ਗੁਰਦਿੱਤਾ ਭਠਿਆਰਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਦਿੱਤਾ ਭਠਿਆਰਾ: ਨੂੰ ਪਰੰਪਰਾ ਅਨੁਸਾਰ ਚੰਦੂ ਸ਼ਾਹ ਦੁਆਰਾ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਤਕ ਤਸੀਹੇ ਦੇਣ ਲਈ ਲਗਾਇਆ ਗਿਆ ਸੀ। ਤਸੀਹੇ ਦੇ ਕੇ ਕਤਲ ਕਰਨ ਦਾ ਹੁਕਮ ਬਾਦਸ਼ਾਹ ਜਹਾਂਗੀਰ ਦੁਆਰਾ ਦਿੱਤਾ ਗਿਆ ਸੀ ਅਤੇ ਚੰਦੂ ਸ਼ਾਹ ਨੇ ਆਪਣੇ ਨਿੱਜੀ ਦਵੇਸ਼ ਭਾਵ ਕਾਰਨ ਇਸ ਸ਼ਾਹੀ ਫ਼ਰਮਾਨ ਨੂੰ ਲਾਗੂ ਕਰਨ ਦੀ ਜ਼ੁੰਮੇਵਾਰੀ ਆਪਣੇ ਸਿਰ ਲੈ ਲਈ ਸੀ। ਗੁਰਦਿੱਤਾ, ਜੋ ਕਿੱਤੇ ਵਜੋਂ ਇਕ ਗ਼ਰੀਬ ਭਠਿਆਰਾ ਸੀ, ਇਸਨੂੰ ਲੋਹੇ ਦੇ ਵੱਡੇ ਤਵੇ ਨੂੰ ਚੁੱਲ੍ਹੇ ਉੱਤੇ ਰੱਖ ਕੇ ਗਰਮ ਕਰਨ ਨੂੰ ਕਿਹਾ ਗਿਆ। ਗੁਰੂ ਅਰਜਨ ਦੇਵ ਜੀ ਨੂੰ ਉਸ ਲਾਲ ਸੁਰਖ ਗਰਮ ਤਵੇ ਤੇ ਬਿਠਾਇਆ ਗਿਆ ਅਤੇ ਗੁਰਦਿੱਤੇ ਨੂੰ ਹੁਕਮ ਦਿੱਤਾ ਗਿਆ ਹੈ ਕਿ ਇਹ ਗਰਮ ਰੇਤ ਨੂੰ ਉਹਨਾਂ ਦੇ ਸਰੀਰ ਉੱਪਰ ਪਾਵੇ। ਇਹ ਤਸੀਹਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਹੋਣ ਤਕ ਜਾਰੀ ਰਿਹਾ। ਬਹੁਤ ਸਾਲਾਂ ਬਾਅਦ ਜਦੋਂ ਜਹਾਂਗੀਰ ਦੀ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਅਤੇ ਉੱਤਰਾਧਿਕਾਰੀ, ਗੁਰੂ ਹਰਿਗੋਬਿੰਦ ਜੀ ਨਾਲ ਸੁਲਾਹ ਹੋ ਗਈ ਤਾਂ ਉਸਨੇ ਚੰਦੂ ਸ਼ਾਹ ਨੂੰ ਗੁਰੂ ਜੀ ਦੇ ਸਪੁਰਦ ਕਰ ਦਿੱਤਾ ਤਾਂ ਜੋ ਗੁਰੂ ਜੀ ਉਸ ਨਾਲ ਜੋ ਮਰਜ਼ੀ ਸਲੂਕ ਕਰ ਸਕਣ। ਚੰਦੂ ਸ਼ਾਹ ਦਾ ਲਾਹੌਰ ਦੀਆਂ ਗਲੀਆਂ ਵਿਚ ਜਲੂਸ ਕੱਢਿਆ ਗਿਆ ਅਤੇ ਉਹ ਬਦਨਾਮੀ ਦਾ ਭਾਗੀ ਬਣਿਆ। ਲੋਕਾਂ ਨੇ ਉਸਨੂੰ ਜੁੱਤੀਆਂ ਨਾਲ ਕੁੱਟਿਆ। ਜਦੋਂ ਉਸਨੂੰ ਉਸ ਗਲੀ ਵਿਚ ਲਿਆਂਦਾ ਗਿਆ ਜਿੱਥੇ ਗੁਰਦਿੱਤਾ ਭਠਿਆਰਾ ਆਪਣਾ ਕੰਮ ਕਰਦਾ ਸੀ ਤਾਂ ਗੁਰਦਿੱਤਾ ਗੁੱਸੇ ਅਤੇ ਨਫ਼ਰਤ ਦੀ ਭਾਵਨਾ ਨਾਲ ਭਰ ਗਿਆ, ਇਸਨੇ ਜਿਸ ਕਰਛੇ ਨਾਲ ਉਸਦੇ (ਚੰਦੂਸ਼ਾਹ ਦੇ) ਹੁਕਮਾਂ ਤੇ, ਗੁਰੂ ਅਰਜਨ ਦੇਵ ਜੀ ਦੇ ਛਾਲਿਆਂ ਭਰੀ ਦੇਹ ਤੇ ਗਰਮ ਰੇਤ ਪਾਈ ਸੀ, ਉਸੇ ਕਰਛੇ ਨੂੰ ਉਸ ਵੱਲ ਸੁੱਟਦੇ ਹੋਏ ਇਹ ਕਿਹਾ, ਜੋ ਭਾਈ ਸੰਤੋਖ ਸਿੰਘ ਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਇਸ ਤਰ੍ਹਾਂ ਦਰਜ ਹੈ: “ਮਹਾ ਪਾਤਕੀ ਆਵਤਿ ਨੇਰੇ। ਦੇ ਪਰਛਾਵੇਂ ਜਹੁ ਪਰੇਰੇ।” ਉਹ ਗਰਮ ਕਰਛਾ ਚੰਦੂਸ਼ਾਹ ਦੇ ਪੇਟ ਵਿਚ ਲੱਗਿਆ ਜਿਸ ਨਾਲ ਉਸਦੀ ਮੌਤ ਹੋ ਗਈ।


ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.