ਗੁਰੂ ਗੋਬਿੰਦ ਸਿੰਘ ਮਾਰਗ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੁਰੂ ਗੋਬਿੰਦ ਸਿੰਘ ਮਾਰਗ: ਆਨੰਦਪੁਰ ਸਾਹਿਬ ਨੂੰ ਦਮਦਮਾ ਸਾਹਿਬ (ਤਲਵੰਡੀ ਸਾਬੋ) ਨਾਲ ਮਿਲਾਉਣ ਵਾਲਾ ਇਕ ਮਾਰਗ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਯਾਤ੍ਰਾ ਨੂੰ ਸਮਰਪਿਤ ਕੀਤਾ ਗਿਆ ਹੈ ਜੋ ਉਨ੍ਹਾਂ ਨੇ 5-6 ਦਸੰਬਰ 1705 ਈ. ਦੀ ਰਾਤ ਨੂੰ ਆਨੰਦਪੁਰ ਦਾ ਕਿਲ੍ਹਾ ਛਡ ਕੇ ਮਾਲਵਾ ਖੇਤਰ ਵਲ ਕੀਤੀ ਸੀ। ਇਸ ਮਾਰਗ ਦੀ ਕੁਲ ਦੂਰੀ 640 ਕਿ.ਮੀ. ਹੈ ਅਤੇ 91 ਸਥਾਨਾਂ ਨੂੰ ਆਪਸ ਵਿਚ ਸੰਬੰਧਿਤ ਕਰਦੀ ਹੈ। ਇਸ ਮਾਰਗ ਦਾ ਉਦਘਾਟਨ 10 ਅਪ੍ਰੈਲ 1973 ਈ. ਨੂੰ ਪੰਜਾਬ ਸਰਕਾਰ ਨੇ ਆਨੰਦਪੁਰ ਸਾਹਿਬ ਤੋਂ ਇਕ ਵਿਸ਼ਾਲ ਜਲੂਸ ਕਢ ਕੇ ਕੀਤਾ, ਜਿਸ ਦੀ ਲੰਬਾਈ 21 ਕਿ.ਮੀ. ਦਸੀ ਜਾਂਦੀ ਹੈ। ਉਸ ਜਲੂਸ ਦੀ ਸਮਾਪਤੀ ਦਮਦਮਾ ਸਾਹਿਬ ਵਿਚ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਹੋਈ। ਇਸ ਮਾਰਗ ਉਪਰ ਮੁੱਖ ਮੁੱਖ ਇਤਿਹਾਸਿਕ ਸਥਾਨਾਂ ਉਤੇ ਧੌਲਪੁਰੀ ਪੱਥਰ ਦੀਆਂ ਬਣੀਆਂ ਤਿੰਨ ਮੀਟਰ ਉੱਚੀਆਂ 20 ਦਸ਼ਮੇਸ਼-ਲਾਠਾਂ ਹਨ। ਇਨ੍ਹਾਂ ਪੰਜ-ਭੁਜੀ ਲਾਠਾਂ ਦੇ ਚਾਰ ਪਾਸਿਆਂ ਉਤੇ ਪੰਜਾਬੀ , ਹਿੰਦੀ , ਉਰਦੂ ਅਤੇ ਅੰਗ੍ਰੇਜ਼ੀ ਵਿਚ ਗੁਰੂ ਜੀ ਦੀ ਬਾਣੀ ਦੀਆਂ ਚੋਣਵੀਆਂ ਤੁਕਾਂ ਅੰਕਿਤ ਹਨ ਅਤੇ ਪੰਜਵੇਂ ਪਾਸੇ ਉਸ ਸਥਾਨ ਦੀ ਇਤਿਹਾਸਿਕ ਮਹੱਤਾ ਲਿਖੀ ਹੈ, ਜਿਸ ਸਥਾਨ ਉਤੇ ਉਹ ਲਾਠ ਬਣਾਈ ਗਈ ਹੈ। ਹਰ ਲਾਠ ਦੇ ਇਰਦ-ਗਿਰਦ ਪੰਜ ਪੰਜ ਪੌੜੀਆਂ ਵਾਲਾ ਪੌਣਾ ਮੀਟਰ ਉੱਚਾ ਅਤੇ 3 ਮੀ. ਚੌੜਾ ਚੌਬੂਤਰਾ ਹੈ ਅਤੇ ਲਾਠ ਦੇ ਸਿਖਰ ਉਪਰ ਸਟੀਲ ਦਾ ਖੰਡਾ ਹੈ।
ਪਹਿਲੀ ਲਾਠ ਆਨੰਦਪੁਰ ਸਾਹਿਬ ਵਿਚ ਬਣਾਈ ਗਈ ਹੈ ਅਤੇ ਉਸ ਉਪਰ ਦਸਮ ਗੁਰੂ ਦੇ ਬੋਲ ਅੰਕਿਤ ਹਨ— ਹਿੰਦੂ ਤੁਰਕ ਕੋਊ ਰਾਫ਼ਜ਼ੀ ਇਮਾਮ ਸਾਫ਼ੀ, ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ। ਦੂਜੀ ਲਾਠ ਕੀਰਤਪੁਰ ਵਿਚ ਬਣੀ ਹੋਈ ਹੈ ਅਤੇ ਉਸ ਉਤੇ ਲਿਖਿਆ ਹੈ— ਤਿਲਕ ਜੰਞ ਰਾਖਾ ਪ੍ਰਭ ਤਾਕਾ। ਕੀਨੋ ਬਡੋ ਕਲੂ ਮਹਿ ਸਾਕਾ। ਇਸੇ ਤਰ੍ਹਾਂ ਅਗਲੀਆਂ ਲਾਠਾਂ ਦਾ ਬਿਓਰਾ ਇਸ ਪ੍ਰਕਾਰ ਹੈ— (3) ਗੁਰਦੁਆਰਾ ਪਰਿਵਾਰ ਵਿਛੋੜਾ , (4) ਕੋਟਲਾ ਨਿਹੰਗ (ਗੁਰਦੁਆਰਾ ਭੱਠਾ ਸਾਹਿਬ), (5) ਚਮਕੌਰ ਸਾਹਿਬ , (6) ਮਾਛੀਵਾੜਾ , (7) ਆਲਮਗੀਰ , (8) ਰਾਏਕੋਟ , (9) ਤਖ਼ਤੂਪੁਰਾ , (10) ਦੀਨਾ ਕਾਂਗੜ , (11) ਡੋਡ , (12) ਢਿਲਵਾਂ ਸੋਢੀਆਂ, (13) ਕੋਟਕਪੂਰਾ, (14) ਜੈਤੋ , (15) ਮੁਕਤਸਰ , (16) ਗੁਪਤਸਰ, (17) ਲਖੀਸਰ , (18) ਜੱਸੀ ਬਗਵਾਲੀ, (19) ਚੱਕ ਫ਼ਤਹ ਸਿੰਘ ਵਾਲਾ ਅਤੇ 20ਵੀਂ ਲਾਠ ਦਮਦਮਾਸਾਹਿਬ ਵਿਚ ਹੈ। ਇਸ ਲਾਠ ਉਪਰ ਗੁਰੂ ਜੀ ਦੀ ਇੱਛਾ ਨੂੰ ਲਿਖਿਆ ਗਿਆ ਹੈ— ਮੋ ਗ੍ਰਹ ਮੈ ਤਨ ਤੇ ਮਨ ਤੇ ਸਿਰ ਲੋ ਧਨ ਹੈ ਸਭ ਹੀ ਇਨਹੀ ਕੋ।
ਕਹਿੰਦੇ ਹਨ ਇਸ ਮਾਰਗ ਉਤੇ ਚਲਣ ਨਾਲ ਗੁਰੂ ਜੀ ਦੇ ਦੈਵੀ ਵਿਅਕਤਿਤਵ ਦਾ ਆਭਾਸ ਹੁੰਦਾ ਹੈ ਅਤੇ ਚਲਣ ਵਾਲਾ ਧਰਮ-ਕਰਮ ਵਿਚ ਦ੍ਰਿੜ੍ਹ ਹੁੰਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4406, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਗੁਰੂ ਗੋਬਿੰਦ ਸਿੰਘ ਮਾਰਗ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੁਰੂ ਗੋਬਿੰਦ ਸਿੰਘ ਮਾਰਗ : ਲਗਭਗ 640 ਕਿ. ਮੀ. ਲੰਬਾ, ਆਨੰਦਪੁਰ ਸਾਹਿਬ, ਜ਼ਿਲ੍ਹਾ ਰੋਪੜ ਤੋਂ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਤੱਕ 91 ਅਸਥਾਨਾਂ ਨੂੰ ਆਪਸ ਵਿਚ ਮਿਲਾਉਂਦਾ ਹੋਇਆ, ਇਹ ਪਵਿੱਤਰ ਮਾਰਗ ਮਹਾਨ ਸਮਾਜ ਸੁਧਾਰਕ, ਕ੍ਰਾਂਤੀਕਾਰੀ ਤੇ ਆਤਮਕ ਸ਼ਕਤੀ ਦੇ ਨੂਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸਬੰਧਤ ਹੈ ਜਿਨ੍ਹਾਂ ਦੇ ਅਜਿੱਤ ਵਿਸ਼ਵਾਸ, ਦੇਸ਼-ਭਗਤੀ, ਪੂਰਨ ਉਨਮਾਦ, ਬੀਰਤਾ ਭਰੇ ਪਰਾਕਰਮ ਅਤੇ ਉਦਾਰ ਵਿਚਾਰ ਕਰਮ ਦੀ ਸਾਰੀ ਦੁਨੀਆ ਉਤੇ ਅਮਿੱਟ ਛਾਪ ਅੰਕਿਤ ਹੋਈ ਪ੍ਰਤੱਖ ਦਿਸਦੀ ਹੈ। ਇਹ ਸ਼ਾਹ ਰਾਹ ਨਾ ਕੇਵਲ ਗੁਰੂ ਜੀ ਦੀ ਬੇਮਿਸਾਲ ਕੁਰਬਾਨੀ ਦੀ ਯਾਦ ਦਿਵਾਉਂਦਾ ਹੈ ਸਗੋਂ ਬੇਇਨਸਾਫ਼ੀ ਤੇ ਜ਼ੁਲਮ ਦੇ ਵਿਰੁੱਧ ਆਵਾਜ਼ ਦਾ ਭੀ ਚਿੰਨ੍ਹ ਹੈ। ਗੁਰੂ ਜੀ ਨੇ ਇਸ ਬਿਖੜੇ ਰਾਹ ਤੇ ਚੱਲ ਕੇ ਆਪਣੀ ਸੂਝ-ਬੂਝ, ਹਿੰਮਤ, ਦ੍ਰਿੜ੍ਹਤਾ, ਯੋਗਤਾ, ਕੁਰਬਾਨੀ, ਮਿਹਨਤ, ਵਿੱਦਿਅਕ ਸਰਗਰਮੀ, ਫ਼ੌਜੀ ਕਾਬਲੀਅਤ, ਅਦੁੱਤੀ ਬਹਾਦਰੀ, ਬੇਹਿਸਾਬ ਸਫ਼ਲਤਾ ਅਤੇ ਅਥਾਹ ਮੁਹੱਬਤ ਸਦਕਾ ਜ਼ੁਲਮ, ਜਬਰ, ਅਤਿਆਚਾਰ, ਸਮਾਜਕ ਵਿਤਕਰਿਆਂ ਤੇ ਵੰਡੀਆਂ ਵਿਰੁੱਧ ਜਹਾਜ ਕਰਦੇ ਹੋਏ ਮਹਾਨ ਕੁਰਬਾਨੀਆਂ ਦਿੱਤੀਆਂ ਅਤੇ ਅਡੋਲ ਰਹਿ ਕੇ ਮਾਨਵ ਗੌਰਵ ਨੂੰ ਕਾਇਮ ਰੱਖਿਆ। ਇਸ ਨਵੇਂ ਰਾਜ-ਮਾਰਗ ਦਾ ਉਦਘਾਟਨ 10 ਅਪ੍ਰੈਲ, 1973 ਨੂੰ ਪੰਜਾਬ ਸਰਕਾਰ ਅਤੇ ਜਨਤਾ ਦੇ ਸ਼ਰਧਾਮਈ ਉਪਰਾਲੇ ਨਾਲ ਆਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤੱਕ ਇਕ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਜਲੂਸ ਦੀ ਸ਼ਕਲ ਵਿਚ ਕੀਤਾ ਗਿਆ।
ਇਸ ਮਨੁੱਖੀ ਸਾਂਝ ਅਤੇ ਵਿਸ਼ਵ-ਭਾਈਚਾਰੇ ਨੂੰ ਦ੍ਰਿੜ ਕਰਵਾਉਣ ਵਾਲੇ ਸਾਡੀ ਰਾਹ ਉਤੇ ਮਹੱਤਵਪੂਰਨ ਇਤਿਹਾਸਕ ਸਥਾਨਾਂ ਤੇ ਧੌਲਪੁਰੀ ਪੱਥਰ ਨਾਲ ਬਣੀਆਂ 2.8 ਮੀ. ਉੱਚੀਆਂ ਉੱਪਰ ਨੂੰ ਸਲਾਮੀ ਦਿੰਦੀਆਂ ਪੰਜਕੋਨੀ ਸ਼ਕਲ ਦੀਆਂ 20 ਦਸਮੇਸ਼ ਲਾਠਾਂ ਹਨ। ਇਨ੍ਹਾਂ ਦੇ ਚਾਰੇ ਪਾਸੇ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿਚ ਗੁਰੂ ਜੀ ਦੀ ਆਪਣੀ ਬਾਣੀ ਵਿਚੋਂ ਚੋਣਵੀਆਂ ਤੁਕਾਂ ਅਤੇ ਪੰਜਵੇਂ ਪਾਸੇ ਉਥੋਂ ਦੀ ਇਤਿਹਾਸਕ ਮਹੱਤਤਾ ਬਾਰੇ ਵੇਰਵਾ ਹੈ। ਲਾਠ ਤੇ ਪਹੁੰਚਣ ਲਈ ਪੰਜੇ ਪਾਸੇ 0.75 ਮੀ. ਉੱਚੀਆਂ ਪੰਜ ਪੌੜੀਆਂ ਅਤੇ 3 ਮੀ. ਚੌੜਾ ਚਬੂਤਰਾ ਹੈ ਅਤੇ ਸਿਖਰ ਤੇ 0.55 ਮੀ. ਦੇ ਚੱਕਰ ਵਿਚ ਸਟੀਲ ਦਾ ਖੰਡਾ ਹੈ।
ਲਾਠਾਂ ਵਾਲੀਆਂ ਕੁਝ ਕੁ ਵਧੇਰੇ ਪ੍ਰਸਿੱਧ ਇਤਿਹਾਸਕ ਥਾਵਾਂ ਦਾ ਵੇਰਵਾ ਨਿਮਨ ਅਨੁਸਾਰ ਹੈ :––
ਇਸ ਮਹਾਨ ਮਾਰਗ ਦਾ ਆਰੰਭ ਆਨੰਦਪੁਰ ਸਾਹਿਬ ਤੋਂ ਹੋਇਆ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਰਾਜਾ ਕਹਿਲੂਰ ਤੋਂ ਭੂਮੀ ਲੈ ਕੇ ਵਸਾਇਆ ਸੀ ਅਤੇ ਆਪਣੇ ਮਾਤਾ ਜੀ ਦੇ ਨਾਂ ਤੇ ਚੱਕ ਨਾਨਕੀ ਰੱਖਿਆ। ਦਸ਼ਮੇਸ਼ ਪਿਤਾ ਨੇ ਆਪਣੇ ਜੀਵਨ ਦੇ 42 ਸਾਲਾਂ ਵਿਚੋਂ ਲਗਭਗ 30 ਸਾਲ ਇਸ ਥਾਂ ਬਿਤਾਏ ਅਤੇ ਖੰਡੇ ਦੀ ਪਾਹੁਲ ਦੇ ਕੇ ਆਪਣੇ ਸਿੱਖ ਸੇਵਕਾਂ ਅੰਦਰ ਰਣ-ਖੇਤਰ ਵਿਚ ਜੂਝਣ ਦੀ ਅਮਰ ਰੂਹ ਫੂਕ ਕੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਸ਼ਬਦ ਕਲਾ ਨਾਲ ਇਸ ਦਾ ਨਾਂ ਆਨੰਦਪੁਰ (ਅਨੰਦ ਧਾਮ) ਵਿਚ ਬਦਲ ਦਿੱਤਾ। ਸੋ ਆਪ ਨੇ ਜਾਤ, ਵਰਣ, ਕੁਲ, ਕਰਮ ਦਾ ਭੇਦ-ਭਾਵ ਇਥੇ ਹੀ ਮਿਟਾਇਆ। ਇਸ ਲਈ ਆਪ ਜੀ ਦਾ ਇਹ ਅਮਰ ਸੰਦੇਸ਼ ਪਹਿਲੀ ਦਸਮੇਸ਼ ਲਾਠ ਉਤੇ ਅੰਕਿਤ ਹੈ :––
‘ਹਿੰਦੂ ਤੁਰਕ ਕੋਊ ਰਾਫਜ਼ੀ ਇਮਾਮ ਸ਼ਾਫ਼ੀ,
ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ॥’
