ਗੁਰਬਖ਼ਸ਼ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਬਖ਼ਸ਼ ਸਿੰਘ : ਅਜੋਕੇ ਪਾਕਿਸਤਾਨ ਦੇ ਜੇਹਲਮ ਜ਼ਿਲੇ ਵਿਚ ਕੜਿਆਲਾ ਦੇ ਛਿੱਬਰ ਬ੍ਰਾਹਮਣ ਪਰਵਾਰ ਵਿਚੋਂ ਇਕ ਜੋ ਗੁਰੂ ਹਰਿਗੋਬਿੰਦ ਜੀ ( 1595-1644 ) ਦੇ ਸਮੇਂ ਤੋਂ ਗੁਰੂਆਂ ਦੇ ਘਰ ਦੇ ਕੰਮਾਂ ਦਾ ਪ੍ਰਬੰਧ ਕਰਿਆ ਕਰਦਾ ਸੀ । ਇਹ ਗੁਰੂ ਗੋਬਿੰਦ ਸਿੰਘ ਦੇ ਖ਼ਜ਼ਾਨਚੀ ਧਰਮ ਚੰਦ ਦਾ ਪੁੱਤਰ ਸੀ । 1705 ਵਿਚ ਅਨੰਦਪੁਰ ਨੂੰ ਖ਼ਾਲੀ ਕਰਨ ਤੋਂ ਬਾਅਦ ਗੁਰਬਖ਼ਸ਼ ਸਿੰਘ ਦਿੱਲੀ ਵਿਚ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵਾਂ ਦੀ ਸੇਵਾ ਵਿਚ ਰਿਹਾ । 1711 ਵਿਚ ਬਾਦਸ਼ਾਹ ਬਹਾਦੁਰ ਸ਼ਾਹ ਦੁਆਰਾ ਮਾਤਾ ਸੁੰਦਰੀ ਨੂੰ ਗੁਰੂ ਚੱਕ ਹੁਣ ਅੰਮ੍ਰਿਤਸਰ , ਦੀ ਜਗੀਰ ਬਹਾਲ ਕਰਨ ਤੋਂ ਬਾਅਦ , ਉਹਨਾਂ ਨੇ ਗੁਰਬਖ਼ਸ਼ ਸਿੰਘ ਨੂੰ ਕ੍ਰਿਪਾਲ ਸਿੰਘ ਸੁਭਿਖੀ ਨਾਲ ਦਰੋਗਾ ਵਜੋਂ ਅੰਮ੍ਰਿਤਸਰ ਭੇਜ ਦਿੱਤਾ । ਇਸ ਦੇ ਪੁੱਤਰ ਬੰਸਾਵਲੀਨਾਮਾ ਦੇ ਲੇਖਕ ਕੇਸਰ ਸਿੰਘ ਛਿੱਬਰ ਅਨੁਸਾਰ , ਗੁਰਬਖ਼ਸ਼ ਸਿੰਘ ਦੀਆਂ ਜ਼ੁੰਮੇਵਾਰੀਆਂ ਵਿਚ ਗਊਖ਼ਾਨਾ , ਕਾਰਖ਼ਾਨਾ , ਖ਼ਜ਼ਾਨੇ ਦਾ ਨਿਰੀਖਣ ਕਰਨਾ ਅਤੇ ਗੁਰੂ ਕਾ ਲੰਗਰ ਚਲਾਉਣਾ ਵੀ ਸ਼ਾਮਲ ਸੀ ।

