ ਉਹਨਾਂ ਘਟਨਾਵਾਂ ਅਤੇ ਵਿਅਕਤੀਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਕਿਸੇ ਨਾ ਕਿਸੇ ਰੂਪ ਵਿੱਚ ਲੇਖਕ ਦੀ ਸਾਹਿਤ ਸਿਰਜਣ ਪ੍ਰਕਿਰਿਆ ਨੂੰ ਪ੍ਰਭਾਵਿਤ ਅਤੇ ਪ੍ਰੇਰਿਤ ਕੀਤਾ ।


ਲੇਖਕ : ਗੁਰਮੁਖ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9822, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.