ਗੁਰੂ ਜੀ ਦੀ ਦਿਨੋ ਦਿਨ ਭਗਤੀ ਤੇ ਸ਼ਕਤੀ ਦੀ ਚੜ੍ਹਦੀ ਕਲਾ ਤੋਂ ਚੁਕੰਨੇ ਅਤੇ ਈਰਖਾਵਸ ਹੋ ਕੇ ਕਹਿਲੂਰ ਦੇ ਰਾਜੇ ਅਜਮੇਰ ਚੰਦ ਨੇ ਦੂਜੇ ਪਹਾੜੀ ਰਾਜਿਆਂ ਨਾਲ ਗੋਂਦ ਗੁੰਦ ਕੇ 1700 ਈ. ਵਿਚ ਆਨੰਦਪੁਰ ਤੇ ਹਮਲਾ ਕਰ ਦਿੱਤਾ ਪਰ ਇਹ ਨਾਕਾਮ ਰਿਹਾ। ਫਿਰ ਹੋਰ ਹਮਲੇ ਕੀਤੇ ਪਰ ਉਹ ਭੀ ਕਾਮਯਾਬ ਨਾ ਹੋਏ। ਅਖ਼ੀਰ ਪਹਾੜੀ ਰਾਜੇ ਰੰਘੜਾਂ, ਗੁੱਜਰਾਂ ਆਦਿ ਨੇ ਰਲ ਕੇ ਮੁਗ਼ਲ ਸੂਬਿਆਂ ਅਤੇ ਦਿੱਲੀ ਦੇ ਸ਼ਹਿਨਸ਼ਾਹ ਤੋਂ ਮਦਦ ਲੈ ਕੇ ਟਿੱਡੀ ਦਲ ਵਾਂਗ ਆਨੰਦਪੁਰ ਨੂੰ ਚਾਰੇ ਪਾਸਿਉਂ ਘੇਰ ਲਿਆ। ਤਕੜੇ ਸੰਘਰਸ਼ ਪਿਛੋਂ ਮੁਗ਼ਲਾਂ ਅਤੇ ਬਾਈਧਾਰ ਦੇ ਰਾਜਿਆਂ ਦੇ ਕੁਰਾਨ ਦੀਆਂ ਕਸਮਾਂ ਅਤੇ ਆਟੇ ਦੀ ਗਊ ਦੀਆਂ ਸੁਗੰਧਾਂ ਚੁੱਕੀਆਂ ਕਿ ਜੇ ਗੁਰੂ ਜੀ ਕਿਲਾ ਛੱਡ ਦੇਣ ਤਾਂ ਫ਼ੌਜਾਂ ਉਨ੍ਹਾਂ ਦਾ ਪਿੱਛਾ ਨਹੀਂ ਕਰਨਗੀਆਂ ਪਰੰਤੂ 5-6 ਦਸੰਬਰ, 1705 ਈ. ਦੀ ਵਰਖਾ ਅਤੇ ਸਰਦੀ ਦੀ ਰਾਤ ਨੂੰ ਜਦੋਂ ਗੁਰੂ ਜੀ ਨੇ ਆਨੰਦਪੁਰ ਨੂੰ ਅੰਤਮ ਪ੍ਰਣਾਮ ਕੀਤਾ ਤਾਂ ਦੁਸ਼ਮਣ ਬਚਨ ਹਾਰ ਕੇ ਪਿੱਛਾ ਕਰਨ ਲੱਗ ਪਏ।
ਕੀਰਤਪੁਰ ਤੋਂ ਲੜਾਈ ਸ਼ੁਰੂ ਹੋ ਗਈ। ਇਹ ਅਹਿਮ ਪਵਿੱਤਰ ਇਤਿਹਾਸਕ ਅਸਥਾਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵਸਾਇਆ ਸੀ ਅਤੇ ਸੱਤਵੇਂ ਤੇ ਅੱਠਵੇਂ ਗੁਰੂ ਜੀ ਦਾ ਜਨਮ ਅਤੇ ਗੁਰ ਗੱਦੀ ਵੀ ਇੱਥੇ ਹੀ ਹੋਈ। ਦਸਮੇਸ਼ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸੀਸ ਦੇ ਦਰਸ਼ਨ ਵੀ ਭਾਈ ਜੈਤਾ ਜੀ ਕੋਲੋਂ ਇੱਥੇ ਹੀ ਕੀਤੇ ਸਨ। ਗੁਰੂ ਸਾਹਿਬ ਦਾ ਇਹ ਮੁੱਖ ਵਾਕ ਇਸ ਅਦੁੱਤੀ ਸ਼ਹਾਦਤ ਨੂੰ ਇੱਥੇ ਦੂਜੀ ਦਸਮੇਸ਼ ਲਾਠ ਉਤੇ ਪਰਗਟ ਕਰਦਾ ਹੈ :––
“ਤਿਕ ਜੰਝੂ ਰਾਖਾ ਪ੍ਰਭ ਤਾਕਾ।
ਕੀਨੋ ਬਡੋ ਕਲੂ ਮਹਿ ਸਾਕਾ॥”
ਸਰਸਾ ਨਦੀ ਦੇ ਕੰਢੇ ਗੁਰੂ ਜੀ ਦਾ ਸਾਰਾ ਟੱਬਰ ਖਿੰਡ ਗਿਆ। ਆਪ ਜੀ ਦੇ ਦੋਵੇਂ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਤੇ ਕੁਝ ਹੋਰ ਸਿੰਘਾਂ ਸਮੇਂ ਦਿੱਲੀ ਨੂੰ ਚਲੇ ਗਏ। ਛੋਟੇ ਸਾਹਿਬਜ਼ਾਦੇ (ਜੋਰਾਵਰ ਸਿੰਘ ਤੇ ਫ਼ਤਹਿ ਸਿੰਘ) ਮਾਤਾ ਗੁਜਰੀ ਸਮੇਤ ਗੰਗੂ ਬ੍ਰਾਹਮਣ ਨਾਲ ਉਸ ਦੇ ਪਿੰਡ ਸਹੇੜੀ ਪਹੁੰਚ ਗਏ ਅਤੇ ਉਥੋਂ ਗੰਗੂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾ ਕੇ ਸਰਹੰਦ ਪਹੁੰਚਾ ਦਿੱਤਾ। ਇਥੇ ਗੁਰਦੁਆਰਾ ਪਰਿਵਾਰ ਵਿਛੋੜਾ ਸੁਭਾਇਮਾਨ ਹੈ ਜਿਥੇ ਤੀਜੀ ਦਸ਼ਮੇਸ਼ ਲਾਠ ਦਾ ਸ੍ਰੀ ਮੁੱਖ ਵਾਕ ਆਦਰਸ਼ਕ ਜੰਗ ਨੂੰ ਮੂਰਤੀਮਾਨ ਕਰਦਾ ਹੈ :
“ਧੰਨ ਜੀਉ ਤਿਹ ਕੋ ਜਗ ਮੈਂ
ਮੁਖ ਤੇ ਹਰਿ ਚਿੱਤ ਮਹਿ ਜੁਧ ਬਿਚਾਰੈ॥”
ਗੁਰੂ ਜੀ ਆਪਣੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਅਤੇ ਕੁਝ ਸਿੰਘਾਂ ਸਮੇਤ ਰੋਪੜ ਦੇ ਲਾਗੇ ਕੋਟਲਾ ਨਿਹੰਗ (ਜਿਥੇ ਅੱਜਕਲ੍ਹ ਗੁਰਦੁਆਰਾ ਭੱਠਾ ਸਾਹਿਬ ਹੈ) ਠਹਿਰੇ ਸਨ ਇੱਥੇ ਚੌਥੀ ਦਸ਼ਮੇਸ਼ ਲਾਠ ਬਣਾਈ ਗਈ ਹੈ।
ਗੁਰੂ ਗੋਬਿੰਦ ਸਿੰਘ ਜੀ ਫਿਰ ਚਮਕੌਰ ਸਾਹਿਬ ਪਹੁੰਚੇ। ਦੁਸ਼ਮਣ ਦੀ ਸੈਨਾ ਬੁਰੀ ਤਰ੍ਹਾਂ ਪਿੱਛਾ ਕਰ ਰਹੀ ਸੀ। ਕੱਚੀ ਗੜ੍ਹੀ ਵਿਚ ਮੋਰਚਾ ਲਾ ਕੇ ਮੁੱਠੀ ਭਰ ਸਿੰਘਾਂ ਨੇ ਟਿੱਡੀ ਦਲ ਦਾ ਪੂਰਾ ਦਿਨ ਮੁਕਾਬਲਾ ਕੀਤਾ। ਦੋਵੇਂ ਵੱਡੇ ਸਹਿਬਜ਼ਾਦੇ, ਅਜੀਤ ਸਿੰਘ ਤੇ ਜੁਝਾਰ ਸਿੰਘ ਇਥੇ ਸ਼ਹੀਦ ਹੋ ਗਏ। ਇਸ ਪੰਜਵੀਂ ਦਸ਼ਮੇਸ਼ ਲਾਠ ਤੇ ਜੂਝ ਮਰਨ ਦੀ ਪ੍ਰੇਰਣਾ ਹੈ :––
“ਜੂਝ ਮਰਉ ਰਣ ਮਹਿ ਤਜ ਭੈ,
ਤੁਮ ਤੇ ਪ੍ਰਭ ਸਯਾਮ ਇਹੈ ਬਰ ਪਾਵੈ।”
ਚਾਲੀਆਂ ਵਿਚੋਂ ਕੇਵਲ ਪੰਜ ਸਿੰਘ ਬਚੇ ਜਿਨ੍ਹਾਂ ਗੁਰਮਤਾ ਕਰਕੇ ਗੁਰੂ ਸਾਹਿਬ ਨੂੰ ਰਾਤੋ-ਰਾਤ ਨਿਕਲ ਜਾਣ ਲਈ ਕਿਹਾ। ਕਲਗ਼ੀ ਤੇ ਜਿਗ੍ਹਾ ਭਾਈ ਸੰਗਤ ਸਿੰਘ ਬੰਗੇਸਰੀ ਦੇ ਸੀਸਤੇ ਸਜਾ ਕੇ ਰਾਤ ਵੇਲੇ ਗੁਰੂ ਜੀ ਭਾਈ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਸਮੇਤ ਮੁਗ਼ਲਾਂ ਦੇ ਘੇਰੇ ਵਿਚੋਂ ਨਿਕਲ ਗਏ। ਹਨ੍ਹੇਰੇ ਵਿਚ ਉਹ ਵਿੱਛੜ ਗਏ। ਮੌਜੂਦਾ ਜੰਡ ਸਾਹਿਬ ਗੁਰਦੁਆਰੇ ਵਾਲੀ ਥਾਂ ਤੇ ਗੁਰੂ ਜੀ ਥੋੜ੍ਹਾ ਜਿਹਾ ਆਰਾਮ ਕਰਕੇ ਇਕੱਲੇ ਬਹਿਲੋਲਪੁਰ ਦੀ ਜੂਹ ਵਿਚ ਪਹੁੰਚ ਗਏ ਅਤੇ ਝਾੜਾਂ ਵਿਚ ਦਿਨ ਕੱਟਿਆ ਜਿਥੇ ਹੁਣ ਗੁਰਦੁਆਰਾ ਝਾੜ ਸਾਹਿਬ ਹੈ। ਪਹੁ-ਫੁਟਾਲੇ ਤੱਕ ਪਵਾਤ ਤੇ ਸਹਿਜੋ-ਮਾਜਰਾ ਹੁੰਦੇ ਹੋਏ ਇਕੱਲਮ ਕੱਲੇ, ਕੰਡਿਆਲਾ ਰਸਤਾ ਝਾਗਦੇ ਫਟੇ ਬਸਤਰ ਅਤੇ ਝਰੀਟੇ ਸਰੀਰ ਨਾਲ ਆਪ ਜੀ ਮਾਛੀਵਾੜੇ ਸੱਥਰ ਉਪਰ ਆ ਕੇ ਬਿਰਾਜੇ ਸਨ। ਇੱਥੇ ਹੁਣ ਗੁਰਦੁਆਰਾ ਚਰਨ ਕੰਵਲ ਸਾਹਿਬ ਹੈ। ਪ੍ਰਭੂ ਦੀ ਯਾਦ ਵਿਚ ਪ੍ਰਾਪਤ ਸੱਥਰ ਨੂੰ ਰੰਗ ਮਹਿਲਾਂ ਨਾਲੋਂ ਉਚੇਰਾ ਦਰਸਾਉਂਦਾ ਮਾਛੀਵਾੜੇ ਦੀ ਛੇਵੀਂ ਦਸ਼ਮੇਸ਼ ਲਾਠ ਦਾ ਮੁੱਖ ਵਾਕ ਹੈ :
‘ਯਾਰੜੇ ਦਾ ਸਾਨੂੰ ਸਥਰ ਚੰਗਾ
ਭੱਠ ਖੇੜਿਆਂ ਦਾ ਰਹਿਣਾ॥’
ਇਥੇ ਬਾਗ਼ ਦੇ ਮਾਲਕ ਗੁਲਾਬੇ ਮਸੰਦ ਨੇ ਗੁਰੂ ਜੀ ਦੀ ਪ੍ਰਸ਼ਾਦ ਪਾਣੀ ਦੀ ਸੇਵਾ ਕੀਤੀ ਅਤੇ ਰੁਹੇਲੇ ਪਠਾਣ ਨਬੀ ਖ਼ਾਂ ਅਤੇ ਗ਼ਨੀ ਖ਼ਾਂ ਨੀਲੇ ਬਸਤਰਾਂ ਵਿਚ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਘੁਲਾਲ ਤੋਂ ਲੱਲ ਕਲਾਂ ਪਹੁੰਚੇ ਜਿਥੇ ਹੁਣ ਗੁਰਦੁਆਰਾ ‘ਗੁਰੂ ਸਰ’ ਹੈ। ਅਗੇ ਕੁੱਬੇ ਪਿੰਡ ਰਾਹੀਂ ਕਟਾਣਾਸਰ, ਰਾਮਪੁਰ, ਕਨੇਚ ਹੁੰਦੇ ਹੋਏ ਆਲਮਗ਼ੀਰ ਪਹੁੰਚੇ। ਭਾਈ ਨੌਧ ਸਿੰਘ ਨੇ ਘੋੜੀ ਪੇਸ਼ ਕੀਤੀ ਅਤੇ ਗੁਰੂ ਜੀ ਨੇ ਨਬੀ ਖ਼ਾਂ ਅਤੇ ਗ਼ਨੀ ਖ਼ਾਂ ਨੂੰ ਹੁਕਮਨਾਮੇ ਪ੍ਰਦਾਨ ਕੀਤੇ। ਆਲਮਗ਼ੀਰ ਵਿਚ ਸੱਤਵੀਂ ਦਸਮੇਸ਼ ਲਾਠ ਉਤੇ ਅੰਕਿਤ ਹੈ :––
“ਸਾਧ ਸਮੂਹ ਪ੍ਰਸੰਨ ਫਿਰੈ ਜਗ,
ਸਤੑ ਸਬੈ ਅਵਲੋਕਿ ਚਪੈਂਗੇ।”
ਅੱਠਵੀਂ ਦਸਮੇਸ਼ ਲਾਠ ਰਾਏ ਕੋਟ ਅਤੇ ਨੌਵੀਂ ਤਖ਼ਤਪੁਰੇ ਵਿਚ ਹੈ। ਗੁਰੂ ਗੋਬਿੰਦ ਸਿੰਘ ਮਾਰਗ ਨਾਲ ਸਬੰਧਤ ਅਗਲਾ ਪ੍ਰਸਿੱਧ ਸਾਕਾ ਗੁਰੂ ਜੀ ਦਾ ਦੀਨਾ ਕਾਂਗੜ ਤੋਂ ਔਰੰਗਜ਼ੇਬ ਨੂੰ ਫ਼ਾਰਸੀ ਕਵਿਤਾ ਵਿਚ ‘ਜਫ਼ਰਨਾਮਾ’ ਨਾਂ ਦਾ ਵਿਜੈ ਪੱਤਰ ਲਿਖਣਾ ਸੀ। ਇਸ ਵਿਚ ਬਾਦਸ਼ਾਹ ਅਤੇ ਉਸ ਦੇ ਅਧਿਕਾਰੀਆਂ ਦੇ ਝੂਠੇ ਬਚਨਾਂ, ਜ਼ੁਲਮਾਂ ਤੇ ਫ਼ਰੇਬਾਂ ਨੂੰ ਉਘਾੜਿਆ ਗਿਆ ਸੀ। ਦੀਨਾ ਕਾਂਗੜ ਵਿਖੇ ਦਸਵੀਂ ਦਸਮੇਸ਼ ਲਾਠ ਉਤੇ ਇਹ ਬੈਂਤ ਅੰਕਿਤ ਹੈ :––
“ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ੱਸ਼ਤ।
ਹਲਾਲ ਅਸਤ ਬੁਰਦਨ ਬ-ਸ਼ਮਸ਼ੀਰ ਦਸਤ।”
ਗਿਆਰ੍ਹਵੀਂ ਦਸਮੇਸ਼ ਲਾਠ ਡੋਡ ਵਿਖੇ, ਬਾਰ੍ਹਵੀਂ ਢਿੱਲਵਾਂ ਸੋਢੀਆਂ, ਤੇਰ੍ਹਵੀਂ ਕੋਟਕਪੂਰੇ ਅਤੇ ਚੌਧਵੀਂ ਜੈਤੋ ਵਿਖੇ ਬਣਾਈ ਗਈ ਹੈ।
ਪੰਦਰ੍ਹਵੀਂ ਦਸਮੇਸ਼ ਲਾਠ ਮੁਕਤਸਰ ਵਿਖੇ ਹੈ ਜਿਸ ਦਾ ਨਾਂ ਉਸ ਸਮੇ਼ ‘ਖਿਦਰਾਣੇ ਦੀ ਢਾਬ’ ਸੀ। ਮੁਗ਼ਲ ਸੈਨਾ ਗੁਰੂ ਜੀ ਦਾ ਪਿੱਛਾ ਕਰ ਰਹੀ ਸੀ। ਢਾਬ ਵਿਚ ਪਾਣੀ ਹੋਣ ਕਰਕੇ ਇਹ ਥਾਂ ਲੜਾਈ ਲਈ ਯੋਗ ਸੀ ਅਤੇ ਮੁਗ਼ਲਾਂ ਦੇ ਟਾਕਰੇ ਲਈ ਬਰਾੜ ਪਹਿਲਾਂ ਹੀ ਇਕੱਠੇ ਹੋ ਗਏ ਸਨ। ਪਿੱਛਾ ਕਰ ਰਹੀ ਸ਼ਾਹੀ ਮੁਗ਼ਲ ਸੈਨਾ ਦਾ ਖ਼ਾਲਸੇ ਦੇ ਇਕ ਹੋਰ ਜਥੇ ਨਾਲ ਟਾਕਰਾ ਹੋ ਗਿਆ। ਇਹ ਜਥਾ ਮਾਈ ਭਾਗੋ ਦੀ ਸਰਕਾਰੀ ਹੇਠ ਗੁਰੂ ਸਾਹਿਬ ਦੀ ਸ਼ਰਨ-ਪ੍ਰਾਪਤੀ ਲਈ ਜਾ ਰਿਹਾ ਸੀ। ਇਹ ਸਾਰੇ ਸਿੰਘ ਵੈਰੀਆਂ ਨਾਲ ਜੂਝਦੇ ਸ਼ਹੀਦ ਹੋ ਗਏ। ਗੁਰੂ ਸਾਹਿਬ ਟਿੱਬੀ ਸਾਹਿਬ ਤੋਂ ਤੀਰਾਂ ਦੀ ਵਰਖਾ ਕਰਦੇ ਰਹੇ। ਅੰਤ ਮੁਗ਼ਲਾਂ ਨੂੰ ਹਾਰ ਹੋਈ। ਗੁਰੂ ਜੀ ਨੇ ਸ਼ਹੀਦ ਹੋਏ ਇਕ ਇਕ ਸਿੰਘ ਨੂੰ ਛਾਤੀ ਨਾਲ ਲਾਇਆ। ਸਹਿਕਦੇ ਭਾਈ ਮਹਾਂ ਸਿੰਘ ਦੀ ਬੇਨਤੀ ਉਪਰ ਬੇਦਾਵਾ ਪਾੜਿਆ ਅਤੇ ਟੁੱਟੀ ਗੰਢੀ। ਰਣ ਵਿਚ ਜੂਝ ਕੇ ਪ੍ਰਾਣ ਤਿਆਗਣ ਨੂੰ ਅਮਰਾਪਦ ਪਰਗਟ ਕਰਦਾ ਮੁੱਖ ਵਾਕ ਮੁਕਤਸਰ ਵਿਚੋਂ ਪੰਦਰ੍ਹਵੀਂ ਦਸਮੇਸ਼ ਲਾਠ ਤੇ ਅੰਕਿਤ ਕੀਤਾ ਗਿਆ ਹੈ :––
“ਜਬ ਆਵ ਕੀ ਆਉਧ ਨਿਦਾਨ ਬਨੇ
ਅਤ ਹੀ ਰਨ ਮੈ ਤਬ ਜੂਝ ਮਰਊ।”
ਮੁਕਤਿਆਂ ਦੀ ਸ਼ਹੀਦੀ ਦਾ ਪਵਿੱਤਰ ਅਸਥਾਨ ਹੋਣ ਕਰਕੇ ਇਸ ਦਾ ਨਾਂ ‘ਮੁਕਤਸਰ’ ਹੋ ਗਿਆ। ਸੋਲਵੀਂ ਲਾਠ ਸ੍ਰੀ ਗੁਪਤਸਰ ਵਿਖੇ, ਸਤਾਰ੍ਹਵੀਂ ਸ੍ਰੀ ਲੱਖੀ ਸਰ, ਅਠਾਰ੍ਹਵੀਂ ਜੱਸੀ ਬਗਵਾਲੀ ਅਤੇ ਉੱਨ੍ਹੀਵੀਂ ਚੱਕ ਫ਼ਤਿਹ ਸਿੰਘ ਵਾਲਾ ਵਿਖੇ ਬਣਾਈ ਗਈ ਹੈ।
ਇਸ ਮਾਰਗ ਦਾ ਅੰਤਲਾ ਇਤਿਹਾਸਕ ਸਥਾਨ ਭਾਈ ਡੱਲੇ ਦਾ ਪਿੰਡ ‘ਸਾਬੋ ਦੀ ਤਲਵੰਡੀ’ ਹੈ ਜਿਸ ਨੂੰ ਹੁਣ ‘ਦਮਦਮਾ ਸਾਹਿਬ’ ਵੀ ਕਿਹਾ ਜਾਂਦਾ ਹੈ। ਇਥੇ ਗੁਰੂ ਜੀ ਭਾਈ ਡੱਲੇ ਦੀ ਬੇਨਤੀ ਪ੍ਰਵਾਨ ਕਰਕੇ ਪੁੱਜੇ ਅਤੇ ਇਥੋਂ ਦੇ ਵਸਨੀਕਾਂ ਨੇ ਗੁਰੂ ਜੀ ਦਾ ਨਿੱਘਾ ਸਵਾਗਤ ਕੀਤਾ। ਇਥੇ ਆਪ 9 ਮਹੀਨੇ 9 ਦਿਨ ਠਹਿਰੇ। ਫ਼ੌਜੀ ਸਿਖਲਾਈ ਅਤੇ ਸਾਹਿਤ ਦਾ ਪ੍ਰਵਾਹ ਫੁੱਟ ਪਿਆ। ਗੁਰੂ ਜੀ ਨੇ ਭਾਈ ਮਨੀ ਸਿੰਘ ਤੋਂ ਸ੍ਰੀ ਗ੍ਰੰਥ ਸਾਹਿਬ ਦੀ ਪਾਵਨ ਬੀੜ ਫਿਰ ਲਿਖਵਾਈ ਇਸੇ ਪਾਵਨ ਬੀੜ ਨੂੰ ਨਾਦੇੜ ਸਾਹਿਬ ਵਿਖੇ ਗੁਰਗੱਦੀ ਬਖ਼ਸ਼ੀ ਗਈ। ਇਹ ਅਸਥਾਨ ‘ਗੁਰੂ ਕੀ ਕਾਸ਼ੀ’ ਕਰਕੇ ਉੱਘਾ ਹੋਇਆ ਹੈ । ਚੌਗਿਰਦੇ ਦੇ ਲੋਕਾਂ ਨੇ ਖੰਡੇ ਦਾ ਅੰਮ੍ਰਿਤਪਾਨ ਕੀਤਾ ਅਤੇ ਤਪਦੇ ਦਿੱਲਾਂ ਨੂੰ ਠੰਢ ਪ੍ਰਾਪਤ ਹੋਈ। ਮਾਤਾ ਜੀਤੋ ਜੀ ਤੇ ਮਾਤਾ ਸੁੰਦਰੀ ਜੀ ਨੇ ਦਿੱਲੀ ਤੋਂ ਆ ਕੇ ਇਸ ਅਸਥਾਨ ਉਤੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸਨ। ਇਥੇ ਗੁਰੂ ਜੀ ਨੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਕ ਜੀਵਨ ਨੂੰ ਸਰਬਤ ਮਾਨਵਤਾ ਤੋਂ ਵਾਰ ਦੇਣ ਦਾ ਉਪਦੇਸ਼ ਦਿੱਤਾ। ਵੀਹਵੀਂ ਦਸ਼ਮੇਸ਼ ਲਾਠ ਉਤੇ ਉਨ੍ਹਾਂ ਦੀ ਇੱਛਾ ਨੂੰ ਪਰਗਟ ਕਰਦਾ ਇਹ ਸ੍ਰੀ ਮੁੱਖ ਵਾਕ ਅੰਕਿਤ ਹੈ :––
“ਮੋ ਗ੍ਰਹਿ ਮੈਂ ਤਨ ਤੇ ਮਨ ਤੇ
ਸਿਰ ਲੋ ਧਨ ਹੈ ਸਭ ਹੀ ਇਨ ਹੀ ਕੋ।”
ਇਸ ਮਾਰਗ ਰਾਹੀਂ ਗੁਰੂ ਜੀ ਦੀ ਦਿਵ ਮੂਰਤੀ, ਨੂਰਾਨੀ ਨੁਹਾਰ ਤੇ ਚੜ੍ਹਦੀ ਕਲਾ ਦਾ ਦੀਦਾਰ ਹੁੰਦਾ ਹੈ ਅਤੇ ਅੰਧਿਆਰੀ ਜਨਤਾ ਨੂੰ ਇਹ ਚਾਨਣ ਮੁਨਾਰਾ ਰੌਸ਼ਨੀ ਵਿਖਾਉਂਦਾ ਹੈ।
ਹ. ਪੁ.––ਗੁਰੂ ਗੋਬਿੰਦ ਸਿੰਘ ਮਾਰਗ––ਭਾਸ਼ਾ ਵਿਭਾਗ, ਪੰਜਾਬ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਗੁਰੂ ਗੋਬਿੰਦ ਸਿੰਘ ਮਾਰਗ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਗੁਰੂ ਗੋਬਿੰਦ ਸਿੰਘ ਮਾਰਗ : ਲਗਭਗ 640 ਕਿ. ਮੀ. ਲੰਬਾ, ਅਨੰਦਪੁਰ ਸਾਹਿਬ (ਜ਼ਿਲ੍ਹਾ ਰੋਪੜ) ਤੋਂ ਤਲਵੰਡੀ ਸਾਬੋ (ਜ਼ਿਲ੍ਹਾ ਬਠਿੰਡਾ) ਤਕ 91 ਅਸਥਾਨਾਂ ਨੂੰ ਆਪਸ ਵਿਚ ਮਿਲਾਉਂਦਾ ਹੋਇਆ, ਇਹ ਪਵਿੱਤਰ ਮਾਰਗ ਮਹਾਨ ਸਮਾਜ ਸੁਧਾਰਕ, ਕ੍ਰਾਂਤੀਕਾਰੀ ਤੇ ਆਤਮਕ ਸ਼ਕਤੀ ਦੇ ਨੂਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸਬੰਧਤ ਹੈ ਜਿਨ੍ਹਾਂ ਦੇ ਅਜਿੱਤ ਵਿਸ਼ਵਾਸ, ਦੇਸ਼-ਭਗਤੀ, ਪੂਰਨ ਉਨਮਾਦ, ਬੀਰਤਾ ਭਰੇ ਪਰਾਕਰਮ ਅਤੇ ਉਦਾਰ ਵਿਚਾਰ ਕਰਮ ਦੀ ਸਾਰੀ ਦੁਨੀਆ ਉੱਤੇ ਅਮਿੱਟ ਛਾਪ ਅੰਕਿਤ ਹੋਈ ਪ੍ਰਤੱਖ ਦਿਸਦੀ ਹੈ। ਇਹ ਸ਼ਾਹਰਾਹ ਨਾ ਕੇਵਲ ਗੁਰੂ ਜੀ ਦੀ ਬੇਮਿਸਾਲ ਕੁਰਬਾਨੀ ਦੀ ਯਾਦ ਦਿਵਾਉਂਦਾ ਹੈ ਸਗੋਂ ਬੇਇਨਸਾਫ਼ੀ ਤੇ ਜ਼ੁਲਮ ਦੇ ਵਿਰੁੱਧ ਆਵਾਜ਼ ਦਾ ਵੀ ਚਿੰਨ੍ਹ ਹੈ। ਗੁਰੂ ਜੀ ਨੇ ਇਸ ਬਿਖੜੇ ਰਾਹ ਤੇ ਚੱਲ ਕੇ ਆਪਣੀ ਸੂਝ-ਬੂਝ, ਹਿੰਮਤ, ਦ੍ਰਿੜ੍ਹਤਾ, ਯੋਗਤਾ, ਕੁਰਬਾਨੀ, ਮਿਹਨਤ, ਵਿਦਿਅਕ ਸਰਗਰਮੀ, ਫ਼ੌਜੀ ਕਾਬਲੀਅਤ, ਅਦੁੱਤੀ ਬਹਾਦਰੀ, ਬੇਹਿਸਾਬ ਸਫ਼ਲਤਾ ਅਤੇ ਅਥਾਹ ਮੁਹੱਬਤ ਸਦਕਾ ਜ਼ੁਲਮ, ਜ਼ਬਰ, ਅਤਿਆਚਾਰ, ਸਮਾਜਕ ਵਿਤਕਰਿਆਂ ਤੇ ਵੰਡੀਆਂ ਵਿਰੁੱਧ ਜਹਾਦ ਕਰਦੇ ਹੋਏ ਮਹਾਨ ਕੁਰਬਾਨੀਆਂ ਦਿੱਤੀਆਂ ਅਤੇ ਅਡੋਲ ਰਹਿ ਕੇ ਮਾਨਵ ਗੌਰਵ ਨੂੰ ਕਾਇਮ ਰੱਖਿਆ। ਇਸ ਨਵੇਂ ਰਾਜ-ਮਾਰਗ ਦਾ ਉਦਘਾਟਨ 10 ਅਪ੍ਰੈਲ, 1973 ਨੂੰ ਪੰਜਾਬ ਸਰਕਾਰ ਅਤੇ ਜਨਤਾ ਦੇ ਸ਼ਰਧਾਮਈ ਉਪਰਾਲੇ ਨਾਲ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤਕ ਇਕ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਜਲੂਸ ਦੀ ਸ਼ਕਲ ਵਿਚ ਕੀਤਾ ਗਿਆ।
ਇਸ ਮਨੁੱਖੀ ਸਾਂਝ ਅਤੇ ਵਿਸ਼ਵ-ਭਾਈਚਾਰੇ ਨੂੰ ਦ੍ਰਿੜ੍ਹ ਕਰਵਾਉਣ ਵਾਲੇ ਸ਼ਾਹ-ਰਾਹ ਉੱਤੇ ਮਹੱਤਵਪੂਰਨ ਇਤਿਹਾਸਕ ਸਥਾਨਾਂ ਤੇ ਧੌਲਾਪੁਰੀ ਪੱਥਰ ਨਾਲ ਬਣੀਆਂ 2.8 ਮੀ. ਉੱਚੀਆਂ ਉੱਪਰ ਨੂੰ ਸਲਾਮੀ ਦਿੰਦੀਆਂ ਪੰਜਕੋਨੀ ਸ਼ਕਲ ਦੀਆਂ 20 ਦਸਮੇਸ਼ ਲਾਠਾਂ ਹਨ। ਇਨ੍ਹਾਂ ਦੇ ਚਾਰੇ ਪਾਸੇ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿਚ ਗੁਰੂ ਜੀ ਦੀ ਆਪਣੀ ਬਾਣੀ ਵਿਚੋਂ ਚੋਣਵੀਆਂ ਤੁਕਾਂ ਅਤੇ ਪੰਜਵੇਂ ਪਾਸੇ ਉਥੋਂ ਦੀ ਇਤਿਹਾਸਕ ਮਹੱਤਤਾ ਬਾਰੇ ਵੇਰਵਾ ਹੈ। ਲਾਠ ਤੇ ਪਹੁੰਚਣ ਲਈ ਪੰਜੇ ਪਾਸੇ 0.75 ਮੀ. ਉੱਚੀਆਂ ਪੰਜ ਪੌੜੀਆਂ ਅਤੇ 3 ਮੀ. ਚੌੜਾ ਚਬੂਤਰਾ ਹੈ ਅਤੇ ਸਿਖਰ ਤੇ 0.55 ਮੀ. ਦੇ ਚੱਕਰ ਵਿਚ ਸਟੀਲ ਦਾ ਖੰਡਾ ਹੈ।
ਲਾਠਾਂ ਵਾਲੀਆਂ ਕੁਝ ਕੁ ਵਧੇਰੇ ਪ੍ਰਸਿੱਧ ਇਤਿਹਾਸਕ ਥਾਵਾਂ ਦਾ ਵੇਰਵਾ ਨਿਮਨ ਅਨੁਸਾਰ ਹੈ :–
ਇਸ ਮਹਾਨ ਮਾਰਗ ਦਾ ਆਰੰਭ ਅਨੰਦਪੁਰ ਸਾਹਿਬ ਤੋਂ ਹੋਇਆ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਰਾਜਾ ਕਹਿਲੂਰ ਤੋਂ ਭੂਮੀ ਲੈ ਕੇ ਵਸਾਇਆ ਸੀ ਅਤੇ ਆਪਣੇ ਮਾਤਾ ਜੀ ਦੇ ਨਾਂ ਤੇ ਚੱਕ ਨਾਨਕੀ ਰੱਖਿਆ। ਦਸਮੇਸ਼ ਪਿਤਾ ਨੇ ਆਪਦੇ ਜੀਵਨ ਦੇ 42 ਸਾਲਾਂ ਵਿਚੋਂ ਲਗਭਗ 30 ਸਾਲ ਇਸ ਥਾਂ ਬਿਤਾਏ ਅਤੇ ਖੰਡੇ ਦੀ ਪਾਹੁਲ ਦੇ ਕੇ ਆਪਣੇ ਸਿੱਖ ਸੇਵਕਾਂ ਅੰਦਰ ਰਣ-ਖੇਤਰ ਵਿਚ ਜੂਝਣ ਦੀ ਅਮਰ ਰੂਹ ਫੂਕ ਕੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਸ਼ਬਦ ਕਲਾ ਨਾਲ ਇਸ ਦਾ ਨਾਂ ਅਨੰਦਪੁਰ (ਅਨੰਦ ਧਾਮ) ਵਿਚ ਬਦਲ ਦਿੱਤਾ। ਸੋ ਆਪ ਨੇ ਜਾਤ, ਵਰਣ, ਕੁਲ, ਕਰਮ ਦਾ ਭੇਦ-ਭਾਵ ਇਥੇ ਹੀ ਮਿਟਾਇਆ। ਇਸ ਲਈ ਆਪ ਜੀ ਦਾ ਇਹ ਅਮਰ ਸੰਦੇਸ਼ ਪਹਿਲੀ ਦਸਮੇਸ਼ ਲਾਠ ਉੱਤੇ ਅੰਕਿਤ ਹੈ :–
‘ਹਿੰਦੂ ਤੁਰਕ ਕੋਊ ਰਾਫਜ਼ੀ ਇਮਾਮ ਸਾਫ਼ੀ’
ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ‖’
ਗੁਰੂ ਜੀ ਦੀ ਭਗਤੀ ਤੇ ਸ਼ਕਤੀ ਦੀ ਦਿਨੋ ਦਿਨ ਚੜ੍ਹਦੀ ਕਲਾ ਤੋਂ ਚੁਕੰਨੇ ਅਤੇ ਈਰਖਾਵਸ ਹੋ ਕੇ ਕਹਿਲੂਰ ਦੇ ਰਾਜੇ ਅਜਮੇਰ ਚੰਦ ਨੇ ਦੂਜੇ ਪਹਾੜੀ ਰਾਜਿਆਂ ਨਾਲ ਗੋਂਦ ਗੁੰਦ ਕੇ 1700 ਈ. ਵਿਚ ਅਨੰਦਪੁਰ ਸਾਹਿਬ ਤੇ ਹਮਲਾ ਕਰ ਦਿੱਤਾ ਪਰ ਨਾਕਾਮ ਰਿਹਾ। ਫ਼ਿਰ ਹੋਰ ਹਮਲੇ ਕੀਤੇ ਪਰ ਉਹ ਵੀ ਕਾਮਯਾਬ ਨਾ ਹੋਏ। ਅਖ਼ੀਰ ਪਹਾੜੀ ਰਾਜੇ, ਰੰਘੜਾਂ, ਗੁੱਜਰਾਂ ਆਦਿ ਨੇ ਰਲ ਕੇ ਮੁਗ਼ਲ ਸੂਬਿਆਂ ਅਤੇ ਦਿੱਲੀ ਦੇ ਸ਼ਹਿਨਸ਼ਾਹ ਤੋਂ ਮਦਦ ਲੈ ਕੇ ਟਿੱਡੀ ਦਲ ਵਾਂਗ ਅਨੰਦਪੁਰ ਸਾਹਿਬ ਨੂੰ ਚਾਰੇ ਪਾਸਿਉਂ ਘੇਰ ਲਿਆ। ਤਕੜੇ ਸੰਘਰਸ਼ ਪਿੱਛੋਂ ਮੁਗ਼ਲਾਂ ਅਤੇ ਬਾਈਧਾਰ ਦੇ ਰਾਜਿਆਂ ਦੇ ਕੁਰਾਨ ਦੀਆਂ ਕਸਮਾਂ ਅਤੇ ਆਟੇ ਦੀ ਗਊ ਦੀਆਂ ਸੁਗੰਧਾਂ ਚੁੱਕੀਆਂ ਕਿ ਜੇ ਗੁਰੂ ਜੀ ਕਿਲਾ ਛੱਡ ਦੇਣ ਤਾਂ ਫ਼ੌਜਾਂ ਉਨ੍ਹਾਂ ਦਾ ਪਿੱਛਾ ਨਹੀਂ ਕਰਨਗੀਆਂ ਪਰੰਤੂ 5-6 ਦਸੰਬਰ, 1705 ਦੀ ਵਰਖਾ ਅਤੇ ਸਰਦੀ ਦੀ ਰਾਤ ਨੂੰ ਜਦੋਂ ਗੁਰੂ ਜੀ ਨੇ ਅਨੰਦਪੁਰ ਨੂੰ ਅੰਤਿਮ ਪ੍ਰਣਾਮ ਕੀਤਾ ਤਾਂ ਦੁਸ਼ਮਣ ਬਚਨ ਹਾਰ ਕੇ ਪਿੱਛਾ ਕਰਨ ਲੱਗ ਪਏ।
ਕੀਰਤਪੁਰ ਸਾਹਿਬ ਤੋਂ ਲੜਾਈ ਸ਼ੁਰੂ ਹੋ ਗਈ। ਇਹ ਅਹਿਮ ਪਵਿੱਤਰ ਇਤਿਹਾਸਕ ਅਸਥਾਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵਸਾਇਆ ਸੀ ਅਤੇ ਸੱਤਵੇਂ ਤੇ ਅੱਠਵੇਂ ਗੁਰੂ ਜੀ ਦਾ ਅਵਤਾਰ ਅਤੇ ਗੁਰ ਗੱਦੀ ਵੀ ਇਥੇ ਹੀ ਹੋਈ। ਦਸਮੇਸ਼ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸੀਸ ਦੇ ਦਰਸ਼ਨ ਵੀ ਭਾਈ ਜੈਤਾ ਜੀ ਕੋਲੋਂ ਇਥੇ ਹੀ ਕੀਤੇ ਸਨ। ਗੁਰੂ ਸਾਹਿਬ ਦਾ ਇਹ ਸ੍ਰੀ ਮੁਖਵਾਕ ਇਸ ਅਦੁੱਤੀ ਸ਼ਹਾਦਤ ਨੂੰ ਇਥੇ ਦੂਜੀ ਦਸਮੇਸ਼ ਲਾਠ ਉੱਤੇ ਪ੍ਰਗਟ ਕਰਦਾ ਹੈ :–
‘‘ਤਿਲਕ ਜੰਞੂ ਰਾਖਾ ਪ੍ਰਭ ਤਾਕਾ ‖
ਕੀਨੋ ਬਡੋ ਕਲੂ ਮਹਿ ਸਾਕਾ ‖’’
ਸਰਸਾ ਨਦੀ ਦੇ ਕੰਢੇ ਗੁਰੂ ਜੀ ਦਾ ਸਾਰਾ ਪਰਿਵਾਰ ਖਿੰਡ ਗਿਆ। ਆਪ ਜੀ ਦੇ ਦੋਵੇਂ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਤੇ ਕੁਝ ਹੋਰ ਸਿੰਘਾਂ ਸਮੇਤ ਦਿੱਲੀ ਨੂੰ ਚਲੇ ਗਏ। ਛੋਟੇ ਸਾਹਿਬਜ਼ਾਦੇ (ਬਾਬਾ ਜ਼ੋਰਾਵਰ ਸਿੰਘ ਜੀ ਤੇ ਫ਼ਤਹਿ ਸਿੰਘ ਜੀ) ਮਾਤਾ ਗੁਜਰੀ ਜੀ ਸਮੇਤ ਗੰਗੂ ਬ੍ਰਾਹਮਣ ਨਾਲ ਉਸ ਦੇ ਪਿੰਡ ਸਹੇੜੀ ਪਹੁੰਚ ਗਏ ਅਤੇ ਉਥੋਂ ਗੰਗੂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾ ਕੇ ਸਰਹਿੰਦ ਪਹੁੰਚਾ ਦਿੱਤਾ। ਇਥੇ ਗੁਰਦੁਆਰਾ ਪਰਿਵਾਰ ਵਿਛੋੜਾ ਸੁਭਾਇਮਾਨ ਹੈ ਜਿਥੇ ਤੀਜੀ ਦਸਮੇਸ਼ ਲਾਠ ਦਾ ਸ੍ਰੀ ਮੁਖਵਾਕ ਆਦਰਸ਼ਕ ਜੰਗ ਨੂੰ ਮੂਰਤੀਮਾਨ ਕਰਦਾ ਹੈ :
‘‘ਧੰਨ ਜੀਉ ਤਿਹ ਕੇ ਜਗ ਮੈ
ਮੁਖ ਤੇ ਹਰਿ ਚਿਤ ਮਹਿ ਜੁਧ ਬਿਚਾਰੈ ‖’
ਗੁਰੂ ਜੀ ਆਪਣੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਅਤੇ ਕੁਝ ਸਿੰਘਾਂ ਸਮੇਤ ਰੋਪੜ ਦੇ ਲਾਗੇ ਕੋਟਲਾ ਨਿਹੰਗ (ਜਿਥੇ ਅੱਜਕੱਲ੍ਹ ਗੁਰਦੁਆਰਾ ਭੱਠਾ ਸਾਹਿਬ ਹੈ) ਠਹਿਰੇ ਸਨ। ਇਥੇ ਚੌਥੀ ਦਸਮੇਸ਼ ਲਾਠ ਬਣਾਈ ਗਈ ਹੈ।
ਗੁਰੂ ਗੋਬਿੰਦ ਸਿੰਘ ਜੀ ਫ਼ਿਰ ਚਮਕੌਰ ਸਾਹਿਬ ਪਹੁੰਚੇ। ਦੁਸ਼ਮਣ ਦੀ ਸੈਨਾ ਬੁਰੀ ਤਰ੍ਹਾਂ ਪਿੱਛਾ ਕਰ ਰਹੀ ਸੀ। ਕੱਚੀ ਗੜ੍ਹੀ ਵਿਚ ਮੋਰਚਾ ਲਾ ਕੇ ਮੁੱਠੀ ਭਰ ਸਿੰਘਾਂ ਨੇ ਟਿੱਡੀ ਦਲ ਦਾ ਪੂਰਾ ਦਿਨ ਮੁਕਾਬਲਾ ਕੀਤਾ। ਦੋਵੇਂ ਵੱਡੇ ਸਹਿਬਜ਼ਾਦੇ, ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਇਥੇ ਸ਼ਹੀਦ ਹੋ ਗਏ। ਇਸ ਪੰਜਵੀਂ ਦਸਮੇਸ਼ ਲਾਠ ਤੇ ਜੂਝ ਮਰਨ ਦੀ ਪ੍ਰੇਰਣਾ ਹੈ :–
‘ਜੂਝ ਮਰਉ ਰਣ ਮਹਿ ਤਜ ਭੈ
ਤੁਮ ਤੇ ਪ੍ਰਭ ਸਯਾਮ ਇਹੈ ਬਰ ਪਾਵੋਂ ‖’’
ਚਾਲੀਆਂ ਵਿਚੋਂ ਕੇਵਲ ਪੰਜ ਸਿੰਘ ਬਚੇ ਜਿਨ੍ਹਾਂ ਨੇ ਗੁਰਮਤਾ ਸੋਧ ਕੇ ਗੁਰੂ ਸਾਹਿਬ ਨੂੰ ਰਾਤੋ-ਰਾਤ ਨਿਕਲ ਜਾਣ ਲਈ ਕਿਹਾ। ਕਲਗ਼ੀ ਤੇ ਜਿਗ੍ਹਾ ਭਾਈ ਸੰਗਤ ਸਿੰਘ ਬੰਗੇਸਰੀ ਦੇ ਸੀਸ ਤੇ ਸਜਾ ਕੇ ਰਾਤ ਵੇਲੇ ਗੁਰੂ ਜੀ ਭਾਈ ਦਇਆ ਸਿੰਘ, ਧਰਮ ਸਿੰਘ ਦੇ ਮਾਨ ਸਿੰਘ ਸਮੇਤ ਮੁਗ਼ਲਾਂ ਦੇ ਘੇਰੇ ਵਿਚੋਂ ਨਿਕਲ ਗਏ। ਹਨੇਰੇ ਵਿਚ ਉਹ ਵਿਛੜ ਗਏ। ਮੌਜੂਦਾ ਜੰਡ ਸਾਹਿਬ ਗੁਰਦੁਆਰੇ ਵਾਲੀ ਥਾਂ ਤੇ ਗੁਰੂ ਜੀ ਥੋੜ੍ਹਾ ਜਿਹਾ ਆਰਾਮ ਕਰ ਕੇ ਇਕੱਲੇ ਬਹਿਲੋਲਪੁਰ ਦੀ ਜੂਹ ਵਿਚ ਪਹੁੰਚ ਗਏ ਅਤੇ ਝਾੜਾਂ ਵਿਚ ਦਿਨ ਕਟਿਆ ਜਿਥੇ ਹੁਣ ਗੁਰਦੁਆਰਾ ਝਾੜ ਸਾਹਿਬ ਹੈ। ਪੁਹ-ਫੁਟਾਲੇ ਤਕ ਪਵਾਤ ਤੇ ਸਹਿਜੋ-ਮਾਜਰਾ ਹੁੰਦੇ ਹੋਏ ਇਕੱਲੇ, ਕੰਡਿਆਲਾ ਰਸਤਾ ਝਾਗਦੇ ਫਟੇ ਬਸਤਰ ਅਤੇ ਝਰੀਟੇ ਸਰੀਰ ਨਾਲ ਆਪ ਜੀ ਮਾਛੀਵਾੜੇ ਸੱਥਰ ਉੱਪਰ ਆ ਕੇ ਬਿਰਾਜੇ ਸਨ। ਇਥੇ ਹੁਣ ਗੁਰਦੁਆਰਾ ਚਰਨ ਕੰਵਲ ਸਾਹਿਬ ਹੈ। ਪ੍ਰਭੂ ਦੀ ਯਾਦ ਵਿਚ ਪ੍ਰਾਪਤ ਸੱਥਰ ਨੂੰ ਰੰਗ ਮਹਿਲਾਂ ਨਾਲੋਂ ਉਚੇਰਾ ਦਰਸਾਉਂਦਾ ਮਾਛੀਵਾੜੇ ਦੀ ਛੇਵੀਂ ਦਸਮੇਸ਼ ਲਾਠ ਦਾ ਸ੍ਰੀ ਮੁਖਵਾਕ ਹੈ :
‘ਯਾਰੜੇ ਦਾ ਸਾਨੂੰ ਸਥਰ ਚੰਗਾ
ਭੱਠ ਖੇੜਿਆਂ ਦਾ ਰਹਿਣਾ ‖’
ਇਥੇ ਬਾਗ਼ ਦੇ ਮਾਲਕ ਗੁਲਾਬੇ ਮਸੰਦ ਨੇ ਗੁਰੂ ਜੀ ਦੀ ਪ੍ਰਸ਼ਾਦ ਪਾਣੀ ਦੀ ਸੇਵਾ ਕੀਤੀ ਅਤੇ ਰੁਹੇਲੇ ਪਠਾਣ ਨਬੀ ਖ਼ਾਂ ਅਤੇ ਗ਼ਨੀ ਖ਼ਾਂ ਨੀਲੇ ਬਸਤਰਾਂ ਵਿਚ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਘੁਲਾਲ ਤੋਂ ਲੱਲ ਕਲਾਂ ਪਹੁੰਚੇ ਜਿਥੇ ਹੁਣ ਗੁਰਦੁਆਰਾ ‘ਗੁਰੂ ਸਰ’ ਹੈ। ਅੱਗੇ ਕੁੱਥੇ ਪਿੰਡ ਰਾਹੀਂ ਕਟਾਣਾਸਰ, ਰਾਮਪੁਰ, ਕਨੇਚ ਹੁੰਦੇ ਹੋਏ ਆਲਮਗ਼ੀਰ ਪਹੁੰਚੇ। ਭਾਈ ਨੌਧ ਸਿੰਘ ਨੇ ਘੋੜੀ ਪੇਸ਼ ਕੀਤੀ ਅਤੇ ਗੁਰੂ ਜੀ ਨੇ ਨਥੀ ਖਾਂ ਗ਼ਨੀ ਖ਼ਾਂ ਨੂੰ ਹੁਕਮਨਾਮੇ ਪ੍ਰਦਾਨ ਕੀਤੇ।
ਆਲਮਗ਼ੀਰ ਵਿਚ ਸੱਤਵੀਂ ਦਸਮੇਸ਼ ਲਾਠ ਉੱਤੇ ਅੰਕਿਤ ਹੈ:
‘ਸਾਧ ਸਮੂਹ ਪ੍ਰਸੰਨ ਫਿਰੈ ਜਗ
ਸਤ੍ਰ ਸਬੈ ਅਵਲੋਕਿ ਚਪੈਂਗੇ ‖’
ਅੱਠਵੀਂ ਦਸਮੇਸ਼ ਲਾਠ ਰਾਏ ਕੋਟ ਅਤੇ ਨੌਵੀਂ ਤਖ਼ਤਪੁਰੇ ਵਿਚ ਹੈ। ਗੁਰੂ ਗੋਬਿੰਦ ਸਿੰਘ ਮਾਰਗ ਨਾਲ ਸਬੰਧਤ ਅਗਲਾ ਪ੍ਰਸਿੱਧ ਸਾਕਾ ਗੁਰੂ ਜੀ ਦਾ ਦੀਨਾ ਕਾਂਗੜ ਤੋਂ ਔਰੰਗਜ਼ੇਬ ਨੂੰ ਫ਼ਾਰਸੀ ਕਵਿਤਾ ਵਿਚ ‘ਜਫ਼ਰਨਾਮਾ’ ਨਾਂ ਦਾ ਵਿਜੈ ਪੱਤਰ ਲਿਖਣਾ ਸੀ। ਇਸ ਵਿਚ ਬਾਦਸ਼ਾਹ ਅਤੇ ਉਸ ਦੇ ਅਧਿਕਾਰੀਆਂ ਦੇ ਝੂਠੇ ਬਚਨਾਂ, ਜ਼ੁਲਮਾਂ ਤੇ ਫ਼ਰੇਬਾਂ ਨੂੰ ਉਘਾੜਿਆ ਗਿਆ ਸੀ। ਦੀਨਾ ਕਾਂਗੜ ਵਿਖੇ ਦਸਵੀਂ ਦਸਮੇਸ਼ ਲਾਠ ਉੱਤੇ ਇਹ ਬੈਂਤ ਅੰਕਿਤ ਹੈ :
‘‘ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ ।
ਹਲਾਲ ਅਸਤ ਬੁਰਦਨ ਬ-ਸ਼ਮਸ਼ੀਰ ਦਸਤ। ’’
ਗਿਆਰ੍ਹਵੀਂ ਦਸਮੇਸ਼ ਲਾਠ ਡੋਡ ਵਿਖੇ, ਬਾਰ੍ਹਵੀਂ ਢਿੱਲਵਾਂ ਸੋਢੀਆਂ, ਤੇਰ੍ਹਵੀਂ ਕੋਟਕਪੂਰੇ ਅਤੇ ਚੌਦਵੀਂ ਜੈਤੋ ਵਿਖੇ ਬਣਾਈ ਗਈ ਹੈ।
ਪੰਦਰ੍ਹਵੀਂ ਦਸਮੇਸ਼ ਲਾਠ ਮੁਕਤਸਰ ਵਿਖੇ ਹੈ ਜਿਸ ਦਾ ਨਾਂ ਉਸ ਸਮੇਂ ‘ਖਿਦਰਾਣੇ ਦੀ ਢਾਬ’ ਸੀ। ਮੁਗ਼ਲ ਸੈਨਾ ਗੁਰੂ ਜੀ ਦਾ ਪਿੱਛਾ ਕਰ ਰਹੀ ਸੀ। ਢਾਬ ਵਿਚ ਪਾਣੀ ਹੋਣ ਕਰ ਕੇ ਇਹ ਥਾਂ ਲੜਾਈ ਲਈ ਯੋਗ ਸੀ ਅਤੇ ਮੁਗ਼ਲਾਂ ਦੇ ਟਾਕਰੇ ਲਈ ਬਰਾੜ ਪਹਿਲਾਂ ਹੀ ਇਕੱਠੇ ਹੋ ਗਏ ਸਨ। ਪਿੱਛਾ ਕਰ ਰਹੀ ਸ਼ਾਹੀ ਮੁਗ਼ਲ ਸੈਨਾ ਦਾ ਖ਼ਾਲਸੇ ਦੇ ਇਕ ਹੋਰ ਜੱਥੇ ਨਾਲ ਟਾਕਰਾ ਹੋ ਗਿਆ। ਇਹ ਜੱਥਾ ਮਾਈ ਭਾਗੋ ਦੀ ਸਰਦਾਰੀ ਹੇਠ ਗੁਰੂ ਸਾਹਿਬ ਦੀ ਸ਼ਰਨ-ਪ੍ਰਾਪਤੀ ਲਈ ਜਾ ਰਿਹਾ ਸੀ। ਇਹ ਸਾਰੇ ਸਿੰਘ ਵੈਰੀਆਂ ਨਾਲ ਜੂਝਦੇ ਸ਼ਹੀਦ ਹੋ ਗਏ। ਗੁਰੂ ਸਾਹਿਬ ਟਿੱਬੀ ਸਾਹਿਬ ਤੋਂ ਤੀਰਾਂ ਦੀ ਵਰਖਾ ਕਰਦੇ ਰਹੇ। ਅੰਤ ਮੁਗ਼ਲਾਂ ਨੂੰ ਹਾਰ ਹੋਈ। ਗੁਰੂ ਜੀ ਨੇ ਸ਼ਹੀਦ ਹੋਏ ਇਕ ਇਕ ਸਿੰਘ ਨੂੰ ਛਾਤੀ ਨਾਲ ਲਾਇਆ। ਸਹਿਕਦੇ ਭਾਈ ਮਹਾਂ ਸਿੰਘ ਦੀ ਬੇਨਤੀ ਉੱਪਰ ਬੇਦਾਵਾ ਪਾੜਿਆ ਅਤੇ ਟੁੱਟੀ ਗੰਢੀ। ਰਣ ਵਿਚ ਜੂਝ ਕੇ ਪ੍ਰਾਣ ਤਿਆਗਣ ਨੂੰ ਅਮਰਾਪਦ ਪ੍ਰਗਟ ਕਰਦਾ ਸ੍ਰੀ ਮੁਖਵਾਕ ਮੁਕਤਸਰ ਵਿਚ ਪੰਦਰ੍ਹਵੀਂ ਦਸਮੇਸ਼ ਲਾਠ ਤੇ ਅੰਕਿਤ ਕੀਤਾ ਗਿਆ ਹੈ :–
‘‘ਜਬ ਆਵ ਕੀ ਅਉਧ ਨਿਦਾਨ ਬਨੇ
ਅਤ ਹੀ ਰਨ ਮੈ ਤਬ ਜੂਝ ਮਰਉ।’’
ਮੁਕਤਿਆਂ ਦੀ ਸ਼ਹੀਦੀ ਦਾ ਪਵਿੱਤਰ ਅਸਥਾਨ ਹੋਣ ਕਰ ਕੇ ਇਸ ਦਾ ਨਾਂ ‘ਮੁਕਤਸਰ’ ਹੋ ਗਿਆ। ਸੋਲ੍ਹਵੀਂ ਲਾਠ ਸ੍ਰੀ ਗੁਪਤਸਰ ਵਿਖੇ, ਸਤਾਰ੍ਹਵੀਂ ਸ੍ਰੀ ਲੱਖੀ ਸਰ, ਅਠਾਰ੍ਹਵੀ ਜੱਸੀ ਬਗਵਾਲੀ ਅਤੇ ਉੱਨੀਵੀ ਚੱਕ ਫ਼ਤਹਿ ਸਿੰਘ ਵਾਲਾ ਵਿਖੇ ਬਣਾਈ ਗਈ ਹੈ।
ਇਸ ਮਾਰਗ ਦਾ ਅੰਤਲਾ ਇਤਿਹਾਸਕ ਸਥਾਨ ਭਾਈ ਡੱਲੇ ਦਾ ਪਿੰਡ ‘ਸਾਬੋ ਕੀ ਤਲਵੰਡੀ’ ਹੈ ਜਿਸ ਨੂੰ ਹੁਣ ‘ਦਮਦਮਾ ਸਾਹਿਬ’ ਵੀ ਕਿਹਾ ਜਾਂਦਾ ਹੈ। ਇਥੇ ਗੁਰੂ ਜੀ ਭਾਈ ਡੱਲੇ ਦੀ ਬੇਨਤੀ ਪ੍ਰਵਾਨ ਕਰ ਕੇ ਪੁੱਜੇ ਅਤੇ ਇਥੋਂ ਦੇ ਵਸਨੀਕਾਂ ਨੇ ਗੁਰੂ ਜੀ ਦਾ ਨਿੱਘਾ ਸਵਾਗਤ ਕੀਤਾ। ਇਥੇ ਆਪ 9 ਮਹੀਨੇ 9 ਦਿਨ ਠਹਿਰੇ। ਫ਼ੌਜੀ ਸਿਖਲਾਈ ਅਤੇ ਸਾਹਿਤ ਦਾ ਪ੍ਰਵਾਹ ਫੁੱਟ ਪਿਆ। ਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਫਿਰ ਲਿਖਵਾਈ। ਇਸੇ ਪਾਵਨ ਬੀੜ ਨੂੰ ਨਾਦੇੜ ਸਾਹਿਬ ਵਿਖੇ ਗੁਰਗੱਦੀ ਬਖ਼ਸ਼ੀ ਗਈ। ਇਹ ਅਸਥਾਨ ‘ਗੁਰੂ ਕੀ ਕਾਸ਼ੀ’ ਕਰ ਕੇ ਪ੍ਰਸਿੱਧ ਹੋਇਆ ਹੈ। ਚੌਗਿਰਦੇ ਦੇ ਲੋਕਾਂ ਨੇ ਖੰਡੇ ਦਾ ਅੰਮ੍ਰਿਤਪਾਨ ਕੀਤਾ ਅਤੇ ਤਪਦੇ ਦਿਲਾਂ ਨੂੰ ਠੰਢ ਪ੍ਰਾਪਤ ਹੋਈ। ਮਾਤਾ ਸੁੰਦਰੀ ਜੀ ਨੇ ਦਿੱਲੀ ਤੋਂ ਆ ਕੇ ਇਸ ਅਸਥਾਨ ਉੱਤੇ ਗਰੂ ਸਾਹਿਬ ਦੇ ਦਰਸ਼ਨ ਕੀਤੇ ਸਨ। ਇਥੇ ਗੁਰੂ ਜੀ ਨੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਕ ਜੀਵਨ ਨੂੰ ਸਰਬਤ ਮਾਨਵਤਾ ਤੋਂ ਵਾਰ ਦੇਣ ਦਾ ਬਚਨ ਕੀਤਾ। ਵੀਹਵੀਂ ਦਸਮੇਸ਼ ਲਾਠ ਉੱਤੇ ਉਨ੍ਹਾਂ ਦੀ ਇੱਛਾ ਨੂੰ ਪ੍ਰਗਟ ਕਰਦਾ ਇਹ ਸ੍ਰੀ ਮੁਖਵਾਕ ਅੰਕਿਤ ਹੈ:
‘ਮੋ ਗ੍ਰਹਿ ਮੈਂ ਤਨ ਤੇ ਮਨ ਤੇ
ਸਿਰ ਲੋ ਧਨ ਹੈ ਸਭ ਹੀ ਇਨਹੀ ਕੋ।’’
ਇਸ ਮਾਰਗ ਰਾਹੀਂ ਗੁਰੂ ਜੀ ਦੀ ਦਿਬ ਮੂਰਤੀ, ਨੂਰਾਨੀ ਨੁਹਾਰ ਤੇ ਚੜ੍ਹਦੀ ਕਲਾ ਦਾ ਦੀਦਾਰ ਹੁੰਦਾ ਹੈ ਅਤੇ ਅੰਧਿਆਰੀ ਜਨਤਾ ਨੂੰ ਇਹ ਚਾਨਣ ਮੁਨਾਰਾ ਰੌਸ਼ਨੀ ਵਿਖਾਉਂਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2646, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-11-31-28, ਹਵਾਲੇ/ਟਿੱਪਣੀਆਂ: ਹ. ਪ. –ਗੁ. ਗੋ. ਸਿੰ. ਮਾ. -ਭਾ. ਵਿ. ਪੰ.
ਵਿਚਾਰ / ਸੁਝਾਅ
Please Login First