ਲੇਖਕ : ਪ.ਸ.ਪ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁਰਬਖ਼ਸ਼ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਬਖ਼ਸ਼ ਸਿੰਘ : ( ਬਖ਼ਸ਼ਸ਼ ਸਿੰਘ ਵਜੋਂ ਵੀ ਸੰਬੋਧਿਤ ਕੀਤਾ ਗਿਆ ਹੈ ) ਅਤੇ ਬਖ਼ਸ਼ੀਸ਼ ਸਿੰਘ , ਅੰਮ੍ਰਿਤਸਰ ਜ਼ਿਲੇ ਦੇ ਪਿੰਡ ਭੈਰੋਵਾਲ ਦੇ ਕਲਾਲ ਸਿੱਖ ਸਨ । ਇਹ ਦੁਨੀ ਚੰਦ ਦੀ ਰਹਿਨੁਮਾਈ ਦੁਆਰਾ ਮਾਝੇ ਤੋਂ ਆਈ ਉਸ ਸੰਗਤ ਵਿਚੋਂ ਸਨ , ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸੱਦੇ ਦੀ ਪਾਲਣਾ ਵਿਚ 30 ਮਾਰਚ 1699 ਨੂੰ ਅਨੰਦਪੁਰ ਵਿਖੇ ਹੋ ਰਹੇ ਇਤਿਹਾਸਿਕ ਸਭਾ ਦੇ ਇਕੱਠ ਵਿਚ ਸ਼ਾਮਲ ਹੋਣ ਲਈ ਆਈ ਸੀ । ਇਹਨਾਂ ਨੇ ਖ਼ਾਲਸਾ ਦੀ ਸਥਾਪਨਾ ਦੇ ਸ਼ੁਭ ਅਵਸਰ ‘ ਤੇ ਅੰਮ੍ਰਿਤ ਛਕਿਆ । ਗੁਰਬਖ਼ਸ਼ ਸਿੰਘ ਅਤੇ ਬਖ਼ਸ਼ੀਸ਼ ਸਿੰਘ ਦੋਵੇਂ ਗੁਰੂ ਜੀ ਦੀ ਸੇਵਾ ਕਰਨ ਲਈ ਅਨੰਦਪੁਰ ਰਹਿ ਗਏ ਅਤੇ ਇਹਨਾਂ ਨੇ ਲੋਹਗੜ੍ਹ ਅਤੇ ਨਿਰਮੋਹਗੜ੍ਹ ਦੀਆਂ ਲੜਾਈਆਂ ਵਿਚ ਹਿੱਸਾ ਲਿਆ ।

ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁਰਬਖ਼ਸ਼ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਬਖ਼ਸ਼ ਸਿੰਘ ( ਅ.ਚ. 1776 ) : ਵਜ਼ੀਰਾਬਾਦ ਦਾ ਰਹਿਣ ਵਾਲਾ , ਰਾਮ ਸਿੰਘ ਦਾ ਪੁੱਤਰ ਅਤੇ ਚੜ੍ਹਤ ਸਿੰਘ ਸੁੱਕਰਚੱਕੀਆ ਦਾ ਪੈਰੋਕਾਰ ਸੀ । ਇਸਨੇ ਅੰਮ੍ਰਿਤਸਰ ਉੱਤੇ ਕੀਤੇ ਗਏ ਹਮਲੇ ਵਿਚ ਹਿੱਸਾ ਲਿਆ ਜਿਸਦੇ ਨਤੀਜੇ ਵਜੋਂ ਰਾਮਬਾਗ਼ ਅਤੇ ਚਾਟੀਵਿੰਡ ਦਰਵਾਜਿਆਂ ਦੇ ਵਿਚਕਾਰ ਸਥਿਤ ਭੰਗੀ ਬੁਰਜ ਉੱਤੇ ਕਬਜ਼ਾ ਕਰ ਲਿਆ । ਗੁਜ਼ਰਾਂਵਾਲਾ ਜ਼ਿਲੇ ਦੇ ਉੱਤਰੀ ਭਾਗਾਂ ਉੱਤੇ ਚੜ੍ਹਤ ਸਿੰਘ ਦੁਆਰਾ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਵਜ਼ੀਰਾਬਾਦ ਉੱਤੇ ਗੁਰਬਖ਼ਸ਼ ਸਿੰਘ ਨੇ ਆਪਣਾ ਹੱਕ ਜਤਾਇਆ । ਗੁਰਬਖ਼ਸ਼ ਸਿੰਘ ਨੇ ਆਪਣੀ ਪੁੱਤਰੀ ਦੇਸਾਂ ਦਾ ਵਿਆਹ , ਆਪਣੇ ਮੁਖੀ ਚੜ੍ਹਤ ਸਿੰਘ ਨਾਲ ਕਰ ਦਿੱਤਾ , ਅਤੇ ਇਸ ਵਿਆਹ-ਸੰਬੰਧ ਨਾਲ ਇਸਨੇ ਹੋਰ ਰਸੂਖ ਹਾਸਲ ਕਰ ਲਿਆ ਸੀ । 1776 ਵਿਚ , ਗੁਰਬਖ਼ਸ਼ ਸਿੰਘ ਦੀ ਮੌਤ ਹੋ ਗਈ ਅਤੇ ਇਸਦਾ ਪੁੱਤਰ , ਜੋਧ ਸਿੰਘ ਇਸ ਦੀਆਂ ਇਕ ਲੱਖ ਰੁਪਏ ਦੀ ਕੀਮਤ ਤੋਂ ਵਧ ਦੀਆਂ ਜਗੀਰਾਂ ਦਾ ਵਾਰਸ ਬਣਿਆ ।

ਲੇਖਕ : ਸ.ਸ.ਭ